ਬਲਜੀਤ ਬਾਸੀ
‘ਮਅ’ ਸਬੰਧੀ ਜਸਬੀਰ ਸਿੰਘ ਲੰਗੜੋਆ ਦੀ ਧਾਰਨਾ ਬਾਰੇ ਮੇਰੇ ਇਤਰਾਜ਼ਾਂ ਪ੍ਰਤੀ ਉਨ੍ਹਾਂ ਦਾ ਪ੍ਰਤੀਕਰਮ ਪੜ੍ਹਿਆ। ਕਿਸੇ ਵੀ ਲਿਖਤ ਨੂੰ ਇਸ ਦੇ ਸਮੁੱਚ ਵਿਚ ਅਤੇ ਸਹੀ ਪਰਿਪੇਖ ਵਿਚ ਗ੍ਰਹਿਣ ਕੀਤਾ ਜਾਣਾ ਚਾਹੀਦਾ ਹੈ ਪਰ ਅਫਸੋਸ ਉਨ੍ਹਾਂ ਅਜਿਹਾ ਨਹੀਂ ਕੀਤਾ। ਸ਼ੁਰੂ ਵਿਚ ਹੀ ਮੇਰੇ ‘ਤੇ ਪ੍ਰਸ਼ਨ ਕੀਤਾ ਹੈ ਕਿ ‘ਮਅ’ ਸ਼ਬਦ ਅਰਬੀ/ਫਾਰਸੀ ਭਾਸ਼ਾਵਾਂ ਵਿਚ ਦਰਜ ਹੈ ਤਾਂ ਇਹ ਖਿਆਲੀ ਪੁਲਾਉ ਕਿਵੇਂ ਹੋਇਆ? ਗ਼ੌਰ ਕਰੋ, ਮੇਰੀ ਲਿਖਤ ਦਾ ਸਿਰਲੇਖ ਹੈ-ਮਅ ਧੁਨੀ-ਇਕ ਖਿਆਲੀ ਪੁਲਾਉ। ਇਥੇ ਮੈਂ ‘ਸੰਸਕ੍ਰਿਤ ਦੇ ਪਿਛੇਤਰ ਮਯ, ਅਰਬੀ ਸ਼ਬਦ ‘ਮਅ’ ਅਤੇ (ਉਨ੍ਹਾਂ ਅਨੁਸਾਰ) ਉਰਦੂ-ਫਾਰਸੀ ਅਗੇਤਰ ਮਅ (ਮੀਮ ਐਨ), ਸਭਨਾਂ ਪਿਛੇ ਬੋਲਦੀ ਇਕੋ ਧੁਨੀ ‘ਮਅ’ ਦੇ ਪ੍ਰਸਤਾਵ ਨੂੰ ਖਿਆਲੀ ਪੁਲਾਉ ਕਿਹਾ ਹੈ। ਬਾਕੀ ਸਾਰੀ ਲਿਖਤ ਵਿਚ ਇਸੇ ਨੁਕਤੇ ਨੂੰ ਅੱਗੇ ਜਾ ਕੇ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।
‘ਮਅ’ ਸ਼ਬਦ ਬਾਰੇ ਮੈਂ ਆਪ ਹੀ ਦੱਸਿਆ ਸੀ ਕਿ ਇਹ ਅਰਬੀ ਮੂਲ ਦਾ ਹੈ ਜਦ ਕਿ ਉਹ ਇਸ ਨੂੰ ਉਰਦੂ-ਫਾਰਸੀ ਦਾ ਕਹੀ ਜਾ ਰਹੇ ਹਨ। ਕਥਿਤ ‘ਮਅ’ ਅਗੇਤਰ ਨੂੰ ਅਰਬੀ ਦਾ ਕਹਿਣ ਜਾਂ ਫਾਰਸੀ ਦਾ ਕਹਿਣ ਨਾਲ ਦੋ ਵੱਖੋ ਵੱਖਰੇ ਨਤੀਜੇ ਨਿਕਲਦੇ ਹਨ ਤੇ ਦੋਵਾਂ ਨਾਲ ਲੰਗੜੋਆ ਸਾਹਿਬ ਗੰਭੀਰ ਸੰਕਟ ਵਿਚ ਪੈਂਦੇ ਹਨ। ਜੇ ਇਹ ਅਰਬੀ ਪਿਛੋਕੜ ਦਾ ਹੈ ਤਾਂ ਇਸ ਦਾ ਸੰਸਕ੍ਰਿਤ ਮਯ ਨਾਲ ਜੋੜ ਕਿਵੇਂ ਬੈਠਦਾ ਹੈ? ਜੇ ਫਾਰਸੀ ਪਿਛੋਕੜ ਦਾ ਹੈ ਤਾਂ ਕੁਝ ਇਕ ਸ਼ੁਧ ਫਾਰਸੀ ਲਫਜ਼ਾਂ ਦੀਆਂ ਮਿਸਾਲਾਂ ਉਹ ਦਿੰਦੇ ਜਿਨ੍ਹਾਂ ਵਿਚ ਇਹ ਅਗੇਤਰ ਵਰਤਿਆ ਗਿਆ ਹੋਵੇ।
ਜਾਪਦਾ ਹੈ, ਉਨ੍ਹਾਂ ਨੂੰ ਕਿਸੇ ਲਿਖਤ ਨੁੰ ਸਮਝਣ ਦੀ ਡਾਢੀ ਸਮੱਸਿਆ ਤਾਂ ਹੈ ਹੀ, ਹੋਰ ਜਾਣਨ/ਸਮਝਣ ਤੋਂ ਵੀ ਉਹ ਇਨਕਾਰੀ ਹਨ। ਇਹ ਵਤੀਰਾ ਖੋਜੀ ਬਿਰਤੀ ਲਈ ਘਾਤਕ ਹੈ। ਇਸ ਲਈ ਗੱਲ ਮੁੜ ਸਮਝਾਉਣ ਦੀ ਕੋਸ਼ਿਸ਼ ਵਜੋਂ ਮੈਂ ਸਾਰੇ ਮੁੱਦੇ ਨੂੰ ਸਰਲ ਤੇ ਸੰਖੇਪ ਸ਼ਬਦਾਂ ਵਿਚ ਬਿਆਨ ਕਰਦਾ ਹਾਂ ਤਾਂ ਕਿ ਕੋਈ ਅਸਪੱਸ਼ਟਤਾ ਨਾ ਜਾਪੇ।
ਕੋਈ ਤਿੰਨ ਦਰਜਨ ਸ਼ਬਦਾਂ ਵਿਚ ਦਰਸਾਇਆ ਗਿਆ ਅਗੇਤਰ ਅਸਲੋਂ ਅਰਬੀ ਭਾਸ਼ਾ ਦੀ ਸ਼ਬਦ-ਰਚਨਾ ਵਿਉਂਤ ਦੀ ਇਕਾਈ ਹੈ ਜੋ ‘ਮਅ’ ਦਾ ਵਿਕ੍ਰਿਤ ਰੂਪ ਨਹੀਂ ਹੈ ਅਰਥਾਤ ਇਥੇ ‘ਐਨ’ ਅੱਖਰ ਰਾਹੀਂ ਪ੍ਰਗਟਾਈ ਜਾਂਦੀ ਧੁਨੀ ਹੋਰ ਧੁਨੀਆਂ ਵਿਚ ਨਹੀਂ ਵਟੀ। ਇਸ ਦਾ ਅਰਬੀ ਹਿੰਦ-ਯੂਰਪੀ ਭਾਸ਼ਾ ਪਰਿਵਾਰ ਨਾਲ ਸਬੰਧ ਨਹੀਂ ਹੈ ਬਲਕਿ ਸਾਮੀ ਸ਼ਾਖਾ ਦੀ ਜ਼ਬਾਨ ਹੈ। ਦੂਜੇ ਪਾਸੇ ਫਾਰਸੀ, ਪੰਜਾਬੀ ਤੇ ਸੰਸਕ੍ਰਿਤ ਹਿੰਦ-ਯੂਰਪੀ ਪਰਿਵਾਰ ਦੀਆਂ ਭਾਸ਼ਾਵਾਂ ਹਨ। ਫਿਰ ‘ਮਅ’ ਹਿੰਦ-ਯੂਰਪੀ ਭਾਸ਼ਾ ਪਰਿਵਾਰ ਤੋਂ ਸਾਮੀ ਭਾਸ਼ਾ ਪਰਿਵਾਰ ਵਿਚ ਕਿਵੇਂ ਵੜ ਗਿਆ? ਫਾਰਸੀ ਵਿਚ ਇਸ ਅਗੇਤਰ ਨਾਲ ਸ਼ੁਰੂ ਹੁੰਦੇ ਸਾਰੇ ਸ਼ਬਦ ਅਰਬੀ ਅਸਲੇ ਦੇ ਹਨ, ਫਾਰਸੀ ਦਾ ਆਪਣਾ ਕੋਈ ਸ਼ਬਦ ਇਸ ਅਗੇਤਰ ਨਾਲ ਨਹੀਂ ਬਣਿਆ, ਜੇ ਹੋਵੇ ਵੀ ਤਾਂ ਇਹ ਅਰਬੀ ਦਾ ਅਸਰ ਹੀ ਹੋਵੇਗਾ। ਲੰਗੜੋਆ ਸਾਹਿਬ ਨੇ ਕਿਹਾ ਹੈ ਕਿ ਉਹ ਸਿਰਫ ਪੰਜਾਬੀ ਧੁਨੀਆਂ ਦੀ ਹੀ ਗੱਲ ਕਰਦੇ ਹਨ, ਦੁਨੀਆਂ ਦੀਆਂ ਬੇਸ਼ੁਮਾਰ ਭਾਸ਼ਾਵਾਂ ਦੀਆਂ ਧੁਨੀਆਂ ਬਾਰੇ ਕੌਣ ਜਾਣ ਸਕਦਾ ਹੈ। ਫਿਰ ਨਾ ਸਿਰਫ ਗ਼ੈਰ-ਪੰਜਾਬੀ ਬਲਕਿ ਗੈਰ-ਹਿੰਦ ਆਰਿਆਈ ਭਾਸ਼ਾ ਅਰਬੀ ਨਾਲ ਇਸ ਧੁਨੀ ਨੂੰ ਕਿਵੇਂ ਨਰੜ ਦਿੱਤਾ ਗਿਆ? ਅਰਬੀ ਭਾਸ਼ਾ ਵਿਗਿਆਨ, ਵਿਆਕਰਣ ਅਤੇ ਇਸ ਬਾਰੇ ਅਰਬੀ ਵਿਦਵਾਨਾਂ ਦੇ ਵਿਚਾਰ ਜਾਣੇ ਬਿਨਾਂ ਇਸ ਭਾਸ਼ਾ ਦੇ ਅਗੇਤਰ/ਧੁਨੀ ਬਾਰੇ ਫੈਸਲਾਕੁਨ ਬਿਆਨ ਕਿਵੇਂ ਦੇ ਦਿੱਤਾ? ਟਿੰਡ ਵਿਚ ਕਾਨਾ ਇਸੇ ਲਈ ਫਸਾਇਆ ਗਿਆ ਹੈ, ਉਰਦੂ-ਫਾਰਸੀ ਦੇ ਕਹਿ ਕੇ। ਅਰਬੀ ਮੂਲ ਦੇ ਸ਼ਬਦਾਂ ਦੀ ਦਿੱਤੀ ਫਹਿਰਿਸਤ ‘ਤੇ ਕੋਈ ਖਾਸ ਇਤਰਾਜ਼ ਨਹੀਂ ਕੀਤਾ, ਇਨ੍ਹਾਂ ਵਿਚ ਕੋਈ ਖੋਜ ਵਾਲੀ ਨਵੀਂ ਗੱਲ ਹੈ ਹੀ ਨਹੀਂ।
ਸਾਰੇ ਲੇਖ ਵਿਚ ‘ਮਅ’ ਨੂੰ ਉਰਦੂ-ਫਾਰਸੀ ਦਾ ਬਿਆਨਿਆ ਗਿਆ ਹੈ, ਪਰ ਇਤਰਾਜ਼ ਉਠਾਉਣ ਤੇ ਜੁੱਟ ਵਿਚੋਂ ਉਰਦੂ ਕੱਢ ਕੇ ਅਰਬੀ ਘੁਸੇੜਦਿਆਂ ‘ਅਰਬੀ-ਫਾਰਸੀ’ ਬਣਾ ਲਿਆ ਤਾਂ ਕਿ ਗਲਤੀ ਦਾ ਪੱਧਰ ਘਟ ਜਾਪੇ। ‘ਉਰਦੂ-ਫਾਰਸੀ’ ਜਾਂ ‘ਅਰਬੀ-ਫਾਰਸੀ’ ਸ਼ਬਦ-ਜੁੱਟ ਬੋਲ ਚਾਲ ਦੇ ਲਕਬ ਹਨ ਜਿਨ੍ਹਾਂ ਵਿਚ ਪੱਛਮ ਤੋਂ ਇਸਲਾਮ ਦੇ ਨਾਲ ਆਈ ਜ਼ਬਾਨ ਤੋਂ ਮੁਰਾਦ ਹੈ। ਸ਼ਬਦ ਖੋਜੀ ਇਸ ਨੂੰ ਢਿਲੇ-ਢਾਲੇ ਰੂਪ ਵਿਚ ਨਹੀਂ ਵਰਤ ਸਕਦੇ। ਇਨ੍ਹਾਂ ਸ਼ਬਦ ਜੁੱਟਾਂ ਵਿਚ ਦੋ ਅੱਡੋ ਅੱਡ ਭਾਸ਼ਾਵਾਂ ਹਨ, ਖਾਸ ਤੌਰ ‘ਤੇ ਅਰਬੀ ਤੇ ਫਾਰਸੀ ਤਾਂ ਸਕੀਆਂ ਵੀ ਨਹੀਂ ਹਨ। ਫਾਰਸੀ ਵਿਚ ਅਰਬੀ ਸ਼ਬਦਾਂ ਦੀ ਭਰਮਾਰ ਹੋਣ ਕਾਰਨ ਕਈ ਵਾਰੀ ਇਹ ਸ਼ਬਦ ਜੁੱਟ ਗੈਰ-ਤਕਨੀਕੀ ਸੰਦਰਭ ਵਿਚ ਵੀ ਵਰਤ ਲਿਆ ਜਾਂਦਾ ਹੈ। ਜਿਵੇਂ ਮੈਂ ਪਹਿਲਾਂ ਹੀ ਲਿਖ ਚੁੱਕਾ ਹਾਂ, ਜਦ ਸ਼ਬਦਾਂ ਦੀ ਵਿਆਖਿਆ ਵਿਉਤਪਤੀ ਦੀ ਦ੍ਰਿਸ਼ਟੀ ਤੋਂ ਕਰਨੀ ਹੋਵੇ ਤਾਂ ਸੁਨਿਸਚਿਤ ਹੋਣ ਲਈ ਚਰਚਿਤ ਸ਼ਬਦ ਦੇ ਭਾਸ਼ਾਈ ਪਿਛੋਕੜ ਦਾ ਨਿਖੇੜਾ ਅਤੇ ਨਿਬੇੜਾ ਕਰਨਾ ਮੁਢਲੀ ਸ਼ਰਤ ਹੈ। ਐਵੇਂ ਸਰਸਰੀ ਤੌਰ ‘ਤੇ ਕਹਿਣਾ ਕਿ ਆਮ ਲੋਕ ਕਿਉਂਕਿ ਉਰਦੂ-ਫਾਰਸੀ ਨੂੰ ਇਕੋ ਸਮਝਦੇ ਹਨ, ਇਸ ਲਈ ਇਹ ਸ਼ਬਦ ਜੁੱਟ ਵਰਤਿਆ ਗਿਆ ਹੈ, ਮਸਲੇ ਤੋਂ ਪੱਲਾ ਛੁਡਾਉਣ ਵਾਲੀ ਗੱਲ ਹੈ। ਫਿਰ ਅਖੀਰ ਵਿਚ ਇਹ ਕਹਿ ਕੇ ਕਿ ਮੈਂ ਗਿਣਤੀਆਂ-ਮਿਣਤੀਆਂ ਵਿਚ ਨਹੀਂ ਪਿਆ, ਆਪ ਹੀ ਆਪਣੀ ਸਾਰੀ ਸਥਾਪਨਾ ‘ਤੇ ਮਿੱਟੀ ਫੇਰ ਦਿੱਤੀ। ਜੇ ਗਿਣਤੀਆਂ-ਮਿਣਤੀਆਂ ਵਿਚ ਨਹੀਂ ਸੀ ਪੈਣਾ ਫਿਰ ਫਹਿਰਿਸਤ ਤੋਂ ਪਹਿਲਾਂ ਮਅ-ਮਅ ਕਰਨ ਦੀ ਕੀ ਲੋੜ ਸੀ?
ਸੱਚੀ ਗੱਲ ਤਾਂ ਇਹ ਹੈ ਕਿ ਲੰਗੜੋਆ ਸਾਹਿਬ ਨੂੰ ਪਹਿਲਾਂ ਇਸ ਗੱਲ ਦਾ ਪਤਾ ਹੀ ਨਹੀਂ ਸੀ ਕਿ ਕਥਿਤ ‘ਮਅ’ ਅਗੇਤਰ ਨਾਲ ਸ਼ੁਰੂ ਹੋਣ ਵਾਲੇ ਗਿਣਾਏ ਗਏ ਸਾਰੇ ਸ਼ਬਦ ਅਰਬੀ ਦੇ ਹਨ ਕਿਉਂਕਿ ਉਨ੍ਹਾਂ ਦੇ ਗਿਆਨ ਦਾ ਆਧਾਰ ਜੀਤ ਸਿੰਘ ਸੀਤਲ ਦਾ ‘ਫਾਰਸੀ-ਪੰਜਾਬੀ ਕੋਸ਼’ ਹੈ ਜਿਸ ਵਿਚ ਕਿਸੇ ਵੀ ਸ਼ਬਦ ਦੇ ਭਾਸ਼ਾਈ ਪਿਛੋਕੜ ਬਾਰੇ ਸੰਕੇਤ ਨਹੀਂ ਹੈ। ਉਨ੍ਹਾਂ ਦੇ ਫਾਰਸੀ ਗਿਆਨ ਦਾ ਦੂਜਾ ਸਰੋਤ ਅਮਰਵੰਤ ਸਿੰਘ ਦਾ ‘ਅਰਬੀ-ਫਾਰਸੀ ਤੋਂ ਉਤਪੰਨ ਪੰਜਾਬੀ ਸ਼ਬਦਾਵਲੀ’ ਜਾਪਦਾ ਹੈ। ਜੇ ਉਹ ਘੱਟੋ ਘੱਟ ਇਸ ਸ਼ਬਦਾਵਲੀ ਨੂੰ ਹੀ ਧਿਆਨ ਨਾਲ ਪੜ੍ਹ ਲੈਂਦੇ ਤਾਂ ਉਨ੍ਹਾਂ ਦੀ ਸਮਝ ਵਿਚ ਆ ਜਾਣਾ ਸੀ ਕਿ ਉਨ੍ਹਾਂ ਵਲੋਂ ਪੇਸ਼ ਕੀਤੇ ਗਏ ਸਾਰੇ ਸ਼ਬਦ ਅਰਬੀ ਪਿਛੋਕੜ ਦੇ ਹਨ ਕਿਉਂਕਿ ਇਸ ਕੋਸ਼ ਵਿਚ ਸਪੱਸ਼ਟ ਸੰਕੇਤ ਹਨ। ਸ਼ਾਇਦ ਉਨ੍ਹਾਂ ਨੇ ਇਨ੍ਹਾਂ ਸੰਕੇਤਾਂ ਨੂੰ ਧਿਆਨ ਗੋਚਰੇ ਹੀ ਨਹੀਂ ਲਿਆਂਦਾ ਜਾਂ ਇਹ ਸਮਝਣ ਵਿਚ ਮੁਸ਼ਕਿਲ ਲੱਗੇ ਹਨ।
ਪਾਠਕਾਂ ਦੀ ਸਹੂਲਤ ਲਈ ਮੈਂ ਸਿਰਫ ਇਕ ਸ਼ਬਦ ਦਾ ਇੰਦਰਾਜ ਲੈ ਕੇ ਮਿਸਾਲ ਦਿੰਦਾ ਹਾਂ, ਜਿਸ ਨੂੰ ਲੰਗੜੋਆ ਸਾਹਿਬ ਨੇ ਵੀ ਹੂ-ਬਹੂ ਦੇਣ ਦਾ ਇਕਰਾਰ ਕਰਕੇ ਵਿਚੋਂ ਟੁੱਟਵਾਂ ਪੇਸ਼ ਕੀਤਾ ਹੈ: “ਮਕਬੂਜ਼ਾ (ਅæ ਮਕਬੂਜ਼, ਮਕਬੂਜ਼ਾ= ਕਬਜ਼ਾ ਕੀਤਾ ਗਿਆ, ਕਬਜ਼ਾ ਕੀਤਾ ਹੋਇਆ) ਉਹ ਚੀਜ਼ ਜਿਸ ‘ਤੇ ਕਬਜ਼ਾ ਕੀਤਾ ਜਾਵੇ।” (ਦੇਖੋ ਚਿੱਤਰ) ਬਰੈਕਟ ਵਿਚਲਾ ਪਹਿਲਾ ਸੰਕੇਤ ‘ਅ’ ਦਰਸਾਉਂਦਾ ਹੈ ਕਿ ਇਹ ਅਰਬੀ ਪਿਛੋਕੜ ਦਾ ਹੈ। ਦਿਲਚਸਪ ਗੱਲ ਹੈ ਕਿ ਲੇਖਕ ਨੇ ਆਪਣੇ ਵਲੋਂ ਦਿੱਤੀ ਮਿਸਾਲ ਵਿਚ ‘ਅ’ ਸੰਕੇਤ ਦਰਸਾਇਆ ਹੀ ਨਹੀਂ।
ਸਾਰੇ ਮਸਲੇ ਦੇ ਇਕ ਹੋਰ ਪਹਿਲੂ ‘ਤੇ ਜ਼ੋਰ ਦੇਣਾ ਚਾਹਾਂਗਾ। ਅਰਬੀ (ਨਾ ਕਿ ਉਰਦੂ-ਫਾਰਸੀ) ਅਗੇਤਰ ਜਿਸ ਨੂੰ ਉਹ ਮਅ (ਮੀਮ+ਐਨ) ਆਖਦੇ ਹਨ, ਦਾ ਨਾ ਅਰਬੀ ਸ਼ਬਦ ‘ਮਅ’ (ਜਿਸ ਦਾ ਅਰਥ ਨਾਲ, ਸਾਥ ਹੈ) ਨਾਲ ਕੋਈ ਸਬੰਧ ਹੈ ਤੇ ਨਾ ਹੀ ਸੰਸਕ੍ਰਿਤ ਪਿਛੇਤਰ ਮਯ ਨਾਲ। ਲੰਗੜੋਆ ਸਾਹਿਬ ਦਾ ਇਹ ਵਹਿਮ ਹੈ ਜਾਂ ਉਨ੍ਹਾਂ ਦੀ ਅੰਤਰਮੁਖੀ ਸੋਚ ਹੈ ਕਿ ਤਿੰਨੇ ਇਕਾਈਆਂ ਮੂਲੋਂ ਇਕ ਹਨ। ਸ਼ਬਦਾਂ ਦਾ ਪਿਛੋਕੜ ਲੱਭਣ ਵਿਚ ਪਏ ਕਈ ਲੋਕ ਥੋੜੀ ਬਹੁਤੀ ਧੁਨੀ ਅਤੇ ਅਰਥ ਦੀ ਸਾਂਝ ਦੇਖ ਕੇ ਅਕਸਰ ਇਸ ਵਹਿਮ ਦਾ ਸ਼ਿਕਾਰ ਹੋ ਜਾਂਦੇ ਹਨ। ਭਿੰਨ ਭਿੰਨ ਅਰਬੀ ਸ਼ਬਦਾਂ ਦੇ ਅਗੇਤਰ ਵਜੋਂ ਇਸ ਦੇ ਉਚਾਰਣ ਗੁਰਮੁਖੀ ਅੱਖਰਾਂ ਵਿਚ ਮ, ਮਿ, ਮੁ ਨਾਲ ਦਰਸਾਏ ਜਾ ਸਕਦੇ ਹਨ। ਅਰਬੀ ਲਿਪੀ ਵਿਚ ਇਨ੍ਹਾਂ ਲਈ ਵਰਤੇ ਜਾਂਦੇ ਚਿੰਨਾਂ ਨੂੰ ਤਕਸ਼ੀਲ (ਪੰਜਾਬੀ ਮਾਤਰਾਵਾਂ) ਕਿਹਾ ਜਾਂਦਾ ਹੈ। ਮੀਮ ਦੇ ਨਾਲ ‘ਅ’ ਧੁਨੀ ਪ੍ਰਗਟ ਕਰਨ ਲਈ ਵਰਤੇ ਜਾਂਦੇ ਤਕਸ਼ੀਲ ਨੂੰ ਫਤਹ ਆਖਦੇ ਹਨ ਜੋ ਮੀਮ ਦੇ ਉਪਰ ਲੱਗੇਗੀ (ਗੁਰਮੁਖੀ ਵਿਚ ਮੁਕਤਾ); ਮੀਮ ਦੇ ਨਾਲ ‘ਇ’ ਧੁਨੀ ਪ੍ਰਗਟ ਕਰਨ ਲਈ ਵਰਤੀ ਜਾਂਦੀ ਤਕਸ਼ੀਲ ਕਸਰਹ ਅਖਵਾਉਂਦੀ ਹੈ ਜੋ ਹੇਠਾਂ ਲਗਦੀ ਹੈ (ਗੁਰਮੁਖੀ ਸਿਹਾਰੀ) ਅਤੇ ‘ਉ’ ਧੁਨੀ ਪ੍ਰਗਟ ਕਰਨ ਵਾਲੀ ਤਕਸ਼ੀਲ ਹੈ ਜ਼ਮਹ (ਗੁਰਮੁਖੀ ਔਂਕੜ) ਕੌਮੇ ਦੀ ਸ਼ਕਲ ਜਿਹੀ ਇਹ ਮੀਮ ਦੇ ਉਪਰ ਲਗਦੀ ਹੈ।
ਲੰਗੜੋਆ ਸਾਹਿਬ ਪੁਛਦੇ ਹਨ ਕਿ ਇਨ੍ਹਾਂ ਚਿੰਨਾਂ ਵਾਲਾ ਅਗੇਤਰ ‘ਮ’ ਜੀਤ ਸਿੰਘ ਸੀਤਲ ਦੇ ਕੋਸ਼ ਵਿਚ ਨਹੀਂ ਹੈ। ਹੋ ਹੀ ਨਹੀਂ ਸੀ ਸਕਦਾ, ਸੀਤਲ ਦਾ ਕੋਸ਼ ਫਾਰਸੀ ਦਾ ਹੈ, ਅਰਬੀ ਦਾ ਨਹੀਂ, ਇਥੋਂ ਤਾਂ ਸਗੋਂ ਇਹ ਸਾਬਤ ਹੁੰਦਾ ਹੈ ਕਿ ਇਹ ਅਗੇਤਰ ਫਾਰਸੀ ਦਾ ਨਹੀਂ ਹੈ, ਇਸ ਅਗੇਤਰ ਨਾਲ ਫਾਰਸੀ ਦਾ ਕੋਈ ਸ਼ਬਦ ਨਹੀਂ ਬਣਦਾ। ਚਰਚਿਤ ਅਗੇਤਰ ਨਾਲ ਬਣਨ ਵਾਲੇ ਅਰਬੀ ਸ਼ਬਦ ਕਈ ਤਰ੍ਹਾਂ ਦੀਆਂ ਜਟਿਲ ਤਬਦੀਲੀਆਂ ਲਿਆਉਂਦੇ ਹਨ ਜਿਨ੍ਹਾਂ ਦੇ ਵਿਸਥਾਰ ਵਿਚ ਪੈਣ ਦੀ ਇਥੇ ਗੁੰਜਾਇਸ਼ ਨਹੀਂ। ਮੋਟੇ ਤੌਰ ‘ਤੇ ਅਰਬੀ ਵਿਆਕਰਣ ਅਨੁਸਾਰ ਇਹ ਅਗੇਤਰ ਲੱਗ ਕੇ ਕਿਸੇ ਕਾਰਜ ਹੋਣ ਵਾਲੇ ਸਥੱਲ ਜਾਂ ਕਿਸੇ ਕਾਰਜ ਦੇ ਕਾਰਕ ਸੂਚਕ ਸ਼ਬਦ ਬਣਦੇ ਹਨ। ਮ, ਮਿ, ਮੁ ਆਦਿ ਅਗੇਤਰ ਲੰਗੜੋਆ ਸਾਹਿਬ ਦੇ ਦਾਅਵੇ ਦੇ ਬਾਵਜੂਦ, ਨਾਲ, ਸਾਥ ਦੇ ਅਰਥਾਂ ਵਾਲੇ ‘ਮਅ’ ਸ਼ਬਦ ਦਾ ਰੁਪਾਂਤਰ ਨਹੀਂ ਹਨ ਤੇ ਨਾ ਹੀ ਇਨ੍ਹਾਂ ਤੋਂ ਬਣੇ ਢੇਰ ਸਾਰੇ ਸ਼ਬਦਾਂ ਵਿਚ ਇਹ ਅਰਥ ਪ੍ਰਗਟ ਹੁੰਦੇ ਹਨ। ਇਕ ਅਰਬੀ ਅਗੇਤਰ ‘ਤ’ ਹੈ ਜਿਸ ਦੇ ਲੱਗਣ ਨਾਲ ਭਾਵਵਾਚਕ ਨਾਂਵ ਬਣਦੇ ਹਨ ਜਿਵੇਂ ਤਕਸੀਮ, ਤਕਰੀਬਨ, ਤਸਕੀਨ, ਤਫਸੀਲ ਆਦਿ। ਕਲ੍ਹ ਨੂੰ ਲੰਗੜੋਆ ਸਾਹਿਬ ਆਖ ਸਕਦੇ ਹਨ ਕਿ ਇਸ ਦੀ ਵੀ ਸੰਸਕ੍ਰਿਤ ਪਿਛੇਤਰ ‘ਤਾ’ ਨਾਲ ਸਾਂਝ ਹੈ ਕਿਉਂਕਿ ਇਹ ਵੀ ਭਾਵਵਾਚਕ ਨਾਂਵ ਬਣਾਉਂਦਾ ਹੈ ਜਿਵੇਂ ਨਿਮਰਤਾ, ਸਮਾਨਤਾ, ਸੁੰਦਰਤਾ, ਵਿਲੱਖਣਤਾ। ਉਨ੍ਹਾਂ ਲਿਖਿਆ ਸੀ, ‘ਬਮੈ’ ਸ਼ਬਦ ਵਿਚ ‘ਮਅ’ ਸ਼ਬਦ ਦੀ ਵਰਤੋਂ ਭਾਵੇਂ ਪਿਛੇਤਰ ਦੇ ਤੌਰ ‘ਤੇ ਕੀਤੀ ਗਈ ਹੈ ਪਰ ਆਮ ਤੌਰ ‘ਤੇ ਇਹ ਸ਼ਬਦ ਅਗੇਤਰ ਵਜੋਂ ਹੀ ਵਰਤਿਆ ਜਾਂਦਾ ਹੈ। ਬੜਾ ਬਹੁਰੂਪੀਆ ਹੈ ਇਹ ਮਅ! ਇਸ ਕਥਨ ਦੇ ਪ੍ਰਸੰਗ ਵਿਚ ਮੇਰੇ ਵਲੋਂ ਕੀਤੀ ਟਿੱਪਣੀ ਦੀ ਵੀ ਉਨ੍ਹਾਂ ਨੂੰ ਸਮਝ ਨਹੀਂ ਆਈ ਕਿ ਅਗੇਤਰ ਨਾਲ ਅਗੇਤਰ ਜਾਂ ਪਿਛੇਤਰ ਲੱਗ ਕੇ ਘਟ ਹੀ ਕਦੇ ਕੋਈ ਸ਼ਬਦ ਬਣਦਾ ਹੈ ਜਿਸ ਦੇ ਜਵਾਬ ਵਜੋਂ ਉਨ੍ਹਾਂ ਅਗੇਤਰ ਨਾਲ ਹੋਰ ਸ਼ਬਦ ਲੱਗ ਕੇ ਬਣਦੇ ਸੰਯੁਕਤ ਸ਼ਬਦਾਂ ਦੀਆਂ ਮਿਸਾਲਾਂ ਦੇ ਦਿੱਤੀਆਂ ਹਨ। ਚੁੱਪ ਹੀ ਭਲੀ ਹੈ।