ਡਾæ ਗੁਰਨਾਮ ਕੌਰ ਕੈਨੇਡਾ
ਹਿੰਦੂ ਧਰਮ ਦੇ ਪਰੰਪਰਕ ਦਰਸ਼ਨਾਂ ਵਿਚ ਅਖ਼ੀਰਲਾ ਸ਼ਾਸਤਰ ਪਾਤੰਜਲੀ ਰਿਸ਼ੀ ਦਾ ਯੋਗ ਸੂਤਰ ਹੈ ਜਿਸ ਦੀ ਭਾਈ ਗੁਰਦਾਸ ਪਹਿਲੀ ਵਾਰ ਦੀ ਚੌਧਵੀਂ ਪਉੜੀ ਵਿਚ ਗੱਲ ਕਰ ਰਹੇ ਹਨ। ਵਿਦਵਾਨਾਂ ਅਨੁਸਾਰ ਯੋਗ ਦਰਸ਼ਨ ਜਾਂ ਪਰੰਪਰਾ ਦਾ ਮੱਧ ਯੁਗ ਤੱਕ ਭਾਰਤੀ ਵਿਚਾਰਧਾਰਾ ਅਤੇ ਜੀਵਨ ਦਰਸ਼ਨ ‘ਤੇ ਬਹੁਤ ਜ਼ਿਆਦਾ ਅਸਰ ਰਿਹਾ ਹੈ।
ਯੋਗ ਦਰਸ਼ਨ, ਯੋਗ ਸੂਤਰ ਜਾਂ ਯੋਗ ਸ਼ਾਸਤ੍ਰਰ ‘ਤੇ ਆਧਾਰਤ ਹੈ ਜਿਸ ਦੇ 196 ਸੂਤਰ ਹਨ। ਯੋਗ ਸੂਤਰ ਦਾ ਸੰਕਲਨ 400 ਈਸਵੀ ਦੇ ਲਗਭਗ ਪਾਤੰਜਲੀ ਰਿਸ਼ੀ ਵੱਲੋਂ ਪੁਰਾਣੀਆਂ ਪਰੰਪਰਾਵਾਂ ਵਿਚੋਂ ਯੋਗ ਸਬੰਧੀ ਸਮੱਗਰੀ ਇਕੱਤਰ ਕਰਕੇ ਕੀਤਾ ਗਿਆ ਮੰਨਿਆ ਜਾਂਦਾ ਹੈ। ਇਸ ਸੂਤਰ ਦੇ ਨਾਲ ਹੀ ਪਾਤੰਜਲੀ ਵੱਲੋਂ ਕੀਤੀ ਉਸ ਦੀ ਵਿਆਖਿਆ ਸ਼ਾਮਲ ਕਰਕੇ ਇਹ ਪਾਤੰਜਲੀ ਦਾ ਯੋਗ ਸ਼ਾਸਤਰ ਅਖਵਾਉਂਦਾ ਹੈ।
ਪਾਤੰਜਲੀ ਦਾ ਯੋਗ ਸ਼ਾਸਤਰ ਪੁਰਾਤਨ ਭਾਰਤੀ ਸ਼ਾਸਤਰਾਂ ਵਿਚੋਂ ਅਜਿਹਾ ਹੈ ਜਿਸ ਦਾ ਮੱਧ ਯੁਗ ਵਿਚ ਸਭ ਤੋਂ ਵੱਧ ਅਨੁਵਾਦ ਕੀਤਾ ਗਿਆ। ਕਿਹਾ ਜਾਂਦਾ ਹੈ ਕਿ ਇਸ ਦਾ ਅਨੁਵਾਦ ਤਕਰੀਬਨ 40 ਭਾਰਤੀ ਬੋਲੀਆਂ ਵਿਚ ਅਤੇ ਦੋ ਗੈਰ-ਭਾਰਤੀ ਬੋਲੀਆਂ-ਪੁਰਾਣੀ ਜਵਨੀ ਅਤੇ ਅਰਬੀ ਭਾਸ਼ਾ ਵਿਚ ਹੋਇਆ। ਫਿਰ ਇਹ ਸ਼ਾਸਤਰ ਤਕਰੀਬਨ 700 ਸਾਲ 12ਵੀਂ ਸਦੀ ਤੋਂ ਲੈ ਕੇ 19ਵੀਂ ਸਦੀ ਤੱਕ ਗੁਮਨਾਮੀ ਵਿਚ ਚਲਾ ਗਿਆ ਅਤੇ ਇਸ ਦੀ ਵਾਪਸੀ 19ਵੀਂ ਸਦੀ ਵਿਚ ਹੋਈ। ਵੀਹਵੀਂ ਸਦੀ ਵਿਚ ਇਸ ਨੇ ਦੁਬਾਰਾ ਅਹਿਮੀਅਤ ਹਾਸਲ ਕਰ ਲਈ। ਅਮਲੀ ਰੂਪ ਵਿਚ ਯੋਗ ਪਰੰਪਰਾ ਦਾ ਆਮ ਭਾਰਤੀ ਜੀਵਨ ‘ਤੇ ਏਨਾ ਜ਼ਿਆਦਾ ਅਸਰ ਰਿਹਾ ਹੈ ਕਿ ਇਸ ਨੂੰ ਹਿੰਦੂ ਧਰਮ ਤੋਂ ਇਲਾਵਾ ਜੈਨ ਅਤੇ ਬੋਧੀ ਪਰੰਪਰਾਵਾਂ ਵਿਚ ਵੀ ਖਾਸ ਸਥਾਨ ਪ੍ਰਾਪਤ ਰਿਹਾ ਹੈ। ਇਸ ਨੇ ਸਮਾਜਕ ਜੀਵਨ ਨੂੰ ਜਿਸ ਤਰ੍ਹਾਂ ਪ੍ਰਭਾਵਤ ਕੀਤਾ ਅਰਥਾਤ ਇੱਕ ਖਾਸ ਅਧਿਆਤਮਵਾਦੀ ਵਰਗ ਨੂੰ ਸਮਾਜਕ ਰਿਸ਼ਤਿਆਂ ਅਤੇ ਸਮਾਜਿਕ ਜ਼ਿੰਮੇਵਾਰੀ ਤੋਂ ਪਰੇ ਕਰੀ ਰੱਖਿਆ, ਇਹ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਵੀ ਪਤਾ ਲਗਦਾ ਹੈ।
ਗੁਰੂ ਨਾਨਕ ਸਾਹਿਬ ਨੇ ਯੋਗੀਆਂ ਨਾਲ ਖਾਸ ਸੰਵਾਦ ਰਚਾਇਆ ਤਾਂ ਕਿ ਉਨ੍ਹਾਂ ਨੂੰ ਸਮਾਜ ਪ੍ਰਤੀ ਅਧਿਆਤਮਕਤਾ ਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਇਆ ਜਾ ਸਕੇ। ਇਸ ਸੰਵਾਦ ਨੂੰ ਗੁਰੂ ਨਾਨਕ ਸਾਹਿਬ ਦੀ ਰਚਨਾ ਰਾਮਕਲੀ ਰਾਗੁ ਵਿਚ Ḕਸਿਧ ਗੋਸਟਿḔ ਦੇ ਸਿਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਕੀਤਾ ਗਿਆ ਹੈ। ਵੀਹਵੀਂ ਸਦੀ ਤੋਂ ਪਹਿਲਾਂ ਪਾਤੰਜਲੀ ਦੇ ਯੋਗ ਸ਼ਾਸਤਰ ਦੀ ਥਾਂ ਗੀਤਾ ਦੇ ਯੋਗ ਦਰਸ਼ਨ, ਯਜਨਵਾਕਿਆ ਦੁਆਰਾ ਰਚਿੱਤ ਮੰਨੇ ਜਾਂਦੇ ਯੋਗ ਵਸ਼ਿਸ਼ਟ ਅਤੇ ਪਸ਼ੂਪਤੀ ਯੋਗ ਨੇ ਥਾਂ ਮੱਲੀ ਰੱਖੀ। ਵੀਹਵੀਂ ਸਦੀ ਵਿਚ ਕਾਰਪੋਰੇਟ ਯੋਗਾ ਸਬ-ਕਲਚਰ ਨੇ ਪਾਤੰਜਲੀ ਦੇ ਯੋਗ ਸੂਤਰ ਨੂੰ ਉਤਾਂਹ ਚੁੱਕ ਲਿਆ।
ਪਾਤੰਜਲੀ ਦੇ ਯੋਗ ਸੂਤਰ ਦੇ ਅੱਠ ਅੰਗ ਮੰਨੇ ਜਾਂਦੇ ਹਨ ਜਿਸ ਕਰਕੇ ਇਸ ਨੂੰ ਅਸ਼ਟਾਂਗ ਯੋਗ ਵੀ ਕਿਹਾ ਜਾਂਦਾ ਹੈ। ਇਹ ਅੱਠ ਅੰਗ ਹਨ-ਯਮ, ਨਿਯਮ, ਆਸਨ, ਪ੍ਰਾਣਯਾਮ, ਪ੍ਰਤਿਯਹਾਰ, ਧਾਰਨ, ਧਿਆਨ ਅਤੇ ਸਮਾਧੀ। ਪਾਤੰਜਲੀ ਨੇ ਆਪਣੇ ਸਾਰੇ ਸੂਤਰ ਨੂੰ ਚਾਰ ਪਾਠਾਂ (ਸੰਸਕ੍ਰਿਤ-ਪਦ) ਵਿਚ ਵੰਡਿਆ ਹੈ ਜਿਸ ਵਿਚ ਕੁਲ 196 ਉਕਤੀਆਂ ਹਨ। ਸਮਾਧੀ ਪਦ ਵਿਚ 51 ਸੂਤਰ ਹਨ ਅਤੇ ਸਮਾਧੀ ਮਨ ਦੀ ਅਨੰਦਮਈ ਅਵਸਥਾ ਵੱਲ ਸੰਕੇਤ ਕਰਦੀ ਹੈ, ਜਿੱਥੇ ਯੋਗੀ ਉਸ ਇੱਕ ਵਿਚ ਵਿਲੀਨ ਹੋ ਜਾਂਦਾ ਹੈ। ਸਮਾਧੀ ਯੋਗ ਦੀ ਮੁੱਖ ਸ਼ੈਲੀ ਹੈ ਜੋ ਇੱਕ ਯੋਗੀ ਸਿੱਖਦਾ ਹੈ ਜਿਸ ਨਾਲ ਉਹ ਕੈਵਲਯ (ਮੁਕਤੀ) ਪ੍ਰਾਪਤ ਕਰਨ ਲਈ ਮਨ ਦੀਆਂ ਡੂੰਘਾਈਆਂ ਵਿਚ ਉਤਰ ਜਾਂਦਾ ਹੈ।
ਪਾਤੰਜਲੀ ਯੋਗ ਦੀ ਵਿਆਖਿਆ, ਫਿਰ ਉਸ ਦਾ ਸੁਭਾਅ ਅਤੇ ਸਮਾਧੀ ਨੂੰ ਪ੍ਰਾਪਤ ਕਰਨ ਦੇ ਸਾਧਨਾਂ ਦੀ ਚਰਚਾ ਕਰਦਾ ਹੈ। ਇਸ ਪਾਠ ਵਿਚ Ḕਯੋਗਸ਼ ਚਿਤ-ਵ੍ਰਿਤੀ-ਨਿਰੋਧḔ ਅਰਥਾਤ Ḕਯੋਗ ਮਨ ਦੀਆਂ ਵ੍ਰਿਤੀਆਂ ਨੂੰ ਰੋਕਣਾ ਹੈḔ ਸ਼ਾਮਲ ਹੈ। ਸਾਧਨਾ ਪਦ ਵਿਚ 55 ਸੂਤਰ ਹਨ। ਸਾਧਨਾ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦਾ ਅਰਥ ਹੈ, ਅਨੁਸਾਸ਼ਨ ਦਾ ਅਭਿਆਸ। ਇਸ ਵਿਚ ਲੇਖਕ ਇੱਥੇ ਯੋਗ ਕ੍ਰਿਆ ਦੀਆਂ ਵਿਧੀਆਂ ਅਤੇ ਅਸ਼ਟਾਂਗ ਯੋਗ ਬਾਰੇ ਦੱਸਦਾ ਹੈ। ਕ੍ਰਿਆ ਯੋਗ ਕਰਮ ਯੋਗ ਨਾਲ ਨੇੜਿਓਂ ਸਬੰਧਤ ਹੈ ਜਿਸ ਦਾ ਵਰਣਨ ਭਗਵਤ ਗੀਤਾ ਦੇ ਤੀਸਰੇ ਪਾਠ ਵਿਚ ਕੀਤਾ ਹੋਇਆ ਹੈ, ਜਿੱਥੇ ਕ੍ਰਿਸ਼ਨ ਵੱਲੋਂ ਅਰਜਨ ਨੂੰ ਨਿਸ਼ਕਾਮ ਕਰਮ ਕਰਨ ਦੀ ਪ੍ਰੇਰਨਾ ਕੀਤੀ ਹੋਈ ਹੈ, ਜਿਸ ਦਾ ਅਰਥ ਹੈ ਕਿਸੇ ਫਲ ਦੀ ਆਸ ਤੋਂ ਬਿਨਾ ਕਰਮ ਕਰਨਾ। ਇਹ ਕਿਸੇ ਕਾਮਨਾ ਤੋਂ ਬਿਨਾ ਕਰਮ ਅਤੇ ਸੇਵਾ ਕਰਨ ਦਾ ਯੋਗ ਹੈ।
ਅਸ਼ਟਾਂਗ ਯੋਗ, ਯੋਗ ਦੇ ਅੱਠ ਅੰਗਾਂ ਦੀ ਵਿਆਖਿਆ ਕਰਦਾ ਹੈ ਜਿਨ੍ਹਾਂ ਨੂੰ ਮਿਲਾ ਕੇ ਰਾਜ ਯੋਗ ਬਣਦਾ ਹੈ। ਵਿਭੂਤੀ ਪਦ ਵਿਚ 56 ਸੂਤਰ ਹਨ। ਵਿਭੂਤੀ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦਾ ਅਰਥ ਹੈ Ḕਸ਼ਕਤੀḔ ਜਾਂ Ḕਪ੍ਰਕਾਸ਼/ਅਭਿਵਿਅੰਜਨḔ ਅਰਥਾਤ ਯੋਗ ਦੇ ਅਭਿਆਸ ਰਾਹੀਂ ਅਦਭੁੱਤ ਸ਼ਕਤੀਆਂ (ਸਿੱਧੀ) ਹਾਸਲ ਕਰ ਲੈਣਾ। ਧਾਰਨ, ਧਿਆਨ ਅਤੇ ਸਮਾਧੀ ਦੇ ਅਭਿਆਸ ਨੂੰ ਮਿਲਾ ਕੇ ਸਮਯਮ ਕਰਨ ਦਾ ਹਵਾਲਾ ਮਿਲਦਾ ਹੈ ਅਤੇ ਇਸ ਨੂੰ ਵੱਖ ਵੱਖ ਤਰ੍ਹਾਂ ਦੀ ਪੂਰਨਤਾ ਜਾਂ ਸਿੱਧੀਆਂ ਪ੍ਰਾਪਤ ਕਰਨ ਦਾ ਸਾਧਨ ਮੰਨਿਆ ਹੈ। ਇਹ ਵੀ ਕਿਹਾ ਗਿਆ ਹੈ ਕਿ ਇਨ੍ਹਾਂ ਸ਼ਕਤੀਆਂ ਦੇ ਲਾਲਚ ਨੂੰ ਅੱਖੋਂ ਪਰੋਖੇ ਕਰਕੇ ਧਿਆਨ ਸਿਰਫ ਮੁਕਤੀ ਵੱਲ ਦੇਣਾ ਹੈ। ਸਮਾਧੀ ਦਾ ਉਦੇਸ਼ ਸਿੱਧੀਆਂ ਪ੍ਰਾਪਤ ਕਰਨਾ ਨਹੀਂ ਬਲਕਿ ਕੈਵਲਯ ਪ੍ਰਾਪਤ ਕਰਨਾ ਹੈ। ਸਿੱਧੀਆਂ ਕੈਵਲਯ (ਮੁਕਤੀ) ਵੱਲੋਂ ਧਿਆਨ ਹਟਾਉਂਦੀਆਂ ਹਨ। ਸਿੱਧੀਆਂ ਮਹਿਜ਼ ਮਾਇਆ ਅਤੇ ਭਰਮ ਹਨ। ਕੈਵਲਯ ਪਦ ਵਿਚ 34 ਸੂਤਰ ਹਨ। ਕੈਵਲਯ ਦਾ ਸ਼ਾਬਦਿਕ ਅਰਥ Ḕਏਕਾਂਤ/ਅੱਡਰਾਪਣḔ ਹੈ ਪਰ ਜਿਸ ਤਰ੍ਹਾਂ ਇਸ ਦੀ ਸੂਤਰ ਵਿਚ ਵਰਤੋਂ ਕੀਤੀ ਗਈ ਹੈ, ਇਹ ਮੁਕਤੀ ਦੇ ਅਰਥਾਂ ਵਿਚ ਹੈ ਅਤੇ ਮੋਕਸ਼ ਦੇ ਅਦਲ-ਬਦਲ ਵਿਚ ਵਰਤਿਆ ਗਿਆ ਹੈ ਜੋ ਕਿ ਯੋਗ ਦਾ ਲਕਸ਼ ਹੈ। ਕੈਵਲਯ ਪਦ ਮੁਕਤੀ ਦੇ ਅਮਲ ਦੀ ਅਤੇ ਅਨੁਭਵਅਤੀਤ ਸਵੈ ਦੀ ਅਸਲੀਅਤ ਦੀ ਵਿਆਖਿਆ ਕਰਦਾ ਹੈ।
ਪਾਤੰਜਲੀ ਆਪਣੇ ਯੋਗ ਸੂਤਰ ਦਾ ਅਰੰਭ ਪਹਿਲੇ ਹੀ ਸੂਤਰ ਵਿਚ ਆਪਣੇ ਰਚੇ ਸ਼ਾਸਤਰ ਦੇ ਮੰਤਵ ਦੀ ਵਿਆਖਿਆ ਨਾਲ ਕਰਦਾ ਹੈ ਅਤੇ ਫਿਰ ਦੂਸਰੇ ਸੂਤਰ ਵਿਚ ḔਯੋਗḔ ਸ਼ਬਦ ਦੀ ਪਰਿਭਾਸ਼ਾ ਕਰਦਾ ਹੈ Ḕਯੋਗ: ਚਿਤ-ਵ੍ਰਿਤੀ ਨਿਰੋਧਾḔ ਯੋਗ ਮਨ ਦੀਆਂ ਵ੍ਰਿਤੀਆਂ ਦਾ ਨਿਰੋਧ ਹੈ ਅਰਥਾਤ ਮਨ ਦੀ ਵਿਭਿੰਨ ਦਸ਼ਾ ਨੂੰ ਰੋਕਣਾ ਹੈ। ਯੋਗ ਦਾ ਅਰਥ ਯੋਗ-ਅਭਿਆਸ ਰਾਹੀਂ ਚੇਤਨਾ ਦਾ ਉਸ ਸਤਰ ‘ਤੇ ਪਹੁੰਚ ਜਾਣਾ ਹੈ ਜਿੱਥੇ ਉਹ ਕਿਸੇ ਵੀ ਕਿਸਮ ਦੇ ਵਿਚਾਰਾਂ ਜਾਂ ਚੀਜ਼ਾਂ ਦੇ ਬਾਹਰੀ ਦਖਲ ਤੋਂ ਸੁਤੰਤਰ ਅਤੇ ਬੇਖ਼ਬਰ ਹੋ ਜਾਂਦੀ ਹੈ। ਯੋਗ ਦੇ ਅੱਠ ਅੰਗ ਇਸ ਤਰ੍ਹਾਂ ਦੱਸੇ ਹਨ: ਪਹਿਲਾ ਯਮ-ਇਹ ਇੱਕ ਤਰ੍ਹਾਂ ਦੇ ਸਦਾਚਾਰਕ ਨਿਯਮ ਹਨ ਜਿਸ ਦੀ ਗਿਣਤੀ ਪਾਤੰਜਲੀ ਨੇ ਪੰਜ ਦੱਸੀ ਹੈ ਜਿਵੇਂ ਅਹਿੰਸਾ, ਸਤਿਯ, ਅਸਤਿਯ, ਬ੍ਰਹਮਚਰਯ, ਅਪਰਗ੍ਰਹਿ। ਦੂਸਰਾ ਅੰਗ ਹੈ ਨਿਯਮ, ਜਿਸ ਵਿਚ ਸ਼ੌਚ ਭਾਵ ਮਨ ਅਤੇ ਸਰੀਰ ਦੀ ਸਫਾਈ, ਪਵਿੱਤਰਤਾ। ਸੰਤੋਖ, ਦੂਸਰਿਆਂ ਨੂੰ ਕਬੂਲਣਾ, ਹਾਲਾਤ ਨੂੰ ਕਬੂਲਣਾ ਅਤੇ ਸਵੈ ਨੂੰ ਉਤਸ਼ਾਹ ਵਿਚ ਰੱਖਣਾ। ਤਪਸ-ਸਾਦਗੀ/ਕਠੋਰਤਾ ਅਤੇ ਅਟੱਲਤਾ। ਸਵਾਧਿਆਇਆ ਅਰਥਾਤ ਵੇਦਾਂ ਦਾ ਅਧਿਐਨ ਅਤੇ ਆਪੇ ਦੀ ਪੜਚੋਲ। ਈਸ਼ਵਰ ਨਿਧਾਨ ਭਾਵ ਈਸ਼ਵਰ ‘ਤੇ ਵਿਚਾਰ ਕਰਨਾ। ਪਾਤੰਜਲੀ ਦੱਸਦਾ ਹੈ ਕਿ ਨਿਯਮ ਕਿਸ ਤਰ੍ਹਾਂ ਆਪੇ ਦੇ ਵਿਕਾਸ ਵਿਚ ਹਿੱਸਾ ਪਾਉਂਦੇ ਹਨ। ਤੀਸਰਾ ਅੰਗ ਹੈ ਆਸਨ-ਪਾਤੰਜਲੀ ਆਸਨ ਦੀ ਵਿਆਖਿਆ ਇਸ ਤਰ੍ਹਾਂ ਸ਼ੁਰੂ ਕਰਦਾ ਹੈ, ḔਸਿਥਰਸੁਖਮਾਸਨਮਾḔ ਅਰਥਾਤ ਆਸਨ ਉਹ ਹੈ ਜੋ ਸਥਿਰ, ਸੁਖਦਾਇਕ ਅਤੇ ਮੰਨਣਯੋਗ ਮੁਦਰਾ ਹੈ। ਚੌਥਾ ਹੈ, ਪ੍ਰਣਾਯਾਮ। ਇਹ ਦੋ ਸ਼ਬਦਾਂ ਤੋਂ ਬਣਿਆ ਹੈ: ਪ੍ਰਾਯ ਅਰਥਾਤ ਸਵਾਸ ਅਤੇ ਅਯਾਮ ਰੋਕਣਾ, ਖਿੱਚਣਾ ਅਤੇ ਕੱਢਣਾ। ਜਦੋਂ ਲੋੜੀਂਦੀ ਮੁਦਰਾ ਪ੍ਰਾਪਤ ਕਰ ਲਈ ਜਾਵੇ ਤਾਂ ਅਗਲਾ ਯੋਗ-ਅਭਿਆਸ ਪ੍ਰਣਾਯਾਮ ਹੈ। ਪੰਜਵਾਂ ਹੈ ਪ੍ਰਤੀ-ਅਹਾਰ ਜੋ ਸੰਸਕ੍ਰਿਤ ਦੇ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ ਪ੍ਰਤੀ ਦਾ ਅਰਥ ਹੈ, ਸੇਧਤ ਜਾਂ ਵੱਲ ਅਤੇ ਅਹਾਰ ਦਾ ਅਰਥ ਹੈ, ਨੇੜੇ ਲਿਆਉਣਾ। ਜਿਸ ਦਾ ਮੁਕੰਲ ਭਾਵ ਹੈ ਆਪਣੇ ਵਿਚਾਰਾਂ ਨੂੰ ਬਾਹਰੀ ਵਸਤੂਆਂ, ਜੀਵਾਂ, ਹਾਲਾਤਾਂ ਵੱਲੋਂ ਹਟਾ ਕੇ ਆਪਣੇ ਅੰਦਰ ਵੱਲ, ਆਪਣੇ ਅੰਦਰੂਨੀ ਸੰਸਾਰ ਵੱਲ ਲਿਆਉਣਾ, ਆਪਣੇ ਸਵੈ ਦੇ ਸਤਿ ਵੱਲ ਮੋੜਨਾ, ਆਪਣੇ ਅੰਦਰੂਨੀ ਸੰਸਾਰ ਦੀ ਸੁਤੰਤਰਤਾ ਨੂੰ ਜਾਣਨਾ ਅਤੇ ਸਮਝਣਾ।
ਛੇਵਾਂ ਅੰਗ ਹੈ, ਧਾਰਨਾ ਜਿਸ ਦਾ ਅਰਥ ਹੈ ਮਨ ਨੂੰ ਇੱਕਸੁਰ ਕਰਕੇ ਇੱਕ ਨੁਕਤੇ ‘ਤੇ ਟਿਕਾਉਣਾ। ਅਸਲ ਵਿਚ ਮਨ ਨੂੰ ਮੰਤਰ, ਸਵਾਸ, ਸੰਕਲਪ, ਵਿਚਾਰ ‘ਤੇ ਟਿਕਾਉਣਾ। ਸੱਤਵਾਂ ਹੈ, ਧਿਆਨ। ਧਿਆਨ ਦਾ ਅਰਥ ਹੈ ਜਿਸ ਚੀਜ਼ ਤੇ ਧਾਰਨਾ ਟਿਕੀ ਹੈ ਉਸ ਦੀ ਵਿਚਾਰ ਕਰਨੀ, ਉਸ ਦਾ ਧਿਆਨ ਧਰਨਾ। ਉਦਾਹਰਣ ਲਈ ਜੇ ਧਾਰਨਾ ਕਿਸੇ ਦੇਵਤਾ ਤੇ ਟਿਕੀ ਹੈ ਤਾਂ ਉਸ ਤੇ ਮਨਣ ਕਰਨਾ, ਸੋਚਣਾ। ਇਹ ਵਿਚਾਰਨ ਦੀ ਬੇਰੋਕ ਸਥਿਤੀ ਹੈ। ਅੱਠਵਾਂ ਅੰਗ ਹੈ, ਸਮਾਧੀ। ਸਮਾਧੀ ਦੋ ਤਰ੍ਹਾਂ ਦੀ ਹੈ ਅਰਥਾਤ ਕਿਸੇ ਪਦਾਰਥ ਦੀ ਸਹਾਇਤਾ ਨਾਲ ਅਤੇ ਪਦਾਰਥ ਦੀ ਸਹਾਇਤਾ ਤੋਂ ਬਿਨਾ। ਸਮਾਧੀ ਅੱਗੇ ਹੋਰ ਕਈ ਤਰ੍ਹਾਂ ਦੀ ਹੈ ਜਿਸ ਦੇ ਵਿਸਥਾਰ ਵਿਚ ਜਾਣ ਦੀ ਇਥੇ ਲੋੜ ਨਹੀਂ ਜਾਪਦੀ।
ਭਾਈ ਗੁਰਦਾਸ ਵੱਲੋਂ ਦਿੱਤੀ ਵਿਆਖਿਆ ਵਿਚ ਜਾਣ ਤੋਂ ਪਹਿਲਾ ਇਹ ਪ੍ਰਸ਼ਨ ਕੀਤਾ ਜਾ ਸਕਦਾ ਹੈ ਕਿ ਭਾਈ ਗੁਰਦਾਸ ਨੂੰ ਕੀ ਜ਼ਰੂਰਤ ਪਈ ਸੀ ਭਲਾਂ ਹਿੰਦੂ ਸ਼ਾਸਤਰਾਂ ਜਾਂ ਗੁਰੂ ਨਾਨਕ ਸਾਹਿਬ ਦੇ ਜੋਤਿ ਪ੍ਰਕਾਸ਼ਨ ਤੋਂ ਪਹਿਲੇ ਧਰਮਾਂ ਵਿਚ ਜਾਣ ਦੀ? ਦਰਅਸਲ ਕਿਸੇ ਵੀ ਸਥਾਪਨਾ ਵਾਸਤੇ ਉਸ ਤੋਂ ਪੁਰਾਣੀ ਨੂੰ ਘੋਖਣਾ ਪੈਂਦਾ ਹੈ ਜਾਂ ਘੋਖਣਾ ਚਾਹੀਦਾ ਹੈ ਕਿਉਂਕਿ ਨਵੀਂ ਉਸਾਰੀ ਵਾਸਤੇ ਪਹਿਲੀ ਦੀ ਛਾਣ-ਬੀਣ ਜ਼ਰੂਰੀ ਹੁੰਦੀ ਹੈ। ਇਹ ਸਭ ਗੁਰੂ ਨਾਨਕ ਸਾਹਿਬ ਨੇ ਕੀਤਾ ਜੋ ਉਨ੍ਹਾਂ ਦੀ ਬਾਣੀ ਵਿਚੋਂ ਸਪੱਸ਼ਟ ਹੁੰਦਾ ਹੈ।
ਭਾਈ ਗੁਰਦਾਸ ਸਿੱਖ ਧਰਮ ਦੇ ਮੋਢੀ ਪ੍ਰਚਾਰਕਾਂ ਵਿਚੋਂ ਸਨ ਜਾਂ ਇਉਂ ਕਹਿਣਾ ਜ਼ਿਆਦਾ ਸਹੀ ਜਾਪਦਾ ਹੈ ਕਿ ਉਹ ਸਿੱਖ ਧਰਮ ਦੇ ਪਹਿਲੇ ਧਰਮ-ਸ਼ਾਸਤਰੀ ਅਰਥਾਤ ਧਰਮ-ਵਿਗਿਆਨੀ ਹਨ। ਭਾਈ ਗੁਰਦਾਸ ਪਾਤੰਜਲੀ ਰਿਸ਼ੀ ਦੁਆਰਾ ਰਚਿਤ ਯੋਗ ਸ਼ਾਸਤਰ ਦੀ ਗੱਲ ਕਰਦਿਆਂ ਕਹਿੰਦੇ ਹਨ ਕਿ ਪਾਤੰਜਲੀ ਰਿਸ਼ੀ ਨੇ, ਜਿਸ ਨੂੰ ਸ਼ੇਸ਼ਨਾਗ ਦਾ ਅਵਤਾਰ ਮੰਨਿਆ ਜਾਂਦਾ ਹੈ, ਬਹੁਤ ਸੋਚ-ਵਿਚਾਰ ਨਾਲ ਨਾਗ-ਸ਼ਾਸਤਰ, ਯੋਗ ਸ਼ਾਸਤਰ ਅਰਥਾਤ ਯੋਗ ਸੂਤਰ ਦੀ ਰਚਨਾ ਕੀਤੀ। ਭਾਈ ਗੁਰਦਾਸ ਨੇ ਪਾਤੰਜਲੀ ਰਿਸ਼ੀ ਨੂੰ ਸ਼ੇਸ਼ਨਾਗ ਦਾ ਅਵਤਾਰ ਕਿਉਂ ਕਿਹਾ ਹੈ? ਪਾਤੰਜਲੀ ਰਿਸ਼ੀ ਦੇ ਨਾਂ ਦੇ ਅਰਥ ਕਰਦਿਆਂ ਇਸ ਨੂੰ ਜੁੜੇ ਹੋਏ ਹੱਥਾਂ ਵਿਚ ਉਤੋਂ ਡਿਗਣਾ ਦੱਸਿਆ ਹੈ। ਇੱਕ ਥਾਂ ਲਿਖਿਆ ਹੈ ਕਿ ਇੱਕ ਲੋਕ ਕਥਾ ਅਨੁਸਾਰ ਸ਼ੇਸ਼ ਨਾਗ (ਨਾਗ ਦੇਵਤਾ, ਨਾਗਾਂ ਦਾ ਰਾਜਾ) ਨੇ ਇੱਕ ਸਪੋਲੀਏ ਦੇ ਰੂਪ ਵਿਚ ਅਵਤਾਰ ਧਾਰਿਆ ਅਤੇ ਇੱਕ ਬ੍ਰਾਹਮਣ ਦੇ ਹੱਥਾਂ ਦੀ ਅੰਜਲੀ (ਹੱਥਾਂ ਨੂੰ ਜੋੜ ਕੇ ਬਣਾਈ ਹੋਈ) ਵਿਚ ਆ ਡਿਗਿਆ, ਜਿਸ ਤੋਂ ਉਸ ਦਾ ਨਾਮ ਪਾਤੰਜਲੀ ਪਿਆ। ਆਪਣੇ ਸ਼ਾਸਤਰ ਨੂੰ ਅਥਰਵ ਵੇਦ ‘ਤੇ ਆਧਾਰਤ ਕਰਦਿਆਂ ਉਸ ਨੇ ਕਿਹਾ ਕਿ ਯੋਗ ਬਿਨਾਂ ਭਰਮ ਦੂਰ ਨਹੀਂ ਹੁੰਦਾ (ਅਸੀਂ ਪਾਤੰਜਲੀ ਰਿਸ਼ੀ ਦੇ ਯੋਗ ਸੂਤਰ ਦਾ ਸੰਖੇਪ ਵਰਣਨ ਕਰਦਿਆਂ ਦੇਖ ਚੁੱਕੇ ਹਾਂ ਕਿ ਪਾਤੰਜਲੀ ਦਾ ਪਹਿਲਾ ਸੂਤਰ ਹੀ ਯੋਗਾ ਚਿਤੀ-ਵ੍ਰਿਤੀ-ਨਿਰੋਧ ਦੱਸਿਆ ਹੈ ਜਿਸ ਦਾ ਅਰਥ ਚਿੱਤ ਦੀਆਂ ਚੇਸ਼ਟਾਵਾਂ ਨੂੰ ਰੋਕਣਾ ਹੈ)। ਅੱਗੇ ਆਰਸੀ ਭਾਵ ਸ਼ੀਸ਼ੇ ਦੀ ਉਦਾਹਰਣ ਦਿੱਤੀ ਹੈ ਜਿਸ ਰਾਹੀਂ ਆਪਣੇ ਚਿਹਰੇ ਨੂੰ ਨਿਹਾਰਿਆ ਜਾਂਦਾ ਹੈ।
ਭਾਈ ਗੁਰਦਾਸ ਮੁਤਾਬਕ ਪਾਤੰਜਲੀ ਅਨੁਸਾਰ ਯੋਗ ਰਾਹੀਂ ਹੀ ਮਨ ਨੂੰ ਭਰਮ-ਮੁਕਤ ਕਰਕੇ ਸਾਫ ਕੀਤਾ ਜਾ ਸਕਦਾ ਹੈ ਜੋ ਕਿ ਮੁਕਤੀ ਪ੍ਰਾਪਤੀ ਲਈ ਬਹੁਤ ਜ਼ਰੂਰੀ ਹੈ। ਮਨ ਨੂੰ ਭਰਮ-ਮੁਕਤ ਕੀਤੇ ਬਿਨਾਂ ਮਨੁੱਖ ਮੁਕਤੀ ਪ੍ਰਾਪਤ ਕਰਨ ਦੇ ਰਸਤੇ ‘ਤੇ ਨਹੀਂ ਪੈ ਸਕਦਾ; ਉਸੇ ਤਰ੍ਹਾਂ ਜਿਵੇਂ ਸ਼ੀਸ਼ੇ ਵਿਚੋਂ ਆਪਣਾ ਚਿਹਰਾ ਸਪੱਸ਼ਟ ਰੂਪ ਵਿਚ ਦੇਖਣ ਲਈ ਸ਼ੀਸ਼ੇ ਨੂੰ ਸਾਫ਼ ਕਰਨਾ ਅਤੇ ਲਿਸ਼ਕਾਉਣਾ ਜ਼ਰੂਰੀ ਹੈ। ਯੋਗ ਮਨ ਨੂੰ ਸਾਫ ਕਰਨ ਲਈ ਨੇਮ-ਅਭਿਆਸ ਹੈ, ਇੱਕ ਜ਼ਰੀਆ ਹੈ ਜਿਸ ਨਾਲ ਸੁਰਤੀ ਦਸਮ ਦੁਆਰ ਵਿਚ ਜੁੜ ਜਾਂਦੀ ਹੈ ਜਿੱਥੇ ਉਸ ਨੂੰ ਅਨਹਦ ਧੁਨੀ ਸੁਣਾਈ ਦਿੰਦੀ ਹੈ।
ਪਾਤੰਜਲੀ ਰਿਸ਼ੀ ਦੇ ਯੋਗ ਸ਼ਾਸਤਰ ਅਨੁਸਾਰ ਜਿਹੜਾ ਮਨੁੱਖ ਯੋਗ ਦੇ ਇਸ ਰਸਤੇ ‘ਤੇ ਚੱਲਦਾ ਅਤੇ ਅਭਿਆਸ ਕਰਦਾ ਹੈ, ਉਸ ਗੁਰਮੁਖਿ ਯੋਗੀ ਦੇ ਪੈਰਾਂ ਉਤੇ ਨੌਂ ਨਿਧੀਆਂ ਅਤੇ ਅਠਾਰਾਂ ਸਿੱਧੀਆਂ ਆਪਣੇ ਆਪ ਆ ਡਿਗਦੀਆਂ ਹਨ। (ਯੋਗ ਅਭਿਆਸ ਰਾਹੀਂ ਸਿੱਧੀਆਂ ਕਿਵੇਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ? ਇਹ ਪਾਤੰਜਲੀ ਦੇ ਅਸ਼ਟਾਂਗ ਯੋਗ ਦੇ ਮਾਰਗ ਦਾ ਸੰਖੇਪ ਵਿਚ ਜ਼ਿਕਰ ਕਰਦਿਆਂ ਅਸੀਂ ਸੰਕੇਤ ਕਰ ਚੁੱਕੇ ਹਾਂ)।
ਭਾਈ ਗੁਰਦਾਸ ਅਨੁਸਾਰ ਪਹਿਲੇ ਤਿੰਨ ਯੁਗਾਂ ਵਿਚ ਜੋ ਅਧਿਆਤਮਕ ਪ੍ਰਾਪਤੀਆਂ ਨਹੀਂ ਹੋ ਸਕੀਆਂ, ਉਨ੍ਹਾਂ ਨੂੰ ਪਾਉਣ ਦਾ ਰਸਤਾ ਅਰਥਾਤ ਉਨ੍ਹਾਂ ਸਾਰੀਆਂ ਇਛਾਵਾਂ ਨੂੰ ਪਾਉਣ ਅਤੇ ਪੂਰਾ ਕਰਨ ਦਾ ਰਸਤਾ ਪਾਤੰਜਲੀ ਰਿਸ਼ੀ ਨੇ ਦੱਸ ਦਿੱਤਾ; ਉਸ ਨੇ ਸਾਰੀਆਂ ਇਛਾਵਾਂ ਪੂਰੀਆਂ ਕਰ ਲਈਆਂ। ਯੋਗ-ਭਗਤੀ ਦੇ ਰਸਤੇ ਦੀ ਪੂਰਨ ਪ੍ਰਾਪਤੀ ਇਹ ਹੈ ਕਿ ਇਸ ਵਿਚ ਸਾਰਾ ਕੁਝ ਨਾਲ ਦੀ ਨਾਲ ਹੀ ਪ੍ਰਾਪਤ ਹੋ ਜਾਂਦਾ ਹੈ। ਇਸ ਦਾ ਫਲ ਉਸੇ ਵੇਲੇ ਮਿਲ ਜਾਂਦਾ ਹੈ। ਭਾਈ ਗੁਰਦਾਸ ਆਖਰੀ ਪੰਕਤੀ ਵਿਚ ਸਿੱਟਾ ਕੱਢਦੇ ਹਨ ਕਿ ਮਨੁੱਖ ਲਈ ਅਸਲੀ ਰਸਤਾ ਨਾਮ, ਦਾਨ ਅਤੇ ਇਸ਼ਨਾਨ ਦਾ ਹੈ; ਉਸ ਅਕਾਲ ਪੁਰਖ ਨੂੰ ਸਦਾ ਯਾਦ ਕਰਨਾ ਉਸ ਦਾ ਨਾਮ ਸਿਮਰਨ ਕਰਨਾ, ਆਪਣੇ ਹੱਥਾਂ ਨਾਲ ਕਮਾਈ ਕਰਕੇ ਉਸ ਨੂੰ ਲੋੜਵੰਦਾਂ ਨਾਲ ਵੰਡ ਕੇ ਛਕਣਾ; ਅੰਦਰੂਨੀ ਤੇ ਬਾਹਰੀ ਇਸ਼ਨਾਨ ਕਰਨਾ ਭਾਵ ਮਨ ਨੂੰ ਸਵੱਛ ਰੱਖਣਾ, ਬੁਰਾਈਆ ਤੋਂ ਬਚਾ ਕੇ ਰੱਖਣਾ ਅਤੇ ਸਰੀਰ ਨੂੰ ਬਾਹਰੀ ਮੈਲ ਤੋਂ ਸਾਫ਼ ਰੱਖਣਾ:
ਸੇਖਨਾਗ ਪਾਤੰਜਲ ਮਥਿਆ
ਗੁਰਮੁਖਿ ਸਾਸਤ੍ਰ ਨਾਗਿ ਸੁਣਾਈ।
ਵੇਦ ਅਥਰਵਣ ਬੋਲਿਆ
ਜੋਗ ਬਿਨਾ ਨਹਿ ਭਰਮੁ ਚੁਕਾਈ।
ਜਿਉ ਕਰਿ ਮੈਲੀ ਆਰਸੀ
ਸਿਕਲ ਬਿਨਾ ਨਹਿ ਮੁਖਿ ਦਿਖਾਈ।
ਜੋਗੁ ਪਦਾਰਥ ਨਿਰਮਲਾ
ਅਨਹਦ ਧੁਨਿ ਅੰਦਰਿ ਲਿਵ ਲਾਈ।
ਅਸਟ ਦਸਾ ਸਿਧਿ ਨਉ ਨਿਧੀ
ਗੁਰਮੁਖਿ ਜੋਗੀ ਚਰਨ ਲਗਾਈ।
ਤ੍ਰਿਹੁ ਜੁਗਾਂ ਕੀ ਬਾਸਨਾ
ਕਲਿਜੁਗ ਵਿਚਿ ਪਾਤੰਜਲਿ ਪਾਈ।
ਹਥੋ ਹਥੀ ਪਾਈਐ
ਭਗਤਿ ਜੋਗ ਕੀ ਪੂਰ ਕਮਾਈ।
ਨਾਮੁ ਦਾਨੁ ਇਸਨਾਨੁ ਸੁਭਾਈ॥
ਪਾਤੰਜਲੀ ਰਿਸ਼ੀ ਦੇ ਯੋਗ ਸੂਤਰ ਦੀ ਸੰਖੇਪ ਜਾਣਕਾਰੀ ਵਿਚ ਅਸੀਂ ਵਿਭੂਤੀ ਪਦ ਦਾ ਵਰਣਨ ਕਰਦਿਆਂ ਦੇਖਿਆ ਹੈ ਕਿ ਪਾਤੰਜਲੀ ਨੇ ਸਪੱਸ਼ਟ ਕੀਤਾ ਹੈ ਕਿ ਯੋਗ-ਅਭਿਆਸ ਰਾਹੀਂ ਯੋਗੀ ਅਦਭੁੱਤ ਸ਼ਕਤੀਆਂ, ਜਿਨ੍ਹਾਂ ਨੂੰ ਸਿੱਧੀਆਂ ਕਿਹਾ ਹੈ, ਪ੍ਰਾਪਤ ਕਰ ਲੈਂਦਾ ਹੈ। ਧਾਰਨ, ਧਿਆਨ ਅਤੇ ਸਮਾਧੀ ਦੇ ਸੁਮੇਲ ਦੇ ਅਭਿਆਸ ਨਾਲ ਮਨੁੱਖ ਕੋਲ ਵਿਭਿੰਨ ਪੂਰਨਤਾਵਾਂ, ਭਾਈ ਗੁਰਦਾਸ ਦੇ ਸ਼ਬਦਾਂ ਵਿਚ ਨੌਂ ਨਿੱਧੀਆਂ ਅਤੇ ਅਠਾਰਾਂ ਸਿੱਧੀਆਂ, ਆ ਜਾਂਦੀਆਂ ਹਨ। ਇਹ ਵੀ ਦੱਸਿਆ ਹੋਇਆ ਹੈ ਕਿ ਯੋਗੀ ਨੂੰ ਆਪਣਾ ਧਿਆਨ ਸਿੱਧੀਆਂ ਵੱਲੋਂ ਹਟਾ ਕੇ ਸਿਰਫ ਤੇ ਸਿਰਫ ਕੈਵਲਯ ਦੀ ਪ੍ਰਾਪਤੀ ‘ਤੇ ਹੀ ਕੇਂਦਰਤ ਕਰਨਾ ਚਾਹੀਦਾ ਹੈ। ਪਰ ਅਸੀਂ ਦੇਖਦੇ ਹਾਂ ਕਿ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ਨ ਸਮੇਂ ਯੋਗੀਆਂ ਦਾ ਜ਼ਿਆਦਾ ਝੁਕਾਅ ਵੱਖ ਵੱਖ ਸਿੱਧੀਆਂ ਪ੍ਰਾਪਤ ਕਰਨ ਵੱਲ ਹੀ ਲੱਗਾ ਹੋਇਆ ਸੀ। ਭਾਈ ਗੁਰਦਾਸ ਨੇ ਵੀ ਇਸ ਦਿਸ਼ਾ ਵਿਚ ਆਪਣੀਆਂ ਵਾਰਾਂ ਵਿਚ ਸੰਕੇਤ ਕੀਤਾ ਹੋਇਆ ਹੈ।