ਲੇਖਕ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਦਾ ਦਾਅਵਾ ਹੈ ਕਿ ਉਸ ਦੀ ਫਿਲਮ Ḕਬੁੱਧਾ ਇਨ ਏ ਟਰੈਫਿਕ ਜਾਮḔ ਉਸ ਦੀ ਆਪਣੀ ਜ਼ਿੰਦਗੀ ਉਤੇ ਆਧਾਰਿਤ ਹੈ ਅਤੇ ਇਸ ਵਿਚ ਸੱਚੀਆਂ ਕਹਾਣੀਆਂ ਜੋੜ ਕੇ ਹੀ ਕਹਾਣੀ ਬਿਆਨ ਕੀਤੀ ਗਈ ਹੈ, ਪਰ ਫਿਲਮ ਦੇਖ ਕੇ ਪਤਾ ਲੱਗਦਾ ਹੈ ਕਿ ਇਹ ਫਿਲਮ ਮਿਥ ਕੇ ਮਾਓਵਾਦੀਆਂ ਦੇ ਘੋਲ ਦੇ ਖਿਲਾਫ ਬਣਾਈ ਗਈ ਹੈ।
ਫਿਲਮ ਇਕ ਵਿਦਿਆਰਥੀ ਕਾਰਕੁਨ ਦੁਆਲੇ ਘੁੰਮਦੀ ਹੈ ਅਤੇ ਇਸ ਦੇ ਬਹਾਨੇ ਸਮਾਜਵਾਦ ਤੇ ਪੂੰਜੀਵਾਦ ਬਾਰੇ ਬਹਿਸ ਕਰਨ ਦਾ ਯਤਨ ਕੀਤਾ ਗਿਆ ਹੈ। ਫਿਲਮ ਵਿਚ ਬਾਕਾਇਦਾ ਮਾਓਵਾਦੀਆਂ ਦੇ ਆਗੂ ਦਾ ਕਿਰਦਾਰ ਵੀ ਘੜਿਆ ਗਿਆ ਹੈ। ਇਹ ਫਿਲਮ ਭਾਵੇਂ ਕਾਫੀ ਚਿਰ ਪਹਿਲਾਂ ਤਿਆਰ ਕਰ ਲਈ ਗਈ ਸੀ ਅਤੇ ਇਹ ਕਈ ਫਿਲਮ ਮੇਲਿਆਂ ਵਿਚ ਵੀ ਭੇਜੀ ਗਈ ਸੀ, ਪਰ ਰਿਲੀਜ਼ ਨਹੀਂ ਸੀ ਕੀਤੀ ਗਈ। ਉਂਜ ਜਦੋਂ ਦਿੱਲੀ ਵਿਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਾ ਮਾਮਲਾ ਭਖਿਆ ਤਾਂ ਉਥੇ ਇਹ ਬੜੇ ਉਚੇਚ ਤੇ ਤਰੱਦਦ ਨਾਲ ਦਿਖਾਈ ਗਈ ਅਤੇ ਮਗਰੋਂ 13 ਮਈ 2016 ਨੂੰ ਇਹ ਫਿਲਮ ਬਾਕਾਇਦਾ ਰਿਲੀਜ਼ ਵੀ ਕਰ ਦਿੱਤੀ ਗਈ। ਇਸ ਫਿਲਮ ਵਿਚ ਅਦਾਕਾਰ ਅਨੁਪਮ ਖੇਰ ਨੇ ਪ੍ਰੋਫੈਸਰ ਦਾ ਅਹਿਮ ਕਿਰਦਾਰ ਨਿਭਾਇਆ ਹੈ। ਯਾਦ ਰਹੇ, ਅਨੁਪਮ ਖੇਰ ਨੇ ਮੋਦੀ ਸਰਕਾਰ ਖਿਲਾਫ ਉਠੇ ਲੇਖਕਾਂ ਦੇ ਰੋਹ ਦਾ ਸਖਤ ਵਿਰੋਧ ਕੀਤਾ ਸੀ ਅਤੇ ਕਿਹਾ ਸੀ ਕਿ ਇਹ ਵਿਰੋਧ ਕਾਂਗਰਸ ਦੀ ਸ਼ਹਿ Ḕਤੇ ਕੀਤਾ ਜਾ ਰਿਹਾ ਹੈ। ਉਨ੍ਹਾਂ ਸਾਫ ਦੋਸ਼ ਲਾਇਆ ਸੀ ਕਿ ਉਨ੍ਹਾਂ ਕਰ ਕੇ ਹੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਇਹ ਫਿਲਮ ਨਹੀਂ ਸੀ ਦਿਖਾਈ ਜਾ ਰਹੀ। ਵਰਣਨਯੋਗ ਹੈ ਕਿ ਅਨੁਪਮ ਖੇਰ ਦੀ ਪਤਨੀ ਚੰਡੀਗੜ੍ਹ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੀ ਮੈਂਬਰ ਹੈ ਅਤੇ ਇਸ ਸਾਲ ਮੋਦੀ ਸਰਕਾਰ ਨੇ ਅਨੁਪਮ ਖੇਰ ਨੂੰ ਪਦਮ ਪੁਰਸਕਾਰ ਨਾਲ ਵੀ ਨਿਵਾਜਿਆ ਹੈ। ਇਹ ਪੁਰਸਕਾਰ ਭਾਵੇਂ ਅਨੁਪਮ ਖੇਰ ਨੂੰ ਉਨ੍ਹਾਂ ਦੀ ਕਲਾ-ਪ੍ਰਤਿਭਾ ਕਰ ਕੇ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਕਲਾ-ਪ੍ਰਤਿਭਾ ਬਾਰੇ ਕਿਸੇ ਨੂੰ ਕੋਈ ਸ਼ੱਕ ਵੀ ਨਹੀਂ ਹੈ, ਪਰ ਮਸਲਾ ਇਹ ਹੈ ਕਿ ਇਹ ਪੁਰਸਕਾਰ ਉਸ ਵੇਲੇ ਦਿੱਤਾ ਗਿਆ ਜਦੋਂ ਕਲਾਕਾਰ ਮੁਲਕ ਵਿਚ ਅਸਹਿਣਸ਼ੀਲਤਾ ਵਰਗੇ ਅਹਿਮ ਮੁੱਦੇ Ḕਤੇ ਘੋਲ ਚਲਾ ਰਹੇ ਸਨ, ਤੇ ਇਸ ਮਾਮਲੇ ਵਿਚ ਅਨੁਪਮ ਖੇਰ ਨੇ ਮੋਦੀ ਸਰਕਾਰ ਦਾ ਸਾਥ ਦਿੱਤਾ ਸੀ। ਉਨ੍ਹਾਂ ਤਾਂ ਸਗੋਂ ਘੋਲ ਕਰ ਰਹੇ ਲੇਖਕਾਂ ਦੇ ਖਿਲਾਫ ਦਿੱਲੀ ਵਿਚ ਮਾਰਚ ਵੀ ਕੱਢਿਆ ਸੀ। ਇਹ ਵੱਖਰੀ ਗੱਲ ਹੈ ਕਿ ਇਸ ਮਾਰਚ ਨੂੰ ਬਹੁਤਾ ਹੁੰਗਾਰਾ ਨਹੀਂ ਸੀ ਮਿਲਿਆ।
ਫਿਲਮ Ḕਬੁੱਧਾ ਇਨ ਏ ਟਰੈਫਿਕ ਜਾਮḔ ਵਿਚ ਮੁੱਖ ਕਿਰਦਾਰ ਅਰੁਣਉਦੈ ਸਿੰਘ ਨੇ ਨਿਭਾਇਆ ਹੈ। ਉਸ ਤੋਂ ਇਲਾਵਾ ਫਿਲਮ ਵਿਚ ਮਾਹੀ ਗਿੱਲ, ਪੱਲਵੀ ਜੋਸ਼ੀ ਅਤੇ ਆਂਚਲ ਦਿਵੇਦੀ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। ਨਿਰਦੇਸ਼ਕ ਵਿਵੇਕ ਅਗਨੀਹੋਤਰੀ ਮੁਤਾਬਕ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਜੋ ਵਾਪਰਿਆ, ਉਹ ਉਹਨੇ ਚਿਰ ਪਹਿਲਾਂ ਆਪਣੀ ਇਸ ਫਿਲਮ ਵਿਚ ਪੇਸ਼ ਵੀ ਕਰ ਦਿੱਤਾ ਸੀ।
-ਸਿਮਰਨ ਕੌਰ