ਗੁਲਜ਼ਾਰ ਸਿੰਘ ਸੰਧੂ
ਪੰਜਾਬੀ ਦੇ ਨਾਮਵਰ ਕਵੀ ਸ਼ਿਵ ਕੁਮਾਰ ਨੂੰ 7 ਮਈ ਵਾਲੇ ਦਿਨ ਇਸ ਦੁਨੀਆਂ ਤੋਂ ਕੂਚ ਕੀਤਿਆਂ 43 ਵਰ੍ਹੇ ਹੋ ਗਏ ਹਨ। ਉਹ 36 ਵਰ੍ਹੇ ਦੀ ਅਲਪ ਉਮਰੇ ਤੁਰ ਗਿਆ ਸੀ। ਜੋਬਨ ਰੁੱਤੇ ਮਰ ਕੇ ਫੁੱਲ ਜਾਂ ਤਾਰਾ ਬਣਨ ਦਾ ਹੋਕਾ ਦੇਣ ਵਾਲੇ ਸ਼ਿਵ ਦੇ ਮਨ ਨੂੰ ਅਲਵਿਦਾ ਕਹਿਣ ਦੀ ਅਚਵੀ ਜਿਹੀ ਲੱਗੀ ਹੋਈ ਸੀ। ਸ਼ਾਇਦ ਏਸੇ ਲਈ ਉਸ ਨੇ ਪੀੜਾਂ ਦਾ ਪਰਾਗਾ (1960), ਲਾਜਵੰਤੀ (1961), ਆਟੇ ਦੀਆਂ ਚਿੜੀਆਂ (1962), ਮੈਨੂੰ ਵਿਦਾ ਕਰੋ (1963), ਚਾਰ ਸਾਲਾਂ ਵਿਚ ਚਾਰ ਕਾਵਿ ਸੰਗ੍ਰਿਹ ਤੇ ਇਸ ਤੋਂ ਪਿੱਛੋਂ ਬਿਰਹਾ ਤੂੰ ਸੁਲਤਾਨ ਤੇ ਦਰਦਮੰਦਾਂ ਦੀਆਂ ਆਹੀਂ ਇਕੱਲੇ 1964 ਵਿਚ ਏਸ ਤਰ੍ਹਾਂ ਪੰਜਾਬੀ ਜਗਤ ਦੀ ਝੋਲੀ ਸੁੱਟੇ ਜਿਵੇਂ ਕੋਈ ਰੁਖਸਤ ਲੈਣ ਤੋਂ ਪਹਿਲਾਂ ਸਾਰੇ ਕੰਮ ਮੁਕਾਉਂਦਾ ਹੈ।
1965 ਵਿਚ ḔਲੂਣਾḔ ਦੀ ਰਚਨਾ ਕਰਕੇ ਉਸ ਨੇ ਸਮਾਜ ਪ੍ਰਤੀ ਸਾਰੀਆਂ ਜ਼ਿੰਮੇਵਾਰੀਆਂ ਨਿਭਾ ਕੇ ਭਰੇ ਭਰਾਏ ਮੁੜ ਜਾਣ ਦੀ ਤਿਆਰੀ ਕਰ ਲਈ ਸੀ।
ਬਟਾਲਾ ਸ਼ਹਿਰ ਨਾਲ ਜੁੜੇ ਸ਼ਿਵ ਬਟਾਲਵੀ ਨੇ ਆਪਣੇ ਜੀਵਨ ਦਾ ਵਧੇਰੇ ਹਿੱਸਾ ਚੰਡੀਗੜ੍ਹ ਬਿਤਾਇਆ। ਅੱਜ ਚੰਡੀਗੜ੍ਹ ਸਾਹਿਤ ਅਕਾਡਮੀ, ਪੰਜਾਬ ਕਲਾ ਪ੍ਰੀਸ਼ਦ ਤੇ ਹੋਰ ਸੰਸਥਾਵਾਂ ਨੇ ਉਸ ਦੇ ਗੀਤਾਂ ਤੇ ਗਜ਼ਲਾਂ ਦੇ ਗਾਇਨ ਅਤੇ ਸਮੁੱਚੀ ਰਚਨਾ ਉਤੇ ਸੈਮੀਨਾਰ ਰਚਾ ਚੇਤੇ ਕੀਤਾ ਹੈ।
ਮੈਂ ਇਸ ਨਿੱਕੇ ਜਿਹੇ ਲੇਖ ਵਿਚ ਉਸ ਦੀਆਂ ਉਨ੍ਹਾਂ ਧਾਰਨਾਵਾਂ ਨੂੰ ਚੇਤੇ ਕਰਨ ਦਾ ਯਤਨ ਕਰਾਂਗਾ ਜਿਹੜੀਆਂ ਮੈਂ ਉਸ ਦੀ ਕਵਿਤਾ ਵਿਚੋਂ ਫੜੀਆਂ ਹਨ। ਪਹਿਲਾ ਪਿਆਰ ਦਾ ਸੰਕਲਪ:
ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ
ਤੈਨੂੰ ਚੁੰਮਣ ਪਿਛਲੀ ਸੰਗ ਵਰਗਾ।
ਹੈ ਕਿਰਨਾਂ ਦੇ ਵਿਚ ਨਸ਼ਾ ਜਿਹਾ
ਕਿਸੇ ਛੀਂਬੇ ਸੱਪ ਦੇ ਡੰਗ ਵਰਗਾ।
ਦੂਜੀ ਧਾਰਨਾ ਸੀ ਜ਼ਿੰਦਗੀ ਨੂੰ ਰੱਜ ਕੇ ਮਾਨਣ ਦਾ ਚਾਅ:
ਨੀ ਜਿੰਦੇ ਮੈਂ ਕਲ ਨਹੀਂ ਰਹਿਣਾ
ਅੱਜ ਰਾਤੀਂ ਅਸਾਂ ਘੁੱਟ ਸਾਹਾਂ ਵਿਚ
ਗੀਤ ਦਾ ਭਰਿਆ ਚੁੰਮਣ ਲੈਣਾ।
ਕੱਲ ਤੱਕ ਪੀੜ ਮੇਰੀ ਨੂੰ ਸਮਿਆਂ
ਵਰ ਲੈ ਜਾਣਾ ਜ਼ੋਰੀ।
ਉਸ ਦੀ ਤੀਜੀ ਧਾਰਨਾ ਦਾ ਆਧਾਰ ਦੂਜੀ ਧਾਰਨਾ ਹੀ ਹੈ:
ਅਸਾਂ ਤਾਂ ਜੋਬਨ ਰੁੱਤੇ ਮਰਨੇ
ਮਰਨੇ ਦੀ ਰੁੱਤ ਸੋਈ
ਜੋਬਨ ਰੁੱਤੇ ਜੋ ਵੀ ਮਰਦਾ
ਫੁੱਲ ਬਣੇ ਜਾਂ ਤਾਰਾ।
ਚੌਥੀ ਧਾਰਨਾ ਉਸ ਦੀ ਸਾਹਿਤ ਅਕਾਡਮੀ ਇਨਾਮ ਜੇਤੂ ਰਚਨਾ ḔਲੂਣਾḔ ਦਾ ਮੁੱਖ ਵਿਸ਼ਾ ਹੈ:
ਪਿਤਾ ਜੇ ਧੀ ਦਾ ਰੂਪ ਹੰਢਾਵੇ
ਤਾਂ ਲੋਕਾਂ ਨੂੰ ਲਾਜ ਨਾ ਆਵੇ।
ਜੇ ਲੂਣਾ ਪੂਰਨ ਨੂੰ ਚਾਹਵੇ
ਚਰਿੱਤਰਹੀਣ ਕਿਉਂ ਆਖੇ
ਜੀਭ ਜਹਾਨ ਦੀ।
ਸ਼ਿਵ ਬਟਾਲਵੀ ਦੀ ਪੰਜਾਬੀ ਧਾਰਨਾ ਉਸ ਦੇ ਨਿੱਕੇ ਤੇ ਮਾਣ ਮੱਤੇ ਜੀਵਨ ਦਾ ਨਿਚੋੜ ਸੀ। ਇਕ ਤਰ੍ਹਾਂ ਨਾਲ ਉਸ ਦਾ ਜੀਵਨ ਦਰਸ਼ਨ:
ਪੁਰਾਣੀ ਅੱਖ ਮੇਰੇ ਮੱਥ Ḕਚੋਂ ਕੱਢ ਕੇ
ਸੁੱਟ ਦਿਓ ਕਿਧਰੇ
ਇਹ ਅੰਨ੍ਹੀ ਹੋ ਚੁੱਕੀ ਹੈ
ਮੈਨੂੰ ਇਸ ਅੱਖ ਸੰਗ ਹੁਣ
ਆਪਣਾ ਆਪ ਵੀ ਨਹੀਂ ਦਿਸਦਾ
ਤੁਹਾਨੂੰ ਕਿੰਜ ਵੇਖਾਂਗਾ?
ਬਦਲਦੇ ਮੌਸਮਾਂ ਦੀ ਅੱਗ ਸਾਵੀਂ
ਕਿੰਜ ਸੇਕਾਂਗਾ?
ਸ਼ਿਵ ਸਦਾ ਨਵੀਂ ਤੇ ਨਰੋਈ ਗੱਲ ਕਰਨ ਲਈ ਤੜਪਦਾ ਰਹਿੰਦਾ। ਉਸ ਨੇ ਜੋਬਨ ਰੁੱਤੇ ਮਰਨ ਦਾ ਜਿਹੜਾ ਸੰਕਲਪ ਪਾਲ ਰੱਖਿਆ ਸੀ, ਉਪਰੋਕਤ ਕਵਿਤਾ ਵਿਚ ਇਕ ਵੱਖਰਾ ਰੂਪ ਧਾਰ ਕੇ ਪੇਸ਼ ਆਉਂਦਾ ਹੈ। ਕੁਝ ਹੋਰ ਕਵਿਤਾਵਾਂ ਵਿਚ ਵੀ।
ਮੈਂ ਸ਼ਿਵ ਕੁਮਾਰ ਬਟਾਲਵੀ ਦੀਆਂ ਧਾਰਨਾਵਾਂ ਨੂੰ ਸਮੇਟਣ ਤੋਂ ਪਹਿਲਾਂ ਇਕ ਉਹ ਘਟਨਾ ਵੀ ਦੱਸਣੀ ਚਾਹਾਂਗਾ ਜਿਸ ਦਾ ਮੈਂ ਚਸ਼ਮਦੀਦ ਗਵਾਹ ਹਾਂ। ਇਕ ਦਿੱਲੀ ਤੋਂ ਚੰਡੀਗੜ੍ਹ ਫੇਰੀ ਸਮੇਂ ਮੈਂ ਉਸ ਦੇ ਘਰ ਗਿਆ ਤਾਂ ਉਹ ਨਸ਼ੇ ਦੀ ਤੋਟ ਕਾਰਨ ਨਿਢਾਲ ਪਿਆ ਸੀ। ਮੈਂ ਸ਼ਿਮਲੇ ਦੇ ਰਾਹ ਵਿਚ ਢੱਲੀ ਨਾਂ ਦੇ ਉਸ ਸਥਾਨ ਉਤੇ ਲਿਜਾਣ ਦੀ ਪੇਸ਼ਕਸ਼ ਕੀਤੀ ਜਿਥੋਂ ਚੌਵੀ ਘੰਟੇ ਦਾਰੂ ਮਿਲਦੀ ਸੀ। ਉਹ ਉਸੇ ਤਰ੍ਹਾਂ ਉਠ ਕੇ ਮੇਰੀ ਗੱਡੀ ਵਿਚ ਆ ਬੈਠਿਆ। ਪਹਾੜੀ ਸਫਰ ਸ਼ੁਰੂ ਹੋਇਆ ਤਾਂ ਸ਼ਿਵ ਕੁਮਾਰ ਗੁਣਗੁਣਾਉਣ ਲੱਗਾ:
ਚੜ੍ਹ ਆ, ਚੜ੍ਹ ਆ, ਚੜ੍ਹ ਆ
ਧਰਤੀ ਤੇ ਧਰਤੀ ਧਰ ਆ
ਅੱਜ ਸਾਰਾ ਅੰਬਰ ਤੇਰਾ
ਤੈਨੂੰ ਰੋਕਣ ਵਾਲਾ ਕਿਹੜਾ।
ਸ਼ਿਵ ਦੀ ਨਿਗਾਹ ਉਸ ਪਹਾੜਨ ਉਤੇ ਟਿਕੀ ਹੋਈ ਸੀ ਜਿਹੜੀ ਦੂਰ ਪਰੇ ਪਹਾੜੀ ਉਤੇ ਚੜ੍ਹ ਰਹੀ ਸੀ। ਢੱਲੀ ਤੋਂ ਵਾਪਸੀ ਸਮੇਂ ਉਹ ਉਚੀ ਹੇਕ ਵਿਚ ਗਾਉਣ ਲੱਗਾ:
ਅੰਬਰ ਚੜ੍ਹਨਾ ਔਖਾ ਨਾਹੀਂ
ਜੇ ਨਾ ਲੈ ਦਏ ਮੇਰਾ।
ਚੜ੍ਹ ਆ, ਚੜ੍ਹ ਆ, ਚੜ੍ਹ ਆ
ਤੂੰ ਲੈ ਕੇ ਨਾਂ ਅੱਜ ਮੇਰਾ।
ਹੁਣ ਉਹ ਨਸ਼ੇ ਦੇ ਜ਼ੋਰ ਵਿਚ ਸੀ। ਇਸ ਕਵਿਤਾ ਵਿਚਲਾ ਸੱਚ ਮੇਰੇ ਅੱਜ ਤੱਕ ਪੱਲੇ ਨਹੀਂ ਪਿਆ ਪਰ ਮੈਂ ਇਸ ਦੀ ਕਾਵਿਕ ਉਤਮਤਾ ਤੋਂ ਇਨਕਾਰ ਨਹੀਂ ਕਰ ਸਕਦਾ। ਇਹ ਸੀ ਸ਼ਿਵ ਦਾ ਕਾਵਿਕ ਸੱਚ ਜਿਹੜਾ ਅੱਧੀ ਸਦੀ ਬੀਤ ਜਾਣ ਉਤੇ ਵੀ ਮੇਰਾ ਪਿੱਛਾ ਨਹੀਂ ਛੱਡ ਰਿਹਾ।
ਅੰਤਿਕਾ: (ਮੀਰ ਤਕੀ ਮੀਰ)
ਸਰਹਾਣੇ ਮੀਰ ਕੇ ਆਹਿਸਤਾ ਬੋਲੋ
ਅਭੀ ਟੁਕ ਰੋਤੇ ਰੋਤੇ ਸੋ ਗਿਆ ਹੈ।