ਵਾਸਦੇਵ ਸਿੰਘ ਪਰਹਾਰ
ਫੋਨ: 206-434-1155
ਪਿੰਡ ਬਹਿਬਲਪੁਰ ਹੁਸ਼ਿਆਰਪੁਰ ਜ਼ਿਲ੍ਹੇ ਦੀ ਹੱਦ ਬਸਤ ਨੰਬਰ 95 ਅਤੇ ਰਕਬਾ ਜ਼ਮੀਨ 682 ਏਕੜ ਹੈ। ਇਹ ਪਿੰਡ ਕੋਟ ਫਤੂਹੀ ਤੋਂ ਮੀਲ ਕੁ ਚੜ੍ਹਦੇ ਪਾਸੇ ਹੈ। ਇਹ ਨਾਗਰਾ ਗੋਤ ਦੇ ਜੱਟਾਂ ਦੀ ਮਾਲਕੀ ਵਾਲਾ ਪਿੰਡ ਹੈ। ਨਾਗਰਾ ਗੋਤ ਚੀਮਾ ਗੋਤ ਦੀ ਹੀ ਸ਼ਾਖਾ ਹੈ ਅਤੇ ਚੀਮਾ ਗੋਤ ਰਾਜਪੂਤਾਂ ਦੇ ਚੌਹਾਨ ਗੋਤ ਵਿਚੋਂ ਚੌਹਾਨਾਂ ਦੇ ਰਾਜਪੂਤਾਂ ਦੀ ਥਾਂ ਜੱਟਾਂ ਨਾਲ ਆਪਣੇ ਲੜਕੇ ਲੜਕੀਆਂ ਦੇ ਰਿਸ਼ਤੇ ਕਰਨ ਤੋਂ ਬਾਅਦ ਉਪਜਿਆ। ਚੌਹਾਨ ਗੋਤ ਵਿਚੋਂ ਜੱਟਾਂ ਦੇ ਚਾਰ ਗੋਤ-ਚਾਹਲ, ਚੀਮੇ, ਨਾਗਰਾ ਤੇ ਚੱਠੇ ਉਪਜੇ। ਕਹਾਵਤ ਪ੍ਰਚਲਤ ਹੋਈ-ਚਾਹਲ, ਚੀਮੇ, ਚੱਠੇ; ਖਾਣ ਪੀਣ ਨੂੰ ‘ਕੱਲੇ ‘ਕੱਲੇ, ਲੜਨ-ਭਿੜਨ ਨੂੰ ‘ਕੱਠੇ।
ਇਸ ਪਿੰਡ ਦੇ ਇੰਦਰ ਸਿੰਘ ਦਾ ਪੁੱਤਰ ਧੰਨਾ ਸਿੰਘ (1888-1923) ਅੰਗਰੇਜ਼ ਸਰਕਾਰ ਦੀਆਂ ਵਧੀਕੀਆਂ ਅਤੇ ਅਤਿਆਚਾਰਾਂ ਦੀਆਂ ਖਬਰਾਂ ਸੁਣ ਕੇ ਕੁਰਲਾ ਉਠਿਆ। ਉਹ ਚੰਗਾ ਪੜ੍ਹਿਆ ਲਿਖਿਆ ਸੀ ਅਤੇ ਭਾਸ਼ਨ ਕਲਾ ਦੀ ਉਸ ਨੂੰ ਰੱਬੀ ਦਾਤ ਮਿਲੀ ਹੋਈ ਸੀ। ਉਹ ਧਾਰਮਿਕ ਦੀਵਾਨਾਂ ਵਿਚ ਬੋਲਦਾ, ਤਾਂ ਉਸ ਦੇ ਭਾਸ਼ਨਾਂ ਦੀ ਸੂਈ ਅੰਗਰੇਜ਼ ਸਰਕਾਰ ਦੇ ਪਿੱਠੂਆਂ ਦੇ ਸੁਧਾਰ ਵੱਲ ਚਲੇ ਜਾਂਦੀ। ਉਹ ਮਿਸਾਲੀ ਉਚੇ ਆਚਰਨ ਵਾਲਾ, ਗਰੀਬ-ਗੁਰਬੇ ਦੀ ਮਦਦ ਕਰਨ ਵਾਲਾ ਅਤੇ ਧੀਆਂ-ਭੈਣਾਂ ਦੀ ਇੱਜ਼ਤ ਦਾ ਮੱਦਾਹ ਸੀ। ਚੋਟੀ ਦੇ ਬੱਬਰਾਂ ਵਿਚ ਉਸ ਦਾ ਸ਼ੁਮਾਰ ਸੀ ਅਤੇ ਬੱਬਰਾਂ ਦੀ ਸੁਪਰੀਮ ਕਮੇਟੀ ਵਿਚ ਵੀ ਉਸ ਦੀ ਰਾਏ ਨੂੰ ਸਭ ਮੰਨਦੇ ਸਨ। ਉਸ ਨੇ 16 ਤੇ 23 ਜਨਵਰੀ 1923 ਨੂੰ ਅਰਜਨ ਸਿੰਘ ਪਟਵਾਰੀ ਹਰੀਪੁਰ ਨੂੰ ਸੋਧਣ ਦੀ ਕੋਸ਼ਿਸ਼ ਕਰਨ ਵਾਲਿਆਂ ਵਿਚ ਭਾਗ ਲਿਆ, ਪਰ ਪਟਵਾਰੀ ਦੋਨੋਂ ਵਾਰ ਬਚ ਗਿਆ। 10 ਫਰਵਰੀ 1923 ਨੂੰ ਬਿਸ਼ਨ ਸਿੰਘ ਜ਼ੈਲਦਾਰ ਰਾਣੀ ਥੂਹਾ ਦੇ ਕਤਲ ਸਮੇਂ ਬਾਬੂ ਸੰਤਾ ਸਿੰਘ ਹਰੀਓਂ ਨਾਲ ਰਿਹਾ। 12 ਮਾਰਚ 1923 ਨੂੰ ਬੂਟਾ ਬੱਬਰ ਦੇ ਪਿੰਡ ਨੰਗਲ ਸ਼ਾਮਾ (ਨੇੜੇ ਜਲੰਧਰ) ਦੇ ਕਤਲ ਵਿਚ ਭਾਗ ਲਿਆ। 17 ਮਾਰਚ 1923 ਨੂੰ ਲਾਭ ਸਿੰਘ ਮਿਸਤਰੀ ਗੜ੍ਹਸ਼ੰਕਰ ਦੇ ਕਤਲ ਵਿਚ ਸ਼ਾਮਲ ਸੀ। ਅਪਰੈਲ 1923 ਵਿਚ ਪੰਡੋਰੀ ਨਿੱਝਰਾਂ ਦੇ ਨੰਬਰਦਾਰ ਅਤੇ ਚੌਕੀਦਾਰ ਨੂੰ ਧਮਕਾਇਆ ਸੀ। 21 ਮਈ 1923 ਨੂੰ ਪਿੰਡ ਕੌਲਗੜ੍ਹ ਦੇ ਨੰਬਰਦਾਰ ਰਲਾ ਅਤੇ ਉਸ ਦੇ ਭਰਾ ਦਿੱਤੂ ਦੇ ਕਤਲ ਵਿਚ ਭਾਗ ਲਿਆ।
ਬੰਬੇਲੀ ਵਾਲੇ ਪੁਲਿਸ ਮੁਕਾਬਲੇ ਵਿਚ ਆਪਣੇ ਸਾਥੀਆਂ ਨਾਲ ਨਾਰਾਜ਼ ਹੋ ਕੇ ਉਹ ਅਤੇ ਦਲੀਪਾ ਧਾਮੀਆਂ ਉਸ ਪਿੰਡ ਨਾ ਗਏ ਅਤੇ ਬਚ ਗਏ। ਬੱਬਰ ਧੰਨਾ ਸਿੰਘ ਨੇ ਐਲਾਨ ਕੀਤਾ ਹੋਇਆ ਸੀ ਕਿ ਉਹ ਜਿਉਂਦੇ ਜੀਅ ਪੁਲਿਸ ਦੇ ਹੱਥ ਨਹੀਂ ਆਵੇਗਾ ਅਤੇ ਉਸ ਨੇ ਇਹ ਕਰ ਕੇ ਵੀ ਦਿਖਾ ਦਿੱਤਾ। ਜਿਆਣ ਪਿੰਡ ਦਾ ਬੇਲਾ ਸਿੰਘ ਗਦਰੀ ਬਾਬਿਆਂ ਨਾਲ ਗੱਦਾਰੀ ਕਰ ਕੇ ਆਪਣੇ ਪਿੰਡ ਆ ਚੁੱਕਾ ਸੀ। ਉਸ ਨੇ ਆਪਣੇ ਭਰਾ ਜਵਾਲਾ ਸਿੰਘ ਨੂੰ ਵੀ ਬੱਬਰਾਂ ਨੂੰ ਫੜਾ ਕੇ ਜ਼ਮੀਨ ਦੇ ਮੁਰੱਬੇ ਇਨਾਮ ਲੈਣ ਲਈ ਪ੍ਰੇਰਿਆ। ਕਰਤਾਰ ਸਿੰਘ ਬੂੜੋਵਾੜੀਆਂ ਪਿੰਡ ਵਲਾ ਬੱਬਰ ਧੰਨਾ ਸਿੰਘ ਨਾਲ ਬਿਸ਼ਨ ਸਿੰਘ ਜ਼ੈਲਦਾਰ ਰਾਣੀ ਥੂਹਾ ਦੇ ਕਤਲ ਸਮੇਂ ਨਾਲ ਸੀ। ਉਸ ਨੇ ਜਵਾਲਾ ਸਿੰਘ ਦੇ ਕਹਿਣ ‘ਤੇ ਬੱਬਰ ਧੰਨਾ ਸਿੰਘ ਅਤੇ ਬੱਬਰ ਦਲੀਪੇ ਨੂੰ ਉਸ ਨਾਲ ਮਿਲਾਇਆ। ਕਰਤਾਰ ਸਿੰਘ ਨੇ ਬੱਬਰ ਧੰਨਾ ਸਿੰਘ ਨੂੰ ਕਿਹਾ ਸੀ ਕਿ ਉਹ ਅਤੇ ਜਿਆਣ ਵਾਲੇ ਜਵਾਲਾ ਸਿੰਘ, ਮਾਮੇ ਭੂਆ ਦੇ ਪੁੱਤ ਹਨ ਅਤੇ ਜਵਾਲਾ ਸਿੰਘ ਬੱਬਰ ਧੰਨਾ ਸਿੰਘ ਦੇ ਵਾਰੰਟ ਗ੍ਰਿਫਤਾਰੀ ਪੁਲਿਸ ਕਪਤਾਨ ਤੱਕ ਪਹੁੰਚ ਕਰ ਕੇ ਵਾਪਸ ਕਰਵਾ ਦੇਵੇਗਾ। ਜਵਾਲਾ ਸਿੰਘ, ਬੱਬਰ ਧੰਨਾ ਸਿੰਘ ਨੂੰ ਨਾਲ ਲੈ ਕੇ ਪਿੰਡ ਦੇ ਗੁਰਦੁਆਰੇ ਗਿਆ ਅਤੇ ਸੰਤ ਹਰੀ ਸਿੰਘ ਪਾਸੋਂ ਪੰਜ ਰੁਪਏ ਦਾ ਪ੍ਰਸ਼ਾਦ ਕਰਵਾ ਕੇ ਅਰਦਾਸ ਕਰਵਾਈ ਕਿ ਉਸ ਦਾ ਭਰਾ ਬੇਲਾ ਸਿੰਘ ਕੈਨੇਡਾ ਵਿਖੇ ਗਦਰੀ ਯੋਧਿਆਂ ਨਾਲ ਜੋ ਗਦਾਰੀ ਕਰ ਆਇਆ ਹੈ, ਉਸ ਦੀ ਮੁਆਫੀ ਲਈ ਉਹ ਅੱਗੇ ਤੋਂ ਬੱਬਰਾਂ ਦੀ ਮਦਦ ਕਰਨਗੇ। ਬਹਿਬਲਪੁਰ ਦੇ ਨੰਬਰਦਾਰ ਹਜ਼ਾਰਾ ਸਿੰਘ ਨੇ ਪੁਲਿਸ ਕੋਲ ਝੂਠੀ ਸ਼ਿਕਾਇਤ ਕਰ ਕੇ ਬੱਬਰ ਧੰਨਾ ਸਿੰਘ ਦੇ ਵਾਰੰਟ ਗ੍ਰਿਫਤਾਰੀ ਜਾਰੀ ਕਰਵਾ ਦਿੱਤੇ ਸਨ ਅਤੇ ਉਹ ਭਗੌੜਾ ਹੋ ਗਿਆ। ਉਸ ਨੇ 27 ਮਾਰਚ 1923 ਨੂੰ ਆਪਣੇ ਬੱਬਰ ਸਾਥੀਆਂ ਨਾਲ ਮਿਲ ਕੇ ਹਜ਼ਾਰਾ ਸਿੰਘ ਦਾ ਕਤਲ ਕਰ ਦਿਤਾ। ਇਹ ਖਬਰ ਬੱਬਰ ਅਕਾਲੀ ਦੁਆਬਾ ਅਖਬਾਰ ਵਿਚ ਵੱਡੀ ਸੁਰਖੀ ਨਾਲ ਪ੍ਰਕਾਸ਼ਿਤ ਕੀਤੀ ਕਿ ਅੰਗਰੇਜ਼ ਸਰਕਾਰ ਦੇ ਮੁਖਬਰ ਨੂੰ ਤਿੰਨ ਮੁਰੱਬੇ ਜ਼ਮੀਨ (ਭਾਵ ਤਿੰਨ ਗੋਲੀਆਂ) ਇਨਾਮ ਦਿੱਤਾ ਗਿਆ ਹੈ। ਗੱਦਾਰ ਕਰਤਾਰ ਸਿੰਘ ਕਿਸੇ ਬਹਾਨੇ ਬੱਬਰ ਧੰਨਾ ਸਿੰਘ ਨੂੰ ਆਪਣੇ ਸਾਲੇ ਕਰਮ ਸਿੰਘ ਪਾਸ ਪਿੰਡ ਮੰਨਣਹਾਨੇ ਲੈ ਗਿਆ। ਇਸ ਗੱਲ ਦਾ ਗੱਦਾਰ ਜਵਾਲਾ ਸਿੰਘ ਨੂੰ ਪਤਾ ਸੀ ਅਤੇ ਉਸ ਨੇ ਜਾ ਕੇ ਪੁਲਿਸ ਕਪਤਾਨ ਮਿਸਟਰ ਹਾਰਟਨ ਨੂੰ ਜਾ ਦੱਸਿਆ। ਪੁਲਿਸ ਕਪਤਾਨ ਆਪਣੇ ਨਾਲ ਉਪ ਪੁਲਿਸ ਕਪਤਾਨ ਮਿਸਟਰ ਡੈਨਕਿਨ ਨੂੰ ਲੈ ਕੇ ਮਾਹਲਪੁਰ ਥਾਣੇ ਪੁੱਜਾ ਅਤੇ ਥਾਣੇਦਾਰ ਗੁਲਜ਼ਾਰਾ ਸਿੰਘ ਅਤੇ ਹੋਰ ਪੁਲਿਸ ਫੋਰਸ ਲੈ ਕੇ ਘੋੜਿਆਂ ‘ਤੇ ਅੱਧੀ ਰਾਤ ਪਿੰਡ ਮੰਨਣਹਾਨਾ ਪਹੁੰਚ ਗਏ। ਬੱਬਰ ਧੰਨਾ ਸਿੰਘ ਦੇ ਉਤਰ ਵੱਲ ਬਾਹਰਵਾਰ, ਕਰਮ ਸਿੰਘ ਪਸ਼ੂਆਂ ਦੇ ਵਾੜੇ ਵਿਚ ਸੁੱਤਾ ਪਿਆ ਸੀ। ਪੁਲਿਸ ਦੀ ਪੈਛਲ ਸੁਣ ਕੇ ਕਰਮ ਸਿੰਘ ਪਿੰਡ ਵੱਲ ਦੌੜ ਪਿਆ। ਮਗਰੇ ਹੀ ਬੱਬਰ ਧੰਨਾ ਸਿੰਘ ਦੌੜਿਆ ਤਾਂ ਉਸ ‘ਤੇ ਥਾਣੇਦਾਰ ਗੁਲਜ਼ਾਰਾ ਸਿਘ ਨੇ ਲਾਠੀ ਦਾ ਜ਼ੋਰਦਾਰ ਵਾਰ ਕੀਤਾ ਤੇ ਉਹ ਡਿੱਗ ਪਿਆ। ਸਿਪਾਹੀਆਂ ਨੇ ਤੁਰੰਤ ਉਸ ਦੇ ਹੱਥਕੜੀ ਲਾ ਲਈ ਅਤੇ ਉਸ ਦਾ ਰਿਵਾਲਵਰ ਵੀ ਉਸ ਦੇ ਗਲੋਂ ਲਾਹ ਲਿਆ। ਪੁਲਿਸ ਕਪਤਾਨ ਮਿਸਟਰ ਹਾਰਟਨ ਬੱਬਰ ਨੂੰ ਕਹਿਣ ਲੱਗਾ-“ਟੁਮ ਤੋ ਬੋਲਤੇ ਥੇ ਕਿ ਜਿੰਦਾ ਪੁਲਿਸ ਕੇ ਹਾਥ ਨਹੀਂ ਆਏਗਾ, ਅਬ ਬੋਲੋ।” ਇਹ ਸੁਣ ਕੇ ਬੱਬਰ ਨੇ ਜ਼ੋਰ ਨਾਲ ਹੁਝਕਾ ਮਾਰ ਕੇ ਹਥਕੜੀ ਸਿਪਾਹੀਆਂ ਤੋਂ ਛੁਡਾ ਕੇ ਆਪਣੀ ਬਾਂਹ ਵਿਚ ਲਟਕ ਰਹੇ ਧਾਗੇ ਨੂੰ ਖਿੱਚਿਆ ਜਿਸ ਨਾਲ ਕੁੜਤੇ ਵਿਚ ਖਾਸ ਤੌਰ ‘ਤੇ ਬਣਾਈ ਜੇਬ ਵਿਚੋਂ ਬੰਬ ਫਟ ਗਿਆ। ਜ਼ਬਰਦਸਤ ਧਮਾਕਾ ਹੋਇਆ ਜਿਸ ਨਾਲ ਬੱਬਰ ਦਾ ਸਰੀਰ ਉਡ ਗਿਆ, ਨਾਲ ਹੀ ਪੰਜ ਪੁਲਿਸ ਵਾਲੇ ਜੋ ਨੇੜੇ ਸਨ, ਉਹ ਵੀ ਥਾਂਏਂ ਮਾਰੇ ਗਏ। ਮਿਸਟਰ ਹਾਰਟਨ ਅਤੇ ਮਿਸਟਰ ਡੈਨਕਿਨ ਸਖਤ ਜ਼ਖ਼ਮੀ ਹੋਏ। ਥਾਣੇਦਾਰ ਗੁਲਜ਼ਾਰਾ ਸਿੰਘ ਵੀ ਜ਼ਖ਼ਮੀ ਹੋਇਆ। ਤਿੰਨਾਂ ਨੂੰ ਗੱਡਿਆਂ ‘ਤੇ ਪਾ ਕੇ ਮਾਹਲਪੁਰ ਦੇ ਹਸਪਤਾਲ ਪਹੁੰਚਾਇਆ ਗਿਆ। ਪਹਿਲਾਂ ਹੀ ਮਿਸਟਰ ਹਾਰਟਨ ਦੀ ਕਾਰ ‘ਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਇਤਲਾਹ ਭੇਜ ਦਿਤੀ ਗਈ ਸੀ ਅਤੇ ਉਹ ਦਿਨ ਚੜ੍ਹਦੇ ਨੂੰ ਸਿਵਲ ਸਰਜਨ ਤੇ ਜ਼ਰੂਰੀ ਦਵਾਈਆਂ ਲੈ ਕੇ ਮਾਹਲਪੁਰ ਹਪਸਤਾਲ ਪਹੁੰਚ ਗਏ। ਤਿੰਨਾਂ ਜ਼ਖਮੀਆਂ ਨੂੰ ਜਲੰਧਰ ਦੇ ਮਿਲਟਰੀ ਹਸਪਤਾਲ ਭੇਜਿਆ ਗਿਆ। ਕੁਝ ਚਿਰ ਇਲਾਜ ਤੋਂ ਬਾਅਦ ਮਿਸਟਰ ਹਾਰਟਨ ਅਤੇ ਥਾਣੇਦਾਰ ਗੁਲਜ਼ਾਰਾ ਸਿੰਘ ਚਲਾਣਾ ਕਰ ਗਏ। ਮਿਸਟਰ ਡੈਨਕਿਨ ਦੀਆਂ ਦੋਵੇਂ ਲੱਤਾਂ ਪੱਟਾਂ ਤੋਂ ਕੱਟੀਆਂ ਗਈਆਂ। ਹੱਥਾਂ ਵਿਚ ਫਹੁੜੀਆਂ ਆਸਰੇ ਅੱਗੇ-ਪਿਛੇ ਹੋ ਸਕਦਾ ਸੀ। ਦੋ ਸਿਪਾਹੀ ਵ੍ਹੀਲ ਚੇਅਰ ‘ਤੇ ਬਿਠਾ ਕੇ ਲਈ ਫਿਰਦੇ। ਪੁਲਿਸ ਦੇ ਡਾਇਰੈਕਟਰ ਦੇ ਅਹੁਦੇ ਤੋਂ ਸੇਵਾਮੁਕਤ ਹੋ ਕੇ ਇੰਗਲੈਂਡ ਗਿਆ। ਦੁਨੀਆਂ ਦੇ ਇਤਿਹਾਸ ਵਿਚ ਆਪਣੇ ਸਰੀਰ ਨਾਲ ਬੰਬ ਬੰਨ੍ਹ ਕੇ ਦੁਸ਼ਮਣ ਦਾ ਨੁਕਸਾਨ ਕਰਨ ਅਤੇ ਆਪਣੇ-ਆਪ ਨੂੰ ਖਤਮ ਕਰਨ ਦੀ ਇਹ ਪਹਿਲੀ ਘਟਨਾ ਹੈ।