ਟਕਰਾਅ ਦੇ ਰਾਹ ਪਈਆਂ ਸਿੱਖ ਜਥੇਬੰਦੀਆਂ

ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਕਾਫਲੇ ਉਪਰ ਲੁਧਿਆਣਾ ਵਿਚ ਹੋਏ ਹਮਲੇ ਦਾ ਮਾਮਲਾ ਭਖਦਾ ਜਾ ਰਿਹਾ ਹੈ। ਦਮਦਮੀ ਟਕਸਾਲ ਨਾਲ ਸਬੰਧਤ ਵਿਅਕਤੀਆਂ ਵੱਲੋਂ ਇਸ ਹਮਲੇ ਦੀ ਜ਼ਿੰਮੇਵਾਰੀ ਚੁੱਕਣ ਪਿੱਛੋਂ ਸਿੱਖ ਧਿਰਾਂ ਵਿਚ ਟਕਰਾਅ ਵਧ ਗਿਆ ਹੈ। ਢੱਡਰੀਆਂ ਵਾਲਾ ਕਾਂਡ ਤੋਂ ਬਾਅਦ ਹਰਨਾਮ ਸਿੰਘ ਧੁੰਮਾ ਦੇ ਵਿਰੋਧੀ ਪੰਥਕ ਧੜੇ ਇਕ ਮੰਚ ‘ਤੇ ਇਕੱਠੇ ਹੋ ਰਹੇ ਹਨ।

ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਦਾ ਦਾਅਵਾ ਹੈ ਕਿ ਢੱਡਰੀਆਂ ਵਾਲੇ ਉਤੇ ਹਮਲਾ ਦਮਦਮੀ ਟਕਸਾਲ ਦੀ ਦਸਤਾਰ ਪ੍ਰਤੀ ਵਰਤੀ ਜਾ ਰਹੀ ਸ਼ਬਦਾਵਲੀ ਅਤੇ ਕੂੜ ਪ੍ਰਚਾਰ ਦਾ ਸਿੱਟਾ ਹੈ। ਦੋਵਾਂ ਧਿਰਾਂ ਦੇ ਆਹਮੋ-ਸਾਹਮਣੇ ਹੋਣ ਪਿਛੋਂ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸੰਜਮ ਵਰਤਣ ਦੀ ਸਲਾਹ ਦਿੱਤੀ ਹੈ। ਉਧਰ, ਬਾਬਾ ਹਰਨਾਮ ਸਿੰਘ ਧੁੰਮਾ ਵਿਰੁੱਧ ਕਾਰਵਾਈ ਨਾ ਕਰਨ ਉਤੇ ਸਿੱਖ ਜਥੇਬੰਦੀਆਂ ਨੇ ਮੋਰਚਾ ਸੰਭਾਲ ਲਿਆ ਹੈ। ਦਲ ਖਾਲਸਾ ਨੇ ਕਿਹਾ ਕਿ ਪੰਜਾਬ ਪੁਲਿਸ ਤੇ ਸਰਕਾਰ ਸਚਾਈ ਛੁਪਾ ਰਹੀ ਹੈ। ਯਾਦ ਰਹੇ ਕਿ ਪਿਛਲੇ ਹਫਤੇ ਵੱਡੀ ਗਿਣਤੀ ਹਥਿਆਰਬੰਦ ਬੰਦਿਆਂ ਨੇ ਸੰਤ ਢੱਡਰੀਆਂ ਵਾਲੇ ਦੇ ਕਾਫਲੇ ‘ਤੇ ਹਮਲਾ ਕਰ ਦਿੱਤਾ ਸੀ, ਜਿਸ ਵਿਚ ਬਾਬਾ ਭੁਪਿੰਦਰ ਸਿੰਘ ਖਾਸੀ ਕਲਾਂ ਦੀ ਮੌਤ ਹੋ ਗਈ ਸੀ। ਹਮਲਾਵਰ ਮੌਕੇ ਤੋਂ ਫਰਾਰ ਹੋਣ ਵਿਚ ਸਫਲ ਰਹੇ ਸਨ, ਪਰ ਇਨ੍ਹਾਂ ਵਿਚੋਂ ਕੁਝ ਨੂੰ ਬਾਅਦ ਵਿਚ ਪੁਲਿਸ ਨੇ ਕਾਬੂ ਕਰ ਲਿਆ ਹੈ, ਜਿਨ੍ਹਾਂ ਨੇ ਟਕਸਾਲ ਨਾਲ ਸਬੰਧਤ ਹੋਣ ਦਾ ਦਾਅਵਾ ਕੀਤਾ ਹੈ।
ਸੰਤ ਢੱਡਰੀਆਂ ਵਾਲੇ ਦੇ ਡਰਾਈਵਰ ਅਤੇ ਇਸ ਸਮੁੱਚੇ ਕਾਂਡ ਨੂੰ ਅੱਖੀਂ ਦੇਖਣ ਵਾਲੇ ਗਵਾਹ ਕੁਲਵਿੰਦਰ ਸਿੰਘ ਵੱਲੋਂ ਦਰਜ ਕਰਵਾਈ ਐਫ਼ਆਈæਆਰæ ਵਿਚ ਹੀ ਇਸ ਸਮੁੱਚੇ ਕਾਂਡ ਦੇ ਸਾਜ਼ਿਸ਼ਘਾੜੇ ਦੇ ਠੋਸ ਸਬੂਤ ਮੌਜੂਦ ਹਨ। ਕੁਲਵਿੰਦਰ ਸਿੰਘ ਨੇ ਉਨ੍ਹਾਂ ਦੀ ਅਗਲੀ ਫਾਰਚੂਨਰ (ਨੰਬਰ ਪੀæਬੀæ 12 ਕਿਊæ 0090) ਨੂੰ ਰੋਕਣ ਵਾਲੇ ਸ਼ਖ਼ਸ ਦਾ ਪੂਰਾ ਹੁਲੀਆ ਪੁਲਿਸ ਨੂੰ ਬਿਆਨ ਕਰਦਿਆਂ 30-40 ਹਮਲਾਵਰਾਂ ਵੱਲੋਂ ਉਨ੍ਹਾਂ ਦੀਆਂ ਗੱਡੀਆਂ ਦੇ ਸ਼ੀਸ਼ਿਆਂ ‘ਤੇ ਸਪਰੇਅ ਛਿੜਕਣ ਉਪਰੰਤ ਰਾਡਾਂ, ਗੰਡਾਸੀਆਂ ਤੇ ਬੇਸ ਬਾਲਾਂ ਨਾਲ ਹਮਲਾ ਕਰ ਕੇ ਗੋਲੀਆਂ ਚਲਾਉਣ ਦਾ ਪੂਰਾ ਵੇਰਵਾ ਪੁਲਿਸ ਅੱਗੇ ਰੱਖ ਦਿੱਤਾ ਹੈ। ਇਸ ਕਾਂਡ ਦੇ ਕੁਝ ਮੁਲਜ਼ਮਾਂ ਨੇ ਵੀ ਮੰਨਿਆ ਹੈ ਕਿ ਸੰਤ ਢੱਡਰੀਆਂ ਵਾਲੇ ਵੱਲੋਂ ਦਮਦਮੀ ਟਕਸਾਲ ਦੇ ਮੁਖੀ ਵਿਰੁੱਧ ਬੋਲਣ ਕਾਰਨ ਇਹ ਕਦਮ ਚੁੱਕਿਆ ਗਿਆ ਹੈ। ਇਸ ਤੋਂ ਇਲਾਵਾ ਟਕਸਾਲ ਦੇ ਇਕ ਪ੍ਰਤੀਨਿਧ ਬਾਬਾ ਚਰਨਜੀਤ ਸਿੰਘ ਵੀ ਲੁਧਿਆਣਾ ਵਿਚ ਮੁਲਜ਼ਮਾਂ ਦੀ ਪੇਸ਼ੀ ਮੌਕੇ ਸਪੱਸ਼ਟ ਕਹਿ ਚੁੱਕੇ ਹਨ ਕਿ ਦਮਦਮੀ ਟਕਸਾਲ ਵਿਰੁੱਧ ਭੰਡੀ ਪ੍ਰਚਾਰ ਕਰਨ ਕਾਰਨ ਇਹ ਕਾਰਵਾਈ ਕਰਨੀ ਪਈ ਹੈ ਅਤੇ ਭਵਿੱਖ ਵਿਚ ਵੀ ਟਕਸਾਲ ਵਿਰੁੱਧ ਬੋਲਣ ਵਾਲੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਸੰਤ ਢੱਡਰੀਆਂ ਵਾਲੇ ਅਤੇ ਦਮਦਮੀ ਟਕਸਾਲ ਦੇ ਮੁਖੀ ਵਿਚਕਾਰ ਪਿਛਲੇ ਸਮੇਂ ਤੋਂ ਸ਼ਬਦੀ ਜੰਗ ਚੱਲਦੀ ਆ ਰਹੀ ਸੀ, ਜਿਸ ਤੋਂ ਇਹ ਗੱਲ ਸਾਫ ਹੋ ਗਈ ਹੈ ਕਿ ਦੋਵਾਂ ਸਿੱਖ ਆਗੂਆਂ ਵਿਚਾਲੇ ਰੰਜ਼ਿਸ਼ ਸੀ।
ਚਰਨਜੀਤ ਸਿੰਘ ਅਤੇ ਜਗਤਾਰ ਸਿੰਘ ਰੋਡੇ ਦਮਦਮੀ ਟਕਸਾਲ ਦੇ ਆਗੂ ਤਾਂ ਹਨ ਹੀ, ਅਕਾਲੀ ਲੀਡਰਸ਼ਿਪ ਨੇ ਉਨ੍ਹਾਂ ਨੂੰ 2011 ਵਿਚ ਸ਼੍ਰੋਮਣੀ ਕਮੇਟੀ ਦੇ ਹਾਊਸ ਲਈ ਮੈਂਬਰ ਵੀ ਨਾਮਜ਼ਦ ਕੀਤਾ ਹੋਇਆ ਹੈ। ਸੰਤ ਢੱਡਰੀਆਂ ਵਾਲੇ ਦੀ ਧਿਰ ਬਾਬੇ ਧੁੰਮੇ ਵਿਰੁੱਧ ਕਾਰਵਾਈ ਲਈ ਅੜੀ ਹੋਈ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਸੰਤ ਢੱਡਰੀਆਂ ਵਾਲੇ ਨਾਲ ਪਰਮੇਸ਼ਰ ਦਵਾਰ ਜਾ ਕੇ ਮਿਲਣਾ ਇਸੇ ਚਿੰਤਾ ਦਾ ਹੀ ਸਪੱਸ਼ਟ ਸੰਕੇਤ ਹੈ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪਹਿਲਾਂ ਉਥੇ ਜਾ ਆਏ ਹਨ। ਹੁਣ ਇਕ ਗੱਲ ਸਪੱਸ਼ਟ ਨਜ਼ਰ ਆਉਣ ਲੱਗ ਪਈ ਹੈ ਕਿ ਅਕਾਲੀ ਦਲ ਨੇ ਦਮਦਮੀ ਟਕਸਾਲ ਤੋਂ ਦੂਰੀ ਬਣਾਉਣ ਦਾ ਰਸਤਾ ਅਖ਼ਤਿਆਰ ਕਰ ਲਿਆ ਹੈ।
ਦਮਦਮੀ ਟਕਸਾਲ ਇਸ ਵੇਲੇ ਸਭ ਤੋਂ ਵੱਡੇ ਸੰਕਟ ਵਿਚ ਹੈ ਤੇ ਪੂਰੇ ਸਿੱਖ ਸਮਾਜ ਵਿਚ ਇਕੱਲੀ ਹੀ ਰਹਿ ਗਈ ਹੈ। 2010 ਦੇ ਨੇੜੇ ਅਕਾਲੀ ਦਲ ਨੇ ਸਾਰੀਆਂ ਗਰਮ ਖਿਆਲੀ ਧਿਰਾਂ ਨੂੰ ਆਪਣੇ ਘੇਰੇ ਵਿਚ ਲਿਆਉਣ ਦੀ ਵਿਉਂਤ ਹੇਠ ਸਭ ਤੋਂ ਪਹਿਲਾਂ ਆਪਣੀ ਰਵਾਇਤੀ ਵਿਰੋਧੀ ਸਿੱਖ ਸੰਸਥਾ ਦਮਦਮੀ ਟਕਸਾਲ ਨੂੰ ਆਪਣੇ ਕਲਾਵੇ ਵਿਚ ਲਿਆ ਤੇ ਫਿਰ ਹੋਰ ਫੈਡਰੇਸ਼ਨ ਤੇ ਗਰਮ ਖਿਆਲੀ ਆਗੂ ਪਾਰਟੀ ਵਿਚ ਸ਼ਾਮਲ ਕੀਤੇ। 2011 ਦੀ ਸ਼੍ਰੋਮਣੀ ਕਮੇਟੀ ਚੋਣ, 2012 ਦੀ ਵਿਧਾਨ ਸਭਾ ਚੋਣ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੀ ਚੋਣ ਵਿਚ ਬਾਬਾ ਹਰਨਾਮ ਸਿੰਘ ਨੇ ਅਕਾਲੀ ਦਲ ਦੀ ਠੋਕ ਕੇ ਮਦਦ ਕੀਤੀ।
ਰਹਿਤ ਮਰਿਆਦਾ, ਨਾਨਕਸ਼ਾਹੀ ਕੈਲੰਡਰ ਸਮੇਤ ਕਈ ਆਏ ਮਾਮਲਿਆਂ ਵਿਚ ਟਕਸਾਲ ਤੇ ਅਕਾਲੀ ਲੀਡਰਸ਼ਿਪ ਇਕਮਿਕ ਹੋ ਕੇ ਵਿਚਰਦੀ ਰਹੀ। ਪਿਛਲੇ ਸਾਲ ਬਰਗਾੜੀ ਕਾਂਡ ਤੋਂ ਬਾਅਦ ਪੈਦਾ ਹੋਏ ਵੱਡੇ ਧਾਰਮਿਕ ਸੰਕਟ ਦੇ ਔਖੇ ਸਮੇਂ ਵੀ ਟਕਸਾਲ ਦਾ ਸਰਕਾਰ ਪ੍ਰਤੀ ਸਹਿਯੋਗੀ ਰੁਖ਼ ਰਿਹਾ। ਸਿੱਖ ਪ੍ਰਚਾਰਕਾਂ ਤੇ ਸਿਆਸੀ ਧਿਰਾਂ ਦੇ ਮੋਰਚੇ ਤੋਂ ਟਕਸਾਲ ਨੇ ਵੱਖ ਰਹਿਣ ਦਾ ਹੀ ਯਤਨ ਕੀਤਾ, ਭਾਵੇਂ ਕਿ ਸਿੱਖਾਂ ‘ਚ ਮੂੰਹ ਰੱਖਣ ਲਈ ਟਕਸਾਲ ਆਗੂ ਸਿਰਸਾ ਡੇਰੇ ਦੇ ਮੁਖੀ ਨੂੰ ਮੁਆਫ ਕਰਨ ਲਈ ਸਿੱਖ ਤਖ਼ਤਾਂ ਦੇ ਜਥੇਦਾਰਾਂ ਨੂੰ ਬਦਲਣ ਦੀ ਵੀ ਮੰਗ ਕਰਦੇ ਰਹੇ।
_____________________________________________
ਬਾਦਲ ਸਰਕਾਰ ਨੂੰ ਘੇਰਨ ਦੀ ਤਿਆਰੀ
ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ‘ਤੇ ਹਮਲੇ ਨੂੰ ਦੋ ਧਾਰਮਿਕ ਸ਼ਖ਼ਸੀਅਤਾਂ ਦਾ ਟਕਰਾਅ ਮੰਨ ਕੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਵਿਰੁੱਧ ਕਾਰਵਾਈ ਕਰਨ ਤੋਂ ਟਾਲਾ ਵੱਟਿਆ ਜਾ ਰਿਹਾ ਹੈ। ਟਕਸਾਲ ਮੁਖੀ ਦੀ ਨੇੜਤਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਕਿਸੇ ਤੋਂ ਲੁਕੀ ਨਹੀਂ। ਇਸੇ ਕਰ ਕੇ ਬਾਬਾ ਧੁੰਮਾ ਅਤੇ ਸਰਕਾਰ, ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ‘ਤੇ ਹਨ। ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਬਹੁਗਿਣਤੀ ਮੈਂਬਰ ਵੀ ਢੱਡਰੀਆਂ ਵਾਲੇ ‘ਤੇ ਹਮਲਾ ਕਰਨ ਵਾਲਿਆਂ ਖਿਲਾਫ਼ ਸਖਤੀ ਵਰਤਣ ਦੇ ਰੌਂਅ ਵਿਚ ਹਨ। ਪੰਜਾਬ ਵਿਧਾਨ ਸਭਾ ਚੋਣਾਂ ਨਜ਼ਦੀਕ ਹੋਣ ਕਾਰਨ ਇਹ ਮਾਮਲਾ ਸਿਆਸੀ ਰੰਗਤ ਲੈਂਦਾ ਜਾ ਰਿਹਾ ਹੈ। ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਖੁੱਲ੍ਹ ਕੇ ਸੰਤ ਢੱਡਰੀਆਂ ਵਾਲੇ ਦੇ ਪੱਖ ‘ਚ ਨਿੱਤਰ ਆਏ ਹਨ।