ਨਵੇਂ ‘ਜਥੇਦਾਰਾਂ’ ਦੀ ਸਰਗਰਮੀ ਨੇ ਵਧਾਈਆਂ ਮੁਸ਼ਕਲਾਂ

ਅੰਮ੍ਰਿਤਸਰ: ਸਰਬੱਤ ਖਾਲਸਾ ਵੱਲੋਂ ਥਾਪੇ ਗਏ ਤਖਤਾਂ ਦੇ ਜਥੇਦਾਰਾਂ ਦੀਆਂ ਸਰਗਰਮੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਜਾਬ ਸਰਕਾਰ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮੱਥਾ ਟੇਕਣ ਪੁੱਜੇ ਇਨ੍ਹਾਂ ਜਥੇਦਾਰਾਂ ਨੇ ਐਲਾਨ ਕੀਤਾ ਹੈ ਕਿ ਪੰਜ ਤਖਤਾਂ ਦੀ ਯਾਤਰਾ ਮੁਕੰਮਲ ਕਰਨ ਮਗਰੋਂ ਉਨ੍ਹਾਂ ਵਲੋਂ ਛੇਤੀ ਹੀ ਇਕ ਦਫਤਰ ਖੋਲ੍ਹਿਆ ਜਾਵੇਗਾ

ਜਿਥੇ ਸਿੱਖ ਸੰਗਤਾਂ ਦੀਆਂ ਸਮੱਸਿਆਵਾਂ ਦੇ ਹੱਲ ਬਾਰੇ ਵਿਚਾਰ ਵਟਾਂਦਰਾ ਹੋਵੇਗਾ। ਉਧਰ, ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਤਿੰਨਾਂ ਤਖਤਾਂ ਦੇ ਜਥੇਦਾਰਾਂ ਨੂੰ ਤਨਖ਼ਾਹੀਆ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨਾਂ ਜਥੇਦਾਰਾਂ ਨੂੰ ਪਟਨਾ ਸਾਹਿਬ ਜਾਣ ਮੌਕੇ ਕਿਸੇ ਵੱਲੋਂ ਕੋਈ ਸਤਿਕਾਰ ਨਹੀਂ ਦਿੱਤਾ ਗਿਆ। ਜਿਸ ਕਮੇਟੀ ਮੈਂਬਰ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ ਸੀ, ਉਸ ਨੂੰ ਪਹਿਲਾਂ ਹੀ ਤਨਖ਼ਾਹੀਆ ਕਰਾਰ ਕੀਤਾ ਹੋਇਆ ਹੈ। ਇਸ ਲਈ ਉਨ੍ਹਾਂ ਕੋਲੋਂ ਸਨਮਾਨ ਲੈਣ ਕਰ ਕੇ ਇਨ੍ਹਾਂ ਤਿੰਨਾਂ ਜਥੇਦਾਰਾਂ ਨੂੰ ਵੀ ਤਨਖ਼ਾਹੀਆ ਹੀ ਸਮਝਿਆ ਜਾਵੇ।
ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਵਾਲਿਆਂ ਵਿਚ ਸਰਬੱਤ ਖਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਸ਼ਾਮਲ ਸਨ। ਇਸ ਮੌਕੇ ਭਾਈ ਧਿਆਨ ਸਿੰਘ ਮੰਡ ਨੇ ਦਾਅਵਾ ਕੀਤਾ ਕਿ ਦੋ ਹੋਰ ਤਖਤਾਂ ‘ਤੇ ਨਤਮਸਤਕ ਹੋਣ ਮਗਰੋਂ ਦਫਤਰ ਖੋਲ੍ਹਣ ਬਾਰੇ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਨੇ ਛੇ ਜੂਨ ਨੂੰ ਸ਼ਹੀਦੀ ਸਮਾਗਮ ਸਮੇਂ ਬਤੌਰ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਸਿੱਖ ਕੌਮ ਦੇ ਨਾਂ ਸੰਦੇਸ਼ ਪੜ੍ਹਨ ਬਾਰੇ ਆਖਿਆ ਕਿ ਜੇ ਸੰਗਤ ਚਾਹੇਗੀ ਤਾਂ ਉਹ ਇਹ ਸੇਵਾ ਨਿਭਾਉਣਗੇ।
ਇਸ ਦੌਰਾਨ ਕਿਸੇ ਸੰਭਾਵੀ ਗੜਬੜ ਤੋਂ ਬਚਾਅ ਲਈ ਜਿਥੇ ਸਮੁੱਚਾ ਦਿਨ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਅਤੇ ਚਿੱਟ ਕੱਪੜੀਏ ਪੁਲਿਸ ਮੁਲਾਜ਼ਮ ਪ੍ਰਕਰਮਾ ਵਿਚ ਹਾਜ਼ਰ ਰਹੇ, ਉਥੇ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਵਿਚ ਆਏ ਪੰਥਕ ਆਗੂਆਂ ਨੇ ਆਮ ਸ਼ਰਧਾਲੂਆਂ ਵਜੋਂ ਸ਼ਾਂਤੀਪੂਰਨ ਮੱਥਾ ਟੇਕਿਆ ਅਤੇ ਸਿੱਖ ਸੰਗਤ ਨੂੰ ਵੀ ਆਪਸੀ ਟਕਰਾਅ ਦੀ ਨੀਤੀ ਤੋਂ ਗੁਰੇਜ਼ ਦਾ ਸੱਦਾ ਦਿੱਤਾ।