ਚੰਡੀਗੜ੍ਹ: ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿਚ ਹੁਣ ਮੌਤਾਂ ਦੀ ਗਿਣਤੀ ਵਧਣ ਲੱਗੀ ਹੈ। ਆਰæਟੀæਆਈæ ਤਹਿਤ ਮਿਲੇ ਵੇਰਵਿਆਂ ਅਨੁਸਾਰ ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਚਾਰ ਵਰ੍ਹਿਆਂ ਵਿਚ 3,145 ਮੌਤਾਂ ਹੋਈਆਂ ਹਨ। ਇਸ ਹਸਪਤਾਲ ਵਿਚ ਹਰ ਵਰ੍ਹੇ ਔਸਤਨ 786 ਮਰੀਜ਼ ਦਮ ਤੋੜ ਜਾਂਦੇ ਹਨ। ਮਾਲਵਾ ਖਿੱਤੇ ਵਿਚੋਂ ਬਰਨਾਲਾ ਦੇ ਸਿਵਲ ਹਸਪਤਾਲ ਵਿਚ ਹਰ ਵਰ੍ਹੇ 116 ਮੌਤਾਂ ਹੁੰਦੀਆਂ ਹਨ। ਔਸਤਨ ਹਰ ਤੀਜੇ ਦਿਨ ਇਕ ਮਰੀਜ਼ ਦੀ ਮੌਤ ਹੁੰਦੀ ਹੈ। ਪ੍ਰਵਾਨਿਤ 21 ਡਾਕਟਰਾਂ ਵਿਚੋਂ ਸਿਰਫ ਤਿੰਨ ਅਸਾਮੀਆਂ ਖਾਲੀ ਹਨ।
ਸਾਲ 2007 ਤੋਂ ਫਰਵਰੀ 2016 ਤੱਕ ਇਸ ਹਸਪਤਾਲ ਵਿਚ 1048 ਮਰੀਜ਼ ਮੌਤ ਦੇ ਮੂੰਹ ਜਾ ਪਏ ਹਨ। ਸਿਵਲ ਸਰਜਨ ਬਰਨਾਲਾ ਡਾæ ਕੇæਐਸ਼ ਸੈਣੀ ਆਖਦੇ ਹਨ ਕਿ ਹਸਪਤਾਲ ਵਿਚ ਵਧੇਰੇ ਰੈਫਰ ਕੀਤੇ ਹੋਏ ਅਤੇ ਗੰਭੀਰ ਕੇਸ ਆਉਂਦੇ ਹਨ। ਮਰੀਜ਼ਾਂ ਦੀ ਭੀੜ ਜ਼ਿਆਦਾ ਹੈ, ਜਿਸ ਕਰ ਕੇ ਮੌਤਾਂ ਦੀ ਗਿਣਤੀ ਦਾ ਅਨੁਪਾਤ ਜ਼ਿਆਦਾ ਜਾਪਦਾ ਹੈ।
ਰੋਪੜ ਦੇ ਸਿਵਲ ਹਸਪਤਾਲ ਵਿਚ ਹਰ ਵਰ੍ਹੇ ਔਸਤਨ 114 ਮੌਤਾਂ ਹੋ ਜਾਂਦੀਆਂ ਹਨ। ਨੌਂ ਵਰ੍ਹਿਆਂ ਵਿਚ 1034 ਮੌਤਾਂ ਹੋਈਆਂ ਹਨ। ਇਥੇ 23 ਡਾਕਟਰ ਤਾਇਨਾਤ ਹਨ ਅਤੇ ਚਾਰ ਅਸਾਮੀਆਂ ਖਾਲੀ ਹਨ। ਮੁਹਾਲੀ ਦੇ ਹਸਪਤਾਲ ਵਿਚ ਨੌਂ ਵਰ੍ਹਿਆਂ ਵਿਚ 217 ਮੌਤਾਂ ਹੋਈਆਂ ਹਨ ਅਤੇ ਇਥੇ ਡਾਕਟਰਾਂ ਦੀ ਗਿਣਤੀ 40 ਹੈ। ਫ਼ਰੀਦਕੋਟ ਦੇ ਸਿਵਲ ਹਸਪਤਾਲ ਵਿਚ ਨੌਂ ਵਰ੍ਹਿਆਂ ਵਿਚ 444 ਮਰੀਜ਼ਾਂ ਨੇ ਦਮ ਤੋੜਿਆ ਹੈ। ਇਥੇ ਡਾਕਟਰਾਂ ਦੀ ਮਨਜ਼ੂਰ ਗਿਣਤੀ 110 ਹੈ ਅਤੇ 41 ਅਸਾਮੀਆਂ ਖਾਲੀ ਹਨ। ਗੜ੍ਹਸ਼ੰਕਰ ਦੇ ਸਿਵਲ ਹਸਪਤਾਲ ਵਿਚ ਔਸਤਨ ਸਾਲਾਨਾ 49 ਮਰੀਜ਼ ਦਮ ਤੋੜਦੇ ਹਨ। ਪਿਛਲੇ ਨੌਂ ਵਰ੍ਹਿਆਂ ਵਿਚ ਮੁਕਤਸਰ ਦੇ ਸਿਵਲ ਹਸਪਤਾਲ ਵਿਚ 280 ਮੌਤਾਂ, ਰਾਮਪੁਰਾ ਫੂਲ ਦੇ ਹਸਪਤਾਲ ਵਿਚ 685 ਮੌਤਾਂ, ਬਠਿੰਡਾ ਦੇ ਚਿਲਡਰਨ ਤੇ ਜਨਰਲ ਹਸਪਤਾਲ ਵਿਚ 176 ਮੌਤਾਂ ਅਤੇ ਤਲਵੰਡੀ ਸਾਬੋ ਦੇ ਹਸਪਤਾਲ ਵਿਚ 165 ਮੌਤਾਂ ਹੋਈਆਂ। ਕੁਰਾਲੀ ਦੇ ਸਿਵਲ ਹਸਪਤਾਲ ਵਿਚ ਨੌਂ ਵਰ੍ਹਿਆਂ ਵਿਚ 113, ਬੁਢਲਾਡਾ ਹਸਪਤਾਲ ਵਿਚ 68, ਗਿੱਦੜਬਾਹਾ ਹਸਪਤਾਲ ਵਿਚ 46 ਅਤੇ ਸ਼ਾਮ ਚੁਰਾਸੀ ਦੇ ਸਿਵਲ ਹਸਪਤਾਲ ਵਿਚ 28 ਮੌਤਾਂ ਹੋਈਆਂ ਹਨ।
ਡਾਕਟਰਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਹੋਰ ਸਕੀਮਾਂ ਵਿਚ ਜ਼ਿਆਦਾ ਸਮਾਂ ਉਲਝਾ ਕੇ ਰੱਖਿਆ ਜਾਂਦਾ ਹੈ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਦੇ ਪਿੰਡ ਬਾਦਲ ਦੇ ਸਿਵਲ ਹਸਪਤਾਲ ਵਿਚ ਐਮਰਜੈਂਸੀ ਦੀ ਸਹੂਲਤ ਤਾਂ ਹੈ ਪਰ ਅੱਜ ਤੱਕ ਇਥੇ ਐਮਰਜੈਂਸੀ ਅਟੈਂਡ ਨਹੀਂ ਹੋਈ। ਐਮਰਜੈਂਸੀ ਕੇਸਾਂ ਨੂੰ ਇਸ ਹਸਪਤਾਲ ਦੇ ਡਾਕਟਰ ਲੰਬੀ ਭੇਜ ਦਿੰਦੇ ਹਨ। ਪੈਰਾ ਮੈਡੀਕਲ ਐਂਡ ਹੈਲਥ ਐਂਪਲਾਈਜ਼ ਫਰੰਟ ਦੇ ਸੂਬਾਈ ਪ੍ਰਧਾਨ ਸਵਰਨਜੀਤ ਸਿੰਘ ਦਾ ਕਹਿਣਾ ਹੈ ਕਿ ਆਬਾਦੀ ਦਾ ਵੱਡਾ ਹਿੱਸਾ ਸਰਕਾਰੀ ਹਸਪਤਾਲਾਂ ‘ਤੇ ਨਿਰਭਰ ਹੈ ਅਤੇ ਚੇਤਨਾ ਦੀ ਕਮੀ ਕਰ ਕੇ ਬਿਮਾਰੀ ਹੱਦੋਂ ਵਧਣ ਮਗਰੋਂ ਮਰੀਜ਼ ਹਸਪਤਾਲ ਪੁੱਜਦੇ ਹਨ, ਜੋ ਮੌਤਾਂ ਵਧਣ ਦਾ ਮੁੱਖ ਕਾਰਨ ਹੈ। ਦੂਜਾ ਕਾਰਨ ਐਮਰਜੈਂਸੀ ਸੇਵਾਵਾਂ ਵਿਚ ਸਟਾਫ਼ ਦੀ ਵੱਡੀ ਕਮੀ ਤੇ ਸਰਕਾਰੀ ਡਾਕਟਰਾਂ ਵੱਲੋਂ ਪ੍ਰਾਈਵੇਟ ਪ੍ਰੈਕਟਿਸ ਨੂੰ ਤਰਜੀਹ ਦੇਣਾ ਹੈ। ਸਿਹਤ ਵਿਭਾਗ ਪੰਜਾਬ ਦੇ ਡਾਇਰੈਕਟਰ ਐਚæਐਸ਼ ਬਾਲੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਧਿਆਨ ਵਿਚ ਅਜਿਹੇ ਤੱਥ ਨਹੀਂ ਹਨ ਅਤੇ ਹਸਪਤਾਲਾਂ ਦੀਆਂ ਸੇਵਾਵਾਂ ਵਿਚ ਕਾਫੀ ਸੁਧਾਰ ਹੋਇਆ ਹੈ। ਉਨ੍ਹਾਂ ਆਖਿਆ ਕਿ ਹਸਪਤਾਲਾਂ ‘ਤੇ ਨਿਰਭਰ ਆਬਾਦੀ ਜ਼ਿਆਦਾ ਹੈ, ਇਸ ਦੇ ਬਾਵਜੂਦ ਇਲਾਜ ਦੀ ਗੁਣਵਤਾ ਵਧੀ ਹੈ।
__________________________________
ਸਰਕਾਰੀ ਹਸਪਤਾਲਾਂ ਵਿਚ ਮਰੀਜ਼ ਦੁੱਗਣੇ ਹੋਏ
ਚੰਡੀਗੜ੍ਹ: ਸਰਕਾਰੀ ਹਸਪਤਾਲਾਂ ਵਿਚ ਮਰੀਜ਼ਾਂ ਦੀ ਆਮਦ ਵੀ ਵਧੀ ਹੈ। ਲੁਧਿਆਣਾ ਦੇ ਹਸਪਤਾਲ ਵਿਚ ਸਾਲ 2007 ਵਿਚ 34,122 ਮਰੀਜ਼ ਦਾਖਲ ਹੋਏ, ਜਦੋਂ ਕਿ ਸਾਲ 2015 ਵਿਚ ਇਹ ਗਿਣਤੀ 61,961 ਹੋ ਗਈ। ਬਰਨਾਲਾ ਹਸਪਤਾਲ ਵਿਚ ਦਾਖਲ ਮਰੀਜ਼ਾਂ ਦੀ ਸਾਲ 2007 ਵਿਚ ਗਿਣਤੀ 10 ਹਜ਼ਾਰ ਅਤੇ ਸਾਲ 2015 ਵਿਚ 17,257 ਹੋ ਗਈ। ਮੁਕਤਸਰ ਦੇ ਹਸਪਤਾਲ ਵਿਚ ਸਾਲ 2008 ਵਿਚ ਚਾਰ ਹਜ਼ਾਰ ਮਰੀਜ਼ ਦਾਖਲ ਹੋਏ ਅਤੇ ਸਾਲ 2015 ਵਿਚ ਇਹ ਗਿਣਤੀ 12,188 ਹੋ ਗਈ। ਮੁਹਾਲੀ ਦੇ ਹਸਪਤਾਲ ਵਿਚ ਦਾਖਲ ਮਰੀਜ਼ਾਂ ਦੀ ਗਿਣਤੀ ਨੌਂ ਵਰ੍ਹਿਆਂ ਵਿਚ ਦੁੱਗਣੀ ਹੋ ਗਈ ਹੈ।