ਦਿੱਲੀ ਦੀ ਕੇਂਦਰੀ ਸਿਆਸਤ ਅਤੇ ਖਾਸ ਕਰ ਕੇ ਸਿੱਖ ਸਿਆਸਤ ਵਿਚ ਇਹ ਹਫਤਾ ਬੜਾ ਅਹਿਮ ਰਿਹਾ ਹੈ। ਕਾਂਗਰਸ ਅਗਲੇ ਸਾਲ ਵਾਲੀਆਂ ਲੋਕ ਸਭਾ ਚੋਣਾਂ ਲਈ ਜੀਅ-ਜਾਨ ਨਾਲ ਜੁਟੀ ਹੋਈ ਹੈ। ਇਸ ਦਾ ‘ਚਿੰਤਨ ਸ਼ਿਵਰ’ ਭਾਵੇਂ ਜੈਪੁਰ ਵਿਚ ਜਮਾਇਆ ਗਿਆ ਪਰ ਸਾਰੀਆਂ ਤਰਕੀਬਾਂ ਦਿੱਲੀ ਵਿਚ ਹੀ ਹੋਈਆਂ ਹਨ। ਇਹ ਚਿੰਤਨ ਸ਼ਿਵਰ ਰਤਾ ਕੁ ਵੱਧ ਧਿਆਨ ਮੰਗਦਾ ਹੈ। ਇਸ ਮੁਤਾਬਕ ਹੁਣ ਵੱਡੀ ਅਤੇ ਖਾਸ ਤਰ੍ਹਾਂ ਦੀ ਵੰਗਾਰ ਦੇਸ਼ ਵਿਚ ਕਿਤੇ ਨਹੀਂ ਹੈ। ਪੰਜਾਬ ਵਿਚ ਖਾੜਕੂਆਂ ਜਾਂ ਮਾਓਵਾਦੀਆਂ ਦੇ ਉਭਾਰ ਵਾਲੀਆਂ ਖਬਰਾਂ ਹੋਰ ਖਬਰਾਂ ਵਾਂਗ ਆ ਕੇ ਗੌਣ ਹੋ ਜਾਂਦੀਆਂ ਹਨ। ਕਸ਼ਮੀਰ ਵਿਚ ਵੀ ‘ਸਭ ਅੱਛਾ’ ਹੀ ਜਾਪਦਾ ਹੈ। ਉਤਰ-ਪੂਰਬੀ ਰਾਜਾਂ ਵਿਚ ਵਿਦਰੋਹ ਦੀ ਧੂਣੀ ਭਾਵੇਂ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਲਗਾਤਾਰ ਕਿਸੇ ਨਾ ਕਿਸੇ ਰੂਪ ਵਿਚ ਧੁਖ ਰਹੀ ਹੈ, ਪਰ ਨਾਗਿਆਂ ਨਾਲ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਚੱਲ ਰਹੀ ਵਾਰਤਾ ਨਾਲ ਸਰਕਾਰ ਨੂੰ ਸੁੱਖ ਦਾ ਸਾਹ ਆਇਆ ਹੋਇਆ ਹੈ। ਆਸਾਮ ਦੀ ਆਜ਼ਾਦੀ ਲਈ ਹਥਿਆਰ ਚੁੱਕਣ ਵਾਲੀ ‘ਉਲਫਾ’ ਨਾਲ ਸਮਝੌਤਾ ਚੱਲ ਰਿਹਾ ਹੈ। ਉਸ ਖਿੱਤੇ ਵਿਚ ਇਹੀ ਜਥੇਬੰਦੀ ਸਭ ਤੋਂ ਵੱਡੀ ਵੰਗਾਰ ਸਮਝੀ ਜਾ ਰਹੀ ਸੀ। ਇਹ ਭਾਰਤ ਦੀ ਸ਼ਾਇਦ ਇਕੋ-ਇਕ ਹਿੰਦੂ ਜਥੇਬੰਦੀ ਸੀ ਜਿਸ ਨੇ ਇੰਨੀ ਵੱਡੀ ਪੱਧਰ ਉਤੇ ਭਾਰਤ ਦੀ ਸੱਤਾ ਨੂੰ ਵੰਗਾਰਿਆ ਸੀ। ਕੇਂਦਰੀ ਰਾਜਾਂ ਵਿਚ ਮਾਓਵਾਦੀਆਂ ਨੇ ਸੱਤਾ ਨੂੰ ਵੰਗਾਰ ਅਜੇ ਕਾਇਮ ਰੱਖੀ ਹੋਈ ਹੈ, ਪਰ ਸਰਕਾਰ ਨੇ ਉਥੇ ਦਸ ਹਜ਼ਾਰ ਹੋਰ ਫੌਜੀ ਘੱਲ ਦਿੱਤੇ ਹਨ ਤਾਂ ਕਿ ਇਨ੍ਹਾਂ ਨੂੰ ਹੁਣ ਕੁਚਲ ਕੇ ਹੀ ਵਾਪਸ ਮੁੜਿਆ ਜਾਵੇ। ਉਸ ਇਲਾਕੇ ਵਿਚ ਹੁਣ ਕੁਲ 85 ਹਜ਼ਾਰ ਫੌਜੀ ਤੇ ਨੀਮ-ਫੌਜੀ ਤਾਇਨਾਤ ਹਨ। ਪੁਲਿਸ ਫੋਰਸ ਦੀ ਨਫਰੀ ਵੱਖਰੀ ਹੈ। ਸਰਕਾਰ ਦੇ ਫੈਸਲੇ ਮੁਤਾਬਕ ਮਾਓਵਾਦੀਆਂ ਦੀ ਰੜਕ ਵੀ ਮੁੱਕ ਜਾਣੀ ਚਾਹੀਦੀ ਹੈ। ਉਂਜ, ਸਰਕਾਰ ਨੂੰ ਇਨ੍ਹਾਂ ਦੇ ਤੌਰ-ਤਰੀਕਿਆਂ ਦੀ ਵੱਧ ਚਿੰਤਾ ਹੈ। ਸਰਕਾਰ ਨੂੰ ਚੱਲ ਰਹੇ ਹਥਿਆਰਾਂ ਨਾਲੋਂ ਕਿਤੇ ਵੱਧ ਖਤਰਾ ਅਤੇ ਫਿਕਰ ਲੋਕਾਂ ਦੇ ਬਣ ਰਹੇ ਵਿਚਾਰਾਂ ਦਾ ਸਤਾ ਰਿਹਾ ਹੈ। ਇਹ ਹਨ ਅੱਜ ਦੇ ਭਾਰਤ ਦੇ ਹਾਲਾਤ ਜਿਨ੍ਹਾਂ ਦੇ ਪ੍ਰਸੰਗ ਵਿਚ ਨਹਿਰੂ-ਗਾਂਧੀ ਪਰਿਵਾਰ ਦੇ ਵਾਰਸ ਰਾਹੁਲ ਗਾਂਧੀ ਨੂੰ 2014 ਦੀਆਂ ਚੋਣਾਂ ਲਈ ਸ਼ਿੰਗਾਰਿਆ ਗਿਆ ਹੈ। ਪਾਰਟੀ ਦਾ ਜਨਰਲ ਸਕੱਤਰ ਤਾਂ ਉਹ ਪਹਿਲਾਂ ਹੀ ਸੀ ਅਤੇ ਅਹਿਮ ਫੈਸਲਿਆਂ ਵਿਚ ਉਸ ਦਾ ਦਖਲ ਵੀ ਹੁੰਦਾ ਸੀ, ਹੁਣ ਉਸ ਨੂੰ ਪਾਰਟੀ ਦੇ ਮੀਤ ਪ੍ਰਧਾਨ ਦਾ ਅਹੁਦਾ ਦੇ ਦਿੱਤਾ ਗਿਆ ਹੈ। ਹੁਣ ਤੱਕ ਦੇ ਸਿਆਸੀ ਸਫਰ ਵਿਚ ਉਹ ਭਾਵੇਂ ਕੋਈ ਮੱਲ ਤਾਂ ਨਹੀਂ ਮਾਰ ਸਕਿਆ, ਪਰ ਹੁਣ ਮੌਜੂਦਾ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਬਾਰੇ ਦੇਸ਼ ਵਿਚ ਜਿਸ ਤਰ੍ਹਾਂ ਦਾ ਮਾਹੌਲ ਬਣ ਗਿਆ ਹੈ, ਉਸ ਨੂੰ ਪੜ੍ਹਦਿਆਂ ਕਾਂਗਰਸ ਨੇ ਸ਼ਾਇਦ ਡਾਕਟਰ ਸਾਹਿਬ ਨੂੰ ਪਿਛਾਂਹ ਕਰਨ ਦਾ ਫੈਸਲਾ ਕਰ ਲਿਆ ਜਾਪਦਾ ਹੈ। ਉਸ ਦੀ ਥਾਂ ਮੱਲਣ ਲਈ ਹੀ ਰਾਹੁਲ ਦੀ ਇਉਂ ਉਚੇਚੇ ਤੌਰ ‘ਤੇ ਤਾਜਪੋਸ਼ੀ ਕੀਤੀ ਗਈ ਹੈ।
ਦੂਜਾ ਮਸਲਾ ਸਿੱਖ ਸਿਆਸਤ ਦਾ ਹੈ। ਇਹ ਸ਼ਾਇਦ ਪਹਿਲੀ ਵਾਰ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਚੋਣਾਂ ਲਈ ਮੁੱਖ ਧਿਰਾਂ ਨੇ ਇੰਨੀਆਂ ਧੂੜਾਂ ਪੁੱਟੀਆਂ ਹਨ। ਸਿੱਖ ਸੰਗਤ ਹੈਰਾਨ ਹੈ ਕਿ ਆਖਰ ਹੋ ਕੀ ਰਿਹਾ ਹੈ! ਇਸ ਤਰ੍ਹਾਂ ਦੀ ਸਰਗਰਮੀ ਤਾਂ ਪਿਛਲੀਆਂ ਵਿਧਾਨ ਸਭਾ ਚੋਣਾਂ ਵੇਲੇ ਵੀ ਨਹੀਂ ਸੀ ਹੋਈ। ਕਿਸੇ ਧਾਰਮਿਕ ਸੰਸਥਾ ਲਈ ਸਿਆਸੀ ਲੜਾਈ ਦਾ ਇਹ ਜਲਵਾ ਆਪਣੇ ਹੀ ਰੰਗ ਦਿਖਾ ਰਿਹਾ ਹੈ। ਦਿੱਲੀ ਵਿਚ ਪਹਿਲੀ ਵਾਰ ਆਗੂਆਂ ਦੀ ਖਰੀਦੋ-ਫਰੋਖਤ ਦੀਆਂ ਖਬਰਾਂ ਆ ਰਹੀਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅਤੇ ਫਿਰ ਪੰਜਾਬ ਵਿਧਾਨ ਸਭਾ ਚੋਣਾਂ ਜਿੱਤਣ ਖਾਤਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਹਰ ਹਰਬਾ ਵਰਤਿਆ ਸੀ। ਸ਼੍ਰੋਮਣੀ ਕਮੇਟੀ ਚੋਣਾਂ ਤੋਂ ਐਨ ਪਹਿਲਾਂ ਇਸ ਖਿਲਾਫ ਹੋਂਦ ਵਿਚ ਆਇਆ ਪੰਥਕ ਮੋਰਚਾ ਇਸ ਨੇ ਆਪਣੀਆਂ ਸਿਆਸੀ ਚਾਲਾਂ ਨਾਲ ਹੀ ਭੰਨ ਸੁੱਟਿਆ ਸੀ ਅਤੇ ਸਿੱਧੀ ਜਿੱਤ ਲਈ ਰਾਹ ਪੱਧਰਾ ਕਰ ਲਿਆ ਸੀ। ਹੁਣ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਜਿਹੜਾ ਮੈਨੀਫੈਸਟੋ ਬਾਦਲਾਂ ਨੇ ਜਾਰੀ ਕੀਤਾ ਹੈ, ਉਸ ਦਾ ਧਰਮ ਨਾਲ ਕੋਈ ਸਬੰਧ ਹੀ ਨਹੀਂ ਹੈ, ਸੁਧੀ ਸਿਆਸਤ ਦਾ ਚਿੱਠਾ ਹੈ। ਸਰਨਾ ਧੜੇ ਦਾ ਹਾਲ ਵੀ ਇਸ ਤੋਂ ਕੋਈ ਵੱਖਰਾ ਨਹੀਂ। ਉਹ ਵੀ ਸਿਆਸਤ ਹੀ ਕਰ ਰਹੇ ਹਨ, ਉਨ੍ਹਾਂ ਦਾ ਵਧੇਰੇ ਖਿਆਲ ਵੀ ਆਪਣੇ ਕਾਰੋਬਾਰ ਵੱਲ ਹੈ। ਕਾਰੋਬਾਰ ਅਤੇ ਸਿਆਸਤ ਦੇ ਸੁਮੇਲ ਨਾਲ ਉਨ੍ਹਾਂ ਦੀ ਗੁੱਡੀ ਵਾਹਵਾ ਉੱਚੀ ਉੱਡ ਰਹੀ ਹੈ। ਦਿੱਲੀ ਵਿਚ ਅੱਜ ਇਕ ਹੀ ਚਰਚਾ ਹੈ ਕਿ ਸਿਆਸਤ ਦੇ ਪਿੜ ਵਿਚ ਬਾਦਲਾਂ ਨੂੰ ਵੰਗਾਰਨ ਵਾਲਾ ਸਿਰਫ ਪਰਮਜੀਤ ਸਿੰਘ ਸਰਨਾ ਹੀ ਹੈ। ਪੰਜਾਬ ਵਿਚ ਇਸ ਤਰ੍ਹਾਂ ਦਾ ਵਿਚਾਰ ਕੁਝ ਸਾਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਬਾਰੇ ਵੀ ਬਣਿਆ ਸੀ, ਪਰ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਅਤੇ ਖੁਦ ਕੈਪਟਨ ਦੇ ਕੁਝ ਫੈਸਲਿਆਂ ਕਰ ਕੇ ਅੱਜ ਬਾਦਲਾਂ ਦਾ ਹੱਥ ਉਤੇ ਹੈ। ਕੋਈ ਤੀਜੀ ਧਿਰ ਨਾ ਦਿੱਲੀ ਦੀ ਸਿੱਖ ਸਿਆਸਤ ਅਤੇ ਨਾ ਹੀ ਪੰਜਾਬ ਵਿਚ ਰੜਕ ਰਹੀ ਹੈ। ਪੰਜਾਬ ਵਿਚ ਕੁਝ ਖਾੜਕੂ ਧਿਰਾਂ ਨੇ ਹੰਭਲਾ ਮਾਰਨ ਦਾ ਯਤਨ ਕੀਤਾ ਸੀ, ਪਰ ਪੰਜਾਬ ਅਤੇ ਪੰਥ ਦੀ ਸਿਆਸਤ ਵਿਚ ਆਈ ਖੜੋਤ ਭੰਨਣ ਲਈ ਜਿੰਨੀ ਬੌਧਿਕ ਬੁਲੰਦੀ ਅਤੇ ਸਰਗਰਮੀ ਦੀ ਜ਼ਰੂਰਤ ਹੈ, ਉਥੇ ਤੱਕ ਪੁੱਜਣ ਵਿਚ ਇਹ ਧਿਰਾਂ ਨਾਕਾਮ ਰਹੀਆਂ ਹਨ। ਉਂਜ ਵੀ ਚੋਣ ਸਿਆਸਤ ਦੀਆਂ ਆਪਣੀਆਂ ਗਿਣਤੀਆਂ-ਮਿਣਤੀਆਂ ਹਨ ਅਤੇ ਅੱਜ ਦੀ ਸਿਆਸਤ ਵਿਚ ਪੈਂਠ ਲਈ ਜਿੰਨੇ ਬਾਹੂ ਬਲ ਤੇ ਮਾਇਆ ਦੀ ਲੋੜ ਪੈਂਦੀ ਹੈ, ਉਹਦੇ ਲਈ ਬਾਦਲਾਂ ਕੋਲ ਹੁਣ ਕੋਈ ਤੋਟ ਨਹੀਂ ਹੈ। ਹੁਣ ਤਾਂ ਸਵਾਲ ਹੀ ਇਹ ਹੈ ਕਿ ਇਨ੍ਹਾਂ ਨੂੰ ਇਸ ਰਾਹ ‘ਤੇ ਪੈ ਕੇ ਟੱਕਰਿਆ ਵੀ ਜਾ ਸਕਦਾ ਹੈ ਜਾਂ ਨਹੀਂ; ਜਾਂ ਕੋਈ ਹੋਰ ਬੰਨ੍ਹ-ਸੁਬ ਕਰਨਾ ਪਵੇਗਾ? ਹਾਲਾਤ ਦੱਸਦੇ ਹਨ ਕਿ ਇਸ ਰਾਹ ਉਤੇ ਇਨ੍ਹਾਂ ਨੂੰ ਘੇਰਨਾ ਹੁਣ ਜੇ ਅਸੰਭਵ ਨਹੀਂ ਤਾਂ ਔਖਾ ਜ਼ਰੂਰ ਹੈ। ਇਸ ਦੇ ਲਈ ਸਿਰਫ ਬੌਧਿਕ ਬੁਲੰਦੀ ਅਤੇ ਸਖਤ ਸਰਗਰਮੀ ਦਾ ਹੀ ਇਕੋ-ਇਕ ਰਾਹ ਬਚਦਾ ਹੈ ਜਿਸ ਵੱਲ ਅਜੇ ਤੱਕ ਸ਼ਾਇਦ ਕਿਸੇ ਨੇ ਝਾਕਿਆ ਵੀ ਨਹੀਂ ਹੈ।
Leave a Reply