ਸਿਆਸੀ ਕੈਰੀਅਰ ਦਾਅ ‘ਤੇ
ਚੰਡੀਗੜ੍ਹ: ਅਧਿਆਪਕਾਂ ਦੀ ਭਰਤੀ ਵਿਚ ਹੋਏ ਘੁਟਾਲੇ ਦੇ ਮਾਮਲੇ ਵਿਚ ਸੀæਬੀæਆਈæ ਅਦਾਲਤ ਨੇ ਹਰਿਆਣਾ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਓਮ ਪ੍ਰਕਾਸ਼ ਚੌਟਾਲਾ ਤੇ ਉਨ੍ਹਾਂ ਦੇ ਪੁੱਤ ਅਜੈ ਚੌਟਾਲਾ ਨੂੰ 10-10 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਸ ਨਾਲ ਜਿਥੇ ਚੌਟਾਲਾ ਪਿਓ-ਪੁੱਤ ਦੇ ਸਿਆਸੀ ਕੈਰੀਅਰ ‘ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ, ਉਥੇ ਉਨ੍ਹਾਂ ਦੀ ਇੰਡੀਅਨ ਨੈਸ਼ਨਲ ਲੋਕ ਦਲ ਪਾਰਟੀ ਦਾ ਭਵਿੱਖ ਵੀ ਦਾਅ ‘ਤੇ ਲੱਗ ਗਿਆ ਹੈ ਕਿਉਂਕਿ ਹੁਣ ਤੱਕ ਪਾਰਟੀ ਦੀਆਂ ਸਾਰੀਆਂ ਸ਼ਕਤੀਆਂ ਚੌਟਾਲਾ ਪਿਓ-ਪੁੱਤ ਦੇ ਹੱਥ ਹੀ ਸਨ।
78 ਸਾਲਾ ਚੌਧਰੀ ਓਮ ਪ੍ਰਕਾਸ਼ ਚੌਟਾਲਾ ਅਤੇ ਉਨ੍ਹਾਂ ਦੇ 51 ਸਾਲਾ ਪੁੱਤਰ ਅਜੈ-ਦੋਵੇਂ ਹੀ ਵਿਧਾਇਕ ਹਨ ਤੇ ਜੇ ਉਪਰਲੀ ਅਦਾਲਤ ਵੱਲੋਂ ਉਨ੍ਹਾਂ ਦੀ ਸਜ਼ਾ ‘ਤੇ ਰੋਕ ਨਹੀਂ ਲਾਈ ਜਾਂਦੀ ਤਾਂ ਉਨ੍ਹਾਂ ਨੂੰ ਅਗਲੇ ਸਾਲ ਵਿਧਾਨ ਸਭਾ ਚੋਣਾਂ ਵਿਚ ਖੜ੍ਹਾ ਹੋਣ ਦੇ ਅਯੋਗ ਕਰਾਰ ਦਿੱਤਾ ਜਾ ਸਕਦਾ ਹੈ ਕਿਉਂਕਿ ਲੋਕ ਪ੍ਰਤੀਨਿਧਤਾ ਕਾਨੂੰਨ ਅਨੁਸਾਰ ਕਿਸੇ ਅਪਰਾਧ ਲਈ ਦੋਸ਼ੀ ਤੇ ਦੋ ਸਾਲਾਂ ਤੋਂ ਵੱਧ ਜੇਲ੍ਹ ਦੀ ਸਜ਼ਾ ਵਾਲਾ ਕੋਈ ਵੀ ਵਿਅਕਤੀ ਸਜ਼ਾ ਖਤਮ ਹੋਣ ਦੇ ਛੇ ਸਾਲਾਂ ਬਾਅਦ ਤਕ ਚੋਣ ਨਹੀਂ ਲੜ ਸਕਦਾ।
ਜ਼ਿਕਰਯੋਗ ਹੈ ਕਿ ਸ੍ਰੀ ਚੌਟਾਲਾ ਨੇ ਮੁੱਖ ਮੰਤਰੀ ਹੁੰਦਿਆਂ 1999-2000 ਵਿਚ ਜੇæਬੀæਟੀæ ਅਧਿਆਪਕਾਂ ਦੀ ਭਰਤੀ ਕੀਤੀ ਸੀ। ਇਸ ਮਾਮਲੇ ਵਿਚ ਪਿਛਲੇ ਹਫ਼ਤੇ ਚੌਟਾਲਾ ਪਿਓ-ਪੁੱਤਰ, ਦੋ ਆਈæਏæਐਸ਼ ਅਧਿਕਾਰੀਆਂ ਸਣੇ 55 ਵਿਅਕਤੀਆਂ ਨੂੰ ਦੋਸ਼ੀ ਠਹਿਰਾਉਣ ਵਾਲੇ ਸੀæਬੀæਆਈæ ਅਦਾਲਤ ਦੇ ਵਿਸ਼ੇਸ਼ ਜੱਜ ਵਿਨੋਦ ਕੁਮਾਰ ਨੇ 22 ਜਨਵਰੀ ਨੂੰ ਦੋਸ਼ੀਆਂ ਨੂੰ ਵੱਖ-ਵੱਖ ਸਮੇਂ ਲਈ ਸਜ਼ਾ ਸੁਣਾਈ। ਸ੍ਰੀ ਚੌਟਾਲਾ ਨੂੰ ਪਿਛਲੇ ਹਫ਼ਤੇ ਹਿਰਾਸਤ ਵਿਚ ਲੈਣ ਮਗਰੋਂ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ ਜਿਸ ਕਾਰਨ ਉਹ ਸਜ਼ਾ ਸੁਣਾਉਣ ਸਮੇਂ ਅਦਾਲਤ ਵਿਚ ਹਾਜ਼ਰ ਨਹੀਂ ਸੀ ਪਰ ਉਨ੍ਹਾਂ ਦਾ ਪੁੱਤ ਤੇ ਹੋਰ ਸਾਰੇ ਦੋਸ਼ੀ ਮੌਜੂਦ ਸਨ।
ਅਦਾਲਤ ਨੇ ਪਿਓ-ਪੁੱਤ ਤੋਂ ਇਲਾਵਾ ਤਤਕਾਲੀ ਡਾਇਰੈਕਟਰ ਪ੍ਰਾਇਮਰੀ ਸਿੱਖਿਆ ਸੰਜੀਵ ਕੁਮਾਰ, ਚੌਟਾਲਾ ਦੇ ਸਾਬਕਾ ਓæਐਸ਼ਡੀæ ਵਿਦਿਆਧਰ (ਦੋਵੇਂ ਆਈæਏæਐਸ਼) ਤੇ ਹਰਿਆਣਾ ਦੇ ਮੁੱਖ ਮੰਤਰੀ ਦੇ ਤਤਕਾਲੀ ਸਿਆਸੀ ਸਲਾਹਕਾਰ ਸ਼ੇਰ ਸਿੰਘ ਬੜਸ਼ਾਮੀ (ਵਿਧਾਇਕ) ਨੂੰ ਵੀ 10-10 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸਾਰੇ 55 ਦੋਸ਼ੀਆਂ ਨੂੰ ਤਾਜੀਰਾਤੇ ਹਿੰਦ ਦੀ ਧਾਰਾ 120 ਬੀ, 418, 467, 471 ਅਤੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀ ਧਾਰਾ 13 (1) ਡੀ ਤੇ 13 (2) ਤਹਿਤ ਦੋਸ਼ੀ ਠਹਿਰਾਇਆ ਗਿਆ ਤੇ ਸਜ਼ਾ ਸੁਣਾਈ ਗਈ ਹੈ।
ਪੰਜ ਮੁੱਖ ਦੋਸ਼ੀਆਂ ਤੋਂ ਇਲਾਵਾ ਇਕ ਔਰਤ ਸਣੇ ਚਾਰ ਹੋਰਨਾਂ ਨੂੰ 10-10 ਸਾਲਾਂ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਇਲਾਵਾ ਇਕ ਦੋਸ਼ੀ ਨੂੰ ਪੰਜ ਸਾਲ, ਜਦਕਿ ਬਾਕੀ 45 ਦੋਸ਼ੀਆਂ ਨੂੰ 4-4 ਸਾਲਾਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਪੰਜ ਮੁੱਖ ਦੋਸ਼ੀਆਂ ਤੋਂ ਇਲਾਵਾ ਦੁਰਗਾ ਦੱਤ ਪ੍ਰਧਾਨ, ਬਨੀ ਸਿੰਘ, ਦਿਆ ਸੈਣੀ ਤੇ ਮਦਨ ਲਾਲ ਕਾਲੜਾ ਨੂੰ 10 ਸਾਲ ਦੀ ਸਜ਼ਾ ਹੋਈ। ਪੁਸ਼ਕਰ ਮਲ ਵਰਮਾ ਨੂੰ ਪੰਜ ਸਾਲ ਦੀ ਸਜ਼ਾ ਸੁਣਾਈ ਗਈ।
ਸਿਆਸੀ ਮਾਹਿਰਾਂ ਦੀ ਰਾਏ ਹੈ ਕਿ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ, ਉਨ੍ਹਾਂ ਦੇ ਵੱਡੇ ਲੜਕੇ ਅਜੈ ਚੌਟਾਲਾ, ਹਰਿਆਣਾ ਵਿਧਾਨ ਸਭਾ ਵਿਚ ਪਾਰਟੀ ਦੇ ਉਪ ਆਗੂ ਸ਼ੇਰ ਸਿੰਘ ਬੜਸ਼ਾਮੀ ਨੂੰ ਜੇæਬੀæਟੀæ ਅਧਿਆਪਕ ਘੁਟਾਲੇ ਵਿਚ ਦਸ-ਦਸ ਸਾਲ ਦੀ ਸਜ਼ਾ ਹੋਣ ਨਾਲ ਇਨੈਲੋ ਨੂੰ ਜ਼ਬਰਦਸਤ ਰਾਜਨੀਤਕ ਸੱਟ ਵੱਜੀ ਹੈ। ਇਸ ਕਾਰਨ ਹਰਿਆਣਾ ਦੀ ਰਾਜਨੀਤੀ ਵਿਚ ਅਹਿਮ ਉਤਰਾ-ਚੜ੍ਹਾਅ ਆਉਣ ਦੇ ਆਸਾਰ ਬਣ ਗਏ ਹਨ।
ਸਿਆਸੀ ਹਲਕਿਆਂ ਦਾ ਕਹਿਣਾ ਹੈ ਕਿ ਇਨੈਲੋ ਲਈ ਇਹ ਫੈਸਲਾ ਉਸ ਸਮੇਂ ਆਇਆ ਜਦੋਂ ਲੋਕ ਸਭਾ ਚੋਣਾਂ ਲਈ ਰਾਜਨੀਤਕ ਸਰਗਰਮੀਆਂ ਕਿਸੇ ਨਾ ਕਿਸੇ ਰੂਪ ਵਿਚ ਸ਼ੁਰੂ ਹੋਣ ਵਾਲੀਆਂ ਹਨ। ਇਨੈਲੋ ਲਈ ਲੀਡਰਸ਼ਿਪ ਦੀ ਘਾਟ ਨੂੰ ਪੂਰਾ ਕਰਨਾ ਮੁਸ਼ਕਿਲ ਹੈ ਪਰ ਸਾਬਕਾ ਮੁੱਖ ਮੰਤਰੀ ਦੇ ਪੋਤਰੇ ਦੁਸ਼ਿਅੰਤ, ਦਿਗਵਿਜੇ ਤੇ ਕਰਨ ਸਿੰਘ ਪਾਰਟੀ ਦੀ ਕਮਾਂਡ ਸੰਭਾਲਣ ਵਾਸਤੇ ਅੱਗੇ ਆਉਣ ਲਈ ਤਿਆਰ ਹਨ। ਇਨੈਲੋ ਹਰਿਆਣਾ ਦੇ ਪ੍ਰਧਾਨ ਅਸ਼ੋਕ ਅਰੋੜਾ ਤੇ ਸਾਬਕਾ ਮੁੱਖ ਮੰਤਰੀ ਦੇ ਛੋਟੇ ਲੜਕੇ ਤੇ ਵਿਧਾਇਕ ਅਭੈ ਚੌਟਾਲਾ ਨੇ ਇਸ ਕੇਸ ਦੇ ਫੈਸਲੇ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਪਰ ਕਿਹਾ ਕਿ ਪਾਰਟੀ ਇਸ ਫੈਸਲੇ ਨੂੰ ਹਾਈ ਕੋਰਟ ਵਿਚ ਚੁਣੌਤੀ ਦੇਵੇਗੀ। ਉਧਰ, ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਹੈ ਕਿ ਇਹ ਕੇਸ ਕੌਮੀ ਜਮਹੂਰੀ ਗਠਜੋੜ ਸਰਕਾਰ ਦੇ ਸਮੇਂ ਦਾ ਸੀ ਜੇ ਕਿਸੇ ਨੂੰ ਫੈਸਲੇ ਬਾਰੇ ਇਤਰਾਜ਼ ਹੈ ਤੇ ਉਹ ਉਚ ਅਦਾਲਤ ਵਿਚ ਜਾ ਸਕਦਾ ਹੈ।
____________________________
ਸਿਆਸੀ ਭਵਿੱਖ ਨੂੰ ਖਤਰਾ
ਚੰਡੀਗੜ੍ਹ: ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਤੇ ਉਨ੍ਹਾਂ ਦੇ ਪੁੱਤਰ ਅਜੈ ਚੌਟਾਲਾ ਨੂੰ ਭ੍ਰਿਸ਼ਟਾਚਾਰ ਦੇ ਕੇਸ ਵਿਚ ਅਦਾਲਤ ਵੱਲੋਂ ਦੋਸ਼ੀ ਕਰਾਰ ਦੇਣ ਦੇ ਬਾਵਜੂਦ ਇਹ ਦੋਵੇਂ ਅਕਤੂਬਰ 2014 ਤੱਕ ਵਿਧਾਨ ਸਭਾ ਦੇ ਮੈਂਬਰ ਬਣੇ ਰਹਿ ਸਕਦੇ ਹਨ। ਇਨ੍ਹਾਂ ਨੂੰ ਲੋਕ ਪ੍ਰਤੀਨਿਧਤਾ ਕਾਨੂੰਨ 1951 ਦੀ ਧਾਰਾ 8(4) ਤਹਿਤ ਛੋਟ ਹਾਸਲ ਹੈ ਜਿਸ ਮੁਤਾਬਕ ਦੋਸ਼ੀ ਕਰਾਰ ਦਿੱਤਾ ਕੋਈ ਐਮæਪੀæ ਜਾਂ ਐਮæਐਲ਼ਏæ ਆਪੋ-ਆਪਣੇ ਹਲਕੇ ਦੇ ਨੁਮਾਇੰਦੇ ਵਜੋਂ ਆਪਣਾ ਦਰਜਾ ਬਰਕਰਾਰ ਰੱਖ ਸਕਦੇ ਪਰ ਉਨ੍ਹਾਂ ਨੂੰ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਫੈਸਲੇ ਖ਼ਿਲਾਫ਼ ਅਪੀਲ ਦਾਇਰ ਕਰਨੀ ਪਵੇਗੀ।
ਉਂਜ, ਚੋਣ ਲੜ ਸਕਣ ਦੀ ਉਨ੍ਹਾਂ ਦੀ ਯੋਗਤਾ ਇਸ ਗੱਲ ‘ਤੇ ਮੁਨੱਸਰ ਕਰੇਗੀ ਕਿ ਉਨ੍ਹਾਂ ਦੀ ਅਪੀਲ ‘ਤੇ ਅੰਤਮ ਫੈਸਲਾ ਕੀ ਆਉਂਦਾ ਹੈ। ਹਾਈ ਕੋਰਟ ਜਾਂ ਸੁਪਰੀਮ ਕੋਰਟ ਵੱਲੋਂ ਉਨ੍ਹਾਂ ਨੂੰ ਦੁਬਾਰਾ ਚੋਣ ਲੜਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ, ਬਸ਼ਰਤੇ ਕਿ ਉਨ੍ਹਾਂ ਦੀ ਅਪੀਲ ਦਾ ਨਿਬੇੜਾ ਹੋਣ ਤਕ ਉਨ੍ਹਾਂ ਨੂੰ ਦੋਸ਼ੀ ਕਰਾਰ ਦੇਣ ਦੇ ਫੈਸਲੇ ‘ਤੇ ਰੋਕ ਲਗਾ ਦਿੱਤੀ ਜਾਵੇ। ਉਂਜ ਮਹਿਜ਼ ਸਜ਼ਾ ਦੇ ਅਮਲ ‘ਤੇ ਰੋਕ ਲਗਾ ਦੇਣ ਨਾਲ ਹੀ ਉਨ੍ਹਾਂ ਨੂੰ ਮੁੜ ਚੋਣ ਲੜਨ ਦੀ ਖੁੱਲ੍ਹ ਨਹੀਂ ਮਿਲ ਸਕੇਗੀ।
ਜੇ ਉਹ ਹਾਈ ਕੋਰਟ ਜਾਂ ਸੁਪਰੀਮ ਕੋਰਟ ਤੋਂ ਕੋਈ ਰਾਹਤ ਲੈਣ ਵਿਚ ਨਾਕਾਮ ਰਹਿੰਦੇ ਹਨ ਤਾਂ ਸਜ਼ਾ ਦੇ ਅਰਸੇ ਦੌਰਾਨ ਤੇ ਸਜ਼ਾ ਪੂਰੀ ਕਰਨ ਤੋਂ ਬਾਅਦ ਛੇ ਸਾਲਾਂ ਤਕ ਕੋਈ ਚੋਣ ਨਹੀਂ ਲੜ ਸਕਣਗੇ। ਭ੍ਰਿਸ਼ਟਾਚਾਰ ਰੋਕੂ ਕਾਨੂੰਨ 1988 ਦੀ ਧਾਰਾ 8(2) ਤਹਿਤ ਭ੍ਰਿਸ਼ਟਾਚਾਰ ਦਾ ਕੋਈ ਦੋਸ਼ੀ ਛੇ ਸਾਲ ਲਈ ਚੋਣ ਨਹੀਂ ਲੜ ਸਕਦਾ ਭਾਵੇਂ ਟਰਾਇਲ ਕੋਰਟ ਵੱਲੋਂ ਉਸ ਨੂੰ ਮਹਿਜ਼ ਜੁਰਮਾਨਾ ਲਾ ਕੇ ਹੀ ਛੱਡ ਦਿੱਤਾ ਜਾਵੇ। ਜੇ ਸਜ਼ਾ ਹੋ ਜਾਂਦੀ ਹੈ ਤਾਂ ਦੋਸ਼ੀ ਵਿਅਕਤੀ ਸਜ਼ਾ ਦੇ ਅਰਸੇ ਅਤੇ ਇਸ ਤੋਂ ਬਾਅਦ ਛੇ ਸਾਲ ਤਕ ਕੋਈ ਚੋਣ ਨਹੀਂ ਲੜ ਸਕਦਾ।
ਸੁਪਰੀਮ ਕੋਰਟ ਵੱਲੋਂ ਲੋਕ ਪ੍ਰਤੀਨਿਧਤਾ ਕਾਨੂੰਨ ਦੀ ਧਾਰਾ 8 (4) ਨੂੰ ਚੁਣੌਤੀ ਦਿੰਦੀ ਇਕ ਜਨਹਿਤ ਪਟੀਸ਼ਨ ਉਤੇ ਸੁਣਵਾਈ ਕੀਤੀ ਜਾ ਰਹੀ ਹੈ। ਪਟੀਸ਼ਨਰਾਂ ਨੇ ਇਸ ਧਾਰਾ ਨੂੰ ਚੁਣੌਤੀ ਦਿੰਦਿਆਂ ਦਲੀਲ ਦਿੱਤੀ ਹੈ ਕਿ ਇਹ ਧਾਰਾ ਇਸੇ ਅਨੁਛੇਦ ਦੀ ਇਕ ਹੋਰ ਧਾਰਾ ਦੇ ਉਲਟ ਭੁਗਤਦੀ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਜੇ ਕਿਸੇ ਵਿਅਕਤੀ ਨੂੰ ਦੋ ਸਾਲ ਜਾਂ ਇਸ ਤੋਂ ਵੱਧ ਸਜ਼ਾ ਹੋ ਜਾਂਦੀ ਹੈ ਤਾਂ ਉਸ ਨੂੰ ਵਿਧਾਨ ਸਭਾ ਜਾਂ ਸੰਸਦ ਦੀ ਚੋਣ ਲੜਨ ਤੋਂ ਰੋਕ ਦਿੱਤਾ ਜਾਵੇ।
______________________
ਬਾਦਲ ਚੁੱਪ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੋ ਚੌਟਾਲਾ ਪਰਿਵਾਰ ਦੇ ਬਹੁਤ ਨਜ਼ਦੀਕ ਹਨ, ਨੇ ਇਸ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ। ਯਾਦ ਰਹੇ ਕਿ ਸ੍ਰੀ ਬਾਦਲ ਦੀ ਆਪਣੀ ਵਜ਼ਾਰਤ ਦੀ ਇਕ ਅਹਿਮ ਮੈਂਬਰ ਜਗੀਰ ਕੌਰ ਨੂੰ ਸੀæਬੀæਆਈæ ਅਦਾਲਤ ਨੇ ਆਪਣੀ ਹੀ ਧੀ ਦਾ ਜਬਰੀ ਗਰਭਪਾਤ ਕਰਵਾਉਣ ਦੇ ਦੋਸ਼ ਵਿਚ ਪੰਜ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਸੀ। ਉਸ ਵੇਲੇ ਉਨ੍ਹਾਂ ਨੂੰ ਵਜ਼ਾਰਤ ਛੱਡਣੀ ਪਈ ਸੀ ਪਰ ਉਹ ਅਜੇ ਵੀ ਵਿਧਾਨ ਸਭਾ ਦੀ ਮੈਂਬਰ ਹੈ। ਉਸ ਵੇਲੇ ਵੀ ਸ੍ਰੀ ਬਾਦਲ ਚੁੱਪ ਹੀ ਰਹੇ ਸਨ।
Leave a Reply