…ਤੇ ਫਿਰ ਤੋਤਾ ਬੋਲਿਆ: ਕੌਮੀ ਜਾਂਚ ਏਜੰਸੀ ਦਾ ਪੁੱਠਾ ਗੇੜਾ

ਸੁਰਿੰਦਰ ਸਿੰਘ ਤੇਜ
ਫੋਨ: +91-98555-01488
ਤਿੰਨ ਦਹਾਕੇ ਪਹਿਲਾਂ ਕੌਮੀ ਮੀਡੀਆ ਵੱਲੋਂ ‘ਸਿੱਖ ਉੱਗਰਵਾਦੀ’ ਸ਼ਬਦ ਬਹੁਤ ਵਰਤਿਆ ਜਾਂਦਾ ਸੀ। ਫਿਰ ਇਹ ‘ਸਿੱਖ ਆਤੰਕਵਾਦ’ ਵਿਚ ਬਦਲ ਦਿੱਤਾ ਗਿਆ। ਅਜੇ ਇਹ ਦੌਰ ਚੱਲ ਹੀ ਰਿਹਾ ਸੀ ਕਿ 1990 ਵਿਚ ਕਸ਼ਮੀਰ ਵਿਚ ਹਿੰਸਾ ਦਾ ਦੌਰ-ਦੌਰਾ ਸ਼ੁਰੂ ਹੋ ਗਿਆ। ਇਸ ਦੇ ਨਾਲ ਹੀ ‘ਕਸ਼ਮੀਰੀ ਆਤੰਕਵਾਦ’ ਮੀਡੀਆ ਦੀਆਂ ਸੁਰਖ਼ੀਆਂ ‘ਤੇ ਹਾਵੀ ਹੋਣ ਲੱਗਾ। 1993 ਦੇ ਮੁੰਬਈ ਬੰਬ ਧਮਾਕਿਆਂ ਨੇ ‘ਇਸਲਾਮੀ ਆਤੰਕਵਾਦ’ ਨੂੰ ਸੁਰਖ਼ੀਆਂ ਵਿਚ ਉਭਾਰਨਾ ਸ਼ੁਰੂ ਕੀਤਾ। ਇਹ ਆਤੰਕਵਾਦ ਜਾਂ ਇਸ ਦਾ ਨਵੇਲਾ ਰੂਪ ‘ਜਹਾਦੀ ਆਤੰਕਵਾਦ’ ਦੋ ਦਹਾਕਿਆਂ ਤੋਂ ਮੀਡੀਆ ਦੀ ਸ਼ਬਦਾਵਲੀ ਦਾ ਮੁੱਖ ਅੰਗ ਰਹੇ ਹਨ।

2008 ਵਿਚ ਯੂæਪੀæਏæ ਸਰਕਾਰ ਦੇ ਕਾਰਜਕਾਲ ਦੌਰਾਨ ਕਰਨਲ ਪ੍ਰਸਾਦ ਪੁਰੋਹਿਤ ਤੇ ਸਾਧਵੀ ਪ੍ਰਾਗਿਆ ਸਿੰਘ ਠਾਕੁਰ ਦੇ ਜ਼ਰੀਏ ‘ਹਿੰਦੂ ਆਤੰਕਵਾਦ’ ਦਾ ਮੁਹਾਂਦਰਾ ਵੀ ਸਾਡੇ ਸਾਹਮਣੇ ਆਇਆ। ਪਹਿਲੀ ਵਾਰ ਦੇਸ਼ ਨੂੰ ਦੱਸਿਆ ਗਿਆ ਕਿ ਇਸਲਾਮੀ ਦਹਿਸ਼ਤਵਾਦ ਹੀ ਸਾਡੇ ਦੇਸ਼ ਵਿਚ ਪੁਆੜੇ ਦੀ ਜੜ੍ਹ ਨਹੀਂ ਬਲਕਿ ਹਿੰਦੂ ਰਾਸ਼ਟਰਵਾਦੀ ਸੰਗਠਨ ਵੀ ਦਹਿਸ਼ਤਗਰਦੀ ਨੂੰ ਹਥਿਆਰ ਵਜੋਂ ਵਰਤਣ ਦੇ ਰਾਹ ਤੁਰੇ ਹੋਏ ਹਨ। ਮਾਲੇਗਾਓਂ (ਮਹਾਰਾਸ਼ਟਰ) ਬੰਬ ਕਾਂਡ ਤੇ ਫਿਰ ਸਮਝੌਤਾ ਐਕਸਪ੍ਰੈਸ ਬੰਬ ਧਮਾਕੇ ਨਾਲ ਜੁੜੇ ‘ਭਗਵਾ ਆਤੰਕਵਾਦੀਆਂ’ ਦੀਆਂ ਤਾਰਾਂ ਨਾਗਪੁਰੀ ਮਹਾਂਪੰਡਿਤਾਂ ਨਾਲ ਜੋੜਨ ਦੇ ਯਤਨ ਵੀ ਹੋਏ।
ਪੰਜ ਸਾਲਾਂ ਤਕ ਅਜਿਹੇ ਆਤੰਕਵਾਦ ਦੇ ਕਿੱਸੇ-ਕਹਾਣੀਆਂ ਨਸ਼ਰ ਹੁੰਦੇ ਰਹਿਣ ਤੋਂ ਬਾਅਦ ਹੁਣ ਅਚਾਨਕ ਦੱਸਿਆ ਜਾ ਰਿਹਾ ਹੈ ਕਿ ਭਗਵਾ ਆਤੰਕਵਾਦ ਵੋਟ ਬੈਂਕ ਰਾਜਨੀਤੀ ਦੀ ਉਪਜ ਸੀ। ਇਸ ਸਬੰਧੀ ਜੋ ਬੰਦੇ ਜ਼ੇਰੇ ਹਿਰਾਸਤ ਹਨ, ਉਨ੍ਹਾਂ ਨੂੰ ਗਰਮਮਿਜ਼ਾਜ ਤਾਂ ਕਿਹਾ ਜਾ ਸਕਦਾ ਹੈ, ਪਰ ਉਨ੍ਹਾਂ ਖ਼ਿਲਾਫ਼ ਆਤੰਕਵਾਦੀ ਕਾਰਿਆਂ ਦੇ ਨਿੱਗਰ ਸਬੂਤ ਮੌਜੂਦ ਨਹੀਂ। ਇਹ ਪ੍ਰਭਾਵ ਵੀ ਉਹੀ ਏਜੰਸੀ (ਐੱਨæਆਈæਏæ) ਉਭਾਰ ਰਹੀ ਹੈ ਜਿਸ ਨੇ ‘ਭਗਵਾ ਆਤੰਕਵਾਦ’ ਦਾ ਚਿਹਰਾ-ਮੋਹਰਾ ਸਾਹਮਣੇ ਲਿਆਉਣ ਵਿਚ ਮੁੱਖ ਭੂਮਿਕਾ ਨਿਭਾਈ ਸੀ। ਅਜਿਹੀ ਕਲਾਬਾਜ਼ੀ ਦੇ ਪੇਸ਼ੇਨਜ਼ਰ ਸਰਕਾਰੀ ਤਫ਼ਤੀਸ਼ੀ ਏਜੰਸੀਆਂ ਦੀ ਖ਼ੁਦਮੁਖ਼ਤਾਰੀ ਬਾਰੇ ਸਵਾਲ ਤੇ ਸ਼ੁਬਹੇ ਉਠਣੇ ਸੁਭਾਵਿਕ ਹੀ ਹਨ।
ਭਾਰਤ ਵਿਚ ਦਹਿਸ਼ਤ-ਵਿਰੋਧੀ ਤਫ਼ਤੀਸ਼ੀ ਮੁਹਿੰਮਾਂ ਵਿਚ ਮਾਲੇਗਾਓਂ ਕੇਸ ਨੂੰ ਮੀਲ-ਪੱਥਰ ਮੰਨਿਆ ਜਾਂਦਾ ਹੈ। ਭਰਵੀਂ ਮੁਸਲਿਮ ਵਸੋਂ ਵਾਲੇ ਸ਼ਹਿਰ ਵਿਚ 2008 ‘ਚ ਬੰਬ ਧਮਾਕੇ ਰਾਹੀਂ ਨਮਾਜ਼ੀਆਂ ਦੀਆਂ ਜਾਨਾਂ ਲੈਣ ਦੇ ਮਾਮਲੇ ਦੀ ਤਫ਼ਤੀਸ਼ ਮਹਾਰਾਸ਼ਟਰ ਦੇ ਦਹਿਸ਼ਤਗਰਦੀ-ਵਿਰੋਧੀ ਦਸਤੇ (ਏæਟੀæਐਸ਼) ਨੇ ਕੀਤੀ। ਇਸੇ ਤਫ਼ਤੀਸ਼ ਦੇ ਆਧਾਰ æਤੇ ਸਾਧਵੀ ਪ੍ਰਾਗਿਆ ਸਿੰਘ ਠਾਕੁਰ ਤੇ ਕਰਨਲ ਪ੍ਰਸਾਦ ਪੁਰੋਹਿਤ ਦੀਆਂ ਗ੍ਰਿਫ਼ਤਾਰੀਆਂ ਹੋਈਆਂ ਅਤੇ ‘ਅਭਿਨਵ ਭਾਰਤ’ ਨਾਂ ਦਾ ਸੰਗਠਨ ਬੇਪਰਦ ਹੋਇਆ। ਹਿੰਦੂ ਸੱਜੇ-ਪੰਥੀ ਗੁੱਟਾਂ ਵੱਲੋਂ ਦਹਿਸ਼ਤਗਰਦੀ ਨੂੰ ਹਥਿਆਰ ਵਜੋਂ ਵਰਤਣ ਅਤੇ ਆਪਣੇ ਕਾਰਿਆਂ ਉਤੇ ਇਸਲਾਮੀ ਮੁਲੰਮਾ ਚਾੜ੍ਹ ਕੇ ਸ਼ੱਕ ਦੀ ਸੂਈ ਇਸਲਾਮੀ ਗੁੱਟਾਂ ਵੱਲ ਕਰਨ ਦੀ ਇਹ ਪਹਿਲੀ ਮਿਸਾਲ ਸੀ। ਹੁਣ ਇਸ ਕੇਸ ਦੇ ਛੇ ਮੁਲਜ਼ਮਾਂ ਖ਼ਿਲਾਫ਼ ਦੋਸ਼ ਵਾਪਸ ਲਏ ਜਾ ਰਹੇ ਹਨ ਅਤੇ ਇਸ ਪੱਖੋਂ ਕੋਈ ਲੁਕ-ਲੁਕਾਅ ਵੀ ਨਹੀਂ ਕੀਤਾ ਜਾ ਰਿਹਾ। ਕੇਸ ਦੀ ਵਿਸ਼ੇਸ਼ ਸਰਕਾਰੀ ਵਕੀਲ ਰੋਹਿਣੀ ਸਲਿਆਣ ਐਨæਆਈæਏæ ਦੇ ਰੁਖ਼ ਸਬੰਧੀ ਖੁੱਲ੍ਹ ਕੇ ਬਿਆਨਬਾਜ਼ੀ ਕਰਨ ਤੋਂ ਇਲਾਵਾ ਬੰਬੇ ਹਾਈ ਕੋਰਟ ਵਿਚ ਹਲਫ਼ਨਾਮਾ ਦਾਖ਼ਲ ਕਰ ਕੇ ਐੱਨæਆਈæਏæ ਦੇ ਉਸ ਅਧਿਕਾਰੀ ਦਾ ਨਾਮ ਵੀ ਦੱਸ ਚੁੱਕੀ ਹੈ ਜਿਸ ਨੇ ਮੋਦੀ ਰਾਜ ਆਉਂਦਿਆਂ ਹੀ ਉਸ ਨੂੰ ਮਾਲੇਗਾਉਂ ਕੇਸ ਦੇ ਮੁਲਜ਼ਮਾਂ ਪ੍ਰਤੀ ਨਰਮਾਈ ਵਰਤਣ ਲਈ ਕਹਿ ਦਿੱਤਾ ਸੀ। ਸਲਿਆਣ ਨੇ ਤਾਂ ਜੁਰਅਤ ਦਿਖਾਈ ਅਤੇ ਤੱਥ ਸਾਹਮਣੇ ਲਿਆਂਦੇ, ਪਰ ਉਸ ਦੇ ਜਾਨਸ਼ੀਨ ਨੇ ਐਨæਆਈæਏæ ਦੀਆਂ ਕਲਾਬਾਜ਼ੀਆਂ ਖ਼ਿਲਾਫ਼ ਅਸਤੀਫ਼ਾ ਦੇ ਕੇ ਚੰਦ ਘੰਟਿਆਂ ਬਾਅਦ ਇਹ ਵਾਪਸ ਲੈ ਲਿਆ। ਅਦਾਲਤ ਵਿਚ ਐਨæਆਈæਏæ ਦਾ ਪੱਖ ਇਹ ਰਿਹਾ ਕਿ ਕੇਸ ਦੇ ਛੇ ਮੁਲਜ਼ਮਾਂ ਖ਼ਿਲਾਫ਼ ਜੋ ਵੀ ਸਬੂਤ ਮਿਲੇ ਹਨ, ਉਹ ਉਨ੍ਹਾਂ ਉਪਰ ਆਇਦ ਦੋਸ਼ਾਂ ਨੂੰ ਸਾਬਤ ਨਹੀਂ ਕਰਦੇ। ਜੇ ਹਕੀਕਤ ਇਹ ਸੀ ਤਾਂ ਇਸ ਨੂੰ ਤਸਲੀਮ ਕਰਦਿਆਂ ਐਨæਆਈæਏæ ਨੂੰ ਪੰਜ ਸਾਲ ਕਿਵੇਂ ਲੱਗ ਗਏ? ਉਸ ਨੇ ਯੂæਪੀæਏæ ਸਰਕਾਰ ਸਮੇਂ ਅਜਿਹਾ ਕਿਉਂ ਨਹੀਂ ਕੀਤਾ? ਇਸੇ ਤਰ੍ਹਾਂ ਇਹ ਤਰਕ ਕਿ ਕਿਉਂਕਿ ਅਪਰਾਧ ਅੱਠ ਸਾਲ ਪਹਿਲਾਂ ਵਾਪਰਿਆ ਅਤੇ ਉਸ ਨੂੰ ਤਫ਼ਤੀਸ਼ ਦੀ ਜ਼ਿੰਮੇਵਾਰੀ ਤਿੰਨ ਸਾਲ ਬਾਅਦ ਮਿਲੀ, ਲਿਹਾਜ਼ਾ ਉਸ ਵੱਲੋਂ ਕੋਈ ਨਵਾਂ ਸਬੂਤ ਜੁਟਾਉਣਾ ਮੁਮਕਿਨ ਨਹੀਂ ਸੀ, ਵੀ ਦੇਸ਼ ਦੀ ਅੱਵਲਤਰੀਨ ਤਫ਼ਤੀਸ਼ੀ ਏਜੰਸੀ ਵੱਲੋਂ ਖ਼ੁਦ ਨੂੰ ਹੀ ਨੀਵਾਂ ਦਿਖਾਉਣ ਵਾਂਗ ਹੈ ਕਿਉਂਕਿ ਫ਼ੌਜਦਾਰੀ ਤਹਿਕੀਕਾਤ ਵਿਚ ਤਾਂ ਇਹ ਮੰਨਿਆ ਜਾਂਦਾ ਹੈ ਕਿ ਜਦੋਂ ਕੋਈ ਨਵੀਂ ‘ਲੀਡ’ ਮਿਲ ਜਾਵੇ, ਉਦੋਂ ਬੰਦ ਕੇਸ ਵੀ ਨਵੇਂ ਸਿਰਿਉਂ ਖੋਲ੍ਹਿਆ ਜਾ ਸਕਦਾ ਹੈ। ਕੀ ਐਨæਆਈæਏæ ਨੇ ਪਹਿਲਾਂ ਤੋਂ ਹੀ ਹਥਿਆਰ ਸੁੱਟ ਦਿੱਤੇ ਹਨ?
ਦਰਅਸਲ, ਅਜਿਹੀਆਂ ਅਸਗੰਤੀਆਂ ਤੇ ਵਿਸੰਗਤੀਆਂ ਹੀ ਤਫ਼ਤੀਸ਼ੀ ਅਮਲ ਵਿਚ ਦਿਆਨਤਦਾਰੀ, ਪਾਰਦਰਸ਼ਤਾ ਤੇ ਸ਼ਫਾਫ਼ੀ ਦੀ ਘਾਟ ਨੂੰ ਦਰਸਾਉਂਦੀਆਂ ਹਨ ਅਤੇ ਇਹੋ ਪ੍ਰਭਾਵ ਮਨ ‘ਤੇ ਛੱਡਦੀਆਂ ਹਨ ਕਿ ਪੇਸ਼ੇਵਰ ਤਹਿਕੀਕਾਤੀ ਏਜੰਸੀਆਂ ਵੀ ਸਿਆਸੀ ਸਲੀਕੇਦਾਰੀ ਦੀਆਂ ਗ਼ੁਲਾਮ ਹਨ। ਸੁਪਰੀਮ ਕੋਰਟ ਨੇ ਇਸੇ ਕਿਸਮ ਦਾ ਵਿਵਹਾਰ ਦੇਖ ਕੇ ਇਕ ਵਾਰ ਸੀæਬੀæਆਈæ ਨੂੰ ‘ਪਿੰਜਰੇ ਦਾ ਤੋਤਾ’ ਕਹਿ ਕੇ ਫਿਟਕਾਰਿਆ ਸੀ। ਹੁਣ ਐਨæਆਈæਏæ ਦਾ ਕਾਰ-ਵਿਹਾਰ ਵੀ ਉਸ ਨੂੰ ਇਸੇ ਲਕਬ ਦਾ ਹੱਕਦਾਰ ਬਣਾਉਂਦਾ ਹੈ। ਇਸੇ ਪ੍ਰਸੰਗ ਵਿਚ ਕੰਨੜ ਨਾਟਕਕਾਰ ਚੰਦਰ ਸ਼ੇਖਰ ਕਾਂਬਰਾ ਦੇ ਨਾਟਕ ‘ਜੋਕੁਮਾਰਾਸਵਾਮੀ’ ਦੀ ਯਾਦ ਆਉਂਦੀ ਹੈ।
ਹਿੰਦੀ ਰੰਗਮੰਚ ਦੀ ਕੱਦਾਵਰ ਹਸਤੀ ਪੰਡਿਤ ਸਤਿਆਦੇਵ ਦੂਬੇ ਨੇ ਇਸ ਨਾਟਕ ਦੇ ਹਿੰਦੀ ਰੂਪਾਂਤਰ ‘ਔਰ ਤੋਤਾ ਬੋਲਾ’ ਨੂੰ ਦੇਸ਼ ਭਰ ਵਿਚ ਪ੍ਰਸਿੱਧ ਬਣਾਇਆ ਸੀ। ਇਹ ਨਾਟਕ ਭਾਵੇਂ ਸ਼ੋਸ਼ਣ ਖ਼ਿਲਾਫ਼ ਆਵਾਜ਼ ਬੁਲੰਦ ਕਰਦਾ ਹੈ, ਪਰ ਨਾਲ ਹੀ ਅਹਿਲਕਾਰੀ ਜਮਾਤ ਵਿਚ ਮਾਲਕ ਦੀ ਰੌਂਅ ਮੁਤਾਬਿਕ ਸੁਰ ਕੱਢਣ ਦੀ ਬਿਰਤੀ ਨੂੰ ਵੀ ਰੂਪਮਾਨ ਕਰਦਾ ਹੈ। ਸ਼ਾਇਦ ਇਸੇ ਲਈ ਇਹ ਪੇਸ਼ੇਵਰ ਤਫ਼ਤੀਸ਼ੀ ਏਜੰਸੀਆਂ ਦੀ ਮੌਜੂਦਾ ਅਵਸਥਾ ‘ਤੇ ਫਿੱਟ ਬੈਠਦਾ ਹੈ- ਚਾਹੇ ਉਹ ਏਜੰਸੀ ਐਨæਆਈæਏæ ਹੋਵੇ æææਜਾਂ ਸਾਡੀ ਪੰਜਾਬ ਪੁਲਿਸ; ਢੱਡਰੀਆਂਵਾਲੇ ਕੇਸ ਵਿਚ ਉਹ ਵੀ ਤਾਂ ਰਟੀਆਂ-ਰਟਾਈਆਂ ਸੁਰਾਂ ਕੱਢ ਰਹੀ ਹੈ।