ਦਲਜੀਤ ਅਮੀ
ਫੋਨ: +91-97811-21873
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਮੁਲਕ ਦੇ ਨੁਮਾਇੰਦੇ ਵਜੋਂ ਕਾਮਾਗਾਟਾ ਮਾਰੂ ਦੇ ਸਾਕੇ ਲਈ ਮੁਆਫ਼ੀ ਮੰਗੀ ਹੈ। ਕਾਮਾਗਾਟਾ ਮਾਰੂ ਦੇ ਮੁਸਾਫ਼ਰਾਂ ਨੂੰ 1914 ਵਿਚ ਕੈਨੇਡਾ ਦੀ ਧਰਤੀ ਉਤੇ ਪੈਰ ਪਾਉਣ ਤੋਂ ਮਨ੍ਹਾਂ ਕੀਤਾ ਗਿਆ ਸੀ ਅਤੇ ਨਤੀਜੇ ਵਜੋਂ ਸਮੁੰਦਰੀ ਜਹਾਜ ਨੂੰ ਵਾਪਸ ਭੇਜਿਆ ਗਿਆ ਸੀ। ਕਾਮਾਗਾਟਾ ਮਾਰੂ ਦੇ ਬਾਈ ਮੁਸਾਫ਼ਰਾਂ ਨੂੰ ਕਲਕੱਤੇ ਦੇ ਬਜਬਜ ਘਾਟ ਉਤੇ ਅੰਗਰੇਜ਼ ਬਸਤਾਨਾਂ ਨੇ ਗੋਲੀ ਨਾਲ ਮਾਰ ਦਿਤਾ ਸੀ। ਇਸ ਸਮੁੱਚੇ ਸਾਕੇ ਵਿਚ ਗੋਰੀ ਨਸਲ ਅਤੇ ਬਸਤਾਨੀ ਗ਼ਲਬੇ ਦੀਆਂ ਧਾਰਨਾਵਾਂ ਅਹਿਮ ਸਨ।
ਇਕ ਪਾਸੇ ਕੈਨੇਡਾ ਵਿਚ ਗੋਰੀ ਨਸਲ ਦੀ ਸੁੱਚ ਕਾਇਮ ਰੱਖਣ ਦਾ ਸੁਆਲ ਸੀ ਅਤੇ ਦੂਜੇ ਪਾਸੇ ਅੰਗਰੇਜ਼ ਸਾਮਰਾਜ ਦੀ ਰਈਅਤ ਉਤੇ ਗ਼ਲਬਾ ਕਰਨ ਦਾ ਸੁਆਲ ਸੀ। ਹੁਣ ਇਸ ਸਾਕੇ ਲਈ ਕੈਨੇਡਾ ਦੀ ਸੰਸਦ ਵਿਚ ਮੁਆਫ਼ੀ ਮੰਗੀ ਗਈ ਹੈ। ਉਸ ਵੇਲੇ ਕਾਮਾਗਾਟਾ ਮਾਰੂ ਨੂੰ ਵਾਪਸ ਭੇਜਣ ਵਾਲੇ ਫ਼ੌਜੀ ਰਸਾਲਿਆਂ ਵਿਚ Ḕਦਿ ਡਿਊਕ ਔਫ਼ ਕਨਾਉਟ’ਜ਼ ਓਨ ਰਾਈਫ਼ਲਜ਼’ ਦਾ ਛੇ ਨੰਬਰ ਰਸਾਲਾ ਸ਼ਾਮਿਲ ਸੀ। ਮੌਜੂਦਾ ਕੈਨੇਡਾ ਸਰਕਾਰ ਦਾ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਇਸੇ ਰਸਾਲੇ ਵਿਚ ਟਰੂਪਰ ਤੋਂ ਲੈਫ਼ਟੀਨੈਂਟ ਕਰਨਲ ਤੱਕ ਦੇ ਅਹੁਦਿਆਂ ਉਤੇ ਤਾਇਨਾਤ ਰਿਹਾ ਹੈ। ਹਰਜੀਤ ਸੱਜਣ ਨੂੰ ਬਦਲੇ ਮਾਹੌਲ ਅਤੇ ਮੌਜੂਦਾ ਕੈਨੇਡਾ ਦੇ ਨੁਮਾਇੰਦੇ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਉਸ ਵੇਲੇ ਕੈਨੇਡਾ ਗੋਰੀ ਨਸਲ ਦੇ ਗ਼ਲਬੇ ਦੀ ਵਕਾਲਤ ਕਰਦਾ ਸੀ ਅਤੇ ਹੁਣ ਨਸਲੀ ਵੰਨ-ਸਵੰਨਤਾ ਦਾ ਕਦਰਦਾਨ ਅਖਵਾਉਂਦਾ ਹੈ।
ਕਾਮਾਗਾਟਾ ਮਾਰੂ ਸਾਕੇ ਦੀ ਮੁਆਫ਼ੀ ਨੂੰ ਕਈ ਹਵਾਲਿਆਂ ਨਾਲ ਵੇਖਿਆ ਜਾ ਰਿਹਾ ਹੈ। ਇਹ ਕੈਨੇਡਾ ਵਿਚ ਨਸਲੀ ਵੰਨ-ਸਵੰਨਤਾ ਵਾਲੇ ਨਿਜ਼ਾਮ ਦੇ ਖ਼ਾਸੇ ਨਾਲ ਮੇਲ ਖਾਂਦੀ ਕਾਰਵਾਈ ਹੈ। ਇਹ ਕੈਨੇਡਾ ਵਿਚ ਆਵਾਸੀਆਂ/ਪੰਜਾਬੀਆਂ/ਸਿੱਖਾਂ ਦੇ ਵਧ ਰਹੇ ਅਸਰ ਦਾ ਨਤੀਜਾ ਹੈ। ਕਾਮਾਗਾਟਾ ਮਾਰੂ ਸਾਕੇ ਦੀ ਮੁਆਫ਼ੀ ਨੂੰ ਮੂਲਵਾਸੀਆਂ ਤੋਂ ਮੰਗੀ ਗਈ ਮੁਆਫ਼ੀ ਦੀ ਕੜੀ ਵਜੋਂ ਵੇਖਿਆ ਜਾ ਸਕਦਾ ਹੈ। ਪੂਰੀ ਦੁਨੀਆਂ ਵਿਚ ਅਜਿਹੀ ਮੁਆਫ਼ੀ ਦੀ ਮੰਗ ਕਈ ਨਸਲ-ਘਾਤ, ਵਿਤਕਰੇ ਅਤੇ ਜੰਗੀ ਅਪਰਾਧਾਂ ਕਾਰਨ ਹੋ ਰਹੀ ਹੈ। ਆਸਟਰੇਲੀਆ ਨੇ ਮੂਲਵਾਸੀਆਂ ਨਾਲ ਵਿਤਕਰੇ ਦੀ ਮੁਆਫ਼ੀ ਮੰਗੀ ਹੈ। ਜਾਪਾਨ ਤੋਂ ਅਜਿਹੀ ਮੁਆਫ਼ੀ ਦੀ ਮੰਗ ਕੋਰੀਆ ਵਿਚੋਂ ਲਗਾਤਾਰ ਉਭਰਦੀ ਹੈ। ਇਸ ਤੋਂ ਇਲਾਵਾ ਕਾਮਾਗਾਟਾ ਮਾਰੂ ਦੀ ਮਾਫੀ ਦੀ ਆਪਣੀ ਸਿਆਸਤ ਹੈ ਜੋ ਇਸ ਵੇਲੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਇਸ ਮੁਆਫ਼ੀ ਦੇ ਹਵਾਲੇ ਨਾਲ ਕਈ ਤਰ੍ਹਾਂ ਦੀ ਟਿੱਪਣੀਆਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਟਿੱਪਣੀਆਂ ਨੂੰ ਖ਼ੁਸ਼ੀ, ਪ੍ਰਾਪਤੀ ਜਾਂ ਨਸਲੀ ਸਿਆਸਤ ਦੇ ਖ਼ਾਨਿਆਂ ਵਿਚ ਵੰਡਿਆ ਜਾ ਰਿਹਾ ਹੈ। ਉਂਝ ਇਹ ਮੁਆਫ਼ੀ ਕੋਈ ਅਚਾਨਕ ਵਾਪਰੀ ਘਟਨਾ ਨਹੀਂ ਹੈ, ਸਗੋਂ ਇਹ ਚਰਚਾ ਅਤੇ ਪਹਿਲਕਦਮੀਆਂ ਦੇ ਕਈ ਪੜਾਵਾਂ ਵਿਚੋਂ ਨਿਕਲੀ ਹੈ। ਇਸ ਚਰਚਾ ਵਿਚ ਕੈਨੇਡਾ ਦੀਆਂ ਤਕਰੀਬਨ ਸਾਰੀਆਂ ਸਿਆਸੀ ਧਿਰਾਂ ਸ਼ਾਮਿਲ ਰਹੀਆਂ ਹਨ। ਪਿਛਲੇ ਟੋਰੀ ਪ੍ਰਧਾਨ ਮੰਤਰੀ ਕੋਲਿਨ ਹਾਰਪਰ ਨੇ ਇਕ ਸਮਾਗਮ ਦੌਰਾਨ ਮੁਆਫ਼ੀ ਮੰਗੀ ਸੀ। ਉਸ ਤੋਂ ਬਾਅਦ ਕਈ ਜਥੇਬੰਦੀਆਂ ਵਿਚ ਬਹਿਸ ਸੀ ਕਿ ਉਸ ਨੂੰ ਮੁਆਫ਼ੀ ਮੰਨਿਆ ਜਾਵੇ ਜਾਂ ਰਸਮੀ ਮੁਆਫ਼ੀ ਦੀ ਮੰਗ ਕਾਇਮ ਰੱਖੀ ਜਾਵੇ। ਇਨ੍ਹਾਂ ਹਾਲਾਤ ਵਿਚ ਕੈਨੇਡਾ ਦੀ ਸਰਕਾਰ ਨੇ ਕਾਮਾਗਾਟਾ ਮਾਰੂ ਸਾਕੇ ਦੀ ਸ਼ਤਾਬਦੀ ਮਨਾਉਣ ਲਈ ਕਈ ਪਹਿਲਕਦਮੀਆਂ ਕੀਤੀਆਂ। ਇਸ ਸਾਕੇ ਦੇ ਅਧਿਐਨ ਅਤੇ ਯਾਦਗਾਰੀ ਸਮਾਗਮਾਂ ਉਤੇ ਚੋਖਾ ਸਰਕਾਰੀ ਖ਼ਰਚ ਕੀਤਾ ਗਿਆ। ਇਹ ਇਸ਼ਾਰੇ ਸਾਫ਼ ਸਨ ਕਿ ਰਸਮੀ ਮੁਆਫ਼ੀ ਮੰਗਣ ਵਿਚ ਕਿਸੇ ਵੀ ਸਿਆਸੀ ਧਿਰ ਦੀ ਸਰਕਾਰ ਨੂੰ ਕੋਈ ਔਖ ਨਹੀਂ ਹੋਣ ਵਾਲੀ।
ਹੁਣ ਸੁਆਲ ਆਉਂਦਾ ਹੈ ਕਿ ਇਸ ਵੇਲੇ ਇਸ ਮੁਆਫ਼ੀ ਦੇ ਕੀ ਮਾਅਨੇ ਹਨ? ਇਸ ਮਾਮਲੇ ਵਿਚ ਪੰਜਾਬੀ ਪਰਵਾਸੀਆਂ ਦੀ ਦੂਜੀ ਪੀੜ੍ਹੀ ਦੇ ਨੌਜਵਾਨ ਮੋ ਧਾਲੀਵਾਲ ਨੇ ਅਹਿਮ ਲੇਖ ਲਿਖਿਆ ਹੈ। ਮੋ ਧਾਲੀਵਾਲ ਕੈਨੇਡਾ ਵਿਚ ਕਾਮਾਗਾਟਾ ਮਾਰੂ ਨਾਲ ਜੁੜੇ ਸ਼ਹਿਰ ਵੈਨਕੂਵਰ ਵਿਚ ḔਸਕਾਈਰੌਕਟḔ ਨਾਮ ਦੀ ਕੰਪਨੀ ਚਲਾਉਂਦਾ ਹੈ। ਮੋ ਦੀ ਦਲੀਲ ਹੈ ਕਿ ਟਰੂਡੋ ਨੂੰ ਮੁਆਫ਼ੀ ਮੰਗ ਕੇ ਨਹੀਂ ਸਾਰਨਾ ਚਾਹੀਦਾ, ਸਗੋਂ ਨਸਲੀ ਵੰਨ-ਸਵੰਨਤਾ ਵਾਲੇ ਇਤਿਹਾਸ ਨੂੰ ਸਮਝਣ ਅਤੇ ਕੈਨੇਡਾ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਿਹਤਰ ਮਾਹੌਲ ਦੇਣ ਬਾਬਤ ਸੰਜੀਦਗੀ ਨਾਲ ਕੰਮ ਕਰਨਾ ਚਾਹੀਦਾ ਹੈ। ਮੋ ਦੀ ਸਮੁੱਚੀ ਦਲੀਲ ਪੰਜਾਬੀ ਬਰਾਦਰੀ ਦੇ ਹਵਾਲੇ ਨਾਲ ਕੈਨੇਡਾ ਦੇ ਇਤਿਹਾਸ ਨੂੰ ਗੋਰਿਆਂ ਦੀ ਨਸਲੀ ਸਰਦਾਰੀ ਵਿਚੋਂ ਬਾਹਰ ਕੱਢ ਦੀ ਸਮਝਣ ਦੀ ਵਕਾਲਤ ਕਰਦੀ ਹੈ। ਉਹ ਇਸ ਮੁਆਫ਼ੀ ਤੋਂ ਬਾਅਦ ਕਾਮਾਗਾਟਾ ਮਾਰੂ ਦੇ ਮਾਮਲੇ ਨੂੰ ਠੰਢੇ ਬਸਤੇ ਵਿਚ ਪਾ ਕੇ ਭੁੱਲ ਜਾਣ ਦੀ ਥਾਂ, ਯਾਦ ਰੱਖਣ ਦੀ ਤਾਕੀਦ ਕਰਦਾ ਹੈ। ਮੋ ਮੁਤਾਬਕ ਕਾਮਾਗਾਟਾ ਮਾਰੂ ਵਾਲੀ ਸਿਆਸਤ ਹੁਣ ਵੀ ਕਿਸੇ ਨਾ ਕਿਸੇ ਰੂਪ ਵਿਚ ਹੁੰਦੀ ਹੈ ਅਤੇ ਉਸ ਵੇਲੇ ਦੀ ਸੋਚ ਵਾਲਿਆਂ ਦੀ ਕੈਨੇਡਾ ਵਿਚ ਘਾਟ ਨਹੀਂ ਹੈ।
ਮੋ ਆਪਣੇ ਲੇਖ ਵਿਚ ਇਸ ਮੁਆਫ਼ੀ ਦੇ ਪੱਖ ਅਤੇ ਵਿਰੋਧ ਵਾਲੀਆਂ ਦੋ ਧਿਰਾਂ ਨੂੰ ਮੁਖ਼ਾਤਬ ਹੁੰਦਾ ਹੈ ਅਤੇ ਦੋਵਾਂ ਧਿਰਾਂ ਨੇ ਮੋ ਦੇ ਲੇਖ ਉਤੇ ਟਿੱਪਣੀਆਂ ਕੀਤੀਆਂ ਹਨ। ਮੁਆਫ਼ੀ ਦੇ ਪੱਖ ਵਾਲੀਆਂ ਦਲੀਲਾਂ ਤਾਂ ਪੰਜਾਬੀ ਦੇ ਅਖ਼ਬਾਰਾਂ ਵਿਚ ਲਗਾਤਾਰ ਛਪੀਆਂ ਹਨ ਅਤੇ ਟੈਲੀਵਿਜ਼ਨਾਂ ਉਤੇ ਵੀ ਨਸ਼ਰ ਹੋਈਆਂ ਹਨ। ਇਸ ਦੇ ਵਿਰੋਧ ਵਾਲੀਆਂ ਟਿੱਪਣੀਆਂ ਨੂੰ ਨਸਲਵਾਦ ਕਹਿ ਕੇ ਰੱਦ ਕਰ ਦਿੱਤਾ ਗਿਆ ਹੈ। ਮੋ ਦੇ ਲੇਖ ਉਤੇ ਆਈਆਂ ਕੁਝ ਟਿੱਪਣੀਆਂ ਦਾ ਜ਼ਿਕਰ ਜ਼ਰੂਰੀ ਹੈ। ਗੈਰੀ ਬਰੂਨਟ ਦੀ ਟਿੱਪਣੀ ਹੈ ਕਿ ਇਹ ਵੋਟ ਸਿਆਸਤ ਹੈ- “ਜੇ ਅਜਨਬੀਆਂ ਦੀ ਭਰੀ ਬੱਸ ਮੇਰੇ ਦਰਵਾਜ਼ੇ ਉਤੇ ਆ ਜਾਵੇਗੀ ਤਾਂ ਮੈਂ ਕਿਸੇ ਵੀ ਕੀਮਤ ਉਤੇ ਉਨ੍ਹਾਂ ਨੂੰ ਅੰਦਰ ਨਹੀਂ ਆਉਣ ਦੇਵਾਂਗਾ।æææ ਅਸੀਂ ਆਪਣੀ ਗ਼ਲਤੀਆਂ ਦਰੁਸਤ ਕਰਨ ਲਈ ਵੱਡੀ ਗਿਣਤੀ ਵਿਚ ਪਨਾਹਗ਼ੀਰਾਂ ਨੂੰ ਆਉਣ ਦੀ ਇਜਾਜ਼ਤ ਦਿੱਤੀ ਹੈ। ਹੁਣ ਇਸ ਤੋਂ ਅੱਗੇ ਵਧਣਾ ਚਾਹੀਦਾ ਹੈ ਅਤੇ ਮੁਫ਼ਤਖ਼ੋਰੀ ਦੀ ਝਾਕ ਬੰਦ ਹੋਣੀ ਚਾਹੀਦੀ ਹੈ।” ਰੌਸ ਨਿਕੋਲ ਦੀ ਟਿੱਪਣੀ ਕੈਨੇਡਾ ਦੇ ਸਿੱਖ ਆਵਾਸੀਆਂ ਨੂੰ ਮੁਖ਼ਾਤਬ ਹੈ- “ਇੱਕ ਮੁਆਫ਼ੀ ਸਿੱਖ ਇੰਤਹਾਪਸੰਦਾਂ ਨੂੰ ਮੰਗਣੀ ਚਾਹੀਦੀ ਹੈ ਜਿਨ੍ਹਾਂ ਨੇ ਸਰਕਾਰੀ ਮੁਲਾਜ਼ਮ ਹੌਪਕਿਨਸਨ ਦਾ ਕਤਲ ਕੀਤਾ ਸੀ ਅਤੇ ਬਾਅਦ ਵਿਚ ਉਸ ਦੀ ਕਾਰਵਾਈ ਨੂੰ ਵਡਿਆਇਆ ਸੀ। ਉਹ ਏਅਰ ਇੰਡੀਆ ਵਿਚ 329 ਕੈਨੇਡੀਅਨਾਂ ਦਾ ਕਤਲ ਵਾਲੇ ਮਾਮਲੇ ਵਿਚ ਮੁਲਜ਼ਮ ਪਰਮਾਰ ਦੀਆਂ ਫੋਟੋਆਂ ਵਿਸਾਖੀ ਦੀਆਂ ਝਾਕੀਆਂ ਵਿਚ ਸਜਾਈ ਫਿਰਦੇ ਹਨ। ਉਸ ਕਤਲ ਕਾਂਡ ਦੇ ਪੀੜਤ ਹਾਲੇ ਵੀ ਜਿਉਂਦੇ ਹਨ। ਇਹ ਮੁਆਫ਼ੀ ਇਤਿਹਾਸਕ ਸੋਧਵਾਦ ਦੇ ਨਿਘਾਰ ਦਾ ਸਿਰਾ ਹੈ ਅਤੇ ਵੋਟਾਂ ਪੱਕੀਆਂ ਕਰਨ ਦੀ ਸ਼ਰਮਨਾਕ ਮਸ਼ਕ ਹੈ।” ਮੋ ਦੇ ਖ਼ਦਸ਼ੇ ਨੂੰ ਰੱਦ ਕਰਦੀ ਹੋਈ ਮੁਆਫ਼ੀ ਦੇ ਪੱਖ ਵਿਚ ਦਲੀਲ ਸੀਮੋਨ ਰਾਏ ਨੇ ਦਿੱਤੀ ਹੈ- “ਇਹ ਮੁਲਕ ਪਿਛਲੀਆਂ ਚੋਣਾਂ ਤੋਂ ਬਾਅਦ ਬਹੁਤ ਬਦਲ ਗਿਆ ਹੈ। ਕੈਨੇਡਾ ਵਿਚ ਚੋਣਾਂ ਜਿੱਤਣ ਵਾਲੇ ਸਿੱਖਾਂ ਦੀ ਚੋਖੀ ਗਿਣਤੀ ਹੈ। ਤੁਹਾਨੂੰ ਲੱਗਦਾ ਹੈ ਕਿ ਉਹ ਕਾਮਾਗਾਟਾ ਮਾਰੂ ਵਰਗਾ ਸਾਕਾ ਮੁੜ ਕੇ ਹੋਣ ਦੇਣਗੇ? ਨਹੀਂ। ਟਰੂਡੋ ਕਾਮਾਗਾਟਾ ਮਾਰੂ ਵਰਗੀ ਵਾਰਦਾਤ ਹੋਣ ਦੇਵੇਗਾ? ਨਹੀਂ। ਮੇਰੇ ਮੁਤਾਬਕ ਜਸਟਿਨ ਨੇ ਹਾਊਸ ਆਫ਼ ਕੌਮਨਜ਼ ਵਿਚ ਸਰਕਾਰ ਵਜੋਂ ਮੁਆਫ਼ੀ ਮੰਗ ਕੇ ਢੁਕਵਾਂ ਕੰਮ ਕੀਤਾ ਹੈ। ਮੁਆਫ਼ੀ ਨਾਲ ਪੁਰਾਣੇ ਜ਼ਖ਼ਮ ਭਰਨ ਦਾ ਕਾਰਜ ਸ਼ੁਰੂ ਹੋ ਗਿਆ ਹੈ।”
ਇਨ੍ਹਾਂ ਸਾਰੀਆਂ ਦਲੀਲਾਂ ਵਿਚਲੀ ਸਿਆਸਤ ਸਾਫ਼ ਉਘੜਦੀ ਹੈ, ਪਰ ਇਨ੍ਹਾਂ ਨੂੰ ਮੁੱਢੋਂ ਰੱਦ ਨਹੀਂ ਕੀਤਾ ਜਾ ਸਕਦਾ। ਮੁਆਫ਼ੀ ਮੰਗਣ ਦਾ ਅਜਿਹਾ ਕਾਰਜ ਕਦੇ ਵੀ ਘਟਨਾ ਜਾਂ ਇਕ ਪਾਸੜ ਨਹੀਂ ਹੁੰਦਾ। ਮੁਆਫ਼ੀ ਦੋ ਧਿਰਾਂ ਦੀ ਸੁਲਾਹ-ਸਫ਼ਾਈ ਉਤੇ ਰਸਮੀ ਮੋਹਰ ਦਾ ਕੰਮ ਕਰਦੀ ਹੈ। ਬੀਤੇ ਨੂੰ ਨਾ ਦੁਹਰਾਉਣ ਖ਼ਿਲਾਫ਼ ਪੇਸ਼ਬੰਦੀਆਂ ਅਤੇ ਇਕ-ਦੂਜੇ ਨੂੰ ਇੱਜ਼ਤ ਦੇਣ ਦਾ ਵਾਅਦਾ ਅਹਿਮ ਹੁੰਦਾ ਹੈ। ਹੁਣ ਇਹ ਸੁਆਲ ਕਿੰਨਾ ਵੀ ਪਰੇਸ਼ਾਨ ਕਰਨ ਵਾਲਾ ਜਾਂ ਇਤਿਹਾਸ ਦੀ ਪੰਜਾਬੀ ਜਾਂ ਸਿੱਖ ਸਮਝ ਨੂੰ, ਹਿਲਾ ਦੇਣ ਵਾਲਾ ਹੋਵੇ, ਪਰ ਹੌਪਕਿਨਸਨ ਦੇ ਕਤਲ ਦੀ ਨਵੀਂ ਵਿਆਖਿਆ ਕਰਨੀ ਪਵੇਗੀ। ਇਸ ਸੁਆਲ ਨੂੰ ਮੁਆਫ਼ੀ ਦੀ ਵਕਾਲਤ ਕਰਨ ਵਾਲਾ ਪੰਜਾਬੀ/ਸਿੱਖ ਭਾਈਚਾਰਾ ਕਿਵੇਂ ਨਜ਼ਰਅੰਦਾਜ਼ ਕਰ ਸਕਦਾ ਹੈ?
ਮੋ ਧਾਲੀਵਾਲ ਦੀ ਦਲੀਲ ਵਧੇਰੇ ਪੜਚੋਲ ਮੰਗਦੀ ਹੈ। ਕਾਮਾਗਾਟਾ ਮਾਰੂ ਦੀ ਕਹਾਣੀ ਨੂੰ ਜੇ ਪੰਜਾਬੀ, ਸਿੱਖ ਜਾਂ ਕੈਨੇਡਾ ਦੀ ਕਹਾਣੀ ਤੱਕ ਮਹਿਦੂਦ ਕੀਤਾ ਜਾਵੇ ਤਾਂ ਇਸ ਨੂੰ ਮੋ ਧਾਲੀਵਾਲ ਦੀ ਦਲੀਲ ਦੇ ਘੇਰੇ ਵਿਚ ਨਜਿੱਠਿਆ ਜਾ ਸਕਦਾ ਹੈ। ਜੇ ਇਸ ਨੂੰ ਬਸਤਾਨ ਸੋਚ, ਨਸਲਵਾਦੀ ਸਿਆਸਤ ਅਤੇ ਸਾਮਰਾਜੀ ਮੁਹਿੰਮਾਂ ਦੇ ਹਵਾਲੇ ਨਾਲ ਵੇਖਿਆ ਜਾਵੇ ਤਾਂ ਸੁਆਲ ਕੁਝ ਹੋਰ ਬਣਦੇ ਹਨ। ਕਾਮਾਗਾਟਾ ਮਾਰੂ ਕੈਨੇਡਾ ਦੇ ਸਮੁੰਦਰੀ ਤਟਾਂ ਉਤੇ ਪਹੁੰਚਣ ਵਾਲੇ ਬਹੁਤ ਸਾਰੇ ਜਾਪਾਨੀ ਅਤੇ ਚੀਨੀ ਜਹਾਜ਼ਾਂ ਵਿਚੋਂ ਇਕ ਸੀ। ਕੈਨੇਡਾ ਦੇ ਕਾਨੂੰਨ ਤਹਿਤ ਉਨ੍ਹਾਂ ਸਭ ਨਾਲ ਬਦਸਲੂਕੀ ਹੋਈ। ਦੂਜਾ ਪੱਖ ਬਸਤਾਨ ਮੁਲਕਾਂ ਦੀ ਲੁੱਟ ਅਤੇ ਪੈਦਾ ਕੀਤੀ ਬੇਚੈਨੀ ਤੇ ਬੇਜ਼ਾਰੀ ਨੇ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ, ਜ਼ਿੰਦਗੀ ਦੇ ਬਿਹਤਰ ਮੌਕਿਆਂ, ਖ਼ੁਸ਼ਹਾਲੀ ਅਤੇ ਬੰਦਖਲਾਸੀ ਦੀ ਭਾਲ ਵਿਚ ਅਜਨਬੀ ਮੁਲਕਾਂ ਵਿਚ ਧੱਕਿਆ। ਇਸ ਤੋਂ ਇਲਾਵਾ ਜਗਿਆਸਾ, ਜਾਗਰੂਕਤਾ, ਨਵੇਂ ਦਿਸਹੱਦਿਆਂ ਦੀ ਭਾਲ ਅਤੇ ਨਵੇਂ ਗਿਆਨ-ਵਿਗਿਆਨ ਨਾਲ ਜੁੜਨ ਦਾ ਤਰਦੱਦ ਵੀ ਬੰਦੇ ਨੂੰ ਇਕ ਮੁਲਕ ਤੋਂ ਦੂਜੇ ਵਿਚ ਤੋਰੀ ਫਿਰਿਆ ਹੈ। ਕਾਮਾਗਾਟਾ ਮਾਰੂ ਦੇ ਮੁਸਾਫ਼ਰ ਇਨ੍ਹਾਂ ਦੇ ਹਮਸਫ਼ਰ ਸਨ।
ਮੋ ਧਾਲੀਵਾਲ ਬਿਹਤਰ ਕੈਨੇਡਾ ਦੀ ਉਸਾਰੀ ਲਈ ਇਤਿਹਾਸ ਦੇ ਪੁਰਾਣੇ ਰੁਝਾਨ ਦੀ ਮੌਜੂਦਾ ਦੌਰ ਵਿਚ ਸ਼ਨਾਖ਼ਤ ਕਰਨ ਦੀ ਦਲੀਲ ਦਿੰਦੇ ਹਨ। ਇਹ ਦਲੀਲ ਕੈਨੇਡਾ ਤੱਕ ਜਾਂ ਕਾਮਾਗਾਟਾ ਮਾਰੂ ਤੱਕ ਮਹਿਦੂਦ ਹੋਣੀ ਕਿਉਂ ਲਾਜ਼ਮੀ ਹੈ? ਕੈਨੇਡਾ ਦਾ ਕਾਮਾਗਾਟਾ ਮਾਰੂ ਦੇ ਮੁਸਾਫ਼ਰਾਂ ਨਾਲ ਵਿਹਾਰ ਉਨ੍ਹਾਂ ਦੀ ਬਸਤਾਨ ਸੋਚ ਦੀ ਨੁਮਾਇੰਦਗੀ ਕਰਦਾ ਹੈ। ਮੌਜੂਦਾ ਦੌਰ ਵਿਚ ਕੈਨੇਡਾ ਦੀ ਸਾਮਰਾਜੀ ਮੁਹਿੰਮਾਂ ਬਾਰੇ ਕੀ ਸੋਚ ਹੈ? ਕੀ ਕੈਨੇਡਾ, ਅਮਰੀਕਾ ਅਤੇ ਨਾਟੋ ਦੀਆਂ ਅਗਵਾਈ ਵਿਚ ਚਲਦੀਆਂ ਜੰਗੀ ਮੁਹਿੰਮਾਂ ਵਿਚ ਸ਼ਰੀਕ ਨਹੀਂ ਹੈ? ਪਹਿਲਾਂ ਇਹ ਗੋਰਿਆਂ ਦੀਆਂ ਨਸਲੀ ਜੰਗਾਂ ਸਨ, ਤੇ ਹੁਣ ਇਨ੍ਹਾਂ ਜੰਗਾਂ ਵਿਚ ਉਨ੍ਹਾਂ ਦੀਆਂ ਫ਼ੌਜਾਂ ਵਿਚ ਨਸਲੀ ਵੰਨ-ਸਵੰਨਤਾ ਝਲਕਦੀ ਹੈ। ਅਫ਼ਗ਼ਾਨਾਂ ਦੀ ਸ਼ਮੂਲੀਅਤ ਨਾਲ ਅਫ਼ਗ਼ਾਨਿਸਤਾਨ ਉਤੇ ਹਮਲਾ ਕਰਨ ਵਾਲੀ ਨਾਟੋ ਫ਼ੌਜ ਦੀ ਨਸਲੀ ਵੰਨ-ਸਵੰਨਤਾ ਦਾ ਕਾਇਮ ਹੋ ਜਾਂਦੀ ਹੈ, ਪਰ ਇਸ ਦਾ ਖ਼ਾਸਾ ਤਾਂ ਤਬਦੀਲ ਨਹੀਂ ਹੋ ਜਾਂਦਾ।
ਪੰਜਾਬੀ ਹੋਣ ਕਾਰਨ ਹਰਜੀਤ ਸੱਜਣ ਅਫ਼ਗ਼ਾਨਿਸਤਾਨ ਵਿਚ ਮੁਕਾਮੀ ਬੋਲੀਆਂ ਸਮਝਣ ਅਤੇ ਬੋਲਣ ਲੱਗਦਾ ਹੈ ਤਾਂ ਨਾਟੋ ਦੀ ਨਸਲੀ ਵੰਨ-ਸਵੰਨਤਾ ਦਾ ਪੁਖ਼ਤਾ ਸਬੂਤ ਮਿਲਦਾ ਹੈ, ਪਰ ਇਸੇ ਨਾਲ ਉਨ੍ਹਾਂ ਦੀ ਖ਼ੂੰਖ਼ਾਰ ਜੰਗ ਤਾਂ ਅਣਹੱਕੀ ਤੋਂ ਹੱਕੀ ਨਹੀਂ ਹੋ ਜਾਂਦੀ। ਜੇ ਕਾਮਾਗਾਟਾ ਮਾਰੂ ਦੇ ਮੁਸਾਫ਼ਰਾਂ ਦੀ ਨੁਮਾਇੰਦਗੀ ਕਰਨ ਵਾਲਾ ਕੋਈ Ḕਦਿ ਡਿਊਕ ਔਫ਼ ਕਨਾਉਟ’ਜ਼ ਓਨ ਰਾਈਫ਼ਲਜ਼’ ਦੇ ਛੇ ਨੰਬਰ ਰਸਾਲੇ ਦਾ ਜਰਨੈਲ ਬਣ ਜਾਂਦਾ ਹੈ ਤਾਂ ਇਸ ਨਾਲ ਕੈਨੇਡਾ ਦਾ ਫ਼ੌਜੀ ਖ਼ਾਸਾ ਤਾਂ ਤਬਦੀਲ ਨਹੀਂ ਹੁੰਦਾ। ਬਸਤਾਨਾਂ ਦੀਆਂ ਫ਼ੌਜਾਂ ਵਿਚ ਸਾਮਰਾਜੀ ਜੰਗਾਂ ਲੜਨ ਵਾਲੇ ਆਪਣੇ ਜੱਦੀ ਮੁਲਕਾਂ ਦੇ ਪਿਆਰੇ ਤਾਂ ਹਨ, ਪਰ ਸ਼ਹੀਦ ਜਾਂ ਬਹਾਦਰ ਨਹੀਂ ਹਨ। ਉਨ੍ਹਾਂ ਦੀਆਂ ਜੰਗੀ ਪ੍ਰਾਪਤੀਆਂ ਬਸਤਾਨਾਂ ਦੇ ਖ਼ਾਤੇ ਪੈਂਦੀਆਂ ਹਨ। ਮੌਜੂਦਾ ਦੌਰ ਦੇ ਸਾਮਰਾਜ ਨੇ ਆਪਣੇ ਨਿਸ਼ਾਨੇ ਉਤੇ ਆਏ ਮੁਲਕਾਂ ਵਿਚ ਜੰਗਾਂ, ਖ਼ਾਨਾਜੰਗੀ, ਥੁੜਾਂ, ਬਿਮਾਰੀਆਂ ਅਤੇ ਬੇਚੈਨੀ ਨੂੰ ਬੇਮੁਹਾਰ ਕਰਨ ਦਾ ਕੰਮ ਕੀਤਾ ਹੈ। ਪੂਰੀ ਦੁਨੀਆਂ ਵਿਚੋਂ ਲੋਕ ਆਪਣੀ ਜਾਨ ਦਾ ਖੌਅ ਸਹੇੜ ਕੇ ਹਿਜਰਤ ਕਰਨ ਲਈ ਮਜਬੂਰ ਹੋਏ ਹਨ। ਕਾਮਾਗਾਟਾ ਮਾਰੂ ਦੀ ਵਿਰਾਸਤ ਇਸ ਵੇਲੇ ਰੂਮ ਸਾਗਰ (ਮੈਡੀਟੇਰੀਅਨ- ਭੂ ਮੱਧ ਸਾਗਰ) ਵਿਚ ਡਿੱਕਡੋਲੇ ਖਾਂਦੀ ਹੈ। ਨਾਟੋ ਤੇ ਯੂਰਪੀ ਯੂਨੀਅਨ ਇਨ੍ਹਾਂ ਜਹਾਜ਼ਾਂ ਨੂੰ ਕੰਢੇ ਲੱਗਣ ਤੋਂ ਰੋਕਣ ਲਈ ਤਾਲਮੇਲ ਕਰਦੇ ਹਨ, ਪਰ ਇਨ੍ਹਾਂ ਵਿਚ ਸਵਾਰ ਮੁਸਾਫ਼ਰਾਂ ਦੇ ਜੱਦੀ ਮੁਲਕਾਂ ਵਿਚ ਹਾਲਾਤ ਨੂੰ ਬਦ ਤੋਂ ਬਦਤਰ ਕਰਨ ਵਿਚ ਹਿੱਸਾ ਪਾ ਰਹੇ ਹਨ।
ਇਸ ਦੌਰਾਨ ਯੂਰਪੀ ਅਤੇ ਉਤਰੀ ਅਮਰੀਕੀ ਮੁਲਕਾਂ ਨੇ ਬਹੁਤ ਸਾਰੇ ਪਨਾਹਗ਼ੀਰਾਂ ਨੂੰ ਪਨਾਹ ਦਿੱਤੀ ਹੈ। ਇਹ ਸੁਆਲ ਨਜ਼ਰਅੰਦਾਜ਼ ਕੀਤਾ ਗਿਆ ਹੈ ਕਿ ਉਨ੍ਹਾਂ ਦੇ ਪਨਾਹਗ਼ੀਰ ਹੋਣ ਵਿਚ ਇਨ੍ਹਾਂ ਦੀਆਂ ਵਿਦੇਸ਼ ਨੀਤੀਆਂ, ਜੰਗੀ ਮੁਹਿੰਮਾਂ ਅਤੇ ਵਪਾਰ ਨੀਤੀਆਂ ਨੇ ਕਿੰਨਾ ਹਿੱਸਾ ਪਾਇਆ ਹੈ। ਬਹੁਤ ਸਾਰੇ ਪਨਾਹਗ਼ੀਰ ਸੂਈ ਦੇ ਨੱਕੇ ਵਿਚੋਂ ਨਿਕਲ ਕੇ ਉੱਤਰੀ ਅਮਰੀਕਾ ਜਾਂ ਯੂਰਪ ਵਿਚ ਰੁਤਬੇ ਹਾਸਲ ਕਰ ਲੈਣਗੇ। ਆਖ਼ਰ ਇਹ ਆਪਣੇ ਮੁਲਕਾਂ ਦਾ ਬਿਹਤਰੀਨ ਮਨੁੱਖੀ ਵਸੀਲਾ ਹਨ ਜੋ ਸਾਮਰਾਜੀ ਮੁਲਕਾਂ ਨੇ Ḕਪਰਉਪਕਾਰੀ ਪਨਾਹਗੀਰ ਨੀਤੀਆਂ’ ਰਾਹੀਂ ਲੁੱਟ ਲਿਆ ਹੈ। ਇਸੇ ਸੂਈ ਦੇ ਨੱਕੇ ਵਿਚੋਂ ਨਿਕਲ ਕੇ ਹਰਜੀਤ ਸੱਜਣ ਨਾਟੋ ਫ਼ੌਜਾਂ ਦਾ ਬੋਸਨੀਆ-ਹਰਜ਼ੀਗੋਵੀਨਾ ਅਤੇ ਅਫ਼ਗ਼ਾਨਿਸਤਾਨ ਵਿਚ ਜਰਨੈਲ ਰਿਹਾ ਹੈ।
ਬੋਸਨੀਆ-ਹਰਜ਼ੀਗੋਵੀਨਾ ਅਤੇ ਅਫ਼ਗ਼ਾਨਿਸਤਾਨ ਵਿਚ ਹੋਏ ਜੰਗੀ ਜੁਰਮਾਂ ਵਿਚ ਉਸ ਦੀ ਹਿੱਸੇਦਾਰੀ ਲਾਸਾਨੀ ਹੈ। ਇਹ ਸੁਆਲ ਤਾਂ ਪੁੱਛਿਆ ਜਾਣਾ ਬਣਦਾ ਹੈ ਕਿ ਬੋਸਨੀਆ-ਹਰਜ਼ੀਗੋਵੀਨਾ ਅਤੇ ਅਫ਼ਗ਼ਾਨਿਸਤਾਨ ਦੇ ਜੰਗੀ ਜੁਰਮਾਂ ਨਾਲ ਕਾਮਾਗਾਟਾ ਮਾਰੂ ਦੀ ਵਿਰਾਸਤ ਦਾ ਕਿਸ ਤਰ੍ਹਾਂ ਦਾ ਸੰਵਾਦ ਹੋ ਸਕਦਾ ਹੈ? ਜੇ ਕਾਮਾਗਾਟਾ ਮਾਰੂ ਦਾ ਕੋਈ ਨਸਲੀ ਨੁਮਾਇੰਦਾ ਸਾਮਰਾਜ ਦੀ ਵਕਾਲਤ ਕਰਨ ਲੱਗਿਆ ਹੈ ਤਾਂ ਇਸ ਨਾਲ ਰੂਮ ਸਾਗਰ ਪਾਰ ਕਰਨ ਦੇ ਤਸ਼ੱਦਦ ਅਤੇ ਅਫ਼ਗ਼ਾਨਿਸਤਾਨ ਨੂੰ ਡਰੋਨ ਦੀ ਮਾਰ ਤੋਂ ਕੋਈ ਰਾਹਤ ਨਹੀਂ ਮਿਲ ਜਾਂਦੀ। ਕੈਨੇਡਾ ਦੇ ਨਾਗਰਿਕ ਆਪਣੇ ਕਾਨੂੰਨ ਤਹਿਤ 1914 ਵਿਚ ਵੀ ਮੂੰਹਜ਼ੋਰ ਸਨ ਅਤੇ 2016 ਵਿਚ ਮੂੰਹਜ਼ੋਰ ਹਨ। ਉਸ ਵੇਲੇ ਸੁਆਲ ਕੈਨੇਡਾ ਜਾਂ ਗੋਰੀ ਨਸਲ ਜਾਂ ਬਸਤਾਨ ਮੁਲਕਾਂ ਦੇ ਦੂਜੇ ਮੁਲਕਾਂ ਜਾਂ ਉਨ੍ਹਾਂ ਦੇ ਸ਼ਹਿਰੀਆਂ ਨਾਲ ਵਿਹਾਰ ਦਾ ਸੀ। ਸੁਆਲ ਇਸ ਵੇਲੇ ਵੀ ਨਸਲੀ ਵੰਨ-ਸਵੰਨਤਾ ਵਾਲੇ ਕੈਨੇਡਾ ਦੇ ਦੂਜੇ ਮੁਲਕਾਂ ਅਤੇ ਉਨ੍ਹਾਂ ਦੇ ਸ਼ਹਿਰੀਆਂ ਨਾਲ ਵਿਹਾਰ ਦਾ ਹੈ।