ਸੰਸਾਰ ਸਿਹਤ ਸੰਗਠਨ ਦੀ ਰਿਪੋਰਟ ਬਣੀ ਪੰਜਾਬ ਲਈ ਨਮੋਸ਼ੀ

ਚੰਡੀਗੜ੍ਹ: ਸੰਸਾਰ ਸਿਹਤ ਸੰਗਠਨ (ਡਬਲਿਊæਐਚæਓæ) ਵੱਲੋਂ ਜਾਰੀ ਦੁਨੀਆਂ ਦੇ ਸਭ ਤੋਂ ਵੱਧ ਪਲੀਤ 100 ਸ਼ਹਿਰਾਂ ਦੀ ਸੂਚੀ ਵਿਚ 30 ਭਾਰਤੀ ਸ਼ਹਿਰ ਹਨ। ਦੂਜੇ ਪਾਸੇ ਇਸ ਸੂਚੀ ਦੇ 30 ਸਿਖਰਲੇ ਸ਼ਹਿਰਾਂ ਵਿਚੋਂ ਮੁੜ 15 ਭਾਰਤ ਦੇ ਹਿੱਸੇ ਆਉਂਦੇ ਹਨ। ਹਰੇ ਭਰੇ ਦਿਸਣ ਵਾਲੇ ਪੰਜਾਬ ਲਈ ਤਾਂ ਮਾਮਲਾ ਹੋਰ ਵੀ ਨਮੋਸ਼ੀ ਵਾਲਾ ਹੈ ਕਿਉਂਕਿ 25 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿਚ ਪੰਜਾਬ ਦੇ ਚਾਰ ਸ਼ਹਿਰ ਲੁਧਿਆਣਾ, ਖੰਨਾ, ਅੰਮ੍ਰਿਤਸਰ ਤੇ ਮੰਡੀ ਗੋਬਿੰਦਗੜ੍ਹ ਸ਼ਾਮਲ ਹਨ।

ਸੰਸਾਰ ਸਿਹਤ ਸੰਗਠਨ ਨੇ ਸ਼ਹਿਰਾਂ ਦੀ ਇਹ ਦਰਜਾਬੰਦੀ ਉਨ੍ਹਾਂ ਦੀ ਹਵਾ ਵਿਚੋਂ ਮਿਲੀ ਕਾਰਬਨ ਤੇ ਵਿਸ਼ੈਲੀਆਂ ਧਾਤਾਂ ਅਤੇ ਰਸਾਇਣਾਂ ਦੇ ਸੂਖਮ ਕਣਾਂ ਦੇ ਆਧਾਰ ਉਤੇ ਕੀਤੀ ਹੈ। ਸਿਹਤ ਸੰਗਠਨ ਦਾ ਕਹਿਣਾ ਹੈ ਕਿ ਕਿਸੇ ਵੀ ਵਿਕਸਿਤ ਜਾਂ ਵਿਕਾਸਸ਼ੀਲ ਦੇਸ਼ ਲਈ ਆਪਣੇ ਨਾਗਰਿਕਾਂ ਨੂੰ ਸਵੱਛ ਆਬੋ-ਹਵਾ ਪ੍ਰਦਾਨ ਕਰਨੀ ਮੁੱਖ ਤਰਜੀਹ ਹੋਣੀ ਚਾਹੀਦੀ ਹੈ।
ਸਿਹਤ ਸੰਗਠਨ ਦੀ ਰਿਪੋਰਟ ਸਾਲ 2013 ਦੇ ਅੰਕੜਿਆਂ ਉਤੇ ਆਧਾਰਤ ਹੈ। ਸਿਹਤ ਸੰਗਠਨ ਦੀ ਰਿਪੋਰਟ ਇਹ ਦਰਸਾਉਂਦੀ ਹੈ ਕਿ ਸਾਲ 2012 ਦੌਰਾਨ ਹਵਾ ਪ੍ਰਦੂਸ਼ਣ ਨਾਲ ਦੁਨੀਆਂ ਭਰ ਵਿਚ 37 ਲੱਖ ਲੋਕ ਮੌਤ ਦਾ ਸ਼ਿਕਾਰ ਹੋਏ। ਇਨ੍ਹਾਂ ਵਿਚੋਂ ਇਕ-ਤਿਹਾਈ ਮੌਤਾਂ ਦੱਖਣ ਪੂਰਬੀ ਏਸ਼ੀਆ ਖਿੱਤੇ ਵਿਚ ਹੋਈਆਂ। ਅਗਲੇ ਸਾਲਾਂ ਦੌਰਾਨ ਮੌਤਾਂ ਦੀ ਗਿਣਤੀ ਵਿਚ ਹੋਰ ਵਾਧਾ ਹੋਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ।
ਸੀæਐਮæਸੀæ, ਲੁਧਿਆਣਾ ਦੇ ਡਾਕਟਰਾਂ ਵੱਲੋਂ ਕੀਤੇ ਗਏ ਇਕ ਅਧਿਐਨ ਤੋਂ ਇਹ ਤੱਥ ਸਾਹਮਣੇ ਆਇਆ ਹੈ ਕਿ ਉਸ ਸ਼ਹਿਰ ਦੀ ਘੱਟੋ ਘੱਟ ਇਕ-ਤਿਹਾਈ ਵਸੋਂ ਮਲੀਨ ਹਵਾ ਤੋਂ ਲੱਗਣ ਵਾਲੀਆਂ ਮਰਜ਼ਾਂ ਤੋਂ ਪੀੜਤ ਹੈ। ਪੰਜਾਬ ਸਰਕਾਰ ਵਿਕਾਸ ਦੇ ਦਾਅਵੇ ਲਗਾਤਾਰ ਕਰਦੀ ਆਈ ਹੈ, ਪਰ ਪ੍ਰਦੂਸ਼ਣ ਘਟਾਉਣ ਦੇ ਪ੍ਰਸੰਗ ਵਿਚ ਉਸ ਨੇ ਕਦੇ ਇਕ ਵੀ ਸ਼ਬਦ ਨਹੀਂ ਉਚਾਰਿਆ। ਲੁਧਿਆਣਾ, ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਹੈ। ਸਨਅਤੀ ਸ਼ਹਿਰ ਹੋਣ ਕਾਰਨ ਇਥੇ ਭੱਠੀਆਂ ਤੇ ਚਿਮਨੀਆਂ ਦੀ ਤਾਦਾਦ ਬਹੁਤ ਜ਼ਿਆਦਾ ਹੈ।
ਇਥੇ ਪਰਵਾਸੀ ਵਸੋਂ ਦੀ ਆਮਦ ਵੀ ਭਰਵੀਂ ਹੈ। ਇਸ ਸ਼ਹਿਰ ਵਿਚ ਪ੍ਰਦੂਸ਼ਣ ਦਾ ਪੱਧਰ ਉੱਚਾ ਹੋਣਾ ਸਮਝ ਆਉਂਦਾ ਹੈ, ਪਰ ਖੰਨਾ ਜਾਂ ਜਲੰਧਰ ਦਾ ਵੀ ਮਹਾਂ-ਪ੍ਰਦੂਸ਼ਿਤ ਸ਼ਹਿਰਾਂ ਦੀ ਕਤਾਰ ਵਿਚ ਸ਼ਾਮਲ ਹੋਣਾ ਦਰਸਾਉਂਦਾ ਹੈ ਕਿ ਪ੍ਰਦੂਸ਼ਣ-ਰੋਕੂ ਪ੍ਰਬੰਧਾਂ ਵੱਲ ਵਾਜਬ ਧਿਆਨ ਨਹੀਂ ਦਿੱਤਾ ਜਾ ਰਿਹਾ। ਪ੍ਰਦੂਸ਼ਣ ਨਾਲ ਦਿਲ, ਫੇਫੜਿਆਂ ਅਤੇ ਸਾਹ ਲੈਣ ‘ਚ ਤਕਲੀਫ਼ ਆਦਿ ਵਰਗੀਆਂ ਬਿਮਾਰੀਆਂ ਸ਼ਾਮਲ ਹਨ।
___________________________________
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਰਿਪੋਰਟ ਨਕਾਰੀ
ਲੁਧਿਆਣਾ: ਸੰਸਾਰ ਸਿਹਤ ਸੰਗਠਨ ਵੱਲੋਂ ਜਾਰੀ ਕੀਤੀ 25 ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿਚ ਸੂਬੇ ਦੇ ਚਾਰ ਸ਼ਹਿਰਾਂ ਦੇ ਸ਼ਾਮਲ ਕਰਨ ਵਾਲੀ ਰਿਪੋਰਟ ਉਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀæਪੀæਸੀæਬੀæ) ਨੇ ਸਵਾਲ ਖੜ੍ਹੇ ਕਰ ਦਿੱਤੇ ਹਨ। ਪੀæਪੀæਸੀæਬੀæ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਉਹ ਇਸ ਰਿਪੋਰਟ ਨੂੰ ਨਹੀਂ ਮੰਨਦੇ। ਪੀæਪੀæਸੀæਬੀæ ਦੇ ਚੇਅਰਮੈਨ ਮਨਪ੍ਰੀਤ ਸਿੰਘ ਛਤਵਾਲ ਦਾ ਦਾਅਵਾ ਹੈ ਕਿ ਲੁਧਿਆਣਾ ਸਮੇਤ ਪੰਜਾਬ ਦੇ ਸ਼ਹਿਰਾਂ ‘ਚ ਪ੍ਰਦੂਸ਼ਣ ਦਾ ਪੱਧਰ ਸੁਧਰਿਆ ਹੈ। ਚੇਅਰਮੈਨ ਛਤਵਾਲ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਇਹ ਰਿਪੋਰਟ ਸਿਰਫ ਹਵਾ ਦੇ ਪ੍ਰਦੂਸ਼ਣ ‘ਤੇ ਆਧਾਰਤ ਹੈ। ਇਸ ਤੋਂ ਇਲਾਵਾ ਇਸ ਨੂੰ ਮਾਪਣ ਲਈ ਅਪਣਾਏ ਮਾਣਕ ਵੀ ਪੰਜਾਬ ਵਿਚ ਹਾਲੇ ਲਾਗੂ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਨਿਰਧਾਰਤ ਤਮਾਮ ਪੱਖਾਂ ਨੂੰ ਆਧਾਰ ਬਣਾ ਕੇ ਜੇਕਰ ਪ੍ਰਦੂਸ਼ਣ ਮਾਪਿਆ ਜਾਵੇ ਤਾਂ ਲੁਧਿਆਣਾ ਸਮੇਤ ਸੂਬੇ ਦੇ ਬਾਕੀ ਸ਼ਹਿਰਾਂ ਦੀ ਸਥਿਤੀ ਵਿਸ਼ਵ ਦੇ ਪ੍ਰਦੂਸ਼ਿਤ ਸ਼ਹਿਰਾਂ ਨਾਲੋਂ ਚੰਗੀ ਹੈ।
________________________________
ਦੁਨੀਆਂ ਦੇ 5 ਗੰਦੇ ਸ਼ਹਿਰਾਂ ਵਿਚ 4 ਭਾਰਤੀ
ਜਨੇਵਾ: ਦੁਨੀਆਂ ਦੇ ਸਭ ਤੋਂ ਗੰਦੇ ਪੰਜ ਸ਼ਹਿਰਾਂ ਵਿਚ ਚਾਰ ਭਾਰਤੀ ਸ਼ਹਿਰ ਵਿਚ ਆਉਂਦੇ ਹਨ। ਆਲਮੀ ਸਿਹਤ ਸੰਸਥਾ ਮੁਤਾਬਕ ਭਾਰਤ ਇਸ ਮੌਕੇ ਪ੍ਰਦੂਸ਼ਣ ਦੀ ਵੱਡੀ ਮਾਰ ਹੇਠ ਹੈ ਤੇ ਇਸ ਕੋਲ ਪ੍ਰਦੂਸ਼ਣ ਨੂੰ ਮੌਨੀਟਰ ਕਰਨ ਦਾ ਸਹੀ ਸਿਸਟਮ ਵੀ ਨਹੀਂ ਹੈ। ਦੁਨੀਆਂ ਦੀ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਇਰਾਨ ਦਾ ਜੋਬਲ ਹੈ ਜਿਹੜਾ ਗਰਮੀਆਂ ‘ਚ ਗੰਦੀ ਮਿੱਟੀ ਦੀਆਂ ਹਨੇਰੀਆਂ ਦਾ ਸ਼ਿਕਾਰ ਹੁੰਦਾ ਹੈ। ਇਸ ਤੋਂ ਬਾਅਦ ਭਾਰਤ ਵਿਚ ਗਵਾਲੀਅਰ, ਅਲਾਹਾਬਾਦ, ਪਟਨਾ ਤੇ ਰਾਏਪੁਰ ਆਉਂਦੇ ਹਨ। ਭਾਰਤ ਦੀ ਰਾਜਧਾਨੀ ਦਿੱਲੀ ਇਨ੍ਹਾਂ ਸ਼ਹਿਰਾਂ ਵਿਚ ਨੌਵੇਂ ਨੰਬਰ ਉਤੇ ਹੈ ਤੇ ਦਿੱਲੀ ਦੇ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਸੈਂਕੜੇ ਬਿਮਾਰੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।