ਤਹਿਰਾਨ: ਭਾਰਤ ਅਤੇ ਇਰਾਨ ਨੇ ਆਪਣੇ ਰਵਾਇਤੀ ਸਬੰਧਾਂ ਨੂੰ ਹੋਰ ਵਧੇਰੇ ਵਿਸਥਾਰ ਦੇਣ ਦਾ ਫੈਸਲਾ ਕੀਤਾ ਹੈ। ਦੋਵਾਂ ਦੇਸ਼ਾਂ ਨੇ ਅਤਿਵਾਦ ਤੇ ਕੱਟੜਤਾ ਵਿਰੁੱਧ ਮਿਲ ਕੇ ਟਾਕਰੇ ਦਾ ਅਹਿਦ ਲਿਆ ਅਤੇ ਚਾਬਹਾਰ ਬੰਦਰਗਾਹ ਨੂੰ ਵਿਕਸਤ ਕਰਨ ਸਮੇਤ 12 ਸਮਝੌਤਿਆਂ ਉਤੇ ਦਸਤਖ਼ਤ ਕੀਤੇ ਹਨ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਤਹਿਰਾਨ ਯਾਤਰਾ ਦੌਰਾਨ ਹੋਏ ਇਨ੍ਹਾਂ ਸਮਝੌਤਿਆਂ ਨਾਲ ਭਾਰਤ ਅਤੇ ਇਰਾਨ ਵਿਚਕਾਰ ਆਰਥਿਕ ਭਾਈਵਾਲੀ ਨੂੰ ਹੋਰ ਹੁੰਗਾਰਾ ਮਿਲਿਆ ਹੈ। ਪ੍ਰਧਾਨ ਮੰਤਰੀ ਨੇ ਆਪਣੇ ਇਰਾਨ ਦੌਰੇ ਦੀ ਸ਼ੁਰੂਆਤ ਰਾਜਧਾਨੀ ਤਹਿਰਾਨ ਵਿਚ ਸਥਿਤ ਭਾਈ ਗੰਗਾ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਚ ਸ਼ਰਧਾ ਦੇ ਫੁੱਲ ਭੇਟ ਕਰ ਕੇ ਕੀਤੀ ਅਤੇ ਨੇ ਇਰਾਨ ਵਿਚ ਰਹਿੰਦੇ ਸਿੱਖ ਭਾਈਚਾਰੇ ਦੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਸੀ।
ਪ੍ਰਧਾਨ ਮੰਤਰੀ ਦੇ ਦੌਰੇ ਵਿਚ ਦੋਵਾਂ ਦੇਸ਼ਾਂ ਦੇ ਦਰਮਿਆਨ ਅਹਿਮ 12 ਸਮਝੌਤੇ ਹੋਏ ਹਨ। ਇਨ੍ਹਾਂ ਵਿਚੋਂ ਸਭ ਤੋਂ ਅਹਿਮ ਸਮਝੌਤਾ ਭਾਰਤ ਵੱਲੋਂ ਇਰਾਨ ਦੇ ਦੱਖਣੀ ਤੱਟ ‘ਤੇ ਚਾਬਹਾਰ ਬੰਦਰਗਾਹ ਨੂੰ ਵਿਕਸਤ ਕਰਨ ਬਾਰੇ ਹੈ। ਇਸ ਬਾਰੇ ਮੁਢਲੀ ਸਹਿਮਤੀ 2003 ਵਿਚ ਹੋਈ ਸੀ, ਪਰ ਪੱਛਮੀ ਦੇਸ਼ਾਂ ਵੱਲੋਂ ਇਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਉਸ ‘ਤੇ ਵਪਾਰਕ ਰੋਕਾਂ ਲਗਵਾਈਆਂ ਜਾਣ ਕਾਰਨ ਇਸ ਖੇਤਰ ਵਿਚ ਬਹੁਤੀ ਪ੍ਰਗਤੀ ਨਹੀਂ ਸੀ ਹੋ ਸਕੀ।
ਹੁਣ ਜਦੋਂ ਕਿ ਅਜਿਹੀਆਂ ਰੋਕਾਂ ਨੂੰ ਹਟਾਇਆਂ ਚਾਰ ਕੁ ਮਹੀਨੇ ਹੋ ਗਏ ਹਨ, ਤਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਰਾਨ ਦਾ ਦੌਰਾ ਕਰ ਕੇ ਦੁਵੱਲੇ ਸਬੰਧਾਂ ਨੂੰ ਅੱਗੇ ਵਧਾਉਣ ਲਈ ਇਕ ਵੱਡੀ ਪਹਿਲਕਦਮੀ ਕੀਤੀ ਹੈ। ਚਾਬਹਾਰ ਬੰਦਰਗਾਹ ਦੇ ਇਸ ਵੱਡੇ ਪ੍ਰਾਜੈਕਟ ‘ਤੇ ਭਾਰਤ ਵੱਲੋਂ 500 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਭਾਰਤ ਵੱਲੋਂ ਚਾਬਹਾਰ ਤੋਂ ਇਰਾਨ ਦੇ ਸ਼ਹਿਰ ਜ਼ਹਿਦਾਨ ਤੱਕ ਰੇਲਵੇ ਲਾਈਨ ਵੀ ਬਣਾਈ ਜਾਏਗੀ। ਇਸ ਰੇਲਵੇ ਲਾਈਨ ਨਾਲ ਚਾਬਹਾਰ ਬੰਦਰਗਾਹ ਕੇਂਦਰੀ ਏਸ਼ੀਆ ਦੇ ਦੇਸ਼ਾਂ ਨਾਲ ਵੀ ਜੁੜ ਜਾਏਗੀ। ਇਸ ਤੋਂ ਇਲਾਵਾ ਦੋਵਾਂ ਦੇਸ਼ਾਂ ਦਰਮਿਆਨ ਸਾਇੰਸ, ਤਕਨਾਲੋਜੀ, ਤੇਲ, ਗੈਸ, ਸੱਭਿਆਚਾਰਕ ਅਦਾਨ-ਪ੍ਰਦਾਨ, ਵਿਦੇਸ਼ੀ ਵਪਾਰ ਅਤੇ ਪੂੰਜੀ ਨਿਵੇਸ਼ ਨੂੰ ਉਤਸ਼ਾਹਿਤ ਕਰਨ, ਐਲੂਮੀਨੀਅਮ ਬਣਾਉਣ ਬਾਰੇ ਆਪਸੀ ਸਹਿਯੋਗ, ਪੁਰਾਤਤਵ ਅਤੇ ਇਤਿਹਾਸਕ ਮਹੱਤਵ ਦੀ ਜਾਣਕਾਰੀ ਦਾ ਅਦਾਨ-ਪ੍ਰਦਾਨ ਕਰਨ ਆਦਿ ਖੇਤਰਾਂ ਵਿਚ ਹੋਰ ਮਹੱਤਵਪੂਰਨ ਸਮਝੌਤੇ ਹੋਏ ਹਨ। ਦੋਵੇਂ ਦੇਸ਼ ਖਿੱਤੇ ਵਿਚ ਅਤਿਵਾਦ, ਕੱਟੜਵਾਦ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਲਈ ਵੀ ਸਹਿਯੋਗ ਕਰਨਗੇ ਅਤੇ ਇਸ ਸਬੰਧੀ ਜਾਣਕਾਰੀ ਦੋਵਾਂ ਦੇਸ਼ਾਂ ਵਲੋਂ ਇਕ-ਦੂਜੇ ਨੂੰ ਮੁਹੱਈਆ ਕਰਵਾਈ ਜਾਂਦੀ ਰਹੇਗੀ। ਦੋਵਾਂ ਦੇਸ਼ਾਂ ਦੀਆਂ ਸੂਹੀਆ ਅਤੇ ਸੁਰੱਖਿਆ ਏਜੰਸੀਆਂ ਦਰਮਿਆਨ ਵੀ ਤਾਲਮੇਲ ਵਧਾਇਆ ਜਾਏਗਾ।