ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਜਵਾਨੀ ਵੇਲੇ ਇਕ ਵਾਰ ਮੈਂ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਗਿਆ। ਸ਼ਾਮੀ ਰਹਿਰਾਸ ਦੇ ਪਾਠ ਉਪਰੰਤ ਪਰਿਕਰਮਾ ਵਿਚ ਤੁਰਿਆ ਆ ਰਿਹਾ ਸਾਂ ਕਿ ਤੇਜਾ ਸਿੰਘ ਸਮੁੰਦਰੀ ਹਾਲ ਵੱਲ ਸਰੋਵਰ ਦੀ ਬਾਹੀ ਕੰਢੇ ਮੇਰੀ ਨਜ਼ਰ ਭਗਵੇਂ ਕੱਪੜਿਆਂ ਵਾਲੇ ਸਾਧੂ ‘ਤੇ ਪਈ ਜੋ ਬੈਠਾ ਭਾਵੇਂ ਸਰੋਵਰ ਦੀਆਂ ਸੁੱਕੀਆਂ ਪੌੜੀਆਂ ‘ਤੇ ਹੀ ਸੀ, ਪਰ ਉਸ ਦੀਆਂ ਦੋਵੇਂ ਲੱਤਾਂ ਅੱਧੀਆਂ-ਅੱਧੀਆਂ ਜਲ ਵਿਚ ਡੁੱਬੀਆਂ ਹੋਈਆਂ ਸਨ।
ਮੇਰੇ ਦੇਖਦਿਆਂ ਉਸ ਨੇ ਬੈਠੇ-ਬੈਠੇ ਨੇ ਸੁੱਕੇ ਥਾਂ ਰੱਖੇ ਆਪਣੇ ਝੋਲੇ ਦੀ ਫਰੋਲਾ-ਫਰਾਲੀ ਜਿਹੀ ਕਰ ਕੇ, ਕੋਈ ਚੀਜ਼ ਕੱਢ ਕੇ ਆਪਣੀ ਹਥੇਲੀ ‘ਤੇ ਰੱਖ ਲਈ। ਮੈਨੂੰ ਸ਼ੱਕ ਜਿਹੀ ਪਈ, ਤੇ ਮੈਂ ਉਥੇ ਹੀ ਰੁਕ ਗਿਆ। ਉਹ ਮਸਤ ਹੋ ਕੇ ਹਥੇਲੀ ‘ਤੇ ਰੱਖੀ ਚੀਜ਼ ਦੂਜੇ ਹੱਥ ਦੀਆਂ ਉਂਗਲਾਂ ਨਾਲ ਮਲਣ/ਰਗੜਨ ਲੱਗ ਪਿਆ। ਪੰਜਾਬ ਤੋਂ ਬਾਹਰਲੇ ਕਿਸੇ ਸੂਬੇ ਤੋਂ ਜਾਪਦੇ ਗੂੜ੍ਹੀ ਕਾਲੀ ਚਮੜੀ ਵਾਲੇ ਇਸ ਬਾਬੇ ਨੂੰ ਮੈਂ ਕੋਡਾ ਹੋ ਕੇ ਦੇਖਣ ਲੱਗਾ। ਮੇਰੀ ਸ਼ੱਕ ਸਹੀ ਨਿਕਲੀ, ਉਹ ਜ਼ਰਦਾ ਮਲ ਰਿਹਾ ਸੀ। ਇਹ ਹਰਕਤ ਦੇਖ ਕੇ ਮੈਂ ਸੁੰਨ ਹੀ ਰਹਿ ਗਿਆ।
‘ਹੈਂਅ? ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਕੰਢੇ ਤੰਬਾਕੂ ਮਲਿਆ ਜਾ ਰਿਹੈ? ਐਡਾ ਕੁਫ਼ਰ?’
ਮੇਰਾ ਇਕ ਦਮ ਪਾਰਾ ਚੜ੍ਹ ਗਿਆ। ਇਸ ਅਸਥਾਨ ਪ੍ਰਤੀ ਸ਼ਰਧਾ, ਜਵਾਨੀ ਦੇ ਖੂਨ ਨੂੰ ਉਬਾਲੇ ਦੇਣ ਲੱਗੀ। ਮੇਰੇ ਇਕ ਚੜ੍ਹੇ ਇਕ ਉਤਰੇ! ਉਸ ਨੂੰ ਬਾਂਹੋਂ ਫੜ ਕੇ ਬਾਹਰ ਘੜੀਸਣ ਲਈ ਹਾਲੇ ਮੈਂ ਬਾਂਹਾਂ ਹੀ ਚੜ੍ਹਾ ਰਿਹਾ ਸਾਂ ਕਿ ਬਰਛੇ ਵਾਲਾ ਸੇਵਾਦਾਰ ਮੇਰੀ ਨਜ਼ਰ ਪਿਆ ਜੋ ਪਰਿਕਰਮਾ ਵਿਚ ਡਿਊਟੀ ਦੇ ਰਿਹਾ ਸੀ। ਫਟਾ-ਫਟ ਮੈਂ ਉਸ ਸੇਵਾਦਾਰ ਕੋਲ ਜਾ ਜ਼ਰਦਾ ਮਲਦੇ ਸਾਧ ਬਾਰੇ ਦੱਸਿਆ। ਗੱਲ ਸੁਣਦਿਆਂ ਹੀ ਉਹ ਬਰਛਾ ਲੈ ਕੇ ਸਾਧ ਵੱਲ ਕਾਹਲੀ-ਕਾਹਲੀ ਤੁਰ ਪਿਆ। ਮੈਂ ਸੋਚ ਰਿਹਾ ਸਾਂ ਕਿ ਬਰਛੇ ਵਾਲੀ ਕਾਲੀ ਡਾਂਗ ਤਾਂ ਹੁਣ ਸਾਧ ਦੇ ਮੌਰਾਂ ਵਿਚ ਵੱਜੀ ਕਿ ਵੱਜੀ! ਸਾਧ ਨੂੰ ਸਬਕ ਮਿਲੂ ਕਿ ਗੁਰੂ ਘਰ ਦੀ ਹਦੂਦ ਵਿਚ ਤੰਬਾਕੂ ਲਿਜਾਣ ਵਾਲਿਆਂ ਦਾ ਕੀ ਹਸ਼ਰ ਹੁੰਦਾ ਹੈ!
ਪਰ ਮੈਂ ਹੱਕਾ-ਬੱਕਾ ਹੀ ਰਹਿ ਗਿਆ, ਜਦ ਮੈਂ ਦੇਖਿਆ ਕਿ ਸੇਵਾਦਾਰ ਨੇ ਬਰਛਾ ਪਰੇ ਰੱਖ ਕੇ, ਉਸ ਸਾਧ ਨੂੰ ਮੋਢਿਓਂ ਫੜ ਕੇ ਇਉਂ ਉਠਾਇਆ ਜਿਵੇਂ ਵਿਆਹੁੰਦੜ ਮੁੰਡੇ ਨੂੰ ਨਹਾਈ-ਧੁਆਈ ਵੇਲੇ ਉਸ ਦਾ ਮਾਮਾ ਚੁੱਕਦਾ ਹੈ। ਇਹ ਕੌਤਕ ਦੇਖ ਕੇ ਮੈਨੂੰ ਸਾਧ ਨਾਲੋਂ ਵੱਧ ਗੁੱਸਾ ਉਸ ਸੇਵਾਦਾਰ ‘ਤੇ ਆਉਣ ਲੱਗਾ। ਦਿਲ ਵਿਚ ਸ਼੍ਰੋਮਣੀ ਕਮੇਟੀ ਨੂੰ ਬੁਰਾ ਭਲਾ ਕਹਿੰਦਿਆਂ ਮੈਂ ਸੋਚਿਆ ਕਿ ਇਨ੍ਹਾਂ ‘ਗਊਆਂ’ ਨੂੰ ਬਰਛੇ ਕਾਹਨੂੰ ਫੜਾਏ ਨੇ ਭਲਾ? ਇਹ ਤਾਂ ਬੱਜਰ ਗਲਤੀ ਕਰਨ ਵਾਲੇ ਨੂੰ ਵੀ ‘ਪ੍ਰੇਮ’ ਕਰਨ ਡਹੇ ਨੇ। ਮੈਂ ‘ਆਪਣਾ ਜਿਹਾ’ ਮੂੰਹ ਲੈ ਕੇ ਖੜ੍ਹਾ ਦੇਖ ਰਿਹਾ ਸਾਂ ਕਿ ਭਗਵੇਂ ਸਾਧ ਨੂੰ ਪਰਿਕਰਮਾ ਵਿਚ ਲਿਜਾ ਕੇ ਸੇਵਾਦਾਰ ਨਾਲੇ ਉਸ ਦੇ ਕੱਪੜੇ ਪੁਆ ਰਿਹਾ ਸੀ ਤੇ ਨਾਲੇ ਹੱਥਾਂ ਨਾਲ ਇਸ਼ਾਰੇ ਕਰ-ਕਰ ਕੇ ਉਸ ਨੂੰ ਕੁਝ ਸਮਝਾ ਰਿਹਾ ਸੀ।
ਮੇਰੇ ਜੋਸ਼ ਨੇ ਫਿਰ ਉਬਾਲਾ ਖਾਧਾ। ਸੇਵਾਦਾਰ ਕੋਲ ਪਹੁੰਚ, ਉਸ ਦੇ ਬਰਛੇ ਵੱਲ ਇਸ਼ਾਰਾ ਕਰਦਿਆਂ ਮੈਂ ਪੁੱਛਿਆ, “ਭਾਈ ਸਾਹਿਬ, ਜੇ ਸਰੋਵਰ ਵਿਚ ਤੰਬਾਕੂ ਮਲਦਿਆਂ ਉਤੇ ਵੀ ਇਹ ਨਹੀਂ ਚਲਾਉਣਾ, ਫਿਰ ਕਾਹਨੂੰ ਇਹ ਲਿਸ਼ਕਾਉਂਦੇ ਫਿਰਦੇ ਓ, ਸੁੱਟੋ ਪਰੇ?”
“ਭਾਈ ਗੁਰਮੁਖਾ!” ਪੀਲੇ ਚੋਲੇ ਵਾਲਾ ਉਹ ਸੇਵਾਦਾਰ ਮੇਰੇ ਮੋਢੇ ‘ਤੇ ਹੱਥ ਰੱਖ ਕੇ ਹਲੀਮੀ ਨਾਲ ਕਹਿੰਦਾ, “ਤੂੰ ਹਾਲੇ ਨਿਆਣਾ ਈ ਐਂ ਕਾਕਾ, ਸਾਡਾ ਗੁਰੂ ਬਖ਼ਸ਼ਿੰਦ ਤੇ ਮਿੱਠ ਬੋਲੜਾ ਐ! ਇਹ ਸਾਧੂ ਵਿਚਾਰਾ ਪੰਜਾਬੀ ਤਾਂ ਕਿਤੇ ਰਹੀ, ਹਿੰਦੀ ਵੀ ਟੁੱਟੀ-ਭੱਜੀ ਜਿਹੀ ਬੋਲਦੈ। ਘੁੰਮਦਾ-ਘੁਮਾਉਂਦਾ ਪਤਾ ਨਹੀਂ ਕਿਥੋਂ, ਹਰਿਮੰਦਰ ਸਾਹਿਬ ਦੀ ਸੋਭਾ ਸੁਣ ਕੇ ਇਥੇ ਆਇਆ ਹੈ। ਇਹਨੂੰ ਇਥੋਂ ਦੀ ਰਹੁ-ਰੀਤ ਬਾਰੇ ਕੋਈ ਜਾਣਕਾਰੀ ਨਹੀਂ। ਇਸ ਅਣਜਾਣ ਪਰਦੇਸੀ ਨਾਲ ਜੇ ਮੈਂ ਧੌਲ-ਧੱਫਾ ਕਰ ਲੈਂਦਾ, ਤਾਂ ਪਤਾ ਨਹੀਂ ਇਸ ਨੇ ਕਿਥੇ-ਕਿਥੇ ਜਾ ਕੇ ਸਾਡਾ ਕੁਰੱਖਤਪੁਣਾ ਦੱਸਣਾ ਸੀ। ਮੈਂ ਉਸ ਨੂੰ ਗੁਰੂ ਦਰਬਾਰ ਦੀ ਥੋੜ੍ਹੀ ਬਹੁਤ ਮਰਿਆਦਾ ਸਮਝਾ ਦਿੱਤੀ ਹੈ ਸਿੰਘਾ!”
ਇੰਨੀਆਂ ਕੁ ਗੱਲਾਂ ਕਰ ਕੇ ਸੇਵਾਦਾਰ ਪਰਿਕਰਮਾ ਵਿਚ ਘੁੰਮਣ ਲੱਗ ਪਿਆ, ਪਰ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਉਸ ਦਾ ਇਹ ‘ਉਪਦੇਸ਼’ ਉਦੋਂ ਮੇਰੇ ਸਿਰ ਵਿਚ ਨਹੀਂ ਸੀ ਵੜਿਆ। ਮੈਂ ਤਾਂ ਸਾਧ ਦੀ ਭੁਗਤ ਸਵਾਰ ਹੁੰਦੀ ਦੇਖ ਕੇ ਹੀ ਖੁਸ਼ ਹੋਣਾ ਸੀ।
ਇਸੇ ਮੁਕੱਦਸ ਅਸਥਾਨ ਨਾਲ ਸਬੰਧਤ ਇਕ ਹੋਰ ਘਟਨਾ ਸੁਣੋ ਜੋ ਮੈਂ ਕਿਸੇ ਪੁਰਾਣੀ ਕਿਤਾਬ ਵਿਚੋਂ ਪੜ੍ਹੀ ਹੋਈ ਹੈ ਅਤੇ ਹੈ ਇਹ ਉਪਰਲੀ ਅੱਖੀਂ ਦੇਖੀ ਵਾਰਤਾ ਤੋਂ ਉਲਟ। ਇਹ ਉਨ੍ਹਾਂ ਦਿਨਾਂ ਦੀ ਗੱਲ ਹੈ, ਜਦੋਂ ਪੰਜਾਬ ‘ਤੇ ਅੰਗਰੇਜ਼ਾਂ ਨੇ ਨਵਾਂ-ਨਵਾਂ ਕਬਜ਼ਾ ਕੀਤਾ ਸੀ। ਕਹਿੰਦੇ ਨੇ, ਕੋਈ ਅੰਗਰੇਜ਼ ਚਿੱਤਰਕਾਰ ਦਰਬਾਰ ਸਾਹਿਬ ਦੀ ਅਲੌਕਿਕ ਸੁੰਦਰਤਾ ਤੋਂ ਗਦ-ਗਦ ਹੁੰਦਿਆਂ ਇਸ ਦਾ ਚਿੱਤਰ ਬਣਾਉਣ ਲੱਗਾ। ਘੰਟਾ ਘਰ ਵੱਲ ਦੀ ਇਮਾਰਤ ਉਪਰ ਬੈਠ ਕੇ ਉਹ ਡਰਾਇੰਗ ਬੋਰਡ ‘ਤੇ ਚਿੱਤਰ ਬਣਾਉਣ ਵਿਚ ਮਗਨ ਹੋ ਗਿਆ।
ਹਾਲੇ ਉਹ ਸਰੋਵਰ ਦਾ ਨੀਲਾ ਜਲ ਦਿਖਾਉਣ ਲਈ ਖਾਕੇ ਵਿਚ ਰੰਗ ਭਰਦਿਆਂ, ਚੌੜੇ ਦਾਅ ਨੂੰ ਕਾਹਲੀ-ਕਾਹਲੀ ਬੁਰਸ਼ ਮਾਰ ਰਿਹਾ ਸੀ ਕਿ ਉਸ ਦੀ ਫੁਰਤੀ ਨਾਲ ਇੱਧਰ-ਉਧਰ ਵੱਜਦੀ ਕੂਹਣੀ ਦੇਖ ਕੇ ਪਿਛਿਓਂ ਕਿਸੇ ਨਿਹੰਗ ਸਿੰਘ ਨੇ ਉਹਦੇ ਮੋਢੇ ‘ਤੇ ਸੋਟਾ ਜੜ ਦਿੱਤਾ। ਅੰਗਰੇਜ਼ ਵਿਚਾਰਾ ਦਰਦ ਨਾਲ ਤੜਫਣ ਲੱਗਾ, ਪਰ ਸਿੰਘ ਜੀ ਉਹਦੇ ਮੂਹਰੇ ਪਏ ਰੰਗ ਪੈਨਸਲਾਂ ਦੇਖ ਕੇ ਉਚੀ ਦੇਣੀ ਹੱਸਦਿਆਂ ਬੋਲੇ, “ਓ ਅੱਛਾ, ਤੂੰ ਤਸਵੀਰ ਬਣਾਉਨੈਂ? ਮੈਂ ਤਾਂ ਸਮਝਿਆ ਸੀ ਕਿ ਕੋਈ ਗੋਰਾ ਸਿਗਰਟ ਪੀਣ ਲਈ ਤੀਲ੍ਹੀ ਬਾਲਣ ਲੱਗਾ ਐ!”
ਕੋਈ ਸ਼ੱਕ ਨਹੀਂ ਕਿ ਦੁਨੀਆਂ ਭਰ ਵਿਚ ਸਿੱਖਾਂ ਨੂੰ ‘ਮਾਰਸ਼ਲ ਕੌਮ’ ਮੰਨਿਆ ਜਾਂਦਾ ਹੈ, ਪਰ ਸਿੱਖ ਇਤਿਹਾਸ ਵਿਚ ਐਸੇ ਹਵਾਲਿਆਂ ਦੀ ਵੀ ਕਮੀ ਨਹੀਂ, ਜਦੋਂ ਅਸੀਂ ਗੈਰਾਂ ਦੇ ਵਰਗਲਾਏ ਜਾਂ ਬਿਨਾ ਸੋਚੇ ਵਿਚਾਰੇ ਆਪਣੇ ਦੰਭੀ ਆਗੂਆਂ ਦੇ ਢਹੇ ਚੜ੍ਹ ਕੇ ਐਵੇਂ ਡਾਂਗਾਂ ਉਲਾਰਦੇ ਰਹੇ। ਦਸਮ ਪਾਤਸ਼ਾਹ ਦਾ ਵਰੋਸਾਇਆ ਸਾਡਾ ਪਹਿਲਾ ਕੌਮੀ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵੀ ਸਾਡੀ ਇਸ ਮੰਦਭਾਗੀ ਫ਼ਿਤਰਤ ਦਾ ਸ਼ਿਕਾਰ ਹੋਇਆ। ਇਤਿਹਾਸਕ ਹਵਾਲਿਆਂ ਅਨੁਸਾਰ ਉਹ ਦੂਰ-ਦਰਾਜ਼ ਦੇ ਸੇਵਾਦਾਰਾਂ ਵੱਲ ਲਿਖੀਆਂ ਆਪਣੀਆਂ ਚਿੱਠੀਆਂ ਦੇ ਅਖੀਰ ਵਿਚ ਫਾਰਸੀ-ਨੁਮਾ ਪੰਜਾਬੀ ਵਿਚ ਲਿਖਿਆ ਕਰਦਾ, ‘ਬੰਦਾ-ਏ-ਗੁਰੂ’ (ਭਾਵ ਗੁਰੂ ਦਾ ਬੰਦਾ ਜਾਂ ਗ਼ੁਲਾਮ) ਪਰ ਉਸ ਦੇ ਸਰਕਾਰੀ ਦੁਸ਼ਮਣਾਂ ਨੇ ਭੋਲੇ-ਭਾਲੇ ਸਿੱਖਾਂ ਨੂੰ ਖੂਬ ਭਵਕਾਇਆ; ਅਖੇ, ਬੰਦਾ ਬਹਾਦਰ ਤਾਂ ‘ਗੁਰੂ’ ਕਹਾਉਣ/ਲਿਖਣ ਲੱਗ ਪਿਆ ਹੈ। ਅਨਪੜ੍ਹਤਾ ਕਾਰਨ ਸਿੱਖ ਜਨਤਾ ਨੇ ਵੈਰੀਆਂ ਦੀ ਚਾਲ ਦਾ ਸ਼ਿਕਾਰ ਬਣ ਕੇ, ਆਪਣੇ ਹੀ ਜਾਂਬਾਜ਼ ਜਰਨੈਲ ਵਿਰੁਧ ਭੰਡੀ ਪ੍ਰਚਾਰ ਦੀ ਅਤਿ ਚੁੱਕ ਲਈ। ਸਮੇਂ ਦੀ ਸਰਕਾਰ ਵੱਲੋਂ ਘੜੀਆਂ ਅਜਿਹੀਆਂ ਸੱਚੀਆਂ-ਝੂਠੀਆਂ ਦੀ ਬਦੌਲਤ ਹੀ ਪੰਥ ਉਦੋਂ ਬੰਦਈ ਅਤੇ ਤੱਤ ਖਾਲਸਾ ਵਿਚ ਵੰਡਿਆ ਗਿਆ ਸੀ।
ਆਪਣਾ ਸਾਰਾ ਬਾਲ-ਪਰਿਵਾਰ ਗੁਰੂ ਪੰਥ ਲੇਖੇ ਲਾਉਣ ਵਾਲੇ ਭਾਈ ਮਨੀ ਸਿੰਘ ਨੇ ਆਮ ਸਿੱਖਾਂ ਦੀ ਸੌਖ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਨਿਤਨੇਮ ਦੀਆਂ ਬਾਣੀਆਂ ਲੈ ਕੇ ਪਦ-ਛੇਦ ਰੂਪ ਵਿਚ ਗੁਟਕੇ ਪੋਥੀਆਂ ਤਿਆਰ ਕਰਵਾਈਆਂ। ਦੱਸਿਆ ਜਾਂਦਾ ਹੈ ਕਿ ਇਸ ਮਹਾਨ ਪਰਉਪਕਾਰ ਬਦਲੇ ਉਨ੍ਹਾਂ ਨੂੰ ‘ਸਰਾਪ’ ਮਿਲ ਗਿਆ; ਅਖੇ, ਬਾਣੀ ਦੇ ਅੰਗ ਜੁਦੇ-ਜੁਦੇ ਕਰਨ ਵਾਂਗ ਭਾਈ ਮਨੀ ਸਿੰਘ ਦੇ ਵੀ ਬੰਦ-ਬੰਦ ਕੱਟੇ ਗਏ! ‘ਸਰਾਪ’ ਦੀ ਇਹ ਕਹਾਣੀ ਬਣਾਉਣ ਵਾਲਿਆਂ ਅਤੇ ਇਸ ਨੂੰ ‘ਸਤਿ ਕਰ ਕੇ’ ਮੰਨਣ ਵਾਲਿਆਂ ਨੇ ਇਹ ਨਹੀਂ ਸੋਚਿਆ ਕਿ ਸਿੱਖ ਪੰਥ ਦੇ ਹੋਰ ਹਜ਼ਾਰਾਂ ਸ਼ਹੀਦਾਂ ਨੇ ਕਿਸ ਗੁਨਾਹ ਬਦਲੇ ਜਾਂ ਸਰਾਪ ਕਾਰਨ ਸ਼ਹਾਦਤ ਦੇ ਜਾਮ ਪੀਤੇ ਹੋਣਗੇ?
ਪੰਥਕ ਹਿਤੂਆਂ ਦੀਆਂ ਨਿਮਾਣੀਆਂ ਕਲਮਾਂ ਨੂੰ ਡਾਂਗਾਂ ਦੇ ਜ਼ੋਰ ਨਾਲ ਭੈਅ-ਭੀਤ ਕਰਨ ਵਾਲੀ ਇਕ ਹੋਰ ਦਿਲ-ਕੰਬਾਊ ਕਥਾ ਵੀ ਦਿਲ ‘ਤੇ ਹੱਥ ਰੱਖ ਕੇ ਸੁਣਨ ਵਾਲੀ ਹੈ। ਰੋਸ਼ਨ ਦਿਮਾਗ ਭਾਈ ਕਾਨ੍ਹ ਸਿੰਘ ਨਾਭਾ ਨੇ ਸੰਨ 1901 ਵਿਚ ਮਿਹਨਤ ਨਾਲ ਲਿਖਿਆ ‘ਗੁਰਮਤਿ ਸੁਧਾਕਰ’ ਗ੍ਰੰਥ ਛਪਵਾਇਆ। ਇਸ ਦੇ ਪਰੂਫ਼ ਪੜ੍ਹਨ ਸਮੇਂ ਵਿੱਦਿਆ ਮਾਰਤੰਡ ਭਾਈ ਵੀਰ ਸਿੰਘ ਨੇ ਗ੍ਰੰਥ ਦੀ ਪੂਰੀ ਸੋਧ-ਸੁਧਾਈ ਕੀਤੀ। ਗ੍ਰੰਥ ਛਪਣ ਉਪਰੰਤ ਉਸ ਸਮੇਂ ਦੀ ਪ੍ਰਸਿੱਧ ਅਖਬਾਰ ‘ਪੰਥ ਸੇਵਕ’ ਵਿਚ ਇਸ ਦਾ ‘ਰਿਵਿਊ’ ਵੀ ਲਿਖਿਆ ਜਿਸ ਦਾ ਸਿਰਲੇਖ ਸੀ ‘ਸੋਲਾਂ ਕਲਾਂ ਚੰਦ੍ਰਮਾ ਚੜ੍ਹ ਆਇਆ’। ਇਸ ਖੋਜ ਭਰਪੂਰ ਗ੍ਰੰਥ ਵਿਚ ਭਾਈ ਨਾਭਾ ਨੇ ਪੁਰਾਤਨ ਸ੍ਰੋਤਾਂ ਦੀ ਬਰੀਕੀ ਨਾਲ ਛਾਣ-ਬੀਣ ਕਰਕੇ ਸਿੱਧ ਕੀਤਾ ਕਿ ‘ਰਾਗ ਮਾਲਾ’ ਗੁਰੂ-ਕ੍ਰਿਤ ਨਹੀਂ ਹੈ। ਰਿਵਿਊ ਲਿਖਣ ਵੇਲੇ ਇਸ ਵਿਚਾਰ ਦੀ ਪ੍ਰੋੜ੍ਹਤਾ ਭਾਈ ਵੀਰ ਸਿੰਘ ਨੇ ਵੀ ਕੀਤੀ ਸੀ।
ਇਹ ਗ੍ਰੰਥ ਸੰਪੂਰਨ ਕਰ ਕੇ ਭਾਈ ਨਾਭਾ, ਮਹਾਰਾਜਾ ਨਾਭਾ ਦੀ ਪ੍ਰੇਰਨਾ ਸਦਕਾ ਏਕਾਂਤਵਾਸ ਚਲੇ ਗਏ, ਕਿਉਂਕਿ ਉਨ੍ਹਾਂ ਇਕਾਗਰ ਚਿੱਤ ਹੋ ‘ਗੁਰ ਰਤਨਾਕਰ ਮਹਾਨ ਕੋਸ਼’ ਦੀ ਰਚਨਾ ਅਰੰਭ ਕਰਨੀ ਸੀ। ਇਧਰ ਸਿੱਖ ਜਗਤ ਵਿਚ ‘ਰਾਗ ਮਾਲਾ’ ਦੀ ਚਰਚਾ ਚਲਦੀ ਚਲਦੀ 1917 ਵਿਚ ਪ੍ਰਚੰਡ ਰੂਪ ਧਾਰ ਗਈ। ਭਾਈ ਕਾਨ੍ਹ ਸਿੰਘ ਨਾਭਾ ਦੀ ਲੰਬੀ ਚੁੱਪ ਕਾਰਨ ਚੀਫ਼ ਖਾਲਸਾ ਦੀਵਾਨ ਵਾਲਿਆਂ ਨੇ ਉਨ੍ਹਾਂ ਨੂੰ ਖ਼ਤ ਲਿਖ ਕੇ ‘ਚੁੱਪ’ ਦਾ ਕਾਰਨ ਪੁੱਛਿਆ। ਜਵਾਬੀ ਪੱਤਰ ਵਿਚ ਭਾਈ ਨਾਭਾ ਨੇ ਲਿਖਿਆ, “ਸਿੱਖਾਂ ਨੂੰ ਆਪਣੀਆਂ ਧਰਮ ਪੁਸਤਕਾਂ ਬਾਰੇ ਬਹੁਤ ਘੱਟ ਪਤਾ ਹੈ, ਤੇ ਰਾਗ ਮਾਲਾ ਨਾਲੋਂ ਵੀ ਬੁਰੀਆਂ ਗੱਲਾਂ ਬੀੜਾਂ ਵਿਚ ਲਿਖੀਆਂ ਪਈਆਂ ਹਨ।æææ ਇਸ ਲਈ ਇਸ ਬਾਰੇ ਚੁੱਪ ਹੀ ਭਲੀ ਹੈ।”
ਇਸ ਪੱਤਰ ਦਾ ਕੁਝ ਹਿੱਸਾ ‘ਗੁਪਤ ਪੱਤਰ’ ਦੇ ਸਿਰਲੇਖ ਹੇਠ ‘ਖਾਲਸਾ ਸਮਾਚਾਰ’ ਵਿਚ ਛਪਿਆ। ਪੜ੍ਹ ਕੇ ਸਿੱਖਾਂ ਵਿਚ ਸ਼ੰਕੇ ਪੈਦਾ ਹੋ ਗਏ। ਸਿੱਖ ਸੰਗਤਾਂ ਨੇ ਭਾਈ ਨਾਭਾ ਨੂੰ ਧੜਾ-ਧੜ ਚਿੱਠੀਆਂ ਲਿਖ ਸਪਸ਼ਟੀਕਰਨ ਮੰਗਣੇ ਸ਼ੁਰੂ ਕਰ ਦਿੱਤੇ ਕਿ ਕੀ ਉਹ ਹੁਣ ਰਾਗ ਮਾਲਾ ਨੂੰ ਗੁਰੂ-ਕ੍ਰਿਤ ਮੰਨਣ ਲੱਗ ਪਏ ਹਨ? ਉਨ੍ਹਾਂ ਨੇ ਸ਼ੰਕਾ ਖਤਮ ਕਰਨ ਲਈ ਇਨ੍ਹਾਂ ਸਾਰੇ ਖਤਾਂ ਦੇ ਜਵਾਬ ਵਿਚ ਲੰਬਾ ਖਤ ‘ਪੰਥ ਸੇਵਕ’ ਅਖਬਾਰ ਵਿਚ ਛਪਵਾਇਆ ਜਿਸ ਦਾ ਵੇਰਵਾ ਗਿਆਨੀ ਗੁਰਦਿੱਤ ਸਿੰਘ ਨੇ ਆਪਣੀ ਪ੍ਰਸਿੱਧ ਕਿਤਾਬ ‘ਮੁੰਦਾਵਣੀ’ ਦੇ ਸਫ਼ਾ 109-112 ਵਿਚ ਦਿੱਤਾ ਹੈ। ਇਸ ਖਤ ਦੇ ਕੁਝ ਅੰਸ਼ ਦਿਲ ਥੰਮ੍ਹ ਕੇ ਪੜ੍ਹਨ ਵਾਲੇ ਹਨ, “æææਇਸ ਪ੍ਰਸੰਗ ਵਿਚ ਮੈਂ ਇਹ ਪ੍ਰਗਟ ਕਰੇ ਬਿਨਾ ਨਹੀਂ ਰਹਿ ਸਕਦਾ ਕਿ ਸਿੱਖਾਂ ਨੂੰ ਆਪਣੀਆਂ ਧਰਮ ਪੁਸਤਕਾਂ ਦੀ ਬਹੁਤ ਘੱਟ ਵਾਕਫੀਅਤ ਹੈ। ਕੋਈ ਖੋਜ ਭਾਲ ਦਾ ਯਤਨ ਨਹੀਂ ਕਰਦਾ। ਸੁਣੀਆਂ ਗੱਲਾਂ ਪਰ ਯਕੀਨ ਕਰ ਬੈਠਦੇ ਹਨ। ਮੈਂ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ (ਜਿਲਦਾਂ) ਦਾ ਨਿਰਣਯ ‘ਗੁਰ ਗਿਰਾ ਕਸੌਟੀ’ (ਗ੍ਰੰਥ) ਵਿਚ ਵਿਸਥਾਰ ਨਾਲ ਕੀਤਾ ਹੈ, ਪਰ ਇਹ ਪੋਥੀ ਮਸੰਦਾਂ ਅਤੇ ਬੁਰਛਿਆਂ ਦੇ ਉਪਦ੍ਰਵ ਦੇ ਭੈਯ ਤੋਂ ਹੁਣ ਤੋੜੀ ਪ੍ਰਕਾਸ਼ ਨਹੀਂ ਕੀਤੀ।æææ ਪਾਠਕਾਂ ਨੂੰ ਨਿਸ਼ਚਯ ਰਹੇ ਕਿ ਮੈਂ ਆਪਣੀ ਹਾਨੀ ਦੇ ਭੈਯ ਤੋਂ ਕਦੇ ਨਹੀਂ ਡਰਿਆ। ਮੈਨੂੰ ਸੱਚ ਦੇ ਪ੍ਰਗਟ ਕਰਨ ਵਿਚ ਕਦੇ ਵੀ ਸੰਕੋਚ ਨਹੀਂ, ਪਰ ਡਰ ਇਹ ਹੈ ਕਿ ‘ਗੁਰ ਗਿਰਾ ਕਸੌਟੀ’ ਦਾ ਦਰਸ਼ਨ ਹੁੰਦਿਆਂ ਹੀ ਅਨੇਕ ਵਿਸ਼ਿਆਂ ਪਰ ਰੌਸ਼ਨੀ ਪੈ ਜਾਣੀ ਹੈ, ਅਰ ਰਾਗ ਮਾਲਾ ਤੋਂ ਵਧੀਕ ਜੰਗ ਛਿੜ ਪੈਣਾ ਹੈæææ ਅਰ ਵਿਤੰਡਾਵਾਦ ਅਰੰਭ ਹੋ ਜਾਊ, ਕਯੋਂ ਕਿ ਗੁਣ ਅਤੇ ਸੱਤਯ ਦੇ ਗਾਹਕ ਵਿਰਲੇ ਹਨæææ ਅੰਤ ਵਿਚ ਕੌਮ ਦੇ ਦਰਦੀਆਂ ਅੱਗੇ ਬੇਨਤੀ ਹੈ ਕਿ ਇਹ ਜ਼ਮਾਨਾ ਪ੍ਰਸਪਰ ਪ੍ਰੇਮ ਪਿਆਰ ਨਾਲ ਉਨਤੀ ਕਰਨ ਦਾ ਹੈæææ ਕ੍ਰਿਪਾ ਕਰੋ, ਤਰਸ ਕਰੋ, ਸ਼ਾਂਤਿ ਕਰੋ, ਧੀਰਯ ਕਰੋ, ਖੋਜੀ ਬਣ ਕੇ ਵਿਚਰੋ, ਵਾਦੀ ਦੀ ਪਦਵੀ ਨਾ ਲਉæææ। ਮੇਰੀ ਇਸ ਚਿੱਠੀ ਨੂੰ ਪੜ੍ਹ ਕੇ ਮੇਰੇ ਨਾਲ ਕੋਈ ਸੱਜਣ ਪੱਤਰ-ਵਿਹਾਰ ਕਰਨ ਦੀ ਖੇਚਲ ਨਾ ਕਰੇ, ਕਯੋਂ ਕਿ ਮੈਂ ਆਪਣੇ ਨਿਯਤ ਸਮੇਂ ਵਿਚੋਂ ਇਕ ਮਿਨਟ ਭੀ ‘ਗੁਰੂ ਸ਼ਬਦ ਰਤਨਾਕਰ’ ਦੇ ਕੰਮ ਨੂੰ ਛੱਡ ਕੇ, ਹੋਰ ਕੰਮ ਕਰਨ ਲਈ ਸਮਾਂ ਨਹੀਂ ਕੱਢ ਸਕਦਾ- ਪੰਥ ਦਾ ਸੇਵਕ ਕਾਨ੍ਹ ਸਿੰਘ।”
ਭਾਈ ਨਾਭਾ ਦਾ ਤ੍ਰਾਸਦੀ ਭਰਿਆ ਇਹ ਖਤ ਪੜ੍ਹ ਕੇ ਕਿਸੇ ਦਾਰਸ਼ਨਿਕ ਦਾ ਕਥਨ ਯਾਦ ਆਉਂਦਾ ਹੈ, “ਬਹੁਤੇ ਕਮਲਿਆਂ ਵਿਚ ਕਿਸੇ ਇਕ-ਅੱਧੇ ਦਾ ਸਿਆਣਾ ਹੋ ਜਾਣਾ, ਉਸ ਲਈ ‘ਗੁਨਾਹ’ ਹੀ ਹੋ ਨਿਬੜਦਾ ਹੈ।” ਗੁਰਮਤਿ ਸੁਧਾਕਰ, ਹਮ ਹਿੰਦੂ ਨਹੀਂ, ਗੁਰਮਤਿ ਮਾਰਤੰਡ ਅਤੇ ਮਹਾਨ ਕੋਸ਼ ਜਿਹੇ ਅਦੁੱਤੀ ਗ੍ਰੰਥ ਲਿਖਣ ਵਾਲਾ ਭਾਈ ਕਾਨ੍ਹ ਸਿੰਘ ਨਾਭਾ, ਕਈ ਦਹਾਕੇ ਪਹਿਲਾਂ ‘ਮਸੰਦਾਂ ਅਤੇ ਬੁਰਛਿਆਂ ਦੇ ਭੈਯ’ ਤੋਂ ਤ੍ਰਹਿ ਕੇ ਆਪਣੀ ਖੋਜ ਪੁਸਤਕ ‘ਗੁਰ ਗਿਰਾ ਕਸੌਟੀ’ ਛਪਵਾ ਨਹੀਂ ਸੀ ਸਕਿਆ। ਇਸ ਮਹਾਨ ਪ੍ਰਤਿਸ਼ਠਾ ਵਾਲੇ ਲੇਖਕ ਨੂੰ ਵੀ ਸਾਡੇ ‘ਮਸੰਦਾਂ’ ਅਤੇ ਬੁਰਛਿਆਂ ਨੇ ਨਹੀਂ ਸੀ ਬਖਸ਼ਿਆ, ਹੋਰ ਮਾੜੇ-ਧੀੜੇ ਕਲਮਕਾਰ ਕਿਹਦੇ ਪਾਣੀ-ਹਾਰ ਹਨ?
ਆਪਣੇ ਚੌਗਿਰਦੇ ਵਿਚ ਜਦ ਵੀ ਕਿਤੇ ਬੁਰਛਾਗਰਦੀ ਦੀ ਚੜ੍ਹ ਮਚਦੀ ਦੇਖਦਾਂ ਤਾਂ ਕਈ ਦਹਾਕੇ ਪਹਿਲਾਂ ਦਰਬਾਰ ਸਾਹਿਬ ਵਿਖੇ ਮਿਲੇ ਉਸ ਬਰਛੇ ਵਾਲੇ ‘ਸ਼ਾਂਤੀ ਦੂਤ’ ਨੂੰ ਯਾਦ ਕਰ ਲੈਂਦਾ ਹਾਂ ਜੋ ਕਿਸੇ ਅਣਭੋਲ ਅਤੇ ਅਣਜਾਣ ਸਾਧੂ ਦੀ ਬੱਜਰ ਗਲਤੀ ਨੂੰ ਅਣਡਿੱਠ ਕਰ ਕੇ ‘ਜੋ ਸਰਣਿ ਆਵੈ ਤਿਸੁ ਕੰਠ ਲਾਵੈ’ ਦਾ ਅਮਲੀ ਪ੍ਰਚਾਰਕ ਬਣਿਆ ਸੀ। ਉਹੋ ਜਿਹੇ ‘ਲੰਬੀ ਨਦਰਿ’ ਵਾਲੇ ਸਿੰਘ ਕਿਥੇ ਲੋਪ ਹੋ ਗਏ? ਅੱਜ ਕੱਲ੍ਹ ਦੇ ਭਾਈ ਉਸ ਗ੍ਰੰਥੀ ਵਰਗੇ ਕਿਉਂ ਨਹੀਂ ਹਨ ਜਿਸ ਨੇ ਬ੍ਰਾਹਮਣ ਪਰਿਵਾਰ ਦੇ ਸਿਗਰਟਾਂ ਪੀ ਰਹੇ ‘ਹੰਸ ਰਾਜ’ ਨੂੰ ‘ਨਾਨਕ ਸਿੰਘ’ ਬਣਾ ਦਿੱਤਾ ਸੀ।
ਅੰਗਰੇਜ਼ ਚਿੱਤਰਕਾਰ ਦੀਆਂ ‘ਭੁਲੇਖੇ ਨਾਲ’ ਬਾਂਹਾਂ ਭੰਨ ਕੇ ਹਿੜ-ਹਿੜ ਕਰਨ ਵਾਲੇ ਲੱਠ-ਮਾਰਾਂ ਦੀ ਤੂਤੀ ਹੀ ਕਿਉਂ ਬੋਲਦੀ ਰਹਿੰਦੀ ਹੈ ਸਿੱਖ ਜਗਤ ਵਿਚ? ਸਾਨੂੰ ‘ਰੋਸ ਨ ਕੀਜੈ ਉਤਰ ਦੀਜੈ’ ਵਾਲਾ ਗੁਰਵਾਕ ਕਿਉਂ ਭੁੱਲਦਾ ਜਾ ਰਿਹਾ ਹੈ। ਛੋਟੇ-ਮੋਟੇ ਆਪਸੀ ਮਤਭੇਦਾਂ ਨੂੰ ਵਿਚਾਰ-ਵਟਾਂਦਰੇ ਰਾਹੀਂ ਮਿਟਾਉਣ ਜਾਂ ਘਟਾਉਣ ਦੀ ਥਾਂ, ਕਿਉਂ ਅਸੀਂ ਡਾਂਗਾਂ ਚੁੱਕੀ ਰੱਖਦੇ ਹਾਂ? ਕਲਮਾਂ ਉਤੇ ਡਾਂਗਾਂ ਦੇ ਪਰਛਾਵੇਂ ਕਿੰਨਾ ਕੁ ਚਿਰ ਪਾਉਂਦੇ ਰਹਾਂਗੇ ਅਸੀਂ? ਮੁੱਢ ਕਦੀਮ ਤੋਂ ਗੁਰੂ ਪਾਸੋਂ ਬਿਬੇਕ ਦਾਨ ਮੰਗਦੇ ਆ ਰਹੇ ਹਾਂ, ਪਰ ਅੱਜ ਆਪਣੇ ਆਲੇ-ਦੁਆਲੇ ਝਾਤੀ ਮਾਰ ਕੇ ਦੇਖੀਏ, ਕਿਤੇ ਹੈ ਬਿਬੇਕ ਨਾਂ ਦੀ ਚੀਜ਼ ਸਾਡੇ ਕੋਲ?
‘ਏਕੁ ਪਿਤਾ ਏਕਸ ਕੇ ਹਮ ਬਾਰਿਕ’ ਦਾ ਸਰਬ ਸਾਂਝਾ ਉਪਦੇਸ਼ ਦੇਣ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਕਹਾਉਣ ਵਾਲਿਓ! ਖੁਦ ਨੂੰ ਇਸ ਗਿਆਨ ਸਾਗਰ ਦੇ ਰੂ-ਬਰੂ ਤਾਂ ਕਰੀਏ। ਸਿਰਫ ਮਹਿੰਗੇ ਰੁਮਾਲੇ ਚੜ੍ਹਾ ਕੇ ਇਸ ਨੂੰ ਮੱਥੇ ਹੀ ਟੇਕੀ ਜਾਣ ਵਾਲੇ ਸ਼ਰਧਾਵਾਨੋ! ਇਸ ਆਬੇ-ਹਯਾਤ ਦੇ ਚਸ਼ਮੇ ਦਾ ਅੰਮ੍ਰਿਤ, ਆਪਣੇ ਸੁੱਕੇ ਬੰਜਰ ਬਣੇ ਹੋਏ ਹਿਰਦਿਆਂ ਤੱਕ ਪਹੁੰਚਣ ਤਾਂ ਦਿਓ?
‘ਨ੍ਹੇਰ ਨੂੰ ਹੁਣ ਦੋਸਤਾ, ਉਸ ਦਿਲ ‘ਚ ਕਿੱਦਾਂ ਥਾਂ ਮਿਲੂ,
ਹੋ ਗਿਆ ਜੋ ਉਮਰ ਭਰ ਲਈ ਰੌਸ਼ਨੀ ਦੇ ਰੂ-ਬਰੂ।
ਫਸਲ ਰੀਝਾਂ ਵਾਲੜੀ ਫਿਰ ਦੇਖਣਾ ਲਹਿਰਾਏਗੀ,
ਦਿਲ ਦੇ ਸੁੱਕੇ ਖੇਤ ਨੂੰ, ਤੂੰ ਕਰ ਨਦੀ ਦੇ ਰੂ-ਬਰੂ।