ਦੱਖਣੀ ਸੁਰਬਾਲਾ ਵਾਣੀ ਜੈਰਾਮ ਦਾ ਸੰਗੀਤ

ਜਗਜੀਤ ਸਿੰਘ ਸੇਖੋਂ
ਸੁਰਾਂ ਦੀ ਰਾਣੀ ਵਾਣੀ ਜੈਰਾਮ ਨੇ ਪਿਛਲੇ ਚਾਰ ਦਹਾਕਿਆਂ ਦੌਰਾਨ ਹਿੰਦੀ, ਉਰਦੂ, ਤਾਮਿਲ, ਤੈਲਗੂ, ਕੰਨੜ, ਮਲਿਆਲਮ, ਬੰਗਲਾ, ਭੋਜਪੁਰੀ, ਤੁੱਲੂ ਅਤੇ ਉੜੀਆ ਵਿਚ ਅਣਗਿਣਤ ਗੀਤ ਅਤੇ ਭਜਨ ਗਾਏ ਹਨ। ਵਾਣੀ ਤਾਮਿਲਨਾਡੂ ਦੇ ਕਸਬੇ ਵੈਲੋਰ ਵਿਚ 30 ਨਵੰਬਰ 1945 ਨੂੰ ਜਨਮੀ ਸੀ। ਉਸ ਦਾ ਸਾਰਾ ਪਰਿਵਾਰ ਸੰਗੀਤ ਨਾਲ ਜੁੜਿਆ ਹੋਇਆ ਸੀ।

ਸਿੱਟੇ ਵਜੋਂ ਬਚਪਨ ਵਿਚ ਹੀ ਉਸ ਦੀ ਸੰਗੀਤ ਸਿਖਲਾਈ ਸ਼ੁਰੂ ਹੋ ਗਈ। ਸਭ ਤੋਂ ਪਹਿਲਾਂ ਉਸ ਨੇ ਪਟਿਆਲਾ ਘਰਾਣੇ ਨਾਲ ਸਬੰਧਤ ਉਸਤਾਦ ਅਬਦੁਲ ਰਹਿਮਾਨ ਖਾਨ ਤੋਂ ਹਿੰਦੁਸਤਾਨੀ ਕਲਾਸੀਕਲ ਸੰਗੀਤ ਦੀ ਸਿੱਖਿਆ ਲਈ। ਠੁਮਰੀ, ਭਜਨ ਅਤੇ ਗਜ਼ਲਾਂ ਬਾਰੇ ਗੁਰ ਸਿੱਖ ਕੇ ਉਸ ਨੇ ਪਹਿਲੀ ਵਾਰ 1969 ਵਿਚ ਮੁੰਬਈ ਵਿਚ ਪ੍ਰੋਗਰਾਮ ਪੇਸ਼ ਕੀਤਾ। ਉਥੇ ਸੰਗੀਤਕਾਰ ਵਸੰਤ ਦੇਸਾਈ ਦੀ ਨਿਗ੍ਹਾ ਉਸ ਉਤੇ ਪੈ ਗਈ। ਇਸ ਤੋਂ ਬਾਅਦ 1971 ਵਿਚ ਆਈ ਹਿੰਦੀ ਫਿਲਮ ḔਗੁੱਡੀḔ ਦੇ ਸਾਰੇ ਦੇ ਸਾਰੇ ਗਾਣੇ ਵਾਣੀ ਨੇ ਹੀ ਗਾਏ। ਇਹ ਫਿਲਮ ਰਿਸ਼ੀਕੇਸ਼ ਮੁਖਰਜੀ ਨੇ ਨਿਰਦੇਸ਼ ਕੀਤੀ ਸੀ ਤੇ ਇਸ ਫਿਲਮ ਦਾ ਗੀਤ Ḕਬੋਲੇ ਰੇ ਪਪੀਹਾḔ ਅੱਜ ਵੀ ਹਰ ਸੰਗੀਤ ਪ੍ਰੇਮੀਆਂ ਦੀ ਜ਼ੁਬਾਨ ਉਤੇ ਹੈ। Ḕਬਿਨਾਕਾ ਗੀਤ ਮਾਲਾḔ ਵਿਚ ਇਹ ਗੀਤ ਖੂਬ ਵੱਜਿਆ। ਇਸ ਤੋਂ ਬਾਅਦ ਗੁਲਜ਼ਾਰ ਦੀ ਫਿਲਮ ḔਮੀਰਾḔ ਜੋ 1979 ਵਿਚ ਰਿਲੀਜ਼ ਹੋਈ ਸੀ, ਵਿਚ ਉਸ ਦੇ ਗਾਏ ਭਜਨਾਂ ਨੇ ਸਭ ਨੂੰ ਮੰਤਰ-ਮੁਗਧ ਕਰ ਦਿੱਤਾ। ਇਸ ਫਿਲਮ ਵਿਚ ਵਾਣੀ ਨੇ ਕੁੱਲ 21 ਗੀਤ ਗਾਏ ਅਤੇ ‘ਮੇਰੇ ਤੋ ਗਿਰਧਰ ਗੋਪਾਲ’ ਗੀਤ ਲਈ ਉਸ ਨੂੰ ਸਾਲ 1980 ਦੀ ਸਰਵੋਤਮ ਗਾਇਕਾ ਦਾ ਇਨਾਮ ਮਿਲਿਆ। ਇਸ ਤੋਂ ਬਾਅਦ ਫਿਰ ਤਾਂ ਚੱਲ ਸੋ ਚੱਲ, ਉਹਨੇ ਪਿਛੇ ਮੁੜ ਕੇ ਨਹੀਂ ਦੇਖਿਆ।
ਵਾਣੀ ਨੇ ਹਿੰਦੀ ਸਿਨੇਮਾ ਦੇ ਬਹੁਤ ਸਾਰੇ ਸੰਗੀਤਕਾਰਾਂ ਲਈ ਗੀਤ ਗਾਏ ਜਿਨ੍ਹਾਂ ਵਿਚ ਚਿੱਤਰਗੁਪਤ, ਨੌਸ਼ਾਦ, ਮਦਨ ਮੋਹਨ, ਓæਪੀæ ਨਈਅਰ, ਆਰæਡੀæ ਬਰਮਨ, ਕਲਿਆਣਜੀ- ਆਨੰਦਜੀ, ਲਕਸ਼ਮੀ ਕਾਂਤ-ਪਿਆਰੇ ਲਾਲ, ਜੈਦੇਵ ਅਤੇ ਪੰਡਿਤ ਰਵੀਸ਼ੰਕਰ ਆਦਿ ਸ਼ਾਮਲ ਹਨ। ਉਹਨੇ ਆਸ਼ਾ ਭੋਸਲੇ, ਯੇਸੂਦਾਸ, ਏæ ਆਰæ (ਅੱਲਾ ਰੱਖਾ) ਰਹਿਮਾਨ, ਐਸ਼ਪੀæ ਬਾਲਾਸੁਕਰਾਮਨੀਅਮ ਵਰਗੇ ਗਾਇਕਾਂ ਨਾਲ ਗੀਤ ਗਾਏ। ਅੱਜ ਦੇ ਗਾਇਕਾਂ ਬਾਰੇ ਵਾਣੀ ਕਹਿੰਦੀ ਹੈ ਕਿ ਕਿਸੇ ਗਾਇਕ ਦੀ ਦੂਜੇ ਨਾਲ ਤੁਲਨਾ ਕਰਨੀ ਠੀਕ ਨਹੀਂ ਹੈ, ਹਰ ਕਿਸੇ ਦਾ ਆਪੋ-ਆਪਣਾ ਦੌਰ, ਅੰਦਾਜ਼ ਅਤੇ ਰੰਗ ਹੁੰਦਾ ਹੈ। ਉਂਜ ਉਹ ਅਲਕਾ ਯਾਗਨਿਕ, ਸ਼੍ਰੇਆ ਘੋਸ਼ਾਲ ਦੀਆਂ ਤਾਰੀਫਾਂ ਦੇ ਪੁਲ ਬੰਨ੍ਹਦੀ ਆਖਦੀ ਹੈ ਕਿ ਅਜਿਹੇ ਉਮਦਾ ਗਾਇਕ ਸੰਗੀਤ ਦੀ ਰਵਾਇਤ ਨੂੰ ਵਧੀਆ ਢੰਗ ਨਾਲ ਅੱਗੇ ਤੋਰ ਰਹੇ ਹਨ। ਉਂਜ ਵੀ ਉਹ ਨਵੇਂ ਗਾਇਕਾਂ ਅਤੇ ਸੰਗੀਤਕਾਰਾਂ ਨੂੰ ਹੱਲਾਸ਼ੇਰੀ ਦਿੰਦੀ ਰਹਿੰਦੀ ਹੈ। ਸੰਗੀਤਕਾਰ ਏæਆਰæ ਰਹਿਮਾਨ ਦੀ ਉਦੋਂ ਅਜੇ ਖਾਸ ਚੜ੍ਹਤ ਨਹੀਂ ਸੀ ਹੋਈ ਅਤੇ ਵਾਣੀ ਜੈਰਾਮ ਉਸ ਦੇ ਸੱਦੇ Ḕਤੇ ਇਕ ਵਿਸ਼ੇਸ਼ ਸਮਾਗਮ ਵਿਚ ਪੁੱਜ ਗਈ ਸੀ। ਉਹ ਹੁੱਬ ਕੇ ਦੱਸਦੀ ਹੈ ਕਿ ਅੱਜ ਏæਆਰæ ਰਹਿਮਾਨ ਕਿਸ ਬੁਲੰਦੀ ਉਤੇ ਪਹੁੰਚ ਚੁੱਕਾ ਹੈ, ਅਜਿਹੇ ਲੋਕਾਂ ਨੂੰ ਹਰ ਖੇਤਰ ਵਿਚ ਹੱਲਾਸ਼ੇਰੀ ਮਿਲਣੀ ਚਾਹੀਦੀ ਹੈ।
_____________________
ਤਾਮਿਲਨਾਡੂ ਤੋਂ ਮੁੰਬਈ ਤਕæææ
ਵਾਣੀ ਦਾ ਜਨਮ, ਪਾਲਣ-ਪੋਸ਼ਣ, ਸਿੱਖਿਆ-ਦੀਖਿਆ, ਸਭ ਤਾਮਿਲਨਾਡੂ ਵਿਚ ਹੀ ਹੋਇਆ। ਜੈਰਾਮ ਨਾਲ ਵਿਆਹ ਤੋਂ ਬਾਅਦ ਉਹ ਮੁੰਬਈ ਜਾ ਵਸੀ। ਉਹਦੇ ਕਰੀਅਰ ਵਿਚ ਉਹਦਾ ਪਤੀ ਜੈਰਾਮ ਫੁੱਲ ਬਣ ਕੇ ਖਿੜਿਆ ਅਤੇ ਇਸ ਦੇ ਨਾਲ ਹੀ ਉਹਦੇ ਨਾਂ ਨਾਲ ਸਦਾ-ਸਦਾ ਲਈ ‘ਜੈਰਾਮ’ ਵੀ ਜੁੜ ਗਿਆ। ਉਹ ਆਪਣੇ ਸਭ ਇਨਾਮ ਆਪਣੇ ਪਤੀ ਨੂੰ ਸਮਰਪਿਤ ਕਰਦੀ ਹੈ ਜਿਸ ਦੀ ਹੱਲਾਸ਼ੇਰੀ ਕਰ ਕੇ ਉਹ ਇਸ ਮੁਕਾਮ ਤਕ ਅੱਪੜਨ ਵਿਚ ਸਫਲ ਰਹੀ ਹੈ। ਉਸ ਦਾ ਆਖਣਾ ਹੈ ਕਿ ਅਜਿਹੀ ਹੱਲਾਸ਼ੇਰੀ ਤੋਂ ਬਗੈਰ ਉਸ ਦੀ ਆਵਾਜ਼ ਇੰਨੀ ਬੁਲੰਦ ਨਹੀਂ ਸੀ ਹੋ ਸਕਣੀ। ਮੋੜਵੇਂ ਰੂਪ ਵਿਚ ਜੈਰਾਮ ਵੀ ਉਸ ਤੇ ਉਸ ਦੀ ਕਲਾ ਦੀ ਖੂਬ ਕਦਰ ਕਰਦਾ ਹੈ।