ਡਾæ ਬਲਕਾਰ ਸਿੰਘ
ਫੋਨ: 91-93163-01328
ਕੁਝ ਦਿਨ ਪਹਿਲਾਂ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ‘ਤੇ ਹੋਏ ਕਾਤਲਾਨਾ ਹਮਲੇ ਨੇ ਧਰਮ ਅਤੇ ਸਿਆਸਤ ਦੀਆਂ ਬਹੁਤ ਸਾਰੀਆਂ ਪਰਤਾਂ ਨੂੰ ਸਾਹਮਣੇ ਲੈ ਆਂਦਾ ਹੈ। ਇਸ ਨਾਲ ਜਿਸ ਤਰ੍ਹਾਂ ਦੇ ਮੀਡੀਆ ਪ੍ਰਭਾਵ ਸਾਹਮਣੇ ਆ ਰਹੇ ਹਨ, ਉਨ੍ਹਾਂ ਨਾਲ ਕੁਝ ਅਜਿਹੀਆਂ ਪਰਤਾਂ ਵੀ ਜੁੜ ਗਈਆਂ ਹਨ, ਜਿਹੜੀਆਂ ਇਸ ਮਾਮਲੇ ਨੂੰ ਹੋਰ ਉਲਝਾਉਣ ਵਿਚ ਹਿੱਸਾ ਪਾ ਸਕਦੀਆਂ ਹਨ। ਮਿਸਾਲ ਦੇ ਤੌਰ ‘ਤੇ ਇਕ ਮੀਡੀਆ ਚੈਨਲ ‘ਤੇ “ਸੰਤ ਢੱਡਰੀਆਂ ਵਾਲੇ ਤੇ ਖਾਲਿਸਤਾਨੀ ਗੋਲੀ” ਸਿਰਲੇਖ ਦੇ ਕੇ ਬਹਿਸ ਕਰਵਾਈ ਜਾ ਰਹੀ ਸੀ।
ਮੈਨੂੰ ਲੱਗਿਆ ਕਿ ਭਾਈਚਾਰਕ ਮਸਲੇ ਨੂੰ ਸਿਆਸੀ ਹਥਿਆਰ ਵਜੋਂ ਵਰਤੇ ਜਾ ਸਕਣ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਕਿਉਂਕਿ ਪੰਜਾਬ ਵਿਚ ਇਹੋ ਜਿਹਾ ਕੋਈ ਮਸਲਾ ਨਹੀਂ ਹੈ। ਹੁਣ ਤਾਂ ਖਾਲਿਸਤਾਨੀ ਕਹਾਉਣ ਵਾਲੇ ਵੀ ਵਿਧਾਨਕ ਸਿਆਸਤ ਕਰਨ ਵਾਲੇ ਪਾਸੇ ਤੁਰੇ ਹੋਏ ਹਨ। ਜੇ ਇਸ ਨੂੰ ਗੈਂਗਵਾਦ ਦੀਆਂ ਲੜਾਈਆਂ ਦੀ ਨਿਰੰਤਰਤਾ ਵਿਚ ਵੇਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਹੋਰ ਵੀ ਮਾੜੀ ਗੱਲ ਹੈ ਕਿਉਂਕਿ ਸਿੱਖੀ ਵਿਚ ਗੈਂਗ ਹੋ ਜਾਣ ਦੀ ਅਗਿਆ ਨਹੀਂ ਹੈ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਵਿਚ ਧਾਰਮਿਕ ਵਿਸ਼ਵਾਸ਼ ਨੂੰ ਲੈ ਕੇ ਸਿਆਸੀ ਪੈਂਤੜੇਬਾਜ਼ੀਆਂ ਬੜੀ ਦੇਰ ਤੋਂ ਚੱਲਦੀਆਂ ਆ ਰਹੀਆਂ ਹਨ। ਇਹ ਵੀ ਠੀਕ ਹੈ ਕਿ ਧਰਮ ਵਾਲਿਆਂ ਅਤੇ ਸਿਆਸਤ ਵਾਲਿਆਂ ਨੂੰ ਆਪਣੀ ਆਪਣੀ ਨੈਤਿਕਤਾ ਮੁਤਾਬਿਕ ਆਪੋ-ਆਪਣੇ ਖੇਤਰਾਂ ਵਿਚ ਵਿਚਰਨ ਲਈ ਕਹਿਣ ਦਾ ਹੌਂਸਲਾ ਅਤੇ ਸਪਸ਼ਟਤਾ ਨਾ ਧਰਮੀਆਂ ਵਿਚ ਹੈ ਅਤੇ ਨਾ ਹੀ ਸਿਆਸੀਆਂ ਵਿਚ। ਇਸ ਕਿਸਮ ਦੇ ਪੈਂਤੜਿਆਂ ਨਾਲ ਧਰਮੀ ਅਤੇ ਸਿਆਸਤਦਾਨ ਇਕ ਦੂਜੇ ਨੂੰ ਫੇਲ੍ਹ ਕਰਨ ਵਾਲੇ ਰਾਹ ਬਹੁਤ ਦੇਰ ਤੋਂ ਪਏ ਹੋਏ ਹਨ। ਕਾਰਨ ਇਹ ਹੈ ਕਿ ਦੋਵੇਂ ਧਿਰਾਂ (ਧਰਮੀ ਅਤੇ ਸਿਆਸਤਦਾਨ) ਇਕ ਦੂਜੇ ਨੂੰ ਵਰਤਣ ਦੇ ਲਾਲਚ ਵਿਚ ਇਕ ਦੂਜੇ ਤੋਂ ਵਰਤੇ ਜਾਣ ਵਾਲੇ ਰਾਹ ਪਈਆਂ ਹੋਈਆਂ ਹਨ। ਵਰਤਮਾਨ ਦੀ ਇਸ ਹੋਣੀ ਨਾਲ ਜੋੜ ਕੇ 17 ਮਈ ਦੀ ਘਟਨਾ ਨੂੰ ਕਦਮ ਰੋਕ ਕੇ ਵਿਚਾਰਨ ਦੀ ਕੋਸ਼ਿਸ਼ ਕਰਾਂਗੇ ਤਾਂ ਸ਼ਾਹ ਮੁਹੰਮਦ ਦੇ ਇਹ ਬੋਲ, “ਧਾੜ ਬੁਰਛਿਆਂ ਦੀ ਸਾਡੇ ਪੇਸ਼ ਆਈ ਕੋਈ ਅਕਲ ਦਾ ਕਰੋ ਇਲਾਜ ਯਾਰੋ”, ਦਰਪੇਸ਼ ਹੋਣੀ ਨੂੰ ਸਮਝਣ ਵਾਸਤੇ ਸਹਾਇਤਾ ਕਰਦੇ ਨਜ਼ਰ ਆ ਜਾਣਗੇ।
ਗੁਰੂ-ਮਿਹਰ ਦੀ ਲੀਲ੍ਹਾ ਵਿਚ ਰੱਖ ਕੇ ਜਦੋਂ ਵੀ ਮੈਂ ਸੰਤ ਢੱਡਰੀਆਂ ਵਾਲੇ ਬਾਰੇ ਸੋਚਦਾ ਹਾਂ ਤਾਂ ਬਹੁਤ ਸਾਰੇ ਸੰਤੁਸ਼ਟੀ-ਸਰੋਕਾਰ ਮੇਰੇ ਸਾਹਮਣੇ ਨ੍ਰਿਤ ਕਰਨ ਲੱਗ ਪੈਂਦੇ ਹਨ। ਇਹੋ ਜਿਹੀ ਸਥਿਤੀ ਵਿਚ ਮੇਰੀ “ਬਾਬਾ ਜੀ” ਨਾਲ ਹਮਦਰਦੀ ਏਨੀ ਵਧੀ ਕਿ ਮੈਂ ਸੰਤਾਂ ਨੂੰ ਮਿਲਣ ਵਾਸਤੇ ਗੁਰਦੁਆਰਾ ਪਰਮੇਸ਼ਰ-ਦੁਆਰ ਵਲ ਭੱਜ ਪਿਆ। ਗੁਰਦੁਆਰੇ ਵਿਚ ਪਰਵੇਸ਼ ਕਰਦਿਆਂ ਹੀ ਮੈਨੂੰ ਮਹਿਸੂਸ ਹੋ ਗਿਆ ਕਿ ਉਥੇ ਕੁਝ ਵੀ ਅਜਿਹਾ ਨਹੀਂ ਹੈ, ਜਿਹੋ ਜਿਹੇ ਦੇ ਰੋਹੜ ਵਿਚ ਮੈਂ ਭੱਜ ਪਿਆ ਸੀ। ਦੀਦਾਰੀ ਕੱਕਾਰਧਾਰੀ ਸਿੰਘਾਂ ਦਾ ਇਕ ਜਥਾ ਮੱਥਾ ਟੇਕ ਕੇ ਪੌੜੀਆਂ ਉਤਰ ਰਿਹਾ ਸੀ। ਮੈਨੂੰ ਲੱਗਾ ਕਿ ਹਰ ਗੁਰਸਿੱਖ ਆਪਣੇ ਗੁਰਭਾਈ ਨੂੰ ਸ਼ੱਕ ਦੀਆਂ ਨਿਗਾਹਾਂ ਨਾਲ ਵੇਖ ਰਿਹਾ ਹੈ ਅਤੇ ਮੈਨੂੰ ਇਹ ਵੀ ਲੱਗਾ ਕਿ ਸਤਿਗੁਰੂ ਜੀ ਨੇ ਇਹ ਕੀ ਭਾਣਾ ਵਰਤਾ ਦਿੱਤਾ ਹੈ? ਏਨੇ ਨੂੰ ਮੈਂ ਇਕ ਅੱਲ੍ਹੜ ਉਮਰ ਦੇ ਸੇਵਾਦਾਰ ਕੋਲ ਪਹੁੰਚ ਗਿਆ ਅਤੇ ਦੱਸਿਆ ਕਿ ਮੈਂ “ਬਾਬਾ ਜੀ” ਨੂੰ ਮਿਲਣਾ ਚਾਹੁੰਦਾ ਹਾਂ। ਦਰਸ਼ਨ ਕਰਨ ਵਾਲਿਆਂ ਨੇ ਮਿਲਣ ਵਾਲੇ ਦੀ ਉਮਰ ਦਾ ਕੋਈ ਲਿਹਾਜ ਕੀਤੇ ਬਿਨਾ ਮੈਨੂੰ ਬਿਨਾ ਬੋਲੇ ਅਹਿਸਾਸ ਕਰਵਾ ਦਿੱਤਾ ਸੀ ਕਿ ਉਡੀਕਦੇ ਰਹੋਗੇ ਤਾਂ ਹੋ ਸਕਦਾ ਹੈ ਦਰਸ਼ਨ ਹੋ ਜਾਣ। ਏਨੇ ਨੂੰ ਇਕ ਆਵਾਜ਼ ਆਈ ਕਿ ਪ੍ਰੋਫੈਸਰ ਸਾਹਿਬ ਆ ਜਾਉ! ਹੋਰ ਜਥੇਬੰਦੀਆਂ ਵੀ ਮਿਲਣ ਵਾਸਤੇ ਆ ਰਹੀਆਂ ਹਨ। ਮੇਰਾ ਮਿਲਣ ਦਾ ਸਬਰ ਦਗ਼ਾ ਦੇ ਚੁੱਕਾ ਸੀ ਅਤੇ ਬਿਨਾ ਸੋਚੇ ਮੈਂ ਆਪਣਾ ਪਛਾਣ-ਕਾਰਡ ਸੇਵਾਦਾਰ ਨੂੰ ਸੌਂਪਦਿਆਂ ਕਿਹਾ ਕਿ “ਬਾਬਾ ਜੀ” ਨੂੰ ਦੇ ਦੇਣਾ ਅਤੇ ਮੇਰੇ ਵਲੋਂ ਬੇਨਤੀ ਕਰਨਾ ਕਿ ਮਿਲਣ ਦਾ ਸਮਾਂ ਦੇ ਸਕਣ ਤਾਂ ਧੰਨਵਾਦੀ ਹੋਵਾਂਗਾ। ਛੇਤੀ ਹੀ ਮੈਨੂੰ ਅਹਿਸਾਸ ਹੋ ਗਿਆ ਕਿ ਵਾਪਸ ਭੱਜਣ ਦਾ ਮੇਰਾ ਫੈਸਲਾ ਵੀ ਓਹੋ ਜਿਹਾ ਸੀ, ਜਿਹੋ ਜਿਹਾ ਮਿਲਣ ਵਾਸਤੇ ਭੱਜਣ ਦਾ ਸੀ।
ਮੇਰੇ ਸਾਹਮਣੇ ਸੁਆਲ ਇਹ ਹੈ ਕਿ 17 ਮਈ ਵਾਲਾ ਵਰਤਾਰਾ ਦੋ ਧੜਿਆਂ ਵਿਚਕਾਰ ਵਾਪਰੀ ਘਟਨਾ ਹੈ ਕਿ ਦੋ ਸ਼ਰੀਕਾਂ ਵਿਚਕਾਰ ਹੋਏ ਝਗੜੇ ਦਾ ਨਤੀਜਾ? ਸਿੱਖੀ ਧੜਿਆਂ ਵਿਚ ਖਲੋ ਕੇ ਸੋਚਣ ਦੀ ਆਗਿਆ ਨਹੀਂ ਦਿੰਦੀ ਕਿਉਂਕਿ ਸਿੱਖ, ਧੜਾ-ਮਾਨਸਿਕਤਾ ਤੋਂ ਉਪਰ ਉਠ ਕੇ ਹੀ ਗੁਰੂਕਿਆਂ ਵਿਚ ਸ਼ਾਮਲ ਹੋ ਸਕਦਾ ਹੈ। ਸਿੱਖ ਪਰੰਪਰਾ ਨੇ ਇਸ ਨੂੰ “ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ (ਦੇਵਾਂ) ਅਤੇ ਵਾਸੀ ਅਨੰਦਪੁਰ ਸਾਹਿਬ” ਵਜੋਂ ਸੰਭਾਲਿਆ ਹੋਇਆ ਹੈ। ਇਸ ਤੋਂ ਪਹਿਲਾਂ ਗੁਰਗੱਦੀ ਨੂੰ ਲੈ ਕੇ ਗੁਰੂਕਿਆਂ ਵਿਚ ਉਠੇ ਆਪਸੀ ਵਿਰੋਧ ਨੂੰ ਗੁਰੂ ਸਾਹਿਬਾਂ ਦੀ ਅਗਵਾਈ ਵਿਚ ਸੰਗਤੀ ਸੁਰ ਮੁਤਾਬਿਕ ਸੁਲਝਾਇਆ ਜਾਂਦਾ ਰਿਹਾ ਸੀ। 1925 ਦੇ ਐਕਟ ਤੋਂ ਬਾਅਦ ਸਭ ਕੁਝ ਉਲਟ-ਪੁਲਟ ਹੋ ਗਿਆ ਸੀ ਅਤੇ ਵਰਤਮਾਨ ਵਿਚ ਤਾਂ ਸਭ ਕੁਝ ਸਿੱਖ ਸਿਆਸਤ ਮੁਤਾਬਿਕ ਹੀ ਹੋਣ ਲੱਗ ਪਿਆ ਹੈ। ਇਸ ਘਟਨਾ ਦੀਆਂ ਜੜ੍ਹਾਂ ਤਾਂ ਏਜੰਡਾ-ਵਿਹੂਣ ਸਿੱਖ ਪ੍ਰਚਾਰ ਵਿਚ ਹਨ। ਇਸ ਨਾਲ ਸਾਹਮਣੇ ਆ ਗਿਆ ਹੈ, ਬਾਣਾ-ਪ੍ਰਚਾਰ, ਪਛਾਣ-ਪ੍ਰਚਾਰ, ਬਾਣੀ-ਪ੍ਰਚਾਰ ਅਤੇ ਸਮਾਜ ਸੁਧਾਰਕ ਪ੍ਰਚਾਰ ਆਦਿ। ਇਸ ਨਾਲ ਪੈਦਾ ਹੋ ਰਹੇ ਹਨ ਰਾਇ ਦੇ ਵਿਰੋਧ ਅਤੇ ਰਾਇ ਦੇ ਵਿਰੋਧ ਦੀ ਸਿਆਸਤ ਸਿੱਖਾਂ ਦੇ ਗਲ ਪੈ ਗਈ ਹੈ। ਰਾਇ ਦੇ ਵਿਰੋਧ ਨੂੰ ਟਕਸਾਲ ਦੀ ਵਿਧਾ ਰਾਹੀਂ ਸੁਲਝਾਉਣ ਦਾ ਰਾਹ, ਸਿੱਖ ਧਰਮ ਵਿਚ ਖੁਲ੍ਹਾ ਰੱਖਿਆ ਹੋਇਆ ਹੈ। ਦੇਸ਼ ਦੇ ਕਾਨੂੰਨ ਮੁਤਾਬਕ ਕਿਸੇ ਵੀ ਤਰ੍ਹਾਂ ਦੀ ਸੰਸਥਾ ਦੇ ਨਾਮ ਨੂੰ ਰਜਿਸਟਰਡ ਕਰਾਇਆ ਜਾ ਸਕਦਾ ਹੈ। ਇਸ ਨਾਲ ਦਮਦਮੀ ਟਕਸਲ ਨੇ ਬਿਨਾ ਰਜਿਸਟਰਡ ਕਰਵਾਏ ਸੰਭਾਵਤ ਸਿੱਖ ਟਕਸਾਲਾਂ ਦੀਆਂ ਸੰਭਾਵਨਾਵਾਂ ਦਾ ਰਾਹ ਰੋਕ ਲਿਆ ਹੈ। ਮੇਰੇ ਨਜ਼ਦੀਕ ਹਰ ਸੰਤ ਪਰੰਪਰਾ, ਟਕਸਾਲ ਹੈ ਅਤੇ ਇਸ ਨਾਲ ਰਾਇ ਦੇ ਵਿਰੋਧ ਨੂੰ ਦੁਸ਼ਮਣੀ ਹੋ ਜਾਣ ਤੋਂ ਰੋਕਿਆ ਜਾ ਸਕਦਾ ਹੈ। ਟਕਸਾਲ ਦੀਆਂ ਵਿਭਿੰਨ ਉਸਾਰੀਆਂ ਦਾ ਰਾਹ ਵੀ ਅਸੀਂ ਆਪ ਹੀ ਰੋਕਿਆ ਹੈ ਕਿਉਂਕਿ ਟਕਸਾਲਾਂ ਦੀ ਸੰਭਾਵਨਾ ਡੇਰਿਆਂ ਵਿਚ ਤਬਦੀਲ ਹੋਣੀ ਸ਼ੁਰੂ ਹੋ ਗਈ ਹੈ। ਕੋਈ ਵੀ ਸਿੱਖ ਡੇਰੇਦਾਰ ਟਕਸਾਲ ਹੋਣਾ ਹੀ ਨਹੀਂ ਚਾਹੁੰਦਾ। ਸੰਤ ਢੱਡਰੀਆਂ ਵਾਲੇ ਅਤੇ ਸੰਤ ਹਰਨਾਮ ਸਿੰਘ ਧੁੰਮਾ ਵਿਚਕਾਰ ਤਕਰਾਰ ਇਥੋਂ ਹੀ ਸ਼ੁਰੂ ਹੋਇਆ ਸੀ ਅਤੇ ਪਹੁੰਚ ਗਿਆ ਹੈ, ਮਰਨ ਮਾਰਨ ‘ਤੇ। ਜਿਸ ਤਰ੍ਹਾਂ ਹਰ ਕਿਸਮ ਦੀ ਪੰਜਾਬੀ ਸਿਆਸਤ ਨੇ ਇਸ ਨੂੰ ਵਰਤਣਾ ਸ਼ੁਰੂ ਕਰ ਦਿੱਤਾ ਹੈ, ਉਸ ਨਾਲ ਮਾਮਲਾ ਕਾਨੂੰਨੀ ਤੌਰ ‘ਤੇ ਸੁਲਝਣ ਵਾਲੇ ਰਾਹ ਪਾ ਵੀ ਲਿਆ ਜਾਵੇ ਤਾਂ ਵੀ ਉਲਝਦਾ ਹੀ ਨਜ਼ਰ ਆ ਰਿਹਾ ਹੈ। ਉਲਝਣ ਦਾ ਕਾਰਨ ਇਹ ਹੈ ਕਿ ਸਿੱਖਾਂ ਦੇ ਧਾਰਮਿਕ ਮਸਲਿਆਂ ਨੂੰ ਦੇਸ਼ ਦੇ ਕਾਨੂੰਨ ਮੁਤਾਬਕ ਸੁਲਝਾਇਆ ਹੀ ਨਹੀਂ ਜਾ ਸਕਦਾ। ਵਾਪਰੀ ਹੋਈ ਘਟਨਾ ਨੂੰ ਧਾਰਮਿਕ ਮਸਲਾ ਬਿਲਕੁਲ ਨਹੀਂ ਸਮਝਣਾ ਚਾਹੀਦਾ ਕਿਉਂਕਿ ਇਹ ਘਟਨਾ ਕਾਤਲਾਨਾ ਹਮਲੇ ਦੀ ਹੈ ਅਤੇ ਕਾਨੂੰਨ ਦਾ ਮਸਲਾ ਹੈ। ਪਰ ਇਸ ਕਾਨੂੰਨੀ ਮਸਲੇ ਨੂੰ ਜੇ ਦੋ ਧਾਰਮਿਕ ਅਦਾਰਿਆਂ ਦੇ ਮੁਖੀਆਂ ਦੇ ਝਗੜੇ ਵਜੋਂ ਲਿਆ ਜਾਵੇਗਾ ਤਾਂ ਕਾਨੂੰਨ ਦੇ ਰਾਹ ਵਿਚ ਵੀ ਰੁਕਾਵਟਾਂ ਖੜੀਆਂ ਹੋ ਜਾਣਗੀਆਂ। ਪੰਜਾਬ ਦੇ ਸਿਆਸਤਦਾਨ ਜਿਸ ਤਰ੍ਹਾਂ ਵਹੀਰ ਘੱਤ ਕੇ ਗੁਰਦੁਆਰਾ ਪਰਮੇਸ਼ਰ ਦੁਆਰ ਵੱਲ ਭੱਜੇ ਜਾ ਰਹੇ ਹਨ, ਉਸ ਸਪੀਡ ਨਾਲ ਉਨ੍ਹਾਂ ਨੂੰ ਸਰਕਾਰ ਵੱਲ ਭੱਜਣਾ ਚਾਹੀਦਾ ਹੈ। ਸਿੱਖ ਜਥੇਬੰਦੀਆਂ ਨੂੰ ਵੀ ਧਿਰ ਹੋ ਕੇ ਮਸਲੇ ਦੀ ਸਿਆਸਤ ਕਰਨ ਤੋਂ ਗੁਰੇਜ਼ ਕਰਕੇ ਇਸ ਮਸਲੇ ਨੂੰ ਰਣਭੂਮੀ ਦਾ ਮਸਲਾ ਨਹੀਂ ਬਣਨ ਦੇਣਾ ਚਾਹੀਦਾ।
ਸਿੱਖ ਭਾਈਚਾਰੇ ਦੇ ਬਹੁਤੇ ਮਸਲੇ ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਰਦ-ਗਿਰਦ ਘੁੰਮ ਰਹੇ ਹਨ। ਇਸੇ ਵਿਚੋਂ Ḕਸਰਕਾਰੀ ਸੰਤḔ ਦੀ ਟਿੱਪਣੀ ਨਿਕਲੀ ਸੀ। ਇਹ ਸਾਰਿਆਂ ਨੂੰ ਪਤਾ ਹੈ ਕਿ ਸੰਤ ਸਮਾਜ ਨੂੰ ਅਕਾਲੀਆਂ ਦੇ ਹੱਕ ਵਿਚ ਭੁਗਤਾਉਣ ਦੀ ਭੂਮਿਕਾ ਸੰਤ ਹਰਨਾਮ ਸਿੰਘ ਧੁੰਮਾ ਦੀ ਅਗਵਾਈ ਵਿਚ ਹੀ ਨਿਭਾਈ ਗਈ ਸੀ। ਇਸ ਨਾਲ ਸ਼੍ਰੋਮਣੀ ਕਮੇਟੀ ਵਿਚ ਸੰਤ ਧੁੰਮਾ ਦਾ ਦਖਲ ਵੀ ਵਧ ਗਿਆ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਉਠੇ ਸਿੱਖ ਰੋਹ ਦੀ ਨੁਮਾਇੰਦਗੀ ਜਿਸ ਤਰ੍ਹਾਂ ਸੰਤ ਢੱਡਰੀਆਂ ਵਾਲਿਆਂ ਨੇ ਕੀਤੀ ਸੀ, ਉਸ ਨਾਲ ਸੰਤ ਸਮਾਜ ਵੀ ਵੰਡਿਆ ਗਿਆ ਸੀ। ਸੰਤ ਧੁੰਮਾ ਸੰਤ ਸਮਾਜ ਦਾ ਪ੍ਰਧਾਨ ਹੁੰਦਿਆਂ ਵੀ ਇਕੱਲੇ ਰਹਿ ਗਏ ਸਨ। ਇਸ ਨਾਲ ਸੰਤ ਸਮਾਜ ਵਿਚ ਚਰਚਾ ਸ਼ੁਰੂ ਹੋ ਗਈ ਸੀ ਕਿ ਸਿੱਖ ਸੰਸਥਾਵਾਂ ਨੂੰ ਸਿੱਖ ਸਿਆਸਤਦਾਨਾਂ ਤੋਂ ਬਚਾਇਆ ਜਾਣਾ ਚਾਹੀਦਾ ਹੈ। ਆਉਣ ਵਾਲੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਇਹ ਮੁੱਦਾ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾ ਹਰ ਰੰਗ ਦੇ ਸਿਆਸਤਦਾਨ ਨੂੰ ਠੀਕ ਬੈਠਦਾ ਹੈ। ਪਰਵਾਸੀ ਸਿੱਖਾਂ ਵਲੋਂ ਵੀ ਇਸ ਦੇ ਸਮਰਥਨ ਵਿਚ ਲਹਿਰ ਪੈਦਾ ਹੋ ਜਾਣ ਦੀਆਂ ਸੰਭਾਵਨਾਵਾਂ ਪੈਦਾ ਹੋ ਰਹੀਆਂ ਹਨ। ਪੰਜਾਬ ਵਿਚੋਂ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਸਿਆਸਤ ਮੁਕਤ ਸ਼੍ਰੋਮਣੀ ਕਮੇਟੀ ਦੇ ਮੁੱਦਈਆਂ ਵਿਚੋਂ ਗਿਣਿਆ ਜਾ ਰਿਹਾ ਹੈ। ਇਸ ਵਾਸਤੇ ਸੰਤ ਢੱਡਰੀਆਂ ਵਾਲੇ ਦਾ ਵਿਰੋਧ ਤਾਂ ਹੋ ਹੀ ਰਿਹਾ ਸੀ, ਪਰ ਜਿਹੋ ਜਿਹੀ ਸ਼ਕਲ ਇਹ ਵਿਰੋਧ ਲੈ ਗਿਆ ਹੈ, ਇਹ ਕਿਸੇ ਦੇ ਵੀ ਹੱਕ ਵਿਚ ਨਹੀਂ ਹੈ। ਸਾਰਿਆਂ ਨੂੰ ਰਲ ਮਿਲ ਕੇ ਸੋਚਣਾ ਚਾਹੀਦਾ ਹੈ ਕਿ ਇਸ ਘਟਨਾ ਨਾਲ ਸੰਤ ਸਮਾਜ ਨੇ ਮੱਕੀ ਵਿਚ ਝੋਟਾ ਤਾਂ ਨਹੀਂ ਵਾੜ ਲਿਆ?
ਸੰਤ ਸਮਾਜ ਦੀ ਤਾਕਤ ਬੇਸ਼ੱਕ ਸਿੱਖ ਸੰਗਤ ਹੈ, ਪਰ ਸੰਸਥਾਵਾਂ ਦੇ ਸੰਤ ਮੁਖੀਆਂ ਦੀ ਸਥਿਤੀ ਸਿੱਖ ਸਿਆਸਤਦਾਨਾਂ ਦੇ ਮੁਕਾਬਲੇ ਉਹੋ ਜਿਹੀ ਰਹਿਣੀ ਹੈ ਜਿਹੋ ਜਿਹੀ ਚੂਚਿਆਂ ਦੀ ਇੱਲ ਦੇ ਸਾਹਮਣੇ ਹੁੰਦੀ ਹੈ। ਇਸੇ ਕਰਕੇ ਸਾਰਿਆਂ ਨੂੰ ਪਤਾ ਹੋਣ ਦੇ ਬਾਵਜੂਦ, ਹਮਲੇ ਦੀ ਜੜ੍ਹ ਨੂੰ ਨਹੀਂ ਫੜਿਆ ਜਾ ਰਿਹਾ ਕਿਉਂਕਿ ਇਸ ਨਾਲ ਇਹ ਸਾਹਮਣੇ ਆ ਜਾਣਾ ਹੈ ਕਿ ਹਮਲਾ ਕਿਉਂ ਹੋਇਆ? ਇਸ ਮਸਲੇ ਦੇ ਹੱਲ ਨਾ ਹੋਣ ਨਾਲ ਤਾਂ ਹਾਲਾਤ ਵਿਗੜ ਸਕਦੇ ਹਨ, ਪਰ ਇਸ ਮਸਲੇ ਦੇ ਕਾਨੂੰਨੀ ਹੱਲ ਕਰ ਲੈਣ ਨਾਲ ਹਾਲਾਤ ਦੇ ਵਿਗੜਨ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ। ਇਸ ਦਾ ਪੰਥਕ ਹੱਲ ਕੱਢ ਸਕਣ ਵਾਸਤੇ ਕੋਈ ਵੀ ਭੂਮਿਕਾ ਨਿਭਾ ਸਕਣ ਦੀ ਕੋਈ ਸੰਭਾਵਨਾ ਨਹੀਂ ਹੈ ਕਿਉਂਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸਾਖ ਨੂੰ ਵੀ ਖੋਰਾ ਲੱਗ ਚੁੱਕਾ ਹੈ। ਜਿਹੋ ਜਿਹੀ ਸਿਆਸਤੀ-ਚੁੱਪ ਨੇ ਜਥੇਦਾਰੀ ਦੀ ਸੰਸਥਾ ਨੂੰ ਅਪ੍ਰਸੰਗਕ ਕਰ ਦਿੱਤਾ ਹੈ, ਉਹੋ ਜਿਹੀ ਸਿਆਸੀ-ਚੁੱਪ ਨਾਲ ਜਿਵੇਂ ਇਕ ਨੂੰ ਸਰਕਾਰੀ ਸੰਤ ਬਣਾ ਕੇ ਅਪ੍ਰਸੰਗਕ ਕਰ ਦਿੱਤਾ ਗਿਆ ਹੈ, ਉਸੇ ਤਰ੍ਹਾਂ ਦੂਜੇ ਉਤੇ ਸਰਕਾਰੀ ਚਾਦਰ ਪਾ ਕੇ ਅਪ੍ਰਸੰਗਕ ਕੀਤਾ ਜਾ ਸਕਦਾ ਹੈ। ਵੈਸੇ ਵੀ ਕੋਰਟ ਕਚਹਿਰੀਆਂ ਵੱਲ ਧੱਕੇ ਹੋਏ ਸੰਤ, ਕਿੰਨੇ ਕੁ ਸੰਤ ਰਹਿ ਸਕਣਗੇ? ਸੰਤਾਂ ਨੂੰ ਪਤਾ ਹੋਣਾ ਚਾਹੀਦੈ ਕਿ ਜਿਵੇਂ ਮਾਇਆ ਬਿਨਾਂ ਦੰਦਾਂ ਤੋਂ ਲੋਹਾ ਖਾ ਜਾਂਦੀ ਹੈ, ਉਵੇਂ ਹੀ ਸਿਆਸਤ ਬਿਨਾਂ ਦੰਦਾਂ ਤੋਂ ਸੰਤਤਾਈ ਨੂੰ ਖਾ ਜਾਏਗੀ। ਸਮੱਸਿਆ ਇਹ ਹੈ ਕਿ ਸੰਤਾਂ ਕੋਲ ਸਟੇਜ ਵੀ ਹੈ ਅਤੇ ਸ੍ਰੋਤੇ ਵੀ ਹਨ। ਇਸ ਹਾਲਤ ਵਿਚ ਚੁੱਪ ਨਾਲ ਪਛਾੜਨ ਵਲੀ ਸਿਆਸਤ ਤੋਂ ਕਿਵੇਂ ਬਚਿਆ ਜਾ ਸਕਦਾ ਹੈ? ਚਾਹੀਦਾ ਤਾਂ ਇਹ ਹੈ ਕਿ ਸੰਤ ਭੂਪਿੰਦਰ ਸਿੰਘ ਦੇ ਭੋਗ ਨੂੰ ਸਿਆਸਤ ਤੋਂ ਬਚਾ ਕੇ ਰੱਖਿਆ ਜਾਵੇ ਅਤੇ ਉਸ ਦਿਨ ਦੋਸ਼ੀ ਨੂੰ ਸੰਤ ਸਮਾਜ ਵਿਚੋਂ ਛੇਕਣ ਦਾ ਫੈਸਲਾ ਲਿਆ ਜਾਵੇ। ਅਕਾਲ ਤਖਤ ਸਾਹਿਬ ਦਾ ਅਪਹਰਣ ਕਰਕੇ ਪੈਦਾ ਕੀਤੀ ਗਈ ਗੈਰ ਹਾਜ਼ਰੀ ਵਿਚ ਸੰਤ ਸਮਾਜ ਨੂੰ ਪੰਥਕ ਭੂਮਿਕਾ ਨਿਭਾਉਣ ਵਾਸਤੇ ਅੱਗੇ ਆਉਣਾ ਚਾਹੀਦਾ ਹੈ।