ਕਿਰਪਾਲ ਕੌਰ
ਫੋਨ: 815-356-9535
ਸੁਪਨੇ ਕੀ ਹਨ? ਇਹ ਪ੍ਰਸ਼ਨ ਬਹੁਤ ਵਾਰ ਮਨ ਨੂੰ ਉਲਝਾ ਦਿੰਦਾ ਹੈ। ਜਿਵੇਂ ਪਰੀਆਂ ਦਾ ਦੇਸ! ਕਦੀ ਕਿਸੇ ਨੇ ਪਰੀਆਂ ਨਹੀਂ ਦੇਖੀਆਂ, ਨਾ ਕਦੀ ਪਰੀਆਂ ਦਾ ਰਹਿਣ-ਸਹਿਣ ਤੇ ਨਾ ਰੂਪ-ਰੰਗ; ਪਰ ਅਸੀਂ ਬੱਚੀਆਂ ਨੂੰ ਪਰੀ ਵਰਗੀ ਸੋਹਣੀ ਕਹਿ ਦਿੰਦੇ ਹਾਂ। ਸੁਖੀ ਵਸਦੇ ਪਰਿਵਾਰ ਨੂੰ ਕਹੀਦੈ, ਇਹ ਤਾਂ ਕਿਸੇ ਪਰੀ-ਲੋਕ ਦੇ ਸੁੱਖ ਹੰਢਾ ਰਹੇ ਨੇ। ਸਾਰਾ ਕੁਝ ਕਾਲਪਨਿਕ ਹੈ। ਇਸੇ ਤਰ੍ਹਾਂ ਸੁਪਨਿਆਂ ਦੀ ਗੱਲ ਹੈ। ਸੁਪਨਿਆਂ ਵਿਚ ਗੁੰਮ ਜਾਣਾ, ਦਿਨੇ ਸੁਪਨੇ ਦੇਖਣੇ, ਕੋਈ ਚੰਗੀ ਸੁਖਾਵੀਂ ਘਟਨਾ ਨੂੰ ਕਹਿਣਾ, ਇਹ ਤਾਂ ਸੁਪਨਾ ਹੀ ਲਗਦੈ!
ਪਲ-ਛਿਣ ਲਈ ਅਸੀਂ ਸੁਪਨੇ ਵਿਚ ਸੰਯੋਗ-ਵਿਯੋਗ, ਦੁਖ-ਸੁਖ ਤੇ ਜੀਵਨ ਦੇ ਕਿਸੇ ਪੱਖ ਨਾਲ ਜੁੜੀ ਕੋਈ ਗੱਲ ਜਾਂ ਘਟਨਾ ਦੇਖਦੇ ਹਾਂ। ਇਹ ਜ਼ਰੂਰੀ ਨਹੀਂ ਕਿ ਜੋ ਅਸੀਂ ਸੁਪਨੇ ਵਿਚ ਦੇਖਦੇ ਹਾਂ, ਉਹ ਸਾਡੇ ਨਾਲ ਜੁੜੀ ਗੱਲ ਹੀ ਹੋਵੇ। ਕਈ ਇਸ ਤਰ੍ਹਾਂ ਦੀਆਂ ਘਟਨਾਵਾਂ ਜਾਂ ਸਥਾਨ ਅਸੀਂ ਸੁਪਨੇ ਵਿਚ ਦੇਖਦੇ ਹਾਂ ਜਿਨ੍ਹਾਂ ਦਾ ਸਾਨੂੰ ਕੋਈ ਗਿਆਨ ਨਹੀਂ ਹੁੰਦਾ।
ਸੁਪਨੇ ਹਰ ਬੱਚਾ, ਬੁੱਢਾ ਤੇ ਜਵਾਨ ਦੇਖਦਾ ਹੈ। ਬੱਚੇ ਜਿਹੜੇ ਦਿਨਾਂ ਜਾਂ ਮਹੀਨਿਆਂ ਦੇ ਹੁੰਦੇ ਹਨ, ਉਹ ਵੀ ਕਈ ਵਾਰ ਸੁੱਤੇ ਪਏ ਮੁਸਕਰਾਉਂਦੇ ਦਿਸਦੇ ਹਨ। ਬੱਚਾ ਕਦੀ ਬੁੱਲ੍ਹ ਗੋਲ ਕਰ ਕੇ ਮਚਾਕੇ ਮਾਰਦਾ ਹੈ ਜਿਵੇਂ ਦੁੱਧ ਚੁੰਘ ਰਿਹਾ ਹੋਵੇ। ਕਦੀ ਅੱਖਾਂ ‘ਕੱਠੀਆਂ ਕਰ ਕੇ ਅਤੇ ਬੁੱਲ੍ਹ ਲਟਕਾ ਕੇ ਰੋਣ ਵਾਲੀ ਸੂਰਤ ਬਣਾਉਂਦਾ ਹੈ। ਲਗਦਾ ਹੈ ਜਿਵੇਂ ਬੱਚਾ ਸੁਪਨੇ ਵਿਚ ਰੋਂਦਾ, ਹੱਸਦਾ ਜਾਂ ਦੁੱਧ ਚੁੰਘਦਾ ਹੋਵੇ।
ਸੁਪਨੇ ਕੀ ਹਨ? ਇਸ ਦਾ ਉਤਰ ਅਜੇ ਤੱਕ ਵਿਗਿਆਨੀ ਵੀ ਠੀਕ ਨਹੀਂ ਭਾਲ ਸਕੇ। ਕਈ ਕਹਿੰਦੇ ਹਨ, ਜੋ ਕੁਝ ਦਿਨੇ ਵਾਪਰਦਾ ਹੈ, ਉਸ ਦੀ ਕੋਈ ਝਲਕ ਰਾਤ ਨੂੰ ਸਾਡੇ ਸਾਹਮਣੇ ਆ ਜਾਂਦੀ ਹੈ। ਕਈਆਂ ਮੁਤਾਬਕ, ਮਨ ਦੀਆਂ ਕਈ ਪਰਤਾਂ ਹਨ, ਇਨ੍ਹਾਂ ਪਰਤਾਂ ਥੱਲੇ ਸਾਡੇ ਸੁੱਖ-ਦੁੱਖ, ਆਸ-ਨਿਰਾਸ਼, ਕੁਝ ਕਰਨ ਜਾਂ ਪ੍ਰਾਪਤੀ ਦੀ ਚਾਹ ਤੇ ਸਾਡੀਆਂ ਸਫਲਤਾਵਾਂ ਤੇ ਹਾਰਾਂ, ਸਾਰਾ ਕੁਝ ਇਨ੍ਹਾਂ ਪਰਤਾਂ ਥੱਲੇ ਦੱਬਿਆ ਰਹਿੰਦਾ ਹੈ। ਸੁੱਤੇ ਪਿਆਂ ਕਦੀ ਕੋਈ ਤੇ ਕਈ ਕੋਈ ਪਰਤ ਉਘੜ ਕੇ ਸਾਹਮਣੇ ਆ ਜਾਂਦੀ ਹੈ।
ਕਦੀ ਬੜੇ ਸੁਖਾਵੇਂ ਸੁਪਨੇ ਦੇਖੀਦੇ ਹਨ ਅਤੇ ਕਦੀ ਬੜੇ ਡਰਾਵਣੇ, ਚਿੰਤਾ ਵਾਲੇ। ਕਈ ਸੁਪਨੇ ਦੇਖ ਕੇ ਆਪਣੇ ਭਵਿੱਖ ਦੀ ਚਿੰਤਾ ਤਕ ਹੋਣ ਲੱਗ ਪੈਂਦੀ ਹੈ। ਕਈ ਵਹਿਮੀ-ਭਰਮੀ ਲੋਕ ਤਾਂ ਪੰਡਤਾਂ ਕੋਲ ਉਪਾਅ ਪੁੱਛਣ ਵੀ ਤੁਰ ਪੈਂਦੇ ਹਨ। ਅਗਲੇ ਵੀ ਫਿਰ ਮਨ ਆਇਆ ਉਪਾਅ ਦੱਸ ਕੇ ਮਾਇਆ ਇਕੱਠੀ ਕਰਦੇ ਹਨ।
ਹਾਂ, ਬਹੁਤੇ ਸੁਪਨੇ ਸਾਡੀਆਂ ਭਾਵਨਾਵਾਂ, ਇਛਾਵਾਂ ਜੋ ਅਸੀਂ ਮਨ ਵਿਚ ਹੰਢਾਉਂਦੇ ਹਾਂ, ਨਾਲ ਜੁੜੇ ਹੁੰਦੇ ਹਨ। ਸਾਡੇ ਆਪਣੇ ਵਿਛੜੇ ਕਈ ਵਾਰ ਸੁਪਨੇ ਵਿਚ ਮਿਲ ਜਾਂਦੇ ਹਨ। ਇਸ ਮਿਲਣੀ ਲਈ ਹੀ ਭਾਈ ਵੀਰ ਸਿੰਘ ਨੇ ਸੁਪਨੇ ਨੂੰ ‘ਸੁਲਤਾਨ’ ਦਾ ਦਰਜਾ ਦਿੱਤਾ ਹੈ:
ਸੁਪਨਿਆਂ ਤੂੰ ਸੁਲਤਾਨ ਹੈਂ,
ਉਤਮ ਤੇਰੀ ਜਾਤ।
ਸੌ ਵਰ੍ਹਿਆਂ ਦੇ ਵਿਛੜੇ,
ਆਣ ਮਿਲਾਵੇਂ ਰਾਤ।
ਹੁਣ ਤਾਂ ਸੁਣਿਆ ਹੈ, ਵਿਗਿਆਨੀ ਸੁਪਨਿਆਂ ਦੀਆਂ ਤਸਵੀਰਾਂ ਲੈਣ ਲਈ ਕੋਈ ਯਤਨ ਕਰ ਰਹੇ ਹਨ। ਸੱਚੀਂ, ਜੇ ਅਜਿਹੀ ਕੋਈ ਤਸਵੀਰ ਲਈ ਜਾ ਸਕੇ ਤਾਂ ਸਭ ਤੋਂ ਵੱਧ ਖੁਸ਼ ਰਾਮੂ ਹੋਵੇਗਾ। ਰਾਮੂ, ਲਾਲਾ ਰੁਲਦੂ ਰਾਮ ਦਾ ਨੌਕਰ ਹੈ। ਸਰਦੀ ਦੀ ਰਾਤ ਨੂੰ ਫਟਿਆ ਕੰਬਲ ਲੈ ਕੇ ਬਰਸਾਤੀ ਵਿਚ ਸੌਂਦਾ ਹੈ। ਰੋਜ਼ ਰਾਤ ਨੂੰ ਉਹ ਲਾਲਾ ਜੀ ਦਾ ਬਿਸਤਰਾ ਵਿਛਾਉਂਦਾ ਉਨ੍ਹਾਂ ਦੇ ਭਾਰੇ, ਨਿੱਘੇ ਤੇ ਨਰਮ ਕੰਬਲ ‘ਤੇ ਕਈ ਵਾਰ ਹੱਥ ਫੇਰ ਕੇ ਦੇਖਦਾ ਹੈ। ਕਿਸੇ ਭਾਗਾਂ ਵਾਲੀ ਰਾਤ ਨੂੰ ਸੁਪਨੇ ਵਿਚ ਆਪਣੇ ਆਪ ਨੂੰ ਉਸ ਨਰਮ ਨਿੱਘੇ ਕੰਬਲ ਵਿਚ ਸੁੱਤਾ ਪਿਆ ਦੇਖਦਾ ਹੈ। ਉਸ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹਿੰਦੀ।æææ ਦੂਜੇ ਪਾਸੇ ਇਕ ਦਿਨ ਲਾਲਾ ਜੀ ਸੁਪਨਾ ਦੇਖਦੇ ਹਨ- ਉਨ੍ਹਾਂ ਦੇ ਸਾਰੇ ਕਰਜ਼ਦਾਰ ਕਰਜ਼ਾ ਮੋੜਨ ਤੋਂ ਇਨਕਾਰੀ ਹੋ ਗਏ ਹਨ। ਹੱਟੀ ਲੋਕਾਂ ਨੇ ਲੁੱਟ-ਪੁੱਟ ਲਈ ਹੈ। ਲੋਕ ਕੰਬਲ ਉਤਾਰਨ ਲਗਦੇ ਹਨ, ਲਾਲਾ ਜੀ ਉਚੀ ਉਚੀ ਰੋਣ ਲੱਗ ਪੈਂਦੇ ਹਨ। ਆਪਣੇ ਕੰਬਲ ਨੂੰ ਦੋਹਾਂ ਹੱਥਾਂ ਨਾਲ ਫੜ ਕਹਿੰਦੇ ਹਨ, “ਇਹ ਤਾਂ ਰਹਿਣ ਦਿਓ।” ਜਾਗ ਖੁੱਲ੍ਹਣ ‘ਤੇ ਫਿਕਰ ਹੋਣ ਲਗਦਾ ਹੈ, ਜੇ ਕਿਤੇ ਇਹ ਸੁਪਨਾ ਸੱਚ ਹੋ ਗਿਆ! ਇਹ ਸੁਪਨੇ ਦੀ ਹੀ ਖੇਡ ਹੈ ਕਿ ਬਰਸਾਤੀ ਵਿਚ ਫਟੇ ਕੰਬਲ ਵਿਚ ਪਏ ਰਾਮੂ ਨੇ ਨਰਮ ਕੰਬਲ ਦਾ ਅਨੰਦ ਮਾਣ ਲਿਆ ਅਤੇ ਲਾਲਾ ਆਪਣਾ ਸਭ ਕੁਝ ਗੁਆ, ਡਰ ਜਾਂਦਾ ਹੈ।
ਜਾਪਦਾ ਹੈ, ਸੁਪਨੇ ਦੋ ਤਰ੍ਹਾਂ ਦੇ ਹੁੰਦੇ ਹਨ। ਇਕ, ਜਿਨ੍ਹਾਂ ਬਾਰੇ ਮੈਂ ਲਿਖ ਰਹੀ ਹਾਂ ਅਤੇ ਦੂਸਰੇ ਉਹ ਜੋ ਅਸੀਂ ਖੁੱਲ੍ਹੀਆਂ ਅੱਖਾਂ ਨਾਲ ਦੇਖਦੇ ਹਾਂ। ਉਸ ਵੇਲੇ ਦੇਖਣ ਵਾਲੇ ਦੀਆਂ ਅੱਖਾਂ ਜ਼ਰੂਰ ਖੁੱਲ੍ਹੀਆਂ ਹੁੰਦੀਆਂ ਹਨ, ਪਰ ਉਨ੍ਹਾਂ ਨੂੰ ਦਿਸਦਾ ਕੁਝ ਨਹੀਂ ਹੁੰਦਾ। ਉਹ ਅੱਖਾਂ ਕਿਸੇ ਹੋਰ ਸੰਸਾਰ ਵਿਚ ਕੁਝ ਹੋਰ ਦੇਖ ਰਹੀਆਂ ਹੁੰਦੀਆਂ ਹਨ। ਜਿਵੇਂ ਰੋਟੀ ਪਕਾ ਰਹੀ ਮਾਂ ਨੂੰ ਪਰਦੇਸੀਂ ਗਏ ਪੁੱਤ ਦੀ ਯਾਦ ਆ ਗਈ। ਛੋਟਾ ਹੁੰਦਾ ਪੁੱਤ ਦਿਸਣ ਲੱਗ ਪਿਆ। ਸਾਰਾ ਧਿਆਨ ਉਸ ਵੱਲ ਚਲਾ ਗਿਆ। ਤਵੇ ਉਤੇ ਪਈ ਰੋਟੀ ਸੜ ਗਈ। ਹੋਸ਼ ਉਸ ਵੇਲੇ ਆਈ ਜਦ ਧੀ ਨੇ ਕਿਹਾ, “ਮੰਮੀ! ਕੀ ਕਰਦੇ ਹੋ? ਰੋਟੀ ਸੜ ਗਈ।” ਤੇ ਮੰਮੀ ਨੇ ਆਪਣੇ ਮੱਥੇ ‘ਤੇ ਹੱਥ ਮਾਰਿਆ।
ਇਸ ਤਰ੍ਹਾਂ ਕਈ ਵਾਰ ਕਿਸੇ ਨਾਲ ਗੱਲ ਕਰਦੇ ਹਾਂ, ਉਹ ਉਤਰ ਕੁਝ ਨਹੀਂ ਦਿੰਦਾ। ਜਵਾਬ ਨਾ ਮਿਲਣ ਉਤੇ ਅਸੀਂ ਨਾਲ ਵਾਲੇ ਨੂੰ ਕਹਿੰਦੇ ਹਾਂ, “ਕਿਥੇ ਹੋ? ਕਿਹੜੇ ਸੁਪਨੇ ਦੇਖਣ ਲੱਗ ਪਏ?” ਇਹ ਸੁਪਨੇ ਜੋ ਅਸੀਂ ਖੁੱਲ੍ਹੀਆਂ ਅੱਖਾਂ ਹੋਣ ‘ਤੇ ਵੀ ਅੰਦਰ ਦੀਆਂ ਅੱਖਾਂ ਨਾਲ ਦੇਖਦੇ ਹਾਂ, ਸਾਡੇ ਜੀਵਨ ਦੇ ਭੂਤ, ਵਰਤਮਾਨ ਤੇ ਭਵਿੱਖ ਦੀਆਂ ਅਸਲੀ ਘਟਨਾਵਾਂ ਬਾਰੇ ਸਾਡੇ ਫਿਕਰ ਹੁੰਦੇ ਹਨ। ਜਿਹੜੇ ਸੁਪਨੇ ਅਸੀਂ ਨੀਂਦ ਵਿਚ ਦੇਖਦੇ ਹਾਂ, ਉਹ ਇਸ ਤਰ੍ਹਾਂ ਦੇ ਵੀ ਹੁੰਦੇ ਹਨ ਤੇ ਨਾਲ ਹੀ ਬਹੁਤ ਅਣਜਾਣ ਅਣ-ਸੋਚੇ ਵੀ।
ਇਕ ਸੁਪਨੇ ਅਸੀਂ ਸਿਰਜਦੇ ਹਾਂ ਜਾਗਦੇ, ਪੂਰੇ ਹੋਸ਼ ਨਾਲ। ਇਨ੍ਹਾਂ ਸੁਪਨਿਆਂ ਵਿਚ ਅਸੀਂ ਆਪਣੇ ਭਵਿੱਖ ਦੀ ਰੂਪ-ਰੇਖਾ ਦਾ ਭਾਵੀ ਖਾਕਾ ਬਣਾਉਂਦੇ ਹਾਂ ਜੋ ਬਹੁਤ ਜ਼ਰੂਰੀ ਵੀ ਹੈ। ਫਿਰ ਸਾਨੂੰ ਉਸ ਦੀ ਪੂਰਤੀ ਲਈ ਲੱਕ ਬੰਨ੍ਹ ਕੇ ਲੱਗ ਜਾਣਾ ਚਾਹੀਦਾ ਹੈ। ਜੋ ਇਸ ਕਾਰਜ ਵਿਚ ਸਫਲ ਹੋ ਗਿਆ, ਉਸ ਨੇ ਸਮਝੋ ਜ਼ਿੰਦਗੀ ਦੀ ਬਾਜ਼ੀ ਜਿੱਤ ਲਈ।
ਕਈ ਵਾਰ ਅਸੀਂ ਕੋਈ ਸੁਪਨਾ ਦੇਖਣਾ ਚਾਹੁੰਦੇ ਹਾਂæææ ਕੋਈ ਬਹੁਤ ਪਿਆਰਾ ਵਿਛੜ ਗਿਆ ਹੈ। ਉਸ ਨੂੰ ਸੌਣ ਲੱਗੇ ਯਾਦ ਕਰਦੇ ਹਾਂ, ਪਰ ਸੁਪਨੇ ਵਿਚ ਕਦੀ ਨਹੀਂ ਆਉਂਦਾ। ਗੱਲ ਤਾਂ ਬਹੁਤ ਪੁਰਾਣੀ ਹੈ, ਮੇਰੇ ਦਿਮਾਗ ਵਿਚ ਹਮੇਸ਼ਾ ਉਸ ਦੀ ਯਾਦ ਤਾਜ਼ੀ ਹੋ ਕੇ ਆਉਂਦੀ ਹੈ- ਇਕ ਲੜਕੀ ਮੇਰੀ ਰੂਮ ਮੇਟ ਸੀ ਹੋਸਟਲ ਵਿਚ। ਉਸ ਦੀ ਮਾਂ ਵਿਛੋੜਾ ਦੇ ਗਈ। ਉਹ ਰੋਜ਼ ਰਾਤ ਮਾਂ ਨੂੰ ਯਾਦ ਕਰਦੀ ਰੋਂਦੀ। ਉਸ ਦੀ ਫੋਟੋ ਆਪਣੇ ਸਿਰਹਾਣੇ ਥੱਲੇ ਰੱਖ ਕੇ ਸੌਂਦੀ, ਪਰ ਮਾਂ ਕਦੀ ਸੁਪਨੇ ਵਿਚ ਨਾ ਦਿਖੀ। ਇਸ ਲਈ ਸਵੇਰੇ ਉਠ ਕੇ ਫਿਰ ਰੋਂਦੀ।
ਸੁਪਨੇ ਕੀ ਹਨ? ਇਹ ਵੱਡਾ ਤੇ ਗੁੰਝਲਦਾਰ ਸਵਾਲ ਹੈ। ਸੁਪਨੇ ਟੈਲੀਵਿਜ਼ਨ ਦੇ ਸ਼ੋਅ ਨਹੀਂ ਜਿਨ੍ਹਾਂ ਨੂੰ ਆਪਣੀ ਇੱਛਾ ਅਨੁਸਾਰ ਦੇਖਿਆ ਜਾ ਸਕਦਾ ਹੈ। ਨਾ ਹੀ ਇਨ੍ਹਾਂ ਦਾ ਕੋਈ ਸਵਿੱਚ ਹੈ ਜਿਸ ਨੂੰ ਸੌਣ ਲੱਗੇ ਆਨ-ਆਫ ਕਰ ਸਕਦੇ ਹਾਂ। ਹਾਂ, ਰਾਤ ਨੂੰ ਡਰਨ ਵਾਲਿਆਂ ਲਈ ਤਾਂ ਮੇਰੇ ਬੇ ਜੀ ਦਾ ਦੱਸਿਆ ਹੱਲ ਹੈ ਕਿ ਸੌਣ ਵੇਲੇ ਪਾਠ ਕਰ ਕੇ ਸ਼ਾਂਤ ਮਨ ਹੋ ਕੇ ਸੌਣਾ ਚਾਹੀਦਾ ਹੈ। ਡਰ ਤਾਂ ਐਨਾ ਡਰਿਆ ਹੋਇਆ ਹੈ ਕਿ ਰਾਤ ਜਾਂ ਦਿਨ ਵੇਲੇ ਕਦੀ ਨੇੜੇ ਨਹੀਂ ਆਇਆ। ਸੁਪਨੇ ਮਰਜ਼ੀ ਦੇ ਮਾਲਕ ਹਨ, ਮੌਜੀ ਹਨ। ਜਦ ਕਦੀ ਦਿਲ ਕਰੇ, ਆ ਹੀ ਜਾਂਦੇ ਹਨ। ਇਸ ਗੱਲ ਦੀ ਸਮਝ ਆਈ ਹੈ ਕਿ ਸੱਚੀਆਂ-ਸੁੱਚੀਆਂ ਪ੍ਰਭੂ ਰੰਗ ਵਿਚ ਰੰਗੀਆਂ ਰੂਹਾਂ ਦੇ ਸੁਪਨੇ ਵੀ ਘਟ-ਘਟ ਵਿਆਪੀ ਸੱਚੀ ਜੋਤ ਦੇ ਹੋ ਸਕਦੇ ਹਨ। ਮੁੜ ਮੇਰੇ ਸਾਹਮਣੇ ਭਾਈ ਵੀਰ ਸਿੰਘ ਆਣ ਖੜ੍ਹੇ ਹਨ। ਉਨ੍ਹਾਂ ਦਾ ਸੁਪਨਾ ਸੁਣੋ:
ਸੁਪਨੇ ਵਿਚ ਤੁਸੀਂ ਮਿਲੇ ਅਸਾਂ ਨੂੰ,
ਅਸਾਂ ਧਾ ਗਲਵੱਕੜੀ ਪਾਈ,
ਨਿਰਾ ਨੂਰ ਤੁਸੀਂ ਹੱਥ ਨਾ ਆਏ,
ਸਾਡੀ ਕੰਬਦੀ ਰਹੀ ਕਲਾਈ।
ਇਸ ਸੁਪਨੇ ਦੀ ਕਲਪਨਾ ਕਰ ਕੇ ਹੀ ਮਨ ਆਨੰਦਿਤ ਹੋ ਜਾਂਦਾ ਹੈ। ਕਿੰਨਾ ਸੱਚਾ, ਸੋਹਣਾ ਤੇ ਮਿੱਠਾ ਪਿਆਰਾ ਸੁਪਨਾ ਹੈ, ਰੱਬੀ ਨੂਰ ਤੇ ਉਸ ਨੂਰ ਨਾਲ ਇਕ-ਮਿੱਕ ਹੋਣਾ, ਉਸ ਨੂਰ ਨੂੰ ਗਲਵੱਕੜੀ ਵਿਚ ਲੈਣਾ। ਕੀ ਹੋਇਆ, ਜੇ ਹੱਥ ਵਿਚ ਘੁੱਟ ਕੇ ਨਾ ਰੱਖ ਸਕੇ! ਪਲ ਛਿਣ ਦੀ ਏਕਮਤਾ, ਉਸ ਕੰਬਦੀ ਕਲਾਈ ਲਈ ਬਹੁਤ ਹੈ।
ਇਸ ਛੋਹ ਦਾ ਅਨੰਦ ਜੋ ਭਾਈ ਸਾਹਿਬ ਨੇ ਮਾਣਿਆ, ਉਸੇ ਅਨੰਦ ਵਿਚੋਂ ਉਹ ਫੁੱਲ ਕੋਲੋਂ ਕਹਾਉਂਦੇ ਹਨ ਕਿ ਜਿਨ੍ਹਾਂ ਹੱਥਾਂ ਨੇ ਫੁੱਲ ਨੂੰ ਟਾਹਣੀ ਨਾਲੋਂ ਤੋੜਿਆ, ਸੁੰਘਿਆ ਤੇ ਸੀਨੇ ਲਾਇਆ, ਅੰਤ ਸਿੱਟ ਕੇ ਪੈਰਾਂ ਹੇਠ ਮਧੋਲ਼ ਦਿੱਤਾ, ਪਰ ਉਨ੍ਹਾਂ ਹੱਥਾਂ ਦੀ ਛੋਹ ਨਹੀਂ ਭੁੱਲਦੀ। ਕਹਿੰਦੇ ਹਨ, ਮਹਾਰਾਜਾ ਅਸ਼ੋਕ ਜਿਸ ਦਿਨ ਕਾਲਿੰਗਾ ਦੀ ਲੜਾਈ ਜਿੱਤ ਕੇ ਰਾਤ ਨੂੰ ਸੁੱਤੇ, ਉਨ੍ਹਾਂ ਨੂੰ ਸੁਪਨੇ ਵਿਚ ਕਿਸੇ ਨੇ ਕਿਹਾ ਕਿ ਤੂੰ ਐਨਾ ਕਤਲੇਆਮ ਕੀਤਾ ਹੈ, ਤੇਰੀ ਮੌਤ ਹੁਣ ਅਤਿ ਦੀ ਦੁਖਦਾਈ ਹੋਵੇਗੀ। ਉਹ ਬਹੁਤ ਡਰ ਗਿਆ। ਪਾਪ ਬਖ਼ਸ਼ਾਉਣ ਲਈ ਰਾਜ ਤਿਆਗ ਕੇ ਬੁੱਧ ਧਰਮ ਅਪਨਾ ਲਿਆ।
ਮੈਂ ਫਿਰ ਆਪਣੇ ਪ੍ਰਸ਼ਨ ਉਤੇ ਹੀ ਖੜ੍ਹੀ ਹਾਂ। ਐਨਾ ਸੁੱਖ ਤੇ ਦੁੱਖ ਦੇਣ ਵਾਲਾ ਸੁਪਨਾ ਆਖਰ ਹੈ ਕੀ?
ਸੁਪਨਾ ਤਾਂ ਸੁਪਨਾ ਹੀ ਹੈ ਜਿਸ ਦਾ ਕੋਈ ਵਜੂਦ ਨਹੀਂ। ਪਲ-ਛਿਣ ਵਿਚ ਮਿਟ ਜਾਣ ਵਾਲਾ। ਇਹ ਸੰਸਾਰ ਜਿਸ ਵਿਚ ਅਸੀਂ ਡੂੰਘੀਆਂ ਨੀਂਹਾਂ ਪੁੱਟ ਕੇ ਪੱਕੇ ਬਸੇਰੇ ਬਣਾ ਕੇ ਬੈਠੇ ਹਾਂ, ‘ਮੇਰੀ ਮੇਰੀ’ ਦੀਆਂ ਝੋਲੀਆਂ ਭਰਦੇ ਹਾਂ, ਹੈ ਇਹ ਵੀ ਸੁਪਨੇ ਸਮਾਨ ਹੈ। ਅੱਖ ਖੁੱਲ੍ਹੀ, ਸੁਪਨਾ ਗਿਆ; ਅੱਖ ਬੰਦ ਹੋਈ, ਸਵਾਸ ਰੁਕੇ ਤੇ ਸੰਸਾਰ ਗਿਆ!
ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਬਚਨ ਹੈ:
ਜਿਉ ਸੁਪਨਾ ਅਰੁ ਪੇਖਨਾ ਐਸੇ ਜਗ ਕਉ ਜਾਨਿ॥
ਇਨ ਮੈ ਕਛੁ ਸਾਚੋ ਨਹੀ ਨਾਨਕ ਬਿਨੁ ਭਗਵਾਨ॥ (ਪੰਨਾ 1427)
ਸੰਸਾਰ ਦੀ ਨਾਸ਼ਵਾਨਤਾ ਦਾ ਗਿਆਨ ਕਰਵਾਉਣ ਲਈ ਹੀ ਸ਼ਾਇਦ ਸੁਪਨੇ ਆਉਂਦੇ ਹਨ। ਕੁਝ ਵੀ ਹੋਵੇ, ਸੁਪਨੇ ਹੈਨ ਅਜੀਬ ਸ਼ੈਅ। ਇਹ ਤਾਂ ਕਹਿੰਦੇ ਨੇ, ਸੂਲੀ ‘ਤੇ ਟੰਗਿਆਂ ਵੀ ਆ ਜਾਂਦੇ ਹਨ! ਕਿਥੋਂ ਆਉਂਦੇ, ਕਿਵੇਂ ਆਉਂਦੇ ਤੇ ਕਿਉਂ ਆਉਂਦੇ ਇਹ ਸੁਪਨੇ, ਇਹ ਉਤਸੁਕਤਾ ਸਭ ਦੀ ਹੈ।