ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਨਰਿੰਦਰ ਗਰੀਬ ਮਾਪਿਆਂ ਦਾ ਮੁੰਡਾ ਸੀ ਪਰ ਉਸ ਦੀ ਬਚਪਨ ਤੋਂ ਯਾਰੀ ਪਿੰਡ ਦੇ ਅਮੀਰ ਪਰਿਵਾਰ ਦੇ ਮੁੰਡੇ ਰਣਜੀਤ ਨਾਲ ਪੈ ਗਈ। ਉਹ ਕਦੇ ਵੀ ਆਪਸ ਵਿਚ ਲੜੇ ਨਹੀਂ ਸਨ। ਦੋਵਾਂ ਦੀਆਂ ਸ਼ਕਲਾਂ ਵੀ ਇਕੋ ਜਿਹੀਆਂ ਸਨ ਜਿਵੇਂ ਜੌੜੇ ਭਰਾ ਹੋਣ। ਰਣਜੀਤ ਦੇ ਮਾਪੇ ਵੀ ਨਰਿੰਦਰ ਨੂੰ ਰਣਜੀਤ ਜਿੰਨਾ ਹੀ ਪਿਆਰ ਕਰਦੇ। ਹਰ ਚੀਜ਼ ਰਣਜੀਤ ਨਾਲ ਦੀ ਲੈ ਕੇ ਦਿੰਦੇ। ਦੋਵਾਂ ਦੀ ਮਿੱਤਰਤਾ ਉਤੇ ਲੋਕਾਂ ਨੂੰ ਵੀ ਰਸਕ ਹੋਣ ਲੱਗਾ।
ਹਾਈ ਸਕੂਲ ਪਾਸ ਕਰਨ ਪਿਛੋਂ ਹੁਣ ਦੋਵਾਂ ਨੇ ਕਾਲਜ ਵਿਚ ਦਾਖਲਾ ਲੈਣਾ ਸੀ।
ਕੁਦਰਤ ਦੀ ਕਰੋਪੀ ਨਰਿੰਦਰ ਦੇ ਪਿਤਾ ਦਾ ਦੇਹਾਂਤ ਹੋ ਗਿਆ ਅਤੇ ਘਰ ਦੀ ਜ਼ਿੰਮੇਵਾਰੀ ਨਰਿੰਦਰ ਦੇ ਮੋਢਿਆਂ ‘ਤੇ ਆ ਗਈ। ਉਸ ਨੂੰ ਖੇਤਾਂ ਵਿਚ ਰੁਲਣਾ ਪੈ ਗਿਆ ਤੇ ਰਣਜੀਤ ਕਾਲਜ ਪੜ੍ਹਨ ਲੱਗ ਪਿਆ ਪਰ ਉਨ੍ਹਾਂ ਦੀ ਮਿੱਤਰਤਾ ਵਿਚ ਕੋਈ ਫਰਕ ਨਾ ਪਿਆ। ਨਰਿੰਦਰ ਦੀ ਮਾਂ ਮੀਤੋ ਵੀ ਬਹੁਤ ਸਿਆਣੀ ਔਰਤ ਸੀ। ਉਸ ਨੇ ਹਮੇਸ਼ਾ ਨਰਿੰਦਰ ਨੂੰ ਮਾੜੀਆਂ ਗੱਲਾਂ ਤੋਂ ਬਚ ਕੇ ਰਹਿਣਾ ਸਿਖਾਇਆ। ਨਰਿੰਦਰ ਦਾ ਇਕੋ ਮਕਸਦ ਸੀ- ਛੋਟੇ ਭਰਾ ਵਰਿੰਦਰ ਨੂੰ ਪੜ੍ਹਾ-ਲਿਖਾ ਕੇ ਕੈਨੇਡਾ ਜਾਂ ਅਮਰੀਕਾ ਤੋਰਨਾ ਅਤੇ ਛੋਟੀ ਭੈਣ ਕੰਤੋ ਨੂੰ ਪੜ੍ਹਾ ਕੇ ਅਧਿਆਪਕਾ ਬਣਾਉਣਾ। ਨਰਿੰਦਰ ਦਿਨ ਰਾਤ ਮਿਹਨਤ ਕਰਦਾ ਤੇ ਫਸਲ ਵਧੀਆ ਪਾਲ ਕੇ ਚਾਰ ਪੈਸੇ ਵੱਟ ਲੈਂਦਾ। ਫਜ਼ੂਲ-ਖਰਚੀ ਤੋਂ ਬਚ ਕੇ ਰਹਿੰਦਾ।
ਰਣਜੀਤ ਜਦੋਂ ਵਿਹਲਾ ਹੁੰਦਾ ਤਾਂ ਨਰਿੰਦਰ ਕੋਲ ਆ ਜਾਂਦਾ। ਦੋਵੇਂ ਭਵਿੱਖ ਦੀਆਂ ਵਿਉਂਤਬੰਦੀਆਂ ਕਰਨ ਲੱਗ ਪੈਂਦੇ। ਨਰਿੰਦਰ ਨੇ ਆਪਣੇ ਚਾਵਾਂ ਨੂੰ ਸੀਨੇ ਵਿਚ ਲੁਕੋ ਕੇ ਆਪਣੇ ਭਰਾ ਵਰਿੰਦਰ ਨੂੰ ਕਾਲਜ ਪੜ੍ਹਨ ਲਾ ਦਿੱਤਾ ਤੇ ਕੰਤੋ ਹਾਈ ਸਕੂਲ ਪੜ੍ਹ ਰਹੀ ਸੀ।
ਉਧਰ, ਰਣਜੀਤ ਬੀæਏæ ਕਰ ਗਿਆ ਤੇ ਉਸ ਨੂੰ ਕੈਨੇਡਾ ਤੋਂ ਰਿਸ਼ਤਾ ਆ ਗਿਆ। ਘਰਦਿਆਂ ਨੇ ਉਸ ਦਾ ਵਿਆਹ ਕਰ ਦਿੱਤਾ।
ਰਣਜੀਤ ਕੈਨੇਡਾ ਆ ਗਿਆ ਤੇ ਨਰਿੰਦਰ ਪਿੰਡ ਖੇਤੀ ਕਰਦਾ ਰਿਹਾ। ਦੋਵਾਂ ਦੀਆਂ ਮੁਲਾਕਾਤਾਂ ਚਿੱਠੀਆਂ ਰਾਹੀਂ ਹੋਣ ਲੱਗੀਆਂ। ਦੋਵੇਂ ਇਕ ਦੂਜੇ ਦੀਆਂ ਬਾਂਹਾਂ ਕਦੇ ਵੀ ਨਾ ਛੱਡਣ ਦੇ ਵਾਅਦੇ ਕਰਦੇ। ਰਣਜੀਤ ਨੇ ਕਦੇ ਵੀ ਨਰਿੰਦਰ ਨੂੰ ਡੋਲਣ ਨਾ ਦਿੱਤਾ। ਖੇਤੀ ਵਿਚੋਂ ਹੁੰਦੀ ਬਚਤ ਉਹ ਆਪਣੀ ਮਾਂ ਦੇ ਹੱਥਾਂ ਵਿਚ ਫੜਾ ਦਿੰਦਾ। ਵਰਿੰਦਰ ਤੇ ਕੰਤੋ ਨੂੰ ਕਿਸੇ ਚੀਜ਼ ਤੋਂ ਵਾਂਝੇ ਨਾ ਰਹਿਣ ਦਿੰਦਾ। ਦੋਵਾਂ ਨੂੰ ਇਕੋ ਹੀ ਸਲਾਹ ਦਿੰਦਾ, “ਦੇਖਿਓ, ਮੇਰੇ ਪਿਉ ਦੀ ਮਿੱਟੀ ਨਾ ਪੁੱਟ ਦਿਓ। ਵਿਧਵਾ ਮਾਂ ਦੀ ਚੁੰਨੀ ਨੂੰ ਦਾਗ ਨਾ ਲਾ ਦਿਓ।” ਨਰਿੰਦਰ ਨੂੰ ਦੋਵੇਂ ਬੇਫਿਕਰ ਰਹਿਣ ਲਈ ਕਹਿ ਦਿੰਦੇ। ਨਰਿੰਦਰ ਦੋਵਾਂ ਦੀ ਸਿਆਣਪ ਸੁਣ ਅੰਦਰੋ-ਅੰਦਰੀ ਖੁਸ਼ ਹੋ ਕੇ ਦੋਵਾਂ ਨੂੰ ਪਿਆਰ ਨਾਲ ਸੀਨੇ ਲਾ ਲੈਂਦਾ। ਰਣਜੀਤ ਨੂੰ ਕੈਨੇਡਾ ਗਿਆਂ ਦੋ ਸਾਲ ਹੋ ਗਏ ਸਨ, ਪਰਮਾਤਮਾ ਨੇ ਉਸ ਨੂੰ ਪੁੱਤਰ ਦੀ ਦਾਤ ਬਖ਼ਸ਼ ਦਿੱਤੀ ਸੀ। ਉਹ ਹੁਣ ਨਰਿੰਦਰ ਨੂੰ ਵੀ ਵਿਆਹ ਕਰਵਾਉਣ ਦੀ ਸਲਾਹ ਦਿੰਦਾ। ਨਰਿੰਦਰ ਅੱਗਿਉਂ ਹੱਸ ਕੇ ਕਹਿ ਛੱਡਦਾ, “ਬਾਈ ਜਦੋਂ ਕਰਮਾਂ ਵਿਚ ਲਿਖੀ ਹੋਊ, ਆਪੇ ਮਿਲ ਜਾਊæææ ਜੇ ਨਾ ਲਿਖੀ ਹੋਊ, ਫਿਰ ਯਾਰ ਹੋਰੀਂ ਇਕੱਲੇ ਹੀ ਚੰਗੇ ਨੇ।”
ਨਰਿੰਦਰ ਦਾ ਮਖੌਲੀਆ ਸੁਭਾਅ ਸਾਰਿਆਂ ਨੂੰ ਚੰਗਾ ਲੱਗਦਾ। ਇਕ ਵਾਰੀ ਉਸ ਦਾ ਚਾਚਾ ਜ਼ਮੀਨ ਦੀ ਕਰਮ ਥਾਂ ਪਿਛੇ ਨਰਿੰਦਰ ਨੂੰ ਬੋਲਣ ਲੱਗ ਗਿਆ, ਤਾਂ ਨਰਿੰਦਰ ਨੇ ਕਿਹਾ, “ਚਾਚਾ ਦੱਸ ਕਿਥੇ ਤੱਕ ਤੈਨੂੰ ਜ਼ਮੀਨ ਚਾਹੀਦੀ?” ਚਾਚੇ ਨੇ ਲਾਲਚ ਕਰ ਕੇ ਦੋ ਕਰਮ ‘ਤੇ ਪੈਰ ਜਾ ਧਰਿਆ। ਨਰਿੰਦਰ ਨੇ ਵੱਟ ਉਥੇ ਪਾ ਦਿੱਤੀ। ਚਾਚੇ ਦੀਆਂ ਭੂਰੀਆਂ ਮੁੱਛਾਂ ਹੱਸਣ ਲੱਗ ਪਈਆਂ, ਤਾਂ ਨਰਿੰਦਰ ਬੋਲਿਆ, “ਚਾਚਾ, ਜੇ ਅਜੇ ਵੀ ਨਹੀਂ ਸਰਦਾ ਤਾਂ ਫਿਰ ਦੱਸ ਦੇਈਂ, ਆਪਾਂ ਵੱਟ ਹੋਰ ਪਿਛਾਂਹ ਕਰ ਲਵਾਂਗੇ, ਪਰ ਆਪਾਂ ਦੋਵਾਂ ਨੂੰ ਮਿਲਣੀ ਢਾਈ ਹੱਥ ਥਾਂ ਹੀ ਹੈ, ਉਹ ਵੀ ਉਥੇ।” ਨਰਿੰਦਰ ਨੇ ਸਿਵਿਆਂ ਵੱਲ ਇਸ਼ਾਰਾ ਕਰਦਿਆਂ ਕਿਹਾ ਸੀ।
ਨਰਿੰਦਰ ਦੀ ਗੱਲ ਸੁਣਦਿਆਂ ਸਾਰ ਚਾਚੇ ਨੇ ਝੱਟ ਕਹੀ ਚੁੱਕੀ ਅਤੇ ਵੱਟ ਪਹਿਲੀ ਥਾਂ ‘ਤੇ ਲੈ ਗਿਆ। ਦੋਵਾਂ ਨੇ ਘੁੱਟ ਕੇ ਗਲਵੱਕੜੀ ਪਾਈ। ਕੋਲ ਖੜ੍ਹਾ ਰਤਨਾ ਚੌਕੀਦਾਰ ਬੋਲਿਆ, “ਜੇ ਜੱਟ ਇਸੇ ਤਰ੍ਹਾਂ ਸਿਆਣੇ ਹੋ ਜਾਣ ਤਾਂ ਜਗਰਾਵਾਂ ਵਾਲੀ ਕਚਹਿਰੀ ਵਿਚ ਤਾਂ ਉੱਲੂ ਬੋਲਣ ਲੱਗ ਪੈਣ।”
ਰਣਜੀਤ ਆਪਣੇ ਪੁੱਤਰ ਦੀ ਲੋਹੜੀ ਵੰਡਣ ਪਿੰਡ ਆ ਗਿਆ। ਵਿਛੜੇ ਯਾਰ ਗਲਵੱਕੜੀ ਪਾ ਕੇ ਮਿਲੇ। ਨਰਿੰਦਰ ਨੇ ਰਣਜੀਤ ਦੇ ਕੰਨ ਵਿਚ ਕਿਹਾ, “ਇਕੱਲਾ ਹੀ ਮੂੰਹ ਚੁੱਕ ਕੇ ਆ ਗਿਆਂ, ਮੇਰੇ ਲਈ ਮੇਮ ਲੈ ਆਉਂਦਾ, ਮੈਂ ਵੀ ਕੈਨੇਡਾ ਦੇਖ ਲੈਂਦਾ।”
“ਅਹੁ ਦੇਖ ਠਰਕੀਆ! ਆਪਣੀ ਸਾਲੀ ਨਾਲ ਲਿਆਇਆਂ।” ਰਣਜੀਤ ਬੋਲਿਆ।
“ਬੱਲੇ ਬਾਈ, ਫਿਰ ਤਾਂ ਧੰਨ-ਧੰਨ ਹੋ ਜਾਊ।” ਨਰਿੰਦਰ ਨੇ ਰਣਜੀਤ ਦੀ ਸੇਬ ਵਰਗੀ ਗੱਲ੍ਹ ਚੁੰਮਦਿਆਂ ਕਿਹਾ।
“ਬੂਝੜਾ! ਮੈਂ ਤੇਰੀ ਗੱਲ ਨਹੀਂ ਕਰਦਾ, ਆਪਣੇ ਵਰਿੰਦਰ ਵਾਸਤੇ ਲਿਆਇਆਂ। ਕੁੜੀ ਵੱਲ ਦੇਖ, ਰਸਗੁੱਲੇ ਵਰਗੀ ਹੈ, ਤੇ ਤੂੰ ਛਪਾਰ ਦੇ ਮੇਲੇ ਵਿਚਲਾ ਵੇਸਣ ਦਾ ਉਹ ਟੁਕੜਾ ਜਿਸ ਨੂੰ ਕੋਈ ਹੱਥ ਨਹੀਂ ਪਾਉਂਦਾ ਤੇ ਅਖੀਰ ਹਲਵਾਈ ਸੁੱਟ ਹੀ ਆਉਂਦਾ ਹੈ।” ਰਣਜੀਤ ਨੇ ਨਰਿੰਦਰ ਦੀ ਗਰਦਨ ‘ਤੇ ਦੰਦੀ ਵੱਢਦਿਆਂ ਕਿਹਾ।
“ਖੜ੍ਹ ਜਾ ਤੇਰੀæææ।” ਰਣਜੀਤ ਅੱਗੇ ਤੇ ਨਰਿੰਦਰ ਪਿਛੇ ਭੱਜਣ ਲੱਗ ਪਿਆ ਅਤੇ ਦੋਵਾਂ ਨਾਲ ਸਾਰਾ ਪਰਿਵਾਰ ਹੱਸਣ ਲੱਗ ਪਿਆ, ਤੇ ਫਿਰ ਦੋਵੇਂ ਬਚਪਨ ਨੂੰ ਯਾਦ ਕਰ ਕੇ ਰੋਣ ਲੱਗ ਗਏ। ਉਹੀ ਵਿਹੜਾ, ਉਹੀ ਮਿੱਤਰਤਾ ਤੇ ਉਹੀ ਕਲੋਲਾਂ, ਪਰ ਗੱਲਾਂ ਬਦਲ ਗਈਆਂ ਸਨ।
ਲੋਹੜੀ ਤੋਂ ਬਾਅਦ ਰਣਜੀਤ ਨੇ ਆਪਣੀ ਸਾਲੀ ਮਨੀ ਨੂੰ ਵਰਿੰਦਰ ਨਾਲ ਮਿਲਾਇਆ। ਉਸ ਨੇ ਝੱਟ ਵਰਿੰਦਰ ਨੂੰ ਪਸੰਦ ਕਰ ਲਿਆ। ਵਰਿੰਦਰ ਤੇ ਨਰਿੰਦਰ ਦਾ ਵਿਆਹ ਇਕੱਠਿਆਂ ਕਰਨ ਦੀ ਸਲਾਹ ਬਣ ਗਈ। ਨਰਿੰਦਰ ਨੂੰ ਕਿਸੇ ਨੇ ਆਪਣੀ ਸਾਲੀ ਦਾ ਰਿਸ਼ਤਾ ਕਰਵਾ ਦਿੱਤਾ। ਫਿਰ ਦੋਵਾਂ ਦਾ ਵਿਆਹ ਹੋ ਗਿਆ।
“ਲੈ ਬਈ ਵੇਸਣਾ, ਰਸਗੁੱਲਾ ਤਾਂ ਅਸੀਂ ਤੈਨੂੰ ਪੱਕਾ ਹੀ ਦੇ ਦਿੱਤਾ। ਤੂੰ ਖਾ ਤਾਂ ਨਹੀਂ ਸਕਦਾ, ਪਰ ਦੇਖ ਕੇ ਰਾਲ੍ਹਾਂ ਸਿੱਟੀ ਜਾਇਆ ਕਰੀਂ।” ਰਣਜੀਤ ਨੇ ਤੁਰਨ ਲੱਗਿਆਂ ਮਸ਼ਕਰੀ ਕੀਤੀ।
“ਬਾਈ! ਸੰਭਾਲ ਕੇ ਬੋਲ, ਉਹ ਸਾਡੇ ਘਰ ਦੀ ਇੱਜ਼ਤ ਹੈ, ਹੁਣ ਤੇਰੀ ਸਾਲੀ ਨਹੀਂ।” ਨਰਿੰਦਰ ਨੇ ਰਣਜੀਤ ਦੀ ਬਾਂਹ ਮਰੋੜਦਿਆਂ ਕਿਹਾ। ਤੇ ਫਿਰ ਜੱਫ਼ੀ ਪਾ ਕੇ ਬੋਲਿਆ, “ਯਾਰਾ! ਤੇਰਾ ਦੇਣਾ ਮੈਂ ਇਸ ਜਨਮ ਤਾਂ ਕੀ, ਅਗਲੇ ਸੱਤ ਜਨਮ ਵੀ ਨਹੀਂ ਦੇ ਸਕਦਾ। ਖੂਹ ਦੀ ਇੱਟ ਚੁਬਾਰੇ ਲਾ ਦਿੱਤੀ। ਤੂੰ ਰਸਗੁੱਲੇ ਦੀ ਗੱਲ ਕਰਦਾਂ, ਸਾਨੂੰ ਤਾਂ ਕਿਸੇ ਨੇ ਪਕੌੜੀ ਨੂੰ ਵੀ ਹੱਥ ਨਹੀਂ ਲਾਉਣ ਦੇਣਾ ਸੀ।” ਉਹ ਇਕ ਵਾਰ ਫਿਰ ਦਿੱਲੀ ਦੇ ਹਵਾਈ ਅੱਡੇ ‘ਤੇ ਰੋਂਦੇ ਹੋਏ ਵਿਛੜ ਗਏ।
ਮਨੀ ਵਰਿੰਦਰ ਨਾਲ ਵਿਆਹ ਕਰਵਾ ਕੇ ਖੁਸ਼ ਸੀ। ਉਹ ਅਜੇ ਪਿੰਡ ਹੀ ਸੀ। ਨਰਿੰਦਰ ਦੀ ਪਤਨੀ ਸਿਮਰਨ ਬਹੁਤ ਸੋਹਣੀ ਤੇ ਸਿਆਣੀ ਸੀ। ਨਰਿੰਦਰ ਨੂੰ ਹੁਣ ਸਿਰਫ ਆਪਣੀ ਛੋਟੀ ਭੈਣ ਕੰਤੋ ਦਾ ਫਿਕਰ ਸੀ ਜੋ ਅਜੇ ਪੜ੍ਹ ਰਹੀ ਸੀ। ਪਤਾ ਨਹੀਂ ਲੱਗਿਆ, ਕਦੋਂ ਇਕ ਸਾਲ ਬੀਤ ਗਿਆ। ਨਰਿੰਦਰ ਦੇ ਘਰ ਸੋਨੇ ਵਰਗੀ ਧੀ ਆ ਗਈ ਤੇ ਵਰਿੰਦਰ ਦਾ ਕੈਨੇਡਾ ਜਾਣ ਦਾ ਸਮਾਂ ਆ ਗਿਆ। ਤੁਰਨ ਲੱਗਿਆਂ ਮੀਤੋ ਨੇ ਕੁਝ ਗੱਲਾਂ ਵਰਿੰਦਰ ਨੂੰ ਕਹੀਆਂ, “ਵਰਿੰਦਰ ਪੁੱਤ! ਪਰਦੇਸ ਚੱਲਿਆਂ, ਸਾਨੂੰ ਭੁੱਲ ਨਾ ਜਾਈਂ। ਇਸ ਘਰ ਅਤੇ ਵਿਹੜੇ ਨੂੰ ਹਮੇਸ਼ਾ ਯਾਦ ਰੱਖੀਂ। ਆਪਣੇ ਸਾਧਾਂ ਵਰਗੇ ਭਰਾ ਨੂੰ ਪਿੱਠ ਨਾ ਦਿਖਾਈਂ, ਆਪਣਿਆਂ ਦਾ ਫੁੱਲ ਵੀ ਪੱਥਰ ਬਣ ਕੇ ਵੱਜਦਾ ਹੈ। ਸਾਨੂੰ ਕਦੇ ਵੀ ਸ਼ਰੀਕਾਂ ਅੱਗੇ ਅੱਖਾਂ ਨੀਵੀਆਂ ਨਾ ਕਰਨੀਆਂ ਪੈਣ। ਤੂੰ ਵਧੇਂ-ਫੁੱਲੇਂ ਜਵਾਨੀਆਂ ਮਾਣੇਂ।” ਕਹਿੰਦੀ ਮਾਂ ਵਰਿੰਦਰ ਦੇ ਗਲ ਲੱਗ ਗਈ।
ਵਰਿੰਦਰ ਨੇ ਅੱਖਾਂ ਭਰਦਿਆਂ ਨਰਿੰਦਰ ਦੇ ਪੈਰ ਛੂਹ ਲਏ। ਉਸ ਨੇ ਮੋਢੇ ਤੋਂ ਫੜਦਿਆਂ ਹਿੱਕ ਨਾਲ ਲਾਉਂਦਿਆਂ ਕਿਹਾ, “ਵਰਿੰਦਰ ਵੀਰ! ਇਥੇ ਤੱਕ ਤਾਂ ਮੈਂ ਘਰ ਨੂੰ ਲੈ ਆਇਆਂ, ਅੱਗੇ ਤੈਂ ਇਸ ਨੂੰ ਤੋਰਨਾ ਹੈ। ਕੰਤੋ ਦਾ ਕਾਰਜ ਵੀ ਕਰਨਾ ਹੈ। ਡੱਟ ਕੇ ਕਮਾਈ ਕਰੀਂ, ਰੱਬ ਦਾ ਨਾਮ ਨਾ ਭੁੱਲੀਂ ਤੇ ਇਕ ਮਾਂ ਨਾ ਭੁੱਲੀਂ।” ਫਿਰ ‘ਜਿਉਂਦਾ ਰਹਿ’ ਕਹਿ ਕੇ ਨਰਿੰਦਰ ਦਾ ਗੱਚ ਭਰ ਆਇਆ।
ਵਰਿੰਦਰ ਵੀ ਕੈਨੇਡਾ ਆ ਗਿਆ। ਰਣਜੀਤ ਤੇ ਉਸ ਦੀ ਘਰਵਾਲੀ ਏਅਰਪੋਰਟ ‘ਤੇ ਉਸ ਨੂੰ ਲੈਣ ਲਈ ਮਨੀ ਨਾਲ ਆਏ ਹੋਏ ਸਨ। ਕਈ ਦਿਨ ਵਰਿੰਦਰ ਦਾ ਦਿਲ ਨਾ ਲੱਗਿਆ। ਫਿਰ ਹੌਲੀ-ਹੌਲੀ ਉਹ ਕੈਨੇਡਾ ਦੀ ਜ਼ਿੰਦਗੀ ਜਿਉਣ ਦੇ ਢੰਗ-ਤਰੀਕਿਆਂ ਵਿਚ ਢਲਦਾ ਗਿਆ। ਰਣਜੀਤ ਨੇ ਉਸ ਨੂੰ ਫੈਕਟਰੀ ਵਿਚ ਕੰਮ ‘ਤੇ ਲਵਾ ਦਿੱਤਾ ਸੀ।
ਨਰਿੰਦਰ, ਰਣਜੀਤ ਨੂੰ ਕੰਤੋ ਦੇ ਵਿਆਹ ਬਾਰੇ ਦੱਸਦਾ-ਪੁੱਛਦਾ ਰਹਿੰਦਾ। ਕੰਤੋ ਬੀæਐੱਡæ ਕਰ ਗਈ ਸੀ। ਉਹ ਵੀ ਵਰਿੰਦਰ ਵਾਂਗ ਕੈਨੇਡਾ ਜਾਣਾ ਚਾਹੁੰਦੀ ਸੀ। ਅਜੇ ਕੰਤੋ ਦੇ ਵਿਆਹ ਦੀਆਂ ਸਲਾਹਾਂ ਚੱਲ ਰਹੀਆਂ ਸਨ ਕਿ ਰਣਜੀਤ ਦੀ ਮਾਂ ਦਾ ਦੇਹਾਂਤ ਹੋ ਗਿਆ। ਰਣਜੀਤ ਨੂੰ ਤੁਰਤ ਪਿੰਡ ਆਉਣਾ ਪਿਆ। ਨਰਿੰਦਰ, ਰਣਜੀਤ ਦੇ ਗਲ ਲੱਗ ਕੇ ਧਾਹੀਂ ਰੋਇਆ, ਜਿਵੇਂ ਉਸ ਦੀ ਆਪਣੀ ਮਾਂ ਮਰ ਗਈ ਹੋਵੇ। ਸਸਕਾਰ ਤੋਂ ਬਾਅਦ ਦੋਵੇਂ ਜਣੇ ਮਾਂ ਦੇ ਫੁੱਲ ਕੀਰਤਪੁਰ ਪਾਉਣ ਗਏ। ਪੌਣੇ ਛੇ ਫੁੱਟ ਦੀ ਮਾਂ ਇਕ ਇੰਚ ਵਿਚ ਸਮੇਟੀ ਦੇਖ ਕੇ ਰਣਜੀਤ ਬੋਲਿਆ, “ਨਰਿੰਦਰ, ਦੇਖ ਲੈ ਬੰਦੇ ਦੀ ਜੀਵਨ ਯਾਤਰਾ! ਜਿਉਂਦਾ ਕਿੰਨੀ ਮੇਰੀ-ਮੇਰੀ ਕਰਦਾ ਹੈ ਤੇ ਅੰਤ ਆਹ ਮੁੱਠੀ ਭਰ ਫੁੱਲ ਬਣ ਜਾਂਦਾ ਹੈ। ਮਾਂ ਨੇ ਘਰ ਦੀ ਨਿੱਕੀ-ਨਿੱਕੀ ਚੀਜ਼ ਸਾਂਭ ਕੇ ਰੱਖੀ ਹੁੰਦੀ ਸੀ। ਅੱਜ ਸਾਰਾ ਘਰ ਖੁੱਲ੍ਹਾ ਛੱਡ ਕੇ ਤੁਰ ਗਈ ਹੈ ਯਾਰ। ਸਭ ਕੁਝ ਮਿਲ ਜਾਂਦਾ ਹੈ ਪਰ ਮਾਂ ਨਹੀਂ ਮਿਲਦੀ। ਸੱਚੀਂ, ਹੁਣ ਸਾਡੀ ਮਾਂ ਕਦੇ ਵਾਪਸ ਨਹੀਂ ਆਵੇਗੀ। ਸਾਡੇ ਕੰਨ ਤਰਸ ਜਾਣਗੇ ਮਾਂ ਦੇ ਬੋਲਾਂ ਨੂੰæææ ਵੇ ਨਿੰਦੀ! ਵੇ ਜੀਤਿਆ!! ਕਿਥੇ ਹੋ? ਆ ਜਾਓ ਰੋਟੀ ਖਾ ਲਵੋ।æææ ਫਿਰ ਦਹੀਂ ਵਿਚ ਮੁੱਠੀਆਂ ਭਰ-ਭਰ ਮੱਖਣੀ ਦੀਆਂ ਪਾਉਣੀਆਂ। ਮਾਂ ਨੇ ਆਟੇ ਨਾਲ ਲਿੱਬੜੇ ਹੱਥਾਂ ਨਾਲ ਮੇਰਾ ਮੱਥਾ ਚੁੰਮ ਕੇ ਕਹਿਣਾ, ਲੈ ਮੈਂ ਤੈਨੂੰ ਹੁਣ ਆਹ ਮੱਖਣੀ ਪਾ ਦਿੱਤੀ। ਹੁਣ ਜੀਤਾ ਤੇਰੀ ਮੱਖਣੀ ਕਿਵੇਂ ਖੋਹ ਲਊਗਾ।” ਉਹ ਦੋਵੇਂ ਮਾਂ ਦੀਆਂ ਗੱਲਾਂ ਕਰਦੇ, ਮਾਂ ਦੇ ਫੁੱਲ ਵਗਦੇ ਪਾਣੀ ਵਿਚ ਜਲ ਪ੍ਰਵਾਹ ਕਰ ਆਏ।
ਸਮਾਂ ਬੀਤਿਆ, ਕੰਤੋ ਲਈ ਵਰਿੰਦਰ ਨੇ ਮੁੰਡਾ ਲੱਭ ਕੇ ਉਸ ਦਾ ਵਿਆਹ ਕਰ ਦਿੱਤਾ ਤੇ ਉਹ ਵੀ ਕੈਨੇਡਾ ਆ ਗਈ। ਰਣਜੀਤ ਦੇ ਘਰ ਫਿਰ ਧੀ ਨੇ ਜਨਮ ਲਿਆ ਤੇ ਨਰਿੰਦਰ ਦੇ ਘਰ ਪੁੱਤਰ ਨੇ। ਨਰਿੰਦਰ ਤੇ ਰਣਜੀਤ ਦੀ ਸੱਚੀ ਮਿੱਤਰਤਾ ਨੇ ਦੋਵੇਂ ਘਰਾਂ ਨੂੰ ਚਾਰ ਚੰਨ ਲਾ ਦਿੱਤੇ। ਰਣਜੀਤ ਨੇ ਨਰਿੰਦਰ ਦੇ ਕੈਨੇਡਾ ਦੇ ਪੇਪਰ ਭਰ ਦਿੱਤੇ, ਪਰ ਨਰਿੰਦਰ ਨੇ ਜਵਾਬ ਦੇ ਦਿੱਤਾ, “ਮੈਂ ਤੇਰੇ ਬਾਪੂ ਤੇ ਆਪਣੀ ਮਾਂ ਨੂੰ ਛੱਡ ਕੇ ਕੈਨੇਡਾ ਨਹੀਂ ਜਾਣਾ। ਮੇਰੇ ਇਥੇ ਰਹਿਣ ਨਾਲ ਦੋਵੇਂ ਘਰਾਂ ਦੇ ਬੂਹੇ ਖੁੱਲ੍ਹੇ ਰਹਿਣਗੇ।” ਇਕ ਸਾਲ ਵਰਿੰਦਰ ਪਿੰਡ ਆ ਜਾਂਦਾ ਤੇ ਦੂਜੇ ਸਾਲ ਰਣਜੀਤ ਪਿੰਡ ਗੇੜਾ ਕੱਢ ਜਾਂਦਾ। ਪੰਜਾਹ ਸਾਲ ਦੇ ਕਰੀਬ ਦੀ ਮਿੱਤਰਤਾ ਅੱਜ ਵੀ ਗੁਲਾਬ ਦੇ ਫੁੱਲ ਵਾਂਗ ਖਿੜੀ ਹੋਈ ਹੈ। ਹੁਣ ਕਈ ਵਾਰ ਰਣਜੀਤ ਫੋਨ ‘ਤੇ ਕਹਿ ਦਿੰਦਾ ਹੈ, “ਆ ਜਾ, ਅਜੇ ਟਾਈਮ ਹੈ; ਅੱਖਾਂ ਸੇਕ ਲੈæææ ਫਿਰ ਕਹੇਂਗਾ, ਮੇਮਾਂ ਨਹੀਂ ਦਿਖਾਈਆਂ।”
“ਨਾ ਬਾਈ! ਹੁਣ ਤਾਂ ਗੁਰੂ ਵਾਲੇ ਬਣ ਗਏ ਹਾਂ, ਤੋਬਾæææ ਤੋਬਾæææ ਨਾ ਬਈ।” ਤੇ ਦੋਵੇਂ ਹੱਸ ਪੈਂਦੇ ਨੇ।