ਯਥਾ ਰਾਜਾ ਤਥਾ ਪਰਜਾ: ਆਓ ਸ਼ਗਨ ਵਿਚਾਰੀਏ!

‘ਪੰਜਾਬੀ ਟ੍ਰਿਬਿਊਨ’ ਦੇ ਸਾਬਕਾ ਸੰਪਾਦਕ ਅਤੇ ਕਹਾਣੀਕਾਰ ਗੁਰਬਚਨ ਸਿੰਘ ਭੁੱਲਰ ਨੇ ਗਿਣਤੀ ਦੀਆਂ, ਪਰ ਕਣ ਵਾਲੀਆਂ ਕਹਾਣੀਆਂ ਦੀ ਰਚਨਾ ਕਰ ਕੇ ਪੰਜਾਬੀ ਸਾਹਿਤ ਜਗਤ ਵਿਚ ਨਿਵੇਕਲਾ ਥਾਂ ਮੱਲਿਆ ਹੋਇਆ ਹੈ। ਪਲੇਠੇ ਨਾਵਲ ‘ਇਹੁ ਜਨਮੁ ਤੁਮਹਾਰੇ ਲੇਖੇ’ ਨਾਲ ਤਾਂ ਉਨ੍ਹਾਂ ਮਾਨੋ ‘ਇਕੋ ਡਗੇ ਨਾਲ ਪਿੰਡ ਲੁੱਟ’ ਲਿਆ। ਪਿਛਲੇ ਅਰਸੇ ਦੌਰਾਨ ਉਹ ਵਾਰਤਕ ਰਚਨਾ ਦੀ ਧੂਣੀ ਮਘਾ ਰਹੇ ਹਨ। ਇਹ ਵਾਰਤਕ ਰਚਨਾਵਾਂ ਵੀ ਕਹਾਣੀਆਂ ਤੋਂ ਘੱਟ ਨਹੀਂ। ‘ਯਥਾ ਰਾਜਾ ਤਥਾ ਪਰਜਾ: ਆਓ ਸ਼ਗਨ ਵਿਚਾਰੀਏ!’

ਲੇਖ ਪੜ੍ਹ ਕੇ ਪਾਠਕਾਂ ਨੂੰ ਪਤਾ ਲੱਗੇਗਾ ਕਿ ਇਸ ਵਿਚ ਵਿਅੰਗ ਦਾ ਵਾਰ ਕਿੰਨਾ ਜ਼ੋਰਦਾਰ ਹੈ। ਸ਼ਗਨ-ਬਦਸ਼ਗਨ ਦੇ ਬਹਾਨੇ ਉਨ੍ਹਾਂ ਮੌਜੂਦਾ ਹਾਲਾਤ ਬਾਰੇ ਬੜੀਆਂ ਤਿੱਖੀਆਂ ਅਤੇ ਸਾਰਥਕ ਟਿੱਪਣੀਆਂ ਕੀਤੀ ਹਨ। -ਸੰਪਾਦਕ

ਗੁਰਬਚਨ ਸਿੰਘ ਭੁੱਲਰ

ਮੇਰੀ ਪਰਵਰਿਸ਼ ਅਜਿਹੇ ਮਾਹੌਲ ਵਿਚ ਹੋਈ, ਜਿਸ ਵਿਚ ਵਹਿਮ-ਭਰਮ, ਸ਼ਗਨ-ਬਦਸ਼ਗਨ ਲਈ ਕੋਈ ਥਾਂ ਨਹੀਂ ਸੀ। ਸਾਡਾ ਪਰਿਵਾਰ ਸਿੱਖੀ ਨਾਲ, ਹੁਣ ਵਾਲੀ ਸਿੱਖੀ ਨਹੀਂ, ਗੁਰੂ ਸਾਹਿਬਾਨ ਦੀ ਦੱਸੀ ਸਿੱਖੀ ਨਾਲ ਜੁੜਿਆ ਹੋਇਆ ਸੀ। ਮੇਰੀ ਦਾਦੀ ਤੇ ਮਾਂ ਵੀ ਪੱਕੀਆਂ ਪੰਜ-ਕਕਾਰੀ ਸਨ। ਜਦੋਂ ਸਾਡੇ ਆਲੇ-ਦੁਆਲੇ ਲੋਕ ਹਰ ਕੰਮ, ਇਥੋਂ ਤੱਕ ਕਿ ਸਫ਼ਰ ਵੀ ਪੱਤਰੀ ਵਾਲੇ ਨੂੰ ਪੁੱਛ ਕੇ ਕਰਦੇ ਸਨ, ਸਿਰ ਧੋਣ ਤੇ ਨਹੁੰ ਕੱਟਣ ਦੇ ਦਿਨ ਵੀ ਵਿਚਾਰਦੇ ਸਨ, ਮੜ੍ਹੀਆਂ-ਮਸਾਣਾਂ ਪੂਜਦੇ ਸਨ, ਸਾਡੇ ਘਰ ਦਾ ਇਨ੍ਹਾਂ ਗੱਲਾਂ ਨਾਲ ਉਕਾ ਹੀ ਕੋਈ ਵਾਸਤਾ ਨਹੀਂ ਸੀ। ਜਦੋਂ ਸੁਰਤ ਸੰਭਲੀ, ਮੇਰਾ ਵਾਹ ਵਿਦਿਆਰਥੀ ਜਥੇਬੰਦੀ ਰਾਹੀਂ ਮਾਰਕਸੀ ਵਿਚਾਰਧਾਰਾ ਨਾਲ ਅਜਿਹਾ ਜੁੜਿਆ ਕਿ ਅੱਜ ਵੀ ਮੇਰਾ ਭਰੋਸਾ ਉਸੇ ਦੀ ਵਿਗਿਆਨਕ ਸੋਚ ਵਿਚ ਅਡੋਲ ਹੈ। ਪਰ ਅੱਜ ਮਾਂ-ਪਿਓ ਤੇ ਮਾਰਕਸ ਤੋਂ ਖਿਮਾ-ਸਹਿਤ ਮੈਂ ਸਿਆਣਿਆਂ ਦੇ ਕਥਨ ‘ਯਥਾ ਰਾਜਾ ਤਥਾ ਪਰਜਾ’ ਦਾ ਪਾਲਣ ਕਰਦਿਆਂ ਤਰਕਸ਼ੀਲਤਾ ਤੋਂ ਹਟ ਕੇ ਸ਼ਗਨ-ਬਦਸ਼ਗਨ ਵਿਚਾਰਾਂਗਾ।
ਸ਼ਗਨ-ਬਦਸ਼ਗਨ ਦੀ ਪ੍ਰਮਾਣਿਕਤਾ ਦੇ ਪੱਖ ਵਿਚ ਮੈਂ ਇਹ ਵੀ ਦੱਸ ਦੇਵਾਂ ਕਿ ਇਸ ਉਤੇ ਤਾਂ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੰਵਿਧਾਨਿਕ ਪਦਵੀ ਦੀ ਮੋਹਰ-ਛਾਪ ਵੀ ਲੱਗੀ ਹੋਈ ਹੈ। ਤਾਮਿਲਨਾਡੂ ਦੇ ਨਗਰ ਹੋਸੂਰ ਵਿਚ 6 ਮਈ ਨੂੰ ਉਨ੍ਹਾਂ ਦੇ ਚੋਣ-ਭਾਸ਼ਣ ਦੌਰਾਨ ਅਚਾਨਕ ਮੀਂਹ ਵਰ੍ਹਨ ਲਗਿਆ। ਉਨ੍ਹਾਂ ਨੇ ਭਾਸ਼ਣ ਰੋਕ ਕੇ ਸ਼ਗਨ ਵਿਚਾਰਿਆ, ‘ਬਰਖਾ ਜਨਤਾ ਨੂੰ ਅਸ਼ੀਰਵਾਦ ਦੇਣ ਆਈ ਹੈ। ਇਹ ਬਰਖਾ ਅਸਲ ਵਿਚ ਇਸ ਚੋਣ ਵਿਚ ਬੀæਜੇæਪੀæ (ਭਾਰਤੀ ਜਨਤਾ ਪਾਰਟੀ) ਦੀ ਜਿੱਤ ਦਾ ਸੰਦੇਸ਼ ਬਣ ਕੇ ਆਈ ਹੈ।’ ਜੇ ਮਗਰੋਂ ਚੋਣਾਂ ਵਿਚ ਇੰਦਰ ਦੇਵਤਾ ਦੀ ਇਸ ਕਿਰਪਾ-ਦ੍ਰਿਸ਼ਟੀ ਦੇ ਬਾਵਜੂਦ ਤਾਮਿਲਨਾਡੂ ਵਿਚ ਬੀæਜੇæਪੀæ ਦਾ ਖਾਤਾ ਵੀ ਨਹੀਂ ਖੁੱਲ੍ਹ ਸਕਿਆ, ਮੈਂ ਇਸ ਆਧਾਰ ‘ਤੇ ਸ਼ਗਨ-ਬਦਸ਼ਗਨ ਨੂੰ ਫ਼ਜ਼ੂਲ ਨਹੀਂ ਕਹਾਂਗਾ ਸਗੋਂ 2014 ਦੇ ਮੋਦੀ ਜੀ ਦੇ ਇਕਰਾਰਾਂ ਵਾਂਗ ਸ਼ਗਨ-ਪੂਰਤੀ ਦੀ ਕਾਰਗੁਜ਼ਾਰੀ, ਭਾਵ ‘ਇੰਪਲੀਮੈਂਟੇਸ਼ਨ’ ਵਿਚ ਕਸਰ ਮੰਨਾਂਗਾ।
ਮੋਦੀ ਜੀ ਭਾਰਤ ਸਰਕਾਰ ਅਤੇ ਬੀæਜੇæਪੀæ ਦੇ ਸਰਬੋ-ਸਰਬਾ ਹਨ। ਕੁਦਰਤੀ ਹੈ ਕਿ ਉਨ੍ਹਾਂ ਦਾ ਇਸ਼ਾਰਾ-ਮਾਤਰ ਸਰਕਾਰ ਤੇ ਪਾਰਟੀ ਵਾਸਤੇ ਰਾਹ-ਦਿਖਾਵਾ ਬਣ ਜਾਂਦਾ ਹੈ। ਭਾਰਤ ਸਰਕਾਰ ਦੀਆਂ ਦੋ ਸਾਲ ਦੀਆਂ ਅਦਿੱਸ ਪ੍ਰਾਪਤੀਆਂ ਲੋਕਾਂ ਨੂੰ ਦਿਖਾਉਣ ਵਾਸਤੇ ਮੰਤਰੀਆਂ ਨੂੰ ਵਾਰੀ ਵਾਰੀ ਪ੍ਰੈਸ-ਕਾਨਫ਼ਰੰਸਾਂ ਕਰਨ ਲਈ ਕਿਹਾ ਗਿਆ ਹੈ। ਇਸ ਲੜੀ ਦੀ ਪਹਿਲੀ ਪ੍ਰੈਸ-ਕਾਨਫ਼ਰੰਸ 20 ਮਈ ਨੂੰ ਪਿਯੂਸ਼ ਗੋਇਲ ਨੇ ਕਰਨੀ ਸੀ। ਉਹਨੂੰ ਉਸ ਦਿਨ ਦੇ ਅਸ਼ੁਭ ਹੋਣ ਕਾਰਨ ਕੋਈ ਹੋਰ ਦਿਨ ਚੁਣਨ ਦਾ ਸੁਝਾਅ ਦਿੱਤਾ ਗਿਆ ਪਰ ਉਹ ਨਾ ਮੰਨਿਆ। ਉਹਨੇ ਅਜੇ ਪਹਿਲੀ ਪ੍ਰਾਪਤੀ ਵੀ ਨਹੀਂ ਸੀ ਦੱਸੀ ਕਿ ਬੱਤੀ ਗੁੱਲ ਹੋ ਗਈ। ਉਸ ਪਿਛੋਂ ਭਾਜਪਾ ਨੇ ਅਗਲੀਆਂ ਪ੍ਰੈਸ-ਕਾਨਫਰੰਸਾਂ ਲਈ ਪੱਕੇ ਸ਼ੁਭ ਸਮੇਂ ਪਤਾ ਕਰਨ ਦਾ ਫੈਸਲਾ ਕਰ ਲਿਆ।
ਸ਼ਗਨ-ਬਦਸ਼ਗਨ ਵਿਚਾਰਨਾ ਇਸ ਲਈ ਵੀ ਜ਼ਰੂਰੀ ਹੈ ਕਿ ਮੋਦੀ ਜੀ ਸਿਰਫ਼ ਸਾਡੇ ਪ੍ਰਧਾਨ ਮੰਤਰੀ ਹੋਣ ਤੋਂ ਬਹੁਤ ਕੁਝ ਵੱਧ ਹਨ। ਇਹ ਜਾਣਕਾਰੀ ਦੇਸ਼ ਦੀ ਰਾਖੀ ਤੇ ਸਲਾਮਤੀ ਲਈ ਜ਼ਿੰਮੇਵਾਰ ਗ੍ਰਹਿ ਰਾਜ ਮੰਤਰੀ ਕਿਰਨ ਰਿਜੀਜੂ ਨੇ 18 ਮਾਰਚ ਨੂੰ ਦਿੱਤੀ ਸੀ। ਸੋਲਵੀਂ ਸਦੀ ਵਿਚ ਫਰਾਂਸ ਵਿਚ ਜੋਤਸ਼ੀ ਨੋਸਤਰਦਾਮੁਸ ਹੋਇਆ ਹੈ ਜਿਸ ਦਾ ‘ਲਿਖੇ ਈਸਾ, ਪੜ੍ਹੇ ਮੂਸਾ’ ਵਾਲੀ ਸਮਝੋਂ ਬਾਹਰੀ ਭਾਸ਼ਾ ਵਿਚ ਲਿਖਿਆ ਗ੍ਰੰਥ ਸਾਡੇ ਚੰਗੇ ਭਾਗਾਂ ਨੂੰ ਬੀæਜੇæਪੀæ ਤੇ ਭਾਰਤ ਸਰਕਾਰ ਦੇ ਸਮਝ ਆ ਗਿਆ ਹੈ। ਰਿਜੀਜੂ ਦੀ ਮਨੋਹਰ ਵਾਣੀ ਅਨੁਸਾਰ ਫਰਾਂਸੀਸੀ ਪੈਗੰਬਰ ਨੋਸਤਰਦਾਮੁਸ ਨੇ ਲਿਖਿਆ ਸੀ ਕਿ 2014 ਤੋਂ 2026 ਤੱਕ ਭਾਰਤ ਦੀ ਅਗਵਾਈ ਅਜਿਹਾ ਆਦਮੀ ਕਰੇਗਾ ਜਿਸ ਨੂੰ ਪਹਿਲਾਂ ਪਹਿਲਾਂ ਲੋਕ ਨਫਰਤ ਕਰਨਗੇ ਪਰ ਮਗਰੋਂ ਏਨਾ ਪਿਆਰ ਕਰਨਗੇ ਕਿ ਉਹ ਦੇਸ਼ ਦੀ ਕਿਸਮਤ ਅਤੇ ਸੇਧ ਬਦਲਣ ਵਿਚ ਹੀ ਪੂਰੀ ਤਰ੍ਹਾਂ ਜੁਟ ਜਾਵੇਗਾ। ਇਹ ਭਵਿੱਖਵਾਣੀ ਸਾਲ 1555 ਵਿਚ ਕੀਤੀ ਗਈ ਸੀ ਕਿ ਅਧੇੜ ਉਮਰ ਦਾ ਮਹਾਂਬਲੀ ਪ੍ਰਸ਼ਾਸਕ ਸਿਰਫ਼ ਭਾਰਤ ਵਿਚ ਹੀ ਨਹੀਂ ਸਗੋਂ ਪੂਰੇ ਸੰਸਾਰ ਵਿਚ ਸੁਨਹਿਰੀ ਜੁੱਗ ਲਿਆਵੇਗਾ। ਉਹਦੀ ਛਤਰਛਾਇਆ ਹੇਠ ਭਾਰਤ ਸਿਰਫ਼ ਵਿਸ਼ਵ-ਗੁਰੂ ਹੀ ਨਹੀਂ ਬਣ ਜਾਵੇਗਾ ਸਗੋਂ ਅਨੇਕ ਦੇਸ਼ ਭਾਰਤ ਦੀ ਸ਼ਰਨ ਆ ਪੈਣਗੇ। ਰਿਜੀਜੂ ਨੇ ਇਹ ਨਹੀਂ ਦੱਸਿਆ ਕਿ ਭਾਰਤੀ ਸੰਸਦੀ ਚੋਣਾਂ ਤਾਂ 2019, 2024 ਤੇ 2029 ਵਿਚ ਹੋਣੀਆਂ ਹਨ, ਇਹ ਮੋਦੀ ਜੀ ਦੇ ਕਾਰਜ-ਕਾਲ ਦਾ ਜੋਤਸ਼ੀ ਨੋਸਤਰਦਾਮੁਸ ਨੇ 2026 ਵਿਚ ਅੱਧ-ਵਿਚਾਲੇ ਹੀ ਭੋਗ ਕਿਉਂ ਪਾ ਦਿੱਤਾ? ਸਵਾਲ ਇਹ ਵੀ ਹੈ ਕਿ ਰਿਜੀਜੂ ਨੇ ਮੋਦੀ ਜੀ ਨੂੰ ਲੋਕਾਂ ਦੀ ਨਫ਼ਰਤ ਦਾ ਪਾਤਰ ਕਹਿਣ ਵਾਸਤੇ ਕਿਤੇ ਬੁੱਢੇ ਨੋਸਤਰਦਾਮੁਸ ਨੂੰ ਓਟ ਵਜੋਂ ਤਾਂ ਨਹੀਂ ਵਰਤਿਆ!
ਇਹ ਤਾਂ ਦੇਸ਼ ਦੇ ਰਾਜੇ ਦੀ ਗੱਲ ਹੋਈ, ਰੰਕਾਂ ਦਾ ਵਿਸ਼ਵਾਸ ਤਾਂ ਪੱਕਾ ਹੈ ਹੀ। ਸਾਡੇ ਵਰਗੇ ਵਿਰਲੇ-ਟਾਂਵੇਂ ਘਰਾਂ ਨੂੰ ਛੱਡ ਕੇ ਬਾਕੀਆਂ ਦਾ ਵਿਸ਼ਵਾਸ ਅਤੀਤ ਵਿਚ ਵੀ ਸੀ, ਹੁਣ ਵੀ ਹੈ ਤੇ ਬਣ ਰਹੇ ਮਾਹੌਲ ਸਦਕਾ ਭਵਿੱਖ ਵਿਚ ਹੋਰ ਵੀ ਪੁਖ਼ਤਾ ਹੋ ਜਾਵੇਗਾ। ਸ਼ਗਨਾਂ-ਬਦਸ਼ਗਨਾਂ ਦੀ ਵਿਆਖਿਆ ਕਰਨ ਵਾਲੇ ਨਵੇਂ ਨਵੇਂ ਗੁਣੀ-ਗਿਆਨੀ ਪ੍ਰਗਟ ਹੋ ਰਹੇ ਹਨ। ਮੇਰੇ ਬਚਪਨ ਵਿਚ ਸਾਡੇ ਪਿੰਡ ਇਕ ਬ੍ਰਾਹਮਣ ਹੁੰਦਾ ਸੀ ਜਿਸ ਨੂੰ ਸਾਰਾ ਅਨਪੜ੍ਹ-ਅਗਿਆਨੀ ਪਿੰਡ ‘ਨਨਤੂ ਬਾਹਮਣ’ ਆਖਦਾ ਸੀ। ਜਦੋਂ ਵੱਡਾ ਹੋ ਕੇ ਥੋੜ੍ਹੀ ਜਿਹੀ ਅਕਲ ਆਈ, ਮੈਂ ਸਮਝ ਸਕਿਆ ਕਿ ਉਸ ਵਿਚਾਰੇ ਦਾ ਨਾਂ ‘ਪੰਡਿਤ ਅਨੰਤ ਰਾਮ’ ਸੀ। ਉਹ ਹਰ ਰੋਜ਼ ਅਸ਼ਨਾਨ ਤੇ ਪੂਜਾ ਤੋਂ ਵਿਹਲਾ ਹੋ ਮੋਢੇ ਉਤੇ ਹਰਦੁਆਰੀ ਪਰਨਾ ਰੱਖ ਕੇ ਤੇ ਹੱਥ ਵਿਚ ਕੁਰਾਲੀ ਵਾਲੇ ਪੰਡਿਤ ਦੀ ਪੱਤਰੀ ਲੈ ਕੇ ਲੋਕਾਂ ਨੂੰ ਉਨ੍ਹਾਂ ਉਤੇ ਪੈ ਰਹੇ ਸ਼ਗਨਾਂ-ਬਦਸ਼ਗਨਾਂ ਦੇ ਪਰਛਾਵੇਂ ਅਤੇ ਉਨ੍ਹਾਂ ਦੇ ਕਾਰਗਰ ਉਪਾਅ ਦੱਸਣ ਤੁਰ ਪੈਂਦਾ ਸੀ। ਪੱਤਰੇ ਫਰੋਲ ਕੇ ਉਹ ਦਸਦਾ ਸੀ ਕਿ ਨਾਨਕੀਂ ਕਿਸ ਦਿਨ ਜਾਣਾ ਠੀਕ ਰਹੇਗਾ ਤੇ ਛੱਤ ਬਰਾਬਰ ਉਚੀ ਹੋ ਗਈ ਕੁੜੀ ਵਾਸਤੇ ਵਰ ਕਦੋਂ ਤੇ ਕਿਵੇਂ ਮਿਲੇਗਾ। ਸਮਝੋ, ਸਾਰੇ ਪਿੰਡ ਨੂੰ ਬਚਾਉਣ ਦਾ ਜ਼ਿੰਮਾ ਉਸੇ ਦਾ ਸੀ।
ਇਹ ਹੈ ਉਹ ਪਿਛੋਕੜ ਜਿਸ ਨੇ ਅੱਜ ਮੈਨੂੰ ਆਪਣੇ ਦੇਸ਼ ਦੇ ਸ਼ਗਨ-ਬਦਸ਼ਗਨ ਵਿਚਾਰਨ ਵਾਸਤੇ ਪ੍ਰੇਰਿਆ ਹੈ। ਕਿਸਾਨਾਂ ਦੀਆਂ ਖ਼ੁਦਕੁਸ਼ੀਆਂ, ਔਰਤਾਂ ਦੀਆਂ ਬੇਪਤੀਆਂ, ਧਾਰਮਿਕ ਤੇ ਜਾਤਪਾਤੀ ਬਖੇੜਿਆਂ, ਬੇਰੁਜ਼ਗਾਰੀ, ਮਹਿੰਗਾਈ, ਵਿਦਿਅਕ ਤੇ ਸਿਹਤ ਸੇਵਾਵਾਂ ਦੇ ਨਿਘਾਰ ਆਦਿ ਵਿਚ ਲਗਾਤਾਰ ਵਾਧੇ ਜਿਹੀਆਂ ਅਨੇਕ ਸਮੱਸਿਆਵਾਂ ਤਾਂ ਸਾਧਾਰਨ ਗੱਲਾਂ ਬਣ ਕੇ ਰਹਿ ਗਈਆਂ ਹਨ ਜੋ ਹੁਣ ਚਰਚਾ ਦਾ ਵਿਸ਼ਾ ਵੀ ਨਹੀਂ ਬਣਦੀਆਂ। ਆਓ, ਅਸੀਂ ਵੀ ਸਿਰਫ਼ ਕੁਝ ਸੱਜਰੀਆਂ ਘਟਨਾਵਾਂ ਦੀ ਹੀ ਗੱਲ ਕਰੀਏ।
ਦੇਸ਼ ਦੇ ਤੇਰਾਂ ਰਾਜਾਂ ਵਿਚ ਅਜਿਹਾ ਸੋਕਾ ਪੈ ਗਿਆ ਜਿਹੋ ਜਿਹਾ ਪਹਿਲਾਂ ਕਦੀ ਨਹੀਂ ਸੀ ਪਿਆ। ਸਰਕਾਰ ਅਨੁਸਾਰ 33 ਫੀਸਦੀ ਵਸੋਂ ਸੋਕੇ ਦੀ ਮਾਰ ਹੇਠ ਆ ਗਈ ਪਰ ਗੈਰ-ਸਰਕਾਰੀ ਸਮਾਜ-ਸੇਵੀ ਸੰਸਥਾਵਾਂ ਇਹ ਅੰਕੜਾ 50 ਫੀਸਦੀ ਦਸਦੀਆਂ ਹਨ। ਟੋਭੇ, ਛੱਪੜ, ਤਲਾਅ ਤਾਂ ਸੁੱਕਣੇ ਹੀ ਸਨ, ਖੂਹ ਵੀ ਖਾਲੀ ਹੋ ਗਏ ਤੇ ਡੈਮਾਂ ਦਾ ਪਾਣੀ ਵੀ ਥੱਲੇ ਜਾ ਲਗਿਆ। ਲੋਕ ਪਾਣੀ ਦੀ ਭਾਲ ਵਿਚ ਘਰ-ਘਾਟ ਛੱਡ ਕੇ ਭਟਕਣ ਲੱਗੇ। ਇਹ ਨਹੀਂ ਕਿ ਮੋਦੀ ਸਰਕਾਰ ਨੇ ਕੁਝ ਨਹੀਂ ਕੀਤਾ। ਲਾਤੂਰ ਨਾਂ ਦੇ ਸ਼ਹਿਰ ਵਿਚ ਰੋਜ਼ ਪਾਣੀ ਦੀ ਭਰੀ ਰੇਲ-ਗੱਡੀ ਭੇਜੀ ਜਾਣ ਲੱਗੀ ਤਾਂ ਜੋ ਤੇਰਾਂ ਰਾਜਾਂ ਦੇ ਲੋਕ ਉਥੋਂ ਤੌੜੇ ਭਰ ਭਰ ਪਾਣੀ ਲਿਆ ਸਕਣ! ਇੰਦਰ ਦੇਵਤਾ ਦੇ ਕਰੋਧ ਵਿਚ ਜੇ ਕੋਈ ਕਸਰ ਰਹਿ ਗਈ ਸੀ, ਉਹ ਪੂਰੀ ਕਰਨ ਲਈ ਸੂਰਜ ਦੇਵਤਾ ਪੂਰੇ ਜਲੌਅ ਵਿਚ ਆ ਗਿਆ। ਤਾਪਮਾਨ ਘੁੱਗ ਵਸੋਂ ਵਾਲੇ ਇਲਾਕਿਆਂ ਵਿਚ 45 ਤੇ 50 ਦੇ ਵਿਚਕਾਰ ਤਾਂ ਜਾ ਹੀ ਟਿਕਿਆ, ਕੁਝ ਥਾਂ ਤਾਂ 50 ਦੀ ਹੱਦ ਵੀ ਪਾਰ ਕਰ ਗਿਆ। ਇਕ ਸੁਆਣੀ ਨੇ ਵਿਹੜੇ ਦੇ ਪੱਕੇ ਫਰਸ਼ ਉਤੇ ਆਮਲੇਟ ਬਣਾ ਕੇ ਦਿਖਾਇਆ ਅਤੇ ਦੋ ਬੰਦਿਆਂ ਨੇ ਰਾਜਸਥਾਨ ਦੇ ਟਿੱਬਿਆਂ ਦੇ ਕੱਕੇ ਰੇਤੇ ਉਤੇ ਪਾਪੜ ਭੁੰਨ ਕੇ ਦਿਖਾਏ। ਇੰਦਰ ਤੇ ਸੂਰਜ ਦਾ ਹੱਥ ਵਟਾਉਣ ਲਈ ਅਗਨ-ਦੇਵਤਾ ਵੀ ਨਿੱਤਰ ਪਿਆ। ਉਤਰਾਖੰਡ ਦੇ ਜੰਗਲਾਂ ਵਿਚ ਥਾਂ ਥਾਂ ਭਾਂਬੜ ਬਲਣ ਲੱਗੇ ਜੋ ਹਜ਼ਾਰਾਂ ਏਕੜਾਂ ਵਿਚ ਫੈਲ ਗਏ ਅਤੇ ਹਿਮਾਚਲ ਤੇ ਜੰਮੂ ਕਸ਼ਮੀਰ ਦੇ ਜੰਗਲਾਂ ਵਿਚ ਵੀ ਜਾ ਪੁੱਜੇ। ਸੋਕੇ, ਗਰਮੀ ਤੇ ਅੱਗਾਂ ਨਾਲ ‘ਤ੍ਰਾਹੀਮਾਨ, ਤ੍ਰਾਹੀਮਾਨ’ ਕਰ ਰਹੇ ਉਤਰੀ ਭਾਰਤ ਨੂੰ ਚਿੜਾਉਣ ਵਾਸਤੇ ਇੰਦਰ ਦੇਵਤਾ ਨੇ ਆਪਣੇ ਜਲ-ਭੰਡਾਰ ਦੇ ਮੂੰਹ ਦੱਖਣੀ ਤੇ ਪੂਰਬੀ ਭਾਰਤ ਦੇ ਕੁਝ ਇਲਾਕਿਆਂ ਵਿਚ ਅਜਿਹੇ ਖੋਲ੍ਹੇ ਕਿ ਲੱਕ ਲੱਕ ਪਾਣੀ ਲੋਕਾਂ ਦੇ ਘਰਾਂ ਵਿਚ ਜਾ ਪਹੁੰਚਿਆ। ਪਰਬਤਾਂ ਵਿਚ ਕਈ ਥਾਂ ਵਰ੍ਹ ਕੇ ਉਹਨੇ ਅੱਗ ਤਾਂ ਬੁਝਾ ਦਿੱਤੀ ਪਰ ਪਹਾੜੀਆਂ ਖਿਸਕ ਕੇ ਅਜਿਹਾ ਕਹਿਰ ਢਾਹੁਣ ਲਗੀਆਂ ਕਿ ਲੋਕ ਸੋਚਣ ਲੱਗੇ, ਇਸ ਨਾਲੋਂ ਤਾਂ ਅੱਗਾਂ ਹੀ ਚੰਗੀਆਂ ਸਨ!
ਅੱਗ ਨੇ ਆਪਣਾ ਬਲ ਦੇਸ਼ ਦੀ ਰਾਜਧਾਨੀ ਵਿਚ ਵੀ ਆ ਦਿਖਾਇਆ। ਇਕ ਰਾਤ ਨੂੰ ਦਿੱਲੀ ਦਾ ‘ਕੁਦਰਤੀ ਇਤਿਹਾਸ ਦਾ ਕੌਮੀ ਸੰਗ੍ਰਹਿ ਭਵਨ’ (ਨੈਸ਼ਨਲ ਮਿਊਜ਼ੀਅਮ ਆਫ ਨੈਚੁਰਲ ਹਿਸਟਰੀ) ਪੂਰੇ ਦਾ ਪੂਰਾ ਸੜ ਕੇ ਸੁਆਹ ਹੋ ਗਿਆ। ਇਹ ਇੰਦਰਾ ਗਾਂਧੀ ਨੇ ਆਜ਼ਾਦੀ ਦੀ 25ਵੀਂ ਵਰ੍ਹੇਗੰਢ ਸਮੇਂ 1972 ਵਿਚ ਬੜੀ ਸੋਚ-ਵਿਚਾਰ ਮਗਰੋਂ ਵਿਉਂਤਿਆ ਤੇ ਬਣਾਇਆ ਸੀ। 16 ਕਰੋੜ ਸਾਲ ਪੁਰਾਣੇ ਜੀਵ-ਪਥਰਾਟ ਤੋਂ ਲੈ ਕੇ ਬਨਸਪਤੀ, ਜੀਵਾਂ ਤੇ ਖਣਿਜਾਂ ਦੇ ਅਮੋਲ ਨਮੂਨਿਆਂ ਜਿਹੀਆਂ ਦੁਰਲੱਭ ਵਸਤਾਂ ਅਤੇ ਲਾਸਾਨੀ ਜਾਣਕਾਰੀ ਨਾਲ ਭਰਪੂਰ ਸੱਠ ਹਜ਼ਾਰ ਪੁਸਤਕਾਂ ਤੇ ਖੋਜ-ਲਿਖਤਾਂ ਅਗਨ-ਭੇਟ ਹੋ ਗਈਆਂ। ਇਹ ਪੁਸਤਕਾਂ ਹੱਥ-ਲਿਖਤ ਜਾਂ ਕਿਸੇ ਸਮੇਂ ਬਹੁਤ ਸੀਮਤ ਗਿਣਤੀ ਵਿਚ ਆਖਰੀ ਵਾਰ ਛਪੀਆਂ ਹੋਣ ਕਰਕੇ ਸਿਰਫ ਇਥੇ ਹੀ ਸਨ ਤੇ ਇਨ੍ਹਾਂ ਦਾ ਕੋਈ ਉਤਾਰਾ ਵੀ ਦੁਨੀਆਂ ਵਿਚ ਕਿਤੇ ਨਹੀਂ। ਇਸ ਗਿਆਨ-ਖੇਤਰ ਦੇ ਮਾਹਿਰਾਂ ਨੇ ਹੱਥ ਮਲਦਿਆਂ ਕਿਹਾ, ‘ਇਹ ਦੁਨੀਆਂ ਦੀਆਂ ਇਸ ਭਾਂਤ ਦੀਆਂ ਸਭ ਤੋਂ ਵਧੀਆ ਲਾਇਬਰੇਰੀਆਂ ਵਿਚੋਂ ਸੀ ਜਿਸ ਵਿਚ ਮੁੱਖ ਵਿਸ਼ੇ ਤੋਂ ਇਲਾਵਾ ਸਜਾਵਟੀ ਕਲਾਵਾਂ, ਇਤਿਹਾਸ, ਸਾਹਿਤ, ਅਜਾਇਬਘਰ ਅਧਿਐਨ, ਚਿਤਰਕਲਾ, ਦਰਸ਼ਨ ਤੇ ਧਰਮ ਨਾਲ ਸਬੰਧਿਤ ਦੁਰਲੱਭ ਪੁਸਤਕਾਂ ਵੀ ਸਨ। ਇਹ ਮਿਊਜ਼ੀਅਮ ਕਿਸੇ ਵੀ ਕੀਮਤ ਤੇ ਜਤਨ ਨਾਲ ਦੁਬਾਰਾ ਬਣਾਇਆ ਹੀ ਨਹੀਂ ਜਾ ਸਕਦਾ!’ ਮੈਂ ਇਕ ਇਤਿਹਾਸਕਾਰ ਮਿੱਤਰ ਨਾਲ ਦੁੱਖ ਸਾਂਝਾ ਕੀਤਾ ਤਾਂ ਉਹ ਮਿਊਜ਼ੀਅਮ ਦੇ ਵੈਣ ਪਾਉਣ ਮਗਰੋਂ ਬੋਲਿਆ, “ਅਸਲ ਵਿਚ ਕੁਦਰਤ ਨੇ ਇਸ ਬਦਸ਼ਗਨੀ ਨਾਲ ਇਹ ਇਸ਼ਾਰਾ ਕੀਤਾ ਹੈ ਕਿ ਹੁਣ ਅਜਿਹੀਆਂ ਚੀਜ਼ਾਂ ਦੀ ਕੋਈ ਲੋੜ ਨਹੀਂ ਰਹਿ ਗਈ। ਵਿਦਿਆ ਮੰਤਰਾਲੇ ਦੇ ਸਲਾਹਕਾਰਾਂ ਅਨੁਸਾਰ ਅਜਿਹੀਆਂ ਚੀਜ਼ਾਂ ਵਿਚੋਂ ਇਤਿਹਾਸ ਲੱਭਣਾ ਪੱਛਮੀ ਭਾਵ ਗਲਤ ਤਰੀਕਾ ਹੈ ਜਦੋਂ ਕਿ ਸਹੀ ਇਤਿਹਾਸ ਸਾਡੇ ਵੇਦਾਂ-ਸ਼ਾਸਤਰਾਂ, ਪੁਰਾਤਨ ਗ੍ਰੰਥਾਂ, ਰਿਸ਼ੀ-ਕਥਾਵਾਂ ਤੇ ਮਿਥਿਹਾਸ ਵਿਚ ਪਿਆ ਹੈ। ਇਸ ਕਰਕੇ ਨਵੇਂ ਵਿਦਿਅਕ ਮਾਹੌਲ ਵੱਲ ਦੇਖਦਿਆਂ ਇਹ ਸੁਆਹ ਹੋਈਆਂ ਚੀਜ਼ਾਂ ਹੁਣ ਵਾਧੂ, ਫਜ਼ੂਲ ਤੇ ਬੇਲੋੜੀਆਂ ਹੀ ਸਨ ਜਿਨ੍ਹਾਂ ਨਾਲ ਰਾਜਧਾਨੀ ਦੀ ਕੀਮਤੀ ਜ਼ਮੀਨ ਕਾਠ ਮਾਰ ਛੱਡਣ ਦੀ ਕੋਈ ਤੁਕ ਨਹੀਂ ਸੀ।”
ਇਸ ਸਭ ਕੁਝ ਦੇ ਦਰਮਿਆਨ ਇਕ ਭਾਣਾ ਅਜਿਹਾ ਵਰਤਿਆ ਜਿਸ ਨੇ ਸ਼ਗਨ-ਬਦਸ਼ਗਨ ਵਿਚਾਰਨ ਵਾਲੇ ਸਭਨਾਂ ਨੂੰ ਸੁੰਨ ਕਰ ਦਿੱਤਾ। 23 ਜਨਵਰੀ ਨੂੰ ਰੱਖਿਆ ਮੰਤਰੀ ਮਨੋਹਰ ਪਰੀਕਰ ਨੇ ਰਾਂਚੀ ਦੀ ਇਕ ਉਚੀ ਪਹਾੜੀ ਦੇ ਸਿਖਰ ‘ਤੇ ਦੇਸ਼ ਦਾ ਸਭ ਤੋਂ ਉਚਾ ਤੇ ਵੱਡਾ ਤਿਰੰਗਾ ਚੜ੍ਹਾਇਆ ਸੀ। ਫੌਲਾਦੀ ਤਾਰਾਂ ਦੇ ਰੱਸੇ ਦੇ ਸਹਾਰੇ ਚੜ੍ਹਦਾ-ਉਤਰਦਾ ਅਤੇ 293 ਫੁੱਟ ਉਚਾ ਝੁਲਦਾ ਇਹ ਪਵਿੱਤਰ ਝੰਡਾ 60 ਕਿਲੋਗਰਾਮ ਭਾਰਾ, 99 ਫੁੱਟ ਲੰਮਾ ਤੇ 66 ਫੁੱਟ ਚੌੜਾ ਹੈ ਅਤੇ ਵਿਸ਼ੇਸ਼ ਕੱਪੜੇ ਕਾਰਨ 85,000 ਰੁਪਏ ਵਿਚ ਬਣਦਾ ਹੈ। ਦੁਨੀਆਂ ਭਰ ਵਿਚ ਉਚੀਆਂ ਥਾਂਵਾਂ ਉਤੇ ਝੁਲਦੇ ਝੰਡੇ ਅਕਸਰ ਤੇਜ਼ ਹਵਾਵਾਂ ਨਾਲ ਪਾਟ ਜਾਂਦੇ ਹਨ ਤੇ ਬਦਲਣੇ ਪੈਂਦੇ ਹਨ। 17 ਅਪਰੈਲ ਨੂੰ ਜਦੋਂ ਪਾਟਿਆ ਹੋਇਆ ਝੰਡਾ ਬਦਲਿਆ ਜਾਣ ਲਗਿਆ, ਉਹਦਾ ਰੱਸਾ ਭੌਣੀ ਤੋਂ ਤਿਲ੍ਹਕ ਕੇ ਪਾਸੇ ਫਸ ਜਾਣ ਕਾਰਨ ਉਹ ਆਪੇ ਹੀ 260 ਫੁੱਟ ਦੀ ਮਾਤਮੀ ਹਾਲਤ ਵਿਚ ਅਟਕ ਗਿਆ ਅਤੇ ਹੇਠ ਜਾਂ ਉਤੇ ਹੋਣ ਤੋਂ ਇਨਕਾਰੀ ਹੋ ਗਿਆ। ਡਿਪਟੀ ਕਮਿਸ਼ਨਰ ਦੀ ਨਿਗਰਾਨੀ ਹੇਠ ਕੀਤੇ ਗਏ ਸਭ ਜਤਨ ਅਸਫਲ ਰਹੇ। ਰੱਸੀ ਮੋਟਰ ਨਾਲ ਖਿੱਚੀ ਤਾਂ ਮੋਟਰ ਦਾ ਗੇਅਰ ਬਾਕਸ ਟੁੱਟ ਗਿਆ। ਟਰੈਕਟਰ ਜੋੜਿਆ ਤਾਂ ਮਾਹਿਰਾਂ ਨੇ ਕਿਹਾ ਕਿ ਜੇ ਬਹੁਤਾ ਜ਼ੋਰ ਲਾਇਆ ਤਾਂ ਰੱਸਾ ਟੁੱਟ ਕੇ ਝੰਡਾ ਇਉਂ ਟੇਢਾ ਹੋ ਸਕਦਾ ਹੈ ਕਿ ਮੁਸ਼ਕਿਲ ਹੋਰ ਵੀ ਵਧ ਜਾਵੇਗੀ। ਤਾਰ ਕੱਟਣ ਨਾਲ ਵੀ ਇਹੋ ਸਮੱਸਿਆ ਪੈਦਾ ਹੋਣ ਦਾ ਡਰ ਸੀ। ਅੰਤ ਨੂੰ ਆਖ਼ਰੀ ਸਹਾਰਾ ਫੌਜ ਬੁਲਾਈ ਗਈ। ਫੌਜੀ ਇੰਜੀਨੀਅਰਾਂ ਨੇ ਉਪਰੋਕਤ ਸਾਰੇ ਡਰ ਠੀਕ ਦਸਦਿਆਂ ਝੰਡੇ ਦੇ ਬਰਾਬਰ ਨਾਲੀਆਂ ਦੀ ਪੈੜ ਦਾ ਜੁਗਾੜ ਕੀਤਾ। ਆਖਰ ਐਨ ਦਸਵੇਂ ਦਿਨ, ਜੋ ਰਵਾਇਤੀ ਤੌਰ ਉਤੇ ਸਾਡੇ ਸਮਾਜ ਵਿਚ ਸੋਗ ਦੇ ਉਠਾਲੇ ਦਾ ਦਿਨ ਹੁੰਦਾ ਹੈ, ਝੰਡੇ ਨੇ ਸਹੀ ਟਿਕਾਣੇ ਜਾਣ ਦੀ ਹਾਮੀ ਭਰੀ!
ਜਦੋਂ ਜਗਿਆਸਾ ਜਾਗਣ ਦੀ ਉਮਰ ਆਈ, ਇਕ ਦਿਨ ਮੈਂ ਪੁੱਛਿਆ, “ਚਾਚਾ ਨਨਤੂ, ਇਹ ਜੋ ਤੂੰ ਸ਼ਗਨ-ਬਦਸ਼ਗਨ ਵਿਚਾਰਦਾ ਰਹਿੰਦਾ ਹੈਂ, ਇਨ੍ਹਾਂ ਦਾ ਗੁਣ-ਦੋਸ਼, ਲਾਭ-ਹਾਨ ਕਿਸ ਨੂੰ ਜਾਂਦਾ ਹੈ?” ਉਹ ਇਕਦਮ ਬੋਲਿਆ, “ਪਰਿਵਾਰ ਦੇ ਸ਼ਗਨਾਂ-ਬਦਸ਼ਗਨਾਂ ਦਾ ਗੁਣ-ਦੋਸ਼ ਤੇ ਲਾਭ-ਹਾਨ ਪਰਿਵਾਰ ਦੇ ਮੋਹਰੀ ਨੂੰ, ਪਿੰਡ ਦਾ ਪਿੰਡ ਦੇ ਮੁਖੀਏ ਨੂੰ ਤੇ ਦੇਸ਼ ਦਾ ਦੇਸ਼ ਦੇ ਰਾਜੇ ਨੂੰ!”
ਚਾਚੇ ਨਨਤੂ ਦਾ ਇਹ ਪ੍ਰਵਚਨ ਚੇਤੇ ਕਰ ਕੇ ਮੇਰੇ ਮੂੰਹੋਂ ਸੁਤੇਸਿਧ ਨਿਕਲਿਆ, “ਸ੍ਰੀ ਰਾਮ ਜੀ ਭਲੀ ਕਰਨ!”