ਚੋਣ ਨਤੀਜਿਆਂ ਨੇ ਦਿਤੇ ਸਿਆਸੀ ਧਿਰਾਂ ਦੇ ਭਵਿੱਖ ਬਾਰੇ ਵੱਡੇ ਸੰਕੇਤ

ਨਵੀਂ ਦਿੱਲੀ: ਪੰਜ ਸੂਬਿਆਂ ਦੇ ਵਿਧਾਨ ਸਭਾ ਚੋਣ ਨਤੀਜਿਆਂ ਨੇ ਭਾਰਤ ਦੀਆਂ ਕੌਮੀ ਸਿਆਸੀ ਧਿਰਾਂ ਦੇ ਭਵਿੱਖ ਬਾਰੇ ਵੱਡੇ ਸੰਕੇਤ ਦਿੱਤੇ ਹਨ। ਇਨ੍ਹਾਂ ਚੋਣਾਂ ਵਿਚ ਕਾਂਗਰਸ ਨੂੰ ਜਿਥੇ ਵੱਡੀ ਨਮੋਸ਼ੀ ਝੱਲਣੀ ਪਈ, ਉਥੇ ਕੇਂਦਰ ਵਿਚ ਸੱਤਾਧਾਰੀ ਭਾਜਪਾ ਨੂੰ ਕੁਝ ਰਾਹਤ ਮਿਲੀ ਹੈ, ਪਰ ਇਨ੍ਹਾਂ ਚੋਣਾਂ ਵਿਚ ਖੇਤਰੀ ਪਾਰਟੀਆਂ ਦਾ ਬੋਲਬਾਲਾ ਰਿਹਾ।

ਪੱਛਮੀ ਬੰਗਾਲ ਵਿਚ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਪਾਰਟੀ ਨੇ ਕਾਂਗਰਸ ਤੇ ਖੱਬੇ ਪੱਖੀ ਮੁਹਾਜ਼ ਉਤੇ ਆਧਾਰਤ ਮਹਾਜੁੱਟ ਨੂੰ ਨਾ ਸਿਰਫ ਪਛਾੜਿਆ ਸਗੋਂ ਖੱਬੇ ਮੁਹਾਜ਼ ਨੂੰ ਤਾਂ ਤੀਜੇ ਨੰਬਰ ‘ਤੇ ਪਹੁੰਚਾ ਦਿੱਤਾ। ਕੇਰਲਾ ਵਿਚ ਖੱਬੇ ਪੱਖੀ ਪਾਰਟੀਆਂ ਦੀ ਅਗਵਾਈ ਵਾਲੇ ਖੱਬੇ ਪੱਖੀ ਜਮਹੂਰੀ ਮੋਰਚੇ ਨੇ ਐਲ਼ਡੀæਐਫ ਕਾਂਗਰਸ ਦੀ ਅਗਵਾਈ ਵਾਲੇ ਯੂæਡੀæਐਫ਼ ਨੂੰ ਹਰਾ ਕੇ ਕਾਂਗਰਸ ਦੇ ਸੁੰਗੜਨ ਦੇ ਅਮਲ ਨੂੰ ਵੱਧ ਪ੍ਰਬਲ ਬਣਾ ਦਿੱਤਾ। ਉਂਜ, ਕੇਰਲਾ ਵਿਚਲੀ ਜਿੱਤ ਦੇ ਬਾਵਜੂਦ ਸੀæਪੀæਐਮæ ਨੂੰ ਬੰਗਾਲ ਵਿਚ ਜੋ ਨਮੋਸ਼ੀ ਝੱਲਣੀ ਪਈ ਹੈ, ਉਹ ਉਸ ਦੀ ਲੀਡਰਸ਼ਿਪ ਲਈ ਚਿੰਤਾ ਦਾ ਵਿਸ਼ਾ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਸੀæਪੀæਐਮæ ਦੀ ਅਗਵਾਈ ਵਾਲੇ ਖੱਬੀ ਪੱਖੀ ਮੁਹਾਜ਼ ਵੱਲੋਂ ਕਾਂਗਰਸ ਨਾਲ ਕੀਤਾ ਗਿਆ ਗੱਠਬੰਧਨ ਖੱਬੇ-ਪੱਖੀਆਂ ਨੂੰ ਪੁੱਠਾ ਪਿਆ। ਭਾਰਤੀ ਜਨਤਾ ਪਾਰਟੀ ਲਈ ਇਹ ਚੋਣ ਨਤੀਜੇ ਖੁਸ਼ੀਆਂ ਲੈ ਕੇ ਆਏ ਹਨ। ਪਾਰਟੀ ਨੇ ਅਸਾਮ ਵਿਚ ਜਿੱਤ ਦੇ ਝੰਡੇ ਗੱਡੇ ਹਨ। ਲਗਾਤਾਰ ਤਿੰਨ ਵਾਰ ਚੋਣਾਂ ਜਿੱਤ ਕੇ ਮੁੱਖ ਮੰਤਰੀ ਬਣਦੇ ਰਹੇ ਤਰੁਣ ਗੋਗੋਈ ਨੂੰ ਇਸ ਵਾਰ ਸੱਤਾ-ਵਿਰੋਧੀ ਲਹਿਰ ਡੋਬ ਗਈ।
ਆਸਾਮ ਵਿਚ ਪਿਛਲੇ 15 ਸਾਲਾਂ ਤੋਂ ਸੱਤਾ ਵਿਚ ਕਾਇਮ ਕਾਂਗਰਸ ਦੀ ਹਕੂਮਤ ਦਾ ਭੋਗ ਪੈ ਗਿਆ। ਭਾਵੇਂ ਇਸ ਦਾ ਆਸਾਮ ਦੀਆਂ ਪ੍ਰਾਂਤਕ ਪਾਰਟੀਆਂ ਆਸਾਮ ਗਣ ਪ੍ਰੀਸ਼ਦ ਅਤੇ ਬੋਡੋਲੈਂਡ ਪੀਪਲਜ਼ ਫਰੰਟ ਨਾਲ ਗਠਜੋੜ ਸੀ, ਪਰ ਭਾਜਪਾ ਨੇ ਆਪਣੇ ਬਲਬੂਤੇ ਵੀ ਇਥੇ ਆਪਣਾ ਵੱਡਾ ਆਧਾਰ ਬਣਾ ਲਿਆ ਹੈ। ਦੂਜੇ ਚਾਰ ਰਾਜਾਂ ਵਿਚ ਚਾਹੇ ਭਾਜਪਾ ਨੂੰ ਕੋਈ ਬਹੁਤੀਆਂ ਸੀਟਾਂ ਤਾਂ ਪ੍ਰਾਪਤ ਨਹੀਂ ਹੋਈਆਂ, ਪਰ ਪਹਿਲਾਂ ਨਾਲੋਂ ਇਨ੍ਹਾਂ ਵਿਚ ਇਸ ਪਾਰਟੀ ਦੀ ਕਾਰਗੁਜ਼ਾਰੀ ਚੰਗੀ ਰਹੀ ਹੈ।
ਪੱਛਮੀ ਬੰਗਾਲ, ਆਸਾਮ, ਕੇਰਲ ਤੇ ਤਾਮਿਲਨਾਡੂ ਵਿਚ ਕਾਂਗਰਸ ਚੋਣ ਨਤੀਜਿਆਂ ਵਿਚ ਬੁਰੀ ਤਰ੍ਹਾਂ ਪਛੜ ਗਈ। ਸਭ ਤੋਂ ਵੱਡਾ ਉਲਟ-ਫੇਰ ਆਸਾਮ ਵਿਚ ਹੋਇਆ ਹੈ ਜਿਥੇ ਪਹਿਲੀ ਵਾਰ ਭਾਜਪਾ ਦੀ ਸਰਕਾਰ ਬਣੀ ਹੈ। ਪੱਛਮੀ ਬੰਗਾਲ ਵਿਚ ਮਮਤਾ ਬੈਨਰਜੀ, ਤਾਮਿਲਨਾਡੂ ਵਿਚ ਜੈਲਲਿਤਾ ਤੇ ਆਸਾਮ ਵਿਚ ਸਰਬੋਨੰਦ ਸੋਨਵਾਲਾ ਲਈ ਮੁੱਖ ਮੰਤਰੀ ਦਾ ਰਾਹ ਸਾਫ ਕਰ ਦਿੱਤਾ। ਆਸਾਮ ਵਿਚ ਭਾਜਪਾ ਨੂੰ 66, ਕਾਂਗਰਸ 18 ਤੇ ਹੋਰਨਾਂ ਨੂੰ ਪੰਜ ਸੀਟਾਂ ਮਿਲੀਆਂ ਹਨ। ਕਾਂਗਰਸ ਨੇ ਚੋਣ ਨਤੀਜਿਆਂ ਤੋਂ ਬਾਅਦ ਆਖਿਆ ਹੈ ਕਿ ਪਾਰਟੀ ਹਾਰ ਦੇ ਕਾਰਨਾਂ ਦੀ ਸਮੀਖਿਆ ਕਰ ਰਹੀ ਹੈ। ਦੂਜੇ ਪਾਸੇ ਪੱਛਮੀ ਬੰਗਾਲ ਦੇ ਚੋਣ ਨਤੀਜਿਆਂ ਨੇ ਵੀ ਖੱਬੀਆਂ ਧਿਰਾਂ ਦੀ ਸੱਤਾ ਵਿਚ ਵਾਪਸੀ ਦੀਆਂ ਕੋਸ਼ਿਸ਼ਾਂ ਨੂੰ ਫੇਲ੍ਹ ਕਰ ਦਿੱਤਾ ਹੈ। ਮਮਤਾ ਬੈਨਰਜੀ ਨੇ ਨਾ ਸਿਰਫ ਸੱਤਾ ਵਿਚ ਵਾਪਸੀ ਕੀਤੀ ਹੈ ਸਗੋਂ ਪਹਿਲਾਂ ਨਾਲੋਂ ਵੀ ਵੱਧ ਸੀਟਾਂ ਉੱਤੇ ਕਬਜ਼ਾ ਕੀਤਾ ਹੈ। ਪੱਛਮੀ ਬੰਗਾਲ ਦੇ ਚੋਣ ਨਤੀਜਿਆਂ ਨੇ ਦਰਸਾ ਦਿੱਤਾ ਹੈ ਕਿ ਇਥੋਂ ਦੇ ਵੋਟਰ ਖੱਬੀਆਂ ਧਿਰਾਂ ਦੀਆਂ ਨੀਤੀਆਂ ਦੇ ਖਿਲਾਫ਼ ਹਨ। ਇਸੇ ਤਰ੍ਹਾਂ ਤਾਮਿਲਨਾਡੂ ਵਿਚ ਸ਼ੁਰੂਆਤੀ ਤੌਰ ਉੱਤੇ ਕਰੁਣਾਨਿਧੀ ਤੇ ਜੈਲਲਿਤਾ ਵਿਚ ਜ਼ਬਰਦਸਤ ਟੱਕਰ ਦੇਖਣ ਨੂੰ ਮਿਲੀ, ਪਰ ਅੰਤ ਵਿਚ ਜੈਲਲਿਤਾ ਨੇ ਬਾਜ਼ੀ ਮਾਰ ਲਈ। ਕਾਂਗਰਸ ਦੀ ਸਾਖ਼ ਨੂੰ ਪੁੱਡੂਚੇਰੀ ਬਚਾ ਗਈ, ਜਿਥੇ ਉਹ ਡੀæਐਮæਕੇæ ਨਾਲ ਰਲ ਕੇ ਸਰਕਾਰ ਬਣਾਏਗੀ। ਭਾਜਪਾ ਇਸ ਰਾਜ ਵਿਚ ਏæਜੀæਪੀæ ਤੇ ਬੋਡੋ ਪੀਪਲਜ਼ ਫਰੰਟ ਨਾਲ ਰਲ ਕੇ ਮੈਦਾਨ ਵਿਚ ਉਤਰੀ ਸੀ। ਇਸ ਗਠਜੋੜ ਨੇ ਵਿਧਾਨ ਸਭਾ ਦੀਆਂ ਕੁੱਲ 126 ਸੀਟਾਂ ਵਿਚੋਂ 86 ਜਿੱਤ ਲਈਆਂ, ਜਦ ਕਿ ਕਾਂਗਰਸ ਨੂੰ 26, ਏæਡੀæਯੂæਐਫ਼ ਨੂੰ 13 ਤੇ ਹੋਰ ਨੂੰ ਇਕ ਸੀਟ ਮਿਲੀ। ਪਿਛਲੀਆਂ ਚੋਣਾਂ ਵਿਚ ਕਾਂਗਰਸ ਨੂੰ ਅਸਾਮ ਵਿਚ 78 ਸੀਟਾਂ ਮਿਲੀਆਂ ਸਨ। ਅਸਾਮ ਦੇ ਗੁਆਂਢੀ ਸੂਬੇ ਵਿਚ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਨੇ ਵਿਧਾਨ ਸਭਾ ਵਿਚ ਦੋ ਤਿਹਾਈ ਬਹੁਮਤ ਹਾਸਲ ਕਰਕੇ ਮੁੜ ਸੱਤਾ ਹਾਸਲ ਕਰ ਲਈ। ਸੂਬੇ ਦੀਆਂ ਕੁੱਲ 294 ਸੀਟਾਂ ਵਿਚੋਂ ਤ੍ਰਿਣਮੂਲ ਨੂੰ 211 ਸੀਟਾਂ ਹਾਸਲ ਹੋਈਆਂ।
___________________________________
ਭਾਜਪਾ ਨੂੰ ਪੰਜਾਬ ਵਿਚ ਵੀ ਇਹੋ ਜਿਹੀ ਉਮੀਦ
ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਕਮਲ ਸ਼ਰਮਾ ਨੇ ਪੰਜ ਸੂਬਿਆਂ ਦੇ ਚੋਣ ਨਤੀਜਿਆਂ ਉਤੇ ਖੁਸ਼ੀ ਜ਼ਾਹਰ ਕਰਦਿਆਂ ਦਾਅਵਾ ਕੀਤਾ ਕਿ ਇਸ ਦਾ ਅਸਰ ਪੰਜਾਬ ਦੀ ਰਾਜਨੀਤੀ ਉਤੇ ਵੀ ਪਵੇਗਾ ਤੇ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ-ਭਾਜਪਾ ਗਠਜੋੜ ਜਿੱਤ ਦੀ ਹੈਟ੍ਰਿਕ ਮਾਰੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਇਨ੍ਹਾਂ ਚੋਣ ਨਤੀਜਿਆਂ ਤੋਂ ਸਬਕ ਲੈਂਦਿਆਂ ਟਕਰਾਅ ਦੀ ਰਾਜਨੀਤੀ ਛੱਡ ਕੇ ਦੇਸ਼ ਦੇ ਵਿਕਾਸ ਲਈ ਮੋਦੀ ਸਰਕਾਰ ਨੂੰ ਰਚਨਾਤਮਕ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਅਸਾਮ ਵਿਚ ਪਹਿਲੀ ਵਾਰ ਦੋ ਤਿਹਾਈ ਬਹੁਮਤ ਨਾਲ ਭਾਜਪਾ ਦੀ ਸਰਕਾਰ ਬਣਨ ਉਤੇ ਖੁਸ਼ੀ ਜ਼ਾਹਰ ਕਰਦਿਆਂ ਇਸ ਜਿੱਤ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੂੰ ਵਧਾਈ ਦਿੱਤੀ।
__________________________________
ਰਾਹੁਲ ਸਿਰ ਤਾਜ ਸਜਾਉਣ ਦੀ ਤਿਆਰੀ?
ਨਵੀਂ ਦਿੱਲੀ: ਪੰਜ ਰਾਜਾਂ ਦੀਆਂ ਵਿਧਾਨ ਸਭਾ ਦੇ ਚੋਣ ਨਤੀਜਿਆਂ ਤੋਂ ਮਿਲੀ ਭਾਰੀ ਨਿਰਾਸ਼ਾ ਦੇ ਬਾਵਜੂਦ ਪਾਰਟੀ ਰਾਹੁਲ ਦੇ ਸਿਰ ਤਾਜ ਸਜ਼ਾ ਸਕਦੀ ਹੈ। ਪਾਰਟੀ ਦੇ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਰਾਹੁਲ ਗਾਂਧੀ ਨੂੰ ਕਾਂਗਰਸ ਪ੍ਰਧਾਨ ਬਣਾਏ ਜਾਣ ਵੱਲ ਇਸ਼ਾਰਾ ਕੀਤਾ ਹੈ। ਹਾਲਾਂਕਿ ਅਜਿਹੀ ਚਰਚਾ ਪਹਿਲਾਂ ਵੀ ਹੋ ਚੁੱਕੀ ਹੈ, ਪਰ ਉਸ ਵੇਲੇ ਸਾਰੀਆਂ ਸੰਭਾਵਨਾਵਾਂ ਨੂੰ ਆਨੇ-ਬਹਾਨੇ ਟਾਲ ਦਿੱਤਾ ਗਿਆ ਸੀ। ਰਾਹੁਲ ਦੇ ਕਰੀਬੀ ਮੰਨੇ ਜਾਂਦੇ ਇਕ ਹੋਰ ਕਾਂਗਰਸ ਆਗੂ ਨੇ ਕਿਹਾ ਕਿ ਰਾਹੁਲ ਨੂੰ ਤੁਸੀਂ ਜਿੰਨਾ ਸੋਚਦੇ ਹੋ ਉਸ ਤੋਂ ਜਲਦੀ ਤਰੱਕੀ ਦਿੱਤੀ ਜਾਏਗੀ।”ਸੁਰਜੇਵਾਲਾ ਨੇ ਕਿਹਾ ਕਿ “ਹਰ ਚੋਣ ਦੇ ਆਪਣੇ ਮੁੱਦੇ ਹੁੰਦੇ ਹਨ। ਅਸੀਂ ਕਿਸੇ ਇਕ ਵਿਅਕਤੀ ਤਰੁਣ ਗੋਗੋਈ ਜਾਂ ਓਮਾਨ ਚਾਂਡੀ ਦੇ ਲਿਹਾਜ ਨਾਲ ਸੂਬਿਆਂ ਦੀ ਚੋਣ ਨੂੰ ਨਹੀਂ ਦੇਖਦੇ।