ਰਾਜ ਦੇ ਦੋ ਸਾਲ ਪੂਰੇ ਹੋਣ ‘ਤੇ ਕਾਹਦੀ ਵਧਾਈ ਮੋਦੀ ਨੂੰ!

-ਜਤਿੰਦਰ ਪਨੂੰ
ਭਾਰਤ ਸਰਕਾਰ ਦੀ ਅਗਵਾਈ ਕਰਦੀ ਭਾਰਤੀ ਜਨਤਾ ਪਾਰਟੀ ਤੇ ਉਸ ਦੇ ਸਿਆਸੀ ਭਾਈਬੰਦ ਇਸ ਸਮੇਂ ਆਪਣੇ ਕੇਂਦਰੀ ਰਾਜ ਦੇ ਦੋ ਸਾਲ ਪੂਰੇ ਹੋਣ ‘ਤੇ ਜਸ਼ਨ ਮਨਾਉਣ ਵਿਚ ਮਸਤ ਹਨ, ਤੇ ਉਨ੍ਹਾਂ ਨੂੰ ਇਸ ਦਾ ਹੱਕ ਵੀ ਹੈ। ਹੁਣ ਉਹ ਵੇਲਾ ਨਹੀਂ ਰਿਹਾ, ਜਦੋਂ ਕਾਂਗਰਸ ਤੋਂ ਬਿਨਾ ਕੇਂਦਰ ਵਿਚ ਕੋਈ ਸਰਕਾਰ ਬਣਦੀ ਸੀ ਤਾਂ ਦਿਨ ਗਿਣਦੀ ਰਹਿੰਦੀ ਸੀ ਤੇ ਹਰ ਵੇਲੇ ਸਿਆਸੀ ਪਲਟਾ ਹੋਣ ਦਾ ਡਰ ਹੁੰਦਾ ਸੀ।

ਜਿਹੜੇ ਕਾਂਗਰਸੀ ਲੀਡਰਾਂ ਨੇ ਏਦਾਂ ਕਰਨਾ ਹੁੰਦਾ ਸੀ, ਉਨ੍ਹਾਂ ਦੀ ਅਗਵਾਈ ਕਰਨ ਵਾਲੀ ਇੰਦਰਾ ਗਾਂਧੀ ਹੁਣ ਨਹੀਂ ਰਹੀ ਅਤੇ ਉਸ ਦਾ ਏਨੇ ਜੋਗਾ ਪੁੱਤਰ ਰਾਜੀਵ ਗਾਂਧੀ ਵੀ ਨਹੀਂ ਰਿਹਾ। ਕਾਂਗਰਸ ਪਾਰਟੀ ਦੀ ਹੁਣ ਵਾਲੀ ਲੀਡਰਸ਼ਿਪ ਸਰਕਾਰ ਬਾਰੇ ਘੱਟ ਤੇ ਪਾਰਟੀ ਵਿਚ ਆਪਣੇ ਰੁਤਬੇ ਬਾਰੇ ਵੱਧ ਚਿੰਤਤ ਦਿਖਾਈ ਦੇਂਦੀ ਹੈ। ਵਿਚਾਰੀ ਸੋਨੀਆ ਗਾਂਧੀ ਨੂੰ ਇਹੋ ਚਿੰਤਾ ਨਹੀਂ ਛੱਡ ਰਹੀ ਕਿ ਸਿਆਸੀ ਮੰਚ ਉਪਰ ਉਸ ਦੇ ਪੁੱਤਰ ਦੇ ਪੈਰ ਅਜੇ ਟਿਕ ਨਹੀਂ ਰਹੇ। ਪੁੱਤਰ ਆਪ ਵੀ ਜਵਾਕਪੁਣੇ ਤੋਂ ਉਪਰ ਉਠਣ ਵਾਲੀ ਕੋਈ ਗੱਲ ਨਹੀਂ ਕਰਦਾ।
ਕਾਂਗਰਸ ਦੇ ਘਾਗ ਆਗੂਆਂ ਵਿਚੋਂ ਅੱਧੇ ਤੋਂ ਵੱਧ ਦੂਜੀਆਂ ਪਾਰਟੀਆਂ ਦੇ ਸੁੱਟੇ ਟੁੱਕਰ ਵੱਲ ਝਾਕੀ ਜਾਂਦੇ ਹਨ। ਕੋਈ ਸਵੇਰੇ ਉਠ ਕੇ ਭਾਜਪਾ ਆਗੂਆਂ ਨੂੰ ਫੋਨ ਕਰ ਕੇ ਆਨੇ-ਬਹਾਨੇ ਹਾਲ-ਚਾਲ ਪੁੱਛਦਾ ਹੈ ਤੇ ਕਿਸੇ ਨੂੰ ਸਵੇਰ ਦੀ ਚਾਹ ਤੋਂ ਪਹਿਲਾਂ ਚੰਡੀਗੜ੍ਹ ਨੂੰ ਫੋਨ ਕਰਨ ਦੀ ਕਾਹਲੀ ਹੁੰਦੀ ਹੈ। ਇਸ ਵਿਰੋਧੀ ਧਿਰ ਦੇ ਹੁੰਦਿਆਂ ਭਾਜਪਾ ਤੇ ਉਸ ਦੇ ਸਾਥੀਆਂ ਨੂੰ ਜਸ਼ਨ ਮੁਬਾਰਕ ਹੀ ਹਨ।
ਜਸ਼ਨ ਮਨਾਉਣਾ ਕਈ ਵਾਰੀ ਪ੍ਰਾਪਤੀਆਂ ਦਾ ਵਿਸ਼ਾ ਹੁੰਦਾ ਹੈ ਤੇ ਕਈ ਵਾਰੀ ਇਹ ਗੱਲ ਵੀ ਜਸ਼ਨਾਂ ਦਾ ਹਿੱਸਾ ਹੁੰਦੀ ਹੈ ਕਿ ਸਾਡੇ ਮੂਹਰੇ ਕੋਈ ਸਿਆਸੀ ਚੁਣੌਤੀ ਨਹੀਂ ਰਹੀ। ਸ਼ਾਇਦ ਭਾਜਪਾ ਆਗੂਆਂ ਨੂੰ ਇਸ ਦੀ ਵੱਧ ਖੁਸ਼ੀ ਹੈ। ਉਹ ਹਰ ਭਾਸ਼ਣ ਵਿਚ ਜਦੋਂ ਭਾਰਤ ਨੂੰ ਕਾਂਗਰਸ-ਮੁਕਤ ਕਰਨ ਦੀ ਗੱਲ ਕਰਦੇ ਹਨ ਤਾਂ ਸ਼ਾਇਦ ਇਹੋ ਕਹਿਣਾ ਚਾਹੁੰਦੇ ਹਨ ਕਿ ਜਿਸ ਪਾਰਟੀ ਤੋਂ ਖਤਰਾ ਸੀ, ਉਹ ਹੁਣ ਕਾਸੇ ਜੋਗੀ ਰਹੀ ਨਹੀਂ ਤੇ ਬਾਕੀਆਂ ਵਿਚ ਸਾਨੂੰ ਚੁਣੌਤੀ ਦੇ ਸਕਣ ਵਾਲਾ ਕੋਈ ਛੇਤੀ ਕੀਤੇ ਉਠਣ ਜੋਗਾ ਨਾ ਹੋਣ ਕਰ ਕੇ ਸਾਡੇ ਲਈ ‘ਚਾਰੇ ਚੱਕ ਜਗੀਰ’ ਹੈ। ਜਦੋਂ ਕਿਸੇ ਵੀ ਰਾਜਸੀ ਧਿਰ ਦੇ ਮਨ ਵਿਚ ਇਹ ਗੱਲ ਆ ਜਾਵੇ, ਉਸ ਨੂੰ ਦੁਸ਼ਮਣਾਂ ਦੀ ਲੋੜ ਨਹੀਂ ਰਹਿੰਦੀ, ਅੰਦਰੋਂ ਸੂਲਾਂ ਫੁੱਟਦੀਆਂ ਹੁੰਦੀਆਂ ਹਨ।
ਅਜੇ ਉਹ ਸਮਾਂ ਨੇੜੇ ਨਹੀਂ, ਜਦੋਂ ਅੰਦਰੋਂ ਕੋਈ ਸੂਲ ਫੁੱਟਦੀ ਦਿਖਾਈ ਦਿੰਦੀ ਹੋਵੇ ਅਤੇ ਇਸੇ ਲਈ ਉਹ ਜਦੋਂ ਦੋ ਸਾਲਾ ਰਾਜ ਦੇ ਜਸ਼ਨ ਮਨਾਉਣ ਰੁੱਝੇ ਹਨ ਤਾਂ ਹਕੀਕਤਾਂ ਨੂੰ ਭੁੱਲ ਕੇ ਹਵਾਈ ਉਡਾਰੀਆਂ ਲਾ ਰਹੇ ਹਨ।
ਹਕੀਕਤਾਂ ਵਿਚੋਂ ਅਸੀਂ ਕਾਲੇ ਧਨ ਵਾਲੇ ਤਿੰਨ-ਤਿੰਨ ਲੱਖ ਰੁਪਏ ਹਰ ਨਾਗਰਿਕ ਦੇ ਖਾਤੇ ਵਿਚ ਪਾਉਣ ਵਾਲੀ ਗੱਲ ਮੁੜ-ਮੁੜ ਨਹੀਂ ਛੇੜਨਾ ਚਾਹੁੰਦੇ, ਜਿਹੜੇ ਸਿਰਫ ਸੌ ਦਿਨਾਂ ਵਿਚ ਆਉਣੇ ਸਨ ਤੇ ਸੱਤ ਸੌ ਤੀਹ ਦਿਨ ਲੰਘਣ ਦੇ ਬਾਅਦ ਵੀ ਨਹੀਂ ਆਏ। ਹੁਣ ਸਾਡੇ ਲੋਕ ਖੁਦ ਵੀ ਝਾਕ ਛੱਡ ਚੁੱਕੇ ਹਨ। ਇਸ ਦੀ ਥਾਂ ਇਹ ਗੱਲ ਵੇਖਣ ਵਾਲੀ ਹੈ ਕਿ ਇਸ ਸਰਕਾਰ ਨੇ ਕਾਲਾ ਧਨ ਬਾਹਰੋਂ ਲਿਆਉਣ ਦਾ ਵਾਅਦਾ ਕੀਤਾ ਸੀ, ਆਉਣ ਦੀ ਥਾਂ ਇਨ੍ਹਾਂ ਦੋ ਸਾਲਾਂ ਦੌਰਾਨ ਹੋਰ ਵੀ ਚਲਾ ਗਿਆ ਹੈ। ਪਹਿਲਾਂ ਓਹਲਾ ਰੱਖ ਕੇ ਜਾਂਦਾ ਸੀ, ਸੰਸਾਰ ਪੱਧਰ ਦੇ ਬਦਨਾਮ ਨਿੱਜੀ ਬੈਂਕਾਂ ਦੇ ਰਾਹੀਂ ਇਹ ਕੰਮ ਹੁੰਦਾ ਸੀ, ਮੋਦੀ ਸਰਕਾਰ ਦੌਰਾਨ ਇਹ ਕੰਮ ਭਾਰਤ ਸਰਕਾਰ ਦੇ ਆਪਣੇ ਕੌਮੀ ਬੈਂਕਾਂ, ਜਿਨ੍ਹਾਂ ਵਿਚ ਬੈਂਕ ਆਫ ਬੜੌਦਾ ਤੇ ਹੋਰ ਸ਼ਾਮਲ ਸਨ, ਦੇ ਰਾਹੀਂ ਹੋ ਗਿਆ। ਸਰਕਾਰੀ ਬੈਂਕਾਂ ਦਾ ਸਿੱਧਾ ਕੰਟਰੋਲ ਖਜ਼ਾਨਾ ਮੰਤਰੀ ਅਰੁਣ ਜੇਤਲੀ ਦੇ ਕੋਲ ਹੈ ਤੇ ਅਰੁਣ ਜੇਤਲੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਾਅਦ ਸਰਕਾਰ ਵਿਚ ਦੂਸਰੇ ਨੰਬਰ ਦਾ ਆਗੂ ਮੰਨਿਆ ਜਾਂਦਾ ਹੈ।
ਪਨਾਮਾ ਪੇਪਰਜ਼ ਵਿਚ ਇਹ ਗੱਲ ਜਦੋਂ ਸਾਬਤ ਹੋ ਗਈ ਕਿ ਕੁਝ ਭਾਰਤੀ ਲੋਕਾਂ ਨੇ ਜਾਅਲੀ ਕੰਪਨੀਆਂ ਓਥੇ ਖੜੀਆਂ ਕਰਨ ਅਤੇ ਖੇਤਾਂ ਵਿਚ ਹਲ ਵਗਦੇ ਦੀ ਰਾਹਲ ਮੱਲਣ ਵਾਂਗ ਕਾਲੇ ਪੈਸੇ ਦੀਆਂ ਥੈਲੀਆਂ ਦੀ ਰਾਹਲ ਮੱਲ ਕੇ ਕਈ ਦੇਸ਼ਾਂ ਦਾ ਗੇੜਾ ਕੱਢਣ ਪਿੱਛੋਂ ਚਿੱਟਾ ਕਰ ਲੈਣ ਦਾ ਕੰਮ ਕੀਤਾ ਹੈ ਤਾਂ ਮੋਦੀ ਸਰਕਾਰ ਨੇ ਉਨ੍ਹਾਂ ਦਾ ਪਿੱਛਾ ਕਰਨ ਦਾ ਯਤਨ ਨਹੀਂ ਕੀਤਾ। ਕਾਰਨ ਇਹ ਸੀ ਕਿ ਇਨ੍ਹਾਂ ਵਿਚ ਰਾਜਨੀਤੀ ਦੇ ਮੈਦਾਨ ਵਿਚ ਹਰ ਕਿਸੇ ਵੱਡੇ ਖਿਡਾਰੀ ਦੇ ਖਿਦਮਤਗਾਰ ਅਮਿਤਾਬ ਬੱਚਨ ਦਾ ਨਾਂ ਵੀ ਸੀ ਤੇ ਪ੍ਰਧਾਨ ਮੰਤਰੀ ਮੋਦੀ ਦੇ ਸਭ ਤੋਂ ਨੇੜਲੇ ਮਿੱਤਰ ਗੌਤਮ ਅਡਾਨੀ ਦੇ ਇੱਕ ਭਰਾ ਦਾ ਨਾਂ ਵੀ ਚਰਚਾ ਵਿਚ ਆ ਗਿਆ ਸੀ।
ਦੂਸਰੀ ਹਕੀਕਤ ਪ੍ਰਧਾਨ ਮੰਤਰੀ ਮੋਦੀ ਵੱਲੋਂ ਵਿਦੇਸ਼ ਨੀਤੀ ਦੇ ਮਾਮਲੇ ਵਿਚ ਚੁੱਕੇ ਕਦਮਾਂ ਦੀ ਸੀ। ਹੁਣ ਤੱਕ ਭਾਜਪਾ ਆਗੂ ਇਹ ਮਿਹਣਾ ਦਿਆ ਕਰਦੇ ਸਨ ਕਿ ਪਾਕਿਸਤਾਨ ਦੇ ਆਗੂ ਸਾਡੇ ਦੇਸ਼ ਵਿਚ ਬਿਰਿਆਨੀ ਖਾਣ ਆਉਂਦੇ ਹਨ ਅਤੇ ਖਾ ਕੇ ਮੁੜ ਜਾਂਦੇ ਹਨ। ਸਾਡਾ ਪ੍ਰਧਾਨ ਮੰਤਰੀ ਮੋਦੀ ਬਿਨਾ ਕਿਸੇ ਮਿਥੇ ਪ੍ਰੋਗਰਾਮ ਤੋਂ ਪਾਕਿਸਤਾਨ ਪਹੁੰਚ ਗਿਆ, ਉਥੋਂ ਦੇ ਪ੍ਰਧਾਨ ਮੰਤਰੀ ਦੇ ਘਰ ਜਲ-ਪਾਣੀ ਛਕ ਆਇਆ ਤੇ ਇਹ ਡੀਂਗ ਮਾਰ ਦਿੱਤੀ ਕਿ ਸਬੰਧ ਸੁਧਾਰਨ ਦੀ ਬੜੀ ਵੱਡੀ ਪਹਿਲ ਕਰ ਲਈ ਹੈ, ਹੁਣ ਕੋਈ ਖਤਰਾ ਨਹੀਂ। ਸਿਰਫ ਦੋ ਦਿਨ ਲੰਘੇ ਤੇ ਤੀਸਰੇ ਦਿਨ ਪਠਾਨਕੋਟ ਦੇ ਹਵਾਈ ਫੌਜ ਦੇ ਬੇਸ ਉਤੇ ਹਮਲਾ ਹੋ ਗਿਆ। ਫਿਰ ਜਾਂਚ ਵਿਚ ਸਾਡਾ ਦੇਸ਼ ਪਾਕਿਸਤਾਨ ਤੋਂ ਮਾਤ ਖਾ ਗਿਆ। ਉਨ੍ਹਾਂ ਨੇ ਜਾਂਚ ਕਰਨ ਦੇ ਬਹਾਨੇ ਆਪਣੀ ਫੌਜ ਤੇ ਖੁਫੀਆ ਏਜੰਸੀ ਆਈ ਐਸ ਆਈ ਵੱਲੋਂ ਲੈਫਟੀਨੈਂਟ ਜਨਰਲ ਰੈਂਕ ਦੇ ਅਫਸਰਾਂ ਨੂੰ ਪਠਾਨਕੋਟ ਦੇ ਬਹੁਤ ਨਾਜ਼ਕ ਹਵਾਈ ਟਿਕਾਣੇ ਦਾ ਦੌਰਾ ਕਰਵਾ ਲਿਆ ਤੇ ਜਦੋਂ ਭਾਰਤੀ ਜਾਂਚ ਟੀਮ ਨੇ ਉਥੇ ਜਾਣਾ ਸੀ ਤਾਂ ਤੋਕੜ ਗਾਂ ਵਾਂਗ ਛੜ ਮਾਰ ਦਿੱਤੀ। ਮੋਦੀ ਸਾਹਿਬ ਅੱਜ ਵੀ ਕਹਿੰਦੇ ਹਨ ਕਿ ਮੇਰੀ ਵਿਦੇਸ਼ ਨੀਤੀ ਬੜੀ ਨਿੱਗਰ ਹੈ, ਇਸ ਵਿਚ ਕਿਸੇ ਤਰ੍ਹਾਂ ਦੀ ਕੋਈ ਕਚਿਆਈ ਨਹੀਂ ਦਿਖਾਈ ਦੇ ਸਕਦੀ।
ਵਿਦੇਸ਼ ਨੀਤੀ ਦੀ ਕਚਿਆਈ ਤਾਂ ਇੱਕ ਹੋਰ ਗੱਲ ਵਿਚ ਇਸ ਤੋਂ ਵੀ ਵੱਧ ਦਿਖਾਈ ਦਿੱਤੀ ਸੀ। ਮਾਇਨਾਮਾਰ, ਜਿਸ ਨੂੰ ਪਹਿਲਾਂ ਬਰਮਾ ਕਿਹਾ ਜਾਂਦਾ ਸੀ, ਵਲੋਂ ਆਏ ਅਤਿਵਾਦੀ ਸਾਡੀ ਫੌਜ ਉਤੇ ਕਈ ਵਾਰੀ ਹਮਲੇ ਕਰਦੇ ਤੇ ਵਾਪਸ ਦੌੜ ਜਾਇਆ ਕਰਦੇ ਸਨ। ਇੱਕ ਦਿਨ ਸਾਡੀ ਫੌਜ ਨੇ ਕੁਝ ਅਤਿਵਾਦੀ ਮਾਰ ਲਏ। ਭਾਰਤ ਦੇ ਇੱਕ ਕੇਂਦਰੀ ਮੰਤਰੀ ਨੇ ਇਹ ਦਾਅਵਾ ਕਰ ਦਿੱਤਾ ਕਿ ਸਾਡੀ ਫੌਜ ਨੇ ਮਾਇਨਾਮਾਰ ਦੀ ਹੱਦ ਵਿਚ ਜਾ ਕੇ ਮਾਰ ਕੀਤੀ ਹੈ ਤੇ ਅਤਿਵਾਦੀਆਂ ਨੂੰ ਮਾਰਨ ਵਿਚ ਉਥੋਂ ਦੀ ਸਰਕਾਰ ਨੇ ਵੀ ਸਾਡਾ ਸਾਥ ਦਿੱਤਾ ਹੈ। ਏਨੀ ਗੱਲ ਮੰਨ ਲੈਂਦੀ ਤਾਂ ਉਹ ਸਰਕਾਰ ਆਪਣੇ ਲੋਕਾਂ ਦੇ ਅੱਗੇ ਬੁਰੀ ਬਣ ਜਾਣੀ ਸੀ। ਉਸ ਨੇ ਝੱਟ ਇਹ ਗੱਲ ਕੱਟ ਕੇ ਕਿਹਾ ਕਿ ਸਾਡੀ ਹੱਦ ਅੰਦਰ ਕੁਝ ਨਹੀਂ ਹੋਇਆ, ਭਾਰਤ ਸਰਕਾਰ ਝੂਠ ਬੋਲਦੀ ਹੈ। ਓਨੀ ਦੇਰ ਤੱਕ ਸਾਡੇ ਇੱਕ ਹੋਰ ਮੰਤਰੀ ਨੇ ਇਹ ਬਿਆਨ ਦਾਗ ਦਿੱਤਾ ਕਿ ਜਿਵੇਂ ਮਾਇਨਾਮਾਰ ਵਿਚ ਹਮਲਾ ਕਰ ਕੇ ਅਤਿਵਾਦੀ ਮਾਰੇ ਹਨ, ਉਸੇ ਤਰ੍ਹਾਂ ਪਾਕਿਸਤਾਨ ਵਿਚ ਹਮਲਾ ਕਰ ਕੇ ਹਾਫਿਜ਼ ਸਈਦ ਤੇ ਦਾਊਦ ਇਬਰਾਹੀਮ ਨੂੰ ਮਾਰ ਕੇ ਉਵੇਂ ਹੀ ਚੁੱਕ ਲਿਆਵਾਂਗੇ, ਜਿਵੇਂ ਅਮਰੀਕਾ ਦੇ ਕਮਾਂਡੋਆਂ ਨੇ ਓਸਾਮਾ ਬਿਨ ਲਾਦੇਨ ਨਾਲ ਕੀਤਾ ਸੀ। ਪਹਿਲਾ ਝਟਕਾ ਮਾਇਨਾਮਾਰ ਸਰਕਾਰ ਦੇ ਬਿਆਨ ਨਾਲ ਲੱਗਾ ਸੀ ਤੇ ਦੂਸਰਾ ਪਾਕਿਸਤਾਨ ਵੱਲੋਂ ਸਿੱਧੀ ਚੁਣੌਤੀ ਦੇ ਜਵਾਬ ਵਿਚ ਮੋੜਵੀਂ ਚੁਣੌਤੀ ਪੇਸ਼ ਹੋਣ ਨਾਲ ਲੱਗ ਗਿਆ। ਹੁਣ ਏਦਾਂ ਦਾ ਕੁਝ ਕਰਨ ਦੀ ਲੋੜ ਨਹੀਂ, ਇਹ ਦੋਸ਼ ਲੱਗ ਰਿਹਾ ਹੈ ਕਿ ਮਹਾਰਾਸ਼ਟਰ ਦੇ ਭਾਜਪਾ ਮੰਤਰੀ ਏਕਨਾਥ ਖੜਸੇ ਦੇ ਘਰ ਵਾਲੇ ਫੋਨ ਉਤੇ ਦਾਊਦ ਇਬਰਾਹੀਮ ਦੇ ਫੋਨ ਆਉਂਦੇ ਹਨ। ਇਸ ਦੇ ਬਾਅਦ ਹਮਲੇ ਦੀ ਲੋੜ ਨਹੀਂ, ਏਕਨਾਥ ਖੜਸੇ ਨੂੰ ਕਿਹਾ ਜਾ ਸਕਦਾ ਹੈ ਕਿ ਉਹ ਦਾਊਦ ਨਾਲ ਗੱਲ ਕਰੇ ਅਤੇ ਉਸ ਦਾ ਆਤਮ ਸਮੱਰਪਣ ਕਰਵਾ ਦੇਵੇ।
ਜਿਹੜੀ ਗੱਲ ਨੇ ਸਾਨੂੰ ਬਹੁਤ ਹੈਰਾਨ ਕੀਤਾ, ਉਹ ਪ੍ਰਧਾਨ ਮੰਤਰੀ ਦਾ ਇਹ ਭਾਸ਼ਣ ਸੀ ਕਿ ਮੇਰੀ ਸਰਕਾਰ ਨੇ ਇਹ ਗੁੰਜਾਇਸ਼ ਨਹੀਂ ਰਹਿਣ ਦਿੱਤੀ ਕਿ ਕੋਈ ਪਰਦੇ ਪਿੱਛੇ ਕਾਲੀ ਕਮਾਈ ਕਰ ਲਵੇਗਾ। ਗੱਲ ਠੀਕ ਇਸ ਲਈ ਹੈ ਕਿ ਹੁਣ ਪਰਦੇ ਪਿੱਛੇ ਏਦਾਂ ਕਰਨ ਦੀ ਲੋੜ ਨਹੀਂ ਰਹੀ, ਖੁੱਲ੍ਹਾ ਕੀਤਾ ਜਾ ਰਿਹਾ ਹੈ। ਲਲਿਤ ਮੋਦੀ ਦਾ ਕੇਸ ਜਦੋਂ ਉਭਰਿਆ ਤਾਂ ਰਾਜਸਥਾਨ ਦੀ ਭਾਜਪਾ ਮੁੱਖ ਮੰਤਰੀ ਵਸੁੰਧਰਾ ਰਾਜੇ ਤੇ ਉਸ ਦੇ ਪਾਰਲੀਮੈਂਟ ਮੈਂਬਰ ਪੁੱਤਰ ਦਾ ਨਾਂ ਆਇਆ ਕਿ ਲਲਿਤ ਦੇ ਹੱਕ ਵਿਚ ਐਫੀਡੇਵਿਟ ਦੇਣ ਬਦਲੇ ਵੀਹ ਹਜ਼ਾਰ ਕਰੋੜ ਰੁਪਏ ਕਮਾਏ ਹਨ। ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਨਾਂ ਆ ਗਿਆ ਕਿ ਭਾਰਤ ਦੇ ਉਸੇ ਭਗੌੜੇ ਲਲਿਤ ਮੋਦੀ ਦੀ ਮਦਦ ਕਰਦੀ ਰਹੀ ਸੀ ਤੇ ਪ੍ਰਧਾਨ ਮੰਤਰੀ ਨਾਲ ਗੱਲ ਤੱਕ ਨਹੀਂ ਕੀਤੀ ਸੀ। ਮਦਦ ਇਸ ਲਈ ਕਰਦੀ ਰਹੀ ਕਿ ਉਸ ਦਾ ਪਤੀ ਤੇ ਧੀ ਦੋਵੇਂ ਜਣੇ ਲਲਿਤ ਮੋਦੀ ਦੇ ਵਕੀਲ ਸਨ।
ਨਰਿੰਦਰ ਮੋਦੀ ਲੋਕਾਂ ਦੀ ਤਸੱਲੀ ਨਹੀਂ ਕਰਾ ਸਕਿਆ। ਮੱਧ ਪ੍ਰਦੇਸ਼ ਵਿਚ ਭਾਜਪਾ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਦੀ ਸਰਕਾਰ ਹੇਠ ਨੌਕਰੀਆਂ ਦਾ ਵਿਆਪਮ ਬੋਰਡ ਘੋਟਾਲਾ ਹੋ ਗਿਆ, ਇਸ ਘੋਟਾਲੇ ਨੂੰ ਦਬਾਉਣ ਲਈ 49 ਲੋਕ ਕਤਲ ਹੋ ਗਏ, ਕੇਂਦਰ ਤੇ ਰਾਜ ਸਰਕਾਰ ਜਦੋਂ ਕੁਝ ਕਰਨ ਤੋਂ ਕੰਨੀ ਕਤਰਾ ਰਹੀਆਂ ਸਨ ਤਾਂ ਜਾਂਚ ਵਿਚ ਸੁਪਰੀਮ ਕੋਰਟ ਨੂੰ ਦਖਲ ਦੇਣਾ ਪਿਆ। ਮਹਾਰਾਸ਼ਟਰ ਦੀ ਮੰਤਰੀ ਪੰਕਜਾ ਮੁੰਡੇ ਉਤੇ ਇੱਕੋ ਸਾਲ ਵਿਚ ਤਿੰਨ ਸੌ ਕਰੋੜ ਰੁਪਏ ਤੋਂ ਵੱਧ ਦਾ ਭ੍ਰਿਸ਼ਟਾਚਾਰ ਕਰਨ ਦਾ ਦੋਸ਼ ਲੱਗਾ। ਨਰਿੰਦਰ ਮੋਦੀ ਇਨ੍ਹਾਂ ਸਾਰੇ ਮਾਮਲਿਆਂ ਵਿਚ ਚੁੱਪ ਕੀਤੇ ਰਹੇ, ਕਿਉਂਕਿ ਇਹ ਘੋਟਾਲੇ ਪਰਦੇ ਪਿੱਛੇ ਨਹੀਂ ਸੀ ਹੋਏ, ਅੱਖਾਂ ਸਾਹਮਣੇ ਹੋਏ ਸਨ।
ਦੇਸ਼ ਵਿਚ ਭਾਈਚਾਰਕ ਸਾਂਝਾਂ ਵਿਚ ਤਰੇੜਾਂ ਤਾਂ ਕਾਂਗਰਸ ਦੀਆਂ ਨਹਿਰੂ ਦੇ ਬਾਅਦ ਦੀਆਂ ਸਰਕਾਰਾਂ ਨੇ ਕਈ ਥਾਂਈਂ ਪਾ ਦਿੱਤੀਆਂ ਸਨ। ਉਨ੍ਹਾਂ ਤਰੇੜਾਂ ਨੂੰ ਖੱਪੇ ਬਣਾਉਣ ਤੱਕ ਨਰਿੰਦਰ ਮੋਦੀ ਦੀ ਸਰਕਾਰ ਦੇ ਮੰਤਰੀ ਲੈ ਗਏ। ਪ੍ਰਧਾਨ ਮੰਤਰੀ ਮੋਦੀ ਨੇ ਮੁਜ਼ੱਫਰਨਗਰ ਤੋਂ ਲੈ ਕੇ ਦਾਦਰੀ ਤੱਕ ਕਦੇ ਚੁੱਪ ਨਹੀਂ ਤੋੜੀ। ਭਾਰਤ ਵਿਚ ਗੰਦਗੀ ਬਹੁਤ ਹੈ, ਇਸ ਨੂੰ ਸਾਫ ਕਰਨਾ ਹੈ, ਪ੍ਰਧਾਨ ਮੰਤਰੀ ਮੋਦੀ ਨੇ ਮੁਹਿੰਮ ਬਹੁਤ ਤੇਜ਼ੀ ਨਾਲ ਚਲਾਈ ਅਤੇ ਸਭ ਤੋਂ ਵੱਧ ਜ਼ੋਰ ‘ਗੰਗਾ ਮਾਈ’ ਦੀ ਸਫਾਈ ਉਤੇ ਦਿੱਤਾ, ਪਰ ਵੀਹ ਹਜ਼ਾਰ ਕਰੋੜ ਰੁਪਏ ਖਰਚ ਕਰਨ ਦੇ ਬਾਅਦ ਵੀ ਗੰਗਾ ਵਿਚ ਗੰਦ ਵਗ ਰਿਹਾ ਹੈ। ਗੰਦ ਪਾਉਣ ਵਾਲਿਆਂ ਨੂੰ ਤਾਂ ਪ੍ਰਧਾਨ ਮੰਤਰੀ ਖੁਦ ਆਸ਼ੀਰਵਾਦ ਦੇਂਦਾ ਹੈ। ਦਿੱਲੀ ਦੇ ਨਾਲ ਖਹਿ ਕੇ ਵਗਦੇ ਜਮਨਾ ਦਰਿਆ ਅੰਦਰ ਪੈਂਦੇ ਗੰਦ ਨੂੰ ਸਾਫ ਕਰਨ ਵਾਲੇ ਹੋਰ ਲੋਕ ਹਨ, ਭਾਜਪਾ ਪੱਖੀ ਸਾਧੂ ਸ੍ਰੀ ਰਵੀ ਸ਼ੰਕਰ ਨੇ ਉਥੇ ਇੱਕ ਸਮਾਗਮ ਰੱਖ ਕੇ ਜਮਨਾ ਦਰਿਆ ਨੂੰ ਹੋਰ ਗੰਦਾ ਕਰਨ ਦਾ ਕੰਮ ਕੀਤਾ। ਪ੍ਰਧਾਨ ਮੰਤਰੀ ਮੋਦੀ ਉਸ ਵਿਵਾਦ ਨਾਲ ਭਰੇ ਸਮਾਗਮ ਵਿਚ ਉਚੇਚਾ ਗਿਆ, ਉਦੋਂ ਜਦੋਂ ਨੈਸ਼ਨਲ ਗਰੀਨ ਟ੍ਰਿਬਿਊਨਲ ਅਤੇ ਸੁਪਰੀਮ ਕੋਰਟ ਉਸ ਸਾਧ ਨੂੰ ਕੋਈ ਛੋਟ ਦੇਣ ਲਈ ਤਿਆਰ ਨਹੀਂ ਸਨ।
ਲੰਮੀ ਹੁੰਦੀ ਕਹਾਣੀ ਕਿਤੇ ਨਾ ਕਿਤੇ ਮੁਕਾਉਣੀ ਪਵੇਗੀ। ਇਸ ਦੀ ਸਮਾਪਤੀ ਮੌਕੇ ਨਰਿੰਦਰ ਮੋਦੀ ਸਰਕਾਰ ਦੇ ਦੋ-ਸਾਲਾ ਰਾਜ ਦੇ ਜਸ਼ਨਾਂ ਵਿਚ ਸ਼ਾਮਲ ਹੋਣ ਦਾ ਅਸੀਂ ਕੋਈ ਬਹਾਨਾ ਲੱਭਣ ਦਾ ਯਤਨ ਕੀਤਾ ਤਾਂ ਉਹ ਸਾਨੂੰ ਨਹੀਂ ਲੱਭ ਸਕਿਆ। ਸਿਰਫ ਇੱਕੋ ਗੱਲ ‘ਖੁਸ਼ੀ ਵਾਲੀ’ ਲੱਭੀ ਤੇ ਉਹ ਗੱਲ ਭਾਜਪਾ ਲੀਡਰਾਂ ਦੀ ਖੁਸ਼ੀ ਲਈ ਹੈ ਕਿ ਉਨ੍ਹਾਂ ਦੇ ਵਿਰੋਧ ਦੀ ਮੁੱਖ ਪਾਰਟੀ ਹੁਣ ਕਾਸੇ ਜੋਗੀ ਨਹੀਂ ਲੱਗਦੀ। ਇਹ ਉਨ੍ਹਾਂ ਲਈ ਖੁਸ਼ੀ ਦੀ ਗੱਲ ਹੋ ਸਕਦੀ ਹੈ, ਦੇਸ਼ ਲਈ ਨਹੀਂ। ਮਹਾਵਤ ਜਦੋਂ ਹਾਥੀ ਦੀ ਧੌਣ ਉਤੇ ਬੈਠਦਾ ਹੈ, ਉਸ ਕੋਲ ਇੱਕ ਲੋਹੇ ਦਾ ਤ੍ਰਿਸ਼ੂਲ ਜਿਹਾ ਹੁੰਦਾ ਹੈ, ਮੁਕੰਮਲ ਤ੍ਰਿਸ਼ੂਲ ਨਹੀਂ ਹੁੰਦਾ। ਉਸ ਲੋਹੇ ਦੇ ਤ੍ਰਿਸ਼ੂਲ ਨੂੰ ‘ਅੰਕੁਸ਼’ ਕਹਿੰਦੇ ਹਨ। ਜਦੋਂ ਮਹਾਵਤ ਦੇ ਹੱਥ ਅੰਕੁਸ਼ ਹੋਵੇ ਤਾਂ ਹਾਥੀ ਕਾਬੂ ਤੋਂ ਬਾਹਰ ਨਹੀਂ ਜਾਂਦਾ। ਅੰਕੁਸ਼ ਨਾ ਹੋਵੇ ਤਾਂ ਹਾਥੀ ਮਹਾਵਤ ਨੂੰ ਵੀ ਸੁੱਟ ਦਿੰਂਦਾ ਹੈ। ਰਾਜਸੀ ਖੇਤਰ ਵਿਚ ਕਈ ਰਾਜਿਆਂ ਲਈ ‘ਨਿਰੰਕੁਸ਼’ ਲਫਜ਼ ਦੀ ਵਰਤੋਂ ਹੁੰਦੀ ਹੈ, ਜਿਸ ਦਾ ਭਾਵ ਹੈ ਕਿ ਇਸ ਦੇ ਸਿਰ ‘ਤੇ ਕੋਈ ‘ਅੰਕੁਸ਼’ ਨਾ ਹੋਣ ਕਰ ਕੇ ਇਹ ਮਨ-ਮਰਜ਼ੀ ਦਾ ਖੌਰੂ ਪਾਉਂਦਾ ਹੈ। ਵਿਰੋਧੀ ਧਿਰ ਦੇ ਮੂਲੋਂ ਹੀ ਅਣਹੋਈ ਜਿਹੀ ਹੋ ਜਾਣ ਨਾਲ ਨਰਿੰਦਰ ਮੋਦੀ ਸਰਕਾਰ ਵੀ ਅੱਜ-ਕੱਲ੍ਹ ‘ਨਿਰੰਕੁਸ਼’ ਹੋਣ ਦਾ ਪ੍ਰਭਾਵ ਦੇ ਰਹੀ ਹੈ।
ਜੇ ‘ਖੁਸ਼ੀ’ ਦੀ ਗੱਲ ਏਨੀ ਹੈ ਕਿ ਸਰਕਾਰ ਦੇ ਸਿਰ ਉਤੇ ਹੁਣ ਕੋਈ ‘ਅੰਕੁਸ਼’ ਨਹੀਂ ਹੈ ਤਾਂ ਮੋਦੀ ਸਰਕਾਰ ਵਧਾਈ ਦੀ ਪਾਤਰ ਹੈ, ਇਸ ਦੀ ‘ਵਧਾਈ’ ਦਿੱਤੀ ਜਾ ਸਕਦੀ ਹੈ ਨਰਿੰਦਰ ਭਾਈ ਦਮੋਦਰ ਭਾਈ ਮੋਦੀ ਨੂੰ।