ਜੰਗਲ ਤੇ ਜੱਗ-ਜਹਾਨ

ਜੰਗਲਨਾਮਾ-4
‘ਜੰਗਲਨਾਮਾ’ ਉਨ੍ਹਾਂ ਜੰਗਲਾਂ ਦਾ ਬਿਰਤਾਂਤ ਦੱਸਦਾ ਹੈ ਜਿਥੇ ਮਾਓਵਾਦੀ ਆਪਣਾ ਸਿੱਕਾ ਚਲਾ ਰਹੇ ਹਨ। ਸਤਨਾਮ (ਅਸਲ ਨਾਂ ਗੁਰਮੀਤ) ਨੇ ਇਸ ਯਾਤਰਾ ਰਾਹੀਂ ਉਨ੍ਹਾਂ ਲੋਕਾਂ, ਉਨ੍ਹਾਂ ਦੇ ਫਿਕਰਾਂ ਅਤੇ ਉਨ੍ਹਾਂ ਦੇ ਜੁਝਾਰੂ ਜੀਵਨ ਬਾਰੇ ਲੰਮੀ ਬਾਤ ਸੁਣਾਈ ਹੈ। ਇਹ ਬਾਤ ਇਸ ਕਰ ਕੇ ਵਧੇਰੇ ਦਿਲਚਸਪ ਹੋ ਨਿਬੜੀ ਹੈ ਕਿਉਂਕਿ ਪਾਠਕ ਨੂੰ ਇਸ ਵਿਚੋਂ ਵਾਰ-ਵਾਰ ਆਪਣੇ ਹੀ ਜੀਵਨ ਦੇ ਝਲਕਾਰੇ ਦਿਸਦੇ ਹਨ।

ਇਹ ਬਾਤ ਸੁਣਾਉਂਦਿਆਂ ਸਤਨਾਮ ਦੀ ਬਿਰਤਾਂਤ-ਜੁਗਤ ਕਮਾਲ ਦੀ ਹੈ। ਇਸ ਬਿਰਤਾਂਤ ਵਿਚੋਂ ਮਾਓਵਾਦੀਆਂ ਦੇ ਘੋਲ ਦੀ ਝਲਕ ਤਾਂ ਮਿਲਦੀ ਹੀ ਹੈ, ਸਾਹਿਤਕ ਪੱਖ ਤੋਂ ਬਹੁਤ ਥਾਂਈਂ ਰੂਸੀ ਕਲਾਸਿਕ ਰਚਨਾਵਾਂ ਦੇ ਝਉਲੇ ਵੀ ਪੈਂਦੇ ਹਨ। ਪੰਜਾਬੀ ਵਿਚ ਅਜਿਹੀ ਅਨੂਠੀ ਰਚਨਾ ਘੱਟ ਹੀ ਨਜ਼ਰੀਂ ਪੈਂਦੀ ਹੈ। -ਸੰਪਾਦਕ

ਸਤਨਾਮ
ਕੈਂਪ ਵਿਚ ਹਰ ਕੋਈ ਆਪੋ-ਆਪਣੇ ਕੰਮੀਂ ਜੁੱਟਿਆ ਹੋਇਆ ਸੀ। ਮੇਰਾ ਕੰਮ ਇਹ ਸੀ ਕਿ ਜਿਸ ਨੂੰ ਵੀ ਵਿਹਲਾ ਬੈਠਾ ਦੇਖਾਂ, ਉਸ ਨੂੰ ਜਾ ਫੜ੍ਹਾਂ ਅਤੇ ਗੱਲੀਂ ਲਾ ਲਵਾਂ। ਕਿਹਾ ਜਾਵੇ ਤਾਂ ਮੇਰਾ ਇਹ ਕੰਮ ਸਭ ਤੋਂ ਮੁਸ਼ਕਲ ਸੀ। ਆਪਣੀ ਵਿਹਲ ਖ਼ਤਮ ਕਰਨ ਵਾਸਤੇ ਮੈਨੂੰ ਦੂਸਰਿਆਂ ਦੇ ਵਿਹਲੇ ਹੋਣ ਦਾ ਇੰਤਜ਼ਾਰ ਕਰਨਾ ਪੈਂਦਾ। ਇੰਤਜ਼ਾਰ ਸਭ ਤੋਂ ਭਿਆਨਕ ਚੀਜ਼ਾਂ ਵਿਚੋਂ ਇਕ ਹੈ, ਸੋ ਇਸ ਤੋਂ ਬਚਣ ਵਾਸਤੇ ਮੈਂ ਸਾਰੇ ਖ਼ੇਮੇ ਦਾ ਬਾਹਰ ਦਾ ਚੱਕਰ ਲਗਾਉਣ ਦੀ ਇੱਛਾ ਜ਼ਾਹਰ ਕੀਤੀ। ਕੈਂਪ ਵਿਚਲੇ ਮੁੰਡੇ-ਕੁੜੀਆਂ ਮੈਨੂੰ ਕੁਝ ਜ਼ਿਆਦਾ ਹੀ ਬੇਫਿਕਰ ਪ੍ਰਤੀਤ ਹੋਏ ਸਨ। ਮੈਂ ਹਿਫਾਜ਼ਤੀ ਦਸਤਿਆਂ ਅਤੇ ਮੋਰਚਿਆਂ ਦਾ ਚੱਕਰ ਲਾ ਕੇ ਸਾਰੇ ਬੰਦੋਬਸਤ ਦਾ ਜਾਇਜ਼ਾ ਲੈਣਾ ਚਾਹੁੰਦਾ ਸਾਂ। ਮੈਂ ਭਾਵੇਂ ਜਾਣਦਾ ਸਾਂ ਕਿ ਜਦੋਂ ਖ਼ਤਰਾ ਹੋਇਆ, ਤਾਂ ਸਾਰੇ ਹੀ ਇਕੋ ਸੀਟੀ ਦੀ ਆਵਾਜ਼ ਨਾਲ ਆਪਣੇ-ਆਪਣੇ ਮੋਰਚੇ ਮੱਲ ਲੈਣਗੇ।
ਇਸ ਦਾ ਇਕ ਕਾਰਨ ਇਹ ਵੀ ਸੀ ਕਿ ਬੈਠੇ ਰਹਿਣ ਨਾਲ ਮੇਰਾ ਧਿਆਨ ਪੈਰ ਦੀ ਦਰਦ ਉਤੇ ਕੇਂਦਰਤ ਹੋ ਜਾਂਦਾ ਸੀ ਜਦਕਿ ਚੱਲਦੇ ਰਹਿਣ ਨਾਲ ਰਾਹਤ ਮਹਿਸੂਸ ਹੁੰਦੀ ਸੀ। ਗਾਰਡ ਨੂੰ ਨਾਲ ਲੈ ਕੇ ਮੈਂ ਬੇਵਜ੍ਹਾ ਹੀ ਇਧਰ-ਉਧਰ ਘੁੰਮਦਾ ਨਹੀਂ ਸੀ ਰਹਿ ਸਕਦਾ। ਸੋ ਸਾਰੇ ਖ਼ੇਮੇ ਦਾ ਚੱਕਰ ਲਾਉਣ ਨਾਲ ਮੇਰੇ ਤਿੰਨ ਕਾਜ ਨਾਲੋ ਨਾਲ ਪੂਰੇ ਹੁੰਦੇ ਸਨ। ਮੈਨੂੰ ਦੱਸਿਆ ਗਿਆ ਕਿ ਦੁਪਹਿਰ ਦੇ ਖਾਣੇ ਤੋਂ ਬਾਅਦ ਇਸ ਦੀ ਇਜਾਜ਼ਤ ਹੋਵੇਗੀ।
ਦੁਪਹਿਰ ਦੇ ਖਾਣੇ ਤੋਂ ਪਹਿਲਾਂ ਮੈਨੂੰ ਬੰਗਾਲ ਤੋਂ ਪਹੁੰਚੇ ਇਕ ਸਾਥੀ ਨਾਲ ਗੱਲਬਾਤ ਕਰਨ ਦਾ ਮੌਕਾ ਮਿਲ ਗਿਆ। ਬਹੁਤੇ ਬੰਗਾਲੀ ਹਿੰਦੀ ਸਮਝਣ ਤੇ ਬੋਲਣ ਦੇ ਯੋਗ ਹੁੰਦੇ ਹਨ, ਸੋ ਉਸ ਨਾਲ ਗੱਲ ਕਰਦੇ ਹੋਏ ਜ਼ਿਆਦਾ ਦਿੱਕਤ ਨਹੀਂ ਆਵੇਗੀ, ਸੋਚ ਕੇ ਮੈਂ ਉਸ ਵੱਲ ਰੁਖ਼ ਕੀਤਾ।
“ਤੁਸੀਂ ਲਹਿਰ ਦੀ ਜਨਮ ਭੋਇੰ ਤੋਂ ਹੋ। ਦੂਹਰਾ ਤਜਰਬਾ ਹੈ। ਕੀ ਇਸ ਜੰਗਲ ਵਿਚੋਂ ਯੁੱਧ ਜਿੱਤ ਲਵੋਗੇ?”
“ਹਿੰਦੋਸਤਾਨ ਬਹੁਤ ਵਿਸ਼ਾਲ ਹੈ।” ਕਹਿ ਕੇ ਉਹ ਥੋੜ੍ਹੀ ਦੇਰ ਲਈ ਰੁਕ ਗਿਆ। ਮੈਂ ਆਪਣੀ ਫਾਈਲ ਤੋਂ ਨਜ਼ਰਾਂ ਚੁੱਕੀਆਂ ਤੇ ਉਸ ਵੱਲ ਦੇਖਿਆ। ਉਹ ਅਹਿੱਲ ਬੈਠਾ ਸੀ ਤੇ ਉਸ ਦਾ ਹੱਥ ਬਾਂਸ ਦੀ ਬਣੀ ਮੇਜ਼ ਉਤੇ ਪਈ ਰਾਈਫਲ ਉਤੇ ਟਿਕਿਆ ਹੋਇਆ ਸੀ। ਬਿਨਾਂ ਮੇਰੇ ਵੱਲ ਵੇਖੇ ਉਸ ਨੇ ਅੱਗੇ ਕਹਿਣਾ ਸ਼ੁਰੂ ਕੀਤਾ, “ਕਰੋੜਾਂ ਕਰੋੜਾਂ ਦੇ ਸ਼ਹਿਰ ਹੋਂਦ ਵਿਚ ਆ ਚੁੱਕੇ ਹਨ। ਸੰਚਾਰ ਸਾਧਨਾਂ ਦਾ ਜਾਲ ਪਹਿਲਾਂ ਨਾਲੋਂ ਕਿਤੇ ਸੰਘਣਾ ਹੋ ਗਿਆ ਹੈ। ਹਕੂਮਤ ਵੀ ਅਥਾਹ ਫੌਜੀ ਤਾਕਤ ਦੀ ਮਾਲਕ ਬਣ ਚੁੱਕੀ ਹੈ। ਮਜ਼ਦੂਰ ਜਮਾਤ ਵਿਚ ਤੇ ਸ਼ਹਿਰੀ ਨਿੱਕ-ਬੁਰਜੂਆ ਤਬਕਿਆਂ ਵਿਚ ਇਨਕਲਾਬੀ ਸਿਆਸਤ ਦੇ ਪ੍ਰਭਾਵ ਤੇ ਪਸਾਰ ਵਿਚ ਅਸੀਂ ਬਹੁਤ ਪਿਛੇ ਹਾਂ। ਦੁਨੀਆਂ ਭਰ ਵਿਚ ਹੀ ਕਮਿਊਨਿਸਟ ਤਾਕਤਾਂ ਦੀ ਗਿਣਤੀ ਸੰਕਟ ਦੇ ਮੁਕਾਬਲੇ ਬਹੁਤ ਥੋੜ੍ਹੀ ਹੈ। ਕਈ ਸਾਲਾਂ ਦੇ ਵਕਫੇ ਪਿਛੋਂ ਵਿਕਸਿਤ ਦੇਸ਼ਾਂ ਵਿਚ ਲੋਕ ਹਰਕਤ ਵਿਚ ਆਉਣ ਲੱਗੇ ਹਨ ਜਿਸ ਨੂੰ ਜੀ ਆਇਆਂ ਕਹਿਣਾ ਚਾਹੀਦਾ ਹੈ। ਦੇਸ਼ ਅੰਦਰਲੇ ਸੰਕਟ ਵਿਚ ਜੇ ਅਸੀਂ ਸਿਆਸੀ ਦਖ਼ਲਅੰਦਾਜ਼ੀ ਕਰਨ ਵਿਚ ਨਾਕਾਮ ਰਹਿ ਜਾਵਾਂਗੇ ਤਾਂ ਇਕੱਲਾ ਜੰਗਲ ਹੀ ਇਨਕਲਾਬ ਕਿਵੇਂ ਲੈ ਆਵੇਗਾ। ਸਾਨੂੰ ਜ਼ਰੂਰਤ ਹੈ, ਅਸੀਂ ਵਿਸ਼ਾਲ ਹਿੱਸਿਆਂ ਨੂੰ ਗੋਲਬੰਦ ਕਰੀਏ, ਇਸ ਡੂੰਘੇ ਸੰਕਟ ਦਾ ਫਾਇਦਾ ਉਠਾਈਏ। ਲਹਿਰ ਦਾ ਜੰਗਲ ਤੋਂ ਬਾਹਰ ਹੋਰ ਹਿੱਸਿਆਂ ਤੇ ਮੈਦਾਨੀ ਇਲਾਕਿਆਂ ਵਿਚ ਫੈਲਣਾ ਜ਼ਰੂਰੀ ਹੈ, ਤੇ ਨਾਲ ਹੀ ਜ਼ਰੂਰੀ ਹੈ ਸ਼ਹਿਰਾਂ ਵਿਚ ਇਨਕਲਾਬੀ ਕੰਮ ਦਾ ਪਸਾਰਾ।”
“ਸੋ, ਲੋਕ ਯੁੱਧ?”
“ਮੈਂ ਸ਼ਹਿਰਾਂ ਵਿਚਲੇ ਕੰਮ ਦੇ ਮਹੱਤਵ ਦਾ ਜ਼ਿਕਰ ਕਰ ਰਿਹਾ ਹਾਂ। ਲੋਕ ਯੁੱਧ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਦਾ। ਅਸੀਂ ਖ਼ੁਦ ਨੂੰ ਇਥੋਂ ਤਕ ਹੀ ਸੀਮਤ ਨਹੀਂ ਰੱਖ ਸਕਦੇ। ਇਹ ਨਹੀਂ ਹੋ ਸਕਦਾ ਕਿ ਸ਼ਹਿਰ ਸਾਡੇ ਅਸਰ ਤੋਂ ਮੁਕਤ ਰਹਿਣ ਦਿੱਤੇ ਜਾਣ। ਉਹ ਸਥਿਤੀ ਅਜੀਬ ਹੋਵੇਗੀ ਕਿ ਪਿੰਡਾਂ ਵਿਚ ਸਾਡਾ ਵਿਸ਼ਾਲ ਆਧਾਰ ਹੋਵੇ ਤੇ ਸ਼ਹਿਰ ਬਹੁਤ ਪੱਛੜੇ ਹੋਏ ਰਹਿ ਜਾਣ। ਦੋਵਾਂ ਦਰਮਿਆਨ ਦਾ ਵੱਡਾ ਪਾੜਾ ਗ਼ੈਰ-ਕੁਦਰਤੀ ਗੱਲ ਹੋਵੇਗੀ। ਅਸੀਂ ਚਾਹਾਂਗੇ ਕਿ ਅੱਤ ਸੰਕਟ ਦੀ ਘੜੀ ਵਿਚ ਮੌਕੇ ਨੂੰ ਸੰਭਾਲ ਸਕੀਏ ਅਤੇ ਉਸ ਨੂੰ ਇਨਕਲਾਬੀ ਸੰਕਟ ਵਿਚ ਤਬਦੀਲ ਕਰ ਦੇਈਏ।”
ਬੰਗਾਲੀ ਗੁਰੀਲੇ ਨੇ ਅਨੇਕਾਂ ਹੋਰ ਗੱਲਾਂ ਕਹੀਆਂ। ਇਨਕਲਾਬੀ ਸਿਆਸਤ ਦੇ ਪ੍ਰਚਾਰ ਨੂੰ ਵਿਸ਼ਾਲ ਬਣਾਏ ਜਾਣ ਦੇ ਮਾਮਲੇ ਸਬੰਧੀ ਉਸ ਨੂੰ ਕਾਫੀ ਫਿਕਰ ਸੀ।
“ਇਸ ਕੈਂਪ ਦਾ ਕੀ ਮਕਸਦ ਹੈ?” ਮੈਂ ਤੀਸਰਾ ਸਵਾਲ ਕੀਤਾ।
“ਅਜਿਹੇ ਕੈਂਪ ਅਸੀਂ ਅਕਸਰ ਲਾਉਂਦੇ ਰਹਿੰਦੇ ਹਾਂ ਜਿਥੇ ਵੱਖ-ਵੱਖ ਇਲਾਕਿਆਂ ਦੇ ਗੁਰੀਲੇ ਤਜਰਬੇ ਸਾਂਝੇ ਕਰਦੇ ਹਨ। ਇਕ ਦੂਸਰੇ ਤੋਂ ਸਿੱਖਦੇ-ਸਿਖਾਉਂਦੇ ਹਨ। ਇਨ੍ਹੀਂ ਦਿਨੀਂ ਉਹ ਦੁਸ਼ਮਣ ਦੇ ਛੋਟੇ ਟਿਕਾਣਿਆਂ ਉਤੇ ਅਚਾਨਕ ਧਾਵਾ ਬੋਲ ਕੇ ਉਨ੍ਹਾਂ ਉਤੇ ਕਬਜ਼ਾ ਕਰਨ ਦੀਆਂ ਤਕਨੀਕਾਂ ਦਾ ਅਧਿਐਨ ਤੇ ਰਿਹਰਸਲ ਕਰ ਰਹੇ ਹਨ।”
ਅਜਿਹੀਆਂ ਰਿਹਰਸਲਾਂ ਉਹ ਕਰ ਹੀ ਰਹੇ ਸਨ, ਇਹ ਮੈਂ ਕੱਲ੍ਹ ਦੇਖ ਚੁੱਕਾ ਸਾਂ। ਉਹ ਗਤੀਸ਼ੀਲ ਨਿਸ਼ਾਨੇ ਵੀ ਫੁੰਡ ਰਹੇ ਸਨ। ਦੁਸ਼ਮਣ ਨੂੰ ਇਕ ਬਾਹੀ ਉਤੇ ਉਲਝਾਅ ਕੇ ਦੂਸਰੀ ਬਾਹੀ ਤੋਂ ਵੱਡਾ ਹਮਲਾ ਕਰ ਕੇ ਘੇਰਨ ਦੀ ਟਰੇਨਿੰਗ ਲੈ ਰਹੇ ਸਨ। ਸੁਰੱਖਿਆ ਨੂੰ ਸਰਗਰਮ ਹਮਲੇ ਰਾਹੀਂ ਕਿਵੇਂ ਯਕੀਨੀ ਬਣਾਉਣਾ ਹੈ, ਸਬੰਧੀ ਵਿਸ਼ੇ ਉਤੇ ਉਹ ਵਿਚਾਰਾਂ ਵੀ ਕਰ ਰਹੇ ਸਨ।
ਬਹੁਤੇ ਫੌਜੀ ਮਾਮਲੇ ਮੇਰੀ ਸਮਝ ਤੋਂ ਬਾਹਰ ਦੀ ਗੱਲ ਹਨ। ਸੋ ਜੋ ਕੁਝ ਮੈਂ ਦੇਖਿਆ ਤੇ ਸੁਣਿਆ, ਉਸ ਨੂੰ ਹੀ ਬਿਆਨ ਕਰ ਦੇਵਾਂ, ਇੰਨਾ ਹੀ ਕਾਫੀ ਹੈ। ਵੈਸੇ ਵੀ ਮੈਂ ਕੈਂਪ ਦੇ ਤੌਰ ਤਰੀਕਿਆਂ ਨੂੰ ਦੇਖਣ ਦੀ ਸੋਚ ਕੇ ਉਥੇ ਨਹੀਂ ਸੀ ਗਿਆ। ਕੈਂਪ ਤਾਂ ਸਬੱਬੀਂ ਲੱਗਾ ਲਗਾਇਆ ਮਿਲ ਗਿਆ।
ਮੈਂ ਸੁਣਿਆ ਸੀ ਕਿ ਹਿੰਦੋਸਤਾਨ ਵਿਚ ਅਜੇ ਵੀ ਅਜਿਹੇ ਕਬੀਲੇ ਹਨ ਜਿਥੋਂ ਦੇ ਲੋਕ “ਸਭਿਅਤਾ” ਦੀ ਛੋਹ ਤੋਂ ਪਰੇ ਹਨ ਅਤੇ ਉਥੇ ਅਜੇ ਵੀ ‘ਇਕ ਰੱਬ’ ਦੇ ਸੰਕਲਪ ਦੀ ਕੋਈ ਥਾਂ ਨਹੀਂ ਹੈ; ਉਥੇ ਨਾ ਲੋਕ ਹਿੰਦੂ ਹਨ, ਨਾ ਮੁਸਲਮਾਨ ਅਤੇ ਨਾ ਹੀ ਈਸਾਈ। ਰਾਮ, ਮੁਹੰਮਦ ਅਤੇ ਈਸਾ ਬਾਰੇ ਉਨ੍ਹਾਂ ਨੇ ਸੁਣਿਆ ਵੀ ਨਹੀਂ ਹੋਇਆ। ਗਾਂ ਦਾ ਮਾਸ ਖਾਂਦੇ ਹਨ, ਸੂਰ ਦਾ ਸ਼ਿਕਾਰ ਕਰਦੇ ਹਨ ਅਤੇ ਕੀੜੇ-ਮਕੌੜੇ ਤੱਕ ਖਾ ਜਾਂਦੇ ਹਨ। ਕੱਪੜੇ ਉਹ ਅਜੇ ਵੀ ਸਾਰੇ ਲੋਕ ਪਾਉਣ ਨਹੀਂ ਲੱਗੇ। ਪਾਪ, ਪੁੰਨ, ਦਇਆ, ਦਰਿੰਦਗੀ, ਮਾਨਸਿਕ ਰੋਗ ਤੇ ਜ਼ਿਹਨੀ ਅੱਯਾਸ਼ੀ ਵਗ਼ੈਰਾ ਵਗ਼ੈਰਾ ਉਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਨਹੀਂ ਹਨ। ਇਹੀ ਦੇਖਣ ਵਾਸਤੇ ਮੈਂ ਉਥੇ ਪਹੁੰਚਿਆ ਸਾਂ ਅਤੇ ਇਹ ਸਾਰਾ ਕੁਝ ਹੀ ਮੈਂ ਉਥੇ ਦੇਖਿਆ। ਇਹ ਸਾਰਾ ਕੁਝ, ਤੇ ਹੋਰ ਵੀ ਕਈ ਕੁਝ ਜੋ ਉਹ ਲੋਕ ਕਰਦੇ ਹਨ, ਅਸੀਂ ਅਗਾਂਹ ਚੱਲ ਕੇ ਦੇਖਾਂਗੇ ਜਦੋਂ ਅਸੀਂ ਜੰਗਲ ਵਿਚ ਘੁੰਮਾਂਗੇ।
ਫਿਲਹਾਲ ਅਸੀਂ ਖ਼ੇਮੇ ਦੁਆਲੇ ਚੱਕਰ ਲਗਾਉਣਾ ਹੈ ਜਿਸ ਬਾਰੇ ਸਾਨੂੰ ਦੁਪਹਿਰ ਤੋਂ ਬਾਅਦ ਜਾਣ ਦੀ ਇਜਾਜ਼ਤ ਮਿਲੀ ਹੈ।
ਖ਼ੇਮੇ ਦਾ ਚੱਕਰ ਲਗਾਉਣ ਲਈ ਤਿੰਨ ਜਣੇ ਸਾਡੇ ਨਾਲ ਹੋਰ ਤੋਰ ਦਿੱਤੇ ਗਏ। ਇਕ ਲੜਕਾ ਤੇ ਦੋ ਲੜਕੀਆਂ। ਤਿੰਨੇ ਹੀ ਗੌਂਡ ਕਬੀਲੇ ਦੇ ਹਨ। ਨਵਾਂ ਆਇਆ ਲੜਕਾ ਥੋੜ੍ਹੀ ਹਿੰਦੀ ਬੋਲ ਸਕਦਾ ਹੈ। ਉਹ ਮੇਰੀ ਮੁਸ਼ਕਲ ਆਸਾਨ ਕਰਨ ਵਾਸਤੇ ਹੀ ਸਾਡੇ ਨਾਲ ਤੋਰਿਆ ਗਿਆ ਹੈ। ਦੋਵੇਂ ਕੁੜੀਆਂ ਹਿੰਦੀ ਦਾ ਕੋਈ ਸ਼ਬਦ ਤੱਕ ਨਹੀਂ ਜਾਣਦੀਆਂ, ਉਹ ਸਿਰਫ ਸੁਰੱਖਿਆ ਕਾਰਨਾਂ ਕਰ ਕੇ ਸਾਡੇ ਨਾਲ ਆਈਆਂ ਹਨ।
ਜਿਸ ਰਸਤੇ ਤੋਂ ਅਸੀਂ ਦੋ ਦਿਨ ਪਹਿਲਾਂ ਕੈਂਪ ਵਿਚ ਦਾਖ਼ਲ ਹੋਏ ਸਾਂ, ਉਸੇ ਰਸਤੇ ਬਾਹਰ ਵੱਲ ਨਿਕਲਦੇ ਹਾਂ। ਜਿਸ ਪਹਾੜੀ ਉਤੇ ਅਸੀਂ ਚੜ੍ਹਨ ਲਗਦੇ ਹਾਂ, ਉਹ ਬਾਂਸ ਦੇ ਘਣੇ ਜੰਗਲ ਨਾਲ ਘਿਰੀ ਹੋਈ ਹੈ। ਪਹਾੜੀ ਦੇ ਸਿਖ਼ਰ ਉਤੇ ਉਚੀ ਮਚਾਨ ਬਣੀ ਹੋਈ ਹੈ ਜਿਸ ਉਤੇ ਚੜ੍ਹੀ ਗੁਰੀਲਾ ਕੁੜੀ ਪਹਿਰਾ ਦੇ ਰਹੀ ਹੈ। ਹੇਠਾਂ ਦੋ ਜਣੇ ਹੋਰ ਹਨ ਜਿਨ੍ਹਾਂ ਵਿਚੋਂ ਇਕ ਜਣਾ ਬਾਂਸ ਦੇ ਟੁਕੜੇ ਜੋੜ-ਜੋੜ, ਕੁਰਸੀ ਤਿਆਰ ਕਰ ਰਿਹਾ ਹੈ। ਇਕ ਮੇਜ਼ ਪਹਿਲਾਂ ਹੀ ਤਿਆਰ ਕਰ ਕੇ ਗੱਡ ਦਿੱਤਾ ਗਿਆ ਹੈ। ਉਹ ਦੋਵੇਂ ਜਣੇ ਗਰਮਜੋਸ਼ੀ ਨਾਲ ਸਾਡੇ ਨਾਲ ਹੱਥ ਮਿਲਾਉਂਦੇ ਹਨ। ਮਚਾਨ ਉਤੇ ਚੜ੍ਹੀ ਹੋਈ ਕੁੜੀ ਉਪਰੋਂ ਹੀ ਤਣੇ ਹੋਏ ਮੁੱਕੇ ਦਾ ਸਲਾਮ ਕਹਿੰਦੀ ਹੈ ਅਤੇ ਫਿਰ ਆਪਣੀਆਂ ਨਜ਼ਰਾਂ ਆਲੇ-ਦੁਆਲੇ ਦੀ ਪੜਤਾਲ ਉਤੇ ਟਿਕਾ ਲੈਂਦੀ ਹੈ।
ਪਰ ਸੈਂਟਰੀ ਪੋਸਟ ਉਪਰ ਮੇਜ਼ ਕੁਰਸੀ ਦਾ ਕੀ ਕੰਮ? ਦੁਭਾਸ਼ੀਆ ਦੱਸਦਾ ਹੈ ਕਿ ਇਹ ਪੜ੍ਹਨ ਤੇ ਆਰਾਮ ਕਰਨ ਲਈ ਬਣਾਏ ਜਾ ਰਹੇ ਹਨ। ਇਕ ਜਣਾ ਉਪਰ ਪਹਿਰਾ ਦੇਵੇਗਾ ਤੇ ਚਾਰੇ ਪਾਸੇ ਨਜ਼ਰ ਰੱਖੇਗਾ, ਇਕ ਜਣਾ ਹੇਠਾਂ ਪਹਿਰੇ ਉਤੇ ਖੜ੍ਹਾ ਰਹੇਗਾ ਜਦਕਿ ਬਾਕੀ ਦੇ ਦੋ ਜਣੇ ਆਪਣੀ ਗਸ਼ਤ ਮੁਕਾਉਣ ਤੋਂ ਬਾਅਦ ਮੇਜ਼ ਕੁਰਸੀ ਉਤੇ ਆਰਾਮ ਕਰ ਸਕਦੇ ਹਨ ਅਤੇ ਪੜ੍ਹ ਸਕਦੇ ਹਨ। ਸੁਰੱਖਿਆ ਦੇ ਮੋਰਚੇ ਉਤੇ ਉਨ੍ਹਾਂ ਦੀਆਂ ਕਿੱਟਾਂ ਉਨ੍ਹਾਂ ਦੇ ਕੋਲ ਹੀ ਸਨ ਅਤੇ ਕਿਤਾਬਾਂ ਵੀ।
ਮੇਜ਼ ਕੁਰਸੀ ਬਣਾ ਰਿਹਾ ਨੌਜਵਾਨ ਆਪਣੇ ਹੁਨਰ ਵਿਚ ਮਾਹਰ ਦਿਖਾਈ ਦਿੰਦਾ ਹੈ। ਦਾਤੀ ਅਤੇ ਸਿਰੇ ਤੋਂ ਮੁੜਿਆ ਹੋਇਆ ਚਾਕੂ ਹੀ ਉਸ ਦੇ ਸੰਦ ਹਨ। ਚਾਕੂ ਦੀ ਮਦਦ ਨਾਲ ਉਹ ਐਨ ਸੇਧ ਵਿਚ ਬਾਂਸ ਦੇ ਲੰਬੇ ਲੰਬੇ ਟੁਕੜੇ ਕੱਟਦਾ ਹੈ। ਇਨ੍ਹਾਂ ਟੁਕੜਿਆਂ ਨੂੰ ਜੋੜਨ ਵਾਸਤੇ ਉਸ ਕੋਲ ਰੇਸ਼ੇਦਾਰ ਦਰੱਖ਼ਤ ਤੋਂ ਹਾਸਲ ਕੀਤੇ ਗਏ ਰੇਸ਼ੇ ਹਨ। ਇਨ੍ਹਾਂ ਤੋਂ ਉਹ ਬੰਨ੍ਹਣ ਦਾ ਕੰਮ ਲੈਂਦਾ ਹੈ। ਇਹ ਨੌਜਵਾਨ ਦਸਦਾ ਹੈ ਕਿ ਉਹ ਦਰਵਾਜ਼ੇ, ਖਿੜਕੀਆਂ ਅਤੇ ਹੋਰ ਕਈ ਤਰ੍ਹਾਂ ਦਾ ਫਰਨੀਚਰ ਬਣਾ ਸਕਦਾ ਹੈ। ਇਹ ਕੰਮ ਉਸ ਨੇ ਲਾਗਲੇ ਕਸਬੇ ਤੋਂ ਸਿੱਖਿਆ ਸੀ, ਪਰ ਹੁਣ ਉਹ ਗੁਰੀਲਾ ਦਸਤੇ ਦਾ ਮੈਂਬਰ ਹੈ ਅਤੇ ਆਪਣੇ ਹੁਨਰ ਨੂੰ ਇਨਕਲਾਬ ਵਾਸਤੇ ਵਰਤ ਰਿਹਾ ਹੈ। ਉਹ ਬੰਦੂਕਾਂ ਦੇ ਬੱਟ ਵੀ ਸੁਹਣੇ ਘੜ ਲੈਂਦਾ ਹੈ। ਆਪਣੇ ਦਸਤੇ ਵਿਚ ਉਹ ਗੁਰੀਲਾ ਵੀ ਹੈ ਅਤੇ ਮਿਸਤਰੀ ਵੀ।
ਪਹਾੜੀਆਂ ਤੇ ਛੋਟੇ-ਛੋਟੇ ਨਾਲਿਆਂ ਨੂੰ ਲੰਘਦੇ ਹੋਏ ਅਸੀਂ ਦੂਸਰੀ ਸੁਰੱਖਿਆ ਚੌਕੀ ਵੱਲ ਹੋ ਤੁਰੇ। ਸਾਡਾ ਤੁਰਨਾ ਇਥੇ ਵੀ ਫੌਜੀ ਫਾਰਮੇਸ਼ਨ ਵਿਚ ਹੈ, ਪਾਲ ਬੰਨ੍ਹ ਕੇ, ਸੈਰ-ਸਪਾਟੇ ਵਾਂਗ ਨਹੀਂ। ਗੁਰੀਲਾ-ਜੀਵਨ ਜ਼ਾਬਤਾ-ਬੱਧ ਹੈ। ਇਸ ਜ਼ਾਬਤੇ ਰਾਹੀਂ ਉਹ ਆਪਣੇ ਆਪ-ਮੁਹਾਰੇਪਣ ਨੂੰ ਵੱਸ ਵਿਚ ਕਰਨਾ ਸਿੱਖਦਾ ਹੈ। ਜੰਗਲ ਦੇ ਖੁੱਲ੍ਹੇ-ਡੁੱਲ੍ਹੇ ਮਾਹੌਲ ਵਿਚ ਪਲਣ ਵਾਲੇ ਅਤੇ ਇਧਰ-ਉਧਰ ਘੁੰਮ ਕੇ ਜੰਗਲ-ਉਪਜ ਦੀ ਤਲਾਸ਼ ਕਰਨ ਵਾਲੇ ਇਨਸਾਨਾਂ ਵੱਲੋਂ ਸਖਤ ਫੌਜੀ ਜ਼ਾਬਤੇ ਵਾਸਤੇ ਆਪਣੇ ਆਪ ਨੂੰ ਢਾਲ ਲੈਣਾ ਆਸਾਨ ਨਹੀਂ ਹੈ। ਹੁਣ ਵੀ ਜਦ ਉਨ੍ਹਾਂ ਨੂੰ ‘ਮਨ ਆਈ’ ਕਰਨ ਦਾ ਮੌਕਾ ਮਿਲਦਾ ਹੈ ਤਾਂ ਉਹ ਬਹੁਤ ਖ਼ੁਸ਼ ਹੁੰਦੇ ਹਨ। ਮਿਸਾਲ ਵਜੋਂ ਲੱਕੜੀਆਂ ਚੁਗਣ, ਕੰਦ ਮੂਲ ਲੱਭਣ ਜਾਂ ਬਾਂਸ ਦੀਆਂ ਕੱਚੀਆਂ ਗੁੱਲੀਆਂ ਤੋੜਨ ਲਈ ਜਾਣ ਵੇਲੇ। ਉਦੋਂ ਉਹ ਖ਼ਰਮਸਤੀਆਂ ਕਰਦੇ ਅਤੇ ਖੁੱਲ੍ਹਾਂ ਮਾਣਦੇ ਹਨ, ਪਰ ਇਸ ਖੋਜ-ਭਾਲ ਵਾਸਤੇ ਤੈਅ-ਸ਼ੁਦਾ ਸਮਾਂ ਹੁੰਦਾ ਹੈ ਜਿਸ ਦੇ ਅੰਦਰ ਅੰਦਰ ਉਨ੍ਹਾਂ ਨੇ ਵਾਪਸ ਮੁੜਨਾ ਹੁੰਦਾ ਹੈ। ਇਸ ਕਾਰਨ ਭਾਵੇਂ ਉਹ ਜ਼ਿਆਦਾ ਦੂਰ ਨਹੀਂ ਨਿਕਲ ਸਕਦੇ, ਫਿਰ ਵੀ ਜਦੋਂ ਕਿਸੇ ਦੀ ਅਜਿਹੀ ਜ਼ਿੰਮੇਵਾਰੀ ਲਗਦੀ ਹੈ ਤਾਂ ਉਸ ਨੂੰ ਚਾਅ ਚੜ੍ਹ ਜਾਂਦਾ ਹੈ। ਨਿਰਸੰਦੇਹ, ਇਨ੍ਹਾਂ ਕੰਮਾਂ ਲਈ ਨਿਕਲਣ ਵੇਲੇ ਵੀ ਉਹ ਆਪਣਾ ਹਥਿਆਰ ਨਾਲ ਹੀ ਰੱਖਦੇ ਹਨ।
ਰਸਤੇ ਵਿਚ ਇਕ ਛੋਟੇ ਨਾਲੇ ਨੂੰ ਪਾਰ ਕਰਦੇ ਸਮੇਂ ਪਾਣੀ ਅੰਦਰ ਲਾਲ ਰੰਗ ਦੇ ਢੇਰ ਜਿਹੇ ਨੇ ਮੇਰਾ ਧਿਆਨ ਖਿੱਚਿਆ। ਮੈਂ ਪਤਾ ਲਗਾਉਣਾ ਚਾਹਿਆ ਕਿ ਇਹ ਕੀ ਹੈ, ਕਿਉਂਕਿ ਉਸ ਲਾਲ ਢੇਰ ਉੱਪਰੋਂ ਵਗ ਰਿਹਾ ਪਾਣੀ ਸਾਫ ਸੀ।
“ਚੁੰਬਕ ਹੈ।” ਮੇਰੇ ਦੁਭਾਸ਼ੀਏ ਨੇ ਦੱਸਿਆ।
ਮੈਂ ਸੋਚਿਆ ਚਕਮਾਕ ਪੱਥਰ ਹੋਵੇਗਾ, ਪਰ ਉਹ ਜਿਲ੍ਹਬ ਵਰਗਾ ਮੁਲਾਇਮ ਅਤੇ ਰੂੰ ਵਾਂਗ ਨਰਮ ਸੀ ਅਤੇ ਹੱਥਾਂ ਦੀ ਪਕੜ ਵਿਚ ਨਹੀਂ ਸੀ ਆਉਂਦਾ। ਹਿਲਾਏ ਜਾਣ ਉਤੇ ਉਹ ਥੋੜ੍ਹਾ ਵਹਿ ਗਿਆ, ਬਾਕੀ ਦਾ ਫਿਰ ਉਸੇ ਤਰ੍ਹਾਂ ਢੇਰ ਵਿਚ ਇਕੱਠਾ ਹੋ ਗਿਆ। ਮੈਂ ਨਹੀਂ ਜਾਣਦਾ ਕਿ ਉਹ ਚੁੰਬਕ ਸੀ ਜਾਂ ਲੋਹੇ ਦਾ ਜੰਗਾਲ, ਪਰ ਬਸਤਰ ਵਿਚ ਲੋਹਾ ਇਸ ਦੀ ਮਿੱਟੀ ਵਿਚ ਦੂਰ ਦੂਰ ਤਕ ਫੈਲਿਆ ਹੋਇਆ ਹੈ। ਬੈਲਾਡਿਲਾ ਦੀਆਂ ਲੋਹੇ ਦੀਆਂ ਖਾਣਾਂ ਦੁਨੀਆਂ ਭਰ ਵਿਚ ਮਸ਼ਹੂਰ ਹਨ। ਬਸਤਰ ਦੇ ਇਸੇ ਲੋਹੇ ਦੀ ਬਦੌਲਤ ਜਪਾਨ ਆਪਣੇ ਕਾਰਖ਼ਾਨੇ ਚਲਾਉਂਦਾ ਹੈ ਤੇ ਉਸ ਦੀ ਆਟੋ ਸਨਅਤ ਦੁਨੀਆਂ ਭਰ ਵਿਚ ਛਾਈ ਹੋਈ ਹੈ। ਇਨ੍ਹਾਂ ਲੋਹੇ ਦੀਆਂ ਖਾਣਾਂ ਨੇ ਕਬਾਇਲੀ ਲੋਕਾਂ ਦੀ ਜ਼ਿੰਦਗੀ ਨਾਲ ਜਿਹੋ ਜਿਹਾ ਖਿਲਵਾੜ ਕੀਤਾ ਹੈ, ਉਸ ਨੂੰ ਸੁਣ ਕੇ ਰੂਹ ਕੰਬ ਜਾਂਦੀ ਹੈ। ਮੀਲਾਂ ਵਿਚ ਫੈਲੀਆਂ ਹੋਈਆਂ ਬੈਲਾਡਿਲਾ ਦੀਆਂ ਖਾਣਾਂ ਵਿਚੋਂ ਹਰ ਰੋਜ਼ ਦੋ ਮਾਲ ਗੱਡੀਆਂ ਭਰ ਕੇ ਵਿਸ਼ਾਖਾਪਟਨਮ ਦੀ ਬੰਦਰਗਾਹ ਉਤੇ ਪਹੁੰਚਦੀਆਂ ਹਨ ਜਿਥੋਂ ਇਹ ਲੋਹਾ ਜਪਾਨ ਵਾਸਤੇ ਸਮੁੰਦਰੀ ਜਹਾਜ਼ਾਂ ਵਿਚ ਲੱਦਿਆ ਜਾਂਦਾ ਹੈ। ਬੈਲਾਡਿਲਾ ਦਾ ਸਾਰਾ ਹੀ ਲੋਹਾ ਜਪਾਨ ਨੂੰ ਬਰਾਮਦ ਹੁੰਦਾ ਹੈ। ਕੁਦਰਤ ਦੇ ਇਸ ਅਥਾਹ ਖਜ਼ਾਨੇ ਦੇ ਮਾਲਕ ਕਬਾਇਲੀਆਂ ਨੂੰ ਤੀਰ, ਦਾਤੀ ਅਤੇ ਕੁਹਾੜੀ ਤੋਂ ਬਿਨਾਂ ਇਹ ਪਤਾ ਨਹੀਂ ਹੈ ਕਿ ਲੋਹਾ ਕੀ ਕੀ ਕ੍ਰਿਸ਼ਮੇ ਕਰਦਾ ਹੈ ਅਤੇ ਕਿਵੇਂ ਇਹ ਅਜੋਕੀ ਸਭਿਅਤਾ ਦਾ ਮੂਲ ਆਧਾਰ ਹੈ। ਬੈਲਾਡਿਲਾ ਦੀਆਂ ਖਾਣਾਂ ਵਿਚ ਬਸਤਰ ਦੇ ਕਬਾਇਲੀ ਕੰਮ ਨਹੀਂ ਕਰਦੇ। ਉਨ੍ਹਾਂ ਨੂੰ ਅਜਿਹੇ “ਜਾਹਲ” ਗਿਣਿਆ ਜਾਂਦਾ ਹੈ ਜਿਹੜੇ ਮਸ਼ੀਨਾਂ ਦੀਆਂ ਕਲਾਵਾਂ ਨਹੀਂ ਘੁਮਾ ਸਕਦੇ ਅਤੇ ਕਿਸੇ ਵੀ ਗੁੰਝਲਦਾਰ ਕੰਮ ਨੂੰ ਨਹੀਂ ਸਮਝ ਸਕਦੇ। ਉਨ੍ਹਾਂ ਦੇ ਆਦਮੀਆਂ ਤੋਂ ਮਿੱਟੀ ਪੁੱਟਣ ਅਤੇ ਭਾਰ ਢੋਣ ਦਾ ਕੰਮ ਲਿਆ ਜਾਂਦਾ ਹੈ ਜਾਂ ਫਿਰ ‘ਜਾਹਲ’ ਕਬਾਇਲੀ ਔਰਤ ਨੂੰ “ਗੁੰਝਲਦਾਰ ਮਸ਼ੀਨਰੀ” ਚਲਾਉਣ ਦਾ ਮਾਹਰ ‘ਸਭਿਅਕ’ ਸਮਾਜ ਜਿਣਸੀ ਹਿਰਸ ਵਾਸਤੇ ਇਸਤੇਮਾਲ ਕਰਦਾ ਹੈ। ਬੈਲਾਡਿਲਾ ਅਤੇ ਵਿਸ਼ਾਖਾਪਟਨਮ ਵਿਚ ਸਭਿਅਕ ਗੰਦਗੀ ਦੇ ਅਜਿਹੇ ਨਰਕ ਕੁੰਡ ਦੇਸ਼ ਦੀ “ਸਨਅਤੀ ਤਰੱਕੀ” ਵਿਚ ਜਪਾਨੀ ਦੇਣ ਹੀ ਕਹੇ ਜਾਣੇ ਚਾਹੀਦੇ ਹਨ।
“ਸ਼ਾਇਦ ਅਸੀਂ ਦੂਰ ਨਿਕਲ ਆਏ ਹਾਂ।” ਮੈਂ ਦੁਭਾਸ਼ੀਏ ਨੂੰ ਕਿਹਾ।
ਸਾਨੂੰ ਚੱਲਦਿਆਂ ਪੌਣਾ ਘੰਟਾ ਬੀਤ ਚੁੱਕਾ ਸੀ। ਮੈਂ ਮਹਿਸੂਸ ਕੀਤਾ ਕਿ ਅਸੀਂ ਕਾਫੀ ਪੰਧ ਮੁਕਾ ਲਿਆ ਹੈ। ਖ਼ੇਮੇ ਦੁਆਲੇ ਦੀਆਂ ਹਿਫਾਜ਼ਤੀ ਚੌਕੀਆਂ ਦਰਮਿਆਨ ਇਹ ਫਾਸਲਾ ਮੈਨੂੰ ਜ਼ਿਆਦਾ ਲੱਗਾ। ਸਾਰਾ ਰਸਤਾ ਜੰਗਲ ਕਾਫੀ ਸੰਘਣਾ ਸੀ। ਰਸਤਾ ਵੀ ਕਠਿਨ ਸੀ, ਪਰ ਉਸ ਨੇ ਦੱਸਿਆ ਕਿ ਅਸੀਂ ਜ਼ਿਆਦਾ ਦੂਰ ਨਹੀਂ ਨਿਕਲੇ ਹਾਂ ਅਤੇ ਦੂਸਰੀ ਚੌਕੀ ਆਉਣ ਹੀ ਵਾਲੀ ਹੈ। ਅਸੀਂ ਦੂਸਰੀ ਚੌਕੀ ਦੀ ਨਜ਼ਰ ਵਿਚ ਸਾਂ, ਪਰ ਚੌਕੀ ਸਾਨੂੰ ਦਿਖਾਈ ਨਹੀਂ ਸੀ ਦੇ ਰਹੀ। ਪਹਾੜ ਦੇ ਟੇਢੇ-ਮੇਢੇ ਰਸਤੇ ਉਤੇ ਅਸੀਂ ਵਾਰ ਵਾਰ ਉਨ੍ਹਾਂ ਨੂੰ ਦਿਖਾਈ ਦਿਤੇ ਹੋਵਾਂਗੇ। ਜਦ ਅਸੀਂ ਚੌਕੀ ਦੇ ਨਜ਼ਦੀਕ ਚਲੇ ਗਏ ਤਾਂ ਸਾਡੇ ਵਿਚੋਂ ਗਾਰਡ ਨੇ ਉਚੀ ਆਵਾਜ਼ ਵਿਚ ਇਕ ਸ਼ਬਦ ਬੋਲਿਆ, “ਥਾਕਾ।”
ਦੂਸਰੇ ਪਾਸਿਓਂ ਜਵਾਬ ਆਇਆ, “ਮਰਕਾ।”
ਇਹ ਸ਼ਨਾਖ਼ਤੀ ਸ਼ਬਦ ਸਨ ਜਿਸ ਨੂੰ ਪਹਿਲਾਂ ਉਹ ਬੰਦਾ ਬੋਲਦਾ ਹੈ ਜਿਹੜਾ ਪਹੁੰਚ ਰਿਹਾ ਹੋਵੇ। ਜੇ ਸ਼ਨਾਖ਼ਤੀ ਸ਼ਬਦ ਤੁਹਾਡੇ ਕੋਲ ਨਹੀਂ ਹੈ ਤਾਂ ਉਸ ਪਾਸਿਓਂ ਜਿਹੜਾ ਸ਼ਬਦ ਆਵੇਗਾ ਉਹ ਗੋਲੀ ਦੀ ਆਵਾਜ਼ ਹੀ ਹੋਵੇਗਾ। ਹਰ ਕੈਂਪ ਅਤੇ ਚੌਕੀ ਦੇ ਆਪਣੇ-ਆਪਣੇ ਸ਼ਨਾਖ਼ਤੀ ਸ਼ਬਦ ਹੋ ਸਕਦੇ ਹਨ। ‘ਥਾਕਾ’ ਗੌਂਡ ਬੋਲੀ ਵਿਚ ਹਰੜ ਨੂੰ ਕਹਿੰਦੇ ਹਨ ਅਤੇ ‘ਮਰਕਾ’ ਅੰਬ ਨੂੰ। ਕੋਡ ਸ਼ਬਦ ਛੋਟੇ, ਤਾੜ ਕਰ ਕੇ ਵੱਜਣ ਵਾਲੇ, ਯਾਨਿ ਠੋਸ ਅਤੇ ਭੁਲੇਖੇ ਦੀ ਗੁੰਜਾਇਸ਼ ਤੋਂ ਮੁਕਤ ਚੁਣੇ ਜਾਂਦੇ ਹਨ। ਇਨ੍ਹਾਂ ਦੇ ਜੋੜ ਕਈ ਤਰ੍ਹਾਂ ਦੇ ਹੋ ਸਕਦੇ ਹਨ। ਦਰੱਖ਼ਤਾਂ, ਫਲਾਂ, ਨਦੀਆਂ, ਮੱਛੀਆਂ, ਬੀਜਾਂ, ਪੰਛੀਆਂ, ਵਗ਼ੈਰਾ, ਵਗ਼ੈਰਾ ਦੇ ਨਾਂਵਾਂ ਦੇ। ਕਿਸੇ ਦਰੱਖ਼ਤ ਦੇ ਮੁਕਾਬਲੇ ਕਿਸੇ ਮੱਛੀ, ਨਦੀ ਜਾਂ ਪੱਥਰ ਦੀ ਕਿਸੇ ਕਿਸਮ ਦਾ ਨਾਮ ਹੋ ਸਕਦਾ ਹੈ। ਤੀਰ-ਤੁੱਕੇ ਦੀ ਗੁੰਜਾਇਸ਼ ਨਹੀਂ ਹੈ; ਨਹੀਂ ਤਾਂ ਦੂਸਰਾ ਸ਼ਬਦ ਤਾæææਅæææੜ ਕਰਦਾ ਹਿੱਕ ਵਿਚ ਆਣ ਵੱਜੇਗਾ ਤੇ ਸਾਰੇ ਪਾਸੇ ਹਰ ਕੋਈ ਪੁਜ਼ੀਸ਼ਨ ਸੰਭਾਲ ਲਵੇਗਾ।
ਸ਼ਨਾਖ਼ਤ ਵਾਸਤੇ ਦੂਰੀ ਦੀ ਖ਼ਾਸ ਵਿਥ ਤੈਅ ਕੀਤੀ ਜਾਂਦੀ ਹੈ ਜੋ ਆਲੇ-ਦੁਆਲੇ ਦੀ ਹਾਲਤ ਮੁਤਾਬਕ ਤੈਅ ਹੁੰਦੀ ਹੈ। ਉਸ ਵਿਥ ਨੂੰ ਆਵਾਜ਼ ਦਿਤੇ ਬਿਨਾਂ ਘਟਾਇਆ ਨਹੀਂ ਜਾ ਸਕਦਾ। ਮੈਂ ਸਮਝਦਾ ਸਾਂ ਕਿ ਸਾਡੇ ਪਹੁੰਚਣ ਦੇ ਪ੍ਰੋਗਰਾਮ ਦੀ ਪਹਿਰੇਦਾਰ ਚੌਕੀਆਂ ਨੂੰ ਪਹਿਲਾਂ ਤੋਂ ਜਾਣਕਾਰੀ ਮਿਲ ਗਈ ਹੋਵੇਗੀ, ਪਰ ਬਾਅਦ ‘ਚ ਪਤਾ ਲੱਗਾ ਕਿ ਇਸ ਦੀ ਜ਼ਰੂਰਤ ਨਹੀਂ ਸੀ। ਗੁਪਤ ਸੰਕੇਤ-ਸ਼ਬਦ ਇਸ ਜ਼ਰੂਰਤ ਨੂੰ ਖ਼ਤਮ ਕਰ ਦਿੰਦੇ ਹਨ।
ਚੌਕੀ ਵਿਚਲੇ ਪੰਜੇ ਗੁਰੀਲੇ ਮੇਰੇ ਲਈ ਨਵੇਂ ਸਨ। ਅਸੀਂ ਹੱਥ ਮਿਲਾਏ ਤੇ ਸਲਾਮ ਕਹੀ। ਹੱਥ ਮਿਲਾਉਣ ਤੋਂ ਪਤਾ ਲੱਗ ਜਾਂਦਾ ਹੈ ਕਿ ਕਿਹੜਾ ਗੁਰੀਲਾ ਗੌਂਡ ਹੈ ਅਤੇ ਕਿਹੜਾ ਗ਼ੈਰ-ਕਬਾਇਲੀ। ਗੌਂਡ ਲੜਕੇ-ਲੜਕੀਆਂ ਜਦ ਹੱਥ ਮਿਲਾਉਂਦੇ ਹਨ ਤਾਂ ਇੰਜ ਲਗਦਾ ਹੈ ਜਿਵੇਂ ਕਿਸੇ ਨੇ ਤੁਹਾਨੂੰ ਕੋਈ ਚੀਜ਼ ਫੜਾ ਦਿਤੀ ਹੋਵੇ। ਗ਼ੈਰ-ਕਬਾਇਲੀ ਜ਼ੋਰ ਨਾਲ ਹੱਥ ਨੂੰ ਘੁੱਟਦੇ ਹਨ।
“ਕੈਂਪ ਦਾ ਚੱਕਰ ਲਾ ਰਹੇ ਓ? ਕਿਵੇਂ ਲਗਦਾ ਹੈ?” ਚੌਕੀ ਦੇ ਕਮਾਂਡਰ ਨੇ ਸਪਸ਼ਟ ਹਿੰਦੀ ਵਿਚ ਪੁੱਛਿਆ। ਉਹ ਗੌਂਡੀ ਸੀ, ਪਰ ਹਿੰਦੀ ਚੰਗੀ ਤਰ੍ਹਾਂ ਬੋਲ ਸਕਦਾ ਸੀ।
“ਤੂੰ ਤਾਂ ਚੰਗੀ ਹਿੰਦੀ ਜਾਣਦਾ ਹੈਂ। ਤੈਨੂੰ ਕਿਵੇਂ ਪਤਾ ਲੱਗਾ ਕਿ ਅਸੀਂ ਕੈਂਪ ਦਾ ਚੱਕਰ ਲਗਾ ਰਹੇ ਆਂ?”
ਮੇਰੀ ਗੱਲ ਦਾ ਜਵਾਬ ਉਹ ਅੰਤਾਂ ਦੀ ਮਿਠਾਸ ਭਰੀ ਮੁਸਕਰਾਹਟ ਨਾਲ ਦਿੰਦਾ ਹੈ। ਬਾਹਰ ਤੋਂ ਆਏ ਕਿਸੇ ਬੰਦਾ ਦਾ ਕੈਂਪ ਦੇਖਣ ਵਾਸਤੇ ਨਿਕਲਣਾ ਸੁਭਾਵਕ ਜਿਹੀ ਗੱਲ ਸੀ। ਉਹ ਹੰਢਿਆ ਵਰਤਿਆ ਪ੍ਰਤੀਤ ਹੁੰਦਾ ਸੀ। ਪੰਜ ਸਾਲ ਤੋਂ ਉਹ ਦਸਤੇ ਦਾ ਮੈਂਬਰ ਸੀ। ਬੰਦੂਕ ਉਸ ਦੀ ਇੰਜ ਲਿਸ਼ਕਦੀ ਸੀ ਜਿਵੇਂ ਹੁਣੇ ਉਸ ਨੂੰ ਮਾਲਸ਼ ਕਰ ਕੇ ਹਟਿਆ ਹੋਵੇ।
ਪਹਿਰੇਦਾਰ ਚੌਕੀਆਂ ਵਿਚ ਇਹ ਕੇਂਦਰੀ ਅਤੇ ਸਭ ਤੋਂ ਮਹੱਤਵਪੂਰਨ ਚੌਕੀ ਸੀ। ਇਸ ਦੇ ਪੰਜੇ ਹਿਫਾਜ਼ਤੀ (ਤਿੰਨ ਲੜਕੀਆਂ ਤੇ ਦੋ ਲੜਕੇ) ਚੰਗੇ ਸਿਹਤਮੰਦ ਸਨ। ਉਹ ਦੇਰ ਤੋਂ ਜਾਣਦੇ ਸਨ ਕਿ ਅਸੀਂ ਉਨ੍ਹਾਂ ਵੱਲ ਪਹੁੰਚ ਰਹੇ ਸਾਂ। ਉਨ੍ਹਾਂ ਨੇ ਆਪਣੇ ਲਈ ਅਲੱਗ ਤੰਬੂ ਗੱਡਿਆ ਹੋਇਆ ਸੀ। ਪੜ੍ਹਨ ਲਈ ਬੈਂਚ ਤੇ ਡੈੱਸਕ ਇਥੇ ਵੀ ਗੱਡੇ ਹੋਏ ਸਨ। ਇਨ੍ਹਾਂ ਵਿਚੋਂ ਕੋਈ ਵੀ ਦੋਵੇਂ ਦਿਨ ਕਸਰਤ ਮੈਦਾਨ ਵਿਚ ਮੌਜੂਦ ਨਹੀਂ ਸੀ। ਉਨ੍ਹਾਂ ਕੋਲ ਚਾਹ ਦਾ ਅਲੱਗ ਪ੍ਰਬੰਧ ਵੀ ਸੀ।
“ਇਥੋਂ ਤੁਸੀਂ ਕਿੰਨੀ ਦੂਰ ਤਕ ਦੇਖ ਲੈਂਦੇ ਹੋ? ਦਰੱਖ਼ਤ ਰੁਕਾਵਟ ਪਾਉਂਦੇ ਹੋਣਗੇ?”
“ਕੋਈ ਖ਼ਾਸ ਰੁਕਾਵਟ ਨਹੀਂ ਪੈਂਦੀ। ਇਹ ਬਹੁਤ ਨਿਵੇਕਲੀ ਥਾਂ ਹੈ।” ਉਹ ਬੋਲਿਆ।
“ਜਾਨਵਰ ਤੇ ਆਦਮੀ ਜਦ ਤੁਰਦੇ ਹਨ ਤਾਂ ਉਹ ਅਲੱਗ ਅਲੱਗ ਤਰ੍ਹਾਂ ਦੀ ਆਵਾਜ਼ ਤੇ ਸਰਸਰਾਹਟ ਪੈਦਾ ਕਰਦੇ ਹਨ। ਅੱਖਾਂ ਨਾਲ ਦੇਖਣ ਦੇ ਨਾਲ ਨਾਲ ਅਸੀਂ ਕੰਨ ਵੀ ਉਨੀ ਹੀ ਚੌਕਸੀ ਨਾਲ ਵਰਤਦੇ ਹਾਂ।”
ਪਹਾੜੀ ਉਪਰ ਦੋ ਹੀ ਜਣੇ ਮੌਜੂਦ ਰਹਿੰਦੇ ਸਨ। ਬਾਕੀ ਤਿੰਨੋਂ ਗਸ਼ਤ ਉਤੇ ਰਹਿੰਦੇ ਸਨ ਤੇ ਦੂਰ ਜੰਗਲ ਵਿਚ ਜਾਂਦੇ ਸਨ। ਹੋਰ ਵੀ ਹੋਣਗੇ, ਪਰ ਉਸ ਸਮੇਂ ਉਥੇ ਪੰਜ ਹੀ ਹਾਜ਼ਰ ਸਨ। ਕਮਾਂਡਰ ਨੇ ਦੱਸਿਆ ਕਿ ਸਿਰਫ ਡਿਫੈਂਸ ਉਪਰ ਬੈਠਣਾ ਮੁਸ਼ਕਲ ਹੁੰਦਾ ਹੈ, ਕਿਸੇ ਲਈ ਵੀ। ਡੇਰਾ ਲਾ ਕੇ ਬੈਠਣ ਵਾਲੇ ਨੂੰ ਚੌਕਸ ਵੀ ਜ਼ਿਆਦਾ ਰਹਿਣਾ ਪੈਂਦਾ ਹੈ। ਕਦੇ ਕੋਈ ਪੱਤਾ ਫਟਕ ਜਾਏ ਤਾਂ ਉਨ੍ਹਾਂ ਨੂੰ ਗੋਲੀ ਜ਼ਾਇਆ ਕਰਨੀ ਪੈ ਜਾਂਦੀ ਹੈ।
ਸਾਡੇ ਗੱਲਾਂ ਕਰਨ ਦੌਰਾਨ ਤਿੰਨ ਜਣੇ, ਜਿਹੜੇ ਪਹਾੜੀ ਤੋਂ ਹੇਠਾਂ ਗਸ਼ਤ ਉਤੇ ਸਨ, ਵਾਪਸ ਚਲੇ ਗਏ। ਪਹਿਰੇਦਾਰੀ ਦੀ ਜ਼ਿੰਮੇਵਾਰੀ ਨਿਭਾਉਂਦੇ ਸਮੇਂ ਗੁਰੀਲੇ ਕਿਸੇ ਚੀਜ਼ ਦਾ ਵਸਾਹ ਨਹੀਂ ਖਾਂਦੇ। ਅਸੀਂ ਵੀ ਉਥੇ ਟਿਕੇ ਨਹੀਂ, ਵਾਪਸ ਤੁਰ ਪਏ।
ਤੀਸਰੀ ਚੌਕੀ ਉਤੇ ਜਾਣ ਦੀ ਯੋਜਨਾ ਅਸੀਂ ਤਿਆਗ ਦਿਤੀ। ਦੂਸਰੀ ਅਤੇ ਤੀਸਰੀ ਚੌਕੀ ਦੇ ਦਰਮਿਆਨ ਵਗਦੇ ਇਕ ਨਾਲੇ ਦੇ ਨਾਲ ਨਾਲ ਅਸੀਂ ਵਾਪਸੀ ਦਾ ਰਸਤਾ ਲਿਆ। ਇਹ ਉਹੀ ਨਾਲਾ ਸੀ ਜਿਸ ਉਤੇ ਅਸੀਂ ਕੱਲ੍ਹ ਨਹਾਤੇ ਸਾਂ, ਪਰ ਅਸੀਂ ਐਨੀ ਦੂਰ ਤੱਕ ਨਹੀਂ ਸੀ ਆਏ।
ਇਸ ਵਿਚ ਪਾਣੀ ਜ਼ਿਆਦਾ ਨਹੀਂ ਸੀ। ਕਿਤੇ ਮਸਾਂ ਗਿੱਟਾ ਡੁੱਬਦਾ ਸੀ ਅਤੇ ਕਿਤੇ ਕਿਤੇ ਗੋਡੇ ਤੱਕ ਆ ਜਾਂਦਾ ਸੀ। ਇਹ ਨਾਲਾ ਕੋਈ ਜ਼ਿਆਦਾ ਦੂਰੋਂ ਨਹੀਂ ਸੀ ਆਉਂਦਾ। ਇਕ ਮਹੀਨਾ ਪਹਿਲਾਂ, ਬਰਸਾਤ ਦੇ ਦਿਨਾਂ ਵਿਚ, ਇਹ ਬਹੁਤ ਤੇਜ਼ ਵਗਦਾ ਰਿਹਾ ਸੀ ਅਤੇ ਕਹਿੰਦੇ ਹਨ ਕਿ ਇਸ ਵਿਚੋਂ ਗੁਜ਼ਰਨਾ ਮੁਸ਼ਕਲ ਹੁੰਦਾ ਹੈ। ਹੋਰ ਡੇਢ ਦੋ ਮਹੀਨੇ ਦੇ ਅੰਦਰ ਅੰਦਰ ਇਹ ਨਾਲਾ ਪੂਰੀ ਤਰ੍ਹਾਂ ਸੁੱਕ ਜਾਵੇਗਾ। ਬਸਤਰ ਦੇ ਨਦੀਆਂ-ਨਾਲੇ ਗਰਮੀਆਂ ਵਿਚ ਜ਼ਿਆਦਾਤਰ ਸੁੱਕ ਜਾਂਦੇ ਹਨ। ਦੂਰ ਦੂਰ ਤਕ ਜੰਗਲ ਦੀ ਅੰਨ੍ਹੀ ਕਟਾਈ ਨੇ ਪਾਣੀ ਦੇ ਅਨੇਕਾਂ ਸਰੋਤ ਸੁਕਾ ਦਿਤੇ ਹਨ।
ਖ਼ੇਮੇ ‘ਚ ਵਾਪਸ ਪਹੁੰਚਣ ਤਕ ਡੂੰਘੀ ਸ਼ਾਮ ਹੋ ਚੁੱਕੀ ਸੀ। ਉਂਜ ਵੀ, ਪਹਾੜਾਂ ਤੇ ਜੰਗਲਾਂ ਵਿਚ ਜਲਦੀ ਹੀ ਹਨੇਰਾ ਹੋਣ ਲੱਗਦਾ ਹੈ। ਲੰਬੇ ਉਚੇ ਦਰੱਖ਼ਤ ਕਿਰਨਾਂ ਨੂੰ ਉਪਰ ਹੀ ਰੋਕ ਲੈਂਦੇ ਹਨ। ਸਾਢੇ ਪੰਜ ਵਜੇ ਹੀ ਇੰਜ ਲਗਦਾ ਹੈ ਜਿਵੇਂ ਸੱਤ ਵੱਜ ਗਏ ਹੋਣ।

ਅੱਜ ਹਵਾ ਠੰਢੀ ਸੀ। ਤੰਬੂ ਦੇ ਅੰਦਰ ਹੀ ਥੋੜ੍ਹੀ ਜਿਹੀ ਅੱਗ ਜਲਾ ਲਈ ਗਈ। ਇਕ ਮੋਟੀ ਲੱਕੜ ਜਿਹੜੀ ਤੰਬੂ ਦੇ ਬਾਹਰ ਵੀ ਕਈ ਫੁੱਟ ਤੱਕ ਜਾਂਦੀ ਸੀ, ਇਸ ਵਿਚ ਡਾਹ ਦਿਤੀ ਗਈ। ਇਸ ਨੇ ਸਾਰੀ ਰਾਤ ਸੁਲਗਦੇ ਬਲਦੇ ਰਹਿ ਕੇ ਵੀ ਨਹੀਂ ਸੀ ਮੁੱਕਣਾ। ਪਿਛਲੀ ਰਾਤ ਦੋ ਘੰਟੇ ਹੀ ਅੱਗ ਬਲੀ ਸੀ ਤੇ ਬਾਅਦ ਵਿਚ ਅੱਧੀ ਰਾਤ ਤੋਂ ਬਾਅਦ ਠੰਢ ਲਗਦੀ ਰਹੀ ਸੀ। ਕੱਲ੍ਹ ਦੀ ਠੰਢ ਤੋਂ ਪ੍ਰੇਸ਼ਾਨ ਹੋ ਕੇ ਅੱਜ ਕੋਈ ਇਸ ਨੂੰ ਚੁੱਕ ਲਿਆਇਆ ਸੀ।
ਖ਼ੇਮੇ ਵਿਚ ਚਾਰੇ ਪਾਸੇ ਕਈਆਂ ਕੋਲ ਰੇਡਿਓ ਟਰਾਂਜ਼ਿਸਟਰ ਸਨ। ਕਦੇ ਤੈਲਗੂ ਖ਼ਬਰਾਂ, ਕਦੇ ਬੰਗਲਾ ਤੇ ਕਦੇ ਅੰਗਰੇਜ਼ੀ। ਕਦੇ ਕੋਈ ਗੌਂਡੀ ਗੀਤ ਵੱਜ ਉਠਦਾ ਤੇ ਕਦੇ ਆਲ ਇੰਡੀਆ ਤੋਂ ਹਿੰਦੀ ਨਿਊਜ਼ ਰੀਲ ਚੱਲਣ ਲੱਗ ਪੈਂਦੀ।
ਸਾਢੇ ਸੱਤ ਵੱਜ ਗਏ। ਕਿਸੇ ਨੇ ਰੇਡੀਓ ਦਾ ਸਵਿਚ ਨੱਪ ਦਿੱਤਾ ਤੇ ਬੀæ ਬੀæ ਸੀæ ਸ਼ੁਰੂ ਹੋ ਗਿਆ। ਬੀæ ਬੀæ ਸੀæ ਭਾਵੇਂ ਸਾਮਰਾਜੀ ਪੱਖਪਾਤ ਵਾਲੇ ਰੇਡਿਓ ਦੇ ਤੌਰ ‘ਤੇ ਬਦਨਾਮ ਹੈ, ਪਰ ਆਲ ਇੰਡੀਆ ਦੀਆਂ ਖ਼ਬਰਾਂ ਦੇ ਮੁਕਾਬਲੇ ਇਸ ਨੂੰ ਸੁਣਨ ਨੂੰ ਗੁਰੀਲੇ ਤਰਜੀਹ ਦਿੰਦੇ ਹਨ। ਬੀæ ਬੀæ ਸੀæ ਉਤੇ ਭਾਰਤੀ ਨੇਤਾਵਾਂ ਦੀਆਂ ਲਿਲਕੜੀਆਂ ਵਧੇਰੇ ਰੌਚਿਕਤਾ ਨਾਲ ਪੇਸ਼ ਹੁੰਦੀਆਂ ਸਨ। ਮੈਂ ਆਪਣਾ ਟਰਾਂਜ਼ਿਸਟਰ ਉਠਾਇਆ ਤੇ ਬਾਹਰ ਬੈਂਚ ਉਤੇ ਜਾ ਬੈਠਾ। ਤਹਿਰਾਨ ਤੋਂ ਤਬਸਰਾ ਸ਼ੁਰੂ ਹੋ ਚੁੱਕਾ ਸੀ।
“ਪਰ ਇਹ ਤਾਂ ਬੀæ ਬੀæ ਸੀæ ਨਹੀਂ ਹੈ।” ਕਿਸੇ ਨੇ ਮੇਰੇ ਪਿਛਿਓਂ ਕਿਹਾ।
“ਤਹਿਰਾਨ ਹੈ, ਉੜਦੂ ਵਿਚ।”
“ਭਾਰਤੀ ਲੀਡਰਾਂ ਦੇ ਬਿਆਨ ਅਕਾਅ ਦਿੰਦੇ ਹੋਣਗੇ?” ਕਹਿ ਕੇ ਉਹ ਹੱਸ ਪਿਆ।
ਹਰ ਕਿਸੇ ਨੂੰ ਹੀ ਅਕਾਉਂਦੇ ਹਨ ਤੇ ਬੁਰੇ ਲਗਦੇ ਸਨ। ਰੋਜ਼ ਇਕੋ ਰੌਲਾ ਚੱਲਦਾ ਸੀ: “ਅਮਰੀਕਾ ਅਤਿਵਾਦ ਬਾਰੇ ਦੂਹਰੇ ਮਿਆਰ ਅਪਨਾਉਂਦਾ ਹੈ”, “ਅਸੀਂ ਅਮਰੀਕਾ ਨੂੰ ਜੰਗ ਵਿਚ ਹਰ ਮਦਦ ਦੇਣ ਲਈ ਤਿਆਰ ਹਾਂ”, “ਅਮਰੀਕਾ ਨੂੰ ਪਾਕਿਸਤਾਨ ਦੀ ਦੋਗਲੀ ਨੀਤੀ ਤੋਂ ਚੌਕਸ ਰਹਿਣਾ ਚਾਹੀਦਾ ਹੈ”, “ਸਾਡੇ ਤੋਂ ਅਜੇ ਤੱਕ ਮਦਦ ਮੰਗੀ ਹੀ ਨਹੀਂ ਗਈ” ਵਗ਼ੈਰਾ, ਵਗ਼ੈਰਾ।
ਭਾਰਤੀ ਹਕੂਮਤ ਤਾਂ ਵਿਛੀ ਹੀ ਪਈ ਸੀ। ਜੇ ਪਾਕਿਸਤਾਨੀ ਹਕੂਮਤ ਡਰ ਦੇ ਮਾਰੇ ਲੱਤਾਂ ‘ਚ ਪੂਛ ਲਈ ਬੈਠੀ ਸੀ ਤਾਂ ਭਾਰਤੀ ਹਕੂਮਤ ਇਸ ਨੂੰ ਪੂਰੇ ਜ਼ੋਰ ਨਾਲ ਹਿਲਾ ਰਹੀ ਸੀ। ਉਧਰ ਅਮਰੀਕਾ ਨੂੰ ਘੁਰਕੀ ਦੇਣੀ ਪਈ, ਇਧਰ ਪੁਚਕਾਰਨਾ ਵੀ ਨਹੀਂ ਪਿਆ। ਕਾਰਗਿਲ ਸਬੰਧੀ ਪੱਟਾਂ ‘ਤੇ ਥਾਪੀ ਮਾਰਨ ਵਾਲੇ ਕੌਮਵਾਦ ਦਾ ਦੋਵੇਂ ਦੇਸ਼ਾਂ ਵਿਚ ਜੋ ਬੁਰਾ ਹਸ਼ਰ ਦੇਖਣ ਨੂੰ ਮਿਲਿਆ, ਉਹ 1947 ਤੋਂ ਬਾਅਦ ਦੀ ਸ਼ਾਇਦ ਸਭ ਤੋਂ ਵੱਡੀ ਕੌਮੀ ਜ਼ਲਾਲਤ ਸੀ। ਬੁਸ਼ ਦੇ ਦਰਬਾਰ ਵਿਚ ਉਸ ਦੇ ਅਹਿਲਕਾਰਾਂ ਨੇ ਕਈ ਵਾਰ ਦੁਹਰਾਇਆ ਹੋਵੇਗਾ: ‘ਸਾਡੀਆਂ ਕੁੱਤੀਆਂ ਦੇ ਪੁੱਤਰ।’
ਇਹ ਲਕਬ ਉਨ੍ਹਾਂ ਨੇ ਤੀਜੀ ਦੁਨੀਆਂ ਦੇ ਦੇਸ਼ਾਂ ਦੇ ਰਾਜਿਆਂ, ਮਹਾਰਾਜਿਆਂ, ਪ੍ਰਧਾਨਾਂ ਤੇ ਪ੍ਰਧਾਨ ਮੰਤਰੀਆਂ ਵਾਸਤੇ ਰਾਖਵਾਂ ਰੱਖਿਆ ਹੋਇਆ ਹੈ। ਰੀਗਨ ਵੇਲੇ ਇਹ ਖੁੱਲ੍ਹ ਕੇ ਬੋਲਿਆ ਜਾਂਦਾ ਸੀ। ਤਾਕਤ ਦੇ ਨਸ਼ੇ ‘ਚ ਚੂਰ ਅਮਰੀਕਾ ਇਨ੍ਹਾਂ ਦੇਸ਼ਾਂ ਦੇ ਹਾਕਮਾਂ ਪ੍ਰਤੀ ਕਿੰਨੀ ਹਕਾਰਤ ਵਾਲਾ ਵਤੀਰਾ ਅਪਨਾਉਂਦਾ ਹੈ, ਪਰ ਇਹ ਹਾਕਮ ਜ਼ਿੱਲਤ ਨੂੰ ਪੀ ਜਾਂਦੇ ਹਨ ਤੇ ਤਰਲੇ ਕੱਢਦੇ ਰਹਿੰਦੇ ਹਨ। ਉਹ ਇੰਜ ਪੇਸ਼ ਆਉਂਦੇ ਹਨ ਜਿਵੇਂ ਆਪਣੇ ਦੇਸ਼ ਦੇ ਨੇਤਾ ਨਾ ਹੋ ਕੇ ਅਮਰੀਕਾ ਵੱਲੋਂ ਥਾਪੇ ਹੋਏ “ਬਿਹਤਰ ਜਨਾਬ” ਕਹਿਣ ਵਾਲੇ ਗਵਰਨਰ ਹੋਣ।
ਜਿਹੜਾ ਕੰਮ ਪਾਕਿਸਤਾਨ ਨੂੰ ਅਮਰੀਕੀ ਬੰਦੂਕ ਦੀ ਨਾਲ ਸਾਹਮਣੇ ਮਜਬੂਰ ਹੋ ਕੇ ਕਰਨਾ ਪਿਆ, ਉਹਦੇ ਵਾਸਤੇ ਭਾਰਤ ਸਵਯਮ ਸੇਵਕਾਂ ਵਾਂਗ ਕਰਨ ਲਈ ਹਾੜ੍ਹੇ ਕੱਢਦਾ ਰਿਹਾ। ਸੋ ਕੋਈ ਕਿੰਨੀ ਕੁ ਵਾਰ ਸੁਣਦਾ।
ਖ਼ਬਰਾਂ ਤੋਂ ਬਾਅਦ ਤੰਬੂ ਅੰਦਰ ਇਸ ਤਰ੍ਹਾਂ ਦੇ ਤਬਸਰੇ ਅਤੇ ਟਿੱਪਣੀਆਂ ਸੁਣਾਈ ਦਿੱਤੀਆਂ: “ਲਗਦਾ ਹੈ, ਤਾਲਿਬਾਨ ਸੋਚੀ ਸਮਝੀ ਸਕੀਮ ਮੁਤਾਬਕ ਪਿਛੇ ਹਟਦਾ ਜਾ ਰਿਹਾ ਹੈ, ਬਾਅਦ ‘ਚ ਲੜੇਗਾ।” “ਇਹ ਵੀ ਹੋ ਸਕਦਾ ਹੈ ਕਿ ਪੇਸ਼ ਹੀ ਨਾ ਜਾ ਰਹੀ ਹੋਵੇ, ਬੰਬਾਰੀ ਬਹੁਤ ਭਿਆਨਕ ਰੂਪ ‘ਚ ਹੋ ਰਹੀ ਹੈ।” “ਤਾਲਿਬਾਨ ਨੇ ਲੋਕਾਂ ਨਾਲ ਵੀ ਬਹੁਤ ਬੁਰੀ ਕੀਤੀ ਹੈ। ਲੋਕਾਂ ਦੇ ਸਾਥ ਤੋਂ ਬਿਨਾਂ ਐਨੇ ਵੱਡੇ ਦੁਸ਼ਮਣ ਵਿਰੁਧ ਲੜਿਆ ਵੀ ਨਹੀਂ ਜਾ ਸਕਦਾ।”
ਅਲੱਗ ਅਲੱਗ ਜਣੇ ਅਲੱਗ ਅਲੱਗ ਵਿਚਾਰਾਂ ਨਾਲ ਗੁੱਥਮਗੁੱਥਾ ਸਨ। ਹਰ ਕੋਈ ਜੰਗ ਦੀ ਸਥਿਤੀ ਦੇ ਵੱਧ ਸਪਸ਼ਟ ਹੋਣ ਦੀ ਉਡੀਕ ਕਰ ਰਿਹਾ ਸੀ। ਇਕ ਗੱਲ ਹਰ ਕੋਈ ਕਹਿ ਰਿਹਾ ਸੀ ਕਿ ਜੰਗ ਤਾਲਿਬਾਨ ਤੇ ਉਸਾਮਾ (ਬਿਨ-ਲਾਦਿਨ) ਤੱਕ ਹੀ ਸੀਮਤ ਨਹੀਂ ਰਹਿਣੀ, ਅਮਰੀਕਾ ਕੇਂਦਰੀ ਏਸ਼ੀਆ ਵਿਚ ਘੁਸ ਰਿਹਾ ਹੈ ਤੇ ਤੇਲ ਨੂੰ ਜੱਫਾ ਮਾਰਨਾ ਚਾਹੁੰਦਾ ਹੈ। ਆਖਰ ਕਈ ਮਹੀਨਿਆਂ ਪਿਛੋਂ ਜੰਗ ਦਾ ਮੁਹਾਂਦਰਾ ਸਪਸ਼ਟ ਹੋ ਗਿਆ। ਪਿਛਾਂਹ ਹਟ ਕੇ ਫਿਰ ਲੜਨ ਵਾਸਤੇ ਨੈਤਿਕ ਤਾਕਤ ਅਤੇ ਲੋਕਾਂ ਦਾ ਸਾਥ ਜ਼ਰੂਰੀ ਸੀ। ਵੀਅਤਨਾਮ ਦੀ ਜੰਗ ਜਿਹੀ ਲੋਕ-ਜੰਗ ਹੀ ਅਜਿਹਾ ਕ੍ਰਿਸ਼ਮਾ ਕਰ ਸਕਦੀ ਸੀ, ਅਫਗਾਨਿਸਤਾਨ ਨਹੀਂ। ਕੇਂਦਰੀ ਏਸ਼ੀਆ ਦੇ ਤੇਲ ਭੰਡਾਰਾਂ ਉਪਰ ਕਬਜ਼ੇ ਵਾਸਤੇ ਅਫਗਾਨਿਸਤਾਨ ਵਿਚ ਅਮਰੀਕਾ ਦਾ ਸਿਆਸੀ ਮਕਸਦ ਪ੍ਰਚਾਰੇ ਗਏ ਨਿਸ਼ਾਨਿਆਂ ਤੋਂ ਪਾਰ ਜਾਂਦਾ ਸੀ, ਇਹ ਸਾਬਤ ਹੋ ਗਿਆ। ਤੇਲ ਦੀ ਪਾਈਪ ਵਿਛਾਉਣ ਵਾਸਤੇ ਮਾਮਲਾ ਜੰਗ ਨਾਲ ਤੈਅ ਕਰ ਦਿੱਤਾ ਗਿਆ।
ਬਹਰਹਾਲ, ਟਰਾਂਜ਼ਿਸਟਰ ਕਿਸੇ ਵੀ ਗੁਰੀਲਾ ਟੁਕੜੀ ਦਾ ਜ਼ਰੂਰੀ ਹਿੱਸਾ ਹੈ। ਇਹ ਬਾਹਰ ਦੀ ਦੁਨੀਆਂ ਨਾਲ ਰਾਬਤੇ ਦਾ ਜ਼ਰੀਆ ਹੈ। ਇਸ ਤੋਂ ਮਿਲੀ ਸਮੱਗਰੀ ਸਿਆਸੀ ਵਿਚਾਰ-ਵਟਾਂਦਰੇ ਅਤੇ ਉਨ੍ਹਾਂ ਵਿਚ ਸੰਜੀਦਾ ਸੋਚ-ਵਿਚਾਰ ਨੂੰ ਅਗਾਂਹ ਵਧਾਉਣ ਵਿਚ ਸਹਾਈ ਹੁੰਦੀ ਹੈ। ਅਖਬਾਰ ਉਥੋਂ ਦੇ ਹਜ਼ਾਰਾਂ ਪਿੰਡਾਂ ਵਿਚ ਕਦੇ ਵੀ ਨਹੀਂ ਪਹੁੰਚੇ। ਰੇਡੀਓ ਕਿਤੇ ਟਾਵਾਂ ਟੱਲਾ ਹੋਵੇਗਾ। ਟੈਲੀਵਿਜ਼ਨ ਦਾ ਨਾਮੋ-ਨਿਸ਼ਾਨ ਨਹੀਂ। ਰੇਡੀਓ ਤੋਂ ਬਿਨਾਂ ਤੁਸੀਂ ਉਥੇ ਕੁਝ ਦਿਨ ਬਿਤਾਓ ਤਾਂ ਨਾ ਸਿਰਫ ਤਾਰੀਖ਼ਾਂ ਅਤੇ ਵਾਰ ਹੀ ਭੁੱਲ ਜਾਓਗੇ, ਸਗੋਂ ਇਕ ਸਮੇਂ ਬਾਅਦ ਮਹੀਨੇ ਵੀ ਭੁੱਲ ਜਾਓਗੇ, ਸਿਰਫ ਰੁੱਤਾਂ ਯਾਦ ਰਹਿਣਗੀਆਂ। ਉਥੇ ਜ਼ਿੰਦਗੀ ਦੇ ਕੰਮ ਰੁੱਤਾਂ ਅਨੁਸਾਰ ਤੈਅ ਹੁੰਦੇ ਹਨ, ਤਾਰੀਖਾਂ ਅਤੇ ਦਿਨਾਂ ਅਨੁਸਾਰ ਨਹੀਂ। ਉਥੇ ਰਹਿ ਕੇ ਤੁਸੀਂ ਉਹੋ ਜਿਹੇ ਹੀ ਹੋ ਜਾਓਗੇ।
ਬਸਤਰ ਦੇ ਜੰਗਲਾਂ ਵਿਚ ਜੀਵਨ ਕੁਦਰਤ ਨਾਲ ਡੂੰਘੇ ਸਬੰਧ ਵਿਚ ਬੱਝਾ ਹੋਇਆ ਹੈ। ਜੰਗਲ, ਜਲ ਅਤੇ ਧਰਤੀ ਦੇ ਮੁਹਾਂਦਰੇ ਨਾਲ ਇਸ ਦਾ ਗਹਿਰਾ ਰਿਸ਼ਤਾ ਹੈ। ਇਸੇ ਕਾਰਨ ਕਬਾਇਲੀ ਲੋਕਾਂ ਵਿਚ ਇਹ ਨਾਅਰਾ ਕੁਦਰਤੀ ਚੀਜ਼ ਹੈ: “ਜਲ, ਜੰਗਲ ਤੇ ਜ਼ਮੀਨ ਸਾਡੇ ਹਨ।” ਇਹ ਨਾਅਰਾ ਉਨ੍ਹਾਂ ਦੀ ਹਕੀਕਤ ਤੇ ਉਨ੍ਹਾਂ ਦੇ ਸਮੁੱਚੇ ਜੀਵਨ ਨੂੰ ਪ੍ਰਤੀਬਿੰਬਤ ਕਰਦਾ ਹੈ।
(ਚਲਦਾ)