ਭਾਜਪਾ ਤੇ ਅਕਾਲੀ ਦਲ ਵਿਚਾਲੇ ਠੰਢੀ ਜੰਗ?

ਸੱਤਾ ਵਿਚ ਬਣਦੀ ਥਾਂ ਨਾ ਮਿਲਣ ਤੋਂ ਭਾਜਪਾ ਨਾਰਾਜ਼
ਅਕਾਲੀ ਆਗੂਆਂ ਦੀਆਂ ਆਪ-ਹੁਦਰੀਆਂ ਤੋਂ ਵੀ ਔਖੀ
ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਪੰਜਾਬ ਵਿਚ ਅਕਾਲੀ-ਭਾਜਪਾ ਗੱਠਜੋੜ ਦੀ ਲਗਾਤਾਰ ਦੂਜੀ ਵਾਰ ਬਣੀ ਸਰਕਾਰ ਲਈ ਨਿੱਤ ਨਵੀਆਂ ਵੰਗਾਰਾਂ ਮੂੰਹ ਅੱਡੀ ਖੜ੍ਹੀਆਂ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬੇਸ਼ੱਕ ਆਪਣੀ ਸੂਝ-ਬੂਝ ਤੇ ਕੂਟਨੀਤਕ ਚਾਲਾਂ ਨਾਲ ‘ਸਭ ਅੱਛਾ’ ਹੋਣ ਦਾ ਪ੍ਰਭਾਵ ਦੇ ਰਹੇ ਹਨ, ਪਰ ਹੁਣ ਉਨ੍ਹਾਂ ਨੂੰ ਵੀ ਦੂਜੀ ਵਾਰ ਮਿਲੀ ਸੱਤਾ ਕੰਡਿਆਂ ਦਾ ਤਾਜ ਮਹਿਸੂਸ ਹੋਣ ਲੱਗਾ ਹੈ। ਇਸ ਵੇਲੇ ਜਿਥੇ ਸ਼੍ਰੋਮਣੀ ਅਕਾਲੀ ਦਲ ਅੰਦਰ ਉਭਰੀ ਧੜੇਬੰਦੀ ਨੇ ਸ਼ ਬਾਦਲ ਲਈ ਸੱਤਾ ਦਾ ਅਨੰਦ ਖਰਾਬ ਤਾਂ ਕੀਤਾ ਹੀ ਹੈ, ਉਥੇ ਕਈ ਸਾਲਾਂ ਤੋਂ ਭਾਈਵਾਲ ਚੱਲੀ ਆ ਰਹੀ ਭਾਰਤੀ ਜਨਤਾ ਪਾਰਟੀ ਦੇ ਤਿੱਖੇ ਤੇਵਰ ਵੀ ਉਨ੍ਹਾਂ ਨੂੰ ਸਤਾ ਰਹੇ ਹਨ।
ਅਸਲ ਵਿਚ ਭਾਜਪਾ ਆਗੂ ਅਕਾਲੀ ਮੰਤਰੀਆਂ ਦੀ ਕਾਰਜ ਸ਼ੈਲੀ ਤੋਂ ਨਾਰਾਜ਼ ਹਨ। ਮੀਡੀਆ ਵਿਚ ਇਸ ਗੱਲ ਦੀ ਚਰਚਾ ਹੈ ਕਿ ਸਰਕਾਰ ਵਿਚ ਉਪਰੋਂ ਬੇਸ਼ੱਕ ਸਭ ਕੁਝ ਠੀਕ ਜਾਪਦਾ ਹੈ ਪਰ ਅਸਲੀਅਤ ਇਹ ਹੈ ਕਿ ਦੋਵਾਂ ਧਿਰਾਂ ਅੰਦਰ ਠੰਢੀ ਜੰਗ ਭਖੀ ਹੋਈ ਹੈ। ਭਾਜਪਾ ਆਗੂ ਖੁੱਲ੍ਹੇਆਮ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਵਿਰੁਧ ਕੁਝ ਨਹੀਂ ਬੋਲ ਰਹੇ ਪਰ ਅੰਦਰੋਂ ਬੇਹੱਦ ਦੁਖੀ ਹਨ। ਭਾਜਪਾ ਆਗੂ ਮਹਿਸੂਸ ਕਰਦੇ ਹਨ ਕਿ ਰਾਜ ਭਾਗ ਵਿਚ ਉਨ੍ਹਾਂ ਦੀ ਕਿਧਰੇ ਵੀ ਪੁੱਛਗਿਛ ਨਹੀਂ ਅਤੇ ਅਕਾਲੀ ਦਲ ਦੇ ਮੰਤਰੀਆਂ ਦੀ ਹੀ ਹਰ ਪਾਸੇ ਚੱਲਦੀ ਹੈ।
ਦੂਜਾ, ਅਕਾਲੀ ਦਲ ਜਿਥੇ ਪਿੰਡਾਂ ਵਿਚ ਅਪਣਾ ਵੋਟ ਬੈਂਕ ਪੂਰੀ ਤਰ੍ਹਾਂ ਮਜ਼ਬੂਤ ਕਰ ਰਿਹਾ ਹੈ, ਉਥੇ ਸ਼ਹਿਰਾਂ ਵਿਚ ਭਾਜਪਾ ਦੇ ਵੋਟ ਬੈਂਕ ਨੂੰ ਖੋਰਾ ਵੀ ਲਗਾ ਰਿਹਾ ਹੈ। ਅਕਾਲੀ ਦਲ ਵੱਲੋਂ ਹਿੰਦੂ ਨੇਤਾਵਾਂ ਨੂੰ ਟਿਕਟਾਂ ਦੇ ਕੇ ਵਿਧਾਇਕ ਬਣਾਉਣ ਦੇ ਅਮਲ ਨੂੰ ਵੀ ਭਾਜਪਾ ਗੰਭੀਰ ਚੁਣੌਤੀ ਸਮਝ ਰਹੀ ਹੈ। ਪਿਛਲੇ ਦਿਨੀਂ ਇਸੇ ਠੰਢੀ ਜੰਗ ਕਾਰਨ ਹੀ ਸਿਹਤ ਮੰਤਰੀ ਮਦਨ ਮੋਹਨ ਮਿੱਤਲ ਨੇ ਪਹਿਲਾਂ ਤਾਂ ਜਲੰਧਰ ਦੇ ਇਕ ਸਮਾਗਮ ਵਿਚ ਪੁਲਿਸ ਦੇ ਸੀਨੀਅਰ ਅਧਿਕਾਰੀ ਨੂੰ ਬੇਇੱਜ਼ਤ ਕੀਤਾ ਅਤੇ ਫਿਰ ਮੀਡੀਆ ਵਿਚ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਪੰਜਾਬ ਦੇ ਅਧਿਕਾਰੀ ਉਨ੍ਹਾਂ ਨੂੰ ਤਾਂ ਮੰਤਰੀ ਹੀ ਨਹੀਂ ਸਮਝਦੇ!
ਇਸ ਤੋਂ ਇਲਾਵਾ ਪਿਛਲੇ ਮਹੀਨਿਆਂ ਵਿਚ ਅਕਾਲੀਆਂ ਦੇ ਲੱਠਮਾਰਾਂ ਦੀਆਂ ਆਪ-ਹੁਦਰੀਆਂ ਨਾਲ ਸਰਕਾਰ ਦੇ ਅਕਸ ਨੂੰ ਢਾਹ ਲੱਗੀ ਹੈ। ਇਸ ਦਾ ਅਸਰ ਸ਼ਹਿਰੀ ਵੋਟਰਾਂ ‘ਤੇ ਸਭ ਤੋਂ ਜ਼ਿਆਦਾ ਪੈ ਰਿਹਾ ਹੈ ਜਿਸ ਕਰ ਕੇ ਭਾਜਪਾ ਨੂੰ ਆਪਣਾ ਵੋਟ ਬੈਂਕ ਖੁਰਦਾ ਨਜ਼ਰ ਆ ਰਿਹਾ ਹੈ। ਭਾਜਪਾ ਨੇ ਅਮਨ ਕਾਨੂੰਨ ਦੀ ਮਾੜੀ ਹਾਲਤ ਦਾ ਮਾਮਲਾ ਮੁੱਖ ਮੰਤਰੀ ਕੋਲ ਵੀ ਉਠਾਇਆ ਹੈ, ਪਰ ਇਸ ਸਬੰਧੀ ਅਜੇ ਕੋਈ ਵੀ ਕਦਮ ਨਹੀਂ ਚੁੱਕਿਆ ਜਾ ਸਕਿਆ। ਭਾਜਪਾ ਸਰਕਾਰ ਦੀ ਕਾਰਜ ਸ਼ੈਲੀ ਤੋਂ ਵੀ ਖਫ਼ਾ ਹੈ ਕਿਉਂਕਿ ਵਿੱਤੀ ਸੰਕਟ ਨਾਲ ਨਜਿੱਠਣ ਲਈ ਲਾਏ ਗਏ ਟੈਕਸਾਂ ਦਾ ਜ਼ਿਆਦਾ ਬੋਝ ਸ਼ਹਿਰੀ ਵੱਸੋਂ ‘ਤੇ ਹੀ ਪਿਆ ਹੈ।
ਭਾਜਪਾ ਇਨ੍ਹਾਂ ਮਾਮਲਿਆਂ ਨੂੰ ਲੈ ਕੇ ਦੁਖੀ ਤਾਂ ਹੈ, ਪਰ ਉਸ ਦੀ ਕੋਈ ਪੇਸ਼ ਨਹੀਂ ਚੱਲਦੀ ਕਿਉਂਕਿ ਉਸ ਨੂੰ ਪਤਾ ਹੈ ਕਿ ਅਕਾਲੀਆਂ ਦੇ ਸਾਥ ਬਿਨਾਂ ਉਹ ਇਕ ਵੀ ਸੀਟ ਨਹੀਂ ਜਿੱਤ ਸਕਦੇ। ਭਾਜਪਾ ਹਮੇਸ਼ਾ ਸੁਖਬੀਰ ਬਾਦਲ ਨੂੰ ਮੁੱਖ ਮੰਤਰੀ ਬਣਾਉਣ ਦਾ ਵਿਰੋਧ ਕਰਦੀ ਆ ਰਹੀ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਸੁਖਬੀਰ ਦੇ ਹੱਥ ਸਾਰੀ ਤਾਕਤ ਆਉਣ ਨਾਲ ਉਨ੍ਹਾਂ ਦੀ ਕੋਈ ਪੁੱਛਗਿੱਛ ਨਹੀਂ ਰਹਿਣੀ। ਭਾਜਪਾ ਇਸ ਗੱਲ ਤੋਂ ਵੀ ਖਫਾ ਹੈ ਕਿ ਅਕਾਲੀ ਦਲ ਪੇਂਡੂ ਵੋਟਰਾਂ ਨੂੰ ਧਿਆਨ ਵਿਚ ਰੱਖ ਕੇ ਰਣਨੀਤੀ ਉਲੀਕ ਰਿਹਾ ਹੈ, ਪਰ ਉਨ੍ਹਾਂ ਦਾ ਵੋਟ ਬੈਂਕ ਤਾਂ ਸ਼ਹਿਰਾਂ ਵਿਚ ਹੈ।
ਭਾਜਪਾ ਨੇ ਇਹ ਸਾਰੇ ਮਾਮਲੇ ਕਈ ਵਾਰ ਮੁੱਖ ਮੰਤਰੀ ਕੋਲ ਉਠਾਏ ਹਨ, ਪਰ ਸ੍ਰੀ ਬਾਦਲ ਨੇ ਉਨ੍ਹਾਂ ਨੂੰ ਹਮੇਸ਼ਾ ਪਲੋਸ ਲਿਆ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਵੱਡੇ ਬਾਦਲ ਦੀ ਹਲੀਮੀ ਵਾਲੀ ਰਣਨੀਤੀ ਸੁਖਬੀਰ ਕੋਲ ਨਹੀਂ ਤੇ ਇਸ ਲਈ ਉਹ ਭਾਜਪਾ ਨੂੰ ਨਾਲ ਲੈ ਕੇ ਚੱਲਣ ਵਿਚ ਸਫਲ ਨਹੀਂ ਹੋ ਸਕਣਗੇ। ਇਹੀ ਕਾਰਨ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਜੇ ਸੁਖਬੀਰ ਨੂੰ ਪੂਰੀਆਂ ਤਾਕਤਾਂ ਨਹੀਂ ਦੇ ਰਹੇ।
_____________________________
ਭਾਜਪਾ ਦੀ ਚੁੱਪ ਦੇ ਅਸਲ ਅਰਥ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਸਾਂਝ ਤੋਂ ਪਹਿਲਾਂ ਪੰਜਾਬ ਵਿਚ ਭਾਜਪਾ ਦਾ ਕੋਈ ਬਹੁਤਾ ਆਧਾਰ ਨਹੀਂ ਸੀ, ਪਰ ਅਕਾਲੀ ਦਲ ਨਾਲ ਸਾਂਝ ਤੋਂ ਬਾਅਦ ਇਸ ਨੂੰ ਵਿਧਾਨ ਸਭਾ ਵਿਚ ਮਜ਼ਬੂਤ ਧਿਰ ਬਣਨ ਦਾ ਮੌਕਾ ਮਿਲਿਆ। ਇਸ ਦਾ ਮੁੱਢਲਾ ਆਧਾਰ ਭਾਵੇਂ ਸ਼ਹਿਰਾਂ ਵਿਚ ਹੈ ਸੀ, ਪਰ ਕਾਂਗਰਸ ਸ਼ਹਿਰਾਂ ਵਿਚ ਵੀ ਇਸ ਦੀ ਪੇਸ਼ ਨਹੀਂ ਸੀ ਜਾਣ ਦਿੰਦੀ। ਦੂਜੇ ਬੰਨੇ, ਅਕਾਲੀ ਦਲ ਦਾ ਮੁੱਖ ਆਧਾਰ ਪਹਿਲਾਂ ਪਿੰਡ ਹੀ ਸਨ। ਇਸ ਲਈ ਅਣਲਿਖੇ ਸਮਝੌਤੇ ਤਹਿਤ ਅਕਾਲੀ ਦਲ ਪਿੰਡਾਂ ਅਤੇ ਭਾਜਪਾ ਸ਼ਹਿਰਾਂ ਵੱਲ ਹੋਰ ਵਧੇਰੇ ਧਿਆਨ ਦੇਣ ਲੱਗ ਪਈ। ਸੱਤਾ ਹੱਥ ਆਉਂਦਿਆਂ ਹੀ ਦੋਹਾਂ ਧਿਰਾਂ ਨੇ ਆਪੋ-ਆਪਣਾ ਆਧਾਰ ਮਜ਼ਬੂਤ ਕਰਨ ਦਾ ਹੀਲਾ ਕੀਤਾ। ਭਾਜਪਾ ਆਗੂਆਂ ਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਅਕਾਲੀ ਦਲ ਦੀ ਇਮਦਾਦ ਤੋਂ ਬਿਨਾਂ ਇਹ ਸਭ ਅਸੰਭਵ ਸੀ। ਖਾੜਕੂ ਧਿਰਾਂ ਵੀ ਇਸੇ ਕਰ ਕੇ ਬਾਦਲਾਂ ਨਾਲ ਬਹੁਤੀਆਂ ਨਾਰਾਜ਼ ਰਹਿੰਦੀਆਂ ਹਨ ਕਿ ਇਸ ਨੇ ਪੰਜਾਬ ਵਿਚ ਇਸ ਪਾਰਟੀ ਦੇ ਪੈਰ ਲੁਆਏ ਹੀ ਨਹੀਂ, ਸਗੋਂ ਮਜ਼ਬੂਤ ਕੀਤੇ।

Be the first to comment

Leave a Reply

Your email address will not be published.