ਪਾਠਕ ਮਾਂ ਪ੍ਰਕਾਸ਼ਕ ਪਿਓ

ਐਤਕੀਂ ‘ਪਾਠਕ ਮਾਂ ਪ੍ਰਕਾਸ਼ਕ ਪਿਓ’ ਨਾਂ ਦੇ ਇਸ ਲੇਖ ਵਿਚ ਕਾਨਾ ਸਿੰਘ ਨੇ ਆਪਣੀ ਅੰਮੀ ਅਤੇ ਭਾਪੇ ਦੇ ਸੁਭਾਅ ਬਾਰੇ ਇਕ ਖਾਸ ਨੁਕਤੇ ਤੋਂ ਗੱਲਾਂ ਸਾਂਝੀਆਂ ਕੀਤੀਆਂ ਹਨ ਅਤੇ ਫਿਰ ਇਨ੍ਹਾਂ ਮਣਕਿਆਂ ਨੂੰ ਸਾਹਿਤ ਦੀ ਮਾਲਾ ਵਿਚ ਪਰੋਂਦਿਆਂ ਪਾਠਕ ਅਤੇ ਪ੍ਰਕਾਸ਼ਕ ਨਾਲ ਮੇਚਿਆ ਹੈ। ਆਪਣੀ ਹਰ ਰਚਨਾ ਵਿਚ ਕਾਨਾ ਸਿੰਘ ਸਹਿਜ ਅਤੇ ਸੁਹਜ ਦਾ ਪੱਲਾ ਘੁੱਟ ਕੇ ਫੜੀ ਰੱਖਦੀ ਹੈ; ਸਿੱਟੇ ਵਜੋਂ ਲਿਖਤ ਵਿਚ ਜੜੇ ਸ਼ਬਦ ਜੁਗਨੂੰਆਂ ਹਾਰ ਜਗਮਗ ਕਰਨ ਲਗਦੇ ਹਨ।

-ਸੰਪਾਦਕ

ਕਾਨਾ ਸਿੰਘ
ਫੋਨ:+91-95019-44944

ਲੇਖਕ, ਕਲਾਕਾਰ ਜਾਂ ਚਿੰਤਕ ਹਿਸਾਬ ਵਿਚ ਕਮਜ਼ੋਰ ਹੁੰਦੇ ਹਨ। ਇਹ ਗੱਲ ਮੈਂ ਅਕਸਰ ਸੁਣਦੀ ਆਈ ਹਾਂ, ਜਦੋਂ ਦੀ ਹੋਸ਼ ਸੰਭਾਲੀ। ਅਜਿਹਾ ਕਿਉਂ? ਇਹ ਸੁਆਲ ਵੀ ਨਾਲੋ-ਨਾਲ ਤੁਰਦਾ ਰਿਹਾ ਹੈ। ਬਚਪਨ ਤੋਂ ਹੀ ਤੁਕਾਂ ਜੋੜ ਜੋੜ ਕੇ ਹਰ ਗੱਲ ਛੰਦ ਵਿਚ ਕਰਨ ਦੀ ਆਦਤ ਸੀ ਮੇਰੀ। ਅਸੀਂ ਭੈਣਾਂ-ਭਰਾ ਛੇੜ-ਛਾੜ, ਤਾਹਨੇ-ਮਿਹਣੇ ਤੇ ਝਈਆਂ ਵੀ ਛੰਦਾਂ ਵਿਚ ਹੀ ਦੇਂਦੇ ਲੈਂਦੇ ਸਾਂ। ਜੇ ਮਾਨਾ ਨੇ ਕਹਿਣਾ, “ਰਵੇਲ ਨੀ ਹੱਟੀ ਤੋਂ ਲਿਆਂਦੀਆਂ ਰੱਸਾਂ/ਗੁੱਡੀ ਤੇਰੀ ਮਰ ਗਈ, ਤੂੰ ਰੋਵੇਂ ਤੇ ਮੈਂ ਹੱਸਾਂ” ਤਾਂ ਮੇਰਾ ਜੁਆਬ ਹੁੰਦਾ, “ਆਰ ਟੋਆ ਪਾਰ ਟੋਆ, ਵਿਚ ਟੋਏ ਨੇ ਡੱਡੂ/ਗੁੱਡਾ ਤੇਰਾ ਮਰ ਗਿਆ, ਤੇ ਮੈਂ ਵੰਡੇ ਲੱਡੂ।”
ਫਿਰ ਵੀ ਇਹ ਕੋਈ ਸ਼ਾਇਰੀ ਜਾਂ ਕਲਾ ਵਾਲੀ ਗੱਲ ਤਾਂ ਨਹੀਂ ਸੀ ਜੋ ਮੈਨੂੰ ਹਿਸਾਬ ਵਿਚ ਕਮਜ਼ੋਰ ਕਰ ਦੇਵੇ! ਭਗਤ ਵੀਰਾ ਹਿਸਾਬ ਵਿਚ ਬੜਾ ਤੇਜ਼ ਸੀ ਅਤੇ ਓਨਾ ਹੀ ਤੇਜ਼ ਸੀ ਉਹ ਮੈਨੂੰ ਕਬਿਤਾਂ ਵਿਚ ਛੇੜਨ ਅਤੇ ਪਟਾਣ ਵਿਚ ਵੀ, ਲੇਕਿਨ ਮੇਰੇ ਭਾਪਾ ਜੀ ਲਈ ਮੇਰੇ ਹਿਸਾਬ ਵਿਚੋਂ ਕਮਜ਼ੋਰ ਹੋਣ ਦਾ ਮਤਲਬ ਸੀ, ਮੇਰੇ ਹੋਰ ਸਾਰੇ ਗੁਣਾਂ ਦਾ ਸਿਫ਼ਰੋ-ਸਿਫ਼ਰ ਹੋਣਾ।
ਗੁਜਰਖ਼ਾਨ ਦੇ ਇਕੋ ਇਕ ਸਰਕਾਰੀ ਕੰਨਿਆ ਸਕੂਲ ਵਿਚ ਪ੍ਰਾਰਥਨਾ ਦਾ ਵੇਲਾ ਸੀ। ਮੁੱਖ ਅਧਿਆਪਕਾ ਚੰਨਣ ਦਈ ਭੈਣ ਜੀ ਨੇ ਹਮੇਸ਼ਾਂ ਵਾਂਗ ਜਪੁਜੀ ਸਾਹਿਬ ਦੇ ਸਮੂਹਿਕ ਪਾਠ ਮਗਰੋਂ ਅਰਦਾਸ ਕਰਨ ਲਈ ਬੁਲਾਵਾ ਦਿੱਤਾ।
ਸਕੂਲ ਸਰਕਾਰੀ ਸੀ, ਪਰ ਮੁਸਲਮਾਨ ਵਿਦਿਆਰਥਣਾਂ ਦੀ ਵੱਖਰੀ ਪ੍ਰਾਰਥਨਾ ਹੁੰਦੀ ਸੀ। ਫਰਕ ਬਸ ਏਨਾ ਹੀ ਸੀ ਕਿ ਜੇ ਅਸੀਂ ਹਿੰਦੂ-ਸਿੱਖ ਕੁੜੀਆਂ ਗਾਉਂਦੀਆਂ ਸਾਂ, “ਬਣ ਕੇ ਸੇਵਕ ਨਨਕਾਣੇ ਨੂੰ ਜਾਵਾਂਗੀ ਮੈਂ। ਜੋ ਜੋ ਬੀਤੀ ‘ਗੁਰਾਂ’ ਨੂੰ ਸੁਣਾਵਾਂਗੀ ਮੈਂ” ਤਾਂ ਉਹ ਗਾਉਂਦੀਆਂ ਸਨ, “ਬਣ ਕੇ ਸੇਵਕ ਮਦੀਨੇ ਨੂੰ ਜਾਵਾਂਗੀ ਮੈਂ। ਜੋ ਜੋ ਬੀਤੀ ‘ਮੌਲਾ’ ਨੂੰ ਸੁਣਾਵਾਂਗੀ ਮੈਂ।” ਖ਼ੈਰ, ਅੱਠਵੀਂ, ਸੱਤਵੀਂ ਜਾਂ ਛੇਵੀਂ ਦੀ ਕੋਈ ਵੀ ਕੁੜੀ ਅੱਗੇ ਨਾ ਵਧੀ।
“ਕੋਈ ਹੋਰ ਹੈ, ਨਿੱਕੀਆਂ ਜਮਾਤਾਂ ਵਿਚੋਂ?” ਵੱਡੇ ਭੈਣ ਜੀ ਨੇ ਲਲਕਾਰਿਆ। ਇਕ, ਦੋ, ਤਿੰਨ ਵਾਰ।
ਚੌਥੀ ਜਮਾਤ ਵਿਚ ਸਾਂ ਮੈਂ। ਮੈਂ ਹੱਥ ਉਚਾ ਕੀਤਾ ਤੇ ਬੁਲਾ ਲਈ ਗਈ। ਹੋ ਗਈ ਸ਼ੁਰੂ ਮੈਂ, ‘ਪ੍ਰਥਮ ਭਗਉਤੀ ਸਿਮਰ ਕੇæææ।’ ਚਾਰੇ ਪਾਸੇ ਸੰਨਾਟਾ। ਭੈਣ ਜੀਆਂ ਦੀ ਸ਼ਾਬਾਸ਼ੀ। ਘਰ ਤੱਕ ਖ਼ਬਰ ਪਹੁੰਚਣੀ ਓਦੋਂ ਕੋਈ ਵੱਡੀ ਗੱਲ ਨਹੀਂ ਸੀ ਹੁੰਦੀ। ਰਾਤੀਂ ਭਾਪਾ ਜੀ ਆਏ ਮੰਦ੍ਹਰੇ ਤੋਂ। ਰੋਟੀ ਪਰੋਸਦਿਆਂ ਮਾਂ ਨੇ ਖੁਸ਼ਖ਼ਬਰੀ ਦਿੱਤੀ। ਮਾਂ ਇਸੇ ਵੇਲੇ ਹੀ ਬੱਚਿਆਂ ਦੀ ਹੋਣਹਾਰੀ ਦਾ ਜ਼ਿਕਰ ਕਰਦੀ ਸੀ।
ਅੱਜ ਸੋਚਦੀ ਹਾਂ, ਮਾਂ ਕਿੰਨੀ ਦੂਰਦਰਸ਼ੀ ਸੀ। ਹਮੇਸ਼ਾਂ ਚੰਗੀ ਖ਼ਬਰ ਹੀ ਪਰੋਸਦੀ ਸੀ, ਭੋਜਨ ਦੇ ਨਾਲ। ਇਸ ਤੋਂ ਵੱਧ ਹੋਰ ਕਿਹੜਾ ਭੁੱਖ-ਭੜਕਾਊ ਸਾਧਨ ਹੋ ਸਕਦਾ ਹੈ ਭਲਾ?
“ਅੱਜ ਕਾਨਾ ਕੀ ਸ਼ਾਬਾਸ਼ੀ ਮਿਲੀ ਹੈ, ਸਾਰੇ ਸਕੂਲ ਵਿਚ।” ਮਾਂ ਨੇ ਸਾਰਾ ਪ੍ਰਸੰਗ ਸੁਣਾਇਆ।
“ਪਰ ਹਿਸਾਬ ਵਿਚ ਬੜੀ ਕਮਜ਼ੋਰ ਹੈ।” ਭਾਪਾ ਜੀ ਦਾ ਜੁਆਬ ਸੀ।
ਮੈਂ ਵੜ ਗਈ ਅੰਦਰਲੀ ਕੋਠੜੀ ਵਿਚ, ਫੁੱਟ ਫੁੱਟ ਰੋਣ।
ਪੰਜਵੀਂ ਦੇ ਵਜ਼ੀਫ਼ੇ ਦੇ ਇਮਤਿਹਾਨ ਵਿਚੋਂ ਅੱਵਲ ਆਈ ਜਾਂ ਕਵਿਤਾ ਪਾਠ ਦਾ ਇਨਾਮ ਜਿੱਤਿਆ, ਗੁਰਪੁਰਬ ਦੇ ਦੀਵਾਨ ਵਿਚ ਸ਼ਬਦ-ਗਾਇਨ ਕਰ ਕੇ ਵਾਹ ਵਾਹ ਖੱਟੀ ਜਾਂ ਦੌੜ ਦਾ ਮੁਕਾਬਲਾ ਜਿੱਤਿਆ, ਭਾਪਾ ਜੀ ਤਾਂ ਕਦੇ ਵੀ ਨਹੀਂ ਸਨ ਦਿਹਾੜੀ ਘਰ ਹੁੰਦੇ, ਉਹ ਸਰਘੀ ਵੇਲੇ ਹੀ ਚੜ੍ਹ ਜਾਂਦੇ ਰੇਲ ਗੱਡੀ ‘ਤੇ ਅਤੇ ਰਾਤੀਂ ਮੁੜਦੇ, ਪਰ ਮੇਰੀ ਕਿਸੇ ਵੀ ਪ੍ਰਾਪਤੀ ਦੀ ਖ਼ਬਰ ਮਿਲਣ ‘ਤੇ ਉਨ੍ਹਾਂ ਦੇ ਲਫਜ਼ ਹੁੰਦੇ, “ਪਰ ਹਿਸਾਬ ਵਿਚ ਬੜੀ ਕਮਜ਼ੋਰ ਹੈ।”
ਦਰਅਸਲ ਹਿਸਾਬ ਵਿਚ ਮੈਂ ਕਮਜ਼ੋਰ ਘਟ ਅਤੇ ਲਾਪ੍ਰਵਾਹ ਵੱਧ ਸਾਂ। ਸੁਆਲ ਸੂਦ-ਦਰ-ਸੂਦ ਦਾ ਹੋਵੇ ਜਾਂ ਤਿਜਾਰਤ ਦਾ, ਤਰੀਕਾ ਬਿਲਕੁਲ ਸਹੀ ਹੁੰਦਾ ਸੀ, ਪੌੜੀਓ-ਪੌੜੀ। ਬਸ ਹਮੇਸ਼ਾ ਕਲਪਨਾ ਦੇ ਸੰਸਾਰ ਵਿਚ ਹੋਣ ਕਾਰਨ ਬੇਧਿਆਨੇ ਹੀ ਕਿਸੇ ਸਾਤੇ ਨੂੰ ਨੌਂ ਸਮਝ ਲੈਂਦੀ ਜਾਂ ਛੇ ਨੂੰ ਜ਼ੀਰੋ ਜਾਣ ਕੇ ਅੱਗੇ ਤੁਰ ਜਾਂਦੀ। ਕਦੇ ਵੱਡੇ ਸਾਰੇ ਸਹੀ-ਬਟੇ ਵਿਚ ਆਏ ਠੀਕ ਹੀ ਜੁਆਬ ਨੂੰ ਗਲਤ ਸਮਝ ਕੇ ਵਾਰ ਵਾਰ ਕੱਢਣ ਦੇ ਚੱਕਰ ਵਿਚ ਕੋਈ ਗਲਤੀ ਕਰ ਬੈਠਦੀ।
ਭਾਪਾ ਜੀ ਰਾਤੀਂ ਭੋਜਨ ਕਰਦਿਆਂ ਮੇਰੇ ਪ੍ਰਸ਼ਨ ਪੱਤਰ ਵਿਚ ਸੁਆਲਾਂ ਸਾਹਵੇਂ ਲਿਖੇ ਮੇਰੇ ਜੁਆਬਾਂ ਨੂੰ ਆਪਣੇ ਮੂੰਹ-ਜ਼ੁਬਾਨੀ ਕੱਢੇ ਉਤਰਾਂ ਨਾਲ ਮੇਲਦੇ। ਪੂਰਾ ਤਰੀਕਾ ਸੁਣਦੇ ਜੋ ਠੀਕ ਹੁੰਦਾ ਪਰ ਮੇਰੇ ਦੋ ਤੇ ਦੋ ਕਦੇ ਪੰਜ ਹੋ ਜਾਂਦੇ ਤੇ ਕਦੇ ਤਿੰਨ ਤੇ ਉਨ੍ਹਾਂ ਦਾ ਜੁਮਲਾ ਹੁੰਦਾ, “ਹਿਸਾਬ ਵਿਚ ਬੜੀ ਕਮਜ਼ੋਰ ਹੈ।” ਤੇ ਹਿਸਾਬ ਮੇਰੇ ਲਈ ਹਊਆ ਬਣਿਆ ਰਿਹਾ।
ਮਾਂ ਮੇਰੀ ਹਰ ਸਫ਼ਲਤਾ ਦਾ ਜਸ਼ਨ ਮਨਾਉਂਦੀ। ਹੈ ਤਾਂ ਇਹ ਵੀ ਹੈਰਾਨੀ ਦੀ ਗੱਲ। ਮੈਂ ਪਰਿਵਾਰ ਦਾ ਅੱਠਵਾਂ ਬਾਲਕ ਸਾਂ ਤੇ ਪੰਜਵੀਂ ਧੀ। ਸਭ ਦੀ ਲਾਡਲੀ ਤੇ ਖ਼ਾਸੋ ਖ਼ਾਸ। ਨਾਨਕਿਓਂ-ਦਾਦਕਿਓਂ ਵੀ ਸਿਫ਼ਤਾਂ ਦੇ ਗੱਫ਼ੇ-ਗੱਫ਼ੇ। ਜਿਸ ਦਾ ਕਾਰਨ ਮੈਥੋਂ ਵੱਡੀ ਮਾਨਾ ਦੀ ਘਟ ਹੁਸ਼ਿਆਰੀ ਤੇ ਛੋਟੇ ਭਰਾ ਦੀ ਸੱਤ ਸਾਲ ਦੀ ਉਮਰ ਤਕ ਜਿਗਰ ਦੇ ਵਾਧੇ ਦਾ ਰੋਗੀ ਹੋਣਾ ਅਤੇ ਦੋਹਾਂ ਸਾਹਵੇਂ ਮੇਰੀ ਤ੍ਰਿਖੀ ਸ਼ੋਖ ਤਬੀਅਤ ਵੀ ਹੋ ਸਕਦੀ ਹੈ। ਦੂਜੇ, ਪਿਤਾ ਜੀ ਦੀ ਅਗਾਂਹ-ਵਧੂ ਸੋਚ ਅਤੇ ਉਨ੍ਹਾਂ ਦਾ ਇਸਤਰੀ ਸਤਿਕਾਰ ਵੀ ਜਗ-ਜ਼ਾਹਿਰ ਸੀ। ਤੀਜੇ, ਦਾਦੀ ਨੇ ਆਪ ਕੋਈ ਧੀ ਨਹੀਂ ਸੀ ਜੰਮੀ। ਉਸ ਨੂੰ ਕੁੜੀ ਦੀ ਇਤਨੀ ਸਿੱਕ ਸੀ ਕਿ ਜਦੋਂ ਮੇਰੀ ਮਾਂ ਦੀ ਪਲੇਠੀ ਧੀ, ਮਹਿੰਦਰ ਨੇ ਜਨਮ ਲਿਆ ਤਾਂ ਮਾਂ ਦੱਸਦੀ ਸੀ ਕਿ ਦਾਦੀ ਓਸੇ ਦਿਨ ਦੌੜੀ ਗਈ ਸੁਨਿਆਰੇ ਦੀ ਦੁਕਾਨ ‘ਤੇ ਬਾਲੜੀ ਲਈ ਕੰਨਾਂ ਦੀਆਂ ਮੁੰਦਰਾਂ ਬਣਵਾਉਣ। ਦਾਦੀ ਨੂੰ ਸਾਰੀਆਂ ਹੀ ਪੋਤਰੀਆਂ ਪਿਆਰੀਆਂ ਸਨ ਤੇ ਮੈਂ ਸਭ ਤੋਂ ਵੱਧ ਜਿਸ ਦਾ ਇਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਮੈਂ ਨੈਣ-ਨਕਸ਼, ਡੀਲ-ਡੌਲ ਪੱਖੋਂ ਸਗਵੀ ਦਾਦੀ ਸਾਂ, ਛੁਹਲੀ ਤੇ ਤ੍ਰਿਖੀ ਵੀ ਉਸੇ ਵਾਂਗ।
“ਇਹ ਤੈ ਨਿਰੀ ਦਾਦੀ ਐ।” ਸਦਾ ਇਹੀ ਜੁਮਲਾ ਸੁਣਨ ਨੂੰ ਮਿਲਦਾ ਰਿਹਾ ਮੈਨੂੰ।
ਪੋਠੋਹਾਰ ਦੇ ਪਾਲਣ-ਪੋਸਣ ਵਿਚ ਕੁੜੀਆਂ ਨਾਲ ਬਾਹਲਾ ਵਿਤਕਰਾ ਕਿਉਂ ਨਹੀਂ ਸੀ? ਅੱਜ ਜਦੋਂ ਸੋਚਦੀ ਹਾਂ ਤਾਂ ਲਗਦਾ ਹੈ, ਹੋ ਸਕਦਾ ਹੈ, ਇਸ ਦਾ ਕਾਰਨ ਉਥੋਂ ਦੀ ਆਰਥਿਕਤਾ ਹੋਵੇ। ਬਾਹਲੇ ਵਪਾਰੀ ਜਾਂ ਨੌਕਰੀ-ਪੇਸ਼ਾ ਹੀ ਤਾਂ ਸਨ ਸਾਰੇ ਹਿੰਦੂ-ਸਿੱਖ। ਆਪਣੇ ਕਦਰ ਮੁਤਾਬਕ ਹਰ ਕੋਈ ਵਿਆਹ ਦੇਂਦਾ ਧੀਆਂ ਨੂੰ ਸਰਦਾ-ਪੁਜਦਾ ਦਾਜ ਦੇ ਕੇ; ਤੇ ਜਾਂ ਫਿਰ ਵਿਦਿਅਕ ਸੋਝੀ ਵੀ ਕਾਰਨ ਹੋ ਸਕਦੀ ਹੈ।
ਵੰਡ ਤੋਂ ਪਹਿਲਾਂ ਦੇ ਬਾਹਲੇ ਕਲਾਕਾਰ, ਸਾਹਿਤਕਾਰ, ਫਿਲਮ ਅਦਾਕਾਰ ਕੀ ਓਧਰ ਦੇ ਨਹੀਂ?
ਜੇ ਕਦੇ ਮਾਂ ਜਾਂ ਦਾਦੀ ਬਿਮਾਰ ਪੈ ਜਾਂਦੀ ਤਾਂ ਕੋਈ ਪੁੱਤਰ ਪੋਤਰਾ ਤਾਂ ਉਸ ਦੇ ਪੈਰ ਦੱਬਦਾ-ਘੁੱਟਦਾ, ਧੀ ਨਹੀਂ। ਨਾ ਹੀ ਧੀ ਤੋਂ ਭਾਂਡੇ ਮੰਜਵਾਏ ਜਾਂਦੇ। ਧੀ ਦੇ ਘਰ ਦਾ ਪਾਣੀ ਵੀ ਪੀਣਾ ਪਾਪ ਸੀ। ਨਾਨਾ ਜੀ ਜੇ ਪਿੰਡੀਓਂ ਗੁਜਰਖਾਨ ਆਉਂਦੇ ਕਿਸੇ ਦਿਨ-ਦਿਹਾੜੇ ਤਾਂ ਆਪਣਾ ਪਾਣੀ ਵੀ ਨਾਲ ਲਿਆਉਂਦੇ। ਉਹ ਧੀ ਦੇ ਸ਼ਹਿਰ ਦਾ ਵੀ ਪਾਣੀ ਨਾ ਪੀਂਦੇ।
ਹਾਂ, ਗੱਲ ਚਲ ਰਹੀ ਸੀ ਮਾਂ ਦੇ ਜਸ਼ਨ ਮਨਾਉਣ ਦੀ। ਮੈਨੂੰ ਯਾਦ ਹੈ ਉਹ ਵੀ ਦਿਨ, ਜਦੋਂ ਮੇਰੇ ਦਸਵੀਂ ਦੇ ਇਮਤਿਹਾਨ ਤੋਂ ਫਾਰਗ਼ ਹੁੰਦਿਆਂ ਹੀ ਮਾਂ ਮੈਨੂੰ ਸ਼ਾਹਦਰੇ ਆਪਣੀ ਗਲੀ ਦੇ ਹੀ ਪਿਛਵਾੜੇ ਸਥਿਤ ਭਾਈ ਭਾਗ ਸਿੰਘ ਦੇ ਗੁਰਦੁਆਰੇ ਲੈ ਗਈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਵਿਚ ਬਿਠਾਣ ਦੀ ਰਸਮ ਲਈ।
ਭਾਈ ਜੀ ਦੇ ਅਰਦਾਸੇ ਮਗਰੋਂ ਮੈਂ ਗੁਰਵਾਕ ਲਿਆ ਤੇ ਫੇਰ ਜਪੁਜੀ ਸਾਹਿਬ ਦੇ ਪਾਠ ਦੀ ਸਮਾਪਤੀ ਨਾਲ ਖੁੱਲ੍ਹਾ ਪਾਠ ਅਰੰਭ ਕਰ ਦਿੱਤਾ। ਸੰਗਤ ਵਜੋਂ ਨਾਲ ਆਈਆਂ ਗੁਆਂਢ ਦੀਆਂ ਮਾਸੀਆਂ, ਚਾਚੀਆਂ ਤੇ ਭੂਆ ਜੀਆਂ ਤੋਂ ‘ਮੁਆਰਖ਼ਾਂ’ ਕਬੂਲ ਕਰਦਿਆਂ ਮਾਂ ਸਭ ਨੂੰ ਪ੍ਰਸ਼ਾਦ ਦੇ ਨਾਲ ਇਕ ਇਕ ਲੱਡੂ ਵੀ ਵਰਤਾਂਦੀ ਗਈ। ਘਰ ਆ ਕੇ ਉਸ ਸਾਰੇ ਮੁਹੱਲੇ ਵਿਚ ਵੀ ਮੇਰੇ ‘ਗੁਰ-ਸ਼ਰਣੀ’ ਲਗਣ ਦੇ ਸਮਾਚਾਰ ਦੇ ਨਾਲ ਨਾਲ ਕੜਾਹ ਪ੍ਰਸ਼ਾਦ, ਸਣੇ ਬੂੰਦੀ ਦੇ ਭੇਜਿਆ। ਹੋ ਸਕਦੈ ਮੇਰੀ ਸ਼ੋਖ ਤਬੀਅਤ ਨੂੰ ਲਗਾਮ ਦੇਣ ਲਈ ਮਾਂ ਨੇ ਇਹ ਤਰਤੀਬ ਸੋਚੀ ਹੋਵੇ, ਪਰ ਸੁਣਦੀ ਸਾਂ ਕਿ ਹੋਰ ਭੈਣਾਂ-ਭਰਾ ਵੀ ਆਪੋ-ਆਪਣੇ ਵੇਲੇ ਅਤੇ ਵਾਰੀ ਸਿਰ ਇਸੇ ਤਰ੍ਹਾਂ ਗੁਰੂ ਦੀ ਤਾਬਿਆ ਬੈਠੇ ਸਨ। ਹਾਂ, ਆਪੋ-ਆਪਣੀ ਮਰਜ਼ੀ ਨਾਲ ਕੋਈ ਨੇਮ ਨਾਲ ਪਾਠ ਕਰੇ ਜਾਂ ਨਾ ਕਰੇ, ਮਾਂ ਨੇ ਨਹੀਂ ਸੀ ਕਦੇ ਆਖਿਆ, ਟੋਕਿਆ। ਬਸ ਇਕ ਵਾਰ ਰਾਹੇ ਪਾ ਕੇ ਉਹ ਅਟੰਕ ਹੋ ਜਾਂਦੀ।
ਮਾਂ ਘਰ ਦੇ ਕੰਮਾਂ ਵਿਚ ਰੁੱਝੀ ਮੂਲ-ਮੰਤਰ ਦਾ ਸਿਮਰਨ ਕਰਦੀ ਤਾਂ ਦਿਸਦੀ, ਪਰ ਮੈਂ ਮਾਂ ਨੂੰ ਕਦੇ ਵੀ ਕੰਮ-ਕਾਜ ਛੱਡ ਕੇ, ਗੁਟਕਾ ਫੜ ਕੇ ਪਾਠ ਕਰਦਿਆਂ ਜਾਂ ਨੇਮ ਨਾਲ ਗੁਰਦੁਆਰੇ ਜਾਂਦਿਆਂ ਨਹੀਂ ਵੇਖਿਆ। “ਮੇਰਾ ਘਰ ਹੀ ਮੇਰੀ ਧਰਮਸਾਲ ਹੈ ਤੇ ਮੇਰੇ ਬੱਚੇ ਮੇਰਾ ਰੱਬ।” ਮਾਂ ਅਕਸਰ ਕਹਿੰਦੀ।
ਗੁਰਪੁਰਬਾਂ, ਕਵੀ ਦਰਬਾਰਾਂ ਜਾਂ ਜਲੂਸਾਂ ਵਿਚ ਵੀ ਅਸੀਂ ਬੱਚੇ ਹੀ ਸ਼ਾਮਿਲ ਹੁੰਦੇ। ਚਾਈਂ ਚਾਈਂ, ਨਵੀਆਂ ਪੁਸ਼ਾਕਾਂ ਵਿਚ। ਸ਼ੋਖ ਫੁਦਕਦੇ ਸ਼ਾਇਦ ਹਮਉਮਰ ਨੱਢੇ-ਨੱਢੀਆਂ ਨੂੰ ਵੇਖਣ-ਝਾਕਣ ਵਜੋਂ ਵੱਧ, ਤੇ ਧਰਮ ਜਾਂ ਭਗਤੀ-ਭਾਵਨਾ ਵਲੋਂ ਘੱਟ।
ਕਦੇ-ਕਦਾਈਂ ਜਦੋਂ ਦਾਦੀ ਪਿਛੇ ਵਤਨਾਂ ਵਿਚ ਰਹਿ ਗਈਆਂ ਵਸਤਾਂ, ਫੁਲਕਾਰੀਆਂ ਦੀ ਗੱਲ ਛੇੜ ਬਹਿੰਦੀ ਤਾਂ ਮਾਂ ਆਖਦੀ, “ਮੈਂ ਤੈ ਕੁਝ ਨਾ ਯਾਦ ਕਰਨੀ। ਮੇਰੇ ਟੱਬਰ ਨੇ ਜੀ ਸਾਰੇ ਆ ਗਏ ਸਾਲਮ-ਸਬੂਤ। ਰੱਬੇ ਨਾ ਲੱਖ ਲੱਖ ਸ਼ੁਕਰ?”

ਦਸਵੀਂ ਦਾ ਨਤੀਜਾ ਨਿਕਲਿਆ। “ਪਹਿਲੇ ਦਰਜੇ ‘ਤੇ ਆਈ ਕੁੜੀ ਨੇ ਤੇਰੇ ਨਾਲੋਂ ਸੱਤ ਨੰਬਰ ਹੀ ਤੈ ਜ਼ਿਆਦਾ ਸਨ, ਜੇ ਤੂੰ ਹਿਸਾਬ ਨਾ ਪਰਚਾ ਠੀਕ ਕਰ ਲੈਨੀ ਤਾਂæææ।” ਭਾਪਾ ਜੀ ਦਾ ਪ੍ਰਤੀਕਰਮ ਸੀ।
ਹਿਸਾਬ ਮੈਨੂੰ ਅਜਿਹੀ ਮੁਹਿੰਮ ਲੱਗੀ ਜਿਸ ਨੂੰ ਇਸ ਜਨਮ ਵਿਚ ਮੈਂ ਫਤਿਹ ਕਰਨੋਂ ਨਾਕਾਬਿਲ ਸਾਂ। ਮੈਟ੍ਰਿਕ ਪਾਸ ਕਰਨ ਮਗਰੋਂ ਮੈਂ ਹਮੇਸ਼ਾ ਹਮੇਸ਼ਾ ਲਈ ਹਿਸਾਬ ਨੂੰ ਤਿਲਾਂਜਲੀ ਦੇ ਦਿੱਤੀ। ਤਿਲਾਂਜਲੀ ਦੇ ਦਿੱਤੀ ਕਿ ਦੇਣੀ ਪੈ ਗਈ?
ਦਰਅਸਲ ਨੌਵੀਂ ਵਿਚ ਹੀ ਮੈਨੂੰ ਡਾਢਾ ਤਕੜਾ ਇਸ਼ਕ ਹੋ ਗਿਆ ਸੀ। ਚਰਚਾਵਾਨ। ਕੱਚੀ ਉਮਰ ਦਾ ਪਹਿਲਾ ਪਿਆਰ। ਬੇਹਿਸਾਬਾ! ਅੱਠਵੀਂ ਵਿਚ ਤਾਂ ਮੈਂ ਬਿਮਾਰ ਸਾਂ ਮਰਨ-ਕੰਢੇ। ਮਰੀ ਮਰੀ। ਤੇ ਨੌਵੀਂ ਵਿਚ ਨੌ-ਬਰ-ਨੌ, ਨਵੀਂ ਨਕੋਰ, ਖਿੜੀ ਖਿੜੀ।
ਮਾਂ ਤੇ ਦਾਦੀ ਵਲੋਂ ਕਾਲਜ ਦੀ ਪੜ੍ਹਾਈ ਲਈ ਮੁੜ ਗੱਡੀਆਂ ਦਾ ਸਫ਼ਰ ਕਰ ਕੇ ਰੋਜ਼ ਸ਼ਾਹਦਰੇ ਤੋਂ ਦਿੱਲੀ ਜਾਣ ਦੀ ਇਜਾਜ਼ਤ ਨਾ ਮਿਲੀ। ਦਸਵੀਂ ਲਈ ਸਾਲ ਭਰ ਪਿਤਾ ਜੀ ਆਪ ਸਕੂਲ ਛੱਡਣ ਜਾਂਦੇ ਤੇ ਪਾਲ ਵੀਰ ਜੀ ਲੈਣ ਜਾਂਦੇ ਰਹੇ। ਸਾਰੇ ਕੁਨਬੇ ਦੀ ਪਹਿਲੀ ਕੁੜੀ ਸਾਂ ਮੈਂ ਦਸਵੀਂ ਪਾਸ, ਜੋ ਸਿਰਫ਼ ਤੇ ਸਿਰਫ਼ ਮੇਰੇ ਪਿਤਾ ਜੀ ਦੇ ਇਰਾਦੇ ਅਤੇ ਜ਼ਫਰ-ਜਾਲ ਕਾਰਨ ਸੰਭਵ ਹੋ ਸਕਿਆ।
ਮੇਰੀਆਂ ਕਈ ਜਮਾਤਣਾਂ ਕਾਲਜ ਚਲੀਆਂ ਗਈਆਂ ਤੇ ਕਈ ਮੰਗੀਆਂ-ਕੁੜਮਾਈਆਂ ਗਈਆਂ। ਮੈਨੂੰ ਘਰ ਦੀ ਚਾਰਦੀਵਾਰੀ ਵਿਚ ਬਹਿਣਾ ਪੈ ਗਿਆ ਤੇ ਇਹ ਮੇਰੇ ਲਈ ਨਿਰੀ ਮੌਤ ਸੀ।
ਉਨ੍ਹਾਂ ਦਿਨਾਂ ਵਿਚ ਹੀ ਸ਼ਾਹਦਰੇ ਵਿਚ ਸਰਕਾਰੀ ਸਿਲਾਈ ਸਕੂਲ ਖੁੱਲ੍ਹ ਗਿਆ। ਮੈਥੋਂ ਦੋ ਸਾਲ ਵੱਡੀ, ਮਿਡਲ ਪਾਸ ਮਾਨਾ ਨੇ ਵਿਆਹ ਤੋਂ ਪਹਿਲਾਂ ਉਥੋਂ ਹੀ ਟ੍ਰੇਨਿੰਗ ਲਈ ਸੀ। ਉਸ ਦੀ ਸਕੀਮ ਦੇ ਕਢਾਈ ਨਮੂਨਿਆਂ ਨੂੰ ਵੇਖ ਵੇਖ ਕੇ ਮੇਰਾ ਵੀ ਜੀ ਕਰੇ ਕਢਾਈ ਸਿੱਖਣ ਨੂੰ। ਦਿੱਲੀ, ਲਾਜਪਤ ਰਾਏ ਮਾਰਕੀਟ ਵਿਚ ਸਾਡੀ ਰੈਡੀਮੇਡ ਕਪੜਿਆਂ ਦੀ ਦੁਕਾਨ ਹੋਣ ਕਾਰਨ ਸਾਰੇ ਮਰਦਾਵੇਂ ਕਪੜੇ ਸੀਤੇ ਸਿਲਾਏ ਹੀ ਮਿਲਦੇ ਸਨ, ਪਿਓ-ਭਰਾਵਾਂ ਨੂੰ। ਤੇ ਮੇਰੇ ਸੂਟ ਮਾਨਾ ਸੀਂ ਦੇਂਦੀ।
ਮੈਂ ਕਢਾਈ ਸਿੱਖਣ ਲੱਗੀ। ਇਹ ਸ਼ੌਕ ਮੇਰਾ ਜਨੂੰਨ ਬਣ ਗਿਆ। ਨਿੱਕੀ ਬਰੀਕ ਸੁਨਹਿਰੀ ਕੁੰਡੇ ਵਾਲੀ ਸੂਈ ਅਤੇ ਸੀਬਾ ਅਰ ਸ਼ਿਫੋਨ ਦੀਆਂ ਬਾਰੀਕ ਰੇਸ਼ਮੀ ਤੰਦਾਂ ਨਾਲ ਮੈਂ ਸ਼ੇਡ, ਪਟੜੀ, ਬੈਗ-ਸਟਿਚ ਤੇ ਕਟ ਵਰਗ ਆਦਿ ਦੇ ਸਾਰੇ ਟਾਂਕੇ ਕੱਢਣ ਲੱਗੀ।
ਸਭ ਤੋਂ ਵੱਧ ਚਹੇਤਾ ਸੀ ਮੇਰਾ ਪਟੜੀ ਟਾਂਕਾ ਸਣੇ ਸ਼ੇਡ ਸਟਿੱਚ ਨਾਲ ਕੱਢੀਆਂ ਕਸ਼ਮੀਰੀ ਟਾਂਕੇ ਵਾਲੀਆਂ ਪਤੀਆਂ ਨਾਲ। ਸਾਰੇ ਦਿਨ ਵਿਚ ਮਸਾਂ ਫੁੱਲ ਦੀ ਇਕ ਪੱਤੀ ਮੁਕੰਮਲ ਹੁੰਦੀ। ਮੈਂ ਕਿਸੇ ਵੀ ਬੂਟੇ ਦਾ ਕੋਈ ਹਰਾ ਪਤਾ ਤੋੜ ਲੈਂਦੀ ਤੇ ਉਸ ਨੂੰ ਵੇਖ ਵੇਖ ਕੇ ਆਪਣੇ ਨਮੂਨੇ ਦੇ ਪਤੇ ਵਿਚ ਸਾਵੇ-ਕਚੂਚ, ਪੀਲੇ ਤੇ ਕਿਧਰੇ ਕਿਧਰੇ ਫਿੱਕੇ ਜਾਂ ਭੂਰੇ ਪੈ ਗਏ ਰੰਗ ਉਂਜ ਦੇ ਉਂਜ ਕੱਢਦੀ, ਭਰਦੀ। ਇਸ ਕੰਮ ਵਿਚ ਮੈਂ ਏਨੀ ਪ੍ਰਬੀਣ ਹੋ ਗਈ ਕਿ ਟ੍ਰੇਨਿੰਗ ਕਰ ਰਹੀਆਂ ਕਈ ਕੁੜੀਆਂ ਆਪਣੀ ਸਕੀਮ ਦੇ ਫੁੱਲਾਂ ਨਾਲ ਲੱਗਦੀਆਂ ਹਰੀਆਂ ਪੱਤੀਆਂ ਦੀ ਹੂ-ਬ-ਹੂ ਸ਼ੇਡ ਦੀ ਕਢਾਈ ਮੈਥੋਂ ਕਰਵਾਉਂਦੀਆਂ।
ਦਿਲਜੀਤ ਦੀ ਮੰਗਣੀ ਬਚਪਨ ਵਿਚ ਹੀ ਨਹੀਂ, ਸਗੋਂ ਉਸ ਦੇ ਜਨਮ ਤੋਂ ਪਹਿਲਾਂ ਹੀ ਹੋ ਗਈ ਸੀ। ਹੁਣ ਦਿਲਜੀਤ ਦੇ ਵਿਆਹ ਦੀ ਤਿਆਰੀ ਸੀ। ਉਸ ਦੇ ਘਰ ਵਿਚ ਹੀ ਵੱਡਾ ਸਾਰਾ ਅੱਡਾ (ਕਢਾਈ ਦਾ ਫਰੇਮ) ਲਗਵਾ ਕੇ ਅਸਾਂ ਉਸ ਦੇ ਦਾਜ ਲਈ ਸ਼ਨੀਲ ਦੇ ਸੂਟ ਉਪਰ ਸਿਲਮੇ ਦੀ ਕਢਾਈ ਸ਼ੁਰੂ ਕਰ ਦਿੱਤੀ। ਓਦੋਂ ਦਾਜ ਵਿਚ ਸ਼ਨੀਲ ਦਾ ਸੂਟ ਲਾਜ਼ਮੀ ਹੁੰਦਾ ਸੀ। ਦਿਲਜੀਤ ਦਾ ਝੁਕਾਅ ਸਿਲਾਈ ਵੱਲ ਸੀ। ਉਸ ਦਾ ਹੱਥ ਕਢਾਈ ‘ਤੇ ਜ਼ਿਆਦਾ ਸਾਫ ਨਾ ਹੋਣ ਕਾਰਨ ਉਸ ਤਾਂ ਸਿਰਫ਼ ਡੰਡੀਆਂ ਹੀ ਬਣਾਈਆਂ। ਸਿਲਮੇ ਸਿਤਾਰੇ, ਦਬਕੇ-ਨਕਾਸ਼ੀ ਦਾ ਸਾਰਾ ਕੰਮ ਮੈਂ ਕੀਤਾ। ਅਸੀਂ ਚਾਂਦਨੀ ਚੌਕ ਦੇ ਕਿਨਾਰੀ ਬਾਜ਼ਾਰ ‘ਚੋਂ ਸੁੱਚਾ ਤਿੱਲਾ ਤੇ ਸਿਲਮੇ ਦੀਆਂ ਵੰਨਗੀਆਂ ਲੈ ਕੇ ਆਉਂਦੀਆਂ।
ਇਨ੍ਹੀਂ ਦਿਨੀਂ ਹੀ ਮੈਨੂੰ ਪੋਟਰੀ-ਪੇਂਟਿੰਗ ਦਾ ਵੀ ਖ਼ਬਤ ਹੋ ਗਿਆ। ਘੜੇ, ਝੱਜਰਾਂ, ਫੁਲਦਾਨਾਂ ਉਪਰ ਖੁਣੇ ਨਮੂਨਿਆਂ ਵਿਚ ਮੈਂ ਸ਼ੇਡ ਵਾਲੇ ਰੰਗ ਭਰਦੀ। ਤਿਆਰ ਕੀਤੀਆਂ ਵਸਤਾਂ ਵੱਡੀਆਂ ਭੈਣਾਂ, ਮਾਸੀਆਂ, ਮਾਮੀਆਂ, ਚਾਚੀਆਂ ਨੂੰ ਤੋਹਫੇ ਵਜੋਂ ਦੇਂਦੀ। ਇਸ ਵਾਹ ਵਾਹ ਨੇ ਮੈਨੂੰ ਮੁੜ ਜੀਣ ਜੋਗਾ ਕਰ ਦਿੱਤਾ।
ਸ਼ਾਹਦਰੇ ਦੇ ਫਰਸ਼ ਬਾਜ਼ਾਰ ਵਿਚ ਹੀ ਸੰਗੀਤਕਾਰ, ਚਤੁਰਵੇਦੀ ਕੋਲੋਂ ਮੇਰੀਆਂ ਬਹਾਵਲਪੁਰੀ ਗੁਆਂਢਣਾਂ, ਚਾਰੇ ਭੈਣਾਂ ਸੰਗੀਤ ਸਿਖਦੀਆਂ ਸਨ। ਉਨ੍ਹਾਂ ਦੀ ਮਾਂ ਉਨ੍ਹਾਂ ਨਾਲ ਜਾਂਦੀ ਸੀ। ਮੈਨੂੰ ਵੀ ਨਾਲ ਜਾਣ ਦੀ ਇਜਾਜ਼ਤ ਮਿਲ ਗਈ। ਉਹ ਤਾਂ ਸਿਤਾਰ ਤੇ ਨ੍ਰਿਤ ਸਿਖਦੀਆਂ, ਮੈਂ ਸ਼ਾਸਤਰੀ ਸੰਗੀਤ ਅਤੇ ਤਬਲੇ ਵਲ ਰੁਚਿਤ ਹੋਈ।
ਅਲਾਹਾਬਾਦ ਤੋਂ ਆਇਆ ਸੀ ਪ੍ਰੀਖ਼ਿਅਕ ਪ੍ਰੀਖਿਆ ਲੈਣ ਤੇ ਮੈਂ ਸ਼ਾਸਤਰੀ ਸੰਗੀਤ ਦੇ ਵੀ ਦੂਜੇ ਸਾਲ ਦੀ ਸਨਦ ਲੈ ਲਈ।
ਬਸ ਮੈਂ ਇਨ੍ਹਾਂ ਹੀ ਕਲਾਵਾਂ ਵਿਚ ਮੁਹਾਰਤ ਹਾਸਲ ਕਰਾਂਗੀ। ਮੈਂ ਖੁਸ਼ ਸਾਂ ਹੁਣ ਆਪਣੇ ਆਪ ਨਾਲ, ਪਰ ਮੇਰੇ ਭਾਪਾ ਜੀ ਕੁਝ ਹੋਰ ਹੀ ਸੋਚ ਰਹੇ ਸਨ। ਉਨ੍ਹਾਂ ਨੂੰ ਮੇਰੇ ਅੰਦਰ ਦੀ ਪੜ੍ਹਾਕੂ ਕਾਨਾ ਦਾ ਇਹ ਸਮਝੌਤਾ ਮਾਫ਼ਕ ਨਹੀਂ ਸੀ।
ਮੈਟ੍ਰਿਕ ਪਾਸ ਕੀਤਿਆਂ ਹਾਲੇ ਸਾਲ ਵੀ ਨਹੀਂ ਹੋਇਆ ਹੋਣਾ ਜਦੋਂ ਮੈਂ ਇਨ੍ਹਾਂ ਰੁਝੇਵਿਆਂ ਵਿਚ ਲੀਨ ਸਾਂ ਕਿ ਸ਼ਾਹਦਰੇ ਵਿਚ ਗਿਆਨੀ ਲਈ ਪੂਰਬੀ ਪੰਜਾਬ ਕਾਲਜ ਖੁਲ੍ਹ ਗਿਆ। ਭਾਪਾ ਜੀ ਨੂੰ ਕ੍ਰਿਪਾਲ ਸਿੰਘ ਆਜ਼ਾਦ ਦੀ ਖੱਬੇ-ਪੱਖੀ ਸੋਚ ਰਾਸ ਆਈ। ਘਰ ਬੈਠੀ (ਉਨ੍ਹਾਂ ਦੇ ਸ਼ਬਦਾਂ ਵਿਚ ਹੋਣਹਾਰ) ਧੀ ਨੂੰ ਬਾਹਰ ਕੱਢਣ ਦਾ ਇਕੋ ਇਕ ਰਾਹ, ਗਿਆਨੀ ਰਾਹੀਂ ਐਫ਼æਏæ ਅੰਗਰੇਜ਼ੀ ਤੇ ਫੇਰ ਭਾਗੋ ਭਾਗ ਬੀæਏæ ਕਰਾ ਕੇ ਕਾਨੂੰਨ ਦੀ ਪੜ੍ਹਾਈ ਦੀ ਸੇਧ ਵਜੋਂ ਉਨ੍ਹਾਂ ਮੈਨੂੰ ਦਾਖ਼ਲ ਕਰਾ ਦਿੱਤਾ।
ਕ੍ਰਿਪਾਲ ਸਿੰਘ ਆਜ਼ਾਦ ਨੇ ਮੇਰੇ ਅੰਦਰਲੀ ਸਾਹਿਤਕ ਰੁਚੀ ਨੂੰ ਭਾਂਪਦਿਆਂ ਮੇਰੀ ਪੜ੍ਹਾਈ ਵਿਚ ਵਿਸ਼ੇਸ਼ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ। ਮੈਨੂੰ ਹੋਰ ਵਿਦਿਆਰਥੀਆਂ ਨਾਲੋਂ ਵੱਖਰਾ ਅਤੇ ਵੱਧ ਹੋਮ ਵਰਕ ਮਿਲਦਾ। ਯਾਦ ਹੈ, ਪਤੰਗਬਾਜ਼ੀ ਦਾ ਲੇਖ ਮੈਂ ਬੱਤੀ ਸਫ਼ਿਆਂ ਦਾ ਲਿਖਿਆ ਸੀ।
ਮੇਰੇ ਨਾਲ ਦੇ ਵਿਦਿਆਰਥੀਆਂ ਦਾ ਆਜ਼ਾਦ ਜੀ ਨੇ ਇਮਤਿਹਾਨ ਲਈ ਦਾਖ਼ਲਾ ਭਰਵਾ ਦਿੱਤਾ, ਪਰ ਮੇਰਾ ਅਗੇਤੇ ਮਤਲਬ ਛੇ ਮਹੀਨੇ ਬਾਅਦ ‘ਤੇ ਪਾ ਦਿੱਤਾ। ਮੈਨੂੰ ਬੜਾ ਵੱਟ ਚੜ੍ਹਿਆ। ਪੁੱਛਣ ‘ਤੇ ਉਨ੍ਹਾਂ ਦਾ ਜੁਆਬ ਸੀ ਕਿ ਉਨ੍ਹਾਂ ਵਿਦਿਆਰਥੀਆਂ ਦਾ ਮਕਸਦ ਤਾਂ ਗਿਆਨੀ ਪਾਸ ਕਰ ਕੇ ਕੇਵਲ ਐਫ਼ਏæ, ਬੀæਏæ ਕਰਨਾ ਹੈ ਜਦਕਿ ਤੂੰ ਲੇਖਕ ਬਣਨਾ ਹੈ, ਸਿਰਜਣਹਾਰ। ਮੈਨੂੰ ਬੜੀ ਖੁੰਦਕ ਚੜ੍ਹੀ। ਮੈਂ ਤਾਂ ਭਾਪਾ ਜੀ ਦੀ ਇੱਛਾ ਮੁਤਾਬਕ ਅੱਗਿਉਂ ਕਾਨੂੰਨ ਦੀ ਪੜ੍ਹਾਈ ਕਰਨੀ ਸੀ!
“ਤੇਰੇ ਵਿਚ ਜਿਰਹਾ ਨਾ ਬੜਾ ਮਾਦਾ ਹੈ, ਤੂੰ ਵਕਾਲਤ ਕਰੀਂ।” ਭਾਪਾ ਜੀ ਅਕਸਰ ਕਿਹਾ ਕਰਦੇ।
ਇਨ੍ਹਾਂ ਦਿਨਾਂ ਵਿਚ ਹੀ ਸ਼ਾਹਦਰੇ ਵਿਚ ਪਬਲਿਕ ਲਾਇਬਰੇਰੀ ਦਾ ਉਦਘਾਟਨ ਕਰਦਿਆਂ ਡਾæ ਐਮæਐਸ਼ ਰੰਧਾਵਾ ਨੇ ਐਲਾਨ ਕੀਤਾ ਕਿ ਲਾਇਬਰੇਰੀ ਵਿਚ ਇਕ ਤੋਂ ਚਾਰ ਦਾ ਸਮਾਂ ਕੇਵਲ ਕੁੜੀਆਂ ਲਈ ਨੀਯਤ ਹੋਵੇਗਾ ਅਤੇ ਇਸ ਦੌਰਾਨ ਲਾਇਬਰੇਰੀਅਨ ਵੀ ਇਸਤਰੀ ਹੀ ਹੋਵੇਗੀ। ਇਹ ਸ਼ਾਹਦਰੇ ਦੀਆਂ ਕੁੜੀਆਂ ਅਤੇ ਖ਼ਾਸ ਕਰ ਕੇ ਮੇਰੇ ਲਈ ਸੁਨਹਿਰੀ ਮੌਕਾ ਸੀ। ਇਸ ਸਮੇਂ ਦੌਰਾਨ ਸਮਾਜਵਾਦੀ ਪਾਰਟੀ ਦੀਆਂ ਇਸਤਰੀ ਲੀਡਰਾਂ ਸਰਲਾ ਗੁਪਤਾ, ਵਿਮਲਾ ਫਾਰੂਖ਼ੀ ਅਤੇ ਅਰੁਣਾ ਆਸਫ਼ੀ ਅਲੀ ਨੂੰ ਮਿਲਦਿਆਂ-ਸੁਣਦਿਆਂ ਅੱਖਾਂ ਖੁੱਲ੍ਹਣ ਲੱਗੀਆਂ। ਮੈਂ ਡਿਬੇਟਾਂ ਅਤੇ ਰਾਜਨੀਤਕ ਗਤੀਵਿਧੀਆਂ ਵਿਚ ਹਿੱਸਾ ਲੈਣ ਲੱਗੀ। ਯਾਦ ਹੈ ਕਿ ਅਮਨ ਦੀ ਮੁਹਿੰਮ ਲਈ ਮੈਂ ਇਕ ਲੱਖ ਦਸਤਖ਼ਤ ਕਰਾਏ। ਕਿਸ਼ੋਰ ਅਵਸਥਾ ਦਾ ਅਥਾਹ ਜੋਸ਼। ਕੁਝ ਵੀ ਅਸੰਭਵ ਨਾ ਲੱਗਦਾ।
ਗਿਆਨੀ ਦੀ ਪੜ੍ਹਾਈ ਦੌਰਾਨ ਹੀ ਮੈਂ ਆਪਣੇ ਪਹਿਲੇ ਪਿਆਰ ਦੀ ਕਹਾਣੀ ‘ਪਿਛਲੇ ਜਨਮ ਵਿਚ’ ਲਿਖੀ ਜੋ ‘ਅਮਰ ਕਹਾਣੀਆਂ’ (1954) ਵਿਚ ਛਪੀ। ਮਗਰਲੀਆਂ ‘ਤਾਂਡਵ ਨਾਚ’, ‘ਫੁਲ ਵਾਹ ਵਾਹ ਤਰੇ ਨੇ’, ‘ਮੌਲੀ ਕੰਬ ਰਹੀ ਸੀ’ ਤੇ ਹੋਰ ਕਹਾਣੀਆਂ ਸਣੇ ਨਜ਼ਮਾਂ, ਆਉਂਦੇ ਸੱਤ ਸਾਲਾਂ ਤੱਕ ‘ਕਵਿਤਾ’, ‘ਪੰਜਾਬੀ ਕਵਿਤਾ’, ‘ਲੋਕ ਸਾਹਿਤ’, ‘ਅਮਰ ਕਹਾਣੀਆਂ’, ‘ਪਰਿਵਰਤਨ’ ਅਤੇ ‘ਜੀਵਨਪ੍ਰੀਤੀ’ ਆਦਿ ਮਾਸਿਕ ਪਤਰਾਂ ਵਿਚ ਛਪਦੀਆਂ ਰਹੀਆਂ। ‘ਜੀਵਨਪ੍ਰੀਤੀ’ ਦਾ ਜ਼ਿਕਰ ਜ਼ਰੂਰ ਕਰਨਾ ਚਾਹਵਾਂਗੀ ਜਿਸ ਦਾ ਡਾਕ ਪਤਾ ‘ਮੋੜ ਤੋਪ ਖਾਨਾ, ਪਟਿਆਲਾ’ ਮੈਨੂੰ ਅੱਜ ਵੀ ਯਾਦ ਹੈ ਜਿਸ ਦੇ ਸੰਪਾਦਕ ਪ੍ਰੀਤਮ ਸਿੰਘ ਚਾਹਿਲ ਰਚਨਾ ਦਾ ਇਵਜ਼ਾਨਾ ਵੀ ਭੇਜਿਆ ਕਰਦੇ ਸਨ।
ਯਾਦ ਹੈ, ਸੰਨ 1957-58 ਵਿਚ ਮੇਰੇ ਅਧਿਆਪਨ ਦੌਰਾਨ ਸਕੂਲ ਵਿਚ ਹੀ ਸਾਲਾਨਾ ਮਨੀਆਰਡਰ ਆਇਆ ਸੀ, ਕਿਸੇ ਕਹਾਣੀ ਦੇ ਚਾਰ ਰੁਪਏ ਤੇ ਕਿਸੇ ਦੇ ਸੱਤ ਅਤੇ ਕਿਸੇ ਕਵਿਤਾ ਦੇ ਦੋ ਰੁਪਏ ਅਤੇ ਕਿਸੇ ਦੇ ਤਿੰਨ। ਕੁਲ ਰਕਮ ਸੀ ਚਾਲੀ ਰੁਪਏ। ਮੈਂ ਸਾਰੇ ਸਟਾਫ਼ ਨੂੰ ਬਰਫ਼ੀ ਸਮੋਸਿਆਂ ਨਾਲ ਚਾਹ-ਪਾਰਟੀ ਦਿੱਤੀ; ਫਿਰ ਵੀ ਚਾਰ ਰੁਪਏ ਬਚ ਗਏ।
ਮੁੜ ਪਿਛੇ ਪਰਤਦੀ ਹਾਂ। ਸਾਲ ਭਰ ਦੀ ਚੰਗੀ ਮਿਹਨਤ ਅਤੇ ਅਗਵਾਈ ਸਦਕਾ ਗਿਆਨੀ ਦਾ ਇਮਤਿਹਾਨ ਚੰਗਾ ਹੀ ਹੋ ਗਿਆ ਭਾਵੇਂ ਤੀਜੇ ਪਰਚੇ ਲਈ ਮੈਂ ਹਾਲ ਵਿਚ ਅੱਧਾ ਘੰਟਾ ਲੇਟ ਅਪੜੀ ਸਾਂ ਅਤੇ ਇਕ ਸੁਆਲ ਦਾ ਪੂਰਾ ਜੁਆਬ ਨਹੀਂ ਸਾਂ ਦੇ ਸਕੀ। ਦਰਅਸਲ ਕਲਕੱਤੇ ਤੋਂ ਆਏ ਮੇਰੇ ਵੱਡੇ ਜੀਜਾ ਜੀ ਕੈਂਸਰ ਕਰਕੇ ਮੌਤ ਨਾਲ ਲੜ ਰਹੇ ਸਨ। ਭੈਣ ਜੀ ਮਾਂ ਦੀ ਪਲੇਠੀ ਧੀ ਸੀ ਜਿਸ ਦੇ ਵਿਆਹ ਤੋਂ ਬਾਈ ਦਿਨਾਂ ਬਾਅਦ ਮੇਰਾ ਜਨਮ ਹੋਇਆ ਸੀ। ਪਿਤਾ ਸਮਾਨ ਭਾਈਆ ਜੀ (ਜੀਜਾ) ਦੀ ਮੈਂ ਲਾਡਲੀ ਸਾਂ। ਅਸਲ ਵਿਚ ਦੂਜੀ-ਤੀਜੀ ਵਿਚ ਪੜ੍ਹਦਿਆਂ ਹੀ ਮੈਂ ਉਨ੍ਹਾਂ ਨੂੰ ਲੰਮੇ ਲੰਮੇ ਖਤ ਲਿਖਦੀ। ਨਿਰੀ ਸ਼ਰਾਰਤ ਤੇ ਛੰਦਬੰਦੀ ਵਿਚ ਝਈਆਂ-ਲੜਾਈਆਂ। ਮੇਰੇ ਖਤ ਕਲਕੱਤੇ ਵਸਦੀ ਮਾਸੀ ਤੇ ਚਾਚੇ ਦੇ ਪਰਿਵਾਰਾਂ ਵਿਚ ਪੜ੍ਹੇ-ਸੁਣਾਏ ਅਤੇ ਸਲਾਹੇ ਜਾਂਦੇ।
ਸੱਚ ਪੁੱਛੋ ਤਾਂ ਮੈਨੂੰ ਬਾਲ ਵਰੇਸ ਤੋਂ ਹੀ ਪਾਠਕਾਂ-ਸਰੋਤਿਆਂ ਦਾ ਰੱਜਵਾਂ ਹੁੰਗਾਰਾ ਮਿਲਿਆ ਜਿਸ ਦਾ ਮੂਲ ਕਾਰਣ ਸੀ, ਭਾਈਆ ਜੀ ਅਤੇ ਵੀਰ ਜੀ ਦਾ ਮੇਰੇ ਲਈ ਅਥਾਹ ਪਿਆਰ। ਭਾਈਆ ਜੀ ਨੂੰ ਕੈਂਸਰ ਸੀ, ਪਰ ਹਾਲੇ ਪਤਾ ਨਹੀਂ ਸੀ। ਉਹ ਤਾਂ ਅਸਹਿ ਪੇਟ-ਦਰਦ ਕਾਰਣ ਦਿੱਲੀ ਪਾਣੀ ਬਦਲਾਣ ਆਏ ਸਨ। ਜਦੋਂ ਭਾਈਆ ਜੀ ਨੂੰ ਦਰਦ ਦਾ ਦੌਰਾ ਪੈਂਦਾ ਤਾਂ ਉਨ੍ਹਾਂ ਦੀ ‘ਹਾਇ ਹਾਇ’ ਦੀ ਦਿਲ ਚੀਰਵੀਂ ਕੁਰਲਾਹਟ ਕਾਰਨ ਛੱਤਾਂ ‘ਤੇ ਪਏ ਹੋਏ ਮੁਹੱਲੇ ਦੇ ਲੋਕੀਂ ਵੀ ਸੌਂ ਨਾ ਸਕਦੇ। ਖੂਨ ਦੀਆਂ ਉਲਟੀਆਂ ਦੇ ਛੱਪੜ ਲੱਗ ਜਾਂਦੇ, ਪਰ ਦੌਰਾ ਖ਼ਤਮ ਹੋਣ ‘ਤੇ ਉਹ ਫਿਰ ਸਹਿਜ ਹੋ ਕੇ ਹੱਸਣ ਖੇਡਣ ਲੱਗਦੇ।
ਗਿਆਨੀ ਦੇ ਮੇਰੇ ਤੀਜੇ ਪਰਚੇ ਦੇ ਸ਼ੁਰੂ ਹੋਣ ਤੋਂ ਪਹਿਲਾਂ ਭਾਈਆ ਜੀ ਨੂੰ ਦੌਰਾ ਪੈ ਗਿਆ। ਖੂਨੀ ਉਲਟੀਆਂ ਦਾ ਛੱਪੜ ਤੇ ਬੇਹੋਸ਼ੀ ਦੀ ਹਾਲਤ। ਮੈਂ ਭਾਈਆ ਜੀ ਦੇ ਹੱਥ ਮਲਦੀ ਜਾਵਾਂ। ਵਕਤ ਲੰਘਦਾ ਜਾਵੇ। ਪਰਚਾ ਦੇਣ ਨਾ ਜਾ ਸਕੀ। ਕੁਝ ਠਹਿਰਾਅ ਮਗਰੋਂ ਭਾਈਆ ਜੀ ਨੇ ਅੱਖ ਖੋਲ੍ਹੀ।
“ਤੂੰ ਗਈ ਨਹੀਂ? ਜਲਦੀ ਜਾਹ।” ਉਨ੍ਹਾਂ ਆਖਿਆ। ਮੈਂ ਰੁਕੀ ਰਹੀ।
“ਤੂੰ ਜਾਹ, ਮੈਂ ਠੀਕ ਹਾਂ।” ਭਾਈਆ ਜੀ ਨੇ ਭਬਕ ਮਾਰੀ।
ਉਨ੍ਹਾਂ ਦੀ ਹੁਕਮ ਅਦੂਲੀ ਕਰਨੀ ਨਾਮੁਮਕਿਨ ਸੀ। ਭਗਤ ਵੀਰ ਸਾਈਕਲ ‘ਤੇ ਬਿਠਾ ਕੇ ਮੈਨੂੰ ਹਾਲ ਪੁਚਾ ਆਇਆ। ਪਰਚਾ ਸ਼ੁਰੂ ਹੋਇਆਂ ਅੱਧਾ ਘੰਟਾ ਲੰਘ ਚੁੱਕਾ ਸੀ। ਹੋ ਗਈ ਸ਼ੁਰੂ ਪਰਚਾ ਦੇਣ। ਪੰਜ ਸੁਆਲਾਂ ਦੇ ਜੁਆਬ ਦੇ ਹੋਏ, ਛੇਵਾਂ ਅੱਧਾ ਰਹਿ ਹੀ ਗਿਆ। ਏਧਰ ਹਫ਼ਤੇ ਵਿਚ ਮੇਰੇ ਪਰਚੇ ਖ਼ਤਮ ਹੋਏ, ਉਧਰ ਭਾਈਆ ਜੀ ਨੂੰ ਮੁੰਬਈ ਲੈ ਗਏ ਜਿਥੇ ਚੰਦ ਦਿਨਾਂ ਵਿਚ ਹੀ ਉਨ੍ਹਾਂ ਦੀ ਕੈਂਸਰ ਦੇ ਹਸਪਤਾਲ ਵਿਚ ਮੌਤ ਹੋ ਗਈ।
ਘਰ ਦਾ ਮਾਹੌਲ ਅੱਤ ਦਾ ਸੋਗੀ ਸੀ। ਬੱਤੀ-ਪੈਂਤੀ ਵਰ੍ਹਿਆਂ ਦੀ ਭੈਣ ਤੇ ਪੰਜ ਬੱਚਿਆਂ ਦੀ ਮਾਂ। ਉਪਰੋਂ ਪਰਦੇਸ ਵਿਚ ਕੱਲ-ਮੁਕੱਲੀ। ਕਲਕੱਤੇ ਵਿਚ ਹੀ ਸੀ ਭਾਈਆ ਜੀ ਦਾ ਕਾਰੋਬਾਰ। ਮਾਂ ਨੂੰ ਗਸ਼ਾਂ ਪੈਣ ਤੇ ਦਾਦੀ ਵੈਣੋ-ਵੈਣ। ਰਸੋਈ ਦੀ ਸਾਂਭ-ਸੰਭਾਲ ਮੇਰੀ ਮਲੂਕ ਜਿੰਦ ‘ਤੇ ਪੈ ਗਈ ਜੋ ਨਾ ਕਦੇ ਰਸੋਈ ਵਿਚ ਵੜੀ ਸੀ ਤੇ ਨਾ ਹੀ ਜਿਸ ਕਦੇ ਅੰਗੀਠੀ ਬਾਲੀ ਸੀ। ਜੂਨ ਦੀ ਅੱਤ ਦੀ ਗਰਮੀ ਤੇ ਅੰਗੀਠੀ ਦਾ ਸੇਕ। ਮੈਨੂੰ ਅਜਿਹੀ ਨਕਸੀਰ ਛੁੱਟਦੀ ਕਿ ਮੁੱਕਦੀ ਹੀ ਨਾਂਹ। ਦੇਹ ਬਾਲਟੀਆਂ ਦੀਆਂ ਬਾਲਟੀਆਂ ਮੇਰੇ ਸਿਰ ‘ਤੇ ਪਲਟਦੇ। ਵੈਦ ਆਉਂਦਾ। ਦਵਾਈ ਦੀਆਂ ਪੁੜੀਆਂ ਦੇਂਦਾ ਅਤੇ ਸਿਆਪਾ ਬੰਦ ਕਰਨ ਦੀ ਹਦਾਇਤ ਦੇਂਦਾ।
ਲੰਘ ਗਏ ਦੋ ਤਿੰਨ ਮਹੀਨੇ ਗਮਗੀਨ ਮਾਹੌਲ ਵਿਚ। ਵਕਤ ਨਾਲ ਥੋੜ੍ਹਾ ਟਿਕਾਅ ਆਉਣਾ ਵੀ ਸੁਭਾਵਕ ਹੈ। ਇਮਤਿਹਾਨ ਦੇ ਤੀਜੇ ਪਰਚੇ ਦੇ ਫ਼ਿਕਰ ਕਾਰਨ ਨਤੀਜੇ ਦਾ ਤੌਖ਼ਲਾ ਵੀ ਘਟ ਨਹੀਂ ਸੀ ਭਾਵੇਂ ਪਰਿਵਾਰਕ ਬਿਪਤਾ ਕਾਰਨ ਮਨ ਨੂੰ ਸਮਝਾਂਦੀ ਵੀ ਰਹਿੰਦੀ। ਬੁਖ਼ਾਰ ਨਾਲ ਪਈ ਹੋਈ ਸਾਂ ਅੱਧ-ਸੁੱਤੀ ਜਾਂ ਘੂਕ, ਪਤਾ ਨਹੀਂ। ਸੁਪਨਾ ਆਇਆ। ਦੌੜ ਰਹੀ ਸਾਂ ਮੈਂ ਅੱਗੇ ਅੱਗੇ ਤੇ ਪਿਛੇ ਪਿਛੇ ਮੇਰੇ ਭਾਈਆ ਜੀ। ਹੌਲੀ ਹੌਲੀ ਤੁਰਦੇ, ਪੀਲੇ-ਭੂਕ ਤੇ ਬਾਂਹਾਂ ਫੈਲਾ ਕੇ ਆਖ ਰਹੇ, ‘ਰੁਕ ਕਾਨਾ ਰੁਕ। ਕੰਨ ਨੇੜੇ ਕਰ। ਮੈਂ ਤੈੱਨ ਹਿੱਕ ਖੁਸ਼ਖ਼ਬਰੀ ਸੁਣਾਵਾਂæææ।’ ਤੇ ਮੈਂ ਅੱਗਿਉਂ ਡਰੀ ਡਰੀ ਜੁਆਬ ਦੇ ਰਹੀ, ‘ਨਹੀਂ ਨਹੀਂ, ਮੈਂ ਤੁਸਾਂ ਨੇ ਨੇੜੇ ਨਾ ਆਨੀæææ ਜਾਓ ਤੁੱਸ ਤੈ ਮਰ ਚੁੱਕੇ ਹੋæææ ਮੇਰੇ ਨੇੜੇ ਨਾ ਆਵੋæææ।’
ਚੀਕ ਮਾਰਦੀ ਦੀ ਮੇਰੀ ਜਾਗ ਖੁਲ੍ਹ ਗਈ। ਨਿਰਾ ਖ਼ੌਫ਼ ਤੇ ਤ੍ਰੇਲੀਆਂ!
“ਕੇ ਹੋਇਆ ਈ? ਸਬਰ ਕਰ ਮੇਰੀ ਬੱਚੀ, ਮਾਂ ਸਦਕੇ।” ਅੱਖ ਖੁੱਲ੍ਹੀ ਤਾਂ ਮੈਂ ਮਾਂ ਦੇ ਕਲਾਵੇ ਵਿਚ ਸਾਂ। ਡੁਸਕਦਿਆਂ ਡੁਸਕਦਿਆਂ ਸੁਫ਼ਨਾ ਸੁਣਾ ਹੋ ਗਿਆ।
ਮਾਂ ਮੇਰੇ ਸੁਪਨਿਆਂ ਤੋਂ ਅਕਸਰ ਚੇਤੰਨ ਹੋ ਜਾਂਦੀ ਸੀ। ਮੇਰੇ ਸਰਘੀ ਦੇ ਆਏ ਤੇ ਅਭੜਵਾਹ ਸੁਣਾਏ ਸੁਫ਼ਨੇ ਦਾ ਅਕਸਰ ਹੀ ਕੁਝ ਭਵਿੱਖਾਰਥ ਨਿਕਲਦਾ। ਕੋਈ ਹੋਣੀ ਜੋ ਹੋ ਕੇ ਰਹਿੰਦੀ! ਕਈ ਵੇਰਾਂ ਮੈਂ ਮਨ ਨਾਲ ਪੱਕਾ ਫੈਸਲਾ ਕਰਦੀ ਕਿ ਇਹ ਸੁਫ਼ਨਾ ਮੈਂ ਮਾਂ ਨੂੰ ਨਹੀਂ ਸੁਣਾਵਾਂਗੀ। ਮੈਨੂੰ ਲਗਦਾ ਕਿ ਸੁਣਾ ਦੇਣ ਨਾਲ ਹੀ ਸੁਪਨਾ ਸੱਚ ਹੋ ਵਾਪਰਦਾ ਹੈ।
‘ਨਹੀਂ ਦੱਸਣਾ, ਨਹੀਂ ਦੱਸਣਾ ਮੈਂ ਮਾਂ ਕੀ ਉੱਕਾ ਨਹੀਂ ਦਸਣਾæææ।’ ਤੇ ਫਿਰ ਵੀ ਪਤਾ ਨਹੀਂ ਕਿਵੇਂ ਆਪਮੁਹਾਰੀ ਉਗਲ ਦੇਂਦੀ। ‘ਵਾਹਗੁਰੂ ਵਾਹਗੁਰੂ’ ਕਰਦੀ ਮਾਂ ਨੂੰ ਧੁੜਕੂ ਲੱਗ ਜਾਂਦਾ। ਉਹਦੇ ਹੋਠ ਆਪ ਮੁਹਾਰੇ ਮੂਲ ਮੰਤਰ ਦੇ ਪਾਠ ਨਾਲ ਫਰਕਣ ਲੱਗਦੇ।
“ਕੇ ਹੋਇਆ ਈ? ਸਬਰ ਕਰ ਮੇਰੀ ਬੱਚੀ।” ਰੋਂਦੀ ਕੰਬਦੀ ਮੈਂ ਮਾਂ ਦੇ ਕਲਾਵੇ ਵਿਚ ਸਾਂ। ਸੁਫ਼ਨਾ ਆਪੇ ਹੀ ਸੁਣਾ ਹੋ ਗਿਆ।
“ਵਾਹਿਗੁਰੂ ਵਾਹਿਗੁਰੂæææ ਰੱਬਾ ਮਿਹਰ ਕਰੀਂ। ਤੱਤੀ ਵਾਅ ਨਾ ਲੱਗੇ ਮੇਰੀ ਬਚੜੀ ਕੀæææ ਤਾਤੀ ਵਾਓ ਨਾ ਲਾਗਈ।” ਮਾਂ ਉਚਾ ਉਚਾ ਸਿਮਰਨ ਲੱਗੀ। ਨਾਲੇ ਮੇਰਾ ਮੂੰਹ ਚੁੰਮੀ ਜਾਵੇ, ਨਾਲੇ ਦਿਲਾਸੇ ਦਈ ਜਾਵੇ। ਮੈਨੂੰ ਮੰਜੇ ‘ਤੇ ਸਿੱਧਾ ਲਮਿਆਰ ਕੇ ਮਾਂ ਅੰਗੀਠੀ ‘ਤੇ ਦੁੱਧ ਗਰਮ ਕਰਨ ਲੱਗੀ। ਗਰਮ ਗਰਮ ਦੁੱਧ ਨਾਲ ਬਦਾਮਾਂ ਦੀਆਂ ਗਿਰੀਆਂ। ਮੇਰੀ ਅੱਖ ਲੱਗ ਗਈ। ਕਦੋਂ? ਕਿੰਨੇ ਵਜੇ? ਕਿਹੜੇ ਵੇਲੇ?
“ਮੁਆਰਖ਼ਾਂ ਮੁਆਰਖ਼ਾਂ, ਮਾਸੀ ਜੀ ਮੁਆਰਖ਼ਾਂ।”
“ਖ਼ੈਰ ਮੁਆਰਖ਼ਾਂ, ਤੁਸਾਂ ਕੀ ਮੁਆਰਖ਼ਾਂæææ।”
ਅੱਖ ਖੋਲ੍ਹੀ ਤਾਂ ਮਾਂ ਮੇਰਾ ਸਿਰ ਪਲੋਸ ਰਹੀ ਸੀ। ਗੁਆਂਢੀਆਂ ਦੀ ਭੀੜ ਅਤੇ ਬਾਹਰ ਮੁਨਾਦੀ ਹੋ ਰਹੀ ਸੀ, ਢੋਲ ਨਾਲ: “ਸੁਣੋ ਸੁਣੋ ਸੁਣੋ! ਕਲਿਆਨ ਭਸੀਣ, ਪੂਰਬੀ ਪੰਜਾਬ ਕਾਲਜ ਦੀ ਗਿਆਨੀ ਦੀ ਵਿਦਿਆਰਥਣ, ਸਾਰੇ ਪੰਜਾਬ ਵਿਚੋਂ ਦੂਜੇ ਦਰਜੇ ‘ਤੇ ਆਈ ਹੈ ਤੇ ਦਿੱਲੀ ਵਿਚੋਂ ਪਹਿਲੇ ਦਰਜੇ ‘ਤੇ, ਅਰ ਕੁੜੀਆਂ ਵਿਚੋਂ ਵੀ ਪਹਿਲੇ ਦਰਜੇ ‘ਤੇ।”
ਇਹ ਮੁਨਾਦੀ ਪੂਰਬੀ ਪੰਜਾਬ ਕਾਲਜ ਵਲੋਂ ਕਰਵਾਈ ਜਾ ਰਹੀ ਸੀ। ਜ਼ਾਹਿਰ ਹੈ, ਇਹ ਆਜ਼ਾਦ ਜੀ ਦੀ ਆਪਣੀ ਲੋੜ ਸੀ, ਆਪਣੇ ਕਾਲਜ ਦੀ ਮਸ਼ਹੂਰੀ ਲਈ। ਪੂਰੇ ਸ਼ਾਹਦਰੇ ਦੇ ਫਰਸ਼ ਬਾਜ਼ਾਰ ਵਿਚੋਂ ਹੁੰਦੀ ਹੁਣ ਸਾਡੇ ਤੇਲੀਵਾੜੇ ਮੁਹੱਲੇ ਦੀ ਸਾਡੀ ਨਿੱਕੀ ਬੰਦ ਗਲੀ ਦੇ ਬੂਹੇ ਦੇ ਐਨ ਬਾਹਰ ਭੀੜ ਇਕੱਠੀ ਸੀ ਤੇ ਮਾਂ ਵਧਾਈਆਂ ਝੱਲ ਰਹੀ ਸੀ-ਆਜ਼ਾਦ ਜੀ ਤੋਂ, ਮੇਰੇ ਸਹਿਪਾਠੀਆਂ ਤੋਂ, ਗੁਆਂਢੀਆਂ ਤੋਂ, ਜਾਣੂਆਂ-ਪਛਾਣੂਆਂ ਤੋਂ।
ਇਹ ਖੁਸ਼ੀ ਘਰ ਦੇ ਭਰਪੂਰ ਸੋਗ ਦੇ ਮਾਹੌਲ ਵਿਚ ਸਾਡਾ ਬੂਹਾ ਖੜਕਾਣ ਆਈ ਸੀ ਜਿਵੇਂ ਘੁੱਪ ਹਨੇਰੇ ਬੱਦਲਾਂ ਵਿਚੋਂ ਚਾਨਣੀ ਦਾ ਛੱਟਾ।
ਉਸੇ ਸਾਲ ਤੋਂ ਗਿਆਨੀ ਦਾ ਸੱਤਵਾਂ, ਸੰਸਕ੍ਰਿਤ ਦਾ ਪਰਚਾ ਵੀ ਲਾਗੂ ਹੋਇਆ ਸੀ। ਅਖ਼ਤਿਆਰੀ। ਅੱਵਲ ਆਉਣ ਵਾਲੇ ਵਿਦਿਆਰਥੀ ਨੇ ਸੱਤਵਾਂ ਪਰਚਾ ਵੀ ਹੱਲ ਕੀਤਾ ਸੀ। ਉਸ ਦੇ ਮੇਰੇ ਤੋਂ ਚਾਰ ਅੰਕ ਹੀ ਵੱਧ ਸਨ। ਆਜ਼ਾਦ ਜੀ ਨੂੰ ਆਪਣੀ ਲਾਪ੍ਰਵਾਹੀ ਦਾ ਅਫ਼ਸੋਸ ਸੀ। ਜੇ ਉਹ ਮੈਨੂੰ ਸੰਸਕ੍ਰਿਤ ਦੀ ਵੀ ਤਿਆਰੀ ਕਰਵਾ ਕੇ ਇਮਤਿਹਾਨ ਦੁਆਉਂਦੇ ਤਾਂ ਮੈਂ ਤੇ ਕੇਵਲ ਮੈਂ ਹੀ ਅੱਵਲ ਹੋਣਾ ਸੀ ਸਾਰੇ ਪੰਜਾਬ ਵਿਚੋਂ, ਉਹ ਕਹਿੰਦੇ।
ਮਾਂ ਨੇ ਭਗਤ ਵੀਰ ਨੂੰ ਭੇਜ ਕੇ ਉਸੇ ਵੇਲੇ ਲੱਡੂ ਤੇ ਮੱਠੀਆਂ ਮੰਗਵਾ ਲਈਆਂ। ਉਹ ਚਾਰ ਚਾਰ ਲੱਡੂ ਅਤੇ ਦੋ ਦੋ ਮੱਠੀਆਂ ਪਾ ਕੇ ਲਿਫ਼ਾਫ਼ੇ ਭੇਜਣ ਲੱਗੀ, ਘਰੋ ਘਰ। ਕਿਸੇ ਵੀ ਖੁਸ਼ੀ ਦਾ ਜਸ਼ਨ ਮਨਾਣ ਦਾ ਮਾਂ ਦਾ ਇਹੀ ਢੰਗ ਸੀ।
ਸ਼ਾਮ ਪੈਣ ਲੱਗੀ ਤੇ ਫਿਰ ਰਾਤ ਵੀ। ਭਾਪਾ ਜੀ ਦੇ ਘਰ ਆਉਣ ਦਾ ਵੇਲਾ ਢੁਕਦਾ ਗਿਆ। ਨੇੜੇ ਹੋਰ ਨੇੜੇ।
ਬੇਸ਼ਕ ਸਾਰੀ ਦੁਨੀਆਂ ਪਈ ਵਾਹ ਵਾਹ ਕਰੇ, ਮੈਨੂੰ ਤਾਂ ਸਿਰਫ਼ ਭਾਪਾ ਜੀ ਦੀ ਸ਼ਾਬਾਸ਼ੀ ਦੀ ਹੀ ਸਿੱਕ ਸੀ। ਡਰ ਸੀ ਕਿ ਹੁਣ ਵੀ ਉਹ ਇਹੋ ਆਖਣਗੇ ਕਿ ਪਹਿਲੇ ਨੰਬਰ ‘ਤੇ ਕਿਉਂ ਨਹੀਂ ਆਈ। ਭਾਈਆ ਜੀ ਦੀ ਬਿਮਾਰੀ ਕਾਰਨ ਤੀਜੇ ਪਰਚੇ ਦੇ ਅਧੂਰੇ ਰਹਿ ਜਾਣ ਦੀ ਮਜਬੂਰੀ ਦਾ ਕਾਰਨ ਉਨ੍ਹਾਂ ਨੇ ਨਹੀਂ ਸੀ ਸੁਣਨਾ-ਮੰਨਣਾ, ਮੈਨੂੰ ਤੌਖ਼ਲਾ ਸੀ।
ਸ਼ਾਹਦਰੇ ਸਟੇਸ਼ਨ ਤੋਂ ਘਰ ਤਕ ਫਰਸ਼ ਬਾਜ਼ਾਰ ਵਿਚ ਮਿੱਤਰ, ਲੋਕਾਂ ਦਾ ਮਿਲਣਾ, ਦਿਨ ਭਰ ਦੀ ਸ਼ਾਹਦਰੇ ਦੀ ਖ਼ਬਰ ਲੈਣੀ ਤੇ ਫੇਰ ਘਰ ਵੜਦਿਆਂ ਹੀ ਉਸ ਖ਼ਬਰ ਨੂੰ ਮਾਂ ਨਾਲ ਸਾਂਝਿਆਂ ਕਰਨਾ ਭਾਪਾ ਜੀ ਦਾ ਰੋਜ਼ਾਨਾ ਨੇਮ ਸੀ।
ਮੇਰੇ ਨਤੀਜੇ ਦੀ ਮੁਨਾਦੀ ਦੀ ਖ਼ਬਰ ਵੀ ਭਾਪਾ ਜੀ ਨੂੰ ਸਭ ਕੋਲੋਂ ਤੇ ਖ਼ਾਸ ਕਰ ਕੇ ਬੇਕਰੀ ਵਾਲੇ ਚਾਚਾ ਭਗਵਾਨ ਦਾਸ ਕੋਲੋਂ, ਕਰਿਆਨੇ ਵਾਲੇ ਭਾਈ ਹਰਦਿੱਤ ਕੋਲੋਂ ਅਤੇ ਅਮਰ ਹਲਵਾਈ ਜਾਂ ਹਕੀਮ ਇੰਦਰ ਸਿੰਘ ਬਿੰਦਰਾ ਕੋਲੋਂ ਨਾ ਮਿਲੀ ਹੋਵੇ, ਇਹ ਨਹੀਂ ਸੀ ਹੋ ਸਕਦਾ। ਇਹ ਸਾਰੇ ਹੀ ਅੱਡੇ ਸਨ ਭਾਪਾ ਜੀ ਦੇ ਵਾਰੋ-ਵਾਰ ਠਹਿਰ ਕੇ ਘਰ ਪੁੱਜਣ ਦੇ।
ਭਾਪਾ ਜੀ ਆਏ। ਇਕਦਮ ਖਾਮੋਸ਼ ਤੇ ਸਹਿਜ ਜਿਵੇਂ ਕੁਝ ਵੀ ਨਾ ਵਾਪਰਿਆ ਹੋਵੇ। ਰੁਕੇ ਸਾਹ ਤੇ ਧੜਕਦੇ ਦਿਲ ਨਾਲ ਮੈਂ ਵੇਖੀ ਗਈ ਉਨ੍ਹਾਂ ਵਲ। ਮਾਂ ਦੀ ਉਤੇਜਨਾ ਵੀ ਸ਼ਾਮਲ ਸੀ ਉਸ ਦੇ ਫੁਲਕਿਆਂ ਦੇ ਵੇਲਣ ਵਿਚ। ਹਮੇਸ਼ਾਂ ਵਾਂਗ ਮੈਂ ਭਾਪਾ ਜੀ ਦੇ ਹੱਥ ਧੁਆਏ। ਉਹ ਮੰਜੀ ‘ਤੇ ਬਹਿ ਗਏ। ਅੱਗੇ ਮੇਜ਼ ‘ਤੇ ਥਾਲੀ ਪਰੋਸ ਦਿੱਤੀ। ਗਰਾਹੀ ਭੰਨ ਉਹ ਸ਼ੁਰੂ ਹੋ ਗਏ ਚੁੱਪ-ਚਾਪ। ਇਕ ਦੋ ਤਿੰਨ- ਮੈਂ ਰੋਟੀਆਂ ਪਰੋਸਦੀ ਗਈ।
“ਕੁੜੀ ਨਾ ਨਤੀਜਾ ਨਿਕਲਿਐ। ਦੂਜੇ ਦਰਜੇ ‘ਤੇ ਆਈ ਐ ਸਾਰੇ ਪੰਜਾਬ ਵਿਚੋਂ।” ਮਾਂ ਨੇ ਕਿਹਾ।
ਭਾਪਾ ਜੀ ਚੁੱਪ।
“ਮੈਂ ਕੇ ਪਈ ਆਖਨੀ ਆਂ। ਸੁਣਨੇ ਕਿਉਂ ਨਾ। ਕਾਨਾ ਕੀ ਸ਼ਾਬਾਸ਼ੀ ਤੈ ਦੇਵੋ। ਹੈਡਾ ਸੁਹਣਾ ਨਤੀਜਾ ਕਢਿਆ ਸੂ।” ਮਾਂ ਮੁੜ ਬੋਲੀ। ਥੋੜ੍ਹਾ ਹੋਰ ਉਚੀ।
ਭਾਪਾ ਜੀ ਫਿਰ ਵੀ ਚੁੱਪ।
“ਕੇ ਹੋਇਐ ਤੁਸਾਂ ਕੀ? ਸਾਰੇ ਸ਼ਹਿਰੇ ‘ਚ ਮਨਾਦੀ ਹੋਨੀ ਰਹੀ ਹੈ ਸਾਰਾ ਦਿਨ। ਮੁਆਰਖ਼ਾਂ ਹੀ ਮੁਆਰਖ਼ਾਂ ਝਲਨੀ ਰਹੀ ਹਾਂ। ਤੈ ਤੁਸ ਹੋ ਕੇ ਗੌਲਨੇ ਹੀ ਨ ਪਏ।”
“ਕੁੜੀਆਂ ਨਾ ਦਸਤਖ਼ਤ ਸਿਆਣਿਆਂ ਜਾਨੈ। ਐਵੇਂ ਲਿਹਾਜ਼ੀ ਨੰਬਰ ਦੇ ਦਿੱਤੇ ਹੋਸਣ ਨੇ।” ਆਖਦਿਆਂ ਪੱਕੇ ਪੀਢੇ ਮੂੰਹ ਨਾਲ ਭਾਪਾ ਜੀ ਉਸੇ ਤਰ੍ਹਾਂ ਗਰਾਹੀਆਂ ਭੰਨਦੇ ਗਏ। ਮੈਂ ਢਾਅ ਮਾਰ ਕੇ ਆਪਣੇ ਸੁਫ਼ੇ ਵੱਲ ਦੌੜ ਗਈ। ਬਲਿੱਦਣ ਲੱਗੀ ਪਲੰਘ ਉਤੇ ਜਿਵੇਂ ਕਲੇਜਾ ਫਟ ਗਿਆ ਹੋਵੇ, ਲਹੂ ਫੁੱਟ ਪਿਆ ਹੋਵੇ, ਦਰਿਆ ਬਣ ਕੇ।
ਭਾਪਾ ਜੀ ਦੀ ਪ੍ਰਸੰਸਾ ਦਾ ਏਦਾਂ ਦਾ ਹੀ ਪ੍ਰਗਟਾਵਾ ਸੀ। ਵਕਤ ਤੇ ਤਜਰਬੇ ਨੇ ਬੜਾ ਕੁਝ ਸਿਖਾ ਤੇ ਸਮਝਾ ਦਿੱਤਾ ਹੈ।
ਹਰ ਚੁਣੌਤੀ ਦਾ ਮੁਕਾਬਲਾ ਕਰਦਿਆਂ ਅਤੇ ਹਰ ਮੁਹਿੰਮ ਨੂੰ ਫਤਿਹ ਕਰਦਿਆਂ ਮਾਂ ਆਣ ਮਿਲਦੀ ਹੈ ਪ੍ਰਸ਼ੰਸਕਾਂ ਦੇ ਮੂੰਹਾਂ ‘ਤੇ ਮੁਸ ਮੁਸ ਕਰਦੀ, ਥਾਪੜੀ ਦੇਂਦੀ, ਸ਼ਾਬਾਸ਼ੀਓ-ਸ਼ਾਬਾਸ਼ੀ, ਜਸ਼ਨ ਮਨਾਂਦੀ ਅਤੇ ਹਰ ਆਲੋਚਕ ਦੇ ਸ਼ਬਦਾਂ ਵਿਚ ਭਾਪਾ ਜੀ ਦੇ ਬੋਲ ਆ ਰਲਦੇ ਹਨ, ‘ਐਵੇਂ ਹੀ ਵਾਧੂ ਨੰਬਰ ਦੇਣ ਵਾਲੇ’ ਪ੍ਰਸ਼ੰਸਕਾਂ ਤੋਂ ਖ਼ਬਰਦਾਰ ਕਰਦੇ ਤੇ ਮੈਨੂੰ ਹੋਰ ਚੰਗਾ-ਚੰਗੇਰਾ ਲਿਖਣ ਲਈ ਪ੍ਰੇਰਦੇ।
ਪਾਠਕਾਂ ਤੋਂ ਰੱਜ ਕੇ ਹੁੰਗਾਰਾ ਮਿਲਦਾ ਹੈ, ਹਰ ਰਚਨਾ ਅਤੇ ਪੁਸਤਕ ਦੇ ਪ੍ਰਕਾਸ਼ਿਤ ਹੋਣ ‘ਤੇ, ਪਰ ਪ੍ਰਕਾਸ਼ਕ ਮੇਰਾ ਕਦੇ ਗੌਲਦਾ ਹੀ ਨਹੀਂæææ।
ਮੇਰੀ ‘ਖੁਸ਼ਬੂ’ ਕਹਾਣੀ ‘ਤੇ ਆਧਾਰਿਤ ਦੂਰਦਰਸ਼ਨ ਵੱਲੋਂ ਬਣੀ ਫ਼ਿਲਮ ਦਾ ਪ੍ਰੀਮੀਅਰ ਸੀ। ਪ੍ਰਕਾਸ਼ਕ ਨੂੰ ਉਚੇਚਾ ਸੱਦਾ ਦਿੱਤਾ ਗਿਆ, ਨਹੀਂ ਆਇਆ। ਫਿਲਮ ਦੀ ਸੀæਡੀæ ਦਿੱਤੀ, ਉਹ ਨਹੀਂ ਵੇਖ ਸਕਿਆ, ਉਸ ਦੱਸਿਆ ਸੀ।
ਰੇਡੀਓ, ਟੀæਵੀæ ਦੇ ਪ੍ਰੋਗਰਾਮਾਂ ਵਿਚ ਸ਼ਾਮਲ ਹੋਵਾਂ ਜਾਂ ਰਾਸ਼ਟਰੀ ਕਵੀ ਦਰਬਾਰਾਂ ਵਿਚ, ਸਨੇਹੀਆਂ-ਮਿੱਤਰਾਂ ਦਾ ਰੱਜ ਕੇ ਹੁੰਗਾਰਾ ਮਿਲਦਾ ਤੇ ਪ੍ਰਕਾਸ਼ਕ ਵਲੋਂ ਚੁੱਪ। ਹੋਰ ਤਾਂ ਹੋਰ, ਜੇ ਕਿਸੇ ਪੱਜ ਗਈ ਪ੍ਰਕਾਸ਼ਕ ਦੇ ਦਫ਼ਤਰ ਵਿਚ, ਉਸ ਨਾਲ ਗੱਲਾਂ ਕਰਦੀ ਹੋਵਾਂ ਤੇ ਪ੍ਰਵੇਸ਼ ਕਰਦਾ ਕੋਈ ਪਾਠਕ, ਲੇਖਕ ਜਾਂ ਜਾਣੂ ਸਾਹਿਤਕਾਰ ਮਿੱਤਰ ਮੇਰੀ ਕਿਸੇ ਨਵ-ਪ੍ਰਕਾਸ਼ਿਤ ਰਚਨਾ ਦੇ ਹਵਾਲੇ ਨਾਲ ਮੈਨੂੰ ਵਧਾਈ ਦੇਵੇ ਤਾਂ ਪ੍ਰਕਾਸ਼ਕ ਇੰਜ ਵਿਹਾਰ ਕਰਦਾ ਹੈ ਜਿਵੇਂ ਉਸ ਸੁਣਿਆ ਹੀ ਨਾ ਹੋਵੇ। ਉਹ ਆਪਣੀਆਂ ਫਾਈਲਾਂ ਵਿਚ ਰੁਝੇ ਹੋਣ ਦਾ ਪੂਰਾ ਨਾਟਕ ਕਰਦਾ ਹੈ। ਉਦੋਂ ਮੈਨੂੰ ਉਸ ਵਿਚ ਅਚਾਨਕ ਮੇਰੇ ਭਾਪਾ ਜੀ ਪ੍ਰਵੇਸ਼ ਕਰ ਗਏ ਜਾਪਦੇ ਹਨ, ਮੈਨੂੰ ਹੋਰ ਮਿਹਨਤ ਕਰਨ ਲਈ ਆਖਦੇ, ਹੋਰ ਚੰਗਾ ਤੇ ਚੰਗੇਰਾ ਲਿਖਣ ਲਈ ਪ੍ਰੇਰਦੇ, ਉਕਸਾਂਦੇ।
ਉਂਜ ਅੰਦਰੋ ਅੰਦਰ ਮੈਨੂੰ ਪ੍ਰਕਾਸ਼ਕ ਦੀ ਗੁੱਝੀ ਸਿਫ਼ਤ ਦਾ ਕਿਆਸ ਵੀ ਠੀਕ ਉਸੇ ਤਰ੍ਹਾਂ ਹੀ ਹੁੰਦਾ ਹੈ ਜਿਸ ਤਰ੍ਹਾਂ ਭਾਪਾ ਜੀ ਦੀ ਪੱਕੀ ਪੀਢੀ ਮੁਸਕੜੀ ਤੋਂ ਹੁੰਦਾ ਸੀ।
ਪਾਠਕ ਮੇਰੀ ਮਾਂ ਸਮਾਨ ਹਨ ਤੇ ਪ੍ਰਕਾਸ਼ਕ ਜਾਂ ਆਲੋਚਕ ਪਿਓ ਸਮਾਨ। ਮੈਂ ਦੋਹਾਂ ਹੀ ਧਿਰਾਂ ਦੀ ਬਰਾਬਰ ਸ਼ੁਕਰਗੁਜ਼ਾਰ ਹਾਂ। ਮੇਰੀ ਹੋਂਦ ਤੇ ਪਛਾਣ ਵਿਚ ਦੋਵੇਂ ਹੀ ਸ਼ਾਮਲ ਹਨ, ਨਾਲੋ-ਨਾਲ ਤੁਰਦੇ ਤੁਰਾਂਦੇ, ਡੇਗਦੇ-ਉਠਾਂਦੇ, ਹੋੜਦੇ ਉਤਸਾਹੁੰਦੇ। ਦੋਹਾਂ ਨੂੰ ਮੇਰਾ ਨਮਸਕਾਰ!