ਸਰਘੀ ਦਾ ਵਾਸਤਾ

ਡਾæ ਗੁਰਬਖ਼ਸ਼ ਸਿੰਘ ਭੰਡਾਲ
ਫੋਨ: 1-216-556-2080
ਬੜੀ ਪੀੜਤ ਏ ਸਰਘੀ ਅਤੇ ਦੁੱਖੀ ਨੇ ਸਰਘੀ ਦੀਆਂ ਨਿਆਮਤਾਂ। ਜੀਵਨ-ਦਾਤਾਂ ਵੰਡਣ ਵਾਲਾ ਰਹਿਬਰ ਜਦ ਆਪਣੀ ਹੋਣੀ ਦੀ ਫਿਕਰਮੰਦੀ ਵਿਚ ਧੁੱਖਣ ਲੱਗ ਪਵੇ ਤਾਂ ਇਸ ਦਾ ਸੇਕ ਉਸ ਦੇ ਅੰਤਰੀਵ ਨੂੰ ਲੱਗਣਾ ਸੁਭਾਵਕ ਹੁੰਦਾ ਏ।

ਸਰਘੀ ਵਿਚਾਰੀ ਵੀ ਕੀ ਕਰੇ? ਕਿਸ ਕੋਲ ਫਰਿਆਦ ਕਰੇ? ਕੋਈ ਨਹੀਂ ਸੁਣਦਾ, ਉਸਦੇ ਦੁੱਖੜੇ। ਕਿਸੇ ਕੋਲ ਨਹੀਂ ਵਿਹਲ, ਉਸਦੇ ਗ਼ਮਾਂ ਦੀ ਹਾਥ ਪਾਉਣ ਦੀ ਅਤੇ ਚਸਕਦੇ ਜਖਮਾਂ ‘ਤੇ ਮਰਹਮ ਲਾਉਣ ਦੀ? ਕਿਸੇ ਦੀ ਆਤਮਾ ਨਹੀਂ ਪਸੀਜਦੀ ਦਰਦ ‘ਚ ਅਤੇ ਨਾ ਹੀ ਕਿਸੇ ਦੀ ਅੱਖ ਵਿਚ ਹੰਝੂ ਛਲਕਦਾ ਏ, ਵੇਦਨਾ ਸੁਣ ਕੇ? ਚਾਰੇ ਪਾਸਿਓਂ ਘਿਰੀ ਸਰਘੀ, ਰਹਿ ਗਈ ਏ ਦਰਦੀਲੀ ਗਾਥਾ ਦੀ ਪਾਤਰ। ਪਰ ਕੌਣ ਪੜ੍ਹੇਗਾ ਹਉਕਿਆਂ ਦੀ ਵਾਰਤਾ?
ਸਰਘੀ ਦਾ ਸਮੁੱਚ, ਅੰਗਹੀਣ। ਇਸ ਦੀਆਂ ਸੁਰਤਾਲਾਂ, ਅੰਤਹੀਣ। ਇਸ ਦਾ ਸੰਦਲਾਪਣ, ਰੰਗਹੀਣ। ਇਸ ਦੀ ਸੁੰਦਰਤਾ, ਕੋਹਝ ਦੀ ਮਾਰੀ। ਇਸ ਦੇ ਚੌਗਿਰਦੇ ‘ਚ ਗੰਧਲਾਪਣ ਭਾਰੀ। ਇਸ ਦੇ ਨੂਰ-ਵਿਹੜੇ, ਹਨੇਰਿਆਂ ਦੀ ਸਰਦਾਰੀ। ਇਸ ਦੇ ਮੁੱਖੜੇ ‘ਤੇ ਲਾਲੀ ਬਖੇਰਨ ਵਾਲਾ ਰੁੱਸਿਆ ਗਿਆ ਏ ਲਲਾਰੀ ਅਤੇ ਇਸ ਦੇ ਨੈਣ-ਸਮੁੰਦਰਾਂ ਵਿਚ ਖਾਰਾਪਣ ਤਾਰੀ।
ਮਾਨਵੀ ਕੁਕਰਮਾਂ ਦੀ ਸਜ਼ਾ ਭੁਗਤ ਰਹੀ ਏ ਸਰਘੀ। ਧੁਆਂਖੇ ਗਏ ਨੇ ਇਸ ਦੇ ਸਰੋਕਾਰ। ਮਲੀਆਮੇਟ ਕਰ ਦਿਤੇ ਨੇ ਜਿਉਣ ਜੋਗੇ ਪੈੜ-ਚਿੰਨ੍ਹ। ਵਾਸ਼ਪ ਹੋ ਗਏ ਨੇ ਮਨੁੱਖੀ ਰਾਹਾਂ ਵਿਚ ਡੋਲੇ ਜਾਣ ਵਾਲੇ ਪਾਣੀ ਅਤੇ ਚੇਤਿਆਂ ‘ਚੋਂ ਖੁਰ ਰਹੀ ਏ ਇਸ ਦੀਆਂ ਕਰਾਮਾਤਾਈ ਦਾਤਾਂ ਦੀ ਸਦੀਆਂ ਪੁਰਾਣੀ ਕਹਾਣੀ।
ਕਦੇ ਵੇਲਾ ਸੀ ਕਿ ਅੰਮ੍ਰਿਤ ਵੇਲੇ, ਸਰਘੀ ਮਨੁੱਖਤਾ ਦੀ ਆਰਤੀ ਉਤਾਰਦੀ ਸੀ ਅਤੇ ਉਸ ਦੀ ਚਿਰੰਜੀਵਤਾ ਲਈ ਸੁੱਚੀਆਂ ਨਿਆਮਤਾਂ ਦੀ ਰਹਿਮਤ ਉਸ ਦੀ ਝੋਲੀ ਵਿਚ ਪਾਉਂਦੀ ਸੀ। ਲੰਮੀ ਉਮਰ ਦੀਆਂ ਦੁਆਵਾਂ, ਉਸ ਦੀ ਚਾਹਨਾ। ਜੀਵ-ਜੰਤੂਆਂ ਦੀ ਸਿਹਤਯਾਬੀ, ਉਸ ਦੀ ਅਰਦਾਸ। ਹਰ ਰੰਗ ਨੂੰ ਮਾਨਣ ਦੀ ਅਸੀਸ। ਸਰਬ ਜੀਵਾਂ ਵਿਚ ਇਕਸੁਰਤਾ ਅਤੇ ਇਕਸਾਰਤਾ, ਉਸ ਦੀ ਤਮੰਨਾ ਅਤੇ ਕਾਇਨਾਤ ਦੀ ਪ੍ਰਫੁੱਲਤਾ, ਉਸ ਦਾ ਧਰਮ।
ਹੁਣ ਨਜ਼ਰ ਨਹੀਂ ਆਉਂਦਾ ਸਰਘੀ ਦਾ ਤਾਰਾ। ਧੂੰਏਂ ਦੇ ਗੁਬਾਰ ਨੇ ਅਲੋਪ ਕਰ ਦਿਤਾ ਏ ਤਾਰਿਆਂ ਦਾ ਛੱਜ। ਤਾਰਿਆਂ ਸੰਗ ਗੁਫਤਗੂ ਬੀਤੇ ਦੀ ਬਾਤ। ਰਾਤ ਦੀ ਸ਼ਾਂਤੀ ਭੰਗ। ਰਾਤ ਦਾ ਸਹਿਜ ਅਤੇ ਇਸ ਦੀ ਸਾਰਥਿਕਤਾ ਮਨੁੱਖੀ ਦੌੜ ਨੇ ਖਾਧੀ। ਜੀਵਾਂ ਦਾ ਸੌਣਾ ਹਰਾਮ, ਹਰ ਪਾਸੇ ਦਿਨ-ਰਾਤ ਪੈ ਰਹੇ ਸ਼ੋਰ ਵਿਚ ਕੋਈ ਕਿਸ ਤਰ੍ਹਾਂ ਮਾਣ ਸਕਦਾ ਏ ਨੀਂਦ ਦਾ ਅਨੰਦ। ਸਰਘੀ ਦੇ ਤਾਰੇ ਜਿਹੀ ਹੋਣੀ ਵਾਲੇ ਮਨੁੱਖ ਦੀ ਅੱਖ ਵਿਚ ਕੌਣ ਧਰੇਗਾ ਚਾਨਣ ਦੀ ਕਾਤਰ ਅਤੇ ਕਿਹੜਾ ਮਸਤਕ ਕਰੇਗਾ ਤਾਰਾ-ਮੰਡਲ ਦੇ ਵਰਦਾਨਾਂ ਦੀ ਅਰਾਧਨਾ? ਵਾਸਤਾ ਈ! ਇਸ ਦੇ ਮੱਥੇ ਦਾ ਟਿੱਕਾ, ਸਰਘੀ ਦਾ ਤਾਰਾ ਕਿਤੋਂ ਤਾਂ ਢੂੰਡ ਲਿਆਵੋ ਅਤੇ ਕਰੂਪ ਸਰਘੀ ਨੂੰ ਸਜਾਵੋ।
ਸਰਘੀ ਕਿਸ ਤਰ੍ਹਾਂ ਸਰਘੀ ਕਹਿਣ ਦਾ ਹੱਕ ਜਤਾਵੇ ਜਦ ਉਸ ਦੀ ਤਾਸੀਰ ਹੀ ਫਿਜ਼ਾ ਨੂੰ ਸਿਸਕਦੇ ਸਾਹਾਂ ਦੀ ਖੈਰਾਤ ਪਾਵੇ। ਨਿਰਮਲ, ਤਾਜੀ ਅਤੇ ਸਾਫ ਹਵਾ ਦੇ ਲੰਮੇ ਲੰਮੇ ਸਾਹ ਬਖਸ਼ਣ ਵਾਲੀ ਸਰਘੀ ਵਿਚ ਘੁੱਲ ਗਈ ਏ ਧੂੰਏਂ ਅਤੇ ਧੂੜ ਦੇ ਕਣਾਂ ਦੀ ਬਹੁਤਾਤ। ਬਾਸੀ ਅਤੇ ਦੁਰਗੰਧਤ ਪੌਣ ਕਿਸ ਤਰ੍ਹਾਂ ਸਾਹ-ਸਾਜ ਵਜਾਵੇ ਅਤੇ ਲੰਮੇਰੀ ਉਮਰ ਦੀ ਕਾਮਨਾ ਹਰ ਪ੍ਰਾਣੀ ਦੇ ਨਾਮ ਲਾਵੇ? ਜਦ ਸਾਹਾਂ ਨੂੰ ਹੀ ਸਿਸਕਣਾ ਪੈ ਜਾਵੇ ਤਾਂ ਕੌਣ ਭਰੇਗਾ ਤੁਹਾਡੀ ਲਈ ਸ਼ੁਭ-ਕਾਮਨਾ ਦਾ ਹੁੰਗਾਰਾ?
ਭਲੇ ਵਕਤਾਂ ‘ਚ ਬ੍ਰਿਖ ਦੇ ਪੱਤੇ ਗੁਣਗਣਾਉਂਦੇ, ਬੋਟ ਆਲ੍ਹਣਿਆਂ ‘ਚ ਸੰਗੀਤਕ ਮਹਿਫਿਲਾਂ ਸਜਾਉਂਦੇ ਅਤੇ ਸੁਭ-ਸਵੇਰ ਦਾ ਅਲਾਪ ਉਪਜਾਉਂਦੇ। ਪਰਿੰਦਿਆਂ ਦੀ ਗੁਟਕਣੀ, ਕੁਦਰਤ ਦੇ ਸਭ ਤੋਂ ਹੁਸੀਨ ਪਲ। ਇਹ ਪਲ ਹੀ ਰੂਹ ਦੀ ਖੁਰਾਕ ਅਤੇ ਜੀਵਨ ਦੀ ਮਘਦੀ ਚੰਗਿਆੜੀ। ਮਸ਼ੀਨੀ ਸ਼ੋਰ ਵਿਚ ਗੁੰਮ ਗਏ ਬੋਟਾਂ ਦੇ ਬੋਲ, ਹਵਾ ਦੀ ਰੁਮਕਣੀ, ਗੁਫਤਗੂ ਦੀ ਸਰਸਰਾਹਟ ਅਤੇ ਸੱਜਣਾਂ ਦੇ ਕਦਮਾਂ ਦੀ ਆਹਟ, ਪੈਦਾ ਕਰ ਰਹੀ ਏ ਮਨੁੱਖੀ ਸਹਿਜ ਵਿਚ ਘਬਰਾਹਟ। ਮਨ ਦੇ ਰੁਦਨ ਨੂੰ ਮਿਟਾਉਣ ਖਾਤਰ ਅਸੀਂ ਸਹੀ ਉਪਾਅ ਕਰਕੇ, ਸਰਘੀ ਦੇ ਸੁੰਘੜਦੇ ਸਾਹਾਂ ਨੂੰ ਕੁਝ ਰਾਹਤ ਤਾਂ ਦਿਵਾ ਸਕਦੇ ਹਾਂ।
ਕਦੇ ਤ੍ਰੇਲ ਧੋਤੇ ਪੱਤੇ, ਮਨੁੱਖੀ ਸੋਚ ਵਿਚ ਤਾਜ਼ਗੀ ਭਰਦਿਆਂ, ਬਣਦੇ ਸਨ ਮਾਨਵੀ ਗੁਣਾਂ ਦਾ ਆਧਾਰ, ਹੁੰਦਾ ਸੀ ਸੁਹਜ ਸੋਚ ਦਾ ਪਸਾਰ ਅਤੇ ਰਿੜਕਣੀ ਬਣਦੇ ਸਨ ਸੂਹੇ ਵਿਚਾਰ। ਕਰਮ ਸ਼ੈਲੀ ਵਿਚ ਸਪੱਸ਼ਟਤਾ ਅਤੇ ਸਾਫਗੋਈ ਅਪਨਾਉਣ ਦਾ ਕਰਦਾ ਸੀ ਮਨ ਇਕਰਾਰ ਅਤੇ ਇਸ ਨਾਲ ਹੁੰਦਾ ਸੀ ਸਰਬਰੰਗੀ ਸ਼ਖਸੀਅਤ ਦਾ ਵਿਸਥਾਰ।
ਉਹ ਵੀ ਵੇਲਾ ਹੁੰਦਾ ਸੀ ਜਦ ਖੂਹ ਦੀਆਂ ਟਿੰਡਾਂ ਵਿਚੋਂ ਝਰਦਾ ਪਾਣੀ ਸਰਘੀ ਨੂੰ ਖੁਸ਼ਆਮਦੀਦ ਕਹਿੰਦਾ ਸੀ, ਕੋਈ ਬਜੁਰਗ ਔਲੂ ਵਿਚ ਡੁੱਬਕੀਆਂ ਮਾਰਦਾ, ਵਾਹਿਗੁਰੂ ਦਾ ਨਾਮ ਉਚਾਰਦਾ, ਸਭ ਦੀ ਖੁਸ਼ਹਾਲੀ ਅਤੇ ਤੰਦਰੁਸਤੀ ਲਈ ਅਰਦਾਸ ਕਰਦਾ। ਕਿੱਧਰੇ ਪਪੀਹੇ ਦੇ ਮਿਠੜੇ ਬੋਲ ਫਿਜ਼ਾ ਵਿਚ ਸੁਗੰਧੀ ਫੈਲਾਉਂਦੇ ਸਨ, ਖੇਤਾਂ ਵਿਚ ਲਹਿਰਾਉਂਦੀਆਂ ਫਸਲਾਂ ਦਾ ਨਜ਼ਾਰਾ ਅਤੇ ਖਾਲਾਂ-ਬੰਨਿਆਂ ‘ਤੇ ਅੰਮ੍ਰਿਤ ਵੇਲੇ ਦਾ ਗੇੜਾ ਮਨੁੱਖ ਦੇ ਅੰਦਰ ਕੋਮਲਤਾ ਰਮਾਉਂਦਾ ਸੀ। ਕੁਦਰਤ ਦਾ ਇਕ ਅਦਨਾ ਜਿਹਾ ਜੀਵ ਬਣ ਕੇ ਇਸ ਦੀ ਨਿੱਘੀ ਸੰਗਤ ‘ਚੋਂ ਜੀਵਨ ਦਾ ਭੇਤ ਪਾਉਂਦਾ ਸੀ। ਪਰ ਹੁਣ ਇਹ ਸਭ ਬੀਤੇ ਵਕਤਾਂ ਦੀਆਂ ਗੱਲਾਂ, ਨੇ ਜੋ ਬਣ ਕੇ ਰਹਿ ਗਈਆਂ ਨੇ ਯਾਦਾਂ। ਸਹਿਜਮਈ ਜੀਵਨ ‘ਤੇ ਭਾਰੂ ਏ ਮਕੈਨਕੀ ਜਿੰæਦਗੀ। ਰੋਬੋਟ ਬਣੇ ਮਨੁੱਖ ਵਿਚੋਂ ਭਾਵਨਾਵਾਂ ਦਾ ਕਿਆਸ ਕਰਨਾ ਏ ਵਿਅਰਥ।
ਸਰਘੀ ਸਹਿਕਦੀ ਏ ਉਨ੍ਹਾਂ ਪਲਾਂ ਨੂੰ ਜਦ ਅਫਗਾਨੀ, ਇਰਾਕੀ, ਸੁਮਾਲੀ, ਕਬਾਇਲੀ ਜਾਂ ਆਦਿਵਾਸੀ ਬੱਚਿਆਂ ਦੀ ਸੋਚ ਵਿਚੋਂ ਬੰਬਾਂ ਅਤੇ ਗੋਲੀਆਂ ਦੀ ਦਹਿਸ਼ਤ ਅਲੋਪ ਹੋ ਜਾਵੇਗੀ। ਉਨ੍ਹਾਂ ਦੀਆਂ ਮਾਸੂਮ ਸੋਚ-ਤਰੰਗਾਂ ਵਿਚੋਂ ਪੂਰਨੇ, ਮੁਹਾਰਨੀਆਂ ਅਤੇ ਹਰਫਾਂ ਦੀ ਲੋਅ ਉਜਾਗਰ ਹੋਵੇਗੀ, ਆਂਦਰਾਂ ਦੀ ਸਹਿਕ ‘ਚੋਂ ਟੁੱਕਰ ਦੀ ਭਾਲ ਦਾ ਹੇਰਵਾ ਨਹੀਂ ਰਹੇਗਾ ਅਤੇ ਉਹ ਆਪਣੇ ਬਚਪਨੇ ਨੂੰ ਮਾਣਦਿਆਂ ਕੁਦਰਤ ਦੇ ਲਾਡਲੇ ਖਿਡੌਣੇ ਬਣ ਕੇ ਸਰਘੀ ਦਾ ਜੀਅ ਪਰਚਾਉਣਗੇ।
ਯਾਦ ਰੱਖਣਾ! ਉਦੈ ਹੋਣ ਵਾਲਾ ਭਵਿੱਖਮੁਖੀ ਕਿਰਨ-ਕਾਫਲਾ ਹੀ ਆਉਣ ਵਾਲੀਆਂ ਪੀੜ੍ਹੀਆਂ ਦਾ ਮਾਰਗਦਰਸ਼ਨ ਕਰਦਾ ਏ ਜੋ ਸਮਾਜਿਕ ਮੁਹਾਂਦਰੇ ਨੂੰ ਨਿਖਾਰਨ ਲਈ ਪਹਿਲ ਬਣਦਾ ਏ।
ਸਰਘੀ ਨੂੰ ਆਸ ਏ ਕਿ ਕਦੇ ਤਾਂ ਉਸ ਦੇ ਚਾਨਣ ਵਿਚ ਨਹਾਉਣ ਵਾਲੇ ਮਨੁੱਖ ਦੀ ਜੀਵਨ-ਸ਼ੈਲੀ ਵਿਚ ਕੁਦਰਤ ਸੰਗ ਇਕਸੁਰਤਾ ਮੁੜ ਸੁਰਜੀਤ ਹੋਵੇਗੀ। ਉਹ ਹਵਾ, ਪਾਣੀ ਅਤੇ ਧਰਤ ਦੀ ਪਲੀਤੀ ਨੂੰ ਆਪਣਾ ਗੰਧਲਾਪਣ ਸਮਝ, ਇਸ ਦੀ ਸਫਾਫਤ ਵੰਨੀਂ ਉਚੇਚੇ ਸਾਰਥਕ ਉਪਰਾਲਿਆਂ ਦਾ ਸਿਰਲੇਖ ਬਣ ਕੇ, ਕੁਦਰਤੀ ਸਰੋਤਾਂ ‘ਚੋਂ ਆਪਣੀ ਸਥਿਰਤਾ ਅਤੇ ਸਦੀਵਤਾ ਦਾ ਪਾਠ ਪੜ੍ਹਨਾ ਸ਼ੁਰੂ ਕਰੇਗਾ।
ਸਰਘੀ ਦੀ ਤਮੰਨਾ ਏ ਕਿ ਮਨੁੱਖੀ ਭਾਵਨਾਵਾਂ ਵਿਚੋਂ ਵਾਸ਼ਪ ਹੋ ਚੁੱਕੇ ਸੁੱਚੇ ਸਰੋਕਾਰਾਂ ਦੀ ਰਹਿਤਲ ਮੁੜ ਸੁਰਜੀਤ ਹੋਵੇ, ਅਬਲਾ ਦੇ ਦਰਦ ਵਿਚ ਪਸੀਜਣ ਦੀ ਜਾਚ ਆਵੇ, ਡੰਗੋਰੀ ਦੀ ਪੀੜਾ ਨੂੰ ਸਮਝਣ ਦੀ ਸੁਮੱਤ ਆਵੇ, ਛਾਂ ਅਤੇ ਛੱਤ ਵਿਹੂਣੇ ਬੋਟਾਂ ਦੀ ਦਰਦੀਲੀ ਗਾਥਾ ਨੂੰ ਆਪਣੇ ਅੰਤਰੀਵ ਵਿਚ ਉਤਾਰਨ ਦਾ ਵੱਲ ਆਵੇ, ਆਪਸੀ ਮੁਹਬੱਤ ਅਤੇ ਭਾਈਚਾਰਕ ਸਾਂਝ ਦੀ ਬਾਣੀ ਕੰਠ ਹੋ ਜਾਵੇ, ਤ੍ਰਿਸ਼ੂਲ ਅਤੇ ਤਲਵਾਰ ਗਰੀਬ ਦੀ ਢਾਲ ਬਣ ਜਾਵੇ, ਮਨੁੱਖੀ ਚੀਥੜਿਆਂ ਅਤੇ ਰੱਤ ਨਾਲ ਲਿਬੜੀ ਖੂਨੀ ਰੁੱਤ ਕਦੇ ਵੀ ਸਰਘੀ ਦਾ ਦਰ ਨਾ ਖੜਕਾਵੇ, ਧਰਤੀ ‘ਤੇ ਪਸਰੀ ਗਹਿਰ, ਸੂਰਜ ਨੂੰ ਗ੍ਰਹਿਣ ਨਾ ਲਾਵੇ ਅਤੇ ਨਾ ਹੀ ਸਰਘੀ ਦਾ ਰੰਗਲਾਪਣ, ਪਿਲੱਤਣਾਂ ਦੀ ਜੂਨ ਹੰਢਾਵੇ।
ਸਰਘੀ ਚੂਸਣਾ ਚਾਹੁੰਦੀ ਏ ਚਿੱਟੀਆਂ ਚੁੰਨੀਆਂ ਦਾ ਰੁਦਨ, ਸੁੰਨੀਆਂ ਸੇਜਾਂ ਦੀ ਮਾਤਮੀ ਹੂਕ, ਮਰਨਹਾਰੀਆਂ ਆਸਾਂ ਦੀ ਵਿਲਕਣੀ, ਬਨੇਰਿਆਂ ‘ਤੇ ਬੁਝੇ ਦੀਵਿਆਂ ਦੀ ਲੇਰ, ਮਰ ਗਈ ਉਡੀਕ ਦਾ ਸੋਗ, ਆਂਦਰਾਂ ਨੂੰ ਮਾਰੀ ਗੰਢ ਦਾ ਦੁਖੜਾ ਅਤੇ ਆਪਣੇ ਜਾਇਆਂ ਦੇ ਦੀਦ ਨੂੰ ਲੋਚਦੀ ਬਜੁਰਗੀ ਨੀਝ ਦਾ ਤਰਲਾ।
ਸਰਘੀ ਦੀ ਲੋਚਾ ਏ ਕਿ ਹਰ ਮਨੁੱਖ, ਇਨਸਾਨੀਅਤ ਦਾ ਮਾਰਗ ਅਪਨਾਵੇ, ਉਸ ਦੀ ਕਰਮ ਸ਼ੈਲੀ ‘ਚੋਂ ਸਰਬਸੁੱਖ ਅਤੇ ਸੁਮੱਤ-ਕਾਮਨਾ ਦੀ ਸੁਗੰਧ ਆਵੇ, ਬਨਸਪਤੀ ਨੂੰ ਮੌਲਣ ਅਤੇ ਵਿਗਸਣ ਦਾ ਵਰ ਮਿਲੇ, ਜੀਵ-ਸੰਸਾਰ ਨੂੰ ਆਪਣੇ ਰੰਗ ਵਿਚ ਰਹਿਣ ਦਾ ਸੁਭਾਗ ਪ੍ਰਾਪਤ ਹੋਵੇ, ਹਰ ਪ੍ਰਾਣੀ ਨੂੰ ਆਪਣੀਆਂ ਰੀਝਾਂ ਅਤੇ ਸ਼ੌਕ ਪੁਗਾਉਣ ਦਾ ਮੌਕਾ ਤੇ ਮੁਹਲਤ ਮਿਲੇ, ਪਰਬਤਾਂ, ਸਮੁੰਦਰਾਂ, ਜੰਗਲਾਂ, ਮਾਰੂਥਲਾਂ ਵਿਚ ਜੀਵਨ ਦਾ ਕਾਰਵਾਂ ਚਲਦਾ ਰਹੇ, ਮਕਾਨ ਅਤੇ ਮਹਿਲ, ਘਰ ਬਣਨ, ਮਕੈਨਕੀ ਜਿੰæਦਗੀ ਤੋਂ ਕੁਝ ਕੁ ਵਿੱਥ ਬਣੀ ਰਹੇ, ਖੇਤਾਂ ‘ਚ ਉਗਦੀਆਂ ਰਹਿਣ ਜਿਊਣ ਜੋਗੀਆਂ ਫਸਲਾਂ ਤੇ ਹਰ ਸਾਹ ਨੂੰ ਮਿਲਦੀ ਰਹੇ ਉਪਜੀਵਕਾ।
ਨਵੀਂ ਸਰਘੀ ਦੀ ਆਮਦ ‘ਤੇ, ਸਰਘੀ ਦਾ ਕਹਿਣਾ ਮੰਨੀਏ, ਸੁੰਗੜ ਰਹੀਆਂ ਕਿਸਮਤ ਰੇਖਾਵਾਂ ਨੂੰ ਲੰਮੇਰਾ ਕਰੀਏ, ਕਰਮਯੋਗਤਾ ‘ਚੋਂ ਮਾਨਵੀ ਰਹਿਤਲ ਨੂੰ ਪਰਿਭਾਸ਼ਤ ਕਰੀਏ, ਪੌਣਾਂ ਦੇ ਨਾਮ ਰੁਮਕਣੀ ਤੇ ਦਰਿਆਵਾਂ ਦੇ ਨਾਂ ਰਵਾਨਗੀ ਕਰੀਏ, ਟੁੱਟੇ ਖੰਭਾਂ ‘ਚ ਅੰਬਰੀ ਉਡਾਣ ਭਰੀਏ, ਵਿਲਕਦੇ ਬੋਟਾਂ ਲਈ ਚੋਗ ਦਾ ਆਹਰ ਕਰੀਏ ਤੇ ਆਪਣੇ ਸੋਚ-ਆਲ੍ਹੇ ‘ਚ ਜਗਦਾ ਦੀਵਾ ਧਰੀਏ।
ਸਰਘੀ ਦਾ ਸੁਪਨਾ ਏ ਕਿ ਸਵੇਰੇ ਚਹਿਕਦੀਆਂ ਚਿੜੀਆਂ ਦਾ ਸੰਗੀਤ ਕਾਇਨਾਤ ਨੂੰ ਗੂੜੀ ਨੀਂਦ ‘ਚੋਂ ਜਗਾਵੇ, ਹਰ ਡਾਲ ਹਰੀਆਂ ਕਚੂਰ ਪੱਤੀਆਂ ਨੂੰ ਪਿੰਡੇ ਦਾ ਹਾਰ ਬਣਾਵੇ, ਕੁਦਰਤ ਰਾਣੀ ਹਰ ਟਾਹਣੀ ਨੂੰ ਡੋਡੀਆਂ ਦਾ ਸ਼ਗਨ ਪਾਵੇ, ਹਰ ਡੋਡੀ ਨੂੰ ਖਿੜਨ ਦਾ ਵਰ ਮਿਲੇ, ਹਰ ਫੁੱਲ ਨੂੰ ਜਵਾਨੀ ਮਾਨਣ ਅਤੇ ਆਪਣੀ ਅਉਧ ਪੁਗਾਉਣ ਦੀ ਆਸਥਾ ਨਸੀਬ ਹੋਵੇ, ਫੁੱਲ ਪੱਤੀਆਂ ‘ਤੇ ਡਲਕਦੀ ਤ੍ਰੇਲ ‘ਚੋਂ ਚਾਨਣ ਝਰੇ, ਮਹਿਕਾਂ ਅਤੇ ਸੁਗੰਧੀਆਂ ਦਾ ਕਾਫਲਾ ਫਿਜ਼ਾ ਦੀ ਹਰ ਨੁੱਕਰ ਨੂੰ ਸੁਗੰਧਤ ਕਰੇ, ਭੌਰਿਆਂ ਅਤੇ ਤਿੱਤਲੀਆਂ ਦੇ ਪਰਾਂ ‘ਚ ਸੰਗੀਤਕ ਛਹਿਬਰ ਵਰ੍ਹੇ ਅਤੇ ਚਹਿਕਦਾ ਚਮਨ, ਵਿਹੜੇ ਦੀ ਆਭਾ ਵਿਚ ਵਾਧਾ ਕਰੇ।
ਸਰਘੀ, ਸੁਪਨਿਆਂ ਨੂੰ ਸੋਚ ਦੇ ਹਾਣੀ ਬਣਾਉਣ ਦੀ ਦੁਆ ਕਰੇ। ਚਾਹੇ ਕਿ ਸਭ ਨੂੰ ਘਰ ਬਣਾਉਣ ਅਤੇ ਘਰਾਂ ਨੂੰ ਸਿਰਜਣਾਤਮਿਕਤਾ ਦੀ ਅਸੀਸ ਮਿਲੇ, ਰਿਸ਼ਤਿਆਂ ਵਿਚ ਨਿੱਘ ਅਤੇ ਸਕੂਨ ਦਾ ਵਾਸਾ ਹੋਵੇ ਅਤੇ ਤੁਹਾਡੇ ਮਸਤਕ ਵਿਚ ਸਹਿਜ, ਸੂਖਮ ਅਤੇ ਸੰਦਲੀ ਭਾਵਨਾਵਾਂ ਦਾ ਸੰਚਾਰ ਹੋਵੇ।