ਬੇਇਨਸਾਫੀ ਲਈ ਮੁਆਫੀ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਤਕਰੀਰ
ਮੈਂ ਆਪਣੀ ਗੱਲ ਆਪਣੇ ਕਈ ਸਾਥੀਆਂ ਵੱਲੋਂ ਕੀਤੀ ਗਈ ਮਿਹਨਤ ਲਈ ਉਨ੍ਹਾਂ ਦੀ ਸ਼ਲਾਘਾ ਤੋਂ ਸ਼ੁਰੂ ਕਰਾਂਗਾ। ਮੈਂ ਸਰੀ-ਨਿਊਟਨ ਅਤੇ ਵਿਨੀਪੈੱਗ ਨੌਰਥ ਤੋਂ ਆਪਣੀ ਪਾਰਟੀ ਦੇ ਮੈਂਬਰਾਂ ਵੱਲੋਂ ਕੀਤੀ ਗਈ ਹਮਾਇਤ ਲਈ ਉਨ੍ਹਾਂ ਦਾ ਸ਼ੁਕਰਗੁਜ਼ਾਰ ਹਾਂ। ਉਹ ਕਈ ਸਾਲ ਕੈਨੇਡੀਅਨ ਸਰਕਾਰ ਨੂੰ ਕਾਮਾਗਾਟਾ ਮਾਰੂ ਕਾਂਡ ਦੀ ਮੁਆਫ਼ੀ ਮੰਗਣ ਲਈ ਦਰਖ਼ਾਸਤਾਂ ਦਿੰਦੇ ਰਹੇ ਹਨ ਜੋ ਅੱਜ ਮੰਗੀ ਜਾਵੇਗੀ। ਇਸ ਕਾਰਜ ਲਈ ਪ੍ਰਤੀਬੱਧਤਾ ਵਾਸਤੇ ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।

ਵਿਰੋਧੀ ਧਿਰ ਵਿਚੋਂ ਕੈਲਗਰੀ ਹੈਰੀਟੇਜ, ਕੈਲਗਰੀ ਮਿਦਨਾਪੋਰੇ ਤੋਂ ਸੰਸਦ ਮੈਂਬਰ ਅਤੇ ਸਰੀ ਨੌਰਥ ਦੇ ਸਾਬਕਾ ਸੰਸਦ ਮੈਂਬਰ ਦਾ ਖ਼ਾਸ ਜ਼ਿਕਰ ਕਰਨਾ ਬਣਦਾ ਹੈ। ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਖ਼ਾਤਰ ਸੰਸਦ ਵਿਚ ਮਤਾ ਪੇਸ਼ ਕਰਨ ਲਈ ਕੀਤੇ ਗਏ ਕੰਮ ਕਰ ਕੇ ਇਹ ਸਾਰੇ ਸ਼ਲਾਘਾ ਦੇ ਪਾਤਰ ਹਨ। ਇਸੇ ਮਤੇ ਲਈ ਬੇਨਤੀ ਕਰਨ ਵਾਲੀਆਂ ਸਾਰੀਆਂ ਸੰਸਥਾਵਾਂ ਦੀ ਵੀ ਪ੍ਰਸ਼ੰਸਾ ਕਰਨੀ ਬਣਦੀ ਹੈ, ਖ਼ਾਸਕਰ ਪ੍ਰੋਫ਼ੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੀ।
ਅੱਜ ਮੈਂ ਕਾਮਾਗਾਟਾ ਮਾਰੂ ਕਾਂਡ ਦੌਰਾਨ ਕੈਨੇਡੀਅਨ ਸਰਕਾਰ ਦੀ ਭੂਮਿਕਾ ਲਈ ਮੁਆਫ਼ੀ ਮੰਗਣ ਲਈ ਸੰਸਦ ਵਿਚ ਖੜ੍ਹਾ ਹਾਂ। ਇਕ ਸਦੀ ਤੋਂ ਜ਼ਿਆਦਾ ਸਮਾਂ ਪਹਿਲਾਂ ਸਾਡੇ ਕੋਲੋਂ ਬਹੁਤ ਬੇਇਨਸਾਫ਼ੀ ਹੋਈ ਸੀ। 23 ਮਈ 1914 ਨੂੰ ਇਕ ਸਮੁੰਦਰੀ ਜਹਾਜ਼ ਵੈਨਕੂਵਰ ਦੇ ਤੱਟ ‘ਤੇ ਪੁੱਜਿਆ। ਇਸ ਵਿਚ ਸਿੱਖ, ਮੁਸਲਿਮ ਅਤੇ ਹਿੰਦੂ ਮੂਲ ਦੇ 376 ਯਾਤਰੀ ਸਵਾਰ ਸਨ। ਉਦੋਂ ਤੋਂ ਲੈ ਕੇ ਹੁਣ ਤਕ ਕੈਨੇਡਾ ਆਏ ਲੱਖਾਂ ਆਵਾਸੀਆਂ ਵਾਂਗ ਉਹ ਯਾਤਰੀ ਵੀ ਆਪੋ-ਆਪਣੇ ਪਰਿਵਾਰਾਂ ਲਈ ਬਿਹਤਰ ਜ਼ਿੰਦਗੀ ਅਤੇ ਵਧੇਰੇ ਮੌਕਿਆਂ ਦੀ ਆਸ ਵਿਚ ਇਥੇ ਆਏ ਸਨ। ਉਨ੍ਹਾਂ ਲਈ ਇਹ ਆਪਣੇ ਨਵੇਂ ਮੁਲਕ (ਕੈਨੇਡਾ) ਦੀ ਤਰੱਕੀ ਵਿਚ ਯੋਗਦਾਨ ਪਾਉਣ ਦਾ ਵੀ ਮੌਕਾ ਸੀ।
ਇਸ ਸਭ ਲਈ ਉਨ੍ਹਾਂ ਮੁਸਾਫ਼ਿਰਾਂ ਨੇ ਕੈਨੇਡਾ ਨੂੰ ਚੁਣਿਆ ਅਤੇ ਜਦੋਂ ਉਹ ਇਥੇ ਪੁੱਜੇ ਤਾਂ ਉਨ੍ਹਾਂ ਨੂੰ ਇਥੋਂ ਬੇਰੰਗ ਵਾਪਸ ਭੇਜ ਦਿੱਤਾ ਗਿਆ। ਕਾਮਾਗਾਟਾ ਮਾਰੂ ਅਤੇ ਇਸ ਦੇ ਮੁਸਾਫ਼ਿਰਾਂ ਨਾਲ ਵਾਪਰੀ ਹਰ ਦੁਖਦਾਈ ਘਟਨਾ ਲਈ ਇਕੱਲੇ ਕੈਨੇਡਾ ਸਿਰ ਇਲਜ਼ਾਮ ਨਹੀਂ ਧਰਿਆ ਜਾ ਸਕਦਾ, ਪਰ ਕੈਨੇਡਾ ਦੀ ਸਰਕਾਰ ਅਜਿਹੇ ਕਾਨੂੰਨਾਂ ਲਈ ਜ਼ਰੂਰ ਜ਼ਿੰਮੇਵਾਰ ਸੀ ਜਿਨ੍ਹਾਂ ਕਾਰਨ ਉਹ ਮੁਸਾਫ਼ਿਰ ਇਥੇ ਸ਼ਾਂਤੀਪੂਰਵਕ ਅਤੇ ਸੁਰੱਖਿਅਤ ਢੰਗ ਨਾਲ ਦਾਖ਼ਲ ਹੋਣ ਤੋਂ ਰੋਕ ਦਿੱਤੇ ਗਏ। ਇਸ ਘਟਨਾ ਅਤੇ ਇਸ ਦੇ ਸਿੱਟੇ ਵਜੋਂ ਵਾਪਰੀ ਹਰ ਅਫ਼ਸੋਸਨਾਕ ਘਟਨਾ ਲਈ ਸਾਨੂੰ ਅਫ਼ਸੋਸ ਹੈ। ਸਭ ਤੋਂ ਪਹਿਲਾਂ ਮੈਂ ਇਸ ਕਾਂਡ ਦੇ ਪੀੜਤਾਂ ਤੋਂ ਮੁਆਫ਼ੀ ਮੰਗਦਾ ਹਾਂ। ਉਨ੍ਹਾਂ ਵੱਲੋਂ ਝੱਲੇ ਦਰਦ ਤੇ ਸੰਤਾਪ ਨੂੰ ਸ਼ਬਦਾਂ ਨਾਲ ਮਿਟਾਇਆ ਨਹੀਂ ਜਾ ਸਕਦਾ। ਅਫ਼ਸੋਸ ਦੀ ਗੱਲ ਇਹ ਹੈ ਕਿ ਇੰਨਾ ਸਮਾਂ ਬੀਤਣ ਕਾਰਨ ਅੱਜ ਸਾਡੇ ਵੱਲੋਂ ਮੰਗੀ ਜਾ ਰਹੀ ਮੁਆਫ਼ੀ ਦੇ ਸ਼ਬਦ ਸੁਣਨ ਲਈ ਉਨ੍ਹਾਂ ਵਿਚੋਂ ਕੋਈ ਵੀ ਜਿਉਂਦਾ ਨਹੀਂ ਹੈ। ਫਿਰ ਵੀ ਅਸੀਂ ਤਹਿ ਦਿਲੋਂ ਮੁਆਫ਼ੀ ਮੰਗਦੇ ਹਾਂ। ਤੁਹਾਡੀ ਫਰਿਆਦ ‘ਤੇ ਕੰਨ ਨਾ ਧਰਨ, ਬੇਰਹਿਮੀ ਨਾਲ ਤੁਹਾਡੇ ਖ਼ਿਲਾਫ਼ ਭੁਗਤਣ ਵਾਲੇ ਕਾਨੂੰਨ ਅਤੇ ਰਸਮੀ ਤੌਰ ‘ਤੇ ਛੇਤੀ ਮੁਆਫ਼ੀ ਨਾ ਮੰਗਣ ਲਈæææ ਇਨ੍ਹਾਂ ਸਾਰੀਆਂ ਗੱਲਾਂ ਲਈ ਸਾਨੂੰ ਬਹੁਤ ਅਫ਼ਸੋਸ ਹੈ।
ਮੈਂ ਕਾਮਾਗਾਟਾ ਮਾਰੂ ਦੇ ਮੁਸਾਫ਼ਿਰਾਂ ਦੇ ਸਾਰੇ ਵੰਸ਼ਜਾਂ, ਉਨ੍ਹਾਂ ਸਮੇਤ ਜੋ ਅੱਜ ਇਥੇ ਸਾਡੇ ਨਾਲ ਹਨ, ਤੋਂ ਵੀ ਮੁਆਫ਼ੀ ਮੰਗਦਾ ਹਾਂ। ਅਸੀਂ ਇਹ ਕਿਆਸ ਤਕ ਨਹੀਂ ਕਰ ਸਕਦੇ ਕਿ ਤੁਹਾਡੇ ਰਿਸ਼ਤੇਦਾਰਾਂ ਦਾ ਕੈਨੇਡਾ ਵਿਚ ਸੁਆਗਤ ਕੀਤਾ ਗਿਆ ਹੁੰਦਾ ਤਾਂ ਤੁਹਾਡੀਆਂ ਜ਼ਿੰਦਗੀਆਂ ਕਿਹੋ ਜਿਹੀਆਂ ਹੋਣੀਆਂ ਸਨ। ਜੇ ਉਨ੍ਹਾਂ ਨੂੰ ਇਥੇ ਆਉਣ ਦਿੱਤਾ ਜਾਂਦਾ ਤਾਂ ਤੁਹਾਡਾ ਜੀਵਨ ਕਿੰਨਾ ਅਲੱਗ ਤੇ ਕੈਨੇਡਾ ਕਿੰਨਾ ਵਧੇਰੇ ਸੰਪੰਨ ਹੋਣਾ ਸੀ। ਇਹ ਸਾਰੀਆਂ ਸੰਭਾਵਨਾਵਾਂ ਇਤਿਹਾਸ ਵਿਚ ਹੋਈ ਇਕ ਘਟਨਾ ਕਾਰਨ ਖੀਣ ਹੋ ਗਈਆਂ। ਇਸ ਲਈ ਅਸੀਂ ਤੁਹਾਥੋਂ ਮੁਆਫ਼ੀ ਮੰਗਦੇ ਹਾਂ। ਜਿਸ ਤਰ੍ਹਾਂ ਅਸੀਂ ਅਤੀਤ ਵਿਚ ਹੋਈਆਂ ਭੁੱਲਾਂ ਬਖਸ਼ਾ ਰਹੇ ਹਾਂ ਤਾਂ ਸਾਨੂੰ ਹਾਂ-ਪੱਖੀ ਕਾਰਵਾਈ ਕਰਦਿਆਂ ਪਿਛਲੀਆਂ ਭੁੱਲਾਂ ਤੋਂ ਸਬਕ ਲੈਣਾ ਪਵੇਗਾ। ਸਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਉਹ ਗ਼ਲਤੀਆਂ ਕਦੇ ਵੀ ਦੁਹਰਾਈਆਂ ਨਾ ਜਾਣ। ਇਹ ਕੈਨੇਡਾ ਦਾ ਵਿਲੱਖਣ ਵਾਅਦਾ ਅਤੇ ਸਮਰੱਥਾ ਹੈ।
ਹਰਜੀਤ ਸੱਜਣ ਦੀ ਸ਼ਲਾਘਾ: ਆਪਣੀ ਗੱਲ ਮੁਕਾਉਣ ਤੋਂ ਪਹਿਲਾਂ ਮੈਂ ਕਾਮਾਗਾਟਾ ਮਾਰੂ ਘਟਨਾ ਨੂੰ ਕੌਮੀ ਪੱਧਰ ‘ਤੇ ਧਿਆਨ ਵਿਚ ਲਿਆਉਣ ਵਾਲੇ ਜਿਸ ਸ਼ਖ਼ਸ ਦਾ ਧੰਨਵਾਦ ਕਰਨਾ ਚਾਹਾਂਗਾ, ਉਹ ਹਨ ਸਾਡੇ ਰੱਖਿਆ ਮੰਤਰੀ ਹਰਜੀਤ ਸੱਜਣ। ਸਿਆਸਤ ਵਿਚ ਆਉਣ ਤੋਂ ਪਹਿਲਾਂ ਉਹ ਬ੍ਰਿਟਿਸ਼ ਕੋਲੰਬੀਆ ਰੈਜੀਮੈਂਟ ਡਿਊਕ ਆਫ਼ ਕਨੌਟ’ਜ਼ ਓਨ ਦੇ ਕਮਾਂਡਿੰਗ ਅਫ਼ਸਰ ਸਨ। ਇਹ ਉਹੀ ਰੈਜੀਮੈਂਟ ਹੈ ਜਿਸ ਨੇ ਕਦੇ ਕਾਮਾਗਾਟਾ ਮਾਰੂ ਜਹਾਜ਼ ਦੇ ਮੁਸਾਫ਼ਿਰਾਂ ਨੂੰ ਕੈਨੇਡਾ ਤੋਂ ਵਾਪਸ ਜਾਣ ਲਈ ਮਜਬੂਰ ਕੀਤਾ ਸੀ। ਇਕ ਸਦੀ ਪਹਿਲਾਂ ਸ਼ਾਇਦ ਰੱਖਿਆ ਮੰਤਰੀ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਕੈਨੇਡਾ ਦਾਖ਼ਲ ਨਾ ਹੋਣ ਦਿੱਤਾ ਜਾਂਦਾ। ਅੱਜ ਰੱਖਿਆ ਮੰਤਰੀ ਸਦਨ ਵਿਚ ਸਾਡੇ ਨਾਲ ਬੈਠੇ ਹਨ। ਉਸ ਸਦਨ ਵਿਚ, ਕਈ ਆਵਾਸੀ ਜਿਸ ਦੇ ਮੈਂਬਰ ਹਨ। ਆਵਾਸੀਆਂ ਦੇ ਧੀਆਂ-ਪੁੱਤ, ਪੋਤੇ-ਪੋਤੀਆਂ ਜਿਸ ਦੇ ਮੈਂਬਰ ਹਨ। ਇਸ ਸਦਨ ਦਾ ਢਾਂਚਾ ਸਾਨੂੰ ਚੇਤੇ ਕਰਵਾਉਂਦਾ ਹੈ ਕਿ ਲੋੜਵੰਦਾਂ ਲਈ ਬਾਹਾਂ ਖੋਲ੍ਹਣ ਜਾਂ ਦਿਲ ਦੇ ਬੂਹੇ ਬੰਦ ਕਰਨ ਵਿਚੋਂ ਜੇ ਅਸੀਂ ਇਕ ਰਸਤਾ ਚੁਣਨਾ ਹੋਵੇ ਤਾਂ ਹਮੇਸ਼ਾ ਰਹਿਮਦਿਲੀ ਵਾਲਾ ਵਤੀਰਾ ਹੀ ਅਪਨਾਉਣਾ ਚਾਹੀਦਾ ਹੈ। ਜਦੋਂ ਵੀ ਅਸੀਂ ਬੇਇਨਸਾਫ਼ੀ ਦੇਖੀਏ ਤਾਂ ਇਸ ਖ਼ਿਲਾਫ਼ ਆਵਾਜ਼ ਬੁਲੰਦ ਕਰਦਿਆਂ ਸਭ ਕੁਝ ਸਹੀ ਕਰਵਾਉਣ ਦੀ ਕੋਸ਼ਿਸ਼ ਕਰੀਏ। ਜਦੋਂ ਵੀ ਅਸੀਂ ਗ਼ਲਤੀ ਕਰੀਏ ਤਾਂ ਮੁਆਫ਼ੀ ਮੰਗਣ ਤੋਂ ਕਦੇ ਨਾ ਝਿਜਕੀਏ ਅਤੇ ਬਿਹਤਰ ਕਾਰਜ ਕਰਨ ਲਈ ਪ੍ਰਤੀਬੱਧਤਾ ਦੁਹਰਾਈਏ।
ਕੈਨੇਡਾ ਹੋਰ ਮੁਲਕਾਂ ਵਰਗਾ ਨਹੀਂ ਹੈ। ਅਸੀਂ ਖੁਸ਼ਕਿਸਮਤ ਹਾਂ ਕਿ ਅਸੀਂ ਇਥੋਂ ਦੇ ਬਾਸ਼ਿੰਦੇ ਹਾਂ। ਸਾਨੂੰ ਹਮੇਸ਼ਾ ਬਿਹਤਰ ਕਰਨ ਅਤੇ ਬਿਹਤਰ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕਾਮਾਗਾਟਾ ਮਾਰੂ ਕਾਂਡ ਦੇ ਪੀੜਤਾਂ ਅਤੇ ਪਰਿਵਾਰ ਤੇ ਮੁਲਕ ਛੱਡ ਕੇ ਇਥੇ ਆਉਣ ਵਾਲੇ ਬੁਲੰਦ ਹੌਸਲੇ ਵਾਲੇ ਹਰ ਸ਼ਖ਼ਸ ਦੇ ਸਤਿਕਾਰ ਵਜੋਂ ਸਾਨੂੰ ਇਹ ਸੁਭ ਕੁਝ ਕਰਨਾ ਚਾਹੀਦਾ ਹੈ।-0-
ਵਿਸ਼ੇਸ਼ ਨੋਟ: ਇਸ ਭਾਸ਼ਨ ਦੀ ਜਿਥੇ ਭਰਵੀਂ ਪ੍ਰਸ਼ੰਸਾ ਹੋਈ ਹੈ, ਉਥੇ ਕੈਨੇਡਾ ਦੇ ਗੋਰੇ ਬਾਸ਼ਿੰਦਿਆਂ ਨੇ ਤਿੱਖੀ ਨੁਕਤਾਚੀਨੀ ਵੀ ਕੀਤੀ ਹੈ। ‘ਵਾਸ਼ਿੰਗਟਨ ਪੋਸਟ’ ਦੀ ਵੈੱਬਸਾਈਟ ਉਤੇ ਜਸਟਿਨ ਟਰੂਡੋ ਦੇ ਭਾਸ਼ਨ ਬਾਰੇ ਨਸ਼ਰ ਕਈ ਸੌ ਟਿੱਪਣੀਆਂ ਵਿਚੋਂ ਬਹੁਤੀਆਂ ਵਿਚ ਟਰੂਡੋ ਨੂੰ ਨਿੰਦਿਆ ਗਿਆ ਹੈ ਅਤੇ ਉਸ ਦੇ ਕਦਮ ਨੂੰ ਵੋਟ ਰਾਜਨੀਤੀ ਦਾ ਅੰਗ ਦੱਸਿਆ ਗਿਆ ਹੈ। ਬਹੁਤੀਆਂ ਟਿੱਪਣੀਆਂ ਨਸਲੀ ਕਿਸਮ ਦੀਆਂ ਹਨ। -0-