ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 102 ਸਾਲ ਪਹਿਲਾਂ ਕਾਮਾਗਾਟਾ ਮਾਰੂ ਜਹਾਜ਼ ਦੇ ਪੰਜਾਬੀ ਸਵਾਰਾਂ ਨਾਲ ਕੈਨੇਡਾ ਸਰਕਾਰ ਵੱਲੋਂ ਕੀਤੀ ਜ਼ਿਆਦਤੀ ਦੀ ਮੁਆਫੀ ਮੰਗ ਕੇ ਨਵੇਂ ਅਧਿਆਇ ਦਾ ਅਰੰਭ ਕੀਤਾ ਹੈ। ਕੈਨੇਡੀਅਨ ਸੰਸਦ ਵਿਚ ਮੰਗੀ ਗਈ ਇਹ ਮੁਆਫੀ ਭਾਵੇਂ ਰਸਮੀ ਹੀ ਸੀ, ਕਿਉਂਕਿ ਇਸ ਤੋਂ ਪਹਿਲਾਂ ਸਾਲ 2008 ਵਿਚ ਤਤਕਾਲੀ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਇਕ ਸਮਾਗਮ ਦੌਰਾਨ ਇਸ ਸਾਕੇ ਲਈ ਮੁਆਫੀ ਮੰਗ ਲਈ ਸੀ, ਪਰ ਇਸ ਦੇ ਅਰਥ ਵੱਡੇ ਹਨ। ਇਸ ਸਾਕੇ ਲਈ ਭਾਵੇਂ ਉਸ ਵੇਲੇ ਦੀ ਬ੍ਰਿਟਿਸ਼ ਸਰਕਾਰ ਦਾ ਸਬੰਧ ਵੀ ਜੁੜਦਾ ਹੈ, ਪਰ ਇਸ ਦਾ ਸਿੱਧਾ ਸਬੰਧ ਨਸਲੀ ਵਿਤਕਰੇ ਨਾਲ ਹੀ ਹੈ।
ਇਸ ਵਿਤਕਰੇ ਕਰ ਕੇ ਹੀ ਹਰ ਸੰਭਵ ਯਤਨ ਕਰਨ ਦੇ ਬਾਵਜੂਦ, ਮੁਸਾਫਰਾਂ ਨਾਲ ਭਰਿਆ ਜਹਾਜ਼ ਵਾਪਸ ਮੋੜ ਦਿੱਤਾ ਗਿਆ ਸੀ। ਸਿਤਮਜ਼ਰੀਫੀ ਇਹ ਹੋਈ ਕਿ ਜਿਉਂ ਹੀ ਇਹ ਜਹਾਜ਼ ਕਲਕੱਤਾ ਦੀ ਬਜ-ਬਜ ਘਾਟ ‘ਤੇ ਪੁੱਜਾ, ਅੰਗਰੇਜ਼ ਸ਼ਾਸਕਾਂ ਦੇ ਹੁਕਮਾਂ ਉਤੇ ਗੋਲੀ ਚਲਾ ਦਿੱਤੀ ਗਈ। ਇਸ ਨਾਲ 19 ਜਾਨਾਂ ਚਲੀਆਂ ਗਈ। ਕਈ ਮੁਸਾਫਰਾਂ ਨੂੰ ਜਹਾਜ਼ ਵਿਚੋਂ ਉਤਰਦੇ ਸਾਰ ਫੜ ਲਿਆ ਗਿਆ ਜੋ ਬਾਅਦ ਵਿਚ ਪਹਿਲੀ ਸੰਸਾਰ ਜੰਗ ਖਤਮ ਹੋਣ ਤਕ ਨਜ਼ਰਬੰਦ ਰਹੇ। ਇਨ੍ਹਾਂ ਮੁਸਾਫਰਾਂ ਵਿਚੋਂ ਕੁਝ ਕੁ ਬਚ ਨਿਕਲਣ ਵਿਚ ਵੀ ਸਫਲ ਰਹੇ ਸਨ। ਹੁਣ ਜਸਟਿਨ ਟਰੂਡੋ ਦੇ ਇਸ ਕਦਮ ਦਾ ਇਕ ਪਾਸੇ ਵੱਡੇ ਪੱਧਰ ‘ਤੇ ਸਵਾਗਤ ਹੋਇਆ ਹੈ, ਪਰ ਇਸ ਦੇ ਨਾਲ ਹੀ ਵਿਰੋਧੀ ਟਿੱਪਣੀਆਂ ਵੀ ਉਨੀ ਹੀ ਵੱਡੀ ਪੱਧਰ ‘ਤੇ ਸਾਹਮਣੇ ਆਈਆਂ ਹਨ। ਇਸ ਦਾ ਇਕ ਮਤਲਬ ਇਹ ਨਿਕਲਦਾ ਹੈ ਕਿ ਵਕਤ ਭਾਵੇਂ ਬਹੁਤ ਬਦਲ ਗਿਆ ਹੈ ਅਤੇ ਸਿਆਸੀ-ਆਰਥਿਕ-ਸਮਾਜਿਕ ਪੱਧਰ ‘ਤੇ ਤਬਦੀਲੀ ਵੀ ਬਥੇਰੀ ਆ ਗਈ ਹੈ, ਪਰ ਇਕ ਸਦੀ ਬਾਅਦ ਵੀ ਜ਼ਿਆਦਤੀਆਂ ਦਾ ਇਹ ਸਿਲਸਿਲਾ ਬੰਦ ਨਹੀਂ ਹੋਇਆ ਹੈ। ਉਂਜ ਇਕ ਤੱਥ ਤਾਂ ਐਨ ਸਪਸ਼ਟ ਹੈ ਕਿ ਕੈਨੇਡਾ ਦੀ ਸਿਆਸਤ ਵਿਚ ਪੰਜਾਬੀਆਂ ਦੇ ਵਧ ਰਹੇ ਪ੍ਰਭਾਵ ਕਰ ਕੇ ਹੀ ਅਜਿਹਾ ਸੰਭਵ ਹੋ ਸਕਿਆ ਹੈ। ਮੁਲਕ ਵਿਚ ਪੰਜਾਬੀਆਂ ਦੀ ਗਿਣਤੀ ਹੁਣ ਪੰਜ ਲੱਖ ਦੇ ਨੇੜੇ-ਤੇੜੇ ਪੁੱਜ ਗਈ ਹੈ ਅਤੇ ਇਹ ਹਰ ਖੇਤਰ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ। ਹਾਲਾਤ ਹੁਣ ਇਹ ਹਨ ਕਿ ਇਨ੍ਹਾਂ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਸਿਆਸਤ ਵਿਚ ਵੱਡੀ ਪੈਂਠ ਪੈਣ ਕਾਰਨ ਹੌਲੀ-ਹੌਲੀ ਬਹੁਤ ਸਾਰੇ ਮਸਲਿਆਂ ਦੇ ਹੱਲ ਲਈ ਰਾਹ ਆਪਣੇ-ਆਪ ਬਣ ਰਹੇ ਹਨ।
ਇਸ ਮੁਆਫੀਨਾਮੇ ਦਾ ਇਕ ਹੋਰ ਪੱਖ ਵੀ ਹੈ ਜੋ ਇਸ ਵੇਲੇ ਗੰਭੀਰਤਾ ਨਾਲ ਵਿਚਾਰਨਾ ਬਣਦਾ ਹੈ। ਇਸ ਦਾ ਸਿੱਧਾ ਸਬੰਧ ਨਸਲੀ ਵਿਤਕਰੇ ਨਾਲ ਹੀ ਜੁੜਿਆ ਹੋਇਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਮੁਆਫੀ ਮੰਗੇ ਜਾਣ ਤੋਂ ਬਾਅਦ ਕੈਨੇਡਾ ਦੀ ਸੰਸਦ ਦੀ ਦਰਸ਼ਕ ਗੈਲਰੀ ਵਿਚ ਜੈਕਾਰੇ ਛੱਡੇ ਗਏ ਜਿਸ ਨੂੰ ਕੁਝ ਨਸਲਪ੍ਰਸਤਾਂ ਨੇ ਆਪਣੇ ਹਿਸਾਬ ਨਾਲ ਉਭਾਰਨ ਦਾ ਯਤਨ ਕੀਤਾ ਹੈ। ਹੋਰ ਵਿਰੋਧੀ ਟਿੱਪਣੀਆਂ ਦੇ ਨਾਲ-ਨਾਲ ਇਨ੍ਹਾਂ ਜੈਕਾਰਿਆਂ ਦੀ ਚਰਚਾ ਵੀ ਹੋਈ ਹੈ। ਅਸਲ ਵਿਚ ਸੰਸਾਰ ਦੀਆਂ ਸਭ ਸੰਸਦਾਂ ਦੀ ਆਪੋ-ਆਪਣੀ ਮਰਯਾਦਾ ਹੈ ਅਤੇ ਦਰਸ਼ਕ ਗੈਲਰੀ ਦਾ ਵਿਹਾਰ ਵੀ ਇਸੇ ਮਰਯਾਦਾ ਤਹਿਤ ਆਉਂਦਾ ਹੈ। ਦਰਸ਼ਕ ਗੈਲਰੀ ਵਿਚ ਦਰਸ਼ਕ ਮਹਿਜ਼ ਦਰਸ਼ਕ ਹੁੰਦਾ ਹੈ ਅਤੇ ਇਨ੍ਹਾਂ ਦਰਸ਼ਕਾਂ ਨੇ ਸੰਸਦ ਦੀ ਚੱਲ ਰਹੀ ਕਾਰਵਾਈ ਦੇਖਣੀ ਹੁੰਦੀ ਹੈ, ਪਰ ਜਦੋਂ ਮੁਆਫੀ ਮੰਗਣ ਵਰਗੇ ਭਾਵੁਕ ਵਕਤਾਂ ਮੌਕੇ, ਦਰਸ਼ਕ ਗੈਲਰੀ ਵਿਚ ਛੱਡੇ ਜੈਕਾਰੇ ਜੇ ਕੈਨੇਡੀਅਨ ਸਮਾਜ ਵਿਚ ਮਸਲਾ ਬਣਦੇ ਹਨ, ਤਾਂ ਸਾਨੂੰ ਆਪਣੇ ਇਸ ਵਿਹਾਰ ਬਾਰੇ ਗੰਭੀਰਤਾ ਨਾਲ ਸੋਚਣਾ ਬਣਦਾ ਹੈ। ਇਨ੍ਹਾਂ ਜੈਕਾਰਿਆਂ ਬਾਰੇ ਇਤਰਾਜ਼ ਭਾਵੇਂ ਛੋਟੇ ਹੋਣ ਅਤੇ ਇਨ੍ਹਾਂ ਨੂੰ ਕਿਸੇ ਨੇ ਉਸ ਰੂਪ ਵਿਚ ਗੌਲਿਆ ਵੀ ਨਹੀਂ ਹੈ, ਪਰ ਇਸ ਇਤਰਾਜ਼ ਨੂੰ ਗੌਲਣ ਦੀ ਵਾਰੀ ਹੁਣ ਆਪਣੇ ਪੰਜਾਬੀਆਂ ਦੀ ਹੈ। ਇਕ ਸਦੀ ਬਾਅਦ ਵੀ ਇਹ ਕੌੜੀ ਸੱਚਾਈ ਹੈ ਕਿ ਪਰਦੇਸੀਂ ਵਸੇ ਪੰਜਾਬੀ ਆਪਣੇ-ਆਪ ਨੂੰ ਸਬੰਧਤ ਮੁਲਕ ਦੇ ਸਮਾਜ ਨਾਲ ਇਕ-ਮਿਕ ਕਰਨ ਵਿਚ ਬਹੁਤ ਪਿਛੇ ਰਹਿ ਗਏ ਹਨ। ਅਸੀਂ ਹੁੱਬਦੇ ਬਹੁਤ ਹਾਂ ਕਿ ਪੰਜਾਬੀ ਜਿੱਥੇ ਵੀ ਜਾਂਦੇ ਹਨ, ਉਥੇ ਆਪਣਾ ‘ਪੰਜਾਬ’ ਵਸਾ ਲੈਂਦੇ ਹਨ, ਪਰ ਅਜਿਹਾ ਕਰਨ ਨਾਲ ਨਸਲੀ ਵਿਤਕਰੇ ਦੇ ਖਾਤਮੇ ਵੱਲ ਜਾਂਦੇ ਰਾਹ ਸੁੱਤੇ-ਸਿੱਧ ਹੀ ਭੀੜੇ ਹੋ ਜਾਂਦੇ ਹਨ। ਵਿਕਸਿਤ ਮੁਲਕਾਂ ਦੇ ਸਮਾਜ ਨਾਲੋਂ ਟੁੱਟ ਕੇ ਅਗਾਂਹ ਕਦਮ ਨਹੀਂ ਵਧਾਇਆ ਜਾ ਸਕਦਾ। ਸਿਆਸਤ ਦੇ ਪਿੜ ਵਿਚ ਵੀ ਉਹੀ ਪੰਜਾਬੀ ਜਾਂ ਸਿੱਖ ਹੀ ਅੱਗੇ ਵਧੇ ਹਨ ਜਿਨ੍ਹਾਂ ਨੇ ਉਥੋਂ ਦੇ ਸਮਾਜ ਨਾਲ ਮੇਲ ਮੁਕਾਬਲਤਨ ਵਧਾਇਆ ਹੈ।
ਇਸ ਪੱਖ ਤੋਂ ਸਦੀ ਪਹਿਲਾਂ ਕੈਨੇਡਾ-ਅਮਰੀਕਾ ਦੀ ਧਰਤੀ ਉਤੇ ਵਿਚਰੇ ਗਦਰੀਆਂ ਤੋਂ ਸੇਧ ਲਈ ਜਾ ਸਕਦੀ ਹੈ। ਇਨ੍ਹਾਂ ਜਿਊੜਿਆਂ ਨੇ ਭਾਰਤ ਵਿਚੋਂ ਅੰਗਰੇਜ਼ਾਂ ਦੀ ਗੁਲਾਮੀ ਦੀਆਂ ਜ਼ੰਜੀਰਾਂ ਕੱਟਣ ਲਈ ਜਦੋਂ ਸੋਚਿਆ ਤਾਂ ਹਰ ਪੱਧਰ ‘ਤੇ ਹਮਾਇਤ ਜੁਟਾਉਣ ਦਾ ਯਤਨ ਕੀਤਾ। ਇਨ੍ਹਾਂ ਗਦਰੀਆਂ ਦਾ ਸਿਆਸੀ ਦਾਈਆ ਸੰਸਾਰ ਸਿਆਸਤ ਨਾਲ ਨਜ਼ਰਾਂ ਮਿਲਾ ਰਿਹਾ ਸੀ। ਕਈ ਵਾਰ ਪੜ੍ਹ-ਸੁਣ ਕੇ ਹੈਰਾਨੀ ਹੁੰਦੀ ਹੈ ਕਿ ਉਸ ਦੌਰ ਵਿਚ ਉਨ੍ਹਾਂ ਮੁੱਖਧਾਰਾ ਮੀਡੀਆ ਅਤੇ ਹੋਰ ਸਰਗਰਮ ਸਥਾਨਕ ਲੀਡਰਾਂ ਨਾਲ ਕਿਸ ਤਰ੍ਹਾਂ ਰਾਬਤਾ ਬਣਾਇਆ ਹੋਇਆ ਸੀ। ਅਜਿਹਾ ਇਸ ਕਰ ਕੇ ਸੰਭਵ ਹੋਇਆ ਕਿਉਂਕਿ ਉਨ੍ਹਾਂ ਦੀ ਸੋਚ ਦਾ ਦਾਇਰਾ ਬਹੁਤ ਵਸੀਹ ਸੀ ਅਤੇ ਉਨ੍ਹਾਂ ਨੂੰ ਸੰਸਾਰ ਭਰ ਦੇ ਹਾਲਾਤ ਬਾਰੇ ਵੀ ਬਣਦੀ ਸੂਹ ਹਾਸਲ ਸੀ। ਇਸ ਕਰ ਕੇ ਹੀ ਉਹ ਉਸ ਦੌਰ ਵਿਚ ਇੰਨੀ ਅਹਿਮ ਭੂਮਿਕਾ ਨਿਭਾਉਣ ਵਿਚ ਸਫਲ ਰਹੇ ਜਿਸ ਤੋਂ ਅੱਜ ਤਕ ਦੀਆਂ ਪੀੜ੍ਹੀਆਂ ਪ੍ਰੇਰਨਾ ਲੈ ਰਹੀਆਂ ਹਨ। ਇਸ ਵੇਲੇ ਕਈ ਵਿਕਸਿਤ ਮੁਲਕਾਂ ਵਿਚ ਪੰਜਾਬੀਆਂ ਦੇ ਝੰਡੇ ਬੁਲੰਦ ਹਨ। ਹੁਣ ਦੇਖਣਾ ਇਹ ਹੈ ਕਿ ਗਦਰੀਆਂ ਵਾਂਗ ਇਸ ਬੁਲੰਦੀ ਦਾ ਪਿਛੋਕੇ ਨੂੰ ਕਿੰਨਾ ਹੁਲਾਰਾ ਮਿਲਦਾ ਹੈ। ਇਸ ਹੁਲਾਰੇ ਨੂੰ ਹੋਰ ਬੁਲੰਦੀ ਉਤੇ ਪਹੁੰਚਾਉਣ ਲਈ ਕਿਸੇ ਸੌੜੀ ਸਿਆਸਤ ਵਿਚ ਫਸਣ ਦੀ ਥਾਂ ਮਨੁੱਖ-ਪੱਖੀ ਪੈਂਤੜੇ ਮੱਲਣੇ ਪੈਣਗੇ। ਜ਼ਾਹਿਰ ਹੈ ਕਿ ਜ਼ਿਆਦਤੀ ਖਿਲਾਫ ਲੜਾਈ, ਜੂਝ ਕੇ ਹੀ ਜਿੱਤੀ ਜਾ ਸਕਦੀ ਹੈ। ਇਸ ਮਾਮਲੇ ਵਿਚ ਕਾਮਾਗਾਟਾ ਮਾਰੂ ਘਟਨਾ ਅਤੇ ਗਦਰੀਆਂ ਨਾਲ ਸਬੰਧਤ ਸਿਆਸਤ ਦਾ ਜੁਝਾਰੂਪਣ ਸੇਧ ਦੇ ਸਕਦਾ ਹੈ।