ਚੀਸ

ਨਸ਼ਿਆਂ ਦੀ ਗ੍ਰਿਫਤ ਵਿਚ ਆਇਆ ਪੰਜਾਬ ਇਸ ਵਕਤ ਹਾਲੋਂ-ਬੇਹਾਲ ਹੈ। ਇਸ ਸਮਾਜਿਕ ਬੁਰਾਈ ਦੀਆਂ ਜੜ੍ਹਾਂ ਦੇ ਇਕ ਨਹੀਂ, ਅਨੇਕ ਪੱਖ ਹਨ। ਕੈਨੇਡਾ ਵੱਸਦੀ ਲਿਖਾਰੀ ਦਵਿੰਦਰ ਕੌਰ ਨੇ ਆਪਣੀ ਕਹਾਣੀ ‘ਚੀਸ’ ਵਿਚ ਇਸ ਦੇ ਕੁਝ ਪੱਖਾਂ ‘ਤੇ ਝਾਤੀ ਮਾਰੀ ਹੈ। ਇਹ ਕਹਾਣੀ ਅਸਲ ਵਿਚ ਪੰਜਾਬ ਦੇ ਨੌਜਵਾਨਾਂ ਉਤੇ ਵਰਤ ਰਹੇ ਕਹਿਰ ਦੀ ਚੀਸ ਹੈ। ਇਸ ਚੀਸ ਅੰਦਰ ਬੇਵਸੀ ਦੇ ਝੱਖੜ ਝੁੱਲਦੇ ਦਿਸਦੇ ਹਨ ਅਤੇ ਇਸ ਹਨੇਰੇ ਦੌਰ ਦੀ ਕਾਲਖ ਜ਼ਿਹਨ ‘ਤੇ ਸਿੱਧੀ ਮਾਰ ਕਰਦੀ ਹੈ।

-ਸੰਪਾਦਕ
ਦਵਿੰਦਰ ਕੌਰ ਕੈਨੇਡਾ
ਦਅਵਨਿਦeਰਗਕਅੁਰ@ਗਮਅਲਿ।ਚੋਮ
ਰਾਤ ਦੀ ਇਹ ਸਨੋਅ ਹਟਣ ਦਾ ਨਾਂ ਹੀ ਨਹੀਂ ਲੈਂਦੀ। ਸਨੋਅ ਸਟਾਰਮ ਦੀ ਵਾਰਨਿੰਗ ਹੋ ਗਈ ਹੈ।
“ਹਾਏ ਰੱਬਾ! ਮੈਂ ਕੱਲੀ ਜਾਨ ਕੀ ਕਰਾਂ। ਸਾਰੇ ਕੰਮਾਂ ਕਾਰਾਂ ਤੋਂ ਛੁੱਟੀ ਹੋ ਗਈ, ਸਕੂਲ ਤਾਂ ਇਨ੍ਹਾਂ ਮੁਲਕਾਂ ‘ਚ ਪਹਿਲਾਂ ਹੀ ਬੰਦ ਕਰ ਦਿੰਦੇ ਨੇ। ਨਿਊ ਜਰਸੀ ਦੀਆਂ ਸੜਕਾਂ ਤਾਂ ਲੱਗਦੈ, ਰਾਤ ਤੀਕ ਚਿੱਟੀ ਲੋਈ ਦੀ ਬੁੱਕਲ ‘ਚ ਕਿਧਰੇ ਗੁਆਚ ਹੀ ਜਾਣਗੀਆਂ! ਟੀ ਵੀ ਰੇਡੀਓ ਵਾਲੇ ਤਾਂ ਕਹਿੰਦੇ ਨੇ ਕਿ ਅੱਜ ਸ਼ਾਮ ਤੀਕ 3æ5 ਫੁੱਟ ਸਨੋਅ ਪੈ ਜਾਣੀ ਹੈ ਮੰਮੀ!” ਅਨੂੰ ਫੋਨ ‘ਤੇ ਆਪਣੀ ਮਾਂ ਨੂੰ ਇੱਕੋ ਸਾਹ ਸਾਰਾ ਕੁਝ ਦਸਦੀ ਗਈ।
“ਮੰਮੀ ਤੁਸੀਂ ਸੁਣਦੇ ਓ? ਬੋਲਦੇ ਕਿਉਂ ਨਹੀਂ? ਹਰਕਰਨ ਵੀਰ ਦਾ ਫੋਨ ਆਇਆ ਤੁਹਾਨੂੰ ਆਸਟਰੇਲੀਆ ਤੋਂ ਕਿ ਨਹੀਂ? ਉਹ ਤਾਂ ਆਪਣੇ ਬਿਜ਼ਨਸ ‘ਚ ਇੰਨਾ ਰੁਝਿਐ, ਉਹਨੂੰ ਕਿੱਥੇ ਯਾਦ ਹੋਣੈ ਕਿ ਅੱਜ ਤੁਹਾਡਾ ਜਨਮ ਦਿਨ ਹੈ! ਸੁਮੇਰ ਤੇ ਪਾਪਾ ਕਿੱਦਾਂ ਨੇ? ਸੱਚ, ਇਸ ਸਾਲ ਤਾਂ ਉਹਦੇ ਗਰੇਡ 12 ਦੇ ਪੇਪਰ ਨੇ, ਉਹ ਚੱਜ ਨਾਲ ਪੜ੍ਹਦਾ ਵੀ ਹੈ ਕਿ ਨਹੀਂ? ਕਿ ਮੈਂ ਆਵਾਂ ਇਹਨੂੰ ਪੜ੍ਹਾਉਣ! ਤੁਸੀਂ ਸੁਣਦੇ ਓ ਮੰਮਾ? ਬੋਲੋ ਕੁਝ! ਕੀ ਸੋਚੀ ਜਾਂਦੇ ਓ?”
ਅਨੂੰ ਆਪਣੀ ਮਾਂ ਨੂੰ ਖਿਝ ਕੇ ਬੋਲੀ, “ਮੰਮਾ ਤੁਸੀਂ ਗੱਲ ਦੱਸੋ ਕੀ ਹੋਈ ਹੈ? ਤੁਸੀਂ ਮੇਰੀ ਪਾਪਾ ਨਾਲ ਗੱਲ ਕਰਵਾਓ। ਕਿੱਥੇ ਨੇ ਉਹ?”
“ਉਹ, ਉਹ ਬਾਹਰ ਬੈਠੇ ਨੇ ਇਸ ਵੇਲੇ!”
“ਕਿਉਂ, ਉਹ ਸੁੱਤੇ ਨੀ ਹਾਲੇ ਤੱਕ?”
“ਨਹੀਂ, ਵਕੀਲ ਸਾਹਿਬ ਆਏ ਨੇ।”
“ਆਹ ਕਿਹੜਾ ਟਾਈਮ ਆ ਵਕੀਲ ਦੇ ਘਰ ਆਉਣ ਦਾ? ਸਭ ਸੁੱਖ ਸਾਂਦ ਆ, ਦੱਸੋ ਮੈਨੂੰ?” ਅਨੂੰ ਦੀ ਚਿੰਤਾ ਉਹਦੀ ਆਵਾਜ਼ ‘ਚੋਂ ਝਲਕਣ ਲੱਗੀ| ਉਹਦੀ ਮਾਂ ਨੇ ਉਹਨੂੰ ਤਾੜਦਿਆਂ ਕਿਹਾ, “ਵੇਖ ਅਨੂੰ, ਗੱਲ ਨੂੰ ਜ਼ਿਆਦਾ ਉਛਾਲੀਂ ਨਾ, ਤੇਰੇ ਪਾਪਾ ਸਾਰਾ ਕੁਝ ਹੈਂਡਲ ਕਰ ਲੈਣਗੇ ਆਪਣੇ ਆਪ। ਤੂੰ ਬੱਸ ਆਪਣੀ ਲਾਈਫ ਸੈਟ ਕਰ। ਸਾਡੇ ਨਾਲ ਜੋ ਹੋਣੈ, ਉਹ ਹੋ ਕੇ ਹੀ ਰਹਿਣੈ।”
“ਮੰਮਾ ਤੁਸੀਂ ਬੁਝਾਰਤਾਂ ਬੰਦ ਕਰੋ, ਮੈਨੂੰ ਗੱਲ ਦੱਸੋ ਕੀ ਹੋਈ ਹੈ?”
“ਹੋਣਾ ਕੀ ਐ! ਆਹ, ਤੇਰਾ ਲਾਡਲਾ ਸੁਮੇਰ ਇੱਥੇ ਸਿਆਪਾ ਪਾਈ ਬੈਠਾ। ਆਪਣੇ ਪਿਛਲੇ ਮੁਹੱਲੇ ‘ਚ ਕੋਈ ਬਾਹਮਣਾਂ ਦੀ ਕੁੜੀ ਹੈ, ਇਹਦੇ ਨਾਲੋਂ ਤਿੰਨ ਸਾਲ ਛੋਟੀ; ਕਹਿੰਦੈ, ਉਹਦੇ ਨਾਲ ਵਿਆਹ ਕਰਵਾਉਣੈ| ਪਤਾ ਨ੍ਹੀਂ ਉਹ ਚੰਦਰੀ ਕਿੱਥੋਂ ਟੱਕਰ ਗਈ, ਦਿਨ ਰਾਤ ਆਹ ਅੱਗ ਲਾਉਣਾ ਵੱਟਸਐਪ ਤੇ ਫੇਸਬੁੱਕ ਨਹੀਂ ਛੱਡਦਾ| ਸਾਰਾ ਦਿਨ ਉਹਨੂੰ ਗੱਡੀ ‘ਚ ਲੈ ਕੇ ਘੁੰਮਦਾ ਰਹਿੰਦਾ। ਆਹ ਸਾਰੇ ਸਿਆਪੇ ਤੇਰੇ ਪਿਉ ਦੇ ਪਾਏ ਨੇ| ਉਹਨੂੰ ਪਰਸੋਂ ਹੀ ਨਵੀਂ ਕਾਰ ਲੈ ਕੇ ਦਿੱਤੀ ਹੈ ਐਨਡੇਵਰæææ ਉਹਦੇ ਨਾਲ ਜਾ ਕੇ ਮੱਥਾ ਟੇਕ ਕੇ ਆਇਆ ਫਤਿਹਗੜ੍ਹ ਸਾਹਿਬ। ਮਾਂ ਨੂੰ ਨਹੀਂ ਲੈ ਕੇ ਗਿਆ| ਉਹ ਤਾਂ ਆਪਣੀ ਕੰਮ ਵਾਲੀ ਕਾਂਤਾ ਦਾ ਭਲਾ ਹੋਵੇ, ਜੀਹਨੇ ਮੈਨੂੰ ਸਾਰਾ ਕੁਝ ਦੱਸਿਆ| ਨਹੀਂ ਇਹ ਤਾਂ ਖਬਰੇ ਕਿੰਨਾ ਚਿਰ ਸਾਡੀਆਂ ਅੱਖਾਂ ‘ਚ ਮਿੱਟੀ ਤੇ ਬੁੱਢੇ ਵਾਰੇ ਸਿਰ ‘ਚ ਸਵਾਹ ਪਾਉਂਦਾ| ਕਾਂਤਾ ਦੇ ਦੱਸਣ ਪਿਛੋਂ ਮੈਂ ਇਹਦੇ ਕਮਰੇ ਦੀ ਤਲਾਸ਼ੀ ਲਈ ਤਾਂ ਥੱਬਾ ਚਿੱਠੀਆਂ ਦਾ ਨਿਕਲਿਆ| ਆਹ ਜ਼ਮਾਨੇ ‘ਚ ਵੀ ਉਹ ਇਹਨੂੰ ਚਿੱਠੀਆਂ ਲਿਖਦੀ ਏ| ਪੰਜ ਪੇਜ ਤਾਂ ਘਰ ਦੇ ਰਾਸ਼ਣ ਦੀ ਲਿਸਟ ਦੇ ਸੀ| ਉਹ ਗੰਦ ਵੱਢਿਆ ਉਹਨੇ ਚਿੱਠੀਆਂ ‘ਚ ਕਿ ਕੋਈ ਆਦਮੀ ਤੀਵੀਂ ਵੀ ਆਪਸ ‘ਚ ਆਹ ਗੱਲਾਂ ਨਹੀਂ ਕਰਦੇ। ਇਹਨੂੰ ਕਹਿੰਦੀ, ‘ਮੈਂ ਤੇਰੀ ਵਾਈਫ ਵੀ ਹਾਂ ਤੇ ਮਾਂ ਵੀ।’ ਦੱਸ ਭਲਾਂ, ਕੋਈ ਪੁੱਛਣ ਵਾਲਾ ਹੋਵੇ, ਆਹ ਦੋਨੋਂ ਰਿਸ਼ਤੇ ਕਿੱਦਾਂ ਨਿਭਾਵੇਂਗੀ ਤੂੰ? ਉਹਦਾ ਤਾਂ ਸਾਰਾ ਟੱਬਰ ਰਲਿਆ ਹੋਇਆ, ਕਾਂਤਾ ਨੂੰ ਕਹਿ ਕੇ ਪਤਾ ਕਰਵਾਇਆ ਤਾਂ ਕਹਿੰਦੇ ਨੇ ਮੋਟੀ ਆਸਾਮੀ ਐ, ਫਸਾ ਲਉ| ਪਿਉ ਉਹਦਾ ਸਕਿਉਰਟੀ ਗਾਰਡ ਦੀ ਨੌਕਰੀ ਕਰਦਾ| ਪੰਜ ਤਾਂ ਵਿਆਹ ਕਰਵਾਈ ਬੈਠਾ| ਮਾਂ ਬਾਰੇ ਤਾਂ ਤੂੰ ਕੁਛ ਪੁੱਛ ਹੀ ਨਾ! ਉਹਨੇ ਤਾਂ ਸ਼ਰੇਆਮ ਧੰਦਾ ਖੋਲ੍ਹਿਆ ਹੋਇਆ। ਪਤਾ ਨੀ ਕਿੱਥੇ ਕਿੱਥੇ ਧੱਕੇ ਖਾਂਦੀ ਫਿਰਦੀ ਏ|”
ਰੋਣਹਾਕੀ ਹੋਈ ਮਾਂ ਫਿਰ ਬੋਲੀ, “ਘਰ ‘ਚ ਪਿਉ, ਮਤਰੇਈ ਮਾਂ, ਦਾਦੀ ਤੇ ਭਰਾ। ਸਾਰੇ ਰਲ ਕੇ ਸਾਡਾ ਘਰ ਲੁੱਟਣ ਲੱਗੇ ਹੋਏ ਨੇ| ਇਹ ਸੁਮੇਰ ਕਿਹੜਾ ਕਿਸੇ ਤੋਂ ਘੱਟ ਆ, ਜਦੋਂ ਆਪਣਾ ਹੀ ਸਿੱਕਾ ਖੋਟਾ ਹੋਵੇ ਤਾਂ ਬਾਣੀਏ ਨੂੰ ਕੀ ਦੋਸ਼। ਕਹਿੰਦੈ, ਵਿਆਹ ਕਰਵਾਉਣਾ ਉਹਦੇ ਨਾਲ, ਉਹ ਵੀ ਇਸੇ ਸਾਲ| ਮੈਂ ਤਾਂ ਸਵੇਰ ਸਾਰ ਇਹਦੇ ਮੂਹਰੇ ਹੱਥ ਜੋੜਦੀ ਆਂ, ਵੇਖ ਸੁਮੇਰ ਏਦਾਂ ਨਹੀਂ ਕਰੀਦਾ| ਤੇਰੇ ਪਿਉ ਦਾਦੇ ਦੀ ਇੱਜ਼ਤ ਨੂੰ ਦਾਗ ਲੱਗ ਜਾਣਾ| ਅਸੀਂ ਕਿਸੇ ਨੂੰ ਮੂੰਹ ਵਿਖਾਉਣ ਜੋਗੇ ਨਹੀਂ ਰਹਿਣਾ, ਤੂੰ ਟਲ ਜਾæææਕਿਉਂ ਗਲੀਆਂ ਦਾ ਚਿੱਕੜ ਘਰ ਲਿਆਉਣ ਨੂੰ ਫਿਰਦੈਂ ਤੂੰ? ਅੱਜ ਤੱਕ ਤੇਰੇ ਪਾਪਾ ਨਾਲ ਕਿਸੇ ਨੇ ਉਚੀ ਆਵਾਜ਼ ‘ਚ ਗੱਲ ਨਹੀਂ ਕੀਤੀ, ਪਰ ਇਹ ਕਿੱਥੇ ਮੰਨਦਾ ਕਿਸੇ ਦੀ।”
ਭਾਵੁਕ ਹੋਈ ਮਾਂ ਕਹੀ ਜਾ ਰਹੀ ਸੀ, “ਅਨੂੰ, ਇਹ ਉਹ ਸੁਮੇਰ ਨਹੀਂ ਰਿਹਾ, ਜਿਹਨੂੰ ਆਪਾਂ ਲਾਡਾਂ ਨਾਲ ਪਾਲਿਆ ਸੀ। ਦਾੜ੍ਹੀ ਵਾਲੇ ਪੁੱਤ ‘ਤੇ ਕਿਹਦਾ ਹੱਥ ਚੁੱਕਣ ਨੂੰ ਦਿਲ ਕਰਦਾ ਭਲਾਂ! ਜੇ ਕੁਝ ਚੰਗਾ ਮਾੜਾ ਕਰ ਗਿਆ ਤਾਂ ਆਪਣਾ ਘਰ ਹੀ ਪੱਟਿਆ ਜਾਣਾ, ਬੇਗਾਨੀ ਧੀ ਦਾ ਕੀ ਜਾਣਾ, ਉਹ ਤਾਂ ਦਿਨ ਚੜ੍ਹਦੇ ਨੂੰ ਨਵਾਂ ਖਸਮ ਕਰ ਲਊ|
ਅਨੂੰ, ਹੁਣ ਇੱਥੇ ਉਹ ਹਾਲਾਤ ਨਹੀਂ ਰਹੇ| ਕੱਲ੍ਹ ਮੈਂ ਕਾਂਤਾ ਨੂੰ ਕਹਿ ਕੇ ਉਹਦੇ ਪਿਉ ਦਾ ਨੰਬਰ ਮੰਗਵਾਇਆ ਸੀ| ਜਦ ਫੋਨ ‘ਤੇ ਗੱਲ ਕੀਤੀ ਤਾਂ ਉਹਨੇ ਨਵੀਂ ਹੀ ਗੱਲ ਕੱਢ ਸੁਣਾਈ: ਅਖੇ, ਮੈਂ ਤਾਂ ਅਜੇ 10 ਮਿੰਟ ਪਹਿਲਾਂ ਸੁਮੇਰ ਦੇ ਡੈਡੀ ਨਾਲ ਗੱਲ ਕੀਤੀ ਆ। ਉਨ੍ਹਾਂ ਨੂੰ ਰਿਸ਼ਤੇ ‘ਤੇ ਕੋਈ ਇਤਰਾਜ਼ ਨਹੀਂ, ਤੇ ਅਗਲੇ ਹਫਤੇ ਉਹ ਸਾਡੇ ਨਾਲ ਵਿਆਹ ਦੀ ਗੱਲ ਕਰਨ ਆਉਣਗੇ| ਮੇਰੇ ਪੈਰਾਂ ਥੱਲਿਉਂ ਜ਼ਮੀਨ ਨਿਕਲ ਗਈ ਅਨੂੰ। ਉਹਦੇ ਮੁਹੱਲੇ ਵਾਲੇ ਦੱਸਦੇ ਨੇ ਕਿ ਸਾਰੇ ਟੱਬਰ ਨੂੰ ਸ਼ੌਪਿੰਗ ਕਰਵਾਉਂਦਾ ਫਿਰਦੈ| ਕੋਈ ਇਨ੍ਹਾਂ ਕੰਜਰਾਂ ਨੂੰ ਪੁੱਛੇ, ਤੁਸੀਂ ਇਹਨੂੰ ਵਿਹਲੇ ਨੂੰ ਕੁੜੀ ਦੇਣੀ ਆਂ? ਅੱਜ ਇਹਦਾ ਪਿਉ ਇਹਨੂੰ ਘਰੋਂ ਕੱਢ ਦੇਵੇ, ਇਹ ਕਿੱਥੋਂ ਕਮਾ ਕੇ ਖਵਾਊ ਤੁਹਾਡੀ ਧੀ ਨੂੰ? ਕੱਲ੍ਹ ਨੂੰ ਫਿਰ ਤਲਾਕ ਹੁੰਦੇ ਫਿਰਨਗੇ| ਇਕ ਦੀਆਂ ਦੋ ਕਰ ਕੇ ਛੱਡ ਦਊਗਾ| ਮੈਂ ਕਿਹਾ ਉਹਦੇ ਪਿਉ ਨੂੰ। ਅਨੂੰæææਅਨੂੰ ਬੋਲਦੀ ਨਹੀਂ?”
“ਹਾਂਜੀ ਮੰਮਾæææਮੈਂ ਕੀ ਬੋਲਾਂ! ਤੁਸੀਂ ਮੈਨੂੰ ਨੰਬਰ ਦਿਉ ਉਹਦੇ ਪਿਉ ਦਾ| ਮੈਂ ਕਰਦੀ ਆਂ ਗੱਲ।”
“ਤੂੰ ਛੱਡ ਪਰੇ, ਤੇਰੇ ਪਾਪਾ ਆਪੇ ਨਿੱਬੜ ਲੈਣਗੇ| ਚੱਲ ਚੰਗਾ, ਮੈਂ ਫੋਨ ਰੱਖਦੀ ਆਂ। ਫਿਰ ਗੱਲ ਕਰਾਂਗੀ। ਆਪਣਾ ਖਿਆਲ ਰੱਖੀਂ, ਮਾਈਗਰੇਨ ਦੀ ਦਵਾਈ ਟਾਈਮ ਨਾਲ ਖਾਂਦੀ ਰਹੀਂ|”
“ਮੰਮਾ ਤੁਸੀਂ ਮੇਰੀ ਫਿਕਰ ਛੱਡੋ ਤੇ ਆਪਣੀ ਸ਼ੂਗਰ ਦੀ ਦਵਾਈ ਖਾਣੀ ਨਾ ਭੁੱਲਣਾ! ਕੱਲ੍ਹ ਫਿਰ ਫੋਨ ਕਰਾਂਗੀ|”
ਅਨੂੰ ਦੀ ਮਾਂ ਨੇ ਫੋਨ ਤਾਂ ਰੱਖ ਦਿੱਤਾ, ਪਰ ਅਨੂੰ ਦਾ ਦਿਲ ਨਾ ਖੜ੍ਹੇ| ਉਹਨੇ ਸੁਮੇਰ ਨੂੰ ਫੋਨ ਕਰ ਕੇ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਉਹ ਸਾਫ ਮੁੱਕਰ ਗਿਆ| ਸਾਰਾ ਦਿਨ ਉਹਦਾ ਮਨ ਭੱਜਦਾ ਰਿਹਾ, ਕਦੀ ਇੰਡੀਆ ਕਦੀ ਅਮਰੀਕਾ| ਸਨੋਅ ਸਟਾਰਮ ਕਰ ਕੇ ਸਾਰੇ ਰਸਤੇ ਬੰਦ ਹੋ ਗਏ| ਉਹਦਾ ਜੀਅ ਨਹੀਂ ਸੀ ਲੱਗ ਰਿਹਾ। ਘਰ ਦੀ ਸਫਾਈ ਕਰਨ ਲੱਗੀ| ਸ਼ੀਸ਼ੇ ਵਾਂਗ ਸਾਰਾ ਅਪਾਰਟਮੈਂਟ ਤਾਂ ਲਿਸ਼ਕਣ ਲੱਗ ਪਿਆ, ਪਰ ਉਹਦਾ ਮਨ ਜਿਸ ਅੰਦਰ ਸ਼ਾਇਦ ਫਿਕਰਾਂ ਦੀ ਸੁਨਾਮੀ ਆ ਗਈ ਸੀ, ਉਹਨੂੰ ਕਿੰਝ ਸਾਫ ਕਰੇ? ਉਹ ਆਪਣੇ ਲਿਵਿੰਗ ਰੂਮ ਦੀ ਬਾਰੀ ਥਾਣੀਂ ਸਾਹਮਣੇ ਸਕੂਲ ਵਿਚ ਲੱਗੇ ਝੂਲਿਆਂ ਵੱਲ ਵਿੰਹਦੀ ਆਪਣੇ ਬਚਪਨ ‘ਚ ਕਿਧਰੇ ਗੁਆਚ ਗਈ। ਸੋਚਾਂ ਦੀਆਂ ਹਨੇਰੀਆਂ ਨੇ ਆਪਣੇ ਘਰ ‘ਚ ਲੱਗੀ ਪੀਂਘ ਕੋਲ ਖੜ੍ਹੀ ਕਰ ਦਿੱਤਾ ਜਿਥੇ ਉਹ ਆਪਣੇ ਵੱਡੇ ਭਰਾ ਹਰਕਰਨ ਅਤੇ ਨਿੱਕੇ ਸੁਮੇਰ ਨਾਲ ਖੇਡਿਆ ਕਰਦੀ ਸੀ। ਸੁਮੇਰ, ਅਨੂੰ ਤੇ ਹਰਕਰਨ ਦਾ ਲਾਡਲਾ ਸੀ। ਬਹੁਤ ਆਲੀਸ਼ਾਨ ਵੱਡੀ ਹਵੇਲੀ ‘ਚ ਰਹਿੰਦਾ ਇਹ ਪਰਿਵਾਰ ਪੰਜਾਬ ਦੇ ਮੰਨੇ ਹੋਏ ਅਮੀਰ ਪਰਿਵਾਰਾਂ ਵਿਚੋਂ ਸੀ। ਅਨੂੰ ਤੇ ਉਸ ਦੇ ਭਰਾਵਾਂ ਨੇ ਕਦੀ ਪਾਣੀ ਦਾ ਗਲਾਸ ਵੀ ਆਪ ਚੁੱਕ ਕੇ ਨਹੀਂ ਸੀ ਵੇਖਿਆ। ਉਨ੍ਹਾਂ ਦੀ ਮਾਂ ਰੱਬ ਦਾ ਨਾਂ ਲੈਣ ਵਾਲੀ, ਨੇਕ, ਦਰਿਆ ਦਿਲ, ਅਣਖੀ ਔਰਤ ਸੀ।
ਅਨੂੰ ਦੇ ਵਿਆਹ ਮੌਕੇ ਸੁਮੇਰ ਸਿਰਫ ਬਾਰਾਂ ਕੁ ਸਾਲ ਦਾ ਸੀ। ਫਿਰ ਅਨੂੰ ਗੁਰਬੀਰ ਨਾਲ ਵਿਆਹ ਤੋਂ ਦੋ ਕੁ ਸਾਲ ਬਾਅਦ ਅਮਰੀਕਾ ਆ ਗਈ, ਪਰ ਉਹਦਾ ਦਿਲ ਤਾਂ ਅਜੇ ਵੀ ਬਾਬਲ ਦੇ ਘਰ ਹੀ ਧੜਕਦਾ ਸੀ| ਪਰਦੇਸ ਦੀ ਭੱਜ-ਨੱਠ ਵਿਚ ਵੀ ਉਹਦਾ ਪੇਕਿਆਂ ਪ੍ਰਤੀ ਮੋਹ ਘਟਿਆ ਨਹੀਂ ਸੀ, ਤੇ ਸ਼ਾਇਦ ਇਹੀ ਕਾਰਨ ਸੀ ਉਹਦੇ ਤੇ ਗੁਰਬੀਰ ਦੇ ਤਲਾਕ ਦਾ।
ਵਕਤ ਤੁਰਦਾ ਗਿਆ। ਅਨੂੰ ਸਕੂਲ ‘ਚ ਕੈਮਿਸਟਰੀ ਪੜ੍ਹਾਉਂਦੀ ਤੇ ਪਾਰਟ ਟਾਈਮ ਕਿਸੇ ਫਾਰਮੇਸੀ ‘ਤੇ ਜੌਬ ਵੀ ਕਰਦੀ, ਪਰ ਅੱਜ ਦੇ ਸਨੋਅ ਸਟਾਰਮ ਨੇ ਉਹਨੂੰ ਕਿਤੇ ਉਲਝਾ ਲਿਆ ਸੀ| ਸ਼ਾਮ ਦੇ ਛੇ ਵੱਜ ਗਏ ਸੀ। ਉਹਦੇ ਹੱਥ ‘ਚ ਫੜਿਆ ਕੌਫੀ ਦਾ ਕੱਪ ਠੰਢਾ ਹੋ ਚੁੱਕਾ ਸੀ| ਕੰਬਲ ਦੀ ਬੁੱਕਲ ਮਾਰੀ ਹਨੇਰੇ ‘ਚ ਬੈਠੀ ਅਨੂੰ ਦੇ ਮਨ ਅੰਦਰਲਾ ਹਨੇਰਾ ਹੋਰ ਵੀ ਗਹਿਰਾ ਹੁੰਦਾ ਜਾ ਰਿਹਾ ਸੀ|

ਅਚਾਨਕ ਡੋਰ ਬੈਲ ਵੱਜੀ ਤੇ ਅਨੂੰ ਦਾ ਧਿਆਨ ਟੁੱਟਿਆ| ਉਹਨੇ ਭੱਜ ਕੇ ਡੋਰ ਖੋਲ੍ਹੀ ਤਾਂ ਸਾਹਮਣੇ ਉਹਦੀ ਸਹੇਲੀ ਕਿਰਨ ਖੜੀ ਸੀ| ਅਨੂੰ ਦੇ ਅਪਾਰਟਮੈਂਟ ‘ਚ ਪਸਰਿਆ ਹਨੇਰਾ ਤੇ ਮੂੰਹ ਦਾ ਬੱਗਾ ਰੰਗ ਵੇਖ ਕੇ ਕਿਰਨ ਨੇ ਪਲਾਂ ‘ਚ ਹੀ ਬੁਝ ਲਿਆ, ਜ਼ਰੂਰ ਅਨੂੰ ਦੇ ਪੇਕੇ ਘਰ ਕੋਈ ਪਰੇਸ਼ਾਨੀ ਵਾਲੀ ਗੱਲ ਹੈ| ਕਿਰਨ ਨੇ ਲਾਈਟਾਂ ਔਨ ਕੀਤੀਆਂ ਤੇ ਪਿਆਰ ਨਾਲ ਉਹਦੀ ਬੈਚੇਨੀ ਦਾ ਕਾਰਨ ਪੁੱਛਿਆ| ਅਨੂੰ ਆਪਣਾ ਦੁੱਖ ਕਿਰਨ ਨੂੰ ਦੱਸ ਕੇ ਸ਼ਾਂਤ ਤਾਂ ਜ਼ਰੂਰ ਹੋਈ, ਪਰ ਸਵਾਲਾਂ ਦੇ ਭਾਰ ਹੇਠ ਉਹਨੂੰ ਆਪਣੇ ਰਿਸ਼ਤੇ ਦਫਨ ਹੁੰਦੇ ਨਜ਼ਰ ਆ ਰਹੇ ਸਨ| ਕਿਰਨ ਨੇ ਉਹਨੂੰ ਇੰਡੀਆ ਜਾਣ ਦੀ ਸਲਾਹ ਦਿੱਤੀ ਤੇ ਚਲੀ ਗਈ|

ਅਨੂੰ ਦੇਰ ਤੱਕ ਇੰਡੀਆ ਫੋਨ ਮਿਲਾਉਂਦੀ ਰਹੀ, ਪਰ ਕੋਈ ਜਵਾਬ ਨਹੀਂ ਆਇਆ| ਰਾਤ ਦੇ ਦੋ ਕੁ ਵਜੇ ਅਨੂੰ ਦੀ ਅੱਖ ਲੱਗੀ ਹੀ ਸੀ, ਅਚਾਨਕ ਫੋਨ ਦੀ ਬੈਲ ਵੱਜੀ। ਉਹਨੇ ਭੱਜ ਕੇ ਫੋਨ ਚੁੱਕਿਆ, ਅਗੇ ਮਾਂ ਸੀ।
“ਅਨੂੰ ਸੁਮੇਰ ਦੀ ਕਲਾਸਮੇਟ ਦਾ ਫੋਨ ਆਇਆ ਸੀ| ਉਹਨੇ ਦੱਸਿਆ ਕਿ ਕੁੜੀ ਦੀ ਮਾਸੀ ਤੇ ਭੂਆ ਉਨ੍ਹਾਂ ਦਾ ਗੁਰਦੁਆਰੇ ਵਿਚ ਵਿਆਹ ਕਰਨ ਨੂੰ ਫਿਰਦੀਆਂ ਨੇ, ਤੇ ਸੁਮੇਰ ਨੂੰ ਧਮਕੀ ਦੇ ਰਹੇ ਨੇ ਕਿ ਜੇ ਤੂੰ ਵਿਆਹ ਨਾ ਕਰਵਾਇਆ ਤਾਂ ਅਸੀਂ ਤੇਰੇ ‘ਤੇ ਬਲਾਤਕਾਰ ਦਾ ਕੇਸ ਕਰਾਂਗੇ|”
“ਪਰ ਮੰਮਾ, ਕੁੜੀ ਤਾਂ ਹਾਲੇ ਪੰਦਰਾਂ ਸਾਲ ਦੀ ਹੈ, ਉਹਦੇ ਨਾਲ ਵਿਆਹ ਕਿਵੇਂ ਹੋਜੂ, ਤੁਸੀਂ ਦੱਸੋ?”
“ਉਹਨੇ ਇਹ ਵੀ ਦੱਸਿਆ ਕਿ ਜੇ ਵਿਆਹ ਨਹੀਂ ਕਰਵਾਉਣਾ, ਤਾਂ ਤੇਰੇ ਪਾਪਾ ਆਪਣੀ ਨਿਆਈਂ ਵਾਲੀ ਜ਼ਮੀਨ ਕੁੜੀ ਦੇ ਨਾਂ ਲਵਾਉਣ| ਤੇਰੇ ਪਾਪਾ ਨੇ ਕਿਹਾ ਕਿ ਅਨੂੰ ਨੂੰ ਕਹਿ, ਜਿਹੜੀ ਪਹਿਲੀ ਫਲਾਈਟ ਮਿਲਦੀ ਹੈ, ਉਹ ਲੈ ਕੇ ਇੰਡੀਆ ਆ ਜਾਵੇ| ਕੱਲ੍ਹ ਹਰਕਰਨ ਨੇ ਵੀ ਪਹੁੰਚ ਜਾਣਾ| ਕੁੜੀ ਤਾਂ ਇਹ ਵੀ ਦੱਸਦੀ ਹੈ ਕਿ ਉਹ ਜਿਹੜੇ ਸਕੂਲ ‘ਚ ਪੜ੍ਹਦੀ ਹੈ, ਉਸ ਦੀਆਂ ਟੀਚਰਾਂ ਵੀ ਉਸ ਨਾਲ ਰਲ ਗਈਆਂ ਨੇ। ਉਹ ਸੁਮੇਰ ਤੋਂ ਪੈਸੇ ਲੈ ਕੇ ਉਸ ਕੁੜੀ ਨਾਲ ਮਿਲਵਾਉਂਦੀਆਂ ਨੇ, ਅਨੂੰ! ਆਪਣਾ ਘਰ ਉਜੜ ਜਾਣੈ| ਉਨ੍ਹਾਂ ਨੇ ਸੁਮੇਰ ਨੂੰ ਨਸ਼ਾ ਕਰਨ ਲਾ’ਤਾ। ਕੁੜੀ ਦੀ ਦਾਦੀ ਨੇ ਕਿਹਾ ਕਿ ਮੁੰਡਾ ਦੋ ਚਾਰ ਸਾਲਾਂ ‘ਚ ਆਪ ਹੀ ਮਰ-ਮਰਾ ਜਾਊ, ਸਾਡੀ ਕੁੜੀ ਦੀ ਕਿਹੜਾ ਜਵਾਨੀ ਢਲਣ ਲੱਗੀ ਹੈ, ਦੂਜਾ ਵਿਆਹ ਕਰ ਦੇਵਾਂਗੇ| ਹੁਣੇ ਤਾਂ ਸਾਡੇ ਕੋਲ ਮੌਕਾ, ਦੋਹਾਂ ਹੱਥਾਂ ਨਾਲ ਲੁੱਟ ਲੋ!
ਸੁਮੇਰ ਕੱਲ੍ਹ ਰਿਵਾਲਵਰ ਚੁੱਕੀ ਫਿਰਦਾ ਸੀ। ਪਾਪਾ ਨੂੰ ਕਹਿੰਦਾ, ਮੇਰਾ ਵਿਆਹ ਕਰੋ, ਨਹੀਂ ਗੋਲੀ ਮਾਰਦਾਂ ਆਪਣੇ। ਕੱਲ੍ਹ ਰਾਤ ਦਾ ਘਰ ਨਹੀਂ ਵੜਿਆ, 65 ਲੱਖ ਕੈਸ਼ ਤੇ 30 ਤੋਲੇ ਸੋਨਾ ਗਾਇਬ ਆ ਲਾਕਰ ‘ਚੋਂ। ਜਾਂਦਾ ਚਿਠੀ ਛੱਡ ਗਿਆ ਕਿ ਕੁੜੀ ਦੀ ਭੂਆ ਸਾਨੂੰ ਇੰਗਲੈਂਡ ਭੇਜ ਰਹੀ ਹੈ ਤੇ ਏਜੰਟ ਨੂੰ ਦੇਣ ਲਈ ਪੈਸਿਆਂ ਦੀ ਲੋੜ ਹੈ। ਮੇਰੀ ਉਡੀਕ ਨਾ ਕਰਿਓ।” ਇਹ ਸਭ ਦੱਸ ਕੇ ਅਨੂੰ ਦੀ ਮਾਂ ਰੋਣ ਲੱਗੀ।
“ਮੰਮਾ! ਮੰਮਾ! ਤੁਸੀਂ ਹੌਸਲਾ ਰੱਖੋ। ਮੇਰੀ ਪਾਪਾ ਨਾਲ ਗੱਲ ਕਰਵਾਉ।”
“ਤੇਰੇ ਪਾਪਾ ਡਰਾਇੰਗ ਰੂਮ ‘ਚ ਬੈਠੇ ਨੇ ਕਮਿਸ਼ਨਰ ਸਾਹਿਬ ਕੋਲ। ਅਨੂੰ, ਤੂੰ ਛੇਤੀ ਆ ਜਾ ਪੁੱਤ, ਕਿਤੇ ਦੇਰ ਨਾ ਹੋ ਜਾਵੇ।”
ਮਾਂ ਦਾ ਫੋਨ ਕੱਟ ਅਨੂੰ ਉਚੀ ਉਚੀ ਰੋਣ ਲੱਗੀ| ਆਪਣਾ ਆਪਾ ਸਾਂਭ ਉਹਨੇ ਸੂਟਕੇਸ ਪੈਕ ਕੀਤਾ| ਪਾਸਪੋਰਟ ਤੇ ਕਰੈਡਿਟ-ਡੈਬਿਟ ਕਾਰਡ ਵਾਲਟ ‘ਚ ਰੱਖ ਫੋਨ ਚਾਰਜ ‘ਤੇ ਲਾਇਆ| ਸਵੇਰ ਦੇ ਪੰਜ ਵੱਜ ਗਏ ਉਹਨੂੰ ਸਾਰਾ ਸਮਾਨ ਸੰਭਾਲਦੀ ਨੂੰ। ਉਹਨੇ ਆਪਣੇ ਦੋਵੇਂ ਕੰਮਾਂ ‘ਤੇ ਈਮੇਲ ਰਾਹੀਂ 2 ਮਹੀਨੇ ਦੀ ਛੁੱਟੀ ਲਈ ਫਾਰਮ ਸਕੈਨ ਕਰ ਕੇ ਭੇਜ ਦਿੱਤੇ| ਅਪਾਰਟਮੈਂਟ ਦੀ ਮੌਰਗੇਜ਼ ਦੀਆਂ ਤਿੰਨ ਕਿਸ਼ਤਾਂ ਸੇਵਿੰਗ ‘ਚੋਂ ਕੱਢ ਕੇ ਚੈਕਿੰਗ ‘ਚ ਪਾ ਦਿਤੀਆਂ, ਸਾਰੇ ਬਿੱਲ ਅਦਾ ਕਰ, ਕੋਲ 3365 ਡਾਲਰ ਬਚੇ ਜਿਸ ਵਿਚੋਂ ਉਹਨੇ 2341 ਡਾਲਰ ਦੀ ਐਮਰਜੈਂਸੀ ਟਿਕਟ ਬੁੱਕ ਕੀਤੀ ਤੇ ਨਾਲ ਹੀ ਟੈਕਸੀ ਬੁੱਕ ਕਰ ਕੇ ਨਹਾਉਣ ਚਲੀ ਗਈ| ਕਿੰਨਾ ਚਿਰ ਉਹ ਬਾਥ ਟੱਬ ‘ਚ ਬੈਠੀ ਸੋਚਦੀ ਰਹੀ ਕਿ ਹੁਣ ਕੀ ਬਣੇਗਾ, ਪਰ ਸ਼ਾਇਦ ਹੁਣ ਸੋਚਣ ਦਾ ਸਮਾਂ ਲੰਘ ਚੁੱਕਾ ਸੀ। ਕੁਝ ਕਰਨ ਦਾ ਸਮਾਂ ਵੀ ਕਿਤੇ ਲੰਘ ਨਾ ਜਾਵੇ, ਇਹ ਸੋਚ ਉਹ ਕਾਹਲੀ ਨਾਲ ਉਠ ਖੜ੍ਹੀ ਹੋਈ|
ਕਿਰਨ ਨੂੰ ਫੋਨ ਕਰ ਕੇ ਘਰ ਬੁਲਾ ਕੇ ਚਾਬੀਆਂ ਉਸ ਨੂੰ ਫੜਾ ਦਿੱਤੀਆਂ| ਉਹਨੂੰ ਲਿਵਿੰਗ ਰੂਮ ਦੀ ਕੰਧ ‘ਤੇ ਲੱਗੀ ਆਪਣੇ ਪਰਿਵਾਰ ਦੀ ਤਸਵੀਰ ਟੁੱਟਦੀ ਨਜ਼ਰ ਆਈ| ਡਾਈਨਿੰਗ ਟੇਬਲ ਦੇ ਵਾਸ ‘ਚ ਪਏ ਫੁੱਲ ਰਾਤੋ-ਰਾਤ ਕੁਮਲਾ ਗਏ। ਮੌਸਮ ਦੀ ਬੇਰੁਖੀ ਇਹ ਵੀ ਬਰਦਾਸ਼ਤ ਨਹੀਂ ਕਰ ਸਕੇ ਸ਼ਾਇਦ! ਉਹਨੇ ਹਉਕਾ ਲੈਂਦਿਆਂ ਕਿਰਨ ਨੂੰ ਕਿਹਾ, “ਔਹ ਵੇਖ ਝੂਮਰ ਉਪਰ ਮੱਕੜੀ ਕਿਵੇਂ ਜਾਲ ਬੁਣ ਰਹੀ ਹੈ| ਸ਼ਾਇਦ, ਇਹਨੂੰ ਵੀ ਪਤਾ ਲੱਗ ਗਿਆ ਹੈ ਕਿ ਮੈਂ ਘਰੋਂ ਚੱਲੀ ਹਾਂ, ਹੁਣ ਇਹਨੂੰ ਕਿਹੜਾ ਕਿਸੇ ਨੇ ਵੇਖਣਾ! ਠੀਕ ਉਸੇ ਤਰ੍ਹਾਂ ਜਿਵੇਂ ਸੁਮੇਰ ਨੂੰ ਉਨ੍ਹਾਂ ਜਾਲ ‘ਚ ਫਸਾ ਲਿਆ। ਕਿਰਨ ਤੂੰ ਪਲੀਜ਼ ਘਰ ਗੇੜਾ ਮਾਰਦੀ ਰਹੀਂ। ਲੱਗਦੈ ਮੇਰੀ ਟੈਕਸੀ ਆ ਗਈ|”
ਕਿਰਨ ਤੇ ਅਨੂੰ ਐਲੀਵੇਟਰ ਰਾਹੀਂ ਲੌਬੀ ‘ਚ ਆ ਗਈਆਂ| ਮਿਸਿਜ਼ ਫਰਨੈਂਡਿਜ਼ ਦੀ ਬੇਟੀ ਨੂੰ ਆਪਣੇ ਭਰਾ ਨਾਲ ਖੇਡਦੇ ਵੇਖ ਅਨੂੰ ਭੁੱਬਾਂ ਮਾਰ-ਮਾਰ ਰੋਣ ਲੱਗੀ| ਉਹਨੇ ਆਪਣਾ ਸਿਰ ਗੋਡਿਆਂ ‘ਚ ਦੇ ਲਿਆ| ਕਿਰਨ ਸੂਟਕੇਸ ਛੱਡ ਉਹਨੂੰ ਚੁੱਪ ਕਰਵਾਉਣ ਲੱਗੀ, “ਚੱਲ ਅਨੂੰ, ਉਠ ਕਿਤੇ ਫਲਾਈਟ ਨਾ ਮਿਸ ਹੋ ਜਾਵੇ|”
ਲੌਬੀ ਦੀ ਇਕ ਇਕ ਚੀਜ਼ ਅੱਜ ਉਹਨੂੰ ਓਪਰੀ ਜਾਪ ਰਹੀ ਸੀ| ਇਹ ਉਹ ਲੌਬੀ ਸੀ ਜਿੱਥੇ ਅਨੂੰ ਕੰਮ ਤੋਂ ਆ ਕੇ ਘੰਟਾ ਭਰ ਜ਼ਰੂਰ ਬੈਠਦੀ, ਜੁਆਕਾਂ ਨਾਲ ਖੇਡਦੀ| ਸਾਹਮਣੇ ਕੋਰੀਡੋਰ ‘ਚ ਬਣਿਆ ਕਿਡਜ਼ ਸਪੌਟ ਉਹਦਾ ਪਸੰਦੀਦਾ ਥਾਂ ਸੀ ਤੇ ਜੇ ਕਿਤੇ ਉਨ੍ਹਾਂ ਦੇ ਥਿਏਟਰ ਰੂਮ ਵਿਚ ਕਾਰਟੂਨ ਮੂਵੀ ਲੱਗਦੀ ਤਾਂ ਅਨੂੰ ਜ਼ਰੂਰ ਟਿਕਟ ਲੈ ਕੇ ਬੱਚਿਆਂ ਨਾਲ ਬੈਠ ਕੇ ਮੂਵੀ ਦੇਖਦੀ| ਕਿਡਜ਼ ਸਪੋਟ ਵਿਚ ਖੇਡ ਕੇ ਉਹ ਜਵਾਨੀ ਵਿਚ ਬਚਪਨ ਨੂੰ ਜਿਉਂਦਾ ਰੱਖਣ ਦਾ ਯਤਨ ਕਰਦੀ| ਇਸ ਅਪਾਰਟਮੈਂਟ ਬਿਲਡਿੰਗ ਵਿਚ ਉਹ ਇਕੱਲੀ ਇੰਡੀਅਨ ਸੀ|
ਦੋਵੇਂ ਸਹੇਲੀਆਂ ਗਲ ਲੱਗ ਮਿਲੀਆਂ। ਅਨੂੰ ਟੈਕਸੀ ‘ਚ ਬੈਠ ਕੇ ਏਅਰਪੋਰਟ ਵੱਲ ਰਵਾਨਾ ਹੋ ਗਈ| ਉਹਨੇ ਸਕਿਉਰਟੀ ਚੈੱਕ ਤੋਂ ਬਾਅਦ ਇੰਡੀਆ ਫੋਨ ਕਰ ਕੇ ਦੱਸਿਆ ਕਿ ਉਹ ਤੁਰ ਪਈ ਹੈ|

ਅਨੂੰ ਅੰਮ੍ਰਿਤਸਰ ਏਅਰਪੋਰਟ ਪਹੁੰਚੀ| ਉਹਦਾ ਵੱਡਾ ਭਰਾ ਹਰਕਰਨ ਉਹਨੂੰ ਲੈਣ ਆਇਆ| ਦੋਵੇਂ 3 ਸਾਲ ਬਾਅਦ ਮਿਲੇ। ਵੀਰ ਨੂੰ ਗਲ ਲਾ ਕੇ ਅਨੂੰ ਨੂੰ ਨਿੱਘ ਤਾਂ ਮਿਲਿਆ, ਪਰ ਚੈਨ ਨਹੀਂ| ਅਨੂੰ ਨੇ ਹਰਕਰਨ ਨੂੰ ਦਰਬਾਰ ਸਾਹਿਬ ਜਾਣ ਨੂੰ ਕਿਹਾ। ਦਰਸ਼ਨੀ ਡਿਓਢੀ ਦੇ ਦਰਸ਼ਨ ਕਰ ਉਹਨੇ ਪਰਿਵਾਰ ਦੀ ਸੁੱਖ ਸ਼ਾਂਤੀ ਤੇ ਜੀਆਂ ਦੀ ਤੰਦਰੁਸਤੀ ਲਈ ਅਰਦਾਸ ਕੀਤੀ| ਇਸ ਤੋਂ ਬਾਅਦ ਮੁੜ ਭੀੜ ਨੂੰ ਚੀਰਦੀ ਹੋਈ ਉਨ੍ਹਾਂ ਦੀ ਗੱਡੀ ਅਮਲੋਹ ਵੱਲ ਤੁਰ ਪਈ|

ਸਫਰ ਦੌਰਾਨ ਅਨੂੰ ਨੂੰ ਪੰਜਾਬ ਆਪਣੇ ਵਰਗਾ ਹੀ ਬੇਸਹਾਰਾ ਤੇ ਨਿਰਾਸ਼ ਲੱਗਿਆ। ਉਹ ਸੋਚਦੀ ਰਹੀ ਕਿ ਵੱਸਦੇ ਪੰਜਾਬ ਨੂੰ ਕੀਹਦੀ ਨਜ਼ਰ ਲੱਗ ਗਈ! ਲੋਕਾਂ ਦੇ ਦਿਲ ਛੱਲ-ਕਪਟ ਨਾਲ ਕਿਉਂ ਭਰ ਗਏ?

ਹਰਕਰਨ ਤੇ ਅਨੂੰ ਘਰ ਪਹੁੰਚੇ। ਛੋਟੀ ਇੱਟ ਨਾਲ ਰਵਾਇਤੀ ਢੰਗ ਦੀ ਬਣੀ ਹੋਈ ਇਹ ਹਵੇਲੀ ਅੱਜ ਕਿਸੇ ਗਰੀਬ ਦੀ ਕਿਸਮਤ ਵਰਗੀ ਬੇਰੰਗ ਜਾਪ ਰਹੀ ਸੀ| ਉਹਨੂੰ ਉਡੀਕ ਸੀ, ਕਿਸੇ ਦੀ ਅਸੀਸ ਦੀ ਤਾਂ ਜੋ ਮੁੜ ਇਹ ਬਾਗ ਬਗੀਚੇ ਹਰੇ ਹੋ ਜਾਣ| ਪੱਤਝੜ ਦੀ ਇਹ ਰੁੱਤ ਸਦੀ ਵਾਂਗ ਲੰਬੀ ਹੋ ਗਈ ਸੀ| ਉਹ ਪੀਂਘ ਜਿਸ ਨੂੰ ਝੂਟ ਕੇ ਉਹ ਤੇ ਉਹਦੇ ਭਰਾਵਾਂ ਨੇ ਬਚਪਨ ਬਿਤਾਇਆ ਸੀ, ਪਰਸੋਂ ਆਏ ਤੂਫਾਨ ਵਿਚ ਟੁੱਟ ਗਈ ਸੀ|

ਦੂਰ ਇਕ ਖੂੰਜੇ ਅਨੂੰ ਨੇ ਆਪਣੇ ਪਾਪਾ ਨੂੰ ਵੇਖਿਆ ਤਾਂ ਉਹ ਭੱਜ ਕੇ ਉਨ੍ਹਾਂ ਦੇ ਗਲ ਲੱਗ ਰੋਣ ਲੱਗੀ| ਅਨੂੰ ਦੀ ਆਵਾਜ਼ ਸੁਣ ਉਹਦੀ ਮੰਮੀ ਵੀ ਬਾਹਰ ਆ ਗਏ| ਮਾਂ ਤਾਂ ਵਿਚਾਰੀ ਪੁੱਤ ਦੇ ਗਮ ਵਿਚ ਸੁੱਕ ਹੀ ਗਈ ਸੀ|
“ਮੰਮਾ ਸੁਮੇਰ ਕਿੱਥੇ ਆ, ਦੱਸੋ?”
“ਚੱਲ ਤੂੰ ਅੰਦਰ ਚੱਲ਼ææ।” ਮਾਂ ਨੇ ਗੱਲ ਟਾਲਦਿਆਂ ਉਹਨੂੰ ਅੰਦਰ ਜਾਣ ਨੂੰ ਕਿਹਾ। ਤੂੰ ਨਹਾ ਧੋ ਲੈ, ਮੈਂ ਰੋਟੀ ਬਣਾਈ ਹੈ, ਆਪਾਂ ਸਾਰੇ ਖਾਂਦੇ ਹਾਂ|
ਸੁਮੇਰ ਨੂੰ ਨਾ ਦੇਖ ਅਨੂੰ ਦੀ ਚਿੰਤਾ ਵਧ ਗਈ|

ਅਨੂੰ ਆਪਣੇ ਕਮਰੇ ਵਿਚ ਸਮਾਨ ਰੱਖ ਦੇਖਦੀ ਹੈ, ਉਹਦਾ ਕਮਰਾ ਇੰਨ-ਬਿੰਨ ਉਸੇ ਤਰ੍ਹਾਂ ਦਾ ਹੈ ਜਿਵੇਂ ਤਿੰਨ ਸਾਲ ਪਹਿਲਾਂ ਸੀ| ਉਹਦੀਆਂ ਗੁੱਡੀਆਂ, ਚੂੜੀਆਂ, ਪਰਾਂਦੀਆਂ, ਡਰੈਸਿੰਗ ਟੇਬਲ ਮਾਂ ਨੇ ਉਸੇ ਤਰ੍ਹਾਂ ਸਾਂਭ ਕੇ ਰੱਖੇ ਹੋਏ ਸਨ। ਰੈਕ ‘ਚ ਉਹਦੀਆਂ ਜੁੱਤੀਆਂ, ਅਲਮਾਰੀ ‘ਚ ਫੁਲਕਾਰੀਆਂ, ਤੇ ਕਮਰੇ ਦੀਆਂ ਕੰਧਾਂ ‘ਤੇ ਉਹਦੀਆਂ ਬਚਪਨ ਦੀਆਂ ਤਸਵੀਰਾਂ, ਕੁਝ ਵੀ ਤਾਂ ਨਹੀਂ ਸੀ ਬਦਲਿਆ। ਇਸ ਕਮਰੇ ‘ਚ ਬਦਲੀ ਸੀ ਤਾਂ ਕਿਸਮਤ ਇਸ ਘਰ ਦੇ ਜੀਆਂ ਦੀ।

ਅਨੂੰ ਤਿਆਰ ਹੋ ਕੇ ਡਾਈਨਿੰਗ ਰੂਮ ‘ਚ ਆ ਕੇ ਬੈਠ ਗਈ| ਉਹਦੀ ਮਾਂ ਨੇ ਕਾਂਤਾ ਨੂੰ ਹਰਕਰਨ ਤੇ ਉਹਦੇ ਪਾਪਾ ਨੂੰ ਬੁਲਾਉਣ ਨੂੰ ਕਿਹਾ| ਅਨੂੰ ਦੀ ਮਾਂ ਨੇ ਸਟੀਲ ਦੇ ਵੱਡੇ ਗਲਾਸਾਂ ‘ਚ ਲੱਸੀ ਪਾ ਕੇ ਰੱਖ ਦਿੱਤੀ| ਅਨੂੰ ਦੀਆਂ ਪਸੰਦੀਦਾ ਮੇਥੇ ਵਾਲੀਆਂ ਰੋਟੀਆਂ ਸਟੀਲ ਦੇ ਥਾਲ ‘ਚ ਮੱਖਣ ਨਾਲ ਰੱਖ ਸਟੀਲ ਦੀ ਕੌਲੀ ‘ਚ ਦਹੀਂ ਪਾ ਕੇ ਉਹਨੂੰ ਖਾਣ ਨੂੰ ਕਿਹਾ| ਅਨੂੰ ਨੇ ਇਕ ਬੁਰਕੀ ਵੀ ਰੋਟੀ ਦੀ ਨਾ ਖਾਧੀ| ਅਚਾਨਕ ਉਹਦੀ ਨਿਗ੍ਹਾ ਸਾਗਵਾਨ ਦੀ ਲੱਕੜ ਨਾਲ ਬਣੇ ਕੁਰਸੀ ਮੇਜ਼ ‘ਤੇ ਪਈ ਜੋ ਡਾਈਨਿੰਗ ਰੂਮ ਦੇ ਇਕ ਕੋਨੇ ‘ਚ ਰੇਸ਼ਮੀ ਪਰਦੇ ਓਹਲੇ ਪਿਆ ਸੀ| ਉਹ ਪਲੇਟ ਚੁੱਕ, ਉਸ ਟੇਬਲ ‘ਤੇ ਰੱਖ ਭੁੰਜੇ ਬੈਠ ਕੇ ਖਾਣ ਲੱਗੀ| ਉਹਦੇ ਪਾਪਾ ਉਹਨੂੰ ਟੇਬਲ ਕੋਲ ਬੈਠੀ ਦੇਖ ਕੇ ਸਿਰ ‘ਤੇ ਹੱਥ ਰੱਖ ਕਹਿਣ ਲੱਗੇ, “ਜਿਉਂਦੀ ਰਹਿ ਧੀਏ, ਇਕ ਤੈਨੂੰ ਹੀ ਆਪਣਾ ਬਚਪਨ ਤੇ ਰਿਸ਼ਤੇ ਨਹੀਂ ਭੁੱਲੇ।”
“ਪਾਪਾ, ਸੁਮੇਰ ਕਿੱਥੇ ਆ? ਇਹ ਟੇਬਲ ਸੁਮੇਰ ਦਾ ਸੀ, ਦੱਸੋ ਤੁਸੀਂ? ਕੁਝ ਦੱਸਦੇ ਕਿਉਂ ਨਹੀ?” ਅਨੂੰ ਆਪਣੇ ਪਾਪਾ ਦਾ ਹੱਥ ਫੜ ਪੁੱਛਣ ਲੱਗੀ|
“ਪੁੱਤ ਤੂੰ ਰੋਟੀ ਖਾ, ਸੁਮੇਰ ਕੋਲ ਚਲਦੇ ਹਾਂ ਆਪਾਂ|”
“ਚਲਦੇ ਹਾਂ! ਕਿਥੇ ਚਲਦੇ ਹਾਂ? ਉਹ ਹੈ ਕਿੱਥੇ? ਸੁਮੇਰ ਠੀਕ ਤਾਂ ਹੈ ਪਾਪਾ?”
“ਉਹਨੂੰ ਕੀ ਹੋਣਾ ਸਾਲੇ ਨੂੰ।” ਕੋਲ ਖੜ੍ਹਾ ਹਰਕਰਨ ਰੋਹ ਭਰੀ ਆਵਾਜ਼ ‘ਚ ਬੋਲਿਆ, “ਸਾਰੇ ਟੱਬਰ ਦੀ ਨੱਕ ਵਢਾ’ਤੀ ਉਸ ਕੰਜਰ ਨੇ| ਤੂੰ ਛੇਤੀ ਰੋਟੀ ਖਾ, ਮੇਰੀ ਕੱਲ੍ਹ ਦੀ ਫਲਾਈਟ ਆ, ਮੈਂ ਵਾਪਿਸ ਵੀ ਮੁੜਨਾ ਆਸਟਰੇਲੀਆ| ਮੈਂ ਇਸ ਨਸ਼ੇੜੀ ਲਈ ਆਪਣਾ ਵਕਤ ਖਰਾਬ ਨਹੀਂ ਕਰ ਸਕਦਾ|”
ਅਨੂੰ ਰੋਟੀ ਛੱਡ ਜ਼ਿਦ ਕਰਨ ਲੱਗੀ, “ਦੱਸੋ ਪਾਪਾ ਸੁਮੇਰ ਕਿੱਥੇ ਆ? ਮੈਨੂੰ ਉਥੇ ਲੈ ਕੇ ਚੱਲੋ ਹੁਣੇ|”
“ਚਲ ਚਲਦੇ ਆਂ, ਤੂੰ ਖੜ੍ਹ ਕੇਰਾਂ।”
“ਨਹੀਂ ਪਾਪਾ, ਮੈਂ ਹੁਣੇ ਹੀ ਜਾਣਾ|” ਅਨੂੰ ਆਪਣੇ ਮੰਮੀ ਪਾਪਾ ਨਾਲ ਕਾਰ ‘ਚ ਬੈਠ ਗਈ, ਪਰ ਉਹਦੇ ਲਈ ਰਸਤਾ ਮੁੱਕਣ ‘ਚ ਹੀ ਨਹੀਂ ਸੀ ਆ ਰਿਹਾ|

ਅੱਧੇ ਘੰਟੇ ਬਾਅਦ ਕਾਰ ਰੀਹੈਬ ਸੈਂਟਰ ਦੇ ਬਾਹਰ ਜਾ ਰੁਕੀ| ਅਨੂੰ ਦੇ ਪਾਪਾ ਨੇ ਉਹਨੂੰ ਕਿਹਾ, ਪੁੱਤ ਹੌਸਲਾ ਰੱਖੀਂ, ਅਸੀਂ ਜੋ ਕੁਝ ਵੀ ਕਰ ਰਹੇ ਆਂ, ਸੁਮੇਰ ਦੀ ਭਲਾਈ ਖਾਤਿਰ ਹੀ ਕਰ ਰਹੇ ਆਂ| ਉਹਨੂੰ ਤੂੰ ਵੀ ਇਹੋ ਸਮਝਾਉਣੈ|”
ਰੀਹੈਬ ਅੰਦਰ ਜੇਲ੍ਹ ਵਰਗਾ ਮਾਹੌਲ ਸੀ|
“ਇਸ ਸੈਂਟਰ ਨੂੰ ਚਲਾਉਣ ਵਾਲਾ ਤਾਂ ਕਿਸੇ ਡਰੱਗੀ ਤੋਂ ਘੱਟ ਨਹੀਂ ਲੱਗਦਾ ਪਾਪਾ?” ਅਨੂੰ ਨੇ ਇਹ ਗੱਲ ਉਸ ਸੈਂਟਰ ਦੇ ਮਾਲਕ ਨੂੰ ਵੇਖ ਕੇ ਕਹੀ| ਦੂਰ ਕਿਸੇ ਕਮਰੇ ‘ਚੋਂ ਚੀਕਾਂ ਦੀ ਆਵਾਜ਼ ਆ ਰਹੀ ਸੀ ਜਿਵੇਂ ਕੋਈ ਕਿਸੇ ਨੂੰ ਕੁੱਟ ਰਿਹਾ ਹੋਵੇ|
“ਭੈਣੇ! ਤੂੰ ਆ ਗਈ।” ਅਚਾਨਕ ਅਨੂੰ ਦਾ ਧਿਆਨ ਇਸ ਆਵਾਜ਼ ਨੇ ਤੋੜਿਆ|
“ਸੁਮੇਰæææਸੁਮੇਰæææਆਹ ਕੀ ਹੋ ਗਿਆ ਤੈਨੂੰ? ਤੇਰੇ ਕੇਸ ਕੀਹਨੇ ਕੱਟੇ? ਤੇਰੀ ਪੱਗ ਕਿੱਥੇ ਗਈ?”
ਅਨੂੰ ਦੇ ਪਾਪਾ ਨੇ ਉਹਦੇ ਮੋਢੇ ‘ਤੇ ਹੱਥ ਰੱਖ ਕਿਹਾ, “ਪੁੱਤ, ਇਹ ਇੱਥੋਂ ਦਾ ਕਾਨੂੰਨ ਹੈ| ਇੱਥੇ ਆਉਣ ਵਾਲੇ ਹਰ ਬੰਦੇ ਦੇ ਕੇਸ ਕੱਟ ਦਿੱਤੇ ਜਾਂਦੇ ਹਨ ਤਾਂ ਜੋ ਇਹ ਲੋਕ ਇੱਥੇ ਪੱਗ ਨਾਲ ਫਾਹਾ ਨਾ ਲੈ ਲੈਣ|”
“ਪਰ ਪਾਪਾ ਸੁਮੇਰ ਨੂੰ ਇਨ੍ਹਾਂ ਨੇ ਕੁੱਟਿਆæææਦੇਖੋ ਉਹਦੇ ਨੀਲ ਪਏ ਹੋਏ ਨੇ ਪਾਪਾ।” ਸੁਮੇਰ ਦੇ ਪਿੰਡੇ ‘ਤੇ ਪਏ ਦਾਗ ਦੇਖ ਕੇ ਅਨੂੰ ਚੀਕ ਉਠੀ- “ਪਾਪਾ ਮੇਰੇ ਵੀਰ ਨੂੰ ਘਰ ਲੈ ਜੋ ਪਲੀਜ਼! ਇਹ ਮਾਰ ਦੇਣਗੇ ਇਹਨੂੰ ਪਾਪਾ| ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਸੁਮੇਰ ਨਾਲ।”
ਸੁਮੇਰ ਜੁਆਕਾਂ ਵਾਂਗ ਖੜ੍ਹਾ ਰੋਂਦਾ ਰਿਹਾ, “ਅਨੂੰ ਭੈਣ, ਮੈਨੂੰ ਘਰ ਲੈ ਜਾ।”
“ਨਹੀਂ।” ਅਨੂੰ ਦੀ ਮਾਂ ਉਚੀ ਆਵਾਜ਼ ‘ਚ ਬੋਲੀ, “ਇਹ ਫਿਰ ਉਸੇ ਕੁੜੀ ਦੁਆਲੇ ਚੱਕਰ ਮਾਰੂਗਾ, ਰਹਿਣ ਦੇ ਇਹਨੂੰ ਇੱਥੇ| ਜੇ ਕੱਲ੍ਹ ਨੂੰ ਕੋਈ ਗੱਲ ਹੋ ਗਈ, ਇਹ ਉਸ ਨਾਬਾਲਗ ਕੁੜੀ ਨੂੰ ਲੈ ਕੇ ਕਿਤੇ ਤੁਰ ਗਿਆ? ਮੈਂ ਤੇ ਤੇਰੇ ਪਾਪਾ ਰਹਿ ਜਾਵਾਂਗੇ ਜੇਲ੍ਹ ਕੱਟਣ ਨੂੰ| ਅਸੀਂ ਸਾਰਾ ਕੁਝ ਹਰਕਰਨ ਦੀ ਸਲਾਹ ਨਾਲ ਕੀਤਾ ਤੇ ਅਸੀਂ ਇਹਨੂੰ ਬੇਦਖਲ ਕਰ’ਤਾ ਆਪਣੀ ਜਾਇਦਾਦ ‘ਚੋਂ। ਜੇ ਤਾਂ ਇਹ ਇੱਥੇ ਰਹਿ ਕੇ ਸੁਧਰ ਗਿਆ, ਤਾਂ ਠੀਕæææਨਹੀਂ ਤਾਂ ਆਪੇ ਜਿੱਥੇ ਮਰਜ਼ੀ ਧੱਕੇ ਖਾਂਦਾ ਫਿਰੇ| ਚੱਲ ਹੁਣ ਚੱਲੀਏ ਇੱਥੋਂ।”
“ਅਨੂੰ ਭੈਣ, ਮੰਮੀ, ਪਾਪਾ! ਪਲੀਜ਼ ਲੈ ਜਾਓ ਮੈਨੂੰ ਇੱਥੋਂ| ਮੈਂ ਮਰ ਜਾਣਾ ਇੱਥੇ| ਇਨ੍ਹਾਂ ਲੋਕਾਂ ਨੇ ਮੈਨੂੰ ਮਾਰ ਦੇਣਾ| ਅਨੂੰ ਭੈਣ ਪਲੀਜ਼æææ ਪਲੀਜ਼।”

ਅੱਜ ਪੂਰੇ ਛੇ ਸਾਲ ਬੀਤ ਗਏ ਨੇ ਇਸ ਘਟਨਾ ਨੂੰ। ਇਹ ਆਵਾਜ਼ ਅੱਜ ਵੀ ਅਨੂੰ ਦੇ ਕੰਨਾਂ ‘ਚ ਗੂੰਜਦੀ ਰਹਿੰਦੀ ਹੈ; ਤੇ ਅਨੂੰ ਰਾਤਾਂ ਨੂੰ ਜਾਗਦੀ ਰਹਿੰਦੀ ਹੈ| ਸੁਮੇਰ ਰੀਹੈਬ ਸੈਂਟਰ ਵਾਲਿਆਂ ਦੇ ਤਸੀਹੇ ਬਰਦਾਸ਼ਤ ਨਾ ਕਰ ਸਕਿਆ ਤੇ ਉਸ ਭੋਲੇ ਪੰਛੀ ਦੇ ਪ੍ਰਾਣ ਚਾਲਬਾਜ਼ਾਂ ਦੀ ਦੁਨੀਆਂ ਨੂੰ ਸਦਾ ਲਈ ਅਲਵਿਦਾ ਆਖ ਗਏ|