ਸਮੁੰਦਰੀ ਤਲ ਵਿਚ ਵਾਧਾ ਕਰੋੜਾਂ ਭਾਰਤੀਆਂ ਲਈ ਖਤਰੇ ਦੀ ਘੰਟੀ

ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਦੀ ਵਾਤਾਵਰਨ ਰਿਪੋਰਟ ਵਿਚ ਚਿਤਾਵਨੀ ਦਿੱਤੀ ਗਈ ਹੈ ਕਿ ਸਮੁੰਦਰ ਤਲ ਵਿਚ ਵਾਧਾ ਹੋਣ ਨਾਲ 2050 ਤੱਕ ਕਰੀਬ ਚਾਰ ਕਰੋੜ ਭਾਰਤੀਆਂ ਨੂੰ ਖਤਰਾ ਪੈਦਾ ਹੋ ਸਕਦਾ ਹੈ, ਜਦ ਕਿ ਤੇਜ਼ ਸ਼ਹਿਰੀਕਰਨ ਅਤੇ ਆਰਥਿਕ ਵਾਧੇ ਕਾਰਨ ਤੱਟੀ ਹੜ੍ਹ ਨਾਲ ਮੁੰਬਈ ਤੇ ਕੋਲਕਾਤਾ ਦੇ ਲੋਕਾਂ ਨੂੰ ਸਭ ਤੋਂ ਵੱਧ ਖਤਰਾ ਹੈ।

ਖੇਤਰੀ ਮੁਲਾਂਕਣ ਮੁਤਾਬਕ ਜਲਵਾਯੂ ਤਬਦੀਲੀ ਦਾ ਸਭ ਤੋਂ ਖਰਾਬ ਪ੍ਰਭਾਵ ਪ੍ਰਸ਼ਾਂਤ ਤੇ ਦੱਖਣ ਤੇ ਦੱਖਣ ਪੂਰਬੀ ਏਸ਼ੀਆ ‘ਤੇ ਹੋਣ ਦਾ ਖਦਸ਼ਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ 2050 ਤੱਕ ਸਮੁੰਦਰ ਦੇ ਪਾਣੀ ਵਿਚ ਵਾਧਾ ਹੋਣ ਨਾਲ ਦੁਨੀਆਂ ਭਰ ਦੇ ਜਿਨ੍ਹਾਂ 10 ਦੇਸ਼ਾਂ ਦੀ ਆਬਾਦੀ ਸਭ ਤੋਂ ਵੱਧ ਪ੍ਰਭਾਵਿਤ ਹੋਵੇਗੀ, ਉਨ੍ਹਾਂ ਵਿਚ ਸੱਤ ਦੇਸ਼ ਏਸ਼ੀਆ ਦੇ ਹਨ। ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲੇ ਦੇਸ਼ਾਂ ਦੀ ਸੂਚੀ ਵਿਚ ਭਾਰਤ ਦਾ ਨਾਮ ਸਭ ਤੋਂ ਉਤੇ ਹੈ।
ਸਮੁੰਦਰ ਦੇ ਪੱਧਰ ਵਿਚ ਵਾਧਾ ਹੋਣ ਕਾਰਨ ਭਾਰਤ ਦੇ ਕਰੀਬ ਚਾਰ ਕਰੋੜ ਲੋਕਾਂ ਉਤੇ ਖਤਰੇ ਦੇ ਬੱਦਲ ਮੰਡਰਾ ਰਹੇ ਹਨ, ਜਦ ਕਿ ਬੰਗਲਾਦੇਸ਼ ਦੇ ਢਾਈ ਕਰੋੜ, ਚੀਨ ਦੇ ਦੋ ਕਰੋੜ ਤੇ ਫਿਲਪੀਨਜ਼ ਦੇ ਕਰੀਬ ਡੇਢ ਕਰੋੜ ਲੋਕਾਂ ਦੀ ਜ਼ਿੰਦਗੀਆਂ ਖਤਰੇ ਵਿਚ ਪੈ ਸਕਦੀਆਂ ਹਨ। ਰਿਪੋਰਟ ਵਿਚ ਗਿਆ ਹੈ ਕਿ ਤੱਟ ਦੇ ਨੇੜਲੀਆਂ ਬਸਤੀਆਂ ਦੇ ਤਰੀਕਿਆਂ ਵਿਚ ਤਬਦੀਲੀ, ਸ਼ਹਿਰੀਕਰਨ ਤੇ ਸਮਾਜਿਕ ਆਰਥਿਕ ਦਰਜੇ ਨੇ ਵਾਤਾਵਰਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਤੇਜ਼ ਸ਼ਹਿਰੀਕਰਨ ਅਤੇ ਆਰਥਿਕ ਵਿਕਾਸ ਕਾਰਨ ਚੀਨ, ਭਾਰਤ ਅਤੇ ਥਾਈਲੈਂਡ ਵਰਗੇ ਕੁਝ ਦੇਸ਼ਾਂ, ਖ਼ਾਸ ਕਰ ਕੇ ਉਨ੍ਹਾਂ ਦੇ ਸ਼ਹਿਰੀ ਇਲਾਕਿਆਂ ਨੂੰ ਭਵਿੱਖ ਵਿਚ ਗੰਭੀਰ ਚੁਣੌਤੀਆਂ ਦੇ ਰੂਬਰੂ ਹੋਣਾ ਪਵੇਗਾ।
ਰਿਪੋਰਟ ਮੁਤਾਬਕ ਭਾਰਤ ਵਿਚ ਮੁੰਬਈ ਤੇ ਕੋਲਕਾਤਾ, ਚੀਨ ਵਿਚ ਗੁਆਂਗਜ਼ੂ ਤੇ ਸ਼ੰਘਾਈ, ਬੰਗਲਾਦੇਸ਼ ਵਿਚ ਢਾਕਾ, ਮਿਆਂਮਾਰ ਵਿਚ ਯੰਗੂਨ, ਥਾਈਲੈਂਡ ਵਿਚ ਬੈਂਕਾਕ ਤੇ ਵੀਅਤਨਾਮ ਵਿਚ ਚੀ ਮਿੰਨ੍ਹ ਸਿਟੀ ਤੇ ਹਾਇ ਫੌਂਗ ਸਭ ਤੋਂ ਵੱਧ ਖਤਰੇ ਵਿਚ ਹਨ। ਇਨ੍ਹਾਂ ਵਿਚੋਂ ਕਈ ਸ਼ਹਿਰ ਪਹਿਲਾਂ ਹੀ ਤੱਟੀ ਹੜ੍ਹਾਂ ਨਾਲ ਦੋ-ਚਾਰ ਹੋ ਰਹੇ ਹਨ ਤੇ ਆਉਣ ਵਾਲਾ ਸਮਾਂ ਵੀ ਉਨ੍ਹਾਂ ਲਈ ਸੁਖਾਲਾ ਨਹੀਂ ਹੈ। ਰਿਪੋਰਟ ਵਿਚ ਖਦਸ਼ਾ ਪ੍ਰਗਟਾਇਆ ਗਿਆ ਹੈ ਕਿ 2050 ਤੱਕ ਬੰਗਲਾਦੇਸ਼, ਚੀਨ, ਭਾਰਤ, ਇੰਡੋਨੇਸ਼ੀਆ ਤੇ ਫਿਲਪੀਨਜ਼ ਵਿਚ ਅਜਿਹੇ ਖਿੱਤੇ ਹੋਣਗੇ ਜਿਨ੍ਹਾਂ ਵਿਚ ਜਿਥੇ ਵੱਧ ਝੱਖੜ ਆਉਣਗੇ ਤੇ ਇਸ ਕਾਰਨ ਪੰਜ ਕਰੋੜ 80 ਲੱਖ ਲੋਕਾਂ ਦੀ ਜਾਨ ਖਤਰੇ ਵਿਚ ਪੈ ਜਾਵੇਗੀ।