ਮਾਲੇਗਾਉਂ ਧਮਾਕਿਆਂ ਦਾ ਸਬੰਧ ਸਿੱਖਾਂ ਨਾਲ ਜੋੜਿਆ

ਚੰਡੀਗੜ੍ਹ: ਭਾਰਤ ਦੀਆਂ ਜਾਂਚ ਏਜੰਸੀਆਂ ਨੇ 2008 ਵਿਚ ਹੋਏ ਮਾਲੇਗਾਉਂ ਧਮਾਕਿਆਂ ਦਾ ਸਬੰਧ ਖਾਲਿਸਤਾਨੀ ਜਥੇਬੰਦੀ ਨਾਲ ਜੋੜ ਦਿੱਤਾ ਹੈ। ਕੌਮੀ ਜਾਂਚ ਏਜੰਸੀ (ਐਨæਆਈæਏæ) ਨੇ ਮਾਲੇਗਾਉਂ ਧਮਾਕਿਆਂ ਵਿਚ ਸਾਧਵੀ ਪ੍ਰਾਗਿਆ ਸਿੰਘ ਠਾਕੁਰ ਤੇ ਪੰਜ ਹੋਰ ਹਿੰਦੂ ਆਗੂਆਂ ਨੂੰ ਕਲੀਨ ਚਿੱਟ ਦਿੰਦਿਆਂ ਕਿਹਾ ਹੈ ਕਿ ਇਸ ਮਾਮਲੇ ਵਿਚ ਦੋ ਭਗੌੜੇ ਮੁਲਜ਼ਮ ਰਾਮਚੰਦਰ ਕਲਸਾਂਗਰੇ ਤੇ ਸੰਦੀਪ ਡਾਂਗੇ ਖਾਲਿਸਤਾਨ ਪੱਖੀ ਜਥੇਬੰਦੀ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਅਤਿਵਾਦੀ ਹਨ।

ਕਾਬਲੇਗੌਰ ਹੈ ਕਿ 41 ਸਾਲਾ ਕਲਸਾਂਗਰੇ ਅਤੇ 46 ਸਾਲਾ ਡਾਂਗੇ ਸਮਝੌਤਾ ਐਕਸਪ੍ਰੈਸ ਅਤੇ ਅਜਮੇਰ ਬੰਬ ਧਮਾਕਿਆਂ ਵਿਚ ਵੀ ਲੋੜੀਂਦੇ ਹਨ। ਮਾਲੇਗਾਉਂ, ਸਮਝੌਤਾ ਐਕਸਪ੍ਰੈਸ ਤੇ ਅਜਮੇਰ ਧਮਾਕਿਆਂ ਵਿਚ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਐਨæਆਈæਏæ ਨੇ ਇਨ੍ਹਾਂ ਸਿਰ 10 ਲੱਖ ਦਾ ਇਨਾਮ ਰੱਖਿਆ ਹੈ। ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਸਿੱਖਾਂ ਤੇ ਮੁਸਲਮਾਨਾਂ ਵਿਚ ਬਖੇੜਾ ਖੜ੍ਹਾ ਕਰਨ ਲਈ ਮੋਦੀ ਸਰਕਾਰ ਨੇ ਇਹ ਸਾਜ਼ਿਸ਼ ਖੜ੍ਹੀ ਹੈ। ਉਨ੍ਹਾਂ ਮੁਤਾਬਕ ਮੋਦੀ ਸਰਕਾਰ ਧਮਾਕਿਆਂ ਦੇ ਜ਼ਿੰਮੇਵਾਰ ਕੱਟੜਪੰਥੀ ਹਿੰਦੂ ਅਤਿਵਾਦੀਆਂ ਨੂੰ ਬਚਾਅ ਰਹੀ ਹੈ। ਦਰਅਸਲ ਮਾਲੇਗਾਉਂ, ਸਮਝੌਤਾ ਐਕਸਪ੍ਰੈਸ ਤੇ ਅਜਮੇਰ ਧਮਾਕਿਆਂ ਵਿਚ ਕੱਟੜ ਹਿੰਦੂ ਜਥੇਬੰਦੀਆਂ ਦੀ ਸ਼ਮੂਲੀਅਤ ਸਾਹਮਣੇ ਆਈ ਸੀ। ਕਾਂਗਰਸ ਸਰਕਾਰ ਵੇਲੇ ਇਸ ਬਾਰੇ ਕੇਸ ਦਰਜ ਕੀਤੇ ਗਏ ਸਨ, ਪਰ ਮੋਦੀ ਸਰਕਾਰ ਆਉਣ ਮਗਰੋਂ ਇਹ ਕੇਸ ਰਫਾ-ਦਫਾ ਹੋਣੇ ਸ਼ੁਰੂ ਕਰ ਦਿੱਤੇ ਗਏ। ਐਨæਆਈæਏæ ਨੇ 2008 ਮਾਲੇਗਾਉਂ ਧਮਾਕਿਆਂ ਦੇ ਮਾਮਲੇ ਵਿਚ ਯੂ-ਟਰਨ ਲੈਂਦਿਆਂ ਸਾਧਵੀ ਪ੍ਰਾਗਿਆ ਸਿੰਘ ਠਾਕੁਰ ਤੇ ਪੰਜ ਹੋਰਾਂ ਖਿਲਾਫ਼ ਸਾਰੇ ਦੋਸ਼ ਹਟਾ ਦਿੱਤੇ ਹਨ ਜਦੋਂ ਕਿ ਲੈਫਟੀਨੈਂਟ ਕਰਨਲ ਪ੍ਰਸਾਦ ਸ੍ਰੀਕਾਂਤ ਪੁਰੋਹਿਤ ਸਮੇਤ 10 ਮੁਲਜ਼ਮਾਂ ਵਿਰੁੱਧ ‘ਮਕੋਕਾ’ ਕਾਨੂੰਨ ਤਹਿਤ ਦੋਸ਼ ਹਟਾ ਦਿੱਤੇ ਗਏ ਹਨ। ਚਾਰਜਸ਼ੀਟ ਦਾਖਲ ਕਰਦਿਆਂ ਐਨæਆਈæਏæ ਨੇ ਕਿਹਾ ਕਿ ਜਾਂਚ ਦੌਰਾਨ ਪ੍ਰਾਗਿਆ ਠਾਕੁਰ ਤੇ ਪੰਜ ਹੋਰਾਂ ਖਿਲਾਫ਼ ‘ਲੋੜੀਂਦੇ ਸਬੂਤ ਨਹੀਂ ਮਿਲੇ ਹਨ’ ਜਿਸ ਕਾਰਨ ਇਹ ਕੇਸ ਚਲਾਉਣ ਦੇ ਯੋਗ ਨਹੀਂ ਹੈ।
29 ਸਤੰਬਰ, 2008 ਨੂੰ ਰਮਜ਼ਾਨ ਦੌਰਾਨ ਮਾਲੇਗਾਉਂ ਵਿਚ ਨਮਾਜ਼ ਅਦਾ ਕਰ ਕੇ ਨਿਕਲ ਰਹੇ ਲੋਕਾਂ ਦੇ ਦੋਹਰੇ ਬੰਬ ਧਮਾਕਿਆਂ ਦੀ ਲਪੇਟ ਵਿਚ ਆ ਜਾਣ ਕਾਰਨ ਸੱਤ ਮੌਤਾਂ ਹੋਈਆਂ ਸਨ। ਮਾਲੇਗਾਉਂ ਧਮਾਕਿਆਂ ਦੀ ਛਾਣਬੀਣ ਵਿਚ ਕਈ ਉਤਰਾਅ-ਚੜ੍ਹਾਅ ਆਉਂਦੇ ਰਹੇ ਹਨ। ਇਸ ਧਮਾਕੇ ਲਈ ਹਿੰਦੂ ਸੱਜੇ ਪੱਖੀ ਜਥੇਬੰਦੀਆਂ ਨਾਲ ਜੁੜੇ ਲੋਕਾਂ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਰਿਹਾ ਹੈ। ਇਸ ਮਾਮਲੇ ਦੀ ਮੁਢਲੀ ਜਾਂਚ ਮੁੰਬਈ ਏæਟੀæਐਸ਼ ਦੇ ਜੁਆਇੰਟ ਕਮਿਸ਼ਨਰ ਹੇਮੰਤ ਕਰਕਰੇ ਨੇ ਕੀਤੀ ਸੀ। ਹੈਰਾਨੀ ਦੀ ਗੱਲ ਹੈ ਕਿ 26/11 ਦੇ ਮੁੰਬਈ ਅਤਿਵਾਦੀ ਹਮਲੇ ਵਿਚ ਕਰਕਰੇ ਮਾਰਿਆ ਗਿਆ ਸੀ। ਸਾਲ 2011 ਵਿਚ ਇਹ ਮਾਮਲਾ ਐਨæਆਈæਏæ ਨੂੰ ਸੌਂਪੇ ਜਾਣ ਤੋਂ ਪਹਿਲਾਂ ਏæਟੀæਐਸ਼ ਨੇ 16 ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਸੀ, ਪਰ ਮੁੰਬਈ ਦੀ ਇਕ ਅਦਾਲਤ ਵਿਚ 20 ਜਨਵਰੀ, 2009 ਅਤੇ 21 ਅਪਰੈਲ, 2011 ਵਿਚ 14 ਮੁਲਜ਼ਮਾਂ ਖਿਲਾਫ਼ ਦੋਸ਼-ਪੱਤਰ ਦਾਖਲ ਕੀਤਾ ਗਿਆ ਸੀ।
ਪੁਰੋਹਿਤ ਤੇ ਪ੍ਰਾਗਿਆ ਨੇ ਬੰਬਈ ਹਾਈ ਕੋਰਟ ਤੇ ਸੁਪਰੀਮ ਕੋਰਟ ਵਿਚ ਕਈ ਅਰਜ਼ੀਆਂ ਦਾਖਲ ਕਰ ਕੇ ਦੋਸ਼ ਪੱਤਰ ਤੇ ‘ਮਕੋਕਾ’ ਤਹਿਤ ਦੋਸ਼ ਲਾਏ ਜਾਣ ਨੂੰ ਚੁਣੌਤੀ ਦਿੱਤੀ ਸੀ। ਸਾਧਵੀ ਤੋਂ ਇਲਾਵਾ ਸ਼ਿਵ ਨਾਰਾਇਣ, ਸ਼ਿਆਮ ਭਵਰਲਾਲ ਸਾਹੂ, ਪ੍ਰਵੀਨ ਟਕੱਲਕੀ, ਲੋਕੇਸ਼ ਸ਼ਰਮਾ ਅਤੇ ਧਿਆਨ ਸਿੰਘ ਚੌਧਰੀ ਖਿਲਾਫ਼ ਦੋਸ਼ ਹਟਾ ਦਿੱਤੇ ਗਏ ਹਨ। ਐਨæਆਈæਏæ ਨੇ ਇਹ ਵੀ ਕਿਹਾ ਹੈ ਕਿ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ‘ਮਕੋਕਾ’ ਕਾਨੂੰਨ ਤਹਿਤ ਇਸ ਮਾਮਲੇ ਵਿਚ ਦੋਸ਼ ਨਹੀਂ ਬਣਦੇ।
_________________________________
ਜਾਂਚ ਏਜੰਸੀ ਦੀ ਯੂ-ਟਰਨ ਉਤੇ ਸਵਾਲ
ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰਾਲਾ ਦਾਅਵਾ ਕਰਦਾ ਆ ਰਿਹਾ ਹੈ ਕਿ ਦਹਿਸ਼ਤਗਰਦੀ ਨਾਲ ਜੁੜੇ ਕੇਸਾਂ ਵਿਚ ਕਿਸੇ ਵੀ ਤਰ੍ਹਾਂ ਦਾ ਦਖਲ ਨਹੀਂ ਦਿੱਤਾ ਜਾ ਰਿਹਾ ਅਤੇ ਨਾ ਹੀ ਕਿਸੇ ਹਿੰਦੂਵਾਦੀ ਸੰਗਠਨ ਦੀ ਰਿਆਇਤ ਕੀਤੀ ਜਾ ਰਹੀ ਹੈ, ਪਰ ਮਾਲੇਗਾਉਂ ਬੰਬ ਧਮਾਕਾ ਕੇਸ ਵਿਚ ਕੌਮੀ ਜਾਂਚ ਏਜੰਸੀ (ਐਨæਆਈæਏæ) ਨੇ ਜਿਸ ਤਰ੍ਹਾਂ ਯੂ-ਟਰਨ ਲਏ ਹਨ, ਉਨ੍ਹਾਂ ਦੇ ਮੱਦੇਨਜ਼ਰ ਗ੍ਰਹਿ ਮੰਤਰਾਲੇ, ਖਾਸ ਕਰ ਕੇ ਗ੍ਰਹਿ ਰਾਜ ਮੰਤਰੀ ਕਿਰਨ ਰਿਜਿੱਜੂ ਦੇ ਦਾਅਵੇ ਖੋਖਲੇ ਜਾਪਦੇ ਹਨ। ਕੇਂਦਰ ਵਿਚ ਮੋਦੀ ਸਰਕਾਰ ਦੀ ਆਮਦ ਤੋਂ ਬਾਅਦ ਮਾਲੇਗਾਉਂ ਕੇਸ ਤੇ ਹਿੰਦ-ਪਾਕਿ ਸਮਝੌਤਾ ਐਕਸਪ੍ਰੈਸ ਕੇਸ ਵਿਚ ਗਵਾਹਾਂ ਦੇ ਮੁੱਕਰਨ ਦਾ ਸਿਲਸਿਲਾ ਸ਼ੁਰੂ ਹੋਇਆ ਅਤੇ ਇਹ ਪ੍ਰਭਾਵ ਬਣਨ ਲੱਗਿਆ ਕਿ ਇਨ੍ਹਾਂ ਕੇਸਾਂ ਦੇ ਮੁੱਖ ਦੋਸ਼ੀ ਅੰਤ ਬਰੀ ਹੋ ਜਾਣਗੇ। ਹੁਣ ਇਹ ਪ੍ਰਭਾਵ ਸੱਚਾ ਸਾਬਤ ਹੋਣ ਲੱਗ ਪਿਆ ਹੈ।