ਕੁਲਦੀਪ ਕੌਰ
ਫੋਨ: +91-98554-04330
ਸ਼ਬਦ ‘ਹੂ ਤੂ ਤੂ’ ਖੇਡ ਹੈ ਜਿਸ ਦਾ ਮੁਹਾਂਦਰਾ ਅਤੇ ਨਿਯਮ ਕਬੱਡੀ ਨਾਲ ਮਿਲਦੇ-ਜੁਲਦੇ ਹਨ। ਫਿਲਮ ‘ਹੂ ਤੂ ਤੂ’ ਗੁਲਜ਼ਾਰ ਦੀ ਸਭ ਤੋਂ ਨਾਕਾਮਯਾਬ ਫਿਲਮ ਮੰਨੀ ਜਾਂਦੀ ਹੈ। ਇਸ ਫਿਲਮ ਦੀ ਬਾਕਸ ਆਫਿਸ ‘ਤੇ ਅਸਫਲਤਾ ਤੋਂ ਕਈ ਸਾਲ ਬਾਅਦ ਤੱਕ ਉਨ੍ਹਾਂ ਕੋਈ ਹੋਰ ਫਿਲਮ ਨਿਰਦੇਸ਼ਤ ਨਹੀਂ ਕੀਤੀ। ਉਸ ਸਮੇਂ ਇਕ ਇੰਟਰਵਿਊ ਵਿਚ ਉਨ੍ਹਾਂ ਨੇ ਹਤਾਸ਼ਾ ਵਿਚ ਇਹ ਵੀ ਕਿਹਾ- “ਮੈਂ ਤਾਂ ਹਾਲੇ ਮੁੱਖਧਾਰਾ ਦੇ ਸਿਨੇਮਾ ਦੀ ਭਾਸ਼ਾ ਸਿੱਖਣੀ ਹੈ।” ਇਸ ਫਿਕਰੇ ਵਿਚ ਤਨਜ਼ ਦੇ ਨਾਲ ਰੰਜ਼ ਵੀ ਛੁਪਿਆ ਹੋਇਆ ਹੈ।
ਇਹ ਫਿਲਮ ਸੰਨ 1999 ਵਿਚ ਰਿਲੀਜ਼ ਹੋਈ ਸੀ। ਫਿਲਮ ਦਾ ਕਥਾਨਿਕ ਸਿਆਸੀ ਹੈ। ਬਹੁਤ ਸਾਰੇ ਆਲੋਚਕਾਂ ਨੇ ਇਸ ਫਿਲਮ ਨੂੰ ‘ਆਂਧੀ’ ਦਾ ਹੀ ਵਿਸਥਾਰ ਦੱਸਿਆ ਹੈ, ਭਾਵੇਂ ਗੁਲਜ਼ਾਰ ਇਸ ਤੱਥ ਤੋਂ ਸਾਫ ਇਨਕਾਰ ਕਰਦੇ ਹਨ। ਫਿਲਮ ਵਿਚ ਸੱਤਾ ਲਈ ਕਿਸੇ ਵੀ ਹੱਦ ਤੱਕ ਜਾ ਸਕਣ ਵਾਲੀ ਮੁੱਖ ਮੰਤਰੀ ਮਾਲਤੀ ਬਰਵੇ (ਸੁਹਾਸਿਨੀ ਮੁਲੇ) ਦੀ ਬੇਟੀ ਪੰਨਾ ਬਰਵੇ (ਤੱਬੂ) ਨੂੰ ਅਗਵਾ ਕਰ ਲਿਆ ਜਾਂਦਾ ਹੈ। ਉਸ ਨੂੰ ਅਗਵਾ ਕਰਨ ਵਾਲਾ ਗਰੁੱਪ, ਬਦਲੇ ਵਿਚ ਆਪਣੇ ਇਕ ਮੈਂਬਰ ਨੂੰ ਜੇਲ੍ਹ ਤੋਂ ਰਿਹਾਅ ਕਰਵਾਉਣ ਦੀ ਮੰਗ ਕਰਦਾ ਹੈ। ਅਗਵਾ ਹੋਈ ਪੰਨਾ ਆਪਣੀ ਜ਼ਿੰਦਗੀ ਦੇ ਪੰਨੇ ਫਰੋਲਦੀ ਹੈ ਤਾਂ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਕਿਵੇਂ ਉਸ ਦਾ ਬਚਪਨ ਅਤੇ ਜਵਾਨੀ ਮਾਂ ਦੀ ਸਿਆਸਤ ਨੇ ਖਾ ਲਈ। ਉਸ ਨੂੰ ਯਾਦ ਆਉਂਦਾ ਹੈ ਕਿ ਕਿਵੇਂ ਮਾਂ ਦੀਆਂ ਸਿਆਸੀ ਖਾਹਿਸ਼ਾਂ ਅਤੇ ਜੋੜਾਂ-ਤੋੜਾਂ ਅੱਗੇ ਉਸ ਦੇ ਪਿਤਾ ਬੇਵੱਸ ਤੇ ਕਮਜ਼ੋਰ ਹੋ ਕੇ ਰਹਿ ਗਏ ਸਨ। ਆਦਰਸ਼ਵਾਦ ਅਤੇ ਸਿਆਸੀ ਨੈਤਿਕਤਾ ਦੀ ਦੁਹਾਈ ਦੇਣ ਵਾਲੀ ਉਸ ਦੀ ਮਾਂ ਦਾ ਪਾਰਟੀ ਦੇ ਹੀ ਇਕ ਨੇਤਾ ਨਾਲ ਨਾਜਾਇਜ਼ ਸਬੰਧ ਵੀ ਚੱਲ ਰਿਹਾ ਹੈ ਜਿਸ ਕਾਰਣ ਉਸ ਬਾਰੇ ਪਾਰਟੀ ਵਿਚ ਵੀ ਲਗਾਤਾਰ ਚਰਚਾ ਰਹਿੰਦੀ ਹੈ। ਇਸ ਕਾਰਨ ਪੰਨਾ ਅਤੇ ਉਸ ਦਾ ਪਿਤਾ ਦੋਵੇਂ ਅਣਗਹਿਲੀ ਅਤੇ ਬੇਗਾਨਗੀ ਦੇ ਮਾਹੌਲ ਵਿਚ ਸਾਹ ਲੈਣ ਲਈ ਮਜਬੂਰ ਹਨ।
ਅਗਵਾ ਤੋਂ ਬਾਅਦ ਪੰਨਾ ਨੂੰ ਜਦੋਂ ਅਗਵਾਕਾਰ ਬਾਰੇ ਪਤਾ ਲੱਗਦਾ ਹੈ ਤਾਂ ਉਸ ਨੂੰ ਧੱਕਾ ਲੱਗਦਾ ਹੈ। ਅਗਵਾ ਕਰਨ ਵਾਲਾ ਉਸ ਦਾ ਸਾਬਕਾ ਪ੍ਰੇਮੀ ਆਦੀ (ਸੁਨੀਲ ਸ਼ੈਟੀ) ਹੈ ਜੋ ਇਸ ਕਿਸਮ ਦੀ ਸਿਆਸਤ ਦੀ ਖਿਲਾਫਤ ਬੰਦੂਕ ਨਾਲ ਕਰਨ ਵਿਚ ਸ਼ਾਮਿਲ ਹੈ। ਆਦੀ ਉਸ ਭ੍ਰਿਸ਼ਟ ਠੇਕੇਦਾਰ ਦਾ ਮੁੰਡਾ ਹੈ ਜਿਸ ਦੀ ਲਾਲਸਾ ਨੇ ਕਈ ਬਸਤੀਆਂ ਉਜਾੜੀਆਂ ਹਨ। ਆਪਣੇ ਮਾਪਿਆਂ ਦੀ ਇਸ ਦੋਗਲੀ ਜ਼ਿੰਦਗੀ ਤੋਂ ਪਰੇਸ਼ਾਨ ਪੰਨਾ ਅਤੇ ਆਦੀ ਆਪਸ ਵਿਚ ਗਹਿਰੇ ਦੋਸਤ ਬਣ ਜਾਂਦੇ ਹਨ। ਉਨ੍ਹਾਂ ਵਿਚ ਸਿਆਸੀ ਚੇਤਨਾ ਭਰਨ ਦਾ ਕੰਮ ਕਰਦਾ ਹੈ ਸੜਕਾਂ ‘ਤੇ ਨਾਟਕ ਕਰ ਕੇ ਸਿਆਸੀ ਪ੍ਰਚਾਰ ਕਰਨ ਵਾਲਾ ਨਾਟਕਕਾਰ ਭਾਊ (ਨਾਨਾ ਪਾਟੇਕਰ)। ਭਾਊ ਸਿਆਸੀ ਪਾਰਟੀਆਂ ਦੇ ਦੋਗਲੇਪਣ ਅਤੇ ਪਾਖੰਡ ਤੋਂ ਭਲੀਭਾਂਤ ਜਾਣੂ ਹੈ ਅਤੇ ਉਹ ਇਸ ਦੇ ਖਿਲਾਫ ਲੋਕਾਂ ਨੂੰ ਲਾਮਬੰਦ ਕਰਨ ਦਾ ਕੰਮ ਕਰਦਾ ਹੈ। ਆਪਣੀ ਇਸੇ ਸਿਆਸਤ ਕਾਰਨ ਉਹ ਮਾਲਤੀ ਬਰਵੇ ਦਾ ਮੁੱਖ ਵਿਰੋਧੀ ਬਣ ਜਾਂਦਾ ਹੈ। ਮਾਲਤੀ ਬਰਵੇ ਉਸ ਦੀਆਂ ਸਰਗਰਮੀਆਂ ‘ਤੇ ਲਗਾਤਾਰ ਨਜ਼ਰ ਰੱਖਣ ਲਗਦੀ ਹੈ।
ਪੰਨਾ ਅਤੇ ਆਦੀ ਨੂੰ ਪਤਾ ਹੈ ਕਿ ਦੁਬਾਰਾ ਮਿਲਣ ਤੋਂ ਬਾਅਦ ਵੀ ਉਨ੍ਹਾਂ ਕੋਲ ਇਕੱਠੇ ਜ਼ਿੰਦਗੀ ਬਤੀਤ ਕਰਨ ਦਾ ਕੋਈ ਚਾਰਾ ਨਹੀਂ। ਅਗਵਾ ਦੌਰਾਨ ਪਹਿਲਾਂ ਇਹ ਤੈਅ ਹੁੰਦਾ ਹੈ ਕਿ ਉਸ ਮੈਂਬਰ ਦੇ ਆਉਣ ਤੋਂ ਬਾਅਦ ਪੰਨਾ ਨੂੰ ਗੋਲੀ ਮਾਰ ਦਿੱਤੀ ਜਾਏਗੀ, ਪਰ ਉਸ ਦੀ ਆਦੀ ਨਾਲ ਹੋਈ ਗੱਲਬਾਤ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਨਾਲ ਵਾਪਰੀਆਂ ਦੁਰਘਟਨਾਵਾਂ ਜਿਨ੍ਹਾਂ ਵਿਚ ਉਨ੍ਹਾਂ ਦੇ ਅਣਜਨਮੇ ਬੱਚੇ ਦੀ ਮੌਤ ਵੀ ਸ਼ਾਮਿਲ ਹੈ, ਬਾਰੇ ਪਤਾ ਲਗਦਾ ਹੈ। ਜਦੋਂ ਪੰਨਾ ਦੇ ਬਦਲੇ ਛੱਡੇ ਬੰਦੇ ਨੂੰ ਪੰਨਾ ਦੇਖਦੀ ਹੈ ਤਾਂ ਸੁੰਨ ਰਹਿ ਜਾਂਦੀ ਹੈ, ਕਿਉਂਕਿ ਇਹ ਕੋਈ ਹੋਰ ਨਹੀਂ, ਸਗੋਂ ਭਾਊ ਹੀ ਹੈ। ਭਾਊ ਦੇ ਕ੍ਰਾਂਤੀਕਾਰੀ ਵਿਚਾਰਾਂ ਕਾਰਨ ਉਸ ਨੂੰ ਮੁੱਖ ਮੰਤਰੀ ਦੇ ਇਸ਼ਾਰੇ ‘ਤੇ ਬਿਜਲੀ ਦੇ ਝਟਕਿਆਂ ਦੀ ਮਦਦ ਨਾਲ ਦਿਮਾਗੀ ਤੌਰ ‘ਤੇ ਅਪੰਗ ਬਣਾ ਦਿੱਤਾ ਜਾਂਦਾ ਹੈ। ਹੁਣ ਪੰਨਾ ਤੇ ਆਦੀ ਆਪਣੇ ਮਾਂ ਤੇ ਪਿਉ ਦੀ ਨਿਰੰਕੁਸ਼ਤਾ ਦਾ ਬਦਲਾ ਲੈਣ ਦੀ ਠਾਣ ਲੈਂਦੇ ਹਨ। ਉਹ ਮਾਲਤੀ ਬਰਵੇ ਅਤੇ ਆਦੀ ਦੇ ਪਿਉ ਦੁਆਰਾ ਰੱਖੀ ਰੈਲੀ ਵਿਚ ਆਤਮਘਾਤੀ ਬੰਬ ਬਣ ਕੇ ਸਾਰਾ ਕੁਝ ਉਡਾ ਦਿੰਦੇ ਹਨ। ਫਿਲਮ ਦੇ ਅੰਤ ਵਿਚ ਪੰਨਾ ਦਾ ਪਿਤਾ ਉਸ ਵਰਗੀਆਂ ਹੋਰ ਮਾਸੂਮ ਬੱਚੀਆਂ ਨੂੰ ਪੜ੍ਹਾ ਰਿਹਾ ਦਿਖਾਇਆ ਗਿਆ ਹੈ ਜੋ ਭਵਿੱਖ ਲਈ ਉਮੀਦ ਦਾ ਸੰਕੇਤ ਮੰਨਿਆ ਜਾ ਸਕਦਾ ਹੈ।
ਇਹ ਫਿਲਮ ਨਾਨਾ ਪਾਟੇਕਰ ਅਤੇ ਤੱਬੂ ਦੀ ਫਿਲਮ ਹੈ। ਉਨ੍ਹਾਂ ਦੇ ਕਿਰਦਾਰ ਅਤੇ ਜੀਵਨ ਢੰਗ ਭਾਰਤੀ ਸਿਨੇਮਾ ਦੀਆਂ ਸਿਆਸਤ ‘ਤੇ ਬਣੀਆਂ ਫਿਲ਼ਮਾਂ ਨਾਲੋਂ ਵੱਖਰਾ ਹੈ। ਫਿਲਮ ਘਾਗਾਂ ਸਿਆਸਤਦਾਨਾਂ ਦੇ ਘਰਾਂ ਅੰਦਰ ਹੁੰਦੀ ਹਿੰਸਾ ਅਤੇ ਸਿਆਸਤ ਦੇ ਕਰੂਰ ਰਸਤਿਆਂ ਦੀ ਨਿਸ਼ਾਨਦੇਹੀ ਕਰਦੀ ਹੈ ਜਿਸ ‘ਤੇ ਚੱਲਦਿਆਂ ਮਾਲਤੀ ਬਰਵੇ ਵਰਗੇ ਲੋਕ ਸੰਵੇਦਨਾ ਅਤੇ ਮਾਨਵੀ ਹਮਦਰਦੀ ਤੋਂ ਕੋਰੇ ਹੋ ਜਾਂਦੇ ਹਨ। ਫਿਲਮ ਦੱਸਦੀ ਹੈ ਕਿ ਸਾਰੇ ਆਵਾਮ ਨੂੰ ਜਿੱਤਣ ਤੇ ਖਰੀਦਣ ਦਾ ਦਾਅਵਾ ਕਰਨ ਵਾਲੇ ਇਨ੍ਹਾਂ ਲੋਕਾਂ ਦੇ ਹੱਥਾਂ ਵਿਚ ਬਹੁਤੀ ਵਾਰ ਆਪਣਿਆਂ ਦੀ ਖਾਕ ਵੀ ਨਹੀਂ ਆਉਂਦੀ। ਫਿਲਮ ਵਿਚ ਆਰæਕੇæ ਲਕਸ਼ਮਣ ਦੀਆਂ ਲਕੀਰਾਂ ਦੀ ਆਪਣੀ ਸਿਆਸਤ ਹੈ ਜੋ ਭਾਰਤੀ ਸਿਆਸਤ ਦੇ ਕਈ ਦਹਾਕਿਆਂ ਨੂੰ ਆਪਣੇ ਅੰਦਰ ਕੈਦ ਕਰੀ ਬੈਠੀਆਂ ਹਨ।