ਗੁਰੀਲਾ ਕੈਂਪ ਅੰਦਰ

ਜੰਗਲਨਾਮਾ-3
‘ਜੰਗਲਨਾਮਾ’ ਉਨ੍ਹਾਂ ਜੰਗਲਾਂ ਦਾ ਬਿਰਤਾਂਤ ਦੱਸਦਾ ਹੈ ਜਿਥੇ ਮਾਓਵਾਦੀ ਆਪਣਾ ਸਿੱਕਾ ਚਲਾ ਰਹੇ ਹਨ। ਇਸ ਰਚਨਾ ਵਿਚ ਮਰਹੂਮ ਸਤਨਾਮ (ਅਸਲ ਨਾਂ ਗੁਰਮੀਤ) ਨੇ ਉਨ੍ਹਾਂ ਲੋਕਾਂ, ਉਨ੍ਹਾਂ ਦੇ ਫਿਕਰਾਂ ਅਤੇ ਉਨ੍ਹਾਂ ਦੇ ਜੁਝਾਰੂ ਜੀਵਨ ਬਾਰੇ ਲੰਮੀ ਬਾਤ ਸੁਣਾਈ ਹੈ। ਇਹ ਬਾਤ ਇਸ ਕਰ ਕੇ ਵਧੇਰੇ ਦਿਲਚਸਪ ਹੋ ਨਿਬੜੀ ਹੈ ਕਿਉਂਕਿ ਪਾਠਕ ਨੂੰ ਇਸ ਵਿਚੋਂ ਵਾਰ-ਵਾਰ ਆਪਣੇ ਹੀ ਜੀਵਨ ਦੇ ਝਲਕਾਰੇ ਦਿਸਦੇ ਹਨ। ਇਹ ਬਾਤ ਸੁਣਾਉਂਦਿਆਂ ਸਤਨਾਮ ਦੀ ਬਿਰਤਾਂਤ-ਜੁਗਤ ਕਮਾਲ ਦੀ ਹੈ। ਇਸ ਬਿਰਤਾਂਤ ਵਿਚੋਂ ਮਾਓਵਾਦੀਆਂ ਦੇ ਘੋਲ ਦੀ ਝਲਕ ਤਾਂ ਮਿਲਦੀ ਹੀ ਹੈ,

ਸਾਹਿਤਕ ਪੱਖ ਤੋਂ ਬਹੁਤ ਥਾਂਈਂ ਰੂਸੀ ਕਲਾਸਿਕ ਰਚਨਾਵਾਂ ਦੇ ਝਉਲੇ ਪੈਂਦੇ ਹਨ। ਪੰਜਾਬੀ ਵਿਚ ਅਜਿਹੀ ਅਨੂਠੀ ਰਚਨਾ ਘੱਟ ਹੀ ਨਜ਼ਰੀਂ ਪੈਂਦੀ ਹੈ। -ਸੰਪਾਦਕ

ਸਤਨਾਮ
ਸਵੇਰ ਦੀ ਸੀਟੀ ਵੱਜਣ ਨਾਲ ਜਦ ਮੇਰੀ ਨੀਂਦ ਉਖੜੀ ਤਾਂ ਬਾਹਰ ਅਜੇ ਹਨੇਰਾ ਹੀ ਸੀ। ਸੋਚਿਆ ਕਿ ਪੰਜ ਮਿੰਟ ਹੋਰ ਸੰਵਾਂਗਾ। ਮੈਂ ਅਜੇ ਅੱਖਾਂ ਬੰਦ ਕੀਤੀਆਂ ਹੀ ਸਨ ਕਿ ਕਿਸੇ ਨੇ ਮੈਨੂੰ ਬਾਂਹ ਤੋਂ ਝੰਜੋੜ ਦਿੱਤਾ।
“ਬਾਹਰ, ਸਾਢੇ ਛੇ ਰੋਲ-ਕਾਲ।” ਇੱਕ ਤਿਆਰ-ਬਰ-ਤਿਆਰ ਖੜ੍ਹਾ ਗੁਰੀਲਾ ਮੈਨੂੰ ਉਠਾ ਰਿਹਾ ਸੀ। ਉਸ ਨੇ ਆਪਣੀ ਛਾਤੀ ਉਤੇ ਹੱਥ ਰੱਖਿਆ ਤੇ ਬੋਲਿਆ, “ਗਾਰਡ।” ਬਾਅਦ ਦੇ ਦਿਨਾਂ ‘ਚ ਮੈਂ ਸਮਝ ਗਿਆ ਕਿ ਗਾਰਡ ਕੀ ਹੁੰਦਾ ਹੈ। ਉਹਨੇ ਮੈਨੂੰ ਅੱਖਾਂ ਤੋਂ ਉਹਲੇ ਨਹੀਂ ਸੀ ਹੋਣ ਦੇਣਾ ਤੇ ਪ੍ਰਛਾਵੇਂ ਵਾਂਗ ਮੇਰੇ ਨਾਲ ਹੀ ਰਹਿਣਾ ਸੀ। ਜਦ ਮੈਂ ਉਸ ਨੂੰ ਵਕਤ ਪੁੱਛਿਆ ਤਾਂ ਉਹ ਚੁੱਪ ਰਿਹਾ। ਮੈਂ ਆਪਣੇ ਗੁੱਟ ਵੱਲ ਇਸ਼ਾਰਾ ਕਰ ਕੇ ਫਿਰ ਪੁੱਛਿਆ ਤਾਂ ਉਸ ਨੇ ਇਸ ਤਰ੍ਹਾਂ ਸਿਰ ਹਿਲਾਇਆ ਕਿ ਮੈਂ ਸਮਝ ਗਿਆ ਕਿ ਉਸ ਕੋਲ ਘੜੀ ਨਹੀਂ ਹੈ। ਉਸ ਦੇ ਨਾ ਬੋਲਣ ਕਾਰਨ ਮੈਂ ਉਸ ਨੂੰ ਪੁੱਛਿਆ, “ਗੌਂਡੀ?” ਤਾਂ ਉਹਨੇ ਹਾਂ ਵਿਚ ਸਿਰ ਹਿਲਾਇਆ। ਹਾਂ ਅਤੇ ਨਾਂਹ ਕਹਿਣ ਵਾਸਤੇ ਸ਼ਾਇਦ ਦੁਨੀਆਂ ਭਰ ਵਿਚ ਹੀ ਕਿਸੇ ਜ਼ੁਬਾਨ ਦੀ ਜ਼ਰੂਰਤ ਨਹੀਂ ਪੈਂਦੀ।
ਰੋਲ-ਕਾਲ ਦੇ ਵਕਤ ਕੋਈ ਪੰਜਤਾਲੀ ਜਣੇ ਲਾਈਨਾਂ ਵਿਚ ਖੜ੍ਹੇ ਸਨ। ਇਨ੍ਹਾਂ ਵਿਚ 15 ਕੁ ਔਰਤਾਂ ਸਨ। ਹਰ ਕਿਸੇ ਦਾ ਹਥਿਆਰ ਉਸ ਦੇ ਮੋਢੇ ਉਤੇ ਸੀ। ਲਾਈਨ ਵਿਚ ਮੇਰਾ ਖੜ੍ਹੇ ਹੋਣਾ ਜ਼ਾਬਤੇ ਦਾ ਹਿੱਸਾ ਸੀ। ਮੇਰਾ ਗਾਰਡ ਮੇਰੇ ਪਿਛਲੇ ਨੰਬਰ ਉਤੇ ਖੜ੍ਹਾ ਹੋ ਗਿਆ। ਪਹਿਲਾਂ ਇਕ ਲਾਈਨ ਵਿਚੋਂ ਆਵਾਜ਼ ਸ਼ੁਰੂ ਹੋਈ ਇਕ-ਦੋ-ਤਿੰਨ-ਚਾਰ ਤੇ ਫਿਰ ਗਿਣਤੀ ਵੀਹ ਤੱਕ ਚੱਲਦੀ ਗਈ। ਵੀਹ ਤੋਂ ਬਾਅਦ ਫਿਰ ਨੰਬਰ ਇੱਕ ਸ਼ੁਰੂ ਹੋਇਆ ਅਤੇ ਵੀਹ ਉਤੇ ਜਾ ਕੇ ਖਤਮ ਹੋ ਗਿਆ। ਇਹ ਅਜੀਬ ਤਜਰਬਾ ਸੀ ਮੇਰੇ ਲਈ। ਰੋਲ-ਕਾਲ ਤੋਂ ਬਾਅਦ ਕਸਰਤ ਮੈਦਾਨ ਵੱਲ ਜਾਂਦੇ ਹੋਏ ਇਕ ਜਣੇ ਤੋਂ ਮੈਂ ਪੁੱਛਿਆ ਕਿ ਅਜਿਹਾ ਕਿਉਂ ਕੀਤਾ ਗਿਆ? ਉਸ ਨੇ ਦੱਸਿਆ ਕਿ ਇਥੇ ਮੌਜੂਦ ਗੌਂਡ ਲੜਕੇ-ਲੜਕੀਆਂ ਵੀਹ ਤੋਂ ਅਗਾਂਹ ਦੀ ਗਿਣਤੀ ਭੁੱਲ ਜਾਂਦੇ ਹਨ, ਸੋ ਵੀਹ ਤੋਂ ਬਾਅਦ ਫਿਰ ਇਕ ਤੋਂ ਸ਼ੁਰੂ ਕਰ ਦਿੱਤਾ ਜਾਂਦਾ ਹੈ। ਬਾਅਦ ਵਿਚ ਇਸ ਨੂੰ ਮੈਂ ਅਸੂਲ ਵਾਂਗ ਸਾਰੇ ਦਸਤਿਆਂ ਵਿਚ ਦੁਹਰਾਏ ਜਾਂਦੇ ਵੇਖਿਆ। ਵੀਹ ਵੀਹ ਦੀਆਂ ਰਕਮਾਂ ਜੋੜਨ ਦਾ ਕੰਮ ਖ਼ੇਮੇ ਦੇ ਕਮਾਂਡਰ ਦਾ ਸੀ। ਉਹ ਦਸ ਦਿੰਦਾ ਕਿ ਕਿੰਨੇ ਹਾਜ਼ਰ ਹਨ, ਕਿੰਨੇ ਬਿਮਾਰ ਹਨ, ਕਿੰਨੇ ਪਹਿਰੇਦਾਰੀ ਦੀ ਡਿਊਟੀ ‘ਤੇ ਹਨ ਅਤੇ ਕਿੰਨੇ ਅਜੇ ਜੰਗਲ-ਪਾਣੀ ਤੋਂ ਹੀ ਨਹੀਂ ਮੁੜੇ। ਜੰਗਲ-ਪਾਣੀ ਤੋਂ ਮੁੜਨ ਵਾਲਿਆਂ ਦਾ ਥੋੜ੍ਹੀ ਦੇਰ ਇੰਤਜ਼ਾਰ ਕੀਤਾ ਜਾਂਦਾ ਹੈ ਅਤੇ ਕਿਸੇ ਦੇ ਨਾ ਮੁੜਨ ਉਤੇ ਉਸ ਵਾਸਤੇ ਖੋਜ ਟੀਮ ਭੇਜ ਦਿੱਤੀ ਜਾਂਦੀ ਹੈ।
ਜੰਗਲ ਵਿਚ ਗੁੰਮ ਜਾਣ ਦਾ ਡਰ ਹਮੇਸ਼ਾ ਰਹਿੰਦਾ ਹੈ। ਲੀਹਾਂ ਥਾਂ ਥਾਂ ਉਤੇ ਬਣੀਆਂ ਮਹਿਸੂਸ ਹੁੰਦੀਆਂ ਹਨ ਅਤੇ ਸਾਰਾ ਆਲਾ ਦੁਆਲਾ ਇਕੋ ਜਿਹਾ ਪ੍ਰਤੀਤ ਹੁੰਦਾ ਹੈ। ਧਰਤੀ-ਚਿੰਨਾਂ (ਲੈਂਡ ਮਾਰਕ) ਨੂੰ ਪਛਾਨਣਾ ਸਿੱਖਣ ਲਈ ਲੰਬੇ ਤਜਰਬੇ ਵਿਚੋਂ ਲੰਘਣਾ ਪੈਂਦਾ ਹੈ। ਜੰਗਲਵਾਸੀ ਇਸ ਨੂੰ ਛੋਟੀ ਉਮਰ ਤੋਂ ਹੀ ਸਿੱਖ ਜਾਂਦੇ ਹਨ ਪਰ ਜੰਗਲ ਦਾ ਢੰਗ ਹੀ ਕੁਝ ਅਜਿਹਾ ਹੈ ਕਿ ਕਦੇ ਉਹ ਵੀ ਮਾਰ ਖਾ ਜਾਂਦੇ ਹਨ ਅਤੇ ਰਸਤੇ ਭੁੱਲ ਜਾਂਦੇ ਹਨ।
“ਕਸਰਤ ਕਰੋਗੇ?” ਇਕ ਉਚੇ ਲੰਬੇ ਜਵਾਨ ਨੇ ਮੈਨੂੰ ਪੁੱਛਿਆ। ਉਸ ਨੇ ਆਪਣੀ ਐਸ਼ਐਲ਼ਆਰæ ਇਕ ਰੁੱਖ ਦੇ ਤਣੇ ਨਾਲ ਟਿਕਾਈ ਤੇ ਗਰਮ ਹੋਣ ਲਈ ਲੱਤਾਂ ਬਾਹਵਾਂ ਹਿਲਾਉਣ ਲੱਗਾ। ਜਲਦੀ ਹੀ ਉਹ ਟਰੈਕ ਵਿਚ ਦੌੜਨ ਲੱਗਾ। ਟਰੈਕ ਵਿਚ ਪਹਿਲਾਂ ਹੀ ਕਈ ਜਣੇ ਦੌੜ ਲਗਾ ਰਹੇ ਸਨ। ਮੈਂ ਚੁਫੇਰੇ ਨਜ਼ਰ ਦੌੜਾਈ। ਥਾਂ ਥਾਂ ਉਤੇ ਰਾਈਫਲਾਂ ਦਰੱਖਤਾਂ ਨਾਲ ਟਿਕੀਆਂ ਹੋਈਆਂ ਸਨ। ਇਕ ਵਿਛੇ ਹੋਏ ਦਰੱਖਤ ਉਪਰ ਟਰਾਂਜ਼ਿਸਟਰ ਪਿਆ ਸੀ ਜਿਸ ਵਿਚੋਂ ਬੀæਬੀæਸੀæ ਤੋਂ ਖਬਰਾਂ ਆ ਰਹੀਆਂ ਸਨ। ਦੋ ਤਿੰਨ ਜਣੇ ਮੈਦਾਨ ਤੋਂ ਬਾਹਰ ਖੜ੍ਹੇ ਗੱਲਾਂ ਕਰ ਰਹੇ ਸਨ।
“ਤੁਸੀਂ ਸ਼ਾਮਲ ਨਹੀਂ ਹੋਏ?” ਮੈਂ ਉਨ੍ਹਾਂ ਤੋਂ ਪੁੱਛਿਆ।
ਇਕ ਨੇ ਲੱਕ ਉਤੇ ਹੱਥ ਲਗਾ ਕੇ ਕਿਹਾ, “ਲੱਕ ਦਰਦ ਹੈ।” ਦੂਸਰਿਆਂ ਦੇ ਵੀ ਆਪਣੇ ਆਪਣੇ ਕਾਰਨ ਸਨ। ਇਕ ਜਣਾ ਮੇਰੇ ਹੀ ਤੰਬੂ ਦਾ ਮਲੇਰੀਏ ਦਾ ਭੰਨਿਆ ਮਰੀਜ਼ ਸੀ। ਦੂਸਰਾ ਅਜੇ ਹਫ਼ਤਾ ਪੁਰਾਣੇ ਬੁਖ਼ਾਰ ਤੋਂ ਪਿੱਛਾ ਨਹੀਂ ਸੀ ਛੁਡਾ ਪਾਇਆ। ਸੋ, ਉਨ੍ਹਾਂ ਨੂੰ ਅਣਮੰਗੀ ਛੋਟ ਸੀ। ਬਿਮਾਰ ਆਦਮੀ ਜਦ ਵੀ ਤੰਦਰੁਸਤ ਹੋਵੇਗਾ ਉਹ ਖ਼ੁਦ-ਬ-ਖ਼ੁਦ ਹੀ ਕਸਰਤ ਮੈਦਾਨ ਵਿਚ ਪਹੁੰਚ ਜਾਵੇਗਾ।
ਵਾਰਮ-ਅੱਪ ਹੋਣ ਵਾਲਿਆਂ ਦੀ ਲਾਈਨ ਟਰੈਕ ਵਿਚ ਲੰਬੀ ਹੁੰਦੀ ਗਈ। ਦੋ ਚੱਕਰਾਂ ਤੋਂ ਬਾਅਦ ਤੇਜ਼ ਦੌੜ, ਡੱਡੂ ਛੜੱਪਾ, ਪੁੱਠੀ ਦੌੜ ਆਦਿ ਦਾ ਦੌਰ ਸ਼ੁਰੂ ਹੋਇਆ। ਜਿਹੜਾ ਡਿੱਗ ਪੈਂਦਾ, ਉਹ ਫਿਰ ਉਠ ਪੈਂਦਾ ਤੇ ਮੁੜ ਤੋਂ ਸ਼ਾਮਲ ਹੋ ਜਾਂਦਾ ਜਾਂ ਬਾਹਰ ਹੋ ਜਾਂਦਾ। ਕੁਝ ਜਾਗਿੰਗ ਕਰਨ ਲੱਗ ਪੈਂਦੇ।
ਟਰੈਕ ‘ਚ ਮੁੰਡੇ-ਕੁੜੀਆਂ ਸਾਰੇ ਇਕੱਠੇ ਸਨ। ਜਿਹੜਾ ਜਿਸ ਘੜੀ ਜਿਥੋਂ ਟਰੈਕ ਵਿਚ ਸ਼ਾਮਲ ਹੋ ਜਾਂਦਾ, ਉਥੇ ਹੀ ਉਸ ਦਾ ਸਥਾਨ ਬਣ ਜਾਂਦਾ। ਦੌੜ ਤੋਂ ਬਾਅਦ ਅਲੱਗ-ਅਲੱਗ ਟੀਮਾਂ ਬਣ ਗਈਆਂ। ਕੋਈ ਰੁਕਾਵਟ ਦੌੜ ਵਾਲੇ ਟਰੈਕ ਵਿਚ ਚਲਾ ਗਿਆ, ਕੋਈ ਭਾਰ ਚੁੱਕਣ ਵੱਲ ਹੋ ਪਿਆ, ਕਿਸੇ ਨੇ ਮੁਗਦਰ ਨੂੰ ਹੱਥ ਪਾ ਲਿਆ ਅਤੇ ਕੋਈ ਜਿਮਨਾਸਟਿਕ ਸੈਕਸ਼ਨ ਵਿਚ ਪਹੁੰਚ ਗਿਆ। ਉਚੀ ਛਾਲ, ਲੰਬੀ ਛਾਲ, ਡੰਡ-ਬੈਠਕਾਂ, ਪੋਲ ਵਾਲਟ, ਦੀਵਾਰ ਟੱਪਣ ਅਤੇ ਹੋਰ ਜਿੰਨੀ ਵੀ ਤਰ੍ਹਾਂ ਦੀਆਂ ਕਸਰਤਾਂ ਜੰਗਲ ਵਿਚਲੇ ਉਸ ਛੋਟੇ ਜਿਹੇ ਮੈਦਾਨ ਵਿਚ ਹੋ ਸਕਦੀਆਂ ਸਨ, ਉਨ੍ਹਾਂ ਕੀਤੀਆਂ। ਇਹ ਮੈਦਾਨ ਪਹਾੜੀਆਂ ਨਾਲ ਘਿਰਿਆ ਹੋਇਆ ਸੀ ਅਤੇ ਦਰੱਖ਼ਤਾਂ ਨੂੰ ਸਾਫ਼ ਕਰ ਕੇ ਬਣਾਇਆ ਗਿਆ ਸੀ। ਵੱਖ ਵੱਖ ਆਕਾਰਾਂ ਦੇ ਮੁਗਦਰ ਤੇ ਭਾਰ, ਤਣਿਆਂ ਨੂੰ ਤਰਾਸ਼ ਕੇ ਬਣਾਏ ਹੋਏ ਸਨ। ਪੋਲ ਵਾਲਟ ਲਈ ਵੰਝ ਬਣਾਉਣ ਵਾਸਤੇ ਬਾਂਸ ਦੀ ਉਥੇ ਕੋਈ ਕਮੀ ਨਹੀਂ ਹੈ। ਇਸੇ ਤਰ੍ਹਾਂ ਹਰਡਲ ਦੌੜ ਲਈ ਰੁਕਾਵਟਾਂ ਅਤੇ ਜਿਮਨਾਸਟਿਕ ਵਾਸਤੇ ਸਟੈਂਡਾਂ ਦਾ ਦੇਸੀ ਜੁਗਾੜ ਉਸ ਕਸਰਤ-ਮੈਦਾਨ ਦੀ ਖ਼ਾਸੀਅਤ ਸਨ। ਟਾਹਣ ਅਤੇ ਬਾਂਸ ਗੱਡ ਕੇ ਇਕ ਛੋਟੇ ਕਿਲ੍ਹੇ ਜਾਂ ਗੜ੍ਹੀ ਦਾ ਢਾਂਚਾ ਵੀ ਖੜ੍ਹਾ ਕੀਤਾ ਹੋਇਆ ਸੀ ਤਾਂ ਕਿ ਅਜਿਹੇ ਮੋਰਚੇ ਨੂੰ ਭੰਨਣ ਵਾਸਤੇ ਕਵਾਇਦ ਹੋ ਸਕੇ।
ਜਦ ਤਕ ਉਹ ਕੈਂਪ ਵਿਚ ਰਹਿਣਗੇ, ਸਵੇਰ ਦਾ ਡੇਢ ਘੰਟੇ ਦਾ ਸਮਾਂ ਨੇਮ ਨਾਲ ਕਸਰਤ ਦਾ ਸਮਾਂ ਰਹੇਗਾ। ਥੱਕਣ ਵਾਲਾ ਆਪਣਾ ਸੈਕਸ਼ਨ ਬਦਲ ਲਵੇਗਾ ਅਤੇ ਕਸਰਤ ਦੇ ਕਿਸੇ ਹਲਕੇ-ਫੁਲਕੇ ਰੂਪ ਨੂੰ ਅਪਨਾ ਲਵੇਗਾ। ਜਿਹੜਾ ਜ਼ਿਆਦਾ ਥੱਕ ਜਾਵੇਗਾ, ਉਹ ਆਪਣੀ ਬੰਦੂਕ ਉਠਾਏਗਾ ਅਤੇ ਕਸਰਤ-ਮੈਦਾਨ ਦੇ ਬਾਹਰ ਵਾਲੇ ਹਿੱਸੇ ਵਿਚ ਚਹਿਲਕਦਮੀ ਕਰਨ ਲੱਗੇਗਾ। ਬੰਧੇਜ ਭਾਵੇਂ ਕੋਈ ਨਹੀਂ ਹੈ, ਫਿਰ ਵੀ ਹਰ ਕੋਈ ਓਨਾ ਸਮਾਂ ਉਥੇ ਹੀ ਰਹਿਣ ਨੂੰ ਤਰਜੀਹ ਦਿੰਦਾ ਹੈ। ਜੇ ਤੁਸੀਂ ਕਸਰਤ ਕਰਨ ਵਾਲਿਆਂ ਵਿਚ ਸ਼ਾਮਲ ਨਹੀਂ ਹੋ, ਤਾਂ ਵੀ ਤੁਸੀਂ ਦੂਸਰਿਆਂ ਨੂੰ ਕਸਰਤ ਕਰਦਿਆਂ ਦੇਖਣਾ ਚਾਹੁੰਦੇ ਹੋ। ਇਹ ਸਵੇਰ ਦਾ ਖੁੱਲ੍ਹਾ-ਡੁੱਲ੍ਹਾ, ਸਿਹਤਮੰਦ ਅਤੇ ਕੁਦਰਤੀ ਮਾਹੌਲ ਹੈ ਜਿਹੜਾ ਤੁਹਾਨੂੰ ਸੁਖਾਵਾਂ ਬਣਾਉਂਦਾ ਹੈ ਤੇ ਖੁਸ਼ ਰੱਖਦਾ ਹੈ।
ਅੱਠ ਵਜੇ ਰਸੋਈ ਘਰ ਤੋਂ ਸੀਟੀ ਦੀ ਆਵਾਜ਼ ਆਉਂਦੀ ਹੈ ਜਿਹੜੀ ਸਭ ਨੂੰ ਚਾਹ ਤੇ ਨਾਸ਼ਤੇ ਵਾਸਤੇ ਬੁਲਾਵਾ ਦਿੰਦੀ ਹੈ। ਸੀਟੀ ਵੱਜਣ ‘ਤੇ ਹਰ ਕਿਸੇ ਨੇ ਆਪਣੇ ਆਪਣੇ ਤੰਬੂ ਦਾ ਰੁਖ਼ ਕੀਤਾ, ਗਲਾਸ ਤੇ ਥਾਲੀ ਉਠਾਏ ਅਤੇ ਲੰਗਰ ਵੱਲ ਹੋ ਤੁਰਿਆ। ਕਸਰਤ-ਮੈਦਾਨ ਛੱਡਣ ਤੋਂ ਪਹਿਲਾਂ ਕੋਈ ਵੀ ਆਪਣੀ ਬੰਦੂਕ ਤੇ ਪੇਟੀ ਉਠਾਉਣੀ ਨਹੀਂ ਭੁੱਲਦਾ।

ਸਵੇਰ ਦੇ ਵਕਤ ਰਸੋਈ ਵਿਚ ਡਾਢਾ ਜਮਘਟਾ ਹੁੰਦਾ ਹੈ। ਹਰ ਕੋਈ ਜਲਦੀ ਤੋਂ ਜਲਦੀ ਉਥੇ ਪਹੁੰਚਦਾ ਹੈ ਅਤੇ ਕਤਾਰ ਵਿਚ ਸ਼ਾਮਲ ਹੋ ਜਾਂਦਾ ਹੈ। ਵਾਰੀ ਸਿਰ, ਇਹ ਉਨ੍ਹਾਂ ਦਾ ਅਸੂਲ ਹੈ। ਕੋਈ ਵੱਖਰੀ ਕਤਾਰ ਨਹੀਂ, ਕੋਈ ਕਮਾਂਡਰ ਨਹੀਂ, ਕੋਈ ਰੰਗਰੂਟ ਨਹੀਂ। ਕੋਈ ਬਿਮਾਰ ਹੈ ਤਾਂ ਹਰ ਕੋਈ ਉਸ ਨੂੰ ਪਹਿਲਾਂ ਨਾਸ਼ਤਾ ਲੈਣ ਵਾਸਤੇ ਰਾਹ ਦੇਵੇਗਾ। ਉਂਜ ਹੀ, ਕਿਸੇ ਦੇ ਮੋਢੇ ਉਪਰ ਨਾ ਕੋਈ ਫੀਤੀ ਹੈ, ਨਾ ਸਟਾਰ, ਤੇ ਲੰਗਰ ਵਿਚ ਕੋਈ ਵਖਰੇਵਾਂ ਵੈਸੇ ਹੀ ਖ਼ਤਮ ਹੋ ਜਾਂਦਾ ਹੈ। ਸਾਰੇ ਇਕੋ ਜਿਹੀ ਫ਼ੌਜੀ ਵਰਦੀ ਵਿਚ ਹਨ, ਸਭੇ ਸਿਪਾਹੀ ਹਨ, ਸਭ ਵਾਸਤੇ ਇਕੋ ਪਤੀਲਾ ਹੈ ਅਤੇ ਇਕੋ ਹੀ ਦੇਗ਼ ਹੈ।
ਰਸੋਈ ਘਰ ਦਾ ਵਿਹੜਾ ਹੀ ਲੰਗਰ ਹੈ। ਉਥੇ ਬਾਂਸ ਅਤੇ ਦਰੱਖ਼ਤਾਂ ਦੀਆਂ ਟਾਹਣੀਆਂ ਤੋਂ ਬਣੇ ਲੰਬੇ ਲੰਬੇ ਬੈਂਚ ਤੇ ਮੇਜ਼ ਹਨ ਜਿਹੜੇ ਪੱਕੇ ਤੌਰ ‘ਤੇ ਜ਼ਮੀਨ ਵਿਚ ਗੱਡੇ ਹੋਏ ਹਨ। ਤੁਸੀਂ ਚਾਹੋ ਤਾਂ ਇਨ੍ਹਾਂ ਦੀ ਵਰਤੋਂ ਕਰੋ, ਚਾਹੋ ਤਾਂ ਕਿਸੇ ਰੁੱਖ ਨਾਲ ਢੋਅ ਲਾ ਕੇ ਬੈਠ ਜਾਓ ਜਾਂ ਖੜ੍ਹੇ ਰਹੋ, ਚਾਹੋ ਤਾਂ ਕਿਸੇ ਪੱਥਰ ਉਤੇ ਆਸਣ ਕਰੋ ਤੇ ਨਾਸ਼ਤੇ ਦਾ ਸਵਾਦ ਲਓ। ਇਸ ਸਮੇਂ ਥਾਂ ਥਾਂ ਟੋਲੀਆਂ ਲੱਗ ਜਾਂਦੀਆਂ ਹਨ। ਸਵੇਰੇ ਆਈਆਂ ਖ਼ਬਰਾਂ ਉਪਰ ਚਰਚਾ ਹੁੰਦੀ ਹੈ, ਕੋਈ ਕਿਸੇ ਵੱਲ ਮਖ਼ੌਲ ਤਿਲਕਾਉਂਦਾ ਨਜ਼ਰ ਆਉਂਦਾ ਹੈ, ਕੋਈ ਸੰਜੀਦਾ ਬਹਿਸ ਵਿਚ ਹੈ, ਜਾਂ ਕਿਤੇ ਹੋਰ ਕੋਈ ਦੋ ਜਣੇ ਆਪਣੇ ਅੱਜ ਦੇ ਰੁਝੇਵਿਆਂ ਬਾਰੇ ਗੱਲਬਾਤ ਕਰਦੇ ਦਿਖਾਈ ਦਿੰਦੇ ਹਨ। ਸਭ ਤੋਂ ਗਰਮ ਵਿਸ਼ਾ ਅੱਜ ਦੀਆਂ ਖ਼ਬਰਾਂ ਹਨ। ਅਫ਼ਗਾਨਿਸਤਾਨ ਉਪਰ ਅਮਰੀਕੀ ਹਮਲਾ ਜਾਰੀ ਹੈ। ਬਹਿਸ ਚੱਲ ਰਹੀ ਹੈ ਕਿ ਕਾਬਲ ਉਪਰ ਅਮਰੀਕੀ ਹਮਲੇ ਨਾਲ ਉਤਰੀ ਗੱਠਜੋੜ (ਨਾਰਦਰਨ ਅਲਾਇੰਸ) ਦੇ ਤਨਖਾਹਦਾਰ ਪਿਆਦੇ ਸ਼ਹਿਰ ਵਿਚ ਕਦ ਦਾਖ਼ਲ ਹੋਣਗੇ; ਅਮਰੀਕਾ ਆਪਣੇ ਫ਼ੌਜੀ ਜ਼ਮੀਨੀ ਜੰਗ ਵਾਸਤੇ ਭੇਜੇਗਾ ਕਿ ਨਹੀਂ; ਤਾਲਿਬਾਨ ਗੁਰੀਲਾ ਜੰਗ ਕਦੋਂ ਸ਼ੁਰੂ ਕਰਨਗੇ ਆਦਿ-ਆਦਿ। ਅਮਰੀਕੀ ਹਮਲੇ ਵਿਰੁਧ ਯੂਰਪ ਵਿਚਲੇ ਜੰਗ ਵਿਰੋਧੀ ਮੁਜ਼ਾਹਰੇ ਅਤੇ ਪਾਕਿਸਤਾਨ ਵਿਚਲੀ ਸਿਆਸੀ ਹਲਚਲ ਵੀ ਚਰਚਾ ਦਾ ਵਿਸ਼ਾ ਹਨ। ਦਿੱਲੀ ਵਿਚ ਜੰਗ-ਵਿਰੋਧੀ ਪ੍ਰਚਾਰ ਕਰਨ ਵਾਲੇ ਵਿਦਿਆਰਥੀਆਂ ਦੇ ਫੜੇ ਜਾਣ ਅਤੇ ਫਿਰ ਛੱਡ ਦਿੱਤੇ ਜਾਣ ਦਾ ਜ਼ਿਕਰ ਹੈ। ਜੰਗ ਵਿਰੋਧੀ ਲਹਿਰ ਨੂੰ ਲਾਮਬੰਦ ਕਰਨ ਵਾਸਤੇ ਵਿਚਾਰਾਂ ਹਨ। ਸਵੇਰ ਵੇਲੇ ਦਾ ਰਸੋਈ ਦਾ ਨਜ਼ਾਰਾ, ਕੁੱਲ ਮਿਲਾ ਕੇ, ਸਿਆਸੀ ਵਿਚਾਰ-ਚਰਚਾ ਦਾ ਸਰਗਰਮ ਅਖਾੜਾ ਬਣਿਆ ਹੋਇਆ ਹੈ।
ਮੈਂ ਉਤਸੁਕਤਾ ਵੱਸ ਉਨ੍ਹਾਂ ਨੂੰ ਪੁੱਛਦਾ ਹਾਂ, ਜੰਗਲ ਵਾਸੀ ਜੰਗ ਵਿਰੋਧੀ ਲਹਿਰ ਵਿਚ ਕਿਵੇਂ ਹਿੱਸਾ ਪਾਉਣਗੇ?
ਉਹ ਦੱਸਦੇ ਹਨ ਕਿ ਜੰਗਲ ਵਿਚ ਉਹ ਦੋ ਮਹੀਨੇ ਤੋਂ ਇਸ ਵਿਰੁਧ ਲਾਮਬੰਦੀ ਕਰ ਰਹੇ ਹਨ। ਪਹਿਲਾਂ ਜੰਗ ਦੇ ਖ਼ਤਰੇ ਵਿਰੁਧ ਅਤੇ ਹੁਣ ਜੰਗ ਦੇ ਵਿਰੋਧ ਵਿਚ ਉਹ ਅਨੇਕਾਂ ਸਰਗਰਮੀਆਂ ਕਰ ਚੁੱਕੇ ਹਨ। ਅਨੇਕਾਂ ਮੁਜ਼ਾਹਰੇ ਕੀਤੇ ਗਏ ਹਨ; ਬੁਸ਼ ਤੇ ਵਾਜਪਾਈ ਦੇ ਪੁਤਲੇ ਜਲਾਏ ਗਏ ਹਨ; ਸੈਂਕੜਿਆਂ, ਹਜ਼ਾਰਾਂ ਦੀਆਂ ਕਾਨਫਰੰਸਾਂ ਹੋਈਆਂ ਹਨ। ਮੈਂ ਸੋਚਦਾ ਹਾਂ ਕਿ ਬੁਰਜੂਆ ਅਖ਼ਬਾਰਾਂ ਵਿਚ ਇਨ੍ਹਾਂ ਕਾਰਵਾਈਆਂ ਦੀ ਕੋਈ ਵੀ ਖ਼ਬਰ ਨਹੀਂ ਛਪੀ, ਕਿਤੇ ਵੀ ਕੋਈ ਚਰਚਾ ਨਹੀਂ ਹੋਈ। ਅਖ਼ਬਾਰਾਂ ਉਤੇ ਸਿਵਲ ਸੁਸਾਇਟੀ ਦਾ ਕੰਟਰੋਲ ਹੈ। ਸਭਿਅਕ ਸਮਾਜ ਦੀ ਜੰਗਲ ਦੇ ਵਸਨੀਕਾਂ ਦੀਆਂ ਕਾਰਵਾਈਆਂ ਤੇ ਸਿਆਸੀ ਸਰਗਰਮੀਆਂ ਨੂੰ ਛਾਪਣ ਵਿਚ ਕੋਈ ਦਿਲਚਸਪੀ ਨਹੀਂ ਹੈ। ਅਖ਼ਬਾਰਾਂ ਸਰਕਾਰ ਵੱਲੋਂ ਅਮਰੀਕੀ ਪ੍ਰਸ਼ਾਸਨ ਦੀ ਡੰਡੌਤ ਕਰਦੇ ਬਿਆਨਾਂ ਨੂੰ ਵੱਡੀਆਂ ਸੁਰਖ਼ੀਆਂ ਹੇਠ ਲਾਉਂਦੀਆਂ ਹਨ ਭਾਵੇਂ ਇਹ ਪੜ੍ਹਨ ਵਾਲਿਆਂ ਦੇ ਮਨਾਂ ਅੰਦਰ ਘ੍ਰਿਣਾ ਅਤੇ ਅਕੇਂਵਾ ਹੀ ਪੈਦਾ ਕਰਨ।
ਜੰਗ ਦਾ ਵਿਰੋਧ ਕਰਨ ਵਾਲਿਆਂ ਨੂੰ ਕੌਮ-ਧ੍ਰੋਹੀ ਕਰਾਰ ਦਿੱਤੇ ਜਾਣ ਉਤੇ ਉਹ ਹੱਸਦੇ ਹਨ। ਇਹ ਗੱਲ ਕਿਸੇ ਦੀ ਸਮਝ ਵਿਚ ਨਹੀਂ ਪੈ ਸਕਦੀ ਕਿ ਅਮਰੀਕਾ ਦੀ ਅਫ਼ਗਾਨਿਸਤਾਨ ਉਤੇ ਜੰਗ ਦਾ ਵਿਰੋਧ ਕਰਨਾ ਭਾਰਤ ਵਿਚ ਦੇਸ਼-ਧ੍ਰੋਹ ਕਿਵੇਂ ਹੈ।
“ਦਰਅਸਲ, ਭਾਰਤੀ ਕੌਮਵਾਦ ਦੀ ਪਰਿਭਾਸ਼ਾ ਬਦਲ ਗਈ ਹੈ। ਹੁਣ ਭਾਰਤੀ ਕੌਮਵਾਦ ਉਹੀ ਹੈ ਜਿਹੜਾ ਅਮਰੀਕੀ ਸਾਮਰਾਜੀ ਹਿੱਤਾਂ ਦੇ ਪੱਖ ਵਿਚ ਭੁਗਤੇ।” ਇਕ ਜਣਾ ਕਹਿੰਦਾ ਹੈ ਜਿਸ ਨਾਲ ਹਾਸਾ ਪੈ ਜਾਂਦਾ ਹੈ। “ਇਹ ਨਵਾਂ ਸੰਸਾਰੀਕਰਨ ਹੈ”, ਉਹ ਕਹਿੰਦਾ ਹੈ, “ਜਿੱਥੇ ਭਾਰਤ ਜਿਹੇ ਦੇਸ਼ਾਂ ਦੇ ਕੌਮੀ ਹਿੱਤ ਅਤੇ ਸਾਮਰਾਜਵਾਦ ਦੇ ਹਿੱਤ ਗੁੱਥ-ਮ-ਗੁੱਥਾ ਕਰ ਦਿੱਤੇ ਗਏ ਅਤੇ ਇੱਕੋ ਚੀਜ਼ ਬਣਾ ਦਿੱਤੇ ਗਏ ਹਨ।”
ਜੇ ਪਾਕਿਸਤਾਨੀ ਲੋਕ ਅਮਰੀਕਾ ਦਾ ਵਿਰੋਧ ਕਰਦੇ ਹਨ ਤਾਂ ਉਹ ਮੁਸ਼ੱਰਫ਼ ਵਾਸਤੇ ਦੇਸ਼-ਧ੍ਰੋਹੀ ਹਨ। ਦੋਵਾਂ ਦੇਸ਼ਾਂ ਵਿਚ ਹੀ ਦੇਸ਼ ਭਗਤੀ, ਅਮਰੀਕਾ ਭਗਤੀ ਹੋ ਗਈ ਅਤੇ ਅਮਰੀਕਾ ਵਿਰੋਧ, ਦੇਸ਼ ਵਿਰੋਧ ਹੋ ਗਿਆ। ਸਿਵਲ ਸੁਸਾਇਟੀ ਦੇ ਉਚ ਤਬਕੇ ਨੇ ਇਸ ਸੰਕਲਪ ਨੂੰ ਇਕ ਤਰ੍ਹਾਂ ਨਾਲ ਸਹੀ ਮੰਨ ਲਿਆ ਹੈ; ਸੋ ਜੇ ਜੰਗਲ ਦੀਆਂ ਇਹ ਮਹੱਤਵਪੂਰਨ ਖਬਰਾਂ ਅਖ਼ਬਾਰਾਂ ਵਿਚ ਨਹੀਂ ਛਪੀਆਂ ਤਾਂ ਇਹ ਸਮਝ ਵਿਚ ਆਉਣ ਵਾਲੀ ਗੱਲ ਸੀ।
ਬਾਅਦ ‘ਚ ਆਪਣੀ ਜੰਗਲ-ਉਦਾਸੀ ਦੌਰਾਨ ਮੈਨੂੰ ਪਤਾ ਲੱਗਾ ਕਿ ਬਹੁਤੇ ਜੰਗਲ ਨਿਵਾਸੀਆਂ ਨੇ ਪਹਿਲੀ ਵਾਰ ਬੁਸ਼, ਵਾਜਪਾਈ, ਮੁਸ਼ੱਰਫ਼ ਅਤੇ ਅਫ਼ਗਾਨਿਸਤਾਨ ਦਾ ਨਾਮ ਸੁਣਿਆ ਹੈ। ਜੰਗ ਨੇ ਉਨ੍ਹਾਂ ਨੂੰ ਇਨ੍ਹਾਂ ਨਾਂਵਾਂ ਤੋਂ ਜਾਣੂੰ ਕਰਵਾ ਦਿੱਤਾ ਅਤੇ ਨਾਲ ਹੀ ‘ਦੇਸ਼-ਧ੍ਰੋਹੀਆਂ’ ਦੀ ਕਤਾਰ ਵਿਚ ਖੜ੍ਹੇ ਕਰ ਦਿੱਤਾ। ਦਰਅਸਲ, ਜੰਗਲ ਦੇ ਲੋਕ ਦੇਸ਼-ਧ੍ਰੋਹ ਦੇ ਸੰਕਲਪ ਤੋਂ ਹੀ ਵਾਕਫ਼ ਨਹੀਂ ਹਨ। ਉਹ ਐਨਾ ਕੁ ਹੀ ਜਾਣਦੇ ਹਨ ਕਿ ਪੁਲਿਸ ਤੇ ਠੇਕੇਦਾਰ ਦੋਨੋਂ ਮਿਲ ਕੇ ਉਨ੍ਹਾਂ ਦੇ ਜੰਗਲ ਲੁੱਟਦੇ ਹਨ ਅਤੇ ਸਰਕਾਰ ਉਨ੍ਹਾਂ ਦੀ ਪਿੱਠ ਉਤੇ ਹੈ। ਉਨ੍ਹਾਂ ਵਾਸਤੇ ਅਮਰੀਕਾ ਅਜਿਹੀ ਹਸਤੀ ਹੈ ਜੋ ਇਥੋਂ ਦੀ ਸਰਕਾਰ ਦੀ ਪਿੱਠ ਠੋਕਦੀ ਹੈ ਅਤੇ ਇਸੇ ਕਾਰਨ ਇਹ ਹਸਤੀ ਵੀ ਉਨ੍ਹਾਂ ਦੀ ਇਥੋਂ ਦੀ ਸਰਕਾਰ ਵਾਂਗ ਹੀ ਦੁਸ਼ਮਣ ਹੈ।
ਦੇਸ਼ ਦੀ ਸਿਵਲ ਸੁਸਾਇਟੀ ਕਬਾਇਲੀਆਂ ਦੇ ਇਸ ਸਿੱਧੇ-ਸਾਦੇ ਮੰਤਕ ਨੂੰ ਸਮਝਣ ਦੇ ਅਸਮਰੱਥ ਹੈ। ਉੁਹ ਸਮੱਸਿਆਵਾਂ ਨੂੰ ਗੁੰਝਲਦਾਰ ਬਣਾ ਕੇ ਪੇਸ਼ ਕਰਨ ਨੂੰ ਤਰਜੀਹ ਦਿੰਦੀ ਹੈ ਅਤੇ ਇਸ ਪੇਚੀਦਗੀ ਵਿਚ ਖ਼ੁਦ ਨੂੰ ਉਲਝਾ ਲੈਂਦੀ ਹੈ। ਦੇਸ਼-ਪ੍ਰੇਮ, ਦੇਸ਼-ਧ੍ਰੋਹ, ਵਲਦਾਰ ਲੱਫ਼ਾਜ਼ੀ, ਉਲਝੇ ਹੋਏ ਵੱਡੇ ਵੱਡੇ ਭਾਸ਼ਣ ਅਤੇ ਗੁੰਝਲਦਾਰ ਮਸ਼ੀਨਾਂ ਕਬਾਇਲੀ ਲੋਕਾਂ ਦੀ ਸਾਦ-ਮੁਰਾਦੀ ਤੇ ਸਿੱਧੀ-ਪੱਧਰੀ ਜ਼ਿੰਦਗੀ ਤੋਂ ਪਰੇ ਹਨ ਅਤੇ ਉਨ੍ਹਾਂ ਦੀ ਸਮਝ ਤੋਂ ਬਾਹਰ ਦੀਆਂ ਗੱਲਾਂ ਹਨ। ਉਨ੍ਹਾਂ ਦਾ ਸਿੱਧਾ-ਸਾਦਾ ਤਰਕ ਹੈ: ਜੰਗਲ ਸਾਡਾ ਹੈ ਕਿ ਸਾਡਾ ਨਹੀਂ ਹੈ? ਇਸ ਚੀਜ਼ ਨੂੰ ਸਿੱਧੇ-ਸਾਦੇ ਤਰੀਕੇ ਨਾਲ ਹੀ ਉਹ ਨਜਿੱਠਣਾ ਵੀ ਚਾਹੁੰਦੇ ਹਨ: ਹੰਨੇ ਜਾਂ ਬੰਨੇ। ਕੋਈ ਮਾਨਸਿਕ ਉਲਝਾ ਨਹੀਂ, ਗੋਲ-ਗੁੰਬਦ ਦਲੀਲਬਾਜ਼ੀ ਨਹੀਂ ਅਤੇ ਜੰਜਾਲਾਂ ਭਰਿਆ ਤਰੀਕਾ ਨਹੀਂ। ਸਭ ਕੁਝ ਸਿੱਧਾ-ਸਾਦਾ ਤੇ ਸਪਾਟ, ਬਿਲਕੁਲ ਉਵੇਂ ਜਿਵੇਂ ਉਨ੍ਹਾਂ ਦੀ ਆਪਣੀ ਜ਼ਿੰਦਗੀ ਹੈ।
ਕਸਰਤ-ਮੈਦਾਨ ਵਿਚ ਮੁਗਦਰ ਫੇਰਨ ਵਾਲੇ ਤਕੜੇ ਡੀਲ-ਡੌਲ ਦੇ ਗੁਰੀਲੇ ਨੂੰ ਮੈਂ ਕਿਹਾ ਕਿ ਜੰਗਲ ਵਿਚਲੀਆਂ ਇਨ੍ਹਾਂ ਸਿਆਸੀ ਸਰਗਰਮੀਆਂ ਬਾਰੇ ਉਹ ਦੁਨੀਆਂ ਨੂੰ ਜਾਣੂੰ ਕਿਉਂ ਨਹੀਂ ਕਰਵਾਉਂਦੇ? ਜੰਗ ਦਾ ਐਨਾ ਵਿਰੋਧ ਤਾਂ ਸ਼ਹਿਰਾਂ ਵਿਚ ਵੀ ਨਹੀਂ ਸੀ ਹੋ ਰਿਹਾ।
“ਪਰ ਇਸ ਦਾ ਕੀ ਅਸਰ ਪਵੇਗਾ?” ਸਵਾਲ ਕਰਨ ਲੱਗਿਆਂ ਉਸ ਨੇ ਕੋਈ ਵਲ-ਫੇਰ ਨਹੀਂ ਪਾਇਆ। ਮੈਂ ਵੀ ਸਿੱਧਾ ਜਿਹਾ ਹੀ ਜਵਾਬ ਦਿੱਤਾ ਕਿ ਦੁਨੀਆਂ ਵਿਚ ਗੁਰੀਲਿਆਂ ਦੀ ਖ਼ਬਰ ਉਦੋਂ ਹੀ ਪਹੁੰਚਦੀ ਹੈ ਜਦ ਸੁਰੰਗ ਨਾਲ ਪੁਲਿਸ ਦੀ ਕੋਈ ਗੱਡੀ ਉਡਦੀ ਹੈ, ਜਾਂ ਫਿਰ ਉਸ ਸਮੇਂ ਜਦੋਂ ਕੋਈ ਝੜਪ ਹੁੰਦੀ ਹੈ ਤੇ ਗੋਲੀਆਂ ਚਲਦੀਆਂ ਹਨ। ਕਿਸੇ ਨੂੰ ਪਤਾ ਹੀ ਨਹੀਂ ਹੈ ਕਿ ਤਾੜ-ਤਾੜ ਤੋਂ ਬਿਨਾਂ ਜੰਗਲ ਵਿਚ ਕੁਝ ਹੋਰ ਵੀ ਹੁੰਦਾ ਹੈ।
ਮੈਨੂੰ ਇਹ ਪੁੱਛਣ ਦੀ ਜ਼ਰੂਰਤ ਨਹੀਂ ਸੀ ਕਿ ਜੰਗ-ਵਿਰੋਧੀ ਮੁਜ਼ਾਹਰਿਆਂ ਬਾਰੇ ਦੁਨੀਆਂ ਭਰ ਦੀਆਂ ਖਬਰਾਂ ਸੁਣ ਕੇ ਉਹ ਖ਼ੁਸ਼ ਹੁੰਦੇ ਸਨ ਕਿ ਨਹੀਂ! ਜਦ ਜੰਗਲ ਵਿਚ ਫੈਲ ਰਹੀ ਸਿਆਸੀ ਚੇਤਨਾ ਸ਼ਹਿਰੀ ਲੋਕਾਂ ਤਕ ਪਹੁੰਚੇਗੀ ਤਾਂ ਇਹ ਲਾਜ਼ਮੀ ਹੀ ਲੋਕਾਂ ਵਿਚ ਚਰਚਾ ਛੇੜੇਗੀ। ਸਵਾਲ ਉਠੇਗਾ ਕਿ ਜਿਨ੍ਹਾਂ ਕੋਲ ਗਿਆਨ ਤੇ ਜਾਣਕਾਰੀ ਹਾਸਲ ਕਰਨ ਦੇ ਸਾਰੇ ਵਸੀਲੇ ਮੌਜੂਦ ਹਨ, ਉਹ ਜੰਗਲ ਦੇ ਅਨਪੜ੍ਹ ਤੇ ਵਸੀਲਿਆਂ ਵਿਹੂਣੇ ਆਦਿਵਾਸੀਆਂ ਦੇ ਮੁਕਾਬਲੇ ਐਨੇ ਪਛੜੇ ਕਿਉਂ ਹਨ? ਤਦੇ ਛੋਟੇ ਕੱਦ ਦਾ ਗੁਰੀਲਾ ਸਾਡੀ ਗੱਲਬਾਤ ਵਿਚ ਆਣ ਸ਼ਾਮਲ ਹੋਇਆ।
“ਜੰਗਲ ਵਿਚ ਹੋਏ ਇੱਕਾ-ਦੁੱਕਾ ਵਿਰੋਧ-ਮੁਜ਼ਾਹਰਿਆਂ ਨੇ ਸ਼ਹਿਰੀ ਜ਼ਿੰਦਗੀ ਉਤੇ ਕੋਈ ਜ਼ਿਆਦਾ ਅਸਰ ਨਹੀਂ ਪਾਉਣਾ, ਇਹ ਸਹੀ ਹੈ, ਫਿਰ ਵੀ ਇਨ੍ਹਾਂ ਮੁਜ਼ਾਹਰਿਆਂ ਦੇ ਹੋਣ ਅਤੇ ਚਰਚਾ ਛੇੜਨ ਦਾ ਮਹੱਤਵ ਹੈ। ਭਾਰਤੀ ਹਾਕਮਾਂ ਨੇ ਅਫ਼ਗਾਨਿਸਤਾਨ ਉਤੇ ਹੋਏ ਹਮਲੇ ਦੀ ਖੁਸ਼ੀ ਮਨਾਈ ਹੈ ਅਤੇ ਇਸ ਜੰਗ ਨੂੰ ਉਹ ਕਸ਼ਮੀਰ ਅੰਦਰਲੀ ਆਜ਼ਾਦੀ ਦੀ ਲੜਾਈ ਨੂੰ ਕੁਚਲਣ ਦੀ ਮੁਹਿੰਮ ਨਾਲ ਜੋੜਨਾ ਚਾਹੁੰਦੇ ਹਨ। ਸਭਿਅਕ ਸਮਾਜ ਦੇ ਸਮੁੱਚੇ ਪ੍ਰਚਾਰ-ਤੰਤਰ ਨੇ ਕਸ਼ਮੀਰ ਦੀ ਲਹਿਰ ਦੀ ਤਬਾਹੀ ਅਤੇ ਅਫਗਾਨਿਸਤਾਨ ਵਿਰੁਧ ਜੰਗ ਨੂੰ ਇਕਮਿਕ ਹੋਇਆ ਦੇਖਣ ਲਈ ਇਕ ਤਰ੍ਹਾਂ ਨਾਲ ਪ੍ਰਚਾਰ ਮੁਹਿੰਮ ਹੀ ਵਿੱਢ ਰੱਖੀ ਹੈ। ਹਿੰਦੂ ਫਿਰਕਾਪ੍ਰਸਤਾਂ ਦਾ ਅੰਨ੍ਹਾ ਜਨੂੰਨੀ ਪ੍ਰਚਾਰ ਮੁਸਲਿਮ ਲੋਕਾਂ ਅਤੇ ਦੇਸ਼ਾਂ ਵਿਰੁਧ ਅਮਰੀਕੀ ਮੁਹਿੰਮ ਦੇ ਕੁਕਰਮਾਂ ਨੂੰ ਤਾਲਿਬਾਨ ਅਤੇ ਅਲ-ਕਾਇਦਾ ਵਿਰੋਧੀ ਸ਼ੋਰ ਹੇਠ ਦਬਾ ਦੇਣ ਦੀ ਪੂਰੀ ਕੋਸ਼ਿਸ਼ ਵਿਚ ਹੈ। ਸ਼ਹਿਰੀ ਮਨ ਕੱਟੜਵਾਦੀ ਅਤੇ ਅੰਨ੍ਹੇ ਕੌਮਵਾਦੀ ਪ੍ਰਚਾਰ ਦੀ ਹਨੇਰੀ ਦਾ ਸ਼ਿਕਾਰ ਬਣ ਰਿਹਾ ਹੈ। ਬਸਤਰ ਦੀ ਜੰਗ-ਵਿਰੋਧੀ ਆਵਾਜ਼ ਦਾ ਸ਼ਹਿਰੀ ਆਵਾਜ਼ ਉਪਰ ਭਾਵੇਂ ਬਹੁਤਾ ਅਸਰ ਨਹੀਂ ਪੈਣਾ, ਫਿਰ ਵੀ ਸਾਨੂੰ ਆਪਣੇ ਪ੍ਰਚਾਰ ਨੂੰ ਦੇਸ਼ ਦੇ ਹਰ ਹਿੱਸੇ ਵਿਚ ਲੈ ਕੇ ਜਾਣਾ ਚਾਹੀਦਾ ਹੈ।”
ਨਿੱਕੇ ਕਦ ਤੇ ਇਕਹਿਰੇ ਸਰੀਰ ਦਾ ਪਤਲਾ ਜਿਹਾ ਇਹ ਬੰਦਾ ਦੇਖਣ ਨੂੰ ਗੁਰੀਲਾ ਲੱਗਦਾ ਹੀ ਨਹੀਂ ਸੀ। ਮੈਂ ਹੈਰਾਨ ਹੋਇਆ ਕਿ ਉਹ ਕਦੇ ਬੰਦੂਕ ਚਲਾਉਂਦਾ ਵੀ ਹੋਵੇਗਾ ਕਿ ਉਂਜ ਹੀ ਮੋਢੇ ਉਪਰ ਲਟਕਾਈ ਹੋਈ ਹੈ, ਪਰ ਉਹ ਤੇਜ਼ ਤਰਾਰ ਆਦਮੀ ਸੀ। ਪਹਿਲੀ ਨਜ਼ਰੇ ਉਹ ਕਿਸੇ ਨੂੰ ਵੀ ਗੁਰੀਲਾ ਨਹੀਂ ਲੱਗਿਆ ਹੋਵੇਗਾ।
ਖਾਣਾ ਖਾਣ ਤੋਂ ਬਾਅਦ ਹਰ ਕੋਈ ਆਪਣਾ ਗਲਾਸ ਤੇ ਥਾਲੀ ਆਪ ਹੀ ਮਾਂਜਦਾ, ਧੋਂਦਾ ਤੇ ਸਾਂਭਦਾ ਹੈ। ਤੀਸਰਾ ਕੋਈ ਬਰਤਨ ਕਿਸੇ ਕੋਲ ਨਹੀਂ ਹੈ। ਕਈ ਅਜਿਹੇ ਹਨ ਜਿਨ੍ਹਾਂ ਨੇ ਗਲਾਸ ਤੋਂ ਵੀ ਪਿੱਛਾ ਛੁਡਾਇਆ ਹੋਇਆ ਹੈ। ਚਾਹ ਉਹ ਥਾਲੀ ਨਾਲ ਹੀ ਪੀ ਲੈਂਦੇ ਹਨ ਅਤੇ ਇਸ ਤਰ੍ਹਾਂ ਆਪਣੀ ਕਿਟ ਨੂੰ ਭਾਰੀ ਹੋਣ ਤੋਂ ਬਚਾਉਂਦੇ ਹਨ।
ਮੇਰਾ ਗਾਰਡ ਨਾਸ਼ਤੇ ਦੀ ਕਤਾਰ ‘ਚ ਵੀ ਮੇਰੇ ਨਾਲ ਸੀ ਅਤੇ ਖਾਣਾ ਖਾਂਦੇ ਹੋਏ ਵੀ। ਉਹ ਹਿੰਦੀ ਦੇ ਕੁਝ ਕੁ ਸ਼ਬਦ ਹੀ ਸਮਝ ਤੇ ਬੋਲ ਸਕਦਾ ਸੀ, ਪਰ ਗੱਲਬਾਤ ਨਾ ਕਰ ਸਕਦਾ ਸੀ, ਨਾ ਹੀ ਸਮਝ ਸਕਦਾ ਸੀ। ਅਸੀਂ ਭਾਵੇਂ ਆਪਸ ਵਿਚ ਕੋਈ ਵੀ ਗੱਲ ਨਹੀਂ ਸਾਂ ਕਰ ਸਕਦੇ, ਪਰ ਉਨ੍ਹਾਂ ਨੂੰ ਯਕੀਨ ਸੀ ਕਿ ਉਹ ਮੇਰੀ ਚੰਗੀ ਹਿਫਾਜ਼ਤ ਕਰੇਗਾ। ਜਦ ਮੈਂ ਉਸ ਨੂੰ ਕੁਝ ਕਹਿਣ ਦੀ ਕੋਸ਼ਿਸ਼ ਕਰਦਾ ਤਾਂ ਉਹ ਇਕੋ ਹੀ ਲਫ਼ਜ ਮੂੰਹੋਂ ਬੋਲਦਾ: “ਇੱਲਾ।” ਯਾਨਿ “ਨਹੀਂ।” ਜਦ ਮੈਂ ਉਹਨੂੰ ਕਿਹਾ ਕਿ ਉਹ ਹਿੰਦੀ ਸਿੱਖ ਲਵੇ ਤਾਂ ਉਸ ਨੇ ਕਿਹਾ, “ਹਿੰਦੀ, ਇੱਲਾ।”
ਸ਼ਾਮ ਹੋਈ ਤਾਂ ਉਹ ਹਿੰਦੀ ਦਾ ਕਾਇਦਾ ਲੈ ਕੇ ਆ ਗਿਆ ਤੇ ਮੇਰੇ ਕੋਲ ਬੈਠ ਗਿਆ।
“ਹਿੰਦੀ।” ਕਹਿੰਦਿਆਂ ਉਸ ਨੇ ਕਾਇਦਾ ਮੇਰੇ ਅੱਗੇ ਕਰ ਦਿੱਤਾ।
ਮੈਂ ਉਸ ਦਾ ਹੱਥ ਘੁੱਟਿਆ ਤੇ ਅਸੀਂ ਪੜ੍ਹਨ ਬੈਠ ਗਏ।
(ਚਲਦਾ)