ਪ੍ਰੋ. ਸਰੂਪ ਸਿੰਘ ਪੰਜਾਬੀ ਗਾਇਕੀ ਦਾ ਕੱਲ੍ਹ ਵੀ ਤੇ ਅੱਜ ਵੀ

ਐਸ਼ ਅਸ਼ੋਕ ਭੌਰਾ
ਕਰੀਬ ਇਕ ਦਹਾਕੇ ਤੋਂ ਪੰਜਾਬੀ ਗਾਇਕੀ ਪ੍ਰਤੀ ਜਿਸ ਤਰ੍ਹਾਂ ਦਾ ਉਦਰੇਵੇਂ ਵਾਲਾ ਧੂੰਆਂ ਉਤਰਿਆ ਹੈ ਉਹਦੇ ਨਾਲ ਅੱਖਾਂ ਤਾਂ ਸਾਰਿਆਂ ਦੀਆਂ ਦੁਖ ਰਹੀਆਂ ਹਨ, ਇਕ ਦੂਜੇ ਨੂੰ ਉਲਾਂਭੇ ਵੀ ਦਿੱਤੇ ਜਾ ਰਹੇ ਹਨ, ਰਿਸ਼ਤਿਆਂ ਦਾ ਕਿਤੇ ਕਿਤੇ ਕਤਲ ਵੀ ਇਹ ਗੀਤ ਹੀ ਕਰ ਰਹੇ ਹਨ, ਹੁਣ ਗਾਇਕ ਜੰਮ ਨਹੀਂ ਰਹੇ ਬਣ ਰਹੇ ਹਨ, ਗਲੇ ਨਾਲੋਂ ਵਾਲਾਂ ਤੇ ਪਹਿਰਾਵੇ ਦਾ ਵੱਧ ਵਿਖਾਵਾ ਹੋ ਰਿਹਾ ਹੈ, ਪੈਸੇ ਦੀ ਖਾਤਰ ਸੱਭਿਆਚਾਰਕ ਕਦਰਾਂ ਕੀਮਤਾਂ ਦਾ ਨਾਸ ਮਾਰਿਆ ਜਾ ਰਿਹਾ ਹੈ ਪਰ ਕਹਿਣਾ ਪੈ ਰਿਹਾ ਹੈ ਕਿ ‘ਹਾਏ ਓ ਰੱਬਾ ਕਰੀਏ ਤਾਂ ਕੀ ਕਰੀਏ?’

ਜਿਸ ਗਾਇਕ ਦੀ ਮੈਂ ਗੱਲ ਕਰਨ ਲੱਗਾ ਹਾਂ ਉਹ ਸੁਣ ਕੇ ਸਿਆਣੇ ਬੰਦੇ ਕਹਿਣਗੇ ‘ਸ਼ਾਬਾਸ਼! ਇਹ ਗੱਲ ਕੀਤੀ ਹੀ ਜਾਣੀ ਚਾਹੀਦੀ ਸੀ।’ ਇਹ ਗੱਲ ਪ੍ਰੋæ ਸਰੂਪ ਸਿੰਘ ਸਰੂਪ ਦੀ ਹੈ। ਕਹਿਣ ਨੂੰ ਚਿੱਤ ਤਾਂ ਨਹੀਂ ਕਰਦਾ ਪਰ ਕੁਦਰਤ ਦੇ ਵਿਧੀ ਵਿਧਾਨ ਮੁਤਾਬਿਕ ਇਹ ਕਹਿਣਾ ਪੈ ਰਿਹਾ ਹੈ ਕਿ ਪ੍ਰੋæ ਸਰੂਪ ਇਸ ਵੇਲੇ ਨਦੀ ਕਿਨਾਰੇ ਰੁੱਖੜਾ ਹੈ, ਭਾਵੇਂ ਉਹ ਸਿਹਤਮੰਦ ਹੈ, ਗਾਇਕੀ ‘ਚ ਉਵੇਂ ਵਿਚਰ ਰਿਹਾ ਹੈ, ਉਹਦੇ 365 ਦਿਨਾਂ ‘ਚੋਂ 280 ਪ੍ਰੋਗਰਾਮ ਹੁੰਦੇ ਨੇ, ਪੰਦਰਾਂ ਸਟੇਟਾਂ ‘ਚ ਉਹਦੇ ਪ੍ਰੋਗਰਾਮ ਹੁੰਦੇ ਨੇ, ਜਦੋਂ ਉਹ ਗਾਉਂਦਾ ਹੈ ਤਾਂ ਉਸ ਇਬਾਰਤ ਨੂੰ ਸਿੱਧ ਕਰ ਦਿੰਦਾ ਹੈ ਕਿ ਕਾਂ ਚੁੱਪ ਹੋ ਜਾਂਦੇ ਨੇ ਕੋਇਲਾਂ ਹੁੰਗਾਰੇ ‘ਚ ਕੂਕਦੀਆਂ ਨੇ, ਇਸ ਕਰਕੇ ਕਿ ਪੰਜਾਬ ਦੀ ਫਿਜ਼ਾ ਨੂੰ ਅਜਿਹੀਆਂ ਸੁਰਾਂ ਦੀ ਲੋੜ ਹੈ ਅਤੇ ਰੱਬ ਕਰੇ ਪ੍ਰੋæ ਸਰੂਪ ਨਾਲੋਂ ਗਾਇਕੀ ‘ਚ ਮੁਹੱਬਤ ਦੀ ਤਾਣੀ ਦਾ ਤੰਦ ਕਦੇ ਨਾ ਟੁੱਟੇ। ਅਗਲੀ ਗੱਲ ਪੰਜਾਬੀ ਗਾਇਕੀ ਦੀ ਸਥਿਤੀ ਉਸ ਤਾਂਗੇ ਵਰਗੀ ਹੈ ਜਿਸ ਦਾ ਘੋੜਾ ਵੀ ਅੱਥਰਾ ਹੈ, ਚਾਲਕ ਵੀ ਅਨਾੜੀ, ਤੇ ਕਿਹਨੂੰ ਕਦੇ ਮੂਧੇ ਮੂੰਹ ਸਿੱਟ ਲਵੇ, ਪਤਾ ਨਹੀਂ। ਲੋਕ ਦੁਹਾਈਆਂ ਦੇ ਰਹੇ ਨੇ ਕਿ ਨੌਜਵਾਨ ਪੀੜ੍ਹੀ ਵਿਗੜ ਰਹੀ ਹੈ।
ਪ੍ਰੋæ ਸਰੂਪ ਸਿੰਘ ਸਰੂਪ ਨੇ ਜ਼ਿੰਦਗੀ ਦੇ ਛੇ ਦਹਾਕੇ ਸਿੱਖ ਇਤਿਹਾਸ, ਅਮੀਰ ਗਾਇਕੀ, ਪੰਜਾਬ ਦੇ ਅਮੀਰ ਸੱਭਿਆਚਾਰ ਤੇ ਇਖਲਾਕੀ ਪਰੰਪਰਾਵਾਂ ਨੂੰ ਬਚਾਉਣ ਲਈ ਲਾਏ ਹਨ ਜਿਨ੍ਹਾਂ ‘ਤੇ ਪੰਜਾਬੀਆਂ ਨੂੰ ਮਾਣ ਹੈ। ਤਵੱਕੋਂ ਦਿਓ,
-ਨਾਨਕ ਦੀਆਂ ਗੁੱਝੀਆਂ ਰਮਜਾਂ ਨੂੰ
ਬੇਸਮਝ ਜ਼ਮਾਨਾ ਕੀ ਜਾਣੇ।
ਜਿਸ ਸਭ ਜੱਗ ਆਪਣਾ ਸਮਝ ਲਿਆ
ਆਪਣਾ ‘ਤੇ ਬੇਗਾਨਾ ਕੀ ਜਾਣੇ।

-ਦੇਖ ਓਏ ਸਿੰਘਾ ਦੇਖ ਸਿੱਖੀ ਦਾ ਨਜ਼ਾਰਾ
ਚੱਲਦਾ ਪਿਆ ਏ ਕਿਹਦੀ ਖੋਪਰੀ ‘ਤੇ ਆਰਾ।

-ਆਂਦਰਾਂ ਅਜੀਤ ਦੀਆਂ ਖੋਪਰੀ ਜੁਝਾਰ ਦੀ
ਇਹਦੇ ਵਿਚੋਂ ਜੋਤ ਜਗੀ ਸਿੱਖੀ ਦੇ ਪਿਆਰ ਦੀ।
ਸੁਣ ਤੇ ਪੜ੍ਹ ਕੇ ਸੁਹਿਰਦ ਪੰਜਾਬੀ ਚੌਂਕੜੀ ਮਾਰ ਕੇ ਬੈਠੇਗਾ ਅਤੇ ਉਚੀ ਦੇਣੀ ਜੈਕਾਰਾ ਵੀ ਛੱਡੇਗਾ, ਜਿਉਂਦਾ-ਵਸਦਾ ਰਹੇ ਪ੍ਰੋæ ਸਰੂਪ ਸਿੰਘ ਸਰੂਪ। ਮੈਂ ਮਾਣ ਨਾਲ ਕਹਾਂਗਾ ਕਿ ਮੈਨੂੰ ਪ੍ਰੋæ ਸਰੂਪ ਸਿੰਘ ਸਰੂਪ ਨਾਲ ਕਰੀਬ ਪੈਂਤੀ ਸਾਲ ਵਿਚਰਨ ਦਾ ਮੌਕਾ ਮਿਲਿਆ। ਵੈਰਾਗਮਈ ਸੰਗੀਤ ਵਿਚ ਉਹਦਾ ਹਾਲੇ ਤੱਕ ਵੀ ਕੋਈ ਸਾਨੀ ਨਹੀਂ। ਪੜ੍ਹਨ ਵਾਲੇ ਨੂੰ ਭਾਵੇਂ ਇਹ ਗੱਲ ਅਜੀਬ ਲੱਗੇ ਕਿ ਲੋਕੀਂ ਤਾਂ ਦਾਅਵਾ ਕਰਦੇ ਨੇ ਸਾਡੇ ਖੁਸ਼ੀ ਦੇ ਮੌਕੇ ‘ਤੇ ਫਲਾਣੇ ਨੇ ਗਾਇਆ ਸੀ, ਫਲਾਣਾ ਰਾਗੀ ਆਇਆ ਸੀ, ਫਲਾਣੇ ਨੇ ਅਖਾੜਾ ਲਾਇਆ ਸੀ ਪਰ ਮੈਂ ਕਹਾਂਗਾ ਕਿ ਸਾਡੇ ਪਰਿਵਾਰ ਤੇ ਰਿਸ਼ਤੇਦਾਰੀ ਵਿਚ ਬਹੁਤੀਆਂ ਮੌਤਾਂ ‘ਤੇ ਪ੍ਰੋæ ਸਰੂਪ ਸਿੰਘ ਸਰੂਪ ਨੇ ਗਾਇਆ ਹੈ। ਅਜਿਹਾ ਵੈਰਾਗਮਈ ਗਾਇਆ ਹੈ ਕਿ ਉਹ ਲੋਕ ਵੀ ਰੋਂਦੇ ਵੇਖੇ ਨੇ ਜਿਹੜੇ ਐਵੇਂ ਦੁਨੀਆਂਦਾਰੀ ਲਈ ਅਫਸੋਸ ਕਰਨ ਆਏ ਹੁੰਦੇ ਨੇ। ਉਹ ਮੇਰੀ ਸੱਸ ਮਰੀ ‘ਤੇ ਵੀ ਆਇਆ, ਉਹਨੇ ਮੇਰੇ ਜੀਜੇ ਦੇ ਆਖਰੀ ਰਸਮਾਂ ਦੇ ਭੋਗ ‘ਤੇ ਵੀ ਗਾਇਆ ਤੇ ਜਿਸ ਦਿਨ ਮੇਰੀ ਮਾਂ ਦਾ ਭੋਗ ਸੀ ਉਸ ਦਿਨ ਉਹ ਅਜਿਹਾ ਕੁਝ ਕਰਕੇ ਗਿਆ ਕਿ ਪੰਡਾਲ ਵਿਚ ਹਰ ਅੱਖ ਸਿੱਲ੍ਹੀ ਹੋਈ ਤੇ ਮੈਂ ਕੁਲਦੀਪ ਮਾਣਕ ਨੂੰ ਵੀ ਬੁੱਕ ਬੁੱਕ ਅੱਥਰੂ ਸੁੱਟਦੇ ਵੇਖਿਆ। ਫਿਰ ਕਿਵੇਂ ਨਹੀਂ ਕਿਹਾ ਜਾ ਸਕਦਾ ਕਿ ਪ੍ਰੋæ ਸਰੂਪ ਸਿੰਘ ਸਰੂਪ ਆਮ ਨਹੀਂ, ਖਾਸ ਨਹੀਂ ਉਹ ਮਹਾਨ ਗਵੱਈਆ ਹੈ ਜਿਸ ਨੂੰ ਪੰਜਾਬੀ ਗਾਇਕੀ ਦੀ ਵਿਰਾਸਤ ਤਸਦੀਕ ਕਰਦੀ ਰਹੇਗੀ।
ਚੰਡੀਗੜ੍ਹ ਤੋਂ ਇਕ ਵਾਰ ਮੈਂ ਬੱਸ ਵਿਚ ਸਫਰ ਕਰ ਰਿਹਾ ਸਾਂ ਨਵਾਂਸ਼ਹਿਰ ਨੂੰ। ਜੂਨ ਮਹੀਨਾ ਸੀ, ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸੀ। ਬੱਸ ਨਵਾਂਸ਼ਹਿਰ ਤੋਂ ਦੋ ਕਿਲੋਮੀਟਰ ਪਹਿਲਾਂ ਬਰਨਾਲਾ ਕਲਾਂ ਦੇ ਬਸ ਅੱਡੇ ‘ਤੇ ਰੁਕੀ। ਨੱਕੋ ਨੱਕ ਭਰੀ ਬੱਸ ‘ਚੋਂ ਇਕ ਅੰਮ੍ਰਿਤਧਾਰੀ ਸਿੰਘ ਉਤਰਿਆ। ਉਸ ਨੇ ਇਕ ਪਾਸੇ ਨੂੰ ਮੂੰਹ ਕਰਕੇ ਮੱਥਾ ਟੇਕਿਆ ਤਾਂ ਮੈਨੂੰ ਬਹੁਤੀ ਹੈਰਾਨੀ ਨਹੀਂ ਹੋਈ ਪਰ ਜਦੋਂ ਦੂਜੇ ਪਾਸੇ ਨੂੰ ਮੂੰਹ ਕਰਕੇ ਉਹਨੇ ਝੁਕ ਕੇ ਹੱਥ ਜੋੜੇ ਤਾਂ ਮੈਂ ਪੁੱਛਣੋ ਰਹਿ ਨਾ ਸਕਿਆ ਕਿ ਖਾਲਸਾ ਜੀ ਇਹ ਕੀ ਕਰ ਰਹੇ ਹੋ? ਚਲੋ ਦੂਜੇ ਪਾਸੇ ਤਾਂ ਕੁਝ ਵੀ ਨਹੀਂ ਸੀ ਪਰ ਇਧਰਲੇ ਪਾਸੇ ਗੂਗਾ ਮਾੜੀ ਹੈ ਤੇ ਇਕ ਸਿੰਘ ਗੂਗਾ ਮਾੜੀ ਨੂੰ ਸਿਜਦਾ ਕਰਦਾ ਚੰਗਾ ਨਹੀਂ ਲੱਗਦਾ। ਉਹ ਸਿੰਘ ਮੈਨੂੰ ਉਲਰ ਕੇ ਪੈ ਗਿਆ। ਪੁੱਛਣ ਲੱਗਾ, ‘ਤੇਰਾ ਪਿੰਡ ਕਿਹੜਾ?’ ਮੈਂ ਕਿਹਾ, ‘ਇਥੋਂ ਅੱਠ ਕਿਲੋਮੀਟਰ ਦੂਰ ਹੈ ਪਿੰਡ ਭੌਰਾ।’ ਉਹਨੇ ਗੁੱਸੇ ਵਿਚ ਦੂਜੀ ਵਾਰ ਜਵਾਬ ਦਿੱਤਾ, ‘ਕਮਾਲ ਦੇ ਬੰਦੇ ਹੋ, ਤੁਹਾਨੂੰ ਇਹ ਵੀ ਨਹੀਂ ਪਤਾ ਕਿ ਇਹ ਧਰਤੀ ਕਿਹੜੀ ਹੈ। ਸੁਣ ਐਧਰ ਨੂੰ ਮੂੰਹ ਕਰਕੇ, ਜਿਧਰ ਤੂੰ ਕਹਿਨਾਂ ਕੁਝ ਨਹੀਂ। ਮੈਂ ਮੱਥਾ ਤਾਂ ਟੇਕਿਆ ਕਿ ਇਧਰ ਪਿੰਡ ਹੈ ਬਰਨਾਲਾ ਕਲਾਂ ਪ੍ਰੋæ ਸਰੂਪ ਸਿੰਘ ਸਰੂਪ ਦਾ, ਤੇ ਦੂਜੇ ਪਾਸੇ ਸਿਜਦਾ ਮੈਂ ਤਾਂ ਕੀਤਾ ਇਧਰ ਹੈ ਪਿੰਡ ਹੈ ਪੰਥ ਦੇ ਮਹਾਨ ਢਾਡੀ ਦਇਆ ਸਿੰਘ ਦਿਲਬਰ ਦਾ। ਮੈਂ ਗੂਗੇ ਗਾਗੇ ਅਤੇ ਮਾੜੀ ਮੂੜੀ ਨੂੰ ਕੋਈ ਮੱਥਾ ਨਹੀਂ ਟੇਕਿਆ।’ ਤੇ ਪ੍ਰੋæ ਸਰੂਪ ਸਿੰਘ ਸਰੂਪ ਦੀ ਇਬਾਦਤ ‘ਚੋਂ ਇਹ ਘਟਨਾਕ੍ਰਮ ਕਦੇ ਮਨਫੀ ਨਹੀਂ ਹੋਇਆ।
ਬਰਨਾਲਾ ਕਲਾਂ ਪਿੰਡ ਦਾ ਉਹ ਬੜਾ ਲੰਬਾ ਚਿਰ ਸਰਪੰਚ ਰਿਹਾ। ਫਿਰ ਉਹਨੇ ਨਵਾਂਸ਼ਹਿਰ ਕੋਠੀ ਰੋਡ ‘ਤੇ ਸਰੂਪ ਸੰਗੀਤ ਵਿਦਿਆਲਿਆ ਖੋਲ੍ਹਿਆ ਜਿੱਥੇ ਹਾਲੇ ਵੀ ਹੇਠਾਂ ਸਾਜ਼ਾਂ ਦੀ ਦੁਕਾਨ ਹੈ ਅਤੇ ਉਪਰ ਚੁਬਾਰੇ ਵਿਚ ਉਹ ਬਹੁਤ ਸਾਰੇ ਮੁੰਡੇ-ਕੁੜੀਆਂ ਨੂੰ ਸੰਗੀਤ ਦੀ ਤਾਲੀਮ ਦਿੰਦਾ ਸਵੇਰੇ ਸ਼ਾਮ ਵੇਖਿਆ ਜਾ ਸਕਦਾ ਹੈ। ਇਹ ਸੰਗੀਤ ਵਿਦਿਆਲਿਆ ਉਹ ਮੱਕਾ ਹੈ ਜਿੱਥੇ ਦੀਪਕ ਜੈਤੋਈ ਵੀ ਆਉਂਦਾ ਰਿਹਾ ਹੈ, ਕੇਸਰ ਸਿੰਘ ਆਜਜ਼, ਕਰਤਾਰ ਸਿੰਘ ਬਲੱਗਣ ਵੀ ਅਤੇ ਸਿੱਖ ਇਤਿਹਾਸ ਲਿਖਣ ਵਾਲਾ ਵਧੀਆ ਤੇ ਪਿਆਰਾ ਗੀਤਕਾਰ ਚਰਨ ਸਿੰਘ ਸਫਰੀ ਵੀ। ਪਾਠਕਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਜੇ ਪੰਜਾਬੀ ਗਾਇਕੀ ਦੀਆਂ ਸੱਚੀਆਂ ਪਰੰਪਰਾਵਾਂ ਨੂੰ ਪਿਆਰ ਕਰਦੇ ਹੋ ਤੇ ਹਾਲੇ ਤੱਕ ਪ੍ਰੋæ ਸਰੂਪ ਸਿੰਘ ਸਰੂਪ ਦੇ ਦਰਸ਼ਨ ਦੀਦਾਰ ਨਹੀਂ ਕੀਤੇ ਤਾਂ ਨਵਾਂਸ਼ਹਿਰ ਕੋਠੀ ਰੋਡ ‘ਤੇ ਇਕ ਵਾਰ ਉਹਦੇ ਸੰਗੀਤ ਵਿਦਿਆਲੇ ਜ਼ਰੂਰ ਜਾਇਓ। ਸੂਰਜ ਤਾਂ ਪੂਰਬ ਵਿਚੋਂ ਚੜ੍ਹਦਾ ਹੈ ਪਰ ਸੰਗੀਤ ਦਾ ਨਿੱਤ ਨਵਾਂ ਸੂਰਜ ਚੜ੍ਹਦਾ ਇੱਥੇ ਵੇਖਿਆ ਜਾ ਸਕਦਾ ਹੈ? ਕਰੀਬ ਪਚਾਸੀ ਵਰ੍ਹਿਆਂ ਦੀ ਉਮਰ ਹੰਢਾ ਚੁੱਕਾ ਪ੍ਰੋæ ਸਰੂਪ ਤੁਹਾਨੂੰ ਗਲ ਲਾ ਕੇ ਘੁੱਟ ਕੇ ਮਿਲੇਗਾ, ਚਾਹ-ਪਾਣੀ ਪੁੱਛੇਗਾ, ਦੁੱਧ ਪੁੱਛੇਗਾ ਤੇ ਸ਼ੌਕੀਨ ਹੋ ਤਾਂ ਉਹ ਵੀ ਸੁਲ੍ਹਾਹ ਮਾਰ ਲਏਗਾ ਕਿ ‘ਘੁੱਟ ਦਾ ਮੂਡ ਤਾਂ ਨਹੀਂ?’ ਮੈਂ ਉਸ ਦੇ ਇਕ ਸ਼ੌਕ ਨੂੰ ਕਈ ਵਾਰ ਟੋਕਿਆ ਵੀ ਪਰ ਉਹ ਕਹੇਗਾ ਅਸੀਂ ਸੰਗਤ ਚਰਨ ਸਿੰਘ ਸਫਰੀ ਦੀ ਕੀਤੀ ਹੈ ਜਿਸ ਕਰਕੇ ਮਿੱਠਾ ਕੌੜਾ ਪਾਣੀ ਹੁਣ ਘੱਟ ਤਾਂ ਹੋ ਗਿਆ ਹੈ ਪਰ ਮਨਫੀ ਨਹੀਂ ਹੋਏਗਾ।
ਜਿਸ ਦਿਨ ਚਰਨ ਸਿੰਘ ਸਫਰੀ ਦੇ ਸ਼ਰਧਾਂਜਲੀ ਸਮਾਗਮ ‘ਤੇ ਪ੍ਰੋæ ਸਰੂਪ ਪਿੰਡ ਬੋਦਲਾਂ (ਹੁਸ਼ਿਆਰਪੁਰ) ਗਿਆ ਤਾਂ ਮੈਂ ਕਿਸੇ ਮਜਬੂਰੀ ਕਾਰਨ ਨਾ ਜਾ ਸਕਿਆ। ਉਹਨੇ ਮੇਰੇ ਤੇ ਆਪਣੇ ਵਲੋਂ ਜੋ ਸ਼ਰਧਾਂਜਲੀ ਸਾਂਝੇ ਰੂਪ ਵਿਚ ਸਫਰੀ ਸਾਹਿਬ ਨੂੰ ਭੇਟ ਕੀਤੀ, ਤਰਸੇਮ ਸਫਰੀ ਦੱਸਦਾ ਸੀ ਕਿ ਕੱਚੀਆਂ ਕੰਧਾਂ ਤਾਂ ਕੀ ਉਸ ਨੇ ਪੱਕੀਆਂ ਕੰਧਾਂ ਵੀ ਰੋਣ ਲਾ ਦਿੱਤੀਆਂ ਸਨ। ਸਰੂਪ ਮਸਤ ਬੰਦਾ ਹੈ। ਇਹ ਮਸਤੀ ਉਹਨੂੰ ਸੰਗੀਤ ਤੇ ਗਾਇਕੀ ਦੀ ਚੜ੍ਹੀ ਰਹੀ ਹੈ। ਉਹਨੇ ਰੱਜ ਕੇ ਆਲ ਇੰਡੀਆ ਰੇਡੀਓ ਸਟੇਸ਼ਨ ਤੋਂ ਗਾਇਆ, ਦੂਰਦਰਸ਼ਨ ‘ਤੇ ਉਹਨੂੰ ਪੇਸ਼ ਕਰਨ ਦਾ ਮਾਣ ਵੀ ਮੈਂ ਹਾਸਲ ਕਰ ਸਕਿਆ ਹਾਂ। ਕਿਸੇ ਵੇਲੇ ਉਹ ਕਹਿੰਦਾ ਹੁੰਦਾ ਸੀ ਕਿ ਸਾਡੇ ਵਰਗੇ ਗਵੱਈਆਂ ਲਈ ਦੂਰਦਰਸ਼ਨ ਦੇ ਬੂਹੇ ਖੁੱਲ੍ਹ ਨਹੀਂ ਸਕਦੇ। ਮਾਣ ਨਾਲ ਕਹਾਂਗਾ ਕਿ ਡਾæ ਲਖਵਿੰਦਰ ਜੌਹਲ ਨੇ ਉਹਨੂੰ ਜਦੋਂ ਲਿਸ਼ਕਾਰਾ ਪ੍ਰੋਗਰਾਮ ਵਿਚ ਪੇਸ਼ ਕੀਤਾ ਸੀ ਤਾਂ ਉਥੇ ਹਾਜ਼ਰ ਹੋਰ ਗਾਇਕਾਂ ਨੂੰ ਕਾਫੀ ਸ਼ਰਮਿੰਦਗੀ ਮਹਿਸੂਸ ਹੋਣ ਲੱਗ ਪਈ ਸੀ ਕਿ ਅਸੀਂ ਤਾਂ ਕੁਝ ਵੀ ਨਹੀਂ ਕਰ ਰਹੇ। ਅਸੀਂ ਸਰੂਪ ਦੇ ਪੈਰਾਂ ਵਰਗੇ ਤਾਂ ਕੀ ਉਹਦੇ ਪੈਰਾਂ ਦੀ ਮਿੱਟੀ ਵਰਗੇ ਵੀ ਨਹੀਂ। ਕਿਤੇ ਸੁਣ ਕੇ ਤਾਂ ਵੇਖਿਓ।
ਇਕ ਵਾਰੀ ਲੁਧਿਆਣੇ ਪ੍ਰੋਗਰਾਮ ਹੋ ਰਿਹਾ ਸੀ। ਭਾਈ ਗੋਪਾਲ ਸਿੰਘ ਹੁਰੀਂ ਵੀ ਹਾਜ਼ਰ ਸਨ, ਮੋਹਣੀ ਨਰੂਲਾ ਵੀ ਆਈ ਹੋਈ ਸੀ, ਕਰਮਜੀਤ ਧੂਰੀ ਨੇ ਵੀ ਗਾਉਣਾ ਸੀ ਤੇ ਸਭ ਤੋਂ ਸੁਰੀਲਾ ਗਾਇਕ ਕਰਨੈਲ ਗਿੱਲ ਵੀ ਪਹੁੰਚਿਆ ਹੋਇਆ ਸੀ ਪਰ ਪ੍ਰੋæ ਸਰੂਪ ਤੋਂ ਬਾਅਦ ਜੇ ਕਿਸੇ ਨੇ ਗਾਉਣ ਦਾ ਹੀਆ ਕੀਤਾ ਤਾਂ ਉਹ ਸਿਰਫ ਕੁਲਦੀਪ ਮਾਣਕ ਸੀ। ਇਸੇ ਕਰਕੇ ਉਹ ਆਮ ਨਹੀਂ ਖਾਸ ਸਟੇਜਾਂ ‘ਤੇ ਇਹ ਕਹਿੰਦਾ ਰਿਹਾ ਹੈ ਕਿ ਕੁਲਦੀਪ ਮਾਣਕ ਨੇ ਪੰਜਾਬੀ ਗਾਇਕੀ ਨੂੰ ਬਚਾਉਣ ਵਿਚ ਤੇ ਮਾਣ ਦੁਆਉਣ ਵਿਚ ਸਭ ਤੋਂ ਵੱਡਾ ਯੋਗਦਾਨ ਪਾਇਆ ਹੈ। ਮਾਣਕ ‘ਤੇ ਆ ਕੇ ਉਹਦੀ ਇਸ ਧਾਰਨਾ ਨੂੰ ਬੂਰ ਪੈਂਦਾ ਰਿਹਾ ਹੈ ਕਿ ਕਲਾਕਾਰ ਤੇ ਗਵੱਈਏ ਸਿਰਫ ਜੰਮਦੇ ਹਨ ਜਦੋਂ ਕਿ ਹੁਣ ਬਹੁਤੇ ਬਣਨ ਦੇ ਚੱਕਰ ਵਿਚ ਦੌੜ ਭੱਜ ਕਰਕੇ ਸਾਨ੍ਹਾਂ ਦੇ ਭੇੜ ਵਾਂਗੂ ਪੰਜਾਬੀ ਗਾਇਕੀ ਦਾ ਨਾਸ ਕਰ ਰਹੇ ਹਨ।
ਸਰੂਪ ਇਹ ਕਹਿੰਦਾ ਰਿਹਾ ਕਿ ਸਫਰੀ ਵਰਗਾ ਕੋਈ ਗੀਤਕਾਰ ਨਹੀਂ ਬਣ ਸਕਦਾ। ਕੌਡੇ ਰਾਖਸ਼ ਤੇ ਬਾਬੇ ਮਰਦਾਨੇ ਦੀ ਮੁਲਾਕਾਤ ਦੇ ਪ੍ਰਸੰਗ ਨੂੰ ਪੇਸ਼ ਕਰਨ ਵੇਲੇ ਉਹ ਕਿਆ ਕਮਾਲ ਕਰ ਦਿੰਦਾ ਸੀ, ਵੇਖੋ ਜ਼ਰਾ! ਜਦੋਂ ਕੌਡੇ ਰਾਖਸ਼ ਨੇ ਮਰਦਾਨੇ ਨੂੰ ਕਿਹਾ ਕਿ ਮੈਂ ਤੈਨੂੰ ਭੁੰਨ ਕੇ ਖਾਵਾਂਗਾ, ਤੇਲ ਦਾ ਕੜਾਹਾ ਉਬਲ ਰਿਹਾ ਹੈ ਤਾਂ ਭੁੱਖ ਦਾ ਮਾਰਿਆ ਬਾਬਾ ਮਰਦਾਨਾ ਗੁਰੂ ਨਾਨਕ ਪਾਤਸ਼ਾਹ ਦਾ ਸਾਥ ਛੱਡ ਕੇ ਆਉਣ ਦਾ ਰੋਣਾ ਰੋਣ ਦੇ ਨਾਲ ਕੌਡੇ ਰਾਖਸ਼ ਅੱਗੇ ਤਰਲਾ ਕਰਨ ਲੱਗਾ,
ਹੱਥ ਜੋੜ ਮਰਦਾਨੇ ਕਿਹਾ ਅੱਗੋਂ
ਕੌਡੇ ਬਾਦਸ਼ਾਹ ਕਿਉਂ ਜ਼ੁਲਮ ਕਮਾ ਰਹੇ ਹੋ।
ਮੈਂ ਤਾਂ ਆਪ ਭੁੱਖਾ ਕਈ ਦਿਨਾਂ ਦਾ
ਤੁਸੀਂ ਭੁੱਖੇ ਨੂੰ ਭੁੰਨ ਕੇ ਖਾ ਰਹੇ ਹੋ।
ਤੇ ਜੋ ਕੌਡੇ ਰਾਖਸ਼ ਨੇ ਅੱਗੋਂ ਜੁਆਬ ਦਿੱਤਾ ਸੀ ਉਹ ਅੱਜ ਦੇ ਭਗਵਿਆਂ ‘ਚ ਲੁਕੇ ਰਾਖਸ਼ਾਂ ‘ਤੇ ਵੀ ਪੂਰਾ ਢੁਕਦਾ ਹੈ। ਕੌਡੇ ਦਾ ਜਵਾਬ ਸੀ,
ਕੌਡਾ ਬੋਲਿਆ ਇਹ ਦਸਤੂਰ ਜਗ ਦਾ,
ਮਰਦਾਨਿਆ ਜਿਹਦੀ ਚੱਲ ਜਾਏ
ਉਹੀ ਚਲਾ ਜਾਂਦਾ।
ਇੱਥੇ ਹਰ ਭੁੱਖਾ ਭੁੱਖੇ ਆਦਮੀ ਨੂੰ
ਜਦੋਂ ਦਾਅ ਲੱਗਾ ਉਦੋਂ ਖਾ ਜਾਂਦਾ।
ਕੌਡੇ ਰਾਖਸ਼ ਨੇ ਮਰਦਾਨੇ ਨੂੰ ਚੁੱਕ ਕੇ ਉਬਲਦੇ ਤੇਲ ਦੇ ਕੜਾਹੇ ਵਿਚ ਸੁੱਟ ਦਿੱਤਾ। ਇਹ ਗੁਰੂ ਨਾਨਕ ਪਾਤਸ਼ਾਹ ਦੀ ਮਿਹਰ ਸੀ ਕਿ ਮਰਦਾਨਾ ਭੁੱਜਣ ਦੀ ਬਜਾਏ ਇਸ ਸੀਤ ਹੋਏ ਤੇਲ ਵਿਚ ਤਾਰੀਆਂ ਲਾਉਣ ਲੱਗ ਪਿਆ ਸੀ। ਯੂ ਪੀ ਬਿਹਾਰ ਦੀਆਂ ਗੈਰ ਸਿੱਖ ਸੰਗਤਾਂ ‘ਚ ਰੌਂਗਟੇ ਖੜ੍ਹੇ ਕਰਨ ਦੀ ਮੁਹਾਰਤ ਸਿਰਫ ਤੇ ਸਿਰਫ ਪ੍ਰੋæ ਸਰੂਪ ਸਿੰਘ ਸਰੂਪ ਕੋਲ ਹੀ ਹੈ।
ਪ੍ਰੋæ ਮੋਹਣ ਸਿੰਘ ਮੇਲੇ ‘ਤੇ ਉਹਨੂੰ ਸਨਮਾਨਿਤ ਕਰਨ ਦੀ ਦੱਸ ਮੈਂ ਜਗਦੇਵ ਸਿੰਘ ਜੱਸੋਵਾਲ ਕੋਲ ਪਾਈ। ਸ਼ੌਂਕੀ ਮੇਲੇ ‘ਤੇ ਮਾਹਿਲਪੁਰ ਉਹਨੂੰ ਆਪ ਸਨਮਾਨਿਤ ਕੀਤਾ। ਇਸ ਸੰਤ ਸੁਭਾਅ ਗਾਇਕ ਦੀ ਖੁੱਲ੍ਹਦਿਲੀ ਵੇਖੋ ਕਿ ਉਹਨੇ ਮੋਹਣ ਸਿੰਘ ਮੇਲੇ ‘ਤੇ ਮਦਦ ਲਈ ਗਿਆਰਾਂ ਹਜ਼ਾਰ ਰੁਪਏ ਦਿੱਤੇ ਤੇ ਸ਼ੌਂਕੀ ਮੇਲੇ ਲਈ ਇਕਵੰਜਾ ਸੌ, ਇਹ ਕਹਿ ਕੇ ਕਿ ਇਨ੍ਹਾਂ ਦੋ ਮੇਲਿਆਂ ‘ਤੇ ਮੇਰਾ ਮਾਣ ਹਜ਼ਾਰਾਂ ਨਹੀਂ ਲੱਖਾਂ ਦਾ ਹੋਇਆ ਹੈ। ਊਸ਼ਾ ਕਿਰਨ ਨਾਲ ਸਭ ਤੋਂ ਵੱਧ ਪ੍ਰੋæ ਸਰੂਪ ਨੇ ਗਾਇਆ। ਇਹ ਪਿਆਰ ਦੀ ਜੋੜੀ ਹਾਲੇ ਵੀ ਪ੍ਰਵਾਨ ਚੜ੍ਹੀ ਹੋਈ ਹੈ। ਉਹਨੂੰ ਸਭ ਤੋਂ ਵੱਧ ਐਚ ਐਮ ਵੀ ਨੇ ਰਿਕਾਰਡ ਕੀਤਾ ਫਿਰ ਇਨਰੀਕੋ ਨੇ ਵੀ, ਫਿਰ ਪੌਲੀਡੋਰ ਨੇ ਵੀ ਤੇ ਪਿਛਲੇ ਇਕ ਦਹਾਕੇ ਵਿਚ ਪੰਜਾਬ ਦੀਆਂ ਸਥਾਨਕ ਕੰਪਨੀਆਂ ਨੇ ਵੀ ਕੁਝ ਐਲਬਮਾਂ ਸੰਭਾਲ ਕੇ ਰੱਖੀਆਂ ਹਨ।
ਨਰਿੰਦਰ ਬੀਬਾ ਨਾਲ ਸਭ ਤੋਂ ਵੱਧ ਸਟੇਜਾਂ ਕਰਨ ਵਾਲਾ ਵੀ ਪ੍ਰੋæ ਸਰੂਪ ਸਿੰਘ ਸਰੂਪ ਹੀ ਹੈ। ਮੇਰੇ ਨਾਲ ਉਹਦੀਆਂ ਹਜ਼ਾਰਾਂ ਮੁਲਾਕਾਤਾਂ ਨੇ। ਉਹ ਮੇਰੇ ਬਾਪ ਸਮਾਨ ਵੀ ਹੈ ਅਤੇ ਕਹਿਣ ਨੂੰ ਹੌਂਸਲਾ ਤਾਂ ਨਹੀਂ ਪੈਂਦਾ ਪਰ ਕਹਿ ਹੀ ਦਿਆਂਗਾ ਕਿ ਉਹ ਮੇਰਾ ਮਿੱਤਰ ਵੀ ਹੈ ਤੇ ਯਾਰ ਵੀ। ਅਸੀਂ ਇਕ ਵਾਰ ਨਹੀਂ ਅਨੇਕਾਂ ਵਾਰ ਗਲਾਸੀਆਂ ਵੀ ਖੜਕਾਈਆਂ। ਉਹ ਅਕਸਰ ਕਹੇਗਾ ਕਿ ‘ਜੁਆਨੀ ਵਿਚ ਲੋਕੀਂ ਹੋਰ ਤਰ੍ਹਾਂ ਦੀਆਂ ਗਲਤੀਆਂ ਕਰਦੇ ਨੇ ਪਰ ਮੈਂ ਸ਼ਾਇਦ ਸੰਗੀਤਕ ਗੁਨਾਹ ਕੀਤਾ ਹੈ।’ ਜੁਆਨੀ ਦੇ ਦਿਨੀਂ ਉਹਨੇ ਇਹ ਵੀ ਗਾਇਆ,
ਦੇ ਭਾਬੀ ਦੁੱਧ ਦਾ ਕਟੋਰਾ ਛੋਟੇ ਦਿਓਰ ਨੂੰ
ਪੰਜ ਪਾਂਜੇ ਪੂਰੇ ਬਿਨਾਂ ਹੋਏ ਨਸੀਬ ਕੁਰੇ
ਲੱਕ ਟੁੱਟ ਗਿਆ ਕਮਾਈਆਂ ਕਰਦੇ ਦਾ।
ਇਹ ਗੀਤ ਵੀ ਕਿਸੇ ਵਕਤ ਬਨੇਰਿਆਂ ‘ਤੇ ਬੜੇ ਖੜਕੇ ਸਨ। ਮੇਰੇ ਜੰਮਣ ਤੋਂ ਪਹਿਲਾਂ ਹੀ 1955 ਵਿਚ ਉਹਨੇ ਸੰਗੀਤ ਦੀ ਐਮ ਏ ਕਰ ਲਈ ਸੀ। ਇਸੇ ਸਾਲ ਹੀ ਐਚ ਐਮ ਵੀ ਨੇ ਉਹਨੂੰ ਰਿਕਾਰਡ ਵੀ ਕਰ ਲਿਆ ਸੀ ਤੇ 1956 ਤੋਂ ਉਹ ਆਲ ਇੰਡੀਆ ਰੇਡੀਓ ਜਲੰਧਰ ਸਟੇਸ਼ਨ ਤੋਂ ਪ੍ਰਵਾਨਿਤ ਗਵੱਈਆ ਬਣ ਗਿਆ ਸੀ। ਪੰਜਾਬੀ ਗਾਇਕੀ ਦਾ ਇਕ ਅੰਕੜਾ ਸ਼ਾਇਦ ਕਿਸੇ ਤੋਂ ਵੀ ਨਾ ਟੁੱਟੇ ਕਿ ਦੁਆਬੇ ਦੇ ਨੱਬੇ ਫੀਸਦੀ ਲੋਕ ਆਪਣੀਆਂ ਧੀਆਂ ਦੇ ਅਨੰਦ ਕਾਰਜ ਪ੍ਰੋæ ਸਰੂਪ ਸਿੰਘ ਸਰੂਪ ਬਿਨਾਂ ਨਹੀਂ ਕਰਦੇ। ਨਵਾਂਸ਼ਹਿਰ ਦੇ ਲਾਗਲੇ ਪਿੰਡ ਬਰਨਾਲਾ ਕਲਾਂ ‘ਚ ਉਹਨੇ ਪਿਤਾ ਹਰਨਾਮ ਸਿੰਘ ਦੇ ਘਰ ਅੱਖ ਪੱਟੀ, ਹਦੀਆਬਾਦੀ ਮਾਸਟਰ ਰਤਨ ਤੋਂ ਬਾਕਾਇਦਾ ਸੰਗੀਤ ਦੀ ਤਾਲੀਮ ਹਾਸਲ ਕੀਤੀ। ਮਹਿੰਦਰ ਕੌਰ ਨਾਲ ਵਿਆਹ ਕਰਵਾਇਆ, ਚਾਰ ਉਹਦੇ ਪੁੱਤਰ ਨੇ, ਇਕ ਖੇਤੀ ਕਰਦਾ, ਇਕ ਲੋਕ ਸਾਜ਼ਾਂ ਦੀ ਦੁਕਾਨ ‘ਤੇ ਹੈ ਅਤੇ ਦੋ ਵਿਦੇਸ਼ਾਂ ‘ਚ ਹਨ। ਇੰਗਲੈਂਡ ‘ਚ ਉਹਨੇ ਸਭ ਤੋਂ ਵੱਧ ਪ੍ਰੋਗਰਾਮ ਕੀਤੇ, ਦੁਬਈ ‘ਚ ਵੀ, ਸਿੰਘਾਪੁਰ ਤੇ ਮਲੇਸ਼ੀਆ ‘ਚ ਵੀ, ਤੇ ਅਮਰੀਕਾ-ਕਨੇਡਾ ਵਿਚ ਵੀ। ਇਸ ਤੋਂ ਵੱਡੀ ਇਕ ਗਾਇਕ ਦੀ ਪ੍ਰਾਪਤੀ ਕੀ ਹੋ ਸਕਦੀ ਹੈ ਕਿ ਸੁਰੀਲੇ ਕੀਰਤਨੀਏ ਭਾਈ ਦਿਲਬਾਗ ਸਿੰਘ ਤੇ ਗੁਲਬਾਗ ਸਿੰਘ ਉਹਦੇ ਸ਼ਾਗਿਰਦ ਹਨ ਅਤੇ ਸ਼ੁਗਲ ‘ਚ ਉਹ ਇਹ ਵੀ ਕਹਿੰਦਾ ਹੈ ਕਿ ਮੋਹਣ ਸਿੰਘ ਚਰਖਾ ਵੀ ਉਹਦਾ ਹੀ ਸ਼ਾਗਿਰਦ ਹੈ।
ਉਹ ਹੱਥ ਜੋੜਦਾ ਹੈ ਕਿ ਗਾਉਣ ਵਾਲਿਓ ਰੱਬ ਦੇ ਵਾਸਤੇ ਪੰਜਾਬੀ ਗਾਇਕੀ ਨੂੰ ਨਿਰਵਸਤਰ ਨਾ ਕਰੋ। ਝੱਗ ਦੇ ਬੁਲਬੁਲਿਆਂ ਦੀਆਂ ਉਮਰਾਂ ਲੰਮੀਆਂ ਕਦੋਂ ਹੁੰਦੀਆਂ ਨੇ? ਵਖਤ ਠੀਕ ਹੈ ਬਦਲਦਾ ਹੈ ਪਰ, ਕਲਾਸੀਕਲ ਬਿਨਾਂ ਕੋਈ ਗਵੱਈਆ ਨਹੀਂ ਹੋ ਸਕਦਾ ਤੇ ਸੰਗੀਤ ਦੀ ਸੂਝ ਬਿਨਾਂ ਗਾਉਣ ਵਾਲਾ ਉਸੇ ਤਰ੍ਹਾਂ ਦਾ ਹੀ ਹੈ ਜਿਵੇਂ ਕੋਈ ਬੰਸਰੀ ਦੇ ਭੁਲੇਖੇ ਕੂਕਾਂ ਮਾਰਨ ਵਾਲੇ ਭੂਕਨੇ ‘ਚੋਂ ਬੰਸਰੀ ਵਜਾਉਣ ਦਾ ਯਤਨ ਕਰ ਰਿਹਾ ਹੋਵੇ। ਸਿੱਖ ਪੰਥ ਦੀ ਦੁਬਿਧਾ ਤੋਂ ਉਹ ਵੀ ਦੁਬਿਧਾ ‘ਚ ਹੈ। ਇਸ ਦੁਬਿਧਾ ਦਾ ਦੁੱਖ ਉਹ ਆਪਣੇ ਗੀਤ ਦੀਆਂ ਇਹ ਸਤਰਾਂ ਕਹਿ ਕੇ ਪ੍ਰਗਟ ਕਰ ਦਿੰਦਾ ਹੈ,
ਆਂਦਰਾ ਅਜੀਤ ਦੀਆਂ
ਖੋਪਰੀ ਜੁਝਾਰ ਦੀ।
ਇਹਦੇ ਵਿਚੋਂ ਜੋਤ ਜਗੀ
ਸਿੱਖੀ ਦੇ ਪਿਆਰ ਦੀ।
ਮੈਂ ਮਾਣ ਨਾਲ ਕਹਾਂਗਾ ਕਿ ਪ੍ਰੋæ ਸਰੂਪ ਸਾਡੇ ਸਮਿਆਂ ਦਾ ਗਾਇਕ ਹੈ ਤੇ ਸੀ ਜਾਂ ਇਓਂ ਕਿ ਅਸੀਂ ਉਹਦੇ ਸਮੇਂ ‘ਚ ਜਨਮ ਲਿਆ ਹੈ। ਉਹ ਪੰਜਾਬੀ ਗਾਇਕੀ ਦਾ ਉਹ ਮੱਕਾ ਹੈ ਜਿਹਦਾ ਹੱਜ ਕਰਨਾ ਹੀ ਚਾਹੀਦਾ ਹੈ।
#

ਗੱਲ ਬਣੀ ਕਿ ਨਹੀਂ
ਅੰਦਰੋਂ ਬੰਦਾ ਕਾਣਾ
ਟੁੱਟ ਗਏ ਲੋਕੀਂ, ਟੁੱਟ ਗਈ ਦੁਨੀਆਂ, ਟੁੱਟਿਆ ਤਾਣਾ-ਬਾਣਾ।
ਯੁੱਗ ਨਵੇਂ ਵਿਚ ਬਣਦਾ ਜਾਵੇ ਹਰ ਕੋਈ ਸੰਦ ਪੁਰਾਣਾ।
ਬਿਨ ਮਤਲਬ ਕੋਈ ਖਾਜ ਕਰੇ ਨਾ, ਸੱਟ ਕੱਢ ਕੇ ਲਾਂਭੇ,
ਇੱਕੋ ਰਾਗ ‘ਚ ਗਾਈ ਜਾਂਦੇ ਬਿਨਾਂ ਸਾਜ਼ ਤੋਂ ਗਾਣਾ।
ਚੁੱਪ ਕਰ ਕੇ ਤੂੰ ਬਹਿ ਜਾ ਬੁੜ੍ਹਿਆ, ਨਹੀਂ ਵਕਤ ਦਾ ਹਾਣੀ,
ਘਰ ਘਰ ਅੱਜ-ਕੱਲ ਨਸ਼ੇ ‘ਚ ਭੰਨ੍ਹਿਆ ਏਦਾਂ ਆਖੇ ਲਾਣਾ
ਬੇਇਤਫਾਕੀ ਦੇ ਵਿਚ ਖਿਲੱਰੇ, ਪੱਤਿਆਂ ਵਾਂਗੂ ਲੋਕੀਂ,
ਬਚਦੀ-ਖੁਚਦੀ ਰਾਜਨੀਤੀ ਵਿਚ ਕੱਢ ਗਿਆ ਕਸਰ ਘਰਾਣਾ।
ਭੋਇੰ ਵੇਚ ਕੇ ਪੁੱਤ ਪੜ੍ਹਾਇਆ, ਉਹ ਨਿਕਲਿਆ ਵੈਲੀ,
ਕਾਲਾ ਰੰਗ ਸੀ ਚਿੱਟਾ ਪੀਵੇ, ਕੀ ਵਰਤਿਆ ਭਾਣਾ,
ਫਿਕਰਾਂ ਦੇ ਵਿਚ ਰੁਲ ਗਈ ਬੇਬੇ, ਉਮਰੋਂ ਪਹਿਲਾਂ ਬੁੱਢੀ,
ਸਿਰ ਨਾਲੋਂ ਹੁਣ ਪੈਰਾਂ ਥੱਲੇ ਰੱਖਦੀ ਰੋਜ਼ ਸਿਰਹਾਣਾ।
ਉਂਜ ਤਾਂ ਸਾਰੇ ਚੰਦ ‘ਤੇ ਚੜ੍ਹ ਗਏ, ਕਰ ਗਈ ਸਾਇੰਸ ਤਰੱਕੀ,
ਪਰ ਨਾ ਪੁਲਿਸ ਦੀ ਵਰਦੀ ਬਦਲੀ ਨਾ ਸਾਧ ਦਾ ਬਾਣਾ।
ਐਵੇਂ ਭਰਮ-ਭੁਲੇਖੇ ਦੇ ਵਿਚ ਦੁਨੀਆਂ ‘ਭੌਰੇ’ ਭੱਜੀ,
ਅੱਖਾਂ ਦੋ ਦੋ ਲਾਈ ਫਿਰਦੇ ਨੇ, ਅੰਦਰੋਂ ਬੰਦਾ ਕਾਣਾ।