ਅਨਾਜ ਹੇਰਾਫੇਰੀ ਕਰਨ ਵਿਚ ਪੰਜਾਬ ਦਾ ਪਹਿਲਾ ਨੰਬਰ

ਚੰਡੀਗੜ੍ਹ: ਦੇਸ਼ ਭਰ ਵਿਚੋਂ ਅਨਾਜ ਵਿਚ ਗੋਲਮਾਲ ਕਰਨ ਵਿਚ ਪੰਜਾਬ ਪਹਿਲੇ ਨੰਬਰ ਉਤੇ ਹੈ। ਭਾਰਤੀ ਖੁਰਾਕ ਨਿਗਮ ਦੀ ਤਾਂ ਵਾੜ ਹੀ ਖੇਤ ਨੂੰ ਖਾ ਰਹੀ ਹੈ। ਕਿਤੇ ਅਨਾਜ ਦੇ ਸਟਾਕ ਦਾ ਨੁਕਸਾਨ ਹੋਇਆ ਹੈ ਅਤੇ ਕਿਤੇ ਅਨਾਜ ਦੇ ਭੰਡਾਰਾਂ ਨਾਲ ਛੇੜਛਾੜ ਕੀਤੀ ਗਈ ਹੈ। ਅਨਾਜ ਦੀ ਸੰਭਾਲ ਵਿਚ ਜਿਹੜੀਆਂ ਹੋਰ ਕੁਤਾਹੀਆਂ ਹਨ, ਉਨ੍ਹਾਂ ਦੀ ਗਿਣਤੀ ਹੋਰ ਵੱਡੀ ਹੈ।

ਕੇਂਦਰੀ ਖੁਰਾਕ ਮੰਤਰਾਲੇ ਦੇ ਤੱਥਾਂ ਵਿਚ ਇਹ ਖੁਲਾਸਾ ਹੋਇਆ ਹੈ।
ਮੰਤਰਾਲੇ ਦੇ ਤੱਥਾਂ ਮੁਤਾਬਕ ਲੰਘੇ ਤਿੰਨ ਵਰ੍ਹਿਆਂ ਵਿਚ ਗੁਦਾਮਾਂ ਵਿਚਲੇ ਅਨਾਜ ਨਾਲ ਛੇੜਛਾੜ ਤੇ ਨੁਕਸਾਨ ਕਰਨ ਦੇ ਸਭ ਤੋਂ ਵੱਧ ਕੇਸ ਪੰਜਾਬ ਵਿਚ ਸਾਹਮਣੇ ਆਏ ਹਨ। ਹਾਲਾਂਕਿ ਇਸ ਮਾਮਲੇ ਵਿਚ ਪੰਜਾਬ ਦੀਆਂ ਖਰੀਦ ਏਜੰਸੀਆਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਕੇਂਦਰੀ ਖੁਰਾਕ ਮੰਤਰਾਲੇ ਅਨੁਸਾਰ ਪੰਜਾਬ ਵਿਚ ਅਨਾਜ ਦੇ ਰਾਖੇ ਹੀ ਗੁਦਾਮਾਂ ਵਿਚ ਪਏ ਅਨਾਜ ਦੇ ਦੁਸ਼ਮਣ ਬਣ ਗਏ ਹਨ।
ਭਾਰਤੀ ਖੁਰਾਕ ਨਿਗਮ ਦੇ ਸਾਲ 2013-14 ਤੋਂ 2015-16 ਦੌਰਾਨ ਰਾਜ ਦੇ ਗੁਦਾਮਾਂ ਵਿਚ ਪਏ ਅਨਾਜ ਵਿਚ ਘਪਲਾ ਕਰਨ ਦੇ 930 ਕੇਸ ਫੜੇ ਜਿਨ੍ਹਾਂ ਵਿਚ ਸੈਂਕੜੇ ਸਬੰਧਤ ਅਫਸਰਾਂ ਤੇ ਮੁਲਾਜ਼ਮਾਂ ਖਿਲਾਫ਼ ਕਾਰਵਾਈ ਕੀਤੀ ਗਈ। ਇਨ੍ਹਾਂ ਵਿਚੋਂ 31 ਕੇਸਾਂ ਵਿਚ ਅਫਸਰਾਂ ਤੇ ਮੁਲਾਜ਼ਮਾਂ ਨੂੰ ਸਖਤ ਸਜ਼ਾਵਾਂ ਵੀ ਦਿੱਤੀਆਂ ਗਈਆਂ ਜਦੋਂ ਕਿ 899 ਕੇਸਾਂ ਵਿਚ ਹਲਕੀ ਸਜ਼ਾ ਹੋਈ ਹੈ। ਸਾਲ 2015-16 ਵਿਚ ਅਨਾਜ ਵਿਚ ਗੜਬੜੀ ਦੇ 269 ਕੇਸ ਸਾਹਮਣੇ ਆਏ ਜਿਨ੍ਹਾਂ ਵਿਚੋਂ ਪੰਜ ਅਫ਼ਸਰਾਂ/ ਮੁਲਾਜ਼ਮਾਂ ਨੂੰ ਹੀ ਸਖ਼ਤ ਸਜ਼ਾ ਦਿੱਤੀ ਗਈ। ਇਵੇਂ ਹੀ ਸਾਲ 2014-15 ਵਿਚ ਗੜਬੜੀ ਦੇ 243 ਕੇਸ ਮਿਲੇ ਜਿਨ੍ਹਾਂ ਵਿਚੋਂ ਸਖ਼ਤ ਸਜ਼ਾਵਾਂ ਸਿਰਫ਼ 8 ਅਫ਼ਸਰਾਂ ਤੇ ਮੁਲਾਜ਼ਮਾਂ ਨੂੰ ਮਿਲੀਆਂ। ਸਖ਼ਤ ਸਜ਼ਾਵਾਂ ਵਿਚ ਅਧਿਕਾਰੀਆਂ ਨੂੰ ਨੌਕਰੀ ਤੋਂ ਬਰਖ਼ਾਸਤ ਜਾਂ ਫਿਰ ਜਬਰੀ ਸੇਵਾ ਮੁਕਤ ਵੀ ਕਰ ਦਿੱਤਾ ਜਾਂਦਾ ਹੈ ਜਦੋਂ ਕਿ ਹਲਕੀ ਸਜ਼ਾ ਵਿਚ ਉਨ੍ਹਾਂ ਨੂੰ ਰਿਕਵਰੀ ਪਾ ਦਿੱਤੀ ਜਾਂਦੀ ਹੈ ਜਾਂ ਫਿਰ ਵਿਭਾਗੀ ਕਾਰਵਾਈ ਕੀਤੀ ਜਾਂਦੀ ਹੈ।
ਦੇਸ਼ ਵਿਚੋਂ ਦੂਸਰੇ ਨੰਬਰ ਉਤੇ ਛੱਤੀਸਗੜ੍ਹ ਹੈ ਜਿਥੇ ਐਫ਼ਸੀæਆਈæ ਦੇ ਕਰਮਚਾਰੀਆਂ ਖਿਲਾਫ਼ 385 ਕੇਸ ਪਾਏ ਗਏ। ਰਾਜ ਵਿਚ ਸਿਰਫ 21 ਜਣਿਆਂ ਨੂੰ ਹੀ ਸਖਤ ਸਜ਼ਾਵਾਂ ਮਿਲੀਆਂ।
ਦੇਖਿਆ ਜਾਵੇ ਤਾਂ ਭਾਰਤੀ ਖੁਰਾਕ ਨਿਗਮ ਦਾ ਦੇਸ਼ ਭਰ ਵਿਚ ਤਿੰਨ ਵਰ੍ਹਿਆਂ ਦੌਰਾਨ ਗੁਦਾਮਾਂ ਵਿਚ ਅਨਾਜ ਸਿਰਫ 46æ82 ਕਰੋੜ ਦਾ ਹੀ ਸੜਿਆ ਹੈ। ਦੱਸਣਯੋਗ ਹੈ ਕਿ ਪੰਜਾਬ ਵਿਚ ਪਿਛਲੇ ਦਿਨਾਂ ਤੋਂ 12 ਹਜ਼ਾਰ ਕਰੋੜ ਦੇ ਅਨਾਜ ਵਿਚ ਗੜਬੜ ਦਾ ਰੌਲਾ ਪਿਆ ਹੋਇਆ ਹੈ। ਪੰਜਾਬ ਦੀਆਂ ਖ਼ਰੀਦ ਏਜੰਸੀਆਂ ਦੇ ਮਾਮਲੇ ਇਸ ਤੋਂ ਵੱਖਰੇ ਹਨ। ਭਾਰਤੀ ਖੁਰਾਕ ਨਿਗਮ ਦੇ ਬਠਿੰਡਾ/ਮਾਨਸਾ ਦੇ ਜ਼ਿਲ੍ਹਾ ਮੈਨੇਜਰ ਕੁਲਵਿੰਦਰ ਸਿੰਘ ਦਾ ਕਹਿਣਾ ਸੀ ਕਿ ਮੁੱਖ ਤੌਰ ਉਤੇ ਅਨਾਜ ਦੇ ਜ਼ਿਆਦਾ ਸਟੋਰੇਜ ਅਤੇ ਟਰਾਂਜ਼ਿਟ ਘਾਟੇ ਜ਼ਿਆਦਾ ਹੁੰਦੇ ਹਨ ਜਿਨ੍ਹਾਂ ਵਿਚ ਅਫ਼ਸਰਾਂ ਤੇ ਮੁਲਾਜ਼ਮਾਂ ਨੂੰ ਰਿਕਵਰੀ ਵੀ ਪਾ ਦਿੱਤੀ ਜਾਂਦੀ ਹੈ ਅਤੇ ਵੱਡੀ ਕੁਤਾਹੀ ਹੋਣ ਦੀ ਸੂਰਤ ਵਿਚ ਨੌਕਰੀ ਤੋਂ ਬਰਖ਼ਾਸਤਗੀ ਕਰਨ ਵਰਗਾ ਕਦਮ ਵੀ ਚੁੱਕ ਲਿਆ ਜਾਂਦਾ ਹੈ।
______________________________
ਹਰਿਆਣਾ ਅਤੇ ਰਾਜਸਥਾਨ ਇਮਾਨਦਾਰ?
ਚੰਡੀਗੜ੍ਹ: ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਵਿਚ 107 ਅਤੇ ਰਾਜਸਥਾਨ ਵਿਚ 45 ਕੇਸ ਹੀ ਅਨਾਜ ਘਪਲੇ ਦੇ ਤਿੰਨ ਵਰ੍ਹਿਆਂ ਦੌਰਾਨ ਦਰਜ ਕੀਤੇ ਗਏ। ਭਾਰਤੀ ਖੁਰਾਕ ਨਿਗਮ ਦੇ ਕੁਆਲਿਟੀ ਕੰਟਰੋਲ ਵਿੰਗ ਵੱਲੋਂ ਪਿਛਲੇ ਤਿੰਨ ਵਰ੍ਹਿਆਂ ਦੌਰਾਨ ਗੁਦਾਮਾਂ ਵਿਚ ਪਏ ਅਨਾਜ ਦੀਆਂ ਦੇਸ਼ ਭਰ ਵਿਚ 2817 ਪੜਤਾਲਾਂ ਕੀਤੀਆਂ ਗਈਆਂ ਜਿਨ੍ਹਾਂ ਵਿਚ ਸਭ ਤੋਂ ਵੱਧ ਕੇਸ ਪੰਜਾਬ ਦੇ ਨਿਕਲੇ। ਇਵੇਂ ਹੀ ਖੁਰਾਕ ਨਿਗਮ ਦੇ ਉੱਡਣ ਦਸਤਿਆਂ ਵੱਲੋਂ ਗੁਦਾਮਾਂ ਦੀ ਅਚਨਚੇਤ 18123 ਪੜਤਾਲਾਂ ਕੀਤੀਆਂ ਗਈਆਂ। ਪੜਤਾਲ ਦੌਰਾਨ ਮਾਪਦੰਡਾਂ ਤੋਂ ਬਾਹਰ ਜਾ ਕੇ ਅਨਾਜ ਦੀ ਖਰੀਦ ਕਰਨੀ, ਸਟੋਰੇਜ ਘਾਟੇ, ਸਟਾਕ ਦਾ ਨੁਕਸਾਨ ਤੇ ਪ੍ਰਬੰਧਕੀ ਖ਼ਾਮੀਆਂ ਆਦਿ ਗੜਬੜੀਆਂ ਮਿਲੀਆਂ।
________________________
90 ਕਰੋੜ ਦੀ ਖਰਾਬ ਕਣਕ ਖਾਣਗੇ ਪਸ਼ੂ
ਜਲੰਧਰ: ਖਰੀਦ ਏਜੰਸੀਆਂ ਵੱਲੋਂ ਖੁੱਲ੍ਹੇ ਗੁਦਾਮਾਂ ਵਿਚ ਰੱਖੀ ਗਈ ਖਰਾਬ ਹੋ ਚੁੱਕੀ 90 ਕਰੋੜ ਦੀ ਕਣਕ ਹੁਣ ਪਸ਼ੂਆਂ ਨੂੰ ਖਾਣ ਲਈ ਦਿੱਤੀ ਜਾਏਗੀ। ਪੰਜਾਬ ਦੀ ਏਜੰਸੀ ਨੇ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਕਈ ਖੁੱਲ੍ਹੀਆਂ ਥਾਵਾਂ ‘ਤੇ ਪਈ 41000 ਐਮæਟੀæ ਦੇ ਕਰੀਬ ਖਰਾਬ ਹੋ ਚੁੱਕੀ ਕਣਕ ਦੀ ਵਿਕਰੀ ਕਰਨ ਦਾ ਫੈਸਲਾ ਕੀਤਾ ਹੈ, ਜਦੋਂ ਇਹ ਕਣਕ ਲੋਕਾਂ ਦੇ ਖਾਣ ਲਈ ਅਯੋਗ ਕਰਾਰ ਦੇ ਦਿੱਤੀ ਜਾਂਦੀ ਹੈ ਤਾਂ ਉਸ ਨੂੰ 5 ਤੋਂ 6 ਰੁਪਏ ਕਿੱਲੋ ਵਿਚ ਪਸ਼ੂਆਂ ਦੀ ਖੁਰਾਕ ਬਣਾਉਣ ਵਾਲਿਆਂ ਨੂੰ ਵੇਚ ਦਿੱਤਾ ਜਾਂਦਾ ਹੈ। ਕਈ ਜਗ੍ਹਾ ‘ਤੇ ਪਈ ਕਣਕ ਤਾਂ ਕਾਫੀ ਖਰਾਬ ਹੋ ਚੁੱਕੀ ਹੈ। ਖਰੀਦ ਏਜੰਸੀਆਂ ਨੇ ਜ਼ਿਆਦਾਤਰ ਕਣਕ ਦੀ ਖਰੀਦ ਕਰਨ ਦਾ ਕੰਮ ਪੂਰਾ ਕਰ ਲਿਆ ਹੈ ਤੇ ਹੁਣ ਖਰਾਬ ਪਈ ਕਣਕ ਨੂੰ ਵੇਚ ਕੇ ਖਾਲੀ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਦਾ ਖੁਰਾਕ ਮੰਤਰਾਲਾ ਵੀ ਮੰਨਦਾ ਹੈ ਕਿ ਹਰ ਸਾਲ ਸੰਭਾਲ ਵਿਚ ਕਈ ਤਰ੍ਹਾਂ ਦੀਆਂ ਖਾਮੀਆਂ ਕਰ ਕੇ 300 ਤੋਂ ਲੈ ਕੇ 400 ਕਰੋੜ ਰੁਪਏ ਦੀ ਕਣਕ ਖਰਾਬ ਹੋ ਜਾਂਦੀ ਹੈ।