ਕੁਲਦੀਪ ਕੌਰ
ਫੋਨ: +91-98554-04330
ਮੀਰਾ ਹੋਣਾ ਸਿਰਫ ਪਿਆਰ ਹੋਣਾ ਹੈ। ਫਿਲਮ ‘ਮੀਰਾ’ ਵਿਚ ਜਦੋਂ ਮੀਰਾ ਤੈਅ ਸਮਾਜਿਕ ਕਾਇਦਿਆਂ ਅਨੁਸਾਰ ਬੱਚਾ ਪੈਦਾ ਕਰਨ ਤੋਂ ਮੁਨਕਰ ਹੋ ਜਾਂਦੀ ਹੈ ਤਾਂ ਕਾਰਨ ਪੁੱਛੇ ਜਾਣ ‘ਤੇ ਉਹ ਆਖਦੀ ਹੈ, “ਮੈਂ ਆਤਮਾ ਹੂੰ, ਸਰੀਰ ਨਹੀਂ। ਮੈਂ ਭਾਵਨਾ ਹੂੰ, ਕਿਸੀ ਸਮਾਜ ਕਾ ਵਿਚਾਰ ਨਹੀਂ। ਮੈਂ ਪ੍ਰੇਮੀ ਹੂੰ, ਪ੍ਰੇਮਿਕਾ ਹੂੰ, ਕੇਵਲ ਪ੍ਰੇਮ ਨਾਮ ਕੀ ਜੋਗਨ। ਕਿਸੀ ਸਬੰਧ ਕੀ ਕੜੀ ਨਹੀਂ। ਕਿਸੀ ਪਰਿਵਾਰ ਕੀ ਖੂੰਟੀ ਸੇ ਬੰਧੀ ਸਾਂਕਲ ਨਹੀਂ।” ਇਸ ਕਥਨ ਰਾਹੀਂ ਉਹ ਉਸ ਸਮਾਜਿਕ ਬਿਰਤਾਂਤ ਦੀ ਨਿਸ਼ਾਨਦੇਹੀ ਕਰਦੀ ਹੈ ਜਿਥੇ ਹਰ ਰਿਸ਼ਤਾ ਪਿਆਰ ਦੁਆਲੇ ਘੁੰਮਦਾ ਜਾਪਦਾ ਹੈ, ਪਰ ਅਸਲ ਵਿਚ ਪਿਆਰ ਕਿਤੇ ਵੀ ਨਹੀਂ।
‘ਸਿਰਫ ਪਿਆਰ ਕਰਨ’ ਨੂੰ ਨਾ ਸਿਰਫ ਸਮਾਜਿਕ ਤੌਰ ‘ਤੇ ਅਵਿਹਾਰਕ ਮੰਨਿਆ ਜਾਂਦਾ ਹੈ, ਸਗੋਂ ਅਜਿਹੇ ਪਿਆਰ ਵਿਚ ਪੈ ਗਏ ਲੋਕਾਂ ਨੂੰ ਸਮਾਜਿਕ ਨੇਮਾਂ ਤੇ ਰੀਤਾਂ ਲਈ ਖਤਰਨਾਕ ਮੰਨਦਿਆਂ ਉਨ੍ਹਾਂ ਨੂੰ ਸਮਾਜਿਕ ਨਫਰਤ ਅਤੇ ਸਮੂਹਿਕ ਸਜ਼ਾ ਦੇਣ ਦੀ ਗੈਰਮਾਨਵੀ ਪ੍ਰਥਾ ਵੀ ਮੌਜੂਦ ਹੈ। ਮੀਰਾ ਇਸ ਵਰਤਾਰੇ ਦੀ ਪ੍ਰਤੱਖ ਮਿਸਾਲ ਹੈ। ਮੀਰਾ ਦਾ ਕਿਰਦਾਰ ਕਈ ਪੱਖਾਂ ਤੋਂ ਮਹਤੱਵਪੂਰਨ ਹੈ। ਉਹ ਭਗਤੀ ਲਹਿਰ ਦੀ ਉਪਜ ਹੈ। ਇਸ ਲਹਿਰ ਨੇ ਥੋੜ੍ਹੇ-ਬਹੁਤੇ ਫਰਕ ਨਾਲ ਸਾਰੇ ਭਾਰਤ ਵਿਚ ਆਵਾਮ ਦੀ ਸਮਾਜਿਕ ਚੇਤਨਾ, ਧਾਰਮਿਕ ਮਾਨਤਾਵਾਂ, ਸਾਹਿਤਕ ਰੁਚੀਆਂ ਅਤੇ ਸਿਆਸੀ ਵਿਚਾਰਾਂ ‘ਤੇ ਅਸਰ ਪਾਇਆ। ਇਸ ਲਹਿਰ ਦਾ ਧੁਰਾ ਇਹ ਸੀ ਕਿ ਰੱਬ ਇੱਕ ਹੈ ਤੇ ਇਹ ਸਾਰਿਆਂ ਵਿਚ ਵੱਸਦਾ ਹੈ। ਮੀਰਾ ਦੀ ਕਲਪਨਾ ਵਿਚ ਕ੍ਰਿਸ਼ਨ ਦੇਵਤਾ ਨਹੀਂ, ਬਲਿਕ ਉਸ ਦਾ ਸਾਥੀ ਹੈ ਜਿਸ ਨੂੰ ਉਹ ਆਪਣੇ ਨਾਲ ਹੋਲੀ ਖੇਲਣ ਦਾ ਸੱਦਾ ਦਿੰਦੀ ਹੈ। ਇਸ ਤਰਾਂ੍ਹ ਉਹ ‘ਬੰਦਾ, ਇਸ਼ਕ ਤੇ ਅੱਲਾ੍ਹ ਇਕ ਹਨ’ ਦਾ ਹੋਕਾ ਦਿੰਦੀ ਹੈ। ਉਸ ਲਈ ਇਸ ਸੱਦੇ ਦੇ ਅਰਥ ਤੇ ਨਤੀਜੇ ਹੋਰ ਵੀ ਗੁੰਝਲਦਾਰ ਹਨ। ਉਹ ਰਾਜਸੀ ਪਰਿਵਾਰ ਦੀ ਧੀ ਹੈ ਤੇ ਰਾਜਪੂਤ ਪਤੀ ਦੀ ਬੀਵੀ। ਜਦੋਂ ਉਹ ਭਗਵੇ ਕੱਪੜਿਆਂ ਵਿਚ ‘ਮੇਰੋ ਤੋ ਗਿਰਧਰ ਗੋਪਾਲ, ਦੂਸਰਾ ਨਾ ਕੋਏ’ ਮੰਦਿਰਾਂ ਵਿਚ ਗਾਉਂਦੀ ਫਿਰਦੀ ਹੈ ਤਾਂ ਉਸ ਦਾ ਔਰਤ ਦੀ ਸਮਾਜਿਕ ਭੂਮਿਕਾ ਬਾਰੇ ਬਣੀਆਂ ਧਾਰਨਾਵਾਂ ਨਾਲ ਸਿੱਧਾ ਟਕਰਾਉ ਸਾਹਮਣੇ ਆਉਂਦਾ ਹੈ। ਕੀ ਇਸ ਨੂੰ ਇੱਦਾਂ ਨਹੀਂ ਪੜ੍ਹਿਆ ਜਾ ਸਕਦਾ ਕਿ ਔਰਤ ਦੀ ਲਿੰਗਕ ਆਜ਼ਾਦੀ ਤੇ ਸਮਾਜਿਕ ਕੰਟਰੋਲ ਇੰਨਾ ਪੀਡਾ ਹੈ ਕਿ ਉਸ ਲਈ ਕਲਪਨਾ ਵਿਚ ਵੀ ਕਿਸੇ ਦੂਸਰੇ ਮਰਦ ਦਾ ਤਸਵੱਰ ਕਰਨਾ ਵੀ ਉਸ ਦੀ ਜਾਨ ਦਾ ਖੌਅ ਬਣ ਸਕਦਾ ਹੈ!æææ ਇਹ ਦੂਸਰਾ ਮਰਦ ਭਾਵੇਂ ਦੇਵਤਾ ਹੀ ਹੋਵੇ। ਅਜਿਹਾ ਹੀ ਮੀਰਾ ਨਾਲ ਹੁੰਦਾ ਹੈ। ਦਿਲਚਸਪ ਤੱਥ ਹੈ ਕਿ ਜਿਥੇ ਸਾਰੇ ਧਰਮ ਜ਼ੋਰ-ਸ਼ੋਰ ਨਾਲ ਰੱਬ ਦੀ ਭਗਤੀ ਵਿਚ ਵਿਲੀਨ ਹੋ ਜਾਣ ਦਾ ਹੋਕਾ ਦਿੰਦੇ ਹਨ, ਉਥੇ ਕਿਸੇ ਔਰਤ ਦੇ ਆਪਣੀ ਭਗਤੀ ਉਤੇ ਹੁਨਰ ਦੇ ਦਾਅਵੇ ਵਿਚੋਂ ਉਨ੍ਹਾਂ ਨੂੰ ਨਾਸਤਿਕਤਾ ਅਤੇ ਪਾਗਲਪਣ ਦੀ ਗੰਧ ਆਉਂਦੀ ਹੈ!
ਫਿਲਮ ‘ਮੀਰਾ’ ਵਿਚ ਗੁਲਜ਼ਾਰ ਮੀਰਾ ਸਿਰਜਦੇ ਸਮੇਂ ਕਿਤੇ ਵੀ ਮੀਰਾ ਦੇ ਬੋਲਾਂ ਦਾ ਪੱਲਾ ਨਹੀਂ ਛੱਡਦੇ, ਕਿਉਂਕਿ ਮੀਰਾ ਦੇ ਜਜ਼ਬਾਤ ਨੂੰ ਹੋਰ ਕੋਈ ਕਲਮ ਜਾਂ ਕਲਾਮ ਆਵਾਜ਼ ਨਹੀਂ ਦੇ ਸਕਦਾ। ਉਸ ਦੇ ਇਹ ਬੋਲ ਨਿਜੀ ਤੋਂ ਸਮੂਹਿਕਤਾ ਤੱਕ ਫੈਲਦੇ ਹਨ। ਇਨ੍ਹਾਂ ਬੋਲਾਂ ਵਿਚ ਹਵਸ ਨੂੰ ਰੱਦ ਕਰਦੀ ਦਲੀਲ ਹੈ। ਇਹ ਦਲੀਲ ਮੀਰਾ ਦੇ ਔਰਤ ਹੋਣ ਕਾਰਨ ਹੋਰ ਵੀ ਜ਼ਰੂਰੀ ਬਣ ਜਾਂਦੀ ਹੈ। ਇਥੇ ਇਕ ਨੁਕਤਾ ਇਹ ਵੀ ਬਣਦਾ ਹੈ ਕਿ ਭਗਤੀ ਦੌਰ ਦੇ ਜ਼ਿਆਦਾਤਰ ਸਾਹਿਤ ਵਿਚ ਭਗਤ ਆਪਣੇ-ਆਪ ਨੂੰ ਔਰਤ ਦੇ ਰੂਪ ਵਿਚ ਚਿਤਵਦੇ ਹਨ ਅਤੇ ਰੱਬ ਨੂੰ ਆਪਣੇ ਖਸਮ ਦੇ ਰੂਪ ਵਿਚ। ਮੀਰਾ ਇਸ ਰਿਸ਼ਤੇ ਨੂੰ ਦੁੱਖ-ਸੁੱਖ ਵੰਡਣ ਵਾਲੇ ਸਾਥੀ ਦਾ ਰੂਪ ਦਿੰਦੀ ਹੈ। ਉਸ ਦੇ ਦੋਹਿਆਂ ਵਿਚ ਮਰਦ ਦੇ ਰੂਪ ਦਾ ਖੁੱਲ੍ਹੇ ਦਿਲ ਨਾਲ ਵਰਣਨ ਹੈ। ਉਸ ਦੇ ਭਜਨ ‘ਵਸੋ ਮੋਰੇ ਨੈਨਣ ਮੇਂ ਨੰਦ ਲਾਲ, ਮੋਹਨੀ ਮੂਰਤ ਸਾਂਵਲੀ ਸੂਰਤ, ਨੈਨਾ ਬਨੇ ਵਿਸ਼ਾਲ’ ਵਿਚ ਇਹ ਰੰਗ ਦੇਖਿਆ ਜਾ ਸਕਦਾ ਹੈ। ਇਥੇ ਖੋਜ ਦਾ ਵਿਸ਼ਾ ਇਹ ਵੀ ਹੋ ਸਕਦਾ ਹੈ ਕਿ ਔਰਤ ਦੇ ਜਿਸਮ ਸਬੰਧੀ ਲਿਖੇ ਤੇ ਚਿਤਰੇ ਮਣਾਂ-ਮੂੰਹੀਂ ਸਾਹਿਤ ਤੇ ਕਲਾ ਦੇ ਉਲਟ ਮਰਦ ਸਰੀਰ ਦਾ ਇਹ ਤਸਵੱਰ ਹੀ ਤਾਂ ਕਿਤੇ ਮੀਰਾ ਨੂੰ ਜ਼ਹਿਰ ਦਿੱਤੇ ਜਾਣ ਦਾ ਕਾਰਨ ਤਾਂ ਨਹੀਂ ਬਣਿਆ? ਇਸ ਬਾਰੇ ਇਹ ਨੁਕਤਾ ਵੀ ਧਿਆਨ ਮੰਗਦਾ ਹੈ ਕਿ ਜਿਥੇ ਉਸ ਦੌਰ ਦੇ ਬਹੁਤੇ ਸੰਤਾਂ ਨੂੰ ਮੰਨਣ ਵਾਲੇ ਭਗਤਾਂ ਦੀ ਵੱਡੀ ਗਿਣਤੀ ਦਾ ਜ਼ਿਕਰ ਆਉਂਦਾ ਹੈ, ਮੀਰਾ ਬਾਰੇ ਕਿਤੇ ਅਜਿਹਾ ਵਰਣਨ ਨਹੀਂ ਮਿਲਦਾ।
ਫਿਲਮ ‘ਮੀਰਾ’ ਵਿਚ ਸੰਤ ਮੀਰਾ ‘ਤੇ ਇਹ ਇਲਜ਼ਾਮ ਵੀ ਲਗਦਾ ਹੈ ਕਿ ਉਸ ਨੇ ਆਪਣੇ ਪਤੀ ਤੋਂ ਬਿਨਾਂ ਹੋਰ ਮਰਦਾਂ ਨਾਲ ਰੱਬ, ਸਮਾਜ ਅਤੇ ਜ਼ਿੰਦਗੀ ਬਾਰੇ ਬਹਿਸਾਂ-ਗੋਸ਼ਟੀਆਂ ਵਿਚ ਹਿੱਸਾ ਲਿਆ ਹੈ। ਉਸ ਨੂੰ ਜ਼ਹਿਰ ਇਸ ਲਈ ਵੀ ਪਿਲਾਇਆ ਗਿਆ ਕਿ ਉਸ ਨੇ ਜਾਤ-ਪਾਤ ਅਤੇ ਊਚ-ਨੀਚ ਦੀਆਂ ਰਸਮਾਂ ਨੂੰ ਦਰਕਿਨਾਰ ਕਰਦਿਆਂ ਹਰ ਤਬਕੇ ਨੂੰ ਆਪਣੀ ਧੁਨ ਸੁਣਾਈ। ਉਸ ਦਾ ਸਭ ਤੋਂ ਵੱਡਾ ਗੁਨਾਹ ਇਹ ਮੰਨਿਆ ਗਿਆ ਕਿ ਉਸ ਨੇ ਸਾਰੀਆਂ ਬੀਵੀਆਂ ਵਾਂਗ ਆਪਣੇ ਪਤੀ ਦਾ ਧਰਮ ਸਵੀਕਾਰ ਨਹੀਂ ਕੀਤਾ। ਉਸ ਨੂੰ ਸਜ਼ਾ ਸੁਣਾਉਂਦਿਆ ਧਰਮ ਗੁਰੂ ਇਸ ਨੂੰ ਦੇਸ਼-ਧ੍ਰੋਹ ਕਰਾਰ ਦਿੰਦਾ ਹੈ। ਫਿਲਮ ਨੇ ਭਾਵੇਂ ਬਾਕਸ ਆਫਿਸ ‘ਤੇ ਘੱਟ ਕਮਾਈ ਕੀਤੀ, ਪਰ ਇਹ ਮੀਰਾ ਦਾ ਪੱਖ ਜ਼ੋਰਦਾਰ ਢੰਗ ਨਾਲ ਦਰਸ਼ਕਾਂ ਅੱਗੇ ਰੱਖਣ ਵਿਚ ਕਾਮਯਾਬ ਰਹੀ।