ਹਿੰਦੁਸਤਾਨ ਦੀ ਆਜ਼ਾਦੀ ਵੇਲੇ ਹੋਈ ਪੰਜਾਬ ਦੀ ਵੰਡ ਅਜਿਹਾ ਨਾਸੂਰ ਹੈ ਜਿਸ ਦਾ ਦਰਦ ਪੀੜ੍ਹੀ-ਦਰ-ਪੀੜ੍ਹੀ ਅੱਜ ਤਕ ਅਗਾਂਹ ਚੱਲ ਰਿਹਾ ਹੈ। ਆਪਣੇ ਪੁਰਖਿਆਂ ਤੋਂ ਸੁਣੀਆਂ ਅਤੇ ਲਿਖੀਆਂ ਗੱਲਾਂ-ਬਾਤਾਂ ਅੱਜ ਵੀ ਅੱਖਾਂ ਵਿਚ ਹੰਝੂ ਅਤੇ ਦਿਲ ਵਿਚ ਦਰਦ ਭਰ ਦਿੰਦੀਆਂ ਹਨ। ਡਾਕਟਰ ਸਤਯਪਾਲ ਗੌਤਮ ਨੇ ਇਕ ਵੱਖਰੇ ਜ਼ਾਵੀਏ ਤੋਂ ਇਸ ਵੰਡ ਬਾਰੇ ਕੁਝ ਵਿਚਾਰ ਇਸ ਲੇਖ ਵਿਚ ਸਾਂਝੇ ਕੀਤੇ ਹਨ। ਵੰਡ ਨਾਲ ਜੁੜੀ ਹਰ ਯਾਦ ਅਤੇ ਦਰਦ ਦਾ ਤੋੜਾ ਇਕ ਹੀ ਗੱਲ ‘ਤੇ ਟੁੱਟਦਾ ਹੈ ਕਿ ਆਵਾਮ ਤਾਂ ਸਾਂਝ ਦੀਆਂ ਤੰਦਾਂ ਮਜ਼ਬੂਤ ਕਰਨਾ ਲੋਚਦੇ ਹਨ,
ਪਰ ਸੌੜੀ ਸਿਆਸਤ ਚਲਾਉਣ ਵਾਲੇ ਸਰਹੱਦ ਦੇ ਦੋਹੀਂ ਪਾਸੀਂ ਵਸੇ ਲੋਕਾਂ ਵਿਚ ਫਰਕ ਪਾਈ ਰੱਖਦੇ ਹਨ। ਲੇਖਕ ਨੇ ਇਸ ਲੇਖ ਵਿਚ ਉਸ ਨਫਰਤ ਦੀ ਨਿਸ਼ਾਨਦੇਹੀ ਵੀ ਕੀਤੀ ਹੈ ਜਿਹੜੀ ਦੋਹਾਂ ਪਾਸਿਆਂ ਦੇ ਸਿਆਸਤਦਾਨ ਲੋਕਾਂ ਦੇ ਦਿਲਾਂ ਉਤੇ ਨਿੱਤ ਦਿਨ ਥੋਪੀ ਜਾ ਰਹੇ ਹਨ। -ਸੰਪਾਦਕ
ਸਤਯਪਾਲ ਗੌਤਮ
ਮੇਰਾ ਜਨਮ ਵੰਡ ਤੋਂ ਬਾਅਦ ਪਿਛਲੀ ਸਦੀ ਦੇ ਛੇਵੇਂ ਦਹਾਕੇ ਦੇ ਪਹਿਲੇ ਸਾਲ ਵਿਚ ਹੋਇਆ। ਇਸ ਤਰ੍ਹਾਂ ਮੈਂ ਬਟਵਾਰੇ ਤੋਂ ਬਾਅਦ ਦੀ ਪਹਿਲੀ ਪੀੜ੍ਹੀ ਦਾ ਪੁੱਤ ਹਾਂ। ਮੇਰਾ ਬਚਪਨ ਦੁਆਬੇ ਦੇ ਪਿੰਡ ਮਸਾਣੀਆਂ ਵਿਚ ਗੁਜ਼ਰਿਆ। ਇਹ ਪਿੰਡ ਰੇਲਵੇ ਸਟੇਸ਼ਨ ਸ਼ਾਮ ਚੁਰਾਸੀ ਤੋਂ ਮੀਲ ਕੁ ਦੀ ਵਾਟ ‘ਤੇ ਹੈ। ਜਲੰਧਰ-ਹੁਸ਼ਿਆਰਪੁਰ ਰੇਲਵੇ ਲਾਈਨ ‘ਤੇ ਪੈਂਦੇ ਇਸ ਸਟੇਸ਼ਨ ਦਾ ਨਾਂ ਸ਼ਾਸਤਰੀ ਸੰਗੀਤ ਦੇ ਮਸ਼ਹੂਰ ਘਰਾਣੇ ਨਾਲ ਸਬੰਧਤ ਪਿੰਡ ਸ਼ਾਮ ਚੁਰਾਸੀ ਦੇ ਨਾਂ ‘ਤੇ ਰੱਖਿਆ ਗਿਆ ਸੀ। ਇਸ ਪਿੰਡ ਦੇ ਸ਼ਾਸਤਰੀ ਸੰਗੀਤ ਨਾਲ ਪੀੜ੍ਹੀ-ਦਰ-ਪੀੜ੍ਹੀ ਜੁੜੇ ਪਰਿਵਾਰਾਂ ਵਿਚੋਂ ਸਲਾਮਤ ਅਲੀ ਅਤੇ ਅਮਾਨਤ ਅਲੀ ਭਰਾਵਾਂ ਨੇ ਪੰਜਾਬ ਦੀ ਵੰਡ ਪਿਛੋਂ ਸ਼ਾਮ ਚੁਰਾਸੀ ਘਰਾਣੇ ਦੀ ਇਸ ਪਰੰਪਰਾ ਨੂੰ ਲਹਿੰਦੇ ਪੰਜਾਬ ਵਿਚ ਜਿਉਂਦੀ ਰੱਖਿਆ ਤੇ ਅਗਾਂਹ ਤੋਰਿਆ।
ਮੇਰੇ ਦਾਦਾ ਜੀ ਦੱਸਿਆ ਕਰਦੇ ਸੀ ਕਿ ਪੰਜਾਬ ਦੀ ਵੰਡ ਤੋਂ ਪਹਿਲਾਂ ਸਾਡੇ ਆਲੇ-ਦੁਆਲੇ ਦੇ ਪਿੰਡਾਂ ਦੀ ਬਹੁਤੀ ਵਸੋਂ ਮੁਸਲਮਾਨਾਂ ਦੀ ਸੀ। ਇਹ ਵੀ ਦੱਸਦੇ ਸਨ ਕਿ ਵੰਡ ਹੋਣ ਤੋਂ ਪਹਿਲਾਂ ਪੰਜਾਬ ਦੇ ਤਿੰਨ ਮੁੱਖ ਫਿਰਕਿਆਂ-ਹਿੰਦੂਆਂ, ਮੁਸਲਮਾਨਾਂ ਤੇ ਸਿੱਖਾਂ ਨੇ ਕਦੀ ਸੋਚਿਆ ਵੀ ਨਹੀਂ ਸੀ ਕਿ ਪੰਜਾਬ ਦੇ ਟੁਕੜੇ ਹੋ ਜਾਣਗੇ। ਪੰਜਾਬੀਆਂ ਨੇ ਨਾ ਤਾਂ ਬਟਵਾਰੇ ਦੀ ਮੰਗ ਕੀਤੀ ਸੀ ਤੇ ਨਾ ਹੀ ਇਹਦੇ ਲਈ ਹੁੰਗਾਰਾ ਭਰਿਆ ਸੀ, ਪਰ ਇਸ ਵੰਡ ਨਾਲ ਸੋਚ-ਵਲੂੰਧਰਦੇ ਪਾਗਲਪਣ ਦਾ ਝੱਖੜ ਝੁੱਲਿਆ ਤੇ ਭਰਮ ਭੁਲੇਖੇ, ਹਫੜਾ-ਦਫੜੀ, ਲੁੱਟ-ਮਾਰ, ਉਥਲ-ਪੁਥਲ ਅਤੇ ਬਲਾਤਕਾਰਾਂ ਵਿਚ ਉਜਾਗਰ ਹੋਇਆ। ਇਸ ਅਜੀਬ ਪਾਗਲਪਣ ਦੀਆਂ ਕੌੜੀਆਂ ਯਾਦਾਂ, ਭਾਵੇਂ ਆਪ ਝੱਲੀਆਂ ਜਾਂ ਕਿਸੇ ਤੋਂ ਸੁਣੀਆਂ ਤਕਲੀਫ਼ਾਂ ਦੀਆਂ ਹੋਣ, ਅਜੇ ਤੀਕ ਉਨ੍ਹਾਂ ਸਾਰਿਆਂ ਨੂੰ, ਜਿਨ੍ਹਾਂ ਇਹ ਕਾਰੇ ਆਪ ਕੀਤੇ ਜਾਂ ਇਸ ਤੋਂ ਬਚੇ ਰਹਿ ਗਏ ਅਤੇ ਉਨ੍ਹਾਂ ਦੀਆਂ ਅਗਲੀਆਂ ਨਸਲਾਂ ਨੂੰ, ਵਾਰ-ਵਾਰ ਚੇਤੇ ਆਉਂਦੀਆਂ ਹਨ।
ਸਹਿਜੇ-ਸਹਿਜੇ ਹੀ ਸਹੀ ਪਰ ਪਿਛਲੀ ਸਦੀ ਦੇ ਬਾਅਦ ਪੰਜਾਬੀ ਲਗਾਤਾਰ ਮੌਖਿਕ ਸਭਿਆਚਾਰ ਤੋਂ ਕਿਸੇ ਹੱਦ ਤੱਕ ਪੜ੍ਹੇ ਲਿਖੇ ਮੁਆਸ਼ਰੇ ਵਿਚ ਤਬਦੀਲ ਹੋ ਗਏ। ਇਹ ਸਭ ਕੁਝ ਸਾਮਰਾਜੀ ਸ਼ਾਸਨ ਵਿਚ ਉਨ੍ਹੀਵੀਂ ਸਦੀ ਦੇ ਆਖਰਲੇ ਤੇ ਵੀਹਵੀਂ ਸਦੀ ਦੇ ਪਹਿਲੇ ਦਹਾਕਿਆਂ ਵਿਚ ਹੋਇਆ। ਜ਼ਾਹਿਰ ਹੈ ਕਿ ਇਹ ਗੱਲ ਭੁੱਲਣ ਵਾਲੀ ਨਹੀਂ, ਸਗੋਂ ਸਾਨੂੰ ਇਸ ਗੱਲ ਨੂੰ ਵਾਰ-ਵਾਰ ਚੇਤੇ ਕਰਨਾ ਚਾਹੀਦਾ ਹੈ ਕਿ ਬਦਲਾਓ ਦੇ ਇਸ ਇਤਿਹਾਸਕ ਦੌਰ ਨੇ ਕਈ ਜਟਿਲ ਅਤੇ ਅਣਕਿਆਸੇ ਮੰਜ਼ਰ ਪੇਸ਼ ਕੀਤੇ ਜਿਨ੍ਹਾਂ ਨੂੰ ਨਜਿੱਠਣ ਲਈ ਅਸੀਂ ਤਿਆਰ ਨਹੀਂ ਸਾਂ। ਪੜ੍ਹਨ ਲਿਖਣ ਦੇ ਫੈਲਾਅ ਨਾਲ ਜਿਹੜੇ ਨਵੇਂ ਮੌਕੇ ਪੇਸ਼ ਕੀਤੇ, ਉਹ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਦੀ ਪ੍ਰਗਤੀ ਅਤੇ ਵਾਧੇ ਵਿਚ ਅਹਿਮ ਕਦਮ ਹੋ ਸਕਦੇ ਸਨ। ਮੰਦੇ ਭਾਗੀਂ, ਸਾਡੇ ਵਡੇਰਿਆਂ ਨੇ ਰਲ-ਮਿਲ ਕੇ ਬਿਨਾਂ ਸੋਚੇ ਵਿਚਾਰੇ ਹੀ ਇਸ ਸੰਭਾਵਨਾ ਨੂੰ ਆਫ਼ਤ ਬਣਾ ਕੇ ਰੱਖ ਦਿੱਤਾ।
ਇਨ੍ਹਾਂ ਸਮਿਆਂ ਵਿਚ ਤਿੰਨੇ ਫਿਰਕਿਆਂ ਦੇ ਸਮਾਜਿਕ ਅਤੇ ਧਾਰਮਿਕ ਆਗੂਆਂ ਨੇ ਆਪੋ-ਆਪਣੀਆਂ ਧਾਰਮਿਕ ਲਿਪੀਆਂ ਨੂੰ ਪੰਜਾਬੀ ਭਾਸ਼ਾ ਦੀ ਲਿਪੀ ਵਜੋਂ ਮੰਨਵਾਉਣ ਜਾਂ ਲਾਗੂ ਕਰਾਉਣ ਦੀ ਸਿਰਤੋੜ ਕੋਸ਼ਿਸ਼ ਕੀਤੀ। ਇਹ ਖਿੱਚ-ਧੂਹ ਅਤੇ ਦੁਸ਼ਮਣੀ ਇਸ ਹੱਦ ਤੀਕ ਆਪਸੀ ਰੰਜਸ਼ ਅਤੇ ਝਗੜੇ ਵਿਚ ਫੈਲੀ ਕਿ ਮੁਸਲਮਾਨ ਅਤੇ ਹਿੰਦੂ ਸ੍ਰੇਸ਼ਠ ਵਰਗ ਨੇ ਆਪਣੀ ਨਾਸਮਝੀ ਵਿਚ ਪੰਜਾਬੀ ਨੂੰ ਤਿਲਾਂਜਲੀ ਦੇ ਦਿੱਤੀ ਅਤੇ ਉਰਦੂ ਤੇ ਹਿੰਦੀ ਨੂੰ ਆਪੋ-ਆਪਣੀਆਂ ਭਾਸ਼ਾਵਾਂ ਵਜੋਂ ਸਮੋ ਲਿਆ। ਨਤੀਜੇ ਵਜੋਂ ਪੰਜਾਬੀ ਦਾ ਮੰਦਭਾਗ ਇਹ ਹੋਇਆ ਕਿ ਪੰਜਾਬੀ ਪੰਜਾਬ ਦੀ ਭਾਸ਼ਾ ਨਾ ਹੋ ਕੇ ਲਗਭਗ ਸਿੱਖਾਂ ਦੇ ਪੱਲੇ ਵਿਚ ਸਿਮਟ ਗਈ। ਬਹੁਸੰਮਤੀ ਦੇ ਵਿਚਾਰਾਂ ਨੂੰ ਤਰਜੀਹ ਦੇਣ ਦੇ ਪਰਜਾਤੰਤਰੀ ਸਿਧਾਂਤ ਦੀ ਆੜ ਹੇਠ ਬਸਤੀਵਾਦੀ ਪ੍ਰਸ਼ਾਸਨ ਨੇ ਸਕੂਲਾਂ ਤੇ ਦਫਤਰੀ ਕੰਮਕਾਜ ਦੀ ਭਾਸ਼ਾ ਵਿਚ ਉਰਦੂ ਲਾਗੂ ਕਰ ਦਿੱਤੀ। ਇਸ ਤਰ੍ਹਾਂ ਵਿਦਿਅਕ ਢਾਂਚੇ ਵਿਚ ਪੰਜਾਬੀ ਸਿੱਖਣ/ਸਿਖਾਉਣ ਦਾ ਕੰਮ ਨਾਂ-ਮਾਤਰ ਹੀ ਰਹਿ ਗਿਆ।
ਅੰਗਰੇਜ਼ਾਂ ਦੇ ਜਾਣ ਅਤੇ ਪੰਜਾਬ ਦੀ ਵੰਡ ਪਿਛੋਂ ਚੜ੍ਹਦੇ ਪੰਜਾਬ ਦੇ ਹਿੰਦੂ ਤੇ ਸਿੱਖ ਨੇਤਾਵਾਂ ਵਿਚਾਲੇ ਪੰਜਾਬੀ ਭਾਸ਼ਾ ਦੀ ਢੁਕਵੀਂ ਲਿਪੀ ਦੇ ਮੁੱਦੇ ਨੇ ਫਿਰ ਸਿਰ ਚੁੱਕ ਲਿਆ। ਇਹ ਮੁੱਦਾ ਹਿੰਦੂ ਮੋਹਤਬਰਾਂ ਦੇ ਬੇ-ਬੁਨਿਆਦ ਦਾਅਵਿਆਂ ਦਾ ਸ੍ਰੋਤ ਬਣਿਆ ਅਤੇ ਸਿੱਟਾ ਇਹ ਨਿਕਲਿਆ ਕਿ 1966 ਵਿਚ ਪੰਜਾਬ ਅਤੇ ਹਰਿਆਣਾ ਦੇ ਰੂਪ ਵਿਚ ਸੂਬੇ ਦਾ ਢਾਂਚਾ ਦੁਬਾਰਾ ਉਲੀਕਿਆ ਗਿਆ। ਦੂਜੇ ਪਾਸੇ ਪੂਰਬੀ ਪਾਕਿਸਤਾਨ ਵੱਲੋਂ ਭਾਰੀ ਵਿਰੋਧ ਦੇ ਬਾਵਜੂਦ ਉਰਦੂ ਨੂੰ ਪਾਕਿਸਤਾਨ ਦੀ ਸਰਕਾਰੀ ਭਾਸ਼ਾ ਵਜੋਂ ਲਾਗੂ ਕਰ ਦਿੱਤਾ ਗਿਆ ਅਤੇ ਪੰਜਾਬ ਵਿਚ ਉਰਦੂ ਹੀ ਸਿੱਖਿਆ ਅਤੇ ਪ੍ਰਸ਼ਾਸਨ ਦੀ ਭਾਸ਼ਾ ਬਣੀ ਰਹੀ।
ਲਹਿੰਦੇ ਪੰਜਾਬ ਵਿਚ ਪੰਜਾਬੀ ਭਾਸ਼ਾ ਅਤੇ ਸੰਸਕ੍ਰਿਤੀ ਦੇ ਮਸਲੇ ਨੇ ਬੰਗਲਾਦੇਸ਼ ਦੇ ਆਜ਼ਾਦ ਮੁਲਕ ਬਣਨ ਬਾਅਦ ਦੁਬਾਰਾ ਸਿਰ ਚੁੱਕਿਆ। ਬਾਕੀ ਬਚੀਆਂ ਪਾਕਿਸਤਾਨੀ ਉਪ ਰਾਸ਼ਟਰੀ ਕੌਮਾਂ ਜਿਵੇਂ ਸਿੰਧੀ, ਬਲੋਚ ਅਤੇ ਪਖਤੂਨਾਂ ਨੇ ਵੀ ਆਪੋ-ਆਪਣੀ ਜ਼ੁਬਾਨ ਨੂੰ ਆਪਣੇ ਸੂਬਿਆਂ ਵਿਚ ਸਿੱਖਿਆ ਅਤੇ ਪ੍ਰਸ਼ਾਸਨ ਵਿਚ ਤਸਲੀਮ ਅਤੇ ਲਾਗੂ ਕਰਨ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਇਹ ਗੱਲ ਹਾਸੋਹੀਣੀ ਲੱਗੇਗੀ ਕਿ ਪਾਕਿਸਤਾਨ ਦੀ ਸਰਕਾਰੀ ਐਲਾਨੀ ਰਾਸ਼ਟਰ ਭਾਸ਼ਾ ਉਰਦੂ, ਦਿੱਲੀ ਅਤੇ ਯੂæਪੀæ ਤੋਂ ਉਜੜ ਕੇ ਆਏ ਮੁਹਾਜਿਰਾਂ ਦੀ ਜ਼ਬਾਨ ਸੀ, ਨਾ ਕਿ ਪਾਕਿਸਤਾਨ ਵਿਚ ਰਹਿੰਦੀ ਪੁਰਾਣੀ ਵਸੋਂ ਦੀ।
ਇਨ੍ਹਾਂ ਹਾਲਾਤ ਵਿਚ ਲਹਿੰਦੇ ਪੰਜਾਬ ਦੇ ਪੰਜਾਬੀਆਂ ਨੂੰ ਵੀ ‘ਦੇਰ ਆਇਦ ਦਰੁਸਤ ਆਇਦ’ ਸੋਝੀ ਆਈ ਕਿ ਉਨ੍ਹਾਂ ਨੇ ਅਨਜਾਣੇ ਹੀ ਆਪਣੀ ਭਾਸ਼ਾ ਦਾ ਪਤਨ ਹੋਣ ਦਿੱਤਾ ਹੈ। ਪੰਜਾਬੀ ਭਾਸ਼ਾ ਅਤੇ ਸੰਸਕ੍ਰਿਤੀ ਬਾਰੇ ਇਸ ਦੇਰ ਨਾਲ ਕੀਤੇ ਫਿਕਰ ਨੇ ਜ਼ੋਰ ਫੜਿਆ ਜਿਸ ਸਦਕਾ ਪਿਛਲੀ ਸਦੀ ਦੇ ਸੱਤਰਵਿਆਂ ਵਿਚ ਪੱਛਮੀ ਪਾਕਿਸਤਾਨ ਦੇ ਲਹਿੰਦੇ ਪੰਜਾਬ ਵਿਚ ਲੋਕ ਵਿਰਸਾ ਲਹਿਰ ਸ਼ੁਰੂ ਹੋਈ ਤਾਂ ਜੋ ਪੰਜਾਬੀ ਬੋਲੀ ਨੂੰ ਆਪਣੀ ਬਣਦੀ ਥਾਂ ਫਿਰ ਦੁਆਈ ਜਾ ਸਕੇ। ਇਹ ਲਹਿਰ ਭਾਵੇਂ ਹੌਲੀ-ਹੌਲੀ ਵਧੀ ਪਰ ਇਹ ਸਹਿਜੇ ਸਹਿਜੇ ਆਪਣੇ ਮੁੱਖ ਮੰਤਵਾਂ ਨੂੰ ਇਸ ਸਦੀ ਦੇ ਸ਼ੁਰੂ ਤੱਕ ਪ੍ਰਾਪਤ ਕਰਨ ਵਿਚ ਸਫਲ ਹੋਈ। ਚੰਗਾ ਨਤੀਜਾ ਇਹ ਹੋਇਆ ਕਿ ਪਾਕਿਸਤਾਨੀ ਪੰਜਾਬ ਦੀ ਸੂਬਾ ਅਸੈਂਬਲੀ ਵਿਚ ਪੰਜਾਬੀ ਬੋਲਣਾ ਹੁਣ ਅਪਰਾਧ ਨਹੀਂ ਰਿਹਾ। ਲਹਿੰਦੇ ਪੰਜਾਬ ਦੇ ਸਕੂਲਾਂ ਵਿਚ ਤੀਸਰੀ ਜਮਾਤ ਤੋਂ ਸ਼ਾਹਮੁਖੀ ਲਿਪੀ ਵਿਚ ਪੰਜਾਬੀ ਪੜ੍ਹਾਉਣ ਲਈ ਕਦਮ ਚੁੱਕੇ ਜਾ ਰਹੇ ਹਨ।
ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਵੀਹਵੀਂ ਸਦੀ ਪੰਜਾਬੀ ਭਾਸ਼ਾ, ਸਭਿਆਚਾਰ ਅਤੇ ਆਵਾਮ ਲਈ ਦੁਖਾਂਤਾਂ ਦੀ ਸਦੀ ਸੀ। ਪੰਜਾਬੀਆਂ ਨੇ ਸਿਰਫ ਆਪਣੇ ਆਪ ਨੂੰ ਇਕ ਲਿਪੀ ਦੇ ਮੁੱਦੇ ‘ਤੇ ਹੀ ਨਹੀਂ ਵੰਡਿਆ, ਗੱਲ ਇਥੋਂ ਤੱਕ ਵਧੀ ਕਿ ਮੁਸਲਮਾਨਾਂ ਤੇ ਹਿੰਦੂਆਂ ਦੇ ਕੁਝ ਸਮੂਹਾਂ ਨੇ ਆਪਣੀ ਪਸੰਦੀਦਾ ਲਿਪੀ ਦੇ ਫਾਇਦੇ ਲਈ ਆਪਣੀ ਭਾਸ਼ਾ ਨੂੰ ਹੀ ਤਿਲਾਂਜਲੀ ਦੇ ਦਿੱਤੀ। ਇਸ ਸੋਚੀ ਸਮਝੀ ਦੁਸ਼ਮਣੀ ਦਾ ਮਾੜਾ ਅਸਰ ਆਪਣੇ ਅੱਡ-ਅੱਡ ਨਕਸ਼ਾਂ ਅਤੇ ਬਹਾਨਿਆਂ ਦੇ ਰੂਪ ਵਿਚ ਅਜੇ ਤੱਕ ਕਾਇਮ ਹੈ। ਕਿਸੇ ਵੀ ਧਰਮ ਨਾਲ ਸਬੰਧ ਰੱਖਣ ਵਾਲੇ ਅਤੇ ਸਰਹੱਦ ਦੇ ਦੋਵੇਂ ਪਾਸਿਆਂ ਦੇ ਪੰਜਾਬੀਆਂ ਨੂੰ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਨੂੰ ਭਵਿੱਖ ਵਿਚ ਅਧੋਗਤੀ ਅਤੇ ਢਾਹ ਲੱਗਣ ਤੋਂ ਬਚਾਉਣ ਲਈ ਸਾਂਝੇ ਯਤਨ ਕਰਨੇ ਪੈਣਗੇ, ਖਾਸ ਤੌਰ ‘ਤੇ ਇਸ ਸੱਚ ਦੇ ਮੱਦੇਨਜ਼ਰ ਕਿ ਵਿਸ਼ਵੀਕਰਨ ਅਤੇ ਆਰਥਿਕ ਪ੍ਰਗਤੀ ਕਰ ਕੇ ਦੂਸਰੀਆਂ ਬੋਲੀਆਂ ਦਾ ਅਸਰ ਵਧ ਗਿਆ ਹੈ।
ਇਸ ਅਣਕਿਆਸੇ ਬਟਵਾਰੇ ਜਿਸ ਵਿਚ ਲਹਿੰਦਾ ਪੰਜਾਬ ਨਵੇਂ ਬਣੇ ਮੁਲਕ ਪਾਕਿਸਤਾਨ ਦਾ ਹਿੱਸਾ ਬਣ ਗਿਆ ਤੇ ਚੜ੍ਹਦਾ ਪੰਜਾਬ ਭਾਰਤ ਵਿਚ ਰਹਿ ਗਿਆ, ਨੇ ਲੋਕਾਂ ਨੂੰ ਇਕ ਤਬਾਹਕੁਨ ਉਜਾੜੇ ਲਈ ਇਸ ਤਰ੍ਹਾਂ ਮਜਬੂਰ ਕੀਤਾ ਕਿ ਉਹਦੇ ਨਾਲ ਆਪਸੀ ਕੁੜਿੱਤਣ ਤੇ ਪੁਰਾਣੀਆਂ ਦੁਸ਼ਮਣੀਆਂ ਹੋਰ ਗਹਿਰੀਆਂ ਹੋ ਗਈਆਂ। ਤਕਸੀਮ ਵੇਲੇ ਦੇ ਕਤਲੇਆਮ ਨੇ ਭੈਅ, ਡਰ, ਨਫ਼ਰਤ, ਦੁਸ਼ਮਣੀਆਂ ਤੇ ਹੋਰ ਨਾਕਾਰਾਤਮਕ ਬਿਰਤੀਆਂ ਨੂੰ ਜਨਮ ਦਿੱਤਾ ਜਿਸ ਦਾ ਅਸਰ ਇਹਦਾ ਸੇਕ ਝੱਲਣ ਵਾਲੀਆਂ ਅਤੇ ਇਸ ਨੂੰ ਅੰਜਾਮ ਦੇਣ ਵਾਲੀਆਂ ਦੋਹਾਂ ਧਿਰਾਂ ‘ਤੇ ਹੋਇਆ। ਬੇਉਮੀਦੀ ਅਤੇ ਕਮਲਪਣ ਦੀਆਂ ਗਹਿਰਾਈਆਂ ਵਿਚ, ਹੱਦ ਦੇ ਦੋਵੇਂ ਪਾਸੀਂ ਇਕ ਦੂਸਰੇ ਨੂੰ ਇੰਜ ਵੇਖਿਆ ਤੇ ਦਰਸਾਇਆ ਜਾਂਦਾ ਰਿਹਾ ਹੈ। ਸਰਕਾਰੀ ਅਤੇ ਸਮਾਜਿਕ ਤੌਰ ‘ਤੇ ਪਾਕਿਸਤਾਨੀ ਮੁਸਲਮਾਨ ਦਾ ਘੜਿਆ ਘੜਾਇਆ ਚਿਹਰਾ ਜ਼ਾਲਮ ਵਾਲਾ ਹੈ, ਤੁਹਾਡੇ ‘ਤੇ ਹਮੇਸ਼ਾ ਨਜ਼ਰ ਰੱਖਣ ਵਾਲਾ ਘੁਸਪੈਠੀਆ ਜੋ ਜਿਹੜਾ ਵੀ ਉਹਦੇ ਰਾਹ ਵਿਚ ਆਏ, ਉਹਨੂੰ ਮਾਰ ਕੇ ਨੇਸਤੋ-ਨਾਬੂਦ ਕਰ ਦੇਵੇ!
ਸਾਡੇ ਪਾਸੇ ਸਾਨੂੰ ਸਕੂਲਾਂ ਵਿਚ ਪੜ੍ਹਾਇਆ ਜਾਂਦਾ ਸੀ ਕਿ ਸਾਡੇ ਮਹਾਨ ਮੁਲਕ ਨੂੰ ਮੁਸਲਮਾਨਾਂ ਨੇ ਦੋ ਟੋਟੇ ਕੀਤਾ ਸੀ, ਦੋ ਵਿਰੋਧੀ ਖਿੱਤਿਆਂ ਵਿਚ ਵੰਡਿਆ, ਜਿਨ੍ਹਾਂ ਦੀ ਹੋਂਦ ਦੂਸਰੇ ਦੇ ਖਾਤਮੇ ‘ਤੇ ਟਿਕੀ ਹੋਈ ਹੈ। ਇਸ ਗੱਲ ਦਾ ਕਦੀ ਕਿਸੇ ਜ਼ਿਕਰ ਨਹੀਂ ਕੀਤਾ ਕਿ ਮੁਲਕ ਦੀ ਵੰਡ ਇੰਡੀਅਨ ਨੈਸ਼ਨਲ ਕਾਂਗਰਸ ਅਤੇ ਮੁਸਲਿਮ ਲੀਗ ਦੇ ਨੇਤਾਵਾਂ ਵਿਚਕਾਰ ਸਮਝੌਤੇ ਦਾ ਨਤੀਜਾ ਸੀ। ਇਹ ਪੰਜਾਬੀ ਹੀ ਸਨ ਜਿਨ੍ਹਾਂ ਨੂੰ ਆਪਣੀ ਭੋਇੰ, ਭਾਸ਼ਾ ਅਤੇ ਸਭਿਆਚਾਰ ਦੇ ਬਟਵਾਰੇ ਨੂੰ ਝੱਲਣਾ ਪਿਆ। ਸ਼ਾਇਦ ਬੰਗਾਲ ਅਤੇ ਕਸ਼ਮੀਰ ਬਾਰੇ ਵੀ ਇਹ ਗੱਲ ਉਨੀ ਹੀ ਠੀਕ ਹੈ। ਉਂਜ ਇਹ ਵੀ ਸੱਚ ਹੈ ਕਿ ਭਾਰਤੀ ਉਪ ਮਹਾਂਦੀਪ ਦੇ ਬਾਕੀ ਖਿੱਤਿਆਂ ਦੇ ਲੋਕਾਂ ਨੂੰ ਵੀ ਵੱਡੀ ਗਿਣਤੀ ਵਿਚ ਆਪਣੇ ਘਰ-ਬਾਰ ਛੱਡਣੇ ਪਏ ਅਤੇ ਤਕਲੀਫ਼ਾਂ ਝੱਲਣੀਆਂ ਪਈਆਂ।
ਪਿੰਡ ਵਿਚ ਪ੍ਰਾਇਮਰੀ ਸਕੂਲ ਤੋਂ ਅਗਾਂਹ ਦੀ ਪੜ੍ਹਾਈ ਨਾ ਹੋਣ ਕਰ ਕੇ ਅਗੇਰੇ ਪੜ੍ਹਾਈ ਲਈ ਮੈਨੂੰ ਪਿੰਡੋਂ ਸ਼ਹਿਰ ਘਲਾ ਦਿੱਤਾ। ਜਲੰਧਰ ਵਿਚ ਸਾਡਾ ਘਰ, ਬਾਜ਼ਾਰ ਨੌਹਰੀਆਂ ਵਿਚ ਸੀ। ਬਾਜ਼ਾਰ ਦੇ ਆਖੀਰ ਵਿਚ ਇਮਾਮ ਨਸੀਰ ਦੇ ਮਕਬਰੇ ਦੇ ਲੰਮ-ਸਲੰਮੇ, ਸੁੰਦਰ ਅਤੇ ਪ੍ਰਭਾਵਸ਼ਾਲੀ ਮਿਨਾਰ ਦਿਸਦੇ ਸਨ। ਸੱਠਵਿਆਂ ਦੇ ਅੱਧ ਤੀਕਰ, ਹਰ ਦੂਜੇ ਸਾਲ ਸ਼ਰਧਾਲੂਆਂ ਦੇ ਹਜੂਮ ਬਾਰਡਰ ਪਾਰੋਂ ਆਉਂਦੇ ਸਨ, ਇਮਾਮ ਨਸੀਰ ਦੇ ਉਰਸ ‘ਤੇ ਉਹਨੂੰ ਸਿਜਦਾ ਕਰਨ। ਸ਼ਰਧਾਲੂਆਂ ਵਿਚ ਮੇਰੇ ਦਾਦਾ ਜੀ ਦੇ ਯਾਰ ਬੇਲੀ ਵੀ ਹੁੰਦੇ, ਜਿਹੜੇ ਸਾਡੇ ਘਰ ਆਉਂਦੇ; ਦੋਸਤੀ, ਮੋਹ, ਵਿਗੋਚਿਆਂ ਦੀਆਂ ਗੱਲਾਂ ਅਤੇ ਨਾਯਾਬ ਤੋਹਫੇ ਸਾਡੇ ਨਾਲ ਸਾਂਝੇ ਕਰਨ। ਉਨ੍ਹਾਂ ਦਾ ਨਿੱਘ, ਖ਼ਲੂਸ, ਹੁੱਬ ਤੇ ਦੋਸਤੀ ਮੈਨੂੰ ਭੰਬਲਭੂਸਿਆਂ ਵਿਚ ਪਾ ਦਿੰਦੀ, ਕਿਉਂਕਿ ਉਨ੍ਹਾਂ ਦਾ ਵਤੀਰਾ ਉਸ ਸਭ ਕੁਝ ਦੇ ਬਿਲਕੁਲ ਉਲਟ ਸੀ ਜੋ ਸਾਨੂੰ ਸਕੂਲਾਂ ਵਿਚ ਪੜ੍ਹਾਇਆ ਅਤੇ ਅਖਬਾਰਾਂ ਵਿਚ ਦਰਸਾਇਆ ਜਾਂਦਾ ਸੀ।
ਚੜ੍ਹਦੇ ਪੰਜਾਬ ਦੇ ਮੁੱਖ ਧਾਰਾ ਦੇ ਪ੍ਰਚਾਰ ਸਾਧਨਾਂ ਵਿਚ ਆਮ ਪਾਕਿਸਤਾਨੀ ਮੁਸਲਮਾਨ ਦਾ ਘੜਿਆ ਘੜਾਇਆ ਮੁਹਾਂਦਰਾ ਇੰਤਹਾਈ ਮਨਫ਼ੀ ਸੀ, ਪਰ ਜਿਹੜੇ ਲੋਕਾਂ ਨਾਲ ਮੈਨੂੰ ਮਿਲਣ ਦੇ ਮੌਕੇ ਮਿਲੇ, ਉਹ ਕਾਬਿਲੇ-ਤਾਰੀਫ਼ ਅਤੇ ਕਾਬਿਲੇ-ਰਸ਼ਕ ਸਨ। ਇਨ੍ਹਾਂ ਪਰਸਪਰ ਵਿਰੋਧੀ ਭਾਵਨਾਵਾਂ ਅਤੇ ਪ੍ਰਤੀਬਿੰਬਾਂ ਨੇ ਇਸ ਪ੍ਰਬਲ ਇੱਛਾ ਨੂੰ ਜਨਮ ਦਿੱਤਾ ਕਿ ਸਰਹੱਦ ਪਾਰ ਜਾ ਕੇ ਮੈਂ ਆਪ ਸਭ ਕੁਝ ਵੇਖ ਕੇ ਆਵਾਂ। ਕਿਸੇ ਇਹੋ ਜਿਹੇ ਸਕੇ ਸਬੰਧੀ ਜਿਨ੍ਹਾਂ ਨੂੰ ਜਬਰਨ ਲਹਿੰਦੇ ਪੰਜਾਬ ਵਿਚੋਂ ਬਾਹਰ ਕੱਢਿਆ ਗਿਆ ਹੋਵੇ, ਦੇ ਤਜਰਬਿਆਂ ਤੋਂ ਬਗੈਰ ਹੀ ਮੈਂ ਜਵਾਨ ਹੋਇਆਂ ਸਾਂ। ਸਿੱਟੇ ਵਜੋਂ ਪਾਕਿਸਤਾਨ ਜਾਣ ਦੀ ਮੇਰੀ ਖ਼ਾਹਸ਼, ਪੁਰਖਿਆਂ ਦੀ ਧਰਤੀ ਨੂੰ ਵਾਪਸ ਜਾਣ ਦੀ ਨਹੀਂ ਸੀ; ਜਿਵੇਂ ਲਹਿੰਦੇ ਪੰਜਾਬ ਵਿਚੋਂ ਉਜੜ ਕੇ ਆਏ ਪਰਿਵਾਰਾਂ ਦੇ ਕਈ ਵਾਰਸਾਂ ਦੀ ਸੀ। ਘਰੋਂ ਬੇਘਰ ਹੋਣ ਦੀ ਬਦਕਿਸਮਤੀ ਨੂੰ ਹੰਢਾਉਣ ਤੋਂ ਬਿਨਾਂ ਵੀ ਮੈਂ ਉਹ ਦਿਲ ਹਿਲਾਉਣ ਵਾਲੇ ਕਿੱਸੇ ਸੁਣੇ ਨੇ, ਜਿਨ੍ਹਾਂ ਵਿਚ ਮੁਸਲਮਾਨਾਂ ਨੂੰ ‘ਤਕਸੀਮ’ ਵੇਲੇ ਚੜ੍ਹਦਾ ਪੰਜਾਬ ਛੱਡਣਾ ਪਿਆ। ਮੈਂ ਕਈ ਵਾਰੀ ਸੋਚਦਾ ਸੀ ਕਿ ਹੱਦੋਂ ਪਾਰ ਦੇ ਪੰਜਾਬੀ ਵੀ ਸਾਡੇ ਬਾਰੇ ਇੰਜ ਦੀਆਂ ਹੀ ਨਾਕਾਰਾਤਮਕ ਸੋਚਾਂ ਲੈ ਗਏ ਹੋਣਗੇ।
ਸੱਠਵਿਆਂ ਦੇ ਸ਼ੁਰੂ ਵਿਚ ਸਾਡਾ ਇਕ ਰਿਸ਼ਤੇਦਾਰ ਝਬਾਲ (ਜ਼ਿਲ੍ਹਾ ਤਰਨ ਤਾਰਨ) ਵਿਚ ਡੰਗਰਾਂ ਦਾ ਡਾਕਟਰ ਸੀ। ਝਬਾਲ ਭਾਰਤ-ਪਾਕਿ ਸਰਹੱਦ ਦੇ ਨੇੜੇ ਹੀ ਹੈ। ਬਾਅਦ ਵਿਚ ਲੱਗੀ ਕੰਡੇਦਾਰ ਤਾਰ ਤੋਂ ਪਹਿਲਾਂ ਉਨ੍ਹੀਂ ਦਿਨੀਂ ਸਰਹੱਦਾਂ ਜ਼ਮੀਨ ਉਤੇ ਦਿਸਦੀਆਂ ਨਹੀਂ ਸਨ। ਦਿੱਸਦੇ ਸਨ ਤਾਂ ਸਿਰਫ ਫੌਜੀ ਜਿਨ੍ਹਾਂ ਨੇ ਪੋਸਟਾਂ ਵਿਚ ਤਾਇਨਾਤ ਰਹਿਣਾ ਸੀ ਤੇ ਗਾਰਡ ਡਿਊਟੀ ਦੇਣੀ ਸੀ। ਸਰਹੱਦੋਂ ਪਾਰ ਦੇ ਲੋਕ ਸਾਡੇ ਵਾਲੇ ਪਾਸੇ ਆਪਣੇ ਢੋਰਾਂ ਨੂੰ ਇਲਾਜ ਲਈ ਲੈ ਆਉਂਦੇ, ਕਿਉਂਕਿ ਇਹ ਸੌਖਾ ਪੈਂਦਾ ਸੀ। ਆਪਸੀ ਰੰਜਸ਼, ਦੁਸ਼ਮਣੀ ਜਾਂ ਲਾਗਤਬਾਜ਼ੀ ਦਾ ਕੋਈ ਨਾਮੋ-ਨਿਸ਼ਾਨ ਨਹੀਂ ਸੀ। ਪਹਿਰਾਵੇ ਤੇ ਬੋਲਣ ਦੇ ਵੱਖਰੇ ਅੰਦਾਜ਼ ਬਾਝੋਂ ਸਾਡੇ ਵਿਚ ਕੋਈ ਫਰਕ ਨਹੀਂ ਸੀ।
ਸਕੂਲ ਦੇ ਦਿਨਾਂ ਵਿਚ ਮੇਰੀ ਰੁਚੀ ਸੰਗੀਤ ਤੇ ਸਾਹਿਤ ਵਿਚ ਹੋਣ ਕਰ ਕੇ ਮੈਨੂੰ ਸੋਝੀ ਆਈ ਕਿ ਵੰਡ ਤੋਂ ਪਹਿਲਾਂ ਪੰਜਾਬ ਦੇ ਰਲਵੇਂ-ਮਿਲਵੇਂ ਸਭਿਆਚਾਰ ਨੂੰ ਉਤਸ਼ਾਹ ਨਾਲ ਤਸਲੀਮ ਕੀਤੇ ਬਿਨਾਂ ਸਾਡੀ ਸਾਹਿਤਕ, ਸੰਗੀਤਕ ਅਤੇ ਸਭਿਆਚਾਰਕ ਵਿਰਾਸਤ ਦਾ ਤਸੱਵੁਰ ਹੀ ਮੁਸ਼ਕਿਲ ਹੈ। ਵੱਖ-ਵੱਖ ਸਰੋਤਾਂ ਅਤੇ ਰਵਾਇਤਾਂ ਤੋਂ ਸਾਕਾਰਾਤਮਕ ਤੱਤਾਂ ਨੂੰ ਲੈ ਕੇ ਸਿੱਖ ਗੁਰੂਆਂ ਅਤੇ ਸੂਫੀਆਂ ਨੇ ਉਸਾਰੂ ਸੁਮੇਲ ਦਾ ਰਾਹ ਦਿਖਾਇਆ ਤਾਂ ਜੋ ਇਨਸਾਨਾਂ ਵਿਚਕਾਰ ਸਾਂਝੀਵਾਲਤਾ ਅਤੇ ਇਕਜੁਟਤਾ ਦੇ ਵਿਚਾਰਾਂ ਤੇ ਭਾਵਨਾਵਾਂ ਨੂੰ ਉਤਸ਼ਾਹਤ ਕੀਤਾ ਜਾ ਸਕੇ। ਉਨ੍ਹਾਂ ਜਾਤ-ਪਾਤ, ਲਿੰਗ ਅਤੇ ਧਰਮ ਦੀਆਂ ਹੱਦਬੰਦੀਆਂ ਅਤੇ ਅੱਡ-ਅੱਡ ਕਰਦੀਆਂ ਵੰਡਾਂ ਨੂੰ ਵੰਗਾਰਿਆ। ਸੰਗੀਤਮਈ ਕਵਿਤਾ ਵਿਚ ਢਲੇ ਉਨ੍ਹਾਂ ਦੇ ਸੁਨੇਹੇ ਨੇ ਸਦੀਆਂ ਤੱਕ ਪੰਜਾਬੀਆਂ ਵਿਚ ਸਾਂਝੀਵਾਲਤਾ ਦੀ ਰੂਹ ਰਮਾਈ ਰੱਖੀ। ਜੇ ਰਾਜਨੀਤਕ ਹੱਦਾਂ ਦੇ ਦੋਹੇਂ ਪਾਸਿਓਂ, ਦੋਹਾਂ ਪੰਜਾਬਾਂ ਦੇ ਵੱਡੀ ਗਿਣਤੀ ਵਿਚ ਲੋਕ ਇਸ ਸਾਂਝੇ ਵਿਰਸੇ ਨੂੰ ਉਤਸ਼ਾਹ ਨਾਲ ਨਹੀਂ ਸਵੀਕਾਰਦੇ ਤਾਂ ਇਹ ਸਾਂਝ ਦੀ ਰੂਹ ਗਰੀਬੜੀ ਤੇ ਨਿਮਾਣੀ ਹੀ ਨਹੀਂ ਹੋਏਗੀ, ਸਗੋਂ ਹਮੇਸ਼ਾ ਲਈ ਖੌਫ਼ ਦਾ ਸ਼ਿਕਾਰ ਰਹੇਗੀ।
ਮੇਰੀ ਪਾਕਿਸਤਾਨ ਜਾਣ ਦੀ ਆਸ ਨੂੰ ਬੂਰ ਉਸ ਵੇਲੇ ਪੈਣ ਦੀ ਆਸ ਬੱਝੀ ਜਦੋਂ 1997 ਵਿਚ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਫਿਲਾਸਫ਼ੀ ਵਿਭਾਗ ਦੀ ਮੁਖੀ ਪ੍ਰੋæ ਗਜ਼ਾਲਾ ਇਰਫ਼ਾਨ ਨੇ ਚੰਡੀਗੜ੍ਹ ਤੇ ਲਾਹੌਰ ਦੇ ਫਿਲਾਸਫ਼ੀ ਵਿਭਾਗ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਦੋ ਦਿਨਾਂ ਦੀ ਕਾਨਫਰੰਸ ਕਰਨ ਬਾਰੇ ਸਾਨੂੰ ਚੰਡੀਗੜ੍ਹ ਚਿੱਠੀ ਭੇਜੀ। ਮੈਂ ਉਦੋਂ ਚੰਡੀਗੜ੍ਹ ਵਿਚ ਫਿਲਾਸਫ਼ੀ ਵਿਭਾਗ ਦਾ ਮੁਖੀ ਸਾਂ। ਮੈਂ ਇਸ ਬਾਰੇ ਆਪਣੇ ਵਾਈਸ ਚਾਂਸਲਰ ਨਾਲ ਚਰਚਾ ਕੀਤੀ। ਉਹ ਇਸ ਬਾਰੇ ਬੜੇ ਉਤਸ਼ਾਹੀ ਸਨ ਅਤੇ ਆਪ ਵੀ ਸਾਡੇ ਨਾਲ ਲਾਹੌਰ ਜਾਣ ਦੇ ਚਾਹਵਾਨ ਸਨ। ਕੋਈ ਦੋ ਮਹੀਨੇ ਦੀ ਖ਼ਤੋ-ਖ਼ਿਤਾਬਤ ਬਾਅਦ ਇੰਜ ਜਾਪ ਰਿਹਾ ਸੀ ਕਿ ਅਸੀਂ ਦਸੰਬਰ ਸਤਾਨਵੇਂ ਵਿਚ ਲਾਹੌਰ ਜਾ ਸਕਾਂਗੇ। ਸਾਡੇ ਵਿਭਾਗ ਨੇ ਲਾਹੌਰ ਦੇ ਵਿਭਾਗ ਨੂੰ ਵੀਹ ਨਾਂਵਾਂ ਦੀ ਸੂਚੀ ਭੇਜੀ ਤਾਂ ਜੋ ਉਹ ਆਪਣੀ ਸਰਕਾਰ ਤੋਂ ਸਾਨੂੰ ਵੀਜ਼ਾ ਦਿਵਾਉਣ ਦਾ ਪ੍ਰਬੰਧ ਕਰ ਸਕਣ। ਮੈਨੂੰ ਆਸ ਸੀ ਕਿ ਸਾਰੇ ਨਾਂਵਾਂ ਨੂੰ ਪ੍ਰਵਾਨਗੀ ਮਿਲ ਜਾਵੇਗੀ, ਪਰ ਜਦੋਂ ਅਸੀਂ ਦਿੱਲੀ ਵਿਖੇ ਪਾਕਿਸਤਾਨੀ ਹਾਈ ਕਮਿਸ਼ਨ ਕੋਲ ਵੀਜ਼ੇ ਵਾਸਤੇ ਸੰਪਰਕ ਕੀਤਾ ਤਾਂ ਪਤਾ ਚੱਲਿਆ ਕਿ ਸਿਰਫ ਪੰਜ ਨਾਂਵਾਂ ਲਈ ਹੀ ਹੁੰਗਾਰਾ ਮਿਲਿਆ ਹੈ। ਨਤੀਜਾ ਇਹ ਹੋਇਆ ਕਿ ਸਾਡੇ ਵਿਚੋਂ ਕੋਈ ਵੀ ਨਾ ਜਾ ਸਕਿਆ। ਇਸ ਪ੍ਰੋਗਰਾਮ ਦੇ ਰੱਦ ਹੋਣ ਦਾ ਅਫਸੋਸ ਗਜ਼ਾਲਾ ਇਰਫ਼ਾਨ ਨੂੰ ਸਾਥੋਂ ਵੀ ਜ਼ਿਆਦਾ ਸੀ। ਇਸਤੰਬੋਲ ਵਿਚ ਆਲਮੀ ਫਿਲਾਸਫ਼ੀ ਕਾਨਫਰੰਸ ਦੌਰਾਨ ਗਜ਼ਾਲਾ ਨੇ ਮੈਨੂੰ ਦੱਸਿਆ ਕਿ ਸਾਡੀ ਗਲਤੀ ਇਹ ਸੀ ਕਿ ਅਸੀਂ ਆਪਣੇ ਵਫ਼ਦ ਵਿਚ ਚਾਰ ਨਾਂ ਉਹ ਦੇ ਦਿੱਤੇ ਸਨ ਜਿਹੜੇ ਯੂਨੀਵਰਸਿਟੀ ਦੇ ਹੋਰਨਾਂ ਵਿਭਾਗਾਂ ਦੇ ਅਧਿਆਪਕ ਸਨ, ਇਸੇ ਕਾਰਨ ਬਾਕੀਆਂ ਦਾ ਵੀ ਨੁਕਸਾਨ ਹੋ ਗਿਆ।
ਬਾਅਦ ਵਿਚ ਜਨਵਰੀ 2004 ਵਿਚ ਮੈਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਵਫ਼ਦ ਵਿਚ ਲਾਹੌਰ ਜਾਣ ਦਾ ਮੌਕਾ ਮਿਲਿਆ। ਸਾਡਾ ਵਫ਼ਦ ਤਕਰੀਬਨ 100 ਬੰਦਿਆਂ ਦਾ ਸੀ। ਇਹ ਵਫਦ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਪਰਵੇਜ਼ ਇਲਾਹੀ ਦੇ ਸੱਦੇ ‘ਤੇ ਆਲਮੀ ਪੰਜਾਬੀ ਕਾਨਫਰੰਸ ਵਿਚ ਸ਼ਮੂਲੀਅਤ ਲਈ ਲਾਹੌਰ ਪੁੱਜਿਆ ਸੀ। ਇਸ ਵਿਚ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਅਧਿਆਪਕ, ਪੱਤਰਕਾਰ, ਸਾਹਿਤਕਾਰ, ਵਪਾਰੀ, ਸਨਅਤਕਾਰ ਅਤੇ ਸਰਕਾਰੀ ਅਫਸਰ ਸ਼ਾਮਲ ਸਨ। ਹਾਲਾਂਕਿ ਸਾਡਾ ਗਰੁਪ-ਵੀਜ਼ਾ ਸੀ ਤੇ ਸਿਰਫ ਲਾਹੌਰ ਵਾਸਤੇ ਹੀ ਸੀ, ਪਰ ਪਰਵੇਜ਼ ਇਲਾਹੀ ਦੀ ਦਰਿਆਦਿਲੀ ਨਾਲ ਸਾਨੂੰ ਪੰਜਾਬ ਦੀਆਂ ਹੱਦਾਂ ਅੰਦਰ ਸਰਕਾਰੀ ਇੰਤਜ਼ਾਮ ਹੇਠ ਕਿਤੇ ਵੀ ਜਾਣ ਦੀ ਸਹੂਲਤ ਦਿੱਤੀ ਗਈ। ਕੁਝ ਲੋਕਾਂ, ਜਿਨ੍ਹਾਂ ਦੇ ਪੁਰਖਿਆਂ ਦੇ ਘਰ ਵੰਡ ਤੋਂ ਪਹਿਲਾਂ ਲਹਿੰਦੇ ਪੰਜਾਬ ਵਿਚ ਸਨ, ਉਨ੍ਹਾਂ ਨੇ ਆਪਣੇ ਪੁਰਖਿਆਂ ਦੇ ਪਿੰਡਾਂ ਨੂੰ ਜਾ ਕੇ ਵੇਖਣ ਦਾ ਅਨੰਦ ਮਾਣਿਆ ਅਤੇ ਮੇਰੇ ਵਰਗੇ ਚੜ੍ਹਦੇ ਪੰਜਾਬ ਦੇ ਵਾਸੀਆਂ ਨੇ ਬਾਬਾ ਬੁੱਲ੍ਹੇ ਸ਼ਾਹ ਦੀ ਦਰਗਾਹ ਕਸੂਰ ਜਾਂ ਨਨਕਾਣਾ ਸਾਹਿਬ ਜਾਣ ਦਾ ਫੈਸਲਾ ਕੀਤਾ।
ਜਦੋਂ ਅਸੀਂ ਵਾਹਗਾ ਬਾਰਡਰ ਪਾਰ ਕੀਤਾ ਤਾਂ ਦੂਜੇ ਪਾਸੇ ਸਾਡੇ ਵਫ਼ਦ ਨੂੰ ਖੁਸ਼ਆਮਦੀਦ ਕਹਿਣ ਤੇ ਲਾਹੌਰ ਲਿਜਾਣ ਲਈ ਆਲਮੀ ਪੰਜਾਬੀ ਕਾਨਫਰੰਸ ਦੇ ਪ੍ਰਬੰਧਕ ਤੇ ਨੁਮਾਇੰਦੇ ਹਾਜ਼ਰ ਸਨ। ਢੋਲਾਂ ਤੇ ਨਗਾਰਿਆਂ ਨਾਲ ਸਾਡਾ ਸਵਾਗਤ ਕੀਤਾ ਗਿਆ ਤੇ ਲਗਜ਼ਰੀ ਬੱਸਾਂ ਵਿਚ ਬਿਠਾ ਕੇ ਲਾਹੌਰ ਲਿਜਾਇਆ ਗਿਆ। ਬਾਰਡਰ ਪਾਰ ਕਰਦਿਆਂ ਦੋਵਾਂ ਮੁਲਕਾਂ ਦੇ ਟੀæਵੀæ ਚੈਨਲਾਂ ਨੇ ਸਾਡੇ ਵਫਦ ਬਾਰੇ ਖਬਰਾਂ ਪ੍ਰਸਾਰਤ ਕੀਤੀਆਂ। ਦੋਵਾਂ ਪੰਜਾਬਾਂ ਵਿਚ ਵਫਦ ਬਾਰੇ ਲੋਕਾਂ ਨੂੰ ਜਾਣਕਾਰੀ ਸੀ। ਲਾਹੌਰ ਵਿਚ ਕਈ ਥਾਂਵਾਂ ‘ਤੇ ਬੈਨਰ ਲਾ ਕੇ ਸਾਨੂੰ ਖੁਸ਼ਆਮਦੀਦ ਦਾ ਸੁਨੇਹਾ ਦਿੱਤਾ ਗਿਆ ਸੀ।
ਲਾਹੌਰ ਪੁੱਜ ਕੇ ਮੈਂ ਗਜ਼ਾਲਾ ਇਰਫ਼ਾਨ ਨੂੰ ਕਈ ਵਾਰ ਫੋਨ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਕਲਾਸ ਪੜ੍ਹਾ ਰਹੀ ਸੀ ਤੇ ਉਹਨੇ ਫੋਨ ਦੀ ਘੰਟੀ ਬੰਦ ਕੀਤੀ ਹੋਈ ਸੀ। ਇਸ ਕਾਰਨ ਸਾਡੀ ਗੱਲ ਨਾ ਹੋ ਸਕੀ। ਸ਼ਾਮ ਨੂੰ ਅਨਾਰਕਲੀ ਬਾਜ਼ਾਰ ਤੋਂ ਮੈਂ ਗਜ਼ਾਲਾ ਨੂੰ ਇਕ ਵਾਰ ਫਿਰ ਫੋਨ ਕੀਤਾ, ਇਸ ਵਾਰ ਉਸ ਦੀ ਆਵਾਜ਼ ਦਾ ਹੁੰਗਾਰਾ ਸੁਣਿਆ ਤੇ ਉਸ ਨੇ ਆਖਿਆ ਕਿ ਜੇ ਮੌਸਇਕੀ ਸੁਣਨੀ ਹੈ ਤਾਂ ਮੈਂ ਅਲ-ਹਮਰਾ ਕੰਪਲੈਕਸ ਵਿਚ ਛੋਟੇ ਆਡੀਟੋਰੀਅਮ ਨੰਬਰ ਤਿੰਨ ਵਿਚ ਆ ਜਾਵਾਂ। ਮੈਂ ਕਿਹਾ, ਮੇਰੇ ਨਾਲ ਹੋਰ ਵੀ ਬੰਦੇ ਹਨ। ਉਸ ਨੇ ਹੱਸਦਿਆਂ ਕਿਹਾ, ਪੁੱਛ ਇੰਞ ਰਿਹਾਂ ਜਿਵੇਂ ਢਾਈ ਸੌ ਬੰਦਾ ਤੇਰੇ ਨਾਲ ਆ, ਜਿੰਨੇ ਹੈਗੇ ਲੈ ਆ। ਅਲ-ਹਮਰਾ ਦਿੱਲੀ ਦੇ ਵਿਗਿਆਨ ਭਵਨ ਵਰਗਾ ਕੰਪਲੈਕਸ ਹੈ। ਜਦੋਂ ਅਸੀਂ ਛੋਟੇ ਆਡੀਟੋਰੀਅਮ ਨੰਬਰ ਤਿੰਨ ਕੋਲ ਪਹੁੰਚੇ ਤਾਂ ਉਥੇ ਪੁਲਿਸ ਦਾ ਤਕੜਾ ਪ੍ਰਬੰਧ ਸੀ। ਮੈਂ ਇਕ ਇੰਸਪੈਕਟਰ ਨੂੰ ਦੱਸਿਆ ਕਿ ਅਸੀਂ ਮੌਸਇਕੀ ਦੇ ਪ੍ਰੋਗਰਾਮ ਲਈ ਸੱਦੇ ਗਏ ਹਾਂ। ਇੰਸਪੈਕਟਰ ਨੇ ਮੇਰੇ ਸਾਥੀਆਂ ਨੂੰ ਕਿਹਾ ਕਿ ਇਨ੍ਹਾਂ ਨੂੰ ਮੈਂ ਅੰਦਰ ਲਿਜਾ ਰਿਹਾ ਹਾਂ, ਜੇ ਇਨ੍ਹਾਂ ਨੂੰ ਸੱਦਣ ਵਾਲਿਆਂ ਨੇ ਪਛਾਣ ਲਿਆ ਤਾਂ ਇਨ੍ਹਾਂ ਨੂੰ ਬਿਠਾ ਆਵਾਂਗਾ ਤੇ ਤੁਹਾਡੇ ਬੈਠਣ ਦਾ ਪ੍ਰਬੰਧ ਕਰਾਂਗਾ; ਨਹੀਂ ਤਾਂ ਇਨ੍ਹਾਂ ਨੂੰ ਬੇਇੱਜਤ ਕਰਨ ਦੀ ਜ਼ਿੰਮੇਵਾਰੀ ਤੁਹਾਡੀ ਹੈ। ਖ਼ੈਰ, ਮੈਂ ਪਛਾਣ ਲਿਆ ਗਿਆ। ਗਜ਼ਾਲਾ ਨੇ ਹੱਥ ਹਿਲਾ ਕੇ ਮੈਨੂੰ ਆਪਣੇ ਵੱਲ ਸੱਦ ਲਿਆ ਤੇ ਇੰਸਪੈਕਟਰ ਸਾਹਿਬ ਬਾਕੀਆਂ ਨੂੰ ਬਿਠਾਉਣ ਦਾ ਪ੍ਰਬੰਧ ਕਰਨ ਵਿਚ ਮਸਰੂਫ਼ ਹੋ ਗਏ। ਇਹ ਸਾਨੂੰ ਬਾਅਦ ਵਿਚ ਪਤਾ ਲੱਗਾ ਕਿ ਇਹ ਮਹਿਫ਼ਿਲ ਲਾਹੌਰ ਦੇ ਪਤਵੰਤਿਆਂ ਲਈ ਸੀ, ਇਸ ਕਰ ਕੇ ਪੁਲਿਸ ਦਾ ਅਜਿਹਾ ਪ੍ਰਬੰਧ ਸੀ। ਮੌਸਇਕੀ ਦੀ ਇਹ ਸ਼ਾਮ ਤਕਰੀਬਨ ਅੱਧੀ ਰਾਤ ਤਾਈਂ ਚੱਲੀ ਤੇ ਸਾਨੂੰ ਗ਼ਜ਼ਲਾਂ ਤੇ ਕੱਵਾਲੀਆਂ ਸੁਣਨ ਦਾ ਲੁਤਫ ਹਾਸਲ ਹੋਇਆ।
ਬਾਬਾ ਬੁੱਲ੍ਹੇ ਸ਼ਾਹ ਦੀ ਦਰਗਾਹ ‘ਤੇ ਵਾਪਰੀ ਦਿਲਚਸਪ ਘਟਨਾ ਦਾ ਜ਼ਿਕਰ ਕਰਨਾ ਮੈਂ ਜ਼ਰੂਰੀ ਸਮਝਦਾ ਹਾਂ। ਜਦੋਂ ਅਸੀਂ ਦਰਗਾਹ ਦੇ ਅੰਦਰ ਜਾਣ ਲੱਗੇ ਤਾਂ ਸਾਨੂੰ ਮੌਲਵੀ ਨੇ ਆਖਿਆ ਕਿ ਖ਼ਵਾਤੀਨ (ਔਰਤਾਂ) ਮਕਬਰੇ ਤੋਂ ਬਾਹਰ ਰਹਿਣਗੀਆਂ, ਉਹ ਦਰਗਾਹ ਅੰਦਰ ਨਹੀਂ ਜਾਣਗੀਆਂ। ਮੌਲਵੀ ਨੇ ਅਜੇ ਆਪਣੀ ਹਦਾਇਤ ਪੂਰੀ ਨਹੀਂ ਕੀਤੀ ਸੀ ਕਿ ਸਾਡੇ ਜਥੇ ਵਿਚ ਸ਼ਾਮਲ ਇਕ ਬੀਬੀ ਨੇ ਬੜੀ ਉਚੀ ਦੇਣੀ ਰੋਹਬ ਭਰੀ ਆਵਾਜ਼ ਵਿਚ ਕਿਹਾ, “ਸਾਨੂੰ ਬਾਬਾ ਬੁੱਲ੍ਹੇ ਸ਼ਾਹ ਨੇ ‘ਵਾਜ਼ਾਂ ਮਾਰ ਕੇ ਸੱਦਿਆ ਹੈ, ਤੁਸੀਂ ਕੌਣ ਹੁੰਦੇ ਹੋ ਦਰਗਾਹ ‘ਤੇ ਸਿਜਦਾ ਕਰਨ ਤੋਂ ਰੋਕਣ ਵਾਲੇ।” ਮੈਨੂੰ ਇੰਜ ਜਾਪਿਆ ਜਿਵੇਂ ਇਸ ਕਿਸਮ ਦੀ ਬਹਿਸ ਕਿਸੇ ਪੰਗੇ ਵਾਲੇ ਝਗੜੇ ਵਿਚ ਨਾ ਬਦਲ ਜਾਵੇ, ਪਰ ਮੈਨੂੰ ਹੈਰਾਨੀ ਹੋਈ ਜਦੋਂ ਮੌਲਵੀ ਨੇ ਕਿਹਾ, “ਬੀਬੀ ਸੱਚ ਕਹਿੰਨੀ ਏਂ ਕਿ ਬੁੱਲ੍ਹੇ ਸ਼ਾਹ ਨੇ ਥੋਨੂੰ ‘ਵਾਜ਼ਾਂ ਮਾਰ ਕੇ ਸੱਦਿਐ?” ਉਸ ਬੀਬੀ ਨੇ ਪਹਿਲਾਂ ਵਰਗੀ ਆਵਾਜ਼ ਵਿਚ ਕਿਹਾ, “ਹਾਂ ਮੌਲਵੀ ਜੀ, ਅਸੀਂ ਬਾਬਾ ਬੁੱਲ੍ਹੇ ਸ਼ਾਹ ਦੀ ਆਵਾਜ਼ ਆਪ ਸੁਣ ਕੇ ਹੀ ਆਈਆਂ।” ਮੌਲਵੀ ਨੇ ਬੜੀ ਨਿਮਰਤਾ ਨਾਲ ਕਿਹਾ, “ਜੇ ਥੋਨੂੰ ਬਾਬੇ ਨੇ ਆਪ ਸੱਦਿਆ ਹੈ ਤਾਂ ਮੈਂ ਰੋਕਣ ਵਾਲਾ ਕੌਣ ਹੁੰਨਾਂ।” ਮੇਰਾ ਖਦਸ਼ਾ ਦੂਰ ਹੋ ਗਿਆ ਸੀ ਅਤੇ ਸਾਡਾ ਸਾਰਾ ਵਫਦ ਦਰਗਾਹ ਦੇ ਅੰਦਰ ਬੀਬੀਆਂ ਦੇ ਨਾਲ ਸਿਜਦਾ ਕਰ ਰਿਹਾ ਸੀ!
ਇਥੇ ਕਾਨਫਰੰਸ ਦੌਰਾਨ ਚੜ੍ਹਦੇ ਪੰਜਾਬ ਦੇ ਵਫ਼ਦ ਦੇ ਇਕ ਨਾਮਵਰ ਨੁਮਾਇੰਦੇ ਨੇ ਬਿਨਾਂ ਸੋਚ ਸਮਝ ਦੇ ਸਰਹੱਦਾਂ ਖਤਮ ਕਰਨ ਅਤੇ ਵੰਡੇ ਗਏ ਪੰਜਾਬ ਵਿਚਾਲੇ ਪਾਈਆਂ ਕੰਧਾਂ ਢਾਹੁਣ ਬਾਰੇ ਬਰਲਿਨ ਦੀ ਕੰਧ ਤੋੜਨ ਦਾ ਹਵਾਲਾ ਦਿੰਦਿਆਂ ਜੋਸ਼-ਭਰਿਆ ਭਾਸ਼ਣ ਦਿੱਤਾ। ਉਸ ਦੇ ਜਵਾਬ ਵਿਚ ਪੱਛਮੀ ਪੰਜਾਬ ਦੇ ਮੁੱਖ ਮੰਤਰੀ ਪਰਵੇਜ਼ ਇਲਾਹੀ ਨੇ ਢੁਕਵੇਂ ਤਰੀਕੇ ਨਾਲ ਕਿਹਾ, “ਜਦੋਂ ਦੋ ਭਰਾ ਅੱਡ-ਅੱਡ ਹੋ ਜਾਣ ਤੇ ਜੱਦੀ ਜਾਇਦਾਦ ਵੰਡ ਲੈਣ ਤਾਂ ਇਕ ਦੂਜੇ ਦੇ ਮੱਥੇ ਲੱਗਣਾ ਤਕਲੀਫਦੇਹ ਤੇ ਸ਼ਰਮਨਾਕ ਹੁੰਦਾ ਹੈ। ਜਿਹੜੀ ਕੰਧ ਉਨ੍ਹਾਂ ਦੇ ਵੱਡ ਵਡੇਰਿਆਂ ਜਾਇਦਾਦ ਨੂੰ ਵੰਡਣ ਲਈ ਰਲ ਕੇ ਕੱਢੀ ਸੀ, ਉਨ੍ਹਾਂ ਨੂੰ ਇਕ ਦੂਜੇ ਲਈ ਓਪਰਾ ਤੇ ਅਪਹੁੰਚ ਕਰ ਦਿੰਦੀ ਹੈ। ਜੇ ਉਹ ਨੇਕ ਹੋਣ ਤਾਂ ਇਕ ਦੂਜੇ ਨਾਲ ਸਿੱਧੇ ਉਲਝਣ ਤੋਂ ਬਚਣ ਲਈ ਸੱਜੇ ਖੱਬੇ ਹੋ ਜਾਂਦੇ ਹਨ, ਨਹੀਂ ਤਾਂ ਦੋਹਾਂ ਧਿਰਾਂ ਲਈ ਹਮੇਸ਼ਾ ਝਗੜੇ ਦਾ ਖਦਸ਼ਾ ਬਣਿਆ ਰਹਿੰਦਾ ਹੈ। ਵੇਲੇ ਦੇ ਨਾਲ ਜਿਵੇਂ ਆਪਸੀ ਰੰਜਸ਼ ਦੇ ਚੇਤੇ ਮੱਧਮ ਪੈਣ ਲੱਗਣਗੇ, ਉਹ ਇਕ ਦੂਜੇ ਨੂੰ ਮਿਲਣ ਲੱਗ ਜਾਣਗੇ। ਫਿਰ ਵੀ ਮਦਦ ਜਾਂ ਆਸਰੇ ਲਈ ਇਕ-ਦੂਜੇ ਦਾ ਬੂਹਾ ਖੜਕਾਉਣ ਤੋਂ ਝਿਜਕਣਗੇ। ਜੇ ਕਿਸਮਤ ਵਾਲੇ ਹੋਏ, ਤਾਂ ਇੰਜ ਦੇ ਵੇਲੇ ਕੰਧ ਵਿਚ ਬਾਰੀ ਕੱਢਣ ਦਾ ਹੌਸਲਾ ਆ ਜਾਏਗਾ ਜਿਹਨੂੰ ਉਹ ਸਾਂਝੀ ਮੰਨਣਗੇ, ਤਾਂ ਜੋ ਆਪਸੀ ਮੇਲ ਜੋਲ ਤੇ ਲੈਣ ਦੇਣ ਆਸਾਨ ਹੋ ਸਕੇ, ਪਰ ਜੇ ਇਕ ਭਰਾ, ਮੰਦਭਾਗੇ ਬਟਵਾਰੇ ਨੂੰ ਖਤਮ ਕਰਨ ਦੀ ਕਾਹਲ ਵਿਚ ਕੰਧ ਢਾਹੁਣ ਦੀ ਗੱਲ ਕਰਨ ਲੱਗ ਪਵੇ ਤਾਂ ਸਾਂਝ ਪੈਣ ਦੀ ਥਾਂ ਡਰ, ਦੁਸ਼ਮਣੀ ਤੇ ਆਪਸੀ ਬਦਨੀਤੀ ਹੀ ਵਧਦੀ ਹੈ।”
ਪਿਛਲੇ ਸੱਤ ਦਹਾਕਿਆਂ ਤੋਂ ਰਾਜਨੀਤਕ ਸਰਹੱਦਾਂ ਕਾਇਮ ਨੇ। ਸਾਨੂੰ ਹਕੀਕਤ ਨੂੰ ਤਸਲੀਮ ਕਰਨਾ ਪਵੇਗਾ। ਬਰਲਿਨ ਕੰਧ ਦੀ ਤਰਜ਼ ‘ਤੇ, ਇਨ੍ਹਾਂ ਸਰਹੱਦਾਂ ਨੂੰ ਢਾਹੁਣ ਦੀ ਗੱਲ ਨਾ ਤਾਂ ਸਪਸ਼ਟ ਤੇ ਸਾਫ ਹੈ ਅਤੇ ਨਾ ਹੀ ਸਰਹੱਦਾਂ ਦੇ ਦੋਵੇਂ ਪਾਸੀਂ ਕਾਬਜ਼ ਤਾਕਤਾਂ ਨੂੰ ਮਨਜ਼ੂਰ ਹੋਏਗੀ। ਪਾਕਿਸਤਾਨ ਨੈਸ਼ਨਲ ਅਸੈਂਬਲੀ ਦੇ ਇਕ ਮੈਂਬਰ, ਜਿਸ ਨੂੰ ਅਸੀਂ ਕਸੂਰ ਵਿਚ ਮਿਲੇ ਸਾਂ, ਜਿਥੇ ਅਸੀਂ ਬਾਬਾ ਬੁੱਲ੍ਹੇ ਸ਼ਾਹ ਨੂੰ ਸਿਜਦਾ ਕਰਨ ਗਏ ਸਾਂ, ਨੇ ਇਸੇ ਵਿਚਾਰ ਨੂੰ ਬੜੇ ਢੁਕਵੇਂ ਅੰਦਾਜ਼ ਵਿਚ ਪੇਸ਼ ਕੀਤਾ: “ਬਤੌਰ ਪੰਜਾਬੀ, ਪੰਜਾਬ ਦੇ ਦੋਵੇਂ ਪਾਸੇ ਅੰਮ੍ਰਿਤਸਰ ਤੇ ਕਸੂਰ, ਪਟਿਆਲਾ ਤੇ ਲਾਹੌਰ- ਸਾਨੂੰ ਚੰਗਾ ਲੱਗੇਗਾ ਜੇ ਪੰਜਾਬੀਆਂ ਦੇ ਸਾਂਝੇ ਫਾਇਦੇ ਲਈ ਬਾਰਡਰ ਖੁੱਲ੍ਹ ਜਾਣ ਅਤੇ ਲੋਕਾਂ, ਚੀਜ਼ਾਂ-ਵਸਤਾਂ ਅਤੇ ਸੇਵਾਵਾਂ ਦੇ ਆਦਾਨ-ਪ੍ਰਦਾਨ ਦੀ ਖੁੱਲ੍ਹ ਹੋਵੇ; ਪਰ ਜਿਨ੍ਹਾਂ ਨੂੰ ਇਹ ਗੱਲ ਵਾਰਾ ਨਹੀਂ ਖਾਂਦੀ, ਉਹ ਇਸ ਦਾ ਬੜਾ ਤਿੱਖਾ ਵਿਰੋਧ ਕਰਨਗੇ। ਮੁੰਬਈ, ਕਰਾਚੀ ਅਤੇ ਦੁਬਈ ਵਿਚ ਬੈਠੀਆਂ ਇਹ ਤਾਕਤਾਂ ਜਿਨ੍ਹਾਂ ਨੇ ਆਪਣੇ ਮੁਫ਼ਾਦ ਦੀ ਰਾਖੀ ਕਰਨੀ ਹੈ, ਉਹ ਦਿੱਲੀ ਅਤੇ ਇਸਲਾਮਾਬਾਦ ਲਈ ਨਾਮੁਮਕਿਨ ਨਹੀਂ ਤਾਂ ਮੁਸ਼ਕਿਲ ਤਾਂ ਜ਼ਰੂਰ ਕਰ ਦੇਣਗੇ ਕਿ ਉਹ ਦੁਵੱਲੀ ਇਮਦਾਦ ਤੇ ਉਸਾਰੂ ਮਦਦ ਦੀ ਹਵਾ ਨੂੰ ਵਗਣ ਦੇਵੇ।”
ਪਰਵੇਜ਼ ਇਲਾਹੀ ਦੀ ਸੁਚੇਤ ਰਹਿਣ ਦੀ ਟਿੱਪਣੀ ਸਮਾਜਕ ਜੀਵਨ ਦੇ ਅਹਿਮ ਪਹਿਲੂ ਦੀ ਰੌਸ਼ਨੀ ਵਿਚ ਵੀ ਵੇਖਣੀ ਬਣਦੀ ਹੈ ਜਿਹੜਾ ਅਸੀਂ ਕਾਨਫਰੰਸ ਲਈ ਲਾਹੌਰ ਫੇਰੀ ਦੌਰਾਨ ਵੇਖਿਆ। ਅੰਗਰੇਜ਼ੀਕਰਨ ਦੇ ਸ਼ੌਕੀਨ ਲਾਹੌਰੀਆਂ ਨੇ ਪੁਰਾਣੀ ਗਵਾਲ ਮੰਡੀ ਦਾ ਨਾਂ ‘ਫੂਡ ਸਟ੍ਰੀਟ’ ਰੱਖ ਲਿਆ ਹੈ, ਪਰ ਹੋਟਲ ਸ਼ਾਹ-ਤਾਜ਼ ਦੀ ਰੀਸੈਪਸ਼ਨਿਸਟ ਨੇ ਸਾਨੂੰ ਸਮਝਾਇਆ ਕਿ ਅਸੀਂ ਪਹਿਲਾਂ ਲਕਸ਼ਮੀ ਚੌਕ ਜਾਈਏ ਤੇ ਫਿਰ ਧਰਮਪੁਰੀ ਦਾ ਰਾਹ ਪੁੱਛੀਏ ਤਾਂ ਗਵਾਲ ਮੰਡੀ ਉਰਫ਼ ਫੂਡ ਸਟ੍ਰੀਟ ਦੀਆਂ ਸਾਰੀ ਰਾਤ ਖੁੱਲ੍ਹੀਆਂ ਰਹਿੰਦੀਆਂ ਖਾਣ-ਪੀਣ ਦੀਆਂ ਦੁਕਾਨਾਂ ਵੇਖ ਸਕੀਏ। ਰਾਹ ਵਿਚ ਕਈ ਇਮਾਰਤਾਂ ਅਤੇ ਸੰਸਥਾਵਾਂ ਵੇਖੀਆਂ ਜਿਨ੍ਹਾਂ ਦੇ ਨਾਂ ਸੰਤਾਲੀ ਤੋਂ ਪਹਿਲਾਂ ਦੇ ਅਤੇ ਗੈਰ-ਮੁਸਲਿਮ ਸਨ। ਮੈਂ ਜਾਣਨ ਲਈ ਉਤਸੁਕ ਸਾਂ ਕਿ ਕੀ ਪੁਰਾਣੇ ਨਾਂਵਾਂ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਗਈ ਹੈ? ਮੈਨੂੰ ਦੱਸਿਆ ਗਿਆ ਕਿ ਭਾਵੇਂ ਨਵੇਂ ਇਸਲਾਮੀ ਤਰਜ਼ ਦੇ ਨਾਂ ਰੱਖੇ ਗਏ ਸਨ, ਪਰ ਲੋਕਾਂ ਦੀਆਂ ਆਦਤਾਂ ਤੇ ਚੇਤੇ ਬਦਲਾਓ ਦੇ ਹਾਮੀਆਂ ਤੋਂ ਜ਼ਿਆਦਾ ਮਜ਼ਬੂਤ ਸਾਬਤ ਹੋਏ। ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਹੱਦ ਦੇ ਇਸ ਪਾਸੇ ਵੀ ਰੋਪੜ ਅਤੇ ਮੁਹਾਲੀ ਦੇ ਨਾਂ ਬਦਲਣ ਦੀ ਕੋਸ਼ਿਸ਼ ਦਾ ਵੀ ਉਹੋ ਹੀ ਹਸ਼ਰ ਹੋਇਆ। ਆਓ, ਉਮੀਦ ਤੇ ਅਰਦਾਸ ਕਰੀਏ ਕਿ ਆਉਂਦੇ ਸਮਿਆਂ ਵਿਚ ਮੁਮਕਿਨ ਹੋ ਜਾਵੇ ਕਿ ਸਾਂਝਾ ਪੰਜਾਬੀ ਵਿਰਸਾ ਅਤੇ ਬਹੁਰੰਗੀ ਸਮੁੱਚਤਾ ਸਾਡੀ ਪਹੁੰਚ ਵਿਚ ਸਾਡੇ ਨਾਲ ਰਹੇ ਤੇ ਸਾਡੇ ਭਵਿੱਖ ਨੂੰ ਸੂਫ਼ੀ ਸੰਤਾਂ ਅਤੇ ਗੁਰੂਆਂ ਵੱਲੋਂ ਦਿੱਤੀ ਸਿੱਖਿਆ ਰਾਹੀਂ ਸਹੀ ਸੇਧ ਦਿੰਦੀ ਰਹੇ।