ਟੋਰਾਂਟੋ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਆਪਣੇ ਦੇਸ਼ ਦੀ ਤਤਕਾਲੀ ਸਰਕਾਰ ਦੇ ਕਾਨੂੰਨ ਰਾਹੀਂ ਇਕ ਸਦੀ ਪਹਿਲਾਂ ਕਾਮਾਗਾਟਾ ਮਾਰੂ ਜਹਾਜ਼ ਵਿਚ ਸਵਾਰ ਪੰਜਾਬੀਆਂ ਨਾਲ ਕੀਤੀ ਬੇਇਨਸਾਫ਼ੀ ਲਈ ਮੁਆਫੀ ਮੰਗ ਲਈ ਹੈ। ਆਪਣੇ ਇਸ ਫੈਸਲੇ ਨਾਲ ਪ੍ਰਧਾਨ ਮੰਤਰੀ ਨੇ ਕੁਝ ਲੋਕਾਂ ਦੀ ਨਾਰਾਜ਼ਗੀ ਸਹੇੜਨ ਦਾ ਜੋਖ਼ਮ ਵੀ ਉਠਾਇਆ ਹੈ।
ਹਾਲਾਂਕਿ ਮੁਆਫੀ ਤਾਂ 2008 ਵਿਚ ਕੈਨੇਡਾ ਦੇ ਉਸ ਵਕਤ ਦੇ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਨੇ ਵੀ ਮੰਗ ਲਈ ਸੀ, ਪਰ ਉਹ ਸੰਸਦ ਅੰਦਰ ਨਹੀਂ ਬਲਕਿ ਪੰਜਾਬੀਆਂ ਦੇ ਇਕ ਸਮਾਜਿਕ ਇਕੱਠ ਵਿਚ ਮੰਗੀ ਸੀ। ਟਰੂਡੋ ਨੇ ਹਾਊਸ ਆਫ ਕਾਮਨਜ਼ ਵਿਚ ਮੁਆਫੀ ਮੰਗ ਕੇ ਇਕ ਇਤਿਹਾਸਕ ਕਦਮ ਉਠਾਇਆ ਹੈ। ਟਰੂਡੋ ਦੀ ਇਸ ਮੁਆਫੀ ਦਾ ਸਬੰਧ ਕੈਨੇਡਾ ਅੰਦਰ ਇਸ ਮੌਕੇ ਪੰਜਾਬੀਆਂ ਦੇ ਵਧ ਰਹੇ ਸਿਆਸੀ ਪ੍ਰਭਾਵ ਨਾਲ ਵੀ ਜੋੜ ਕੇ ਵੇਖਿਆ ਜਾ ਰਿਹਾ ਹੈ।
ਮੌਜੂਦਾ ਸਮੇਂ ਕੈਨੇਡਾ ਵਿਚ ਪੰਜਾਬੀਆਂ ਦੀ ਆਬਾਦੀ ਤਕਰੀਬਨ ਪੰਜ ਲੱਖ ਤੱਕ ਪੁੱਜ ਗਈ ਹੈ। ਸਭ ਤੋਂ ਜ਼ਿਆਦਾ ਸਿੱਖ ਵੀ ਕੈਨੇਡਾ ਦੀ ਸੰਸਦ ਵਿਚ ਹਨ। ਇਹ ਪਹਿਲਾ ਮੌਕਾ ਨਹੀਂ ਹੈ ਕਿ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਤਿਹਾਸਕ ਬੇਇਨਸਾਫ਼ੀ ਖਿਲਾਫ਼ ਮੁਆਫੀ ਮੰਗੀ ਹੈ। ਮੁਆਫੀ ਤੋਂ ਬਾਅਦ ਕਈ ਪਰਵਾਸੀ ਪੰਜਾਬੀ ਆਗੂਆਂ ਨੇ ਇਹ ਨੁਕਤਾ ਵੀ ਉਠਾਇਆ ਹੈ ਕਿ ਮੁਆਫੀ ਤੋਂ ਵੀ ਵੱਡਾ ਕੰਮ ਅਜੇ ਵੀ ਵਿਕਸਿਤ ਦੇਸ਼ਾਂ ਵਿਚ ਜਾਰੀ ਨਸਲੀ ਵਿਤਕਰਿਆਂ ਨੂੰ ਪੂਰੀ ਤਰ੍ਹਾਂ ਰੋਕਣ ਨਾਲ ਜੁੜਿਆ ਹੋਇਆ ਹੈ, ਪਰ ਇਸ ਮੰਗ ਨਾਲ ਵੀ ਮੁਆਫੀ ਦੀ ਅਹਿਮੀਅਤ ਘਟ ਨਹੀਂ ਜਾਂਦੀ ਕਿਉਂਕਿ ਇਸ ਨਾਲ ਵਿਤਕਰਾ ਘਟਾਉਣ ਵਿਚ ਮਦਦ ਮਿਲੇਗੀ। ਚੀਨੀ ਨਾਗਰਿਕਾਂ ‘ਤੇ ਭਾਰਤੀਆਂ ਤੋਂ ਪਹਿਲਾਂ 500 ਡਾਲਰ ਦੇ ਦਾਖਲਾ ਟੈਕਸ ਲਗਾ ਕੇ ਰੋਕੇ ਦਾਖਲੇ ਲਈ ਕੈਨੇਡਾ ਦੇ ਤਤਕਾਲੀ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਮੁਆਫੀ ਮੰਗੀ ਸੀ। ਜਾਪਾਨ ਸਰਕਾਰ ਦੂਜੀ ਸੰਸਾਰ ਜੰਗ ਲਈ ਅਤੇ ਦੱਖਣੀ ਅਫ਼ਰੀਕਾ ਦਾ ਤਤਕਾਲੀ ਰਾਸ਼ਟਰਪਤੀ ਡੀæਕਲਾਰਕ ਨੇ ਟਰੁੱਥ ਕਮਿਸ਼ਨ ਸਾਹਮਣੇ ਸਿਆਹਫ਼ਾਮ ਲੋਕਾਂ ‘ਤੇ ਕੀਤੀਆਂ ਜ਼ਿਆਦਤੀਆਂ ਲਈ ਮੁਆਫੀ ਮੰਗੀ ਸੀ।
_____________________________
ਇੰਜ ਵਾਪਸੀ ਸੀ ਕਾਮਾਗਾਟਾ ਮਾਰੂ ਘਟਨਾæææ
ਤਕਰੀਬਨ 102 ਸਾਲ ਪਹਿਲਾਂ ਬਾਬਾ ਗੁਰਦਿੱਤ ਸਿੰੰਘ ਨੇ ਕਾਮਾਗਾਟਾ ਮਾਰੂ ਜਹਾਜ਼ ਰਾਹੀਂ 376 ਯਾਤਰੀਆਂ ਨੂੰ ਲੈ ਕੇ ਵੈਨਕੂਵਰ ਦੀ ਬੰਦਰਗਾਹ ਉੱਤੇ ਕੈਨੇਡਾ ਸਰਕਾਰ ਦੇ ਉਸ ਵਕਤ ਦੇ ਉਸ ਕਾਨੂੰਨ ਨੂੰ ਚੁਣੌਤੀ ਦਿੱਤੀ ਸੀ ਜਿਸ ਰਾਹੀਂ ਭਾਰਤੀਆਂ ਦੇ ਦਾਖਲੇ ਉੱਤੇ ਰੋਕ ਲਗਾਉਣ ਦਾ ਬੰਦੋਬਸਤ ਕੀਤਾ ਗਿਆ ਸੀ। ਕਿਸੇ ਵੀ ਅਜਿਹੇ ਵਿਅਕਤੀ ਜੋ ਆਪਣੇ ਦੇਸ਼ ਤੋਂ ਸਿੱਧਾ ਕੈਨੇਡਾ ਨਾ ਆਇਆ ਹੋਵੇ ਅਤੇ ਦਾਖਲੇ ਸਮੇਂ ਉਸ ਦੀ ਜੇਬ ਵਿਚ 200 ਡਾਲਰ ਨਾ ਹੋਣ ਤਾਂ ਉਸ ਦਾ ਦਾਖਲਾ ਵਰਜ਼ਿਤ ਸੀ। ਇਹ ਉਹ ਵਕਤ ਸੀ ਜਦੋਂ ਕਿਸੇ ਭਾਰਤੀ ਨੂੰ ਪੂਰਾ ਦਿਨ ਕੰਮ ਕਰ ਕੇ ਔਸਤਨ 10 ਸੈਂਟ ਉਜਰਤ ਮਿਲਦੀ ਸੀ। ਭਾਰਤ ਉਸ ਸਮੇਂ ਅੰਗਰੇਜ਼ਾਂ ਦਾ ਗ਼ੁਲਾਮ ਸੀ। ਇਸ ਤਰ੍ਹਾਂ ਭਾਰਤੀ ਇਕ ਤਰ੍ਹਾਂ ਨਾਲ ਬਰਤਾਨਵੀ ਨਾਗਰਿਕ ਸਨ। ਬਾਬਾ ਗੁਰਦਿੱਤ ਸਿੰਘ ਦੀ ਦਲੀਲ ਸੀ ਕਿ ਬਤੌਰ ਬਰਤਾਨਵੀ ਨਾਗਰਿਕ ਭਾਰਤੀਆਂ ਨੂੰ ਦੂਜੇ ਕਾਮਨਵੈਲਥ ਦੇਸ਼ ਕੈਨੇਡਾ ਵਿਚ ਆਜ਼ਾਦੀ ਨਾਲ ਜਾਣ ਅਤੇ ਕੰਮ ਕਰਨ ਦਾ ਹੱਕ ਹੋਣਾ ਚਾਹੀਦਾ ਹੈ। ਦੋ ਮਹੀਨੇ ਦੀ ਇਸ ਜੱਦੋ-ਜਹਿਦ ਤੋਂ ਬਾਅਦ ਜਹਾਜ਼ ਨੂੰ ਕਲਕੱਤੇ ਦੀ ਬਜਬਜ ਘਾਟ ਉਤੇ ਲਿਆਂਦਾ ਗਿਆ। ਜਿਥੇ ਅੰਗਰੇਜ਼ ਸਰਕਾਰ ਦੇ ਹੁਕਮ ਉੱਤੇ ਹੋਈ ਗੋਲੀਬਾਰੀ ਵਿਚ 19 ਦੀ ਮੌਤ ਹੋ ਗਈ, ਕੁਝ ਬਚ ਕੇ ਨਿਕਲਣ ਵਿਚ ਕਾਮਯਾਬ ਰਹੇ ਅਤੇ ਬਾਕੀ ਨੂੰ ਪਹਿਲੀ ਸੰਸਾਰ ਜੰਗ ਦੇ ਖ਼ਤਮ ਹੋਣ ਤਕ ਨਜ਼ਰਬੰਦ ਰੱਖਿਆ ਗਿਆ।