ਅਮਨ, ਜੰਗ ਤੇ ਸੁਰੱਖਿਆ

ਆਇਨਸਟਾਇਨ ਦੀ ਸੁਣੋ: ਜਾਗਰੂਕ ਲੋਕ ਮੌਤ ਦੀ ਥਾਂ ਜੀਵਨ ਲਈ ਕੰਮ ਕਰਨਗੇæææ
ਦਲਜੀਤ ਅਮੀ
ਫੋਨ: 91-97811-21873
ਗੋਲੀਬੰਦੀ ਦੀ ਉਲੰਘਣਾ ਅਤੇ ਭਾਰਤੀ ਫ਼ੌਜੀ ਦੇ ਸਿਰ ਕਲਮ ਕਰਨ ਦੇ ਹਾਦਸੇ ਨੇ ਇੱਕ ਵਾਰ ਮੁੜ ਭਾਰਤ-ਪਾਕਿਸਤਾਨ ਵਿਚ ਬੇਵਿਸਾਹੀ ਦਾ ਮਾਹੌਲ ਗਾੜ੍ਹਾ ਕਰ ਦਿੱਤਾ ਹੈ। ਟੈਲੀਵਿਜ਼ਨ ਪੇਸ਼ਕਾਰਾਂ, ਸਾਬਕਾ ਜਰਨੈਲਾਂ-ਕਰਨੈਲਾਂ, ਮੂਲਵਾਦੀਆਂ ਤੋਂ ਲੈ ਕੇ ਸਰਕਾਰ ਤੱਕ ਅਮਨ ਲਈ ਕੀਤੇ ਉਪਰਾਲਿਆਂ ਦੀ ਨਾਕਾਮਯਾਬੀ ਬਾਬਤ ਬਿਆਨਬਾਜ਼ੀ ਕਰ ਰਹੇ ਹਨ। ਸਖ਼ਤ ਕਦਮਾਂ ਤੋਂ ਯੁੱਧ ਤੱਕ ਦੀ ਵਕਾਲਤ ਕਰਨ ਵਾਲੇ ਹਰ ਸਵਾਲ ਕਰਨ ਵਾਲੇ ਨੂੰ ਗੱਦਾਰ ਕਰਾਰ ਦੇਣ ਲੱਗੇ ਹਨ। ਗੱਦਾਰ ਕਰਾਰ ਦਿੱਤੇ ਜਾਣ ਦਾ ਜੋਖਮ ਲੈਂਦੇ ਹੋਏ ਇਸ ਵੇਲੇ ਇਹ ਕਹਿਣਾ ਬਹੁਤ ਜ਼ਰੂਰੀ ਹੈ ਕਿ ਦੋਵਾਂ ਮੁਲਕਾਂ ਦੇ ਤਕਰੀਬਨ 140 ਕਰੋੜ ਲੋਕਾਂ ਦੀ ਹੋਣੀ ਦਾ ਫ਼ੈਸਲਾ ‘ਭਾਵਨਾ ਦੇ ਦੌਰੇ’ ਦੇ ਹਵਾਲੇ ਨਹੀਂ ਕੀਤਾ ਜਾ ਸਕਦਾ। ਹੇਮਰਾਜ ਦੀ ਬੇਸ਼ਕੀਮਤੀ ਜਾਨ ਜਾਣ ਦਾ ਸੋਗ ਉਸ ਦੇ ਬਾਕੀ ਮੁਲਕਵਾਸੀਆਂ ਦੀ ਜਾਨ ਜੋਖ਼ਮ ਵਿਚ ਪਾ ਕੇ ਨਹੀਂ ਮਨਾਇਆ ਜਾ ਸਕਦਾ। ਇਸ ਵੇਲੇ ਜ਼ਰੂਰੀ ਤਾਂ ਇਹ ਹੈ ਕਿ ਦੋਵੇਂ ਮੁਲਕ ਯਕੀਨੀ ਬਣਾਉਣ ਕਿ ਇਹ ਕਤਲ ਦੀ ਜਾਂਚ ਕੀਤੀ ਜਾਏ ਤੇ ਦੋਸ਼ੀ ਉੱਤੇ ਬਣਦੀ ਕਾਰਵਾਈ ਕੀਤੀ ਜਾਏ। ਉਸ ਦੇ ਕਤਲ ਲਈ ਕਸੂਰਵਾਰ ਤਾਕਤ ਦੀ ਚਿਰਕਾਲੀ ਵਿਉਂਤ ਸਿਰੇ ਚੜ੍ਹਨ ਤੋਂ ਰੋਕਣ ਲਈ ਜੰਗ ਦੀ ਥਾਂ ਅਮਨ ਦੇ ਰਾਹ ਦੀ ਚੋਣ ਕਰਨਾ ਜ਼ਰੂਰੀ ਹੈ। ਜੋ ਪਿਛਲੀਆਂ ਜੰਗਾਂ ਵਿਚ ਹਾਸਲ ਨਹੀਂ ਹੋ ਸਕਿਆ, ਉਸ ਨੂੰ ਇੱਕ ਹੋਰ ਜੰਗ ਰਾਹੀਂ ਕਿਵੇਂ ਹਾਸਲ ਕੀਤਾ ਜਾ ਸਕਦਾ ਹੈ ਭਲਾ? ਹੁਣ ਵਾਲੇ ਮਾਹੌਲ ਵਿਚ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਕਿ ਭਾਰਤ-ਪਾਕਿਸਤਾਨ ਕਿਸ ਤਰ੍ਹਾਂ ਦੇ ਖ਼ਦਸ਼ਿਆਂ ਨਾਲ ਦੋ-ਚਾਰ ਹੋ ਰਹੇ ਹਨ। ਗ਼ੁਰਬਤ, ਜ਼ਹਾਲਤ, ਅਤਿਵਾਦ, ਮੂਲਵਾਦ ਅਤੇ ਬਿਮਾਰੀਆਂ ਤੋਂ ਇਲਾਵਾ ਅਸੀਂ ਜੰਗ ਦੇ ਖ਼ਤਰੇ ਨਾਲ ਜੂਝ ਰਹੇ ਹਾਂ। ਇਸ ਲੇਖ ਦਾ ਉਦੇਸ਼ ਮੌਜੂਦਾ ਮਾਹੌਲ ਦੀਆਂ ਸਿਆਸੀ ਤੰਦਾਂ ਫਰੋਲਣ ਦੀ ਥਾਂ ਦੋਵਾਂ ਮੁਲਕਾਂ ਦੇ ਪਰਮਾਣੂ-ਜ਼ਖੀਰਿਆਂ ਤੋਂ ਲੈ ਕੇ ਜੰਗਾਂ ਦੇ ਅਰਥਚਾਰੇ ਦੀ ਨਜ਼ਰਸਾਨੀ ਕਰਨਾ ਹੈ।
ਗੱਲ ਵਿਗਿਆਨ ਦੇ ਨੁਕਸਾਨਾਂ ਦਾ ਜਾਇਜ਼ਾ ਲੈਣ ਲਈ ਹੋਵੇ ਜਾਂ ਨਵੀਆਂ ਸੰਭਾਵਨਾਵਾਂ ਤਲਾਸ਼ਣ ਦੀ, ਹੀਰੋਸ਼ੀਮਾ ਅਤੇ ਨਾਗਾਸਾਕੀ ਦੇ ਹਾਦਸਿਆਂ ਦਾ ਜ਼ਿਕਰ ਅਟੱਲ ਹੈ। ਸਾਲਾਂ ਵਿਚ 62 ਸਾਲ ਪੁਰਾਣੇ ਹੋ ਚੁੱਕੇ ਇਹ ਹਾਦਸੇ ਮੌਜੂਦਾ ਅੰਨ੍ਹੀ ਦੇਸ਼ ਭਗਤੀ, ਫ਼ਿਰਕਾਪ੍ਰਸਤੀ ਅਤੇ ‘ਅਤਿਵਾਦ ਖ਼ਿਲਾਫ਼ ਜੰਗ’ ਦੇ ਦੌਰ ਵਿਚ ਕਦੇ ਵੀ ਕਿਸੇ ਦੂਜੀ ਥਾਂ ਵਾਪਰ ਸਕਦੇ ਹਨ। ਜਾਣਕਾਰਾਂ ਦਾ ਦਾਅਵਾ ਹੈ ਕਿ ਪਰਮਾਣੂ ਬੰਬਾਂ ਦੀ ਮੌਜੂਦਾ ਸਮਰੱਥਾ ਨਾਲ ਪੂਰੀ ਧਰਤੀ ਨੂੰ ਤੀਹ ਵਾਰ ਹੀਰੋਸ਼ੀਮਾ ਅਤੇ ਨਾਗਾਸਾਕੀ ਦੀ ਤਰਜ਼ ਉੱਤੇ ਤਬਾਹ ਕੀਤਾ ਜਾ ਸਕਦਾ ਹੈ। ਇਹ ‘ਹਿਸਾਬੀ ਅਟੱਲਤਾ’ ਹੈ। ਤਬਾਹੀ ਤੋਂ ਭਾਵ ਹਰ ਕਿਸਮ ਦਾ ਜੀਵਨ ਤਬਾਹ। ਪਸ਼ੂ, ਪੰਛੀ, ਦਰਖ਼ਤ ਅਤੇ ਮਨੁੱਖ ਆਪ। ਕੋਈ ਅੱਖੀਂ ਡਿੱਠਾ ਸੁਣਾਉਣ ਵਾਲਾ ਨਹੀਂ ਹੋਵੇਗਾ। ਨਾ ਬੰਬ ਬਣਾਉਣ ਵਾਲਾ ਨਾ ਚਲਾਉਣ ਵਾਲਾ। ਜੇ ਇੱਕੋ ਵਾਰ ਇਹ ਕੀਤਾ ਜਾ ਸਕਦਾ ਹੈ ਤਾਂ ਤੀਹ ਵਾਰ ਹੋਵੇ ਜਾਂ ਅਨੰਤ ਵਾਰ ਹੋਵੇ। ਦੂਜੀ ਵਾਰ ਦੀ ਸੰਭਾਵਨਾ ਨੂੰ ਵਿਗਿਆਨੀ ਤਾਂ ਪ੍ਰਾਪਤੀ ਵਜੋਂ ਗਿਣ ਸਕਦੇ ਹਨ, ਪਰ ਇਸ ਦੀ ਅਹਿਮੀਅਤ ਕਾਗ਼ਜ਼ੀ ਕਸਰਤ ਤੋਂ ਵੱਧ ਕੁਝ ਨਹੀਂ।
ਵਿਗਿਆਨੀ ਆਇਨਸਟਾਇਨ ਦਾ ਮੱਹਤਵਪੂਰਨ ਕਥਨ ਹੈ, “æææਸਾਡਾ ਵਿਸ਼ਵਾਸ ਹੈ ਕਿ ਜਾਗਰੂਕ ਲੋਕ ਮੌਤ ਦੀ ਥਾਂ ਜੀਵਨ ਲਈ ਕੰਮ ਕਰਨਗੇ। ਸੋ, ਵਿਗਿਆਨੀ ਭਾਈਚਾਰੇ ਦੀ ਪਹਿਲੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਲੋਕਾਂ ਨੂੰ ਪਰਮਾਣੂ ਊਰਜਾ ਅਤੇ ਇਸ ਦੇ ਸਮਾਜ ਉੱਤੇ ਪੈਣ ਵਾਲੇ ਅਸਰਾਂ ਤੋਂ ਜਾਣੂ ਕਰਵਾਈਏ। ਇਸ ਵਿਚ ਹੀ ਸਾਡੀ ਸੁਰੱਖਿਆ ਅਤੇ ਉਮੀਦ ਕਾਇਮ ਹੈæææ।” ਮੌਜੂਦਾ ਮਾਹੌਲ ਵਿਚ ਭਾਰਤ-ਪਾਕਿਸਤਾਨ ਦੇ ਹਵਾਲੇ ਨਾਲ ਆਇਨਸਟਾਇਨ ਦੇ ਇਸ ਕਥਨ ਵਿਚਲੇ ਅਰਥਾਂ ਨੂੰ ਸਮਝਣਾ ਜ਼ਰੂਰੀ ਹੈ। ਹੀਰੋਸ਼ੀਮਾ-ਨਾਗਾਸਾਕੀ ਦੇ ਹਾਦਸਿਆਂ ਦੇ ਵੇਰਵੇ, ਅਸਰ ਅਤੇ ਮੌਜੂਦਾ ਹਾਲਾਤ ਨੂੰ ਆਹਮੋ-ਸਾਹਮਣੇ ਰੱਖ ਕੇ ਸਚਾਈ ਆਪਣੇ ਆਪ ਉਘੜਦੀ ਹੈ।
ਛੇ ਅਗਸਤ 1945; ਸਥਾਨ ਜਪਾਨ ਦਾ ਸ਼ਹਿਰ ਹੀਰੋਸ਼ੀਮਾ। ਸਵੇਰੇ ਸਵਾ ਅੱਠ ਵਜੇ। ਜ਼ਿਆਦਾਤਰ ਲੋਕ ਆਪਣੇ ਕੰਮਾਂ ਨੂੰ ਜਾਣ ਲਈ ਸੜਕਾਂ ਉੱਤੇ ਹਨ। ਅਚਾਨਕ 580 ਮੀਟਰ ਦੀ ਉਚਾਈ ਤੋਂ ਦੁਨੀਆਂ ਵਿਚ ਪਹਿਲਾ ਪਰਮਾਣੂ ਬੰਬ ਸੁੱਟਿਆ ਗਿਆ। ਇਸ ਬੰਬ ਦੀ ਸਮਰੱਥਾ 15,000 ਟੀæਐਨæਟੀæ ਸੀ। ਬੇਕਾਬੂ ਵਿਸਫੋਟ ਕਾਰਨ ਸਕਿੰਟ ਤੋਂ ਵੀ ਘੱਟ ਸਮੇਂ ਵਿਚ ਤਕਰੀਬਨ 10,00,000 ਡਿਗਰੀ ਤਾਪਮਾਨ ਹੋ ਗਿਆ। ਅੰਨ੍ਹਾ ਕਰ ਦੇਣ ਵਾਲੀ ਰੋਸ਼ਨੀ ਹੋਈ। ਬੰਬ ਸੁੱਟਣ ਵਾਲੇ ਜਹਾਜ਼ ਦੇ ਪਾਇਲਟ ਨੇ ਸਾਥੀ ਪਾਇਲਟ ਨੂੰ ਕਿਹਾ, “ਓਹ ਰੱਬਾ! ਅਸੀਂ ਇਹ ਕੀ ਕਰ ਦਿੱਤਾ?” ਧਮਾਕੇ ਨਾਲ ਇੱਕ ਕਿਲੋਮੀਟਰ ਅਰਧ-ਵਿਆਸ ਵਾਲੇ ਘੇਰੇ ਵਿਚ ਸੁੰਗੜੀ ਹਵਾ ਜਦੋਂ ਲੋਹੇ ਦੇ ਭਾਰੇ ਦੁਰਮਟ ਦੇ ਰੂਪ ਵਿਚ ਧਰਤੀ ਉੱਤੇ ਵੱਜੀ ਤਾਂ ਇਸ ਦਾ ਤਾਪਮਾਨ 8000 ਡਿਗਰੀ ਸੀ। ਇਸ ਖੇਤਰ ਵਿਚ ਸਭ ਕੁਝ ਪਿਘਲ ਗਿਆ। ਕੁਝ ਪਲਾਂ ਵਿਚ 1,40,000 ਲੋਕ ਮਰ (ਮਾਰ ਦਿੱਤੇ) ਗਏ। ਇਸ ਖੇਤਰ ਨੂੰ ਗਰਾਊਡ ਜ਼ੀਰੋ ਕਿਹਾ ਜਾਂਦਾ ਹੈ। ਗਰਾਊਡ ਜ਼ੀਰੋ ਤੋਂ ਤੁਰੰਤ ਬਾਅਦ ਦੇ ਖੇਤਰ ਨੂੰ ‘ਭਿਆਨਕ ਤਬਾਹੀ ਜ਼ੋਨ’ ਕਿਹਾ ਜਾਂਦਾ ਹੈ। ਇਸ ਖੇਤਰ ਵਿਚ ਲੋਕਾਂ ਨੂੰ ਕੁਝ ਪਲਾਂ ਦੀ ਅਸਹਿ ਪੀੜ ਨਾਲ ਘੁਲਣਾ ਪਿਆ। ਇਨ੍ਹਾਂ ਲੋਕਾਂ ਨੇ ਪਹਿਲਾਂ ਆਪਣੇ ਕੱਪੜੇ ਅਤੇ ਫਿਰ ਚਮੜੀ ਜਲ਼ ਕੇ ਪਿਘਲਦੀ ਹੋਈ ਦੇਖੀ। ਰੇਡੀਓ ਐਕਟਿਵ ਕਿਰਨਾਂ ਨਾਲ ਹਰ ਕਿਸਮ ਦੇ ਬਿਜਲਈ ਯੰਤਰ ਬੇਕਾਰ ਹੋ ਗਏ। ਆਵਾਜਾਈ ਦੀ ਹਰ ਸਹੂਲਤ ਤਬਾਹ ਹੋ ਗਈ।
ਇਹ ਸਭ ਕੁਝ ਨੌਂ ਅਗਸਤ ਨੂੰ ਨਾਗਾਸਾਕੀ ਵਿਚ 70,000 ਲੋਕਾਂ ਨੂੰ ਮਾਰ ਕੇ ਦੁਹਰਾਇਆ ਗਿਆ। ਦੋਵਾਂ ਸ਼ਹਿਰਾਂ ਦੇ 45 ਹਸਪਤਾਲਾਂ ਵਿਚੋਂ 42 ਤਬਾਹ ਹੋ ਗਏ। ਤਿੰਨ ਸੌ ਡਾਕਟਰਾਂ ਵਿਚੋਂ ਸਿਰਫ਼ 28 ਡਾਕਟਰ ਜਿਉਂਦੇ ਸਨ। ਸਤਾਰਾਂ ਸੌ ਅੱਸੀ ਨਰਸਾਂ ਵਿਚੋਂ ਸੋਲਾਂ ਸੌ ਚੌਰਾਸੀ ਮਰ ਗਈਆਂ। ਇਸ ਹਾਦਸੇ ਦੇ ਹਰ 1500 ਗੰਭੀਰ ਜ਼ਖ਼ਮੀਆਂ ਦੀ ਦੇਖਭਾਲ ਲਈ ਮਸਾਂ ਇੱਕ ਡਾਕਟਰ ਬਚਿਆ। ਉਹ ਵੀ ਦਵਾਈਆਂ ਅਤੇ ਸਾਜ਼ੋ-ਸਮਾਨ ਤੋਂ ਨਿਹੱਥਾ। ਰੇਡੀਓ ਐਕਟਿਵ ਕਿਰਨਾਂ ਦੇ ਅਸਰ ਕਾਰਨ ਉਸ ਜਗ੍ਹਾ ਹੁਣ ਵੀ ਜਮਾਂਦਰੂ ਅਪੰਗ ਪੈਦਾ ਹੁੰਦੇ ਹਨ। ਬੰਬਾਂ ਤੋਂ ਤੁਰੰਤ ਬਾਅਦ ਖ਼ੂਨ ਦੇ ਕੈਂਸਰ ਅਤੇ ਚਮੜੀ ਦੇ ਰੋਗਾਂ ਤੋਂ ਪੀੜਤ ਲੋਕ ਕਿਵੇਂ-ਕਿਵੇਂ ਮਰੇ? ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਦਾ ਹੈ; ਬੰਬ ਸੁੱਟਣ ਵਾਲੇ ਜਹਾਜ਼ ਦਾ ਚਾਲਕ ਵੀ ਰੇਡੀਓ ਐਕਟਿਵ ਕਿਰਨਾਂ ਦੇ ਅਸਰ ਤੋਂ ਨਹੀਂ ਬਚਿਆ ਅਤੇ ਖ਼ੂਨ ਦੇ ਕੈਂਸਰ ਨਾਲ ਮਰਿਆ। ਇਨ੍ਹਾਂ ਰੇਡੀਓ ਐਕਟਿਵ ਕਿਰਨਾਂ ਦੇ ਅਸਰ ਕਾਰਨ ਬੰਬ ਪੀੜਤਾਂ ਨੂੰ ਬਾਹਰੋਂ ਕੋਈ ਸਿਹਤ ਸਹੂਲਤ ਨਹੀਂ ਪਹੁੰਚੀ। ਇਸ ਖੇਤਰ ਦੇ ਉਪਰੋਂ ਲੰਘੇ ਬੱਦਲ ਰੇਡੀਓ ਐਕਟਿਵ ਕਿਰਨਾਂ ਕਾਰਨ ਜਿਸ ਜਗ੍ਹਾ ਵੀ ਬਰਸਦੇ ਹਨ, ਚਮੜੀ ਦੇ ਰੋਗ ਫੈਲਾਉਂਦੇ ਹਨ।
ਪਰਮਾਣੂ ਬੰਬਾਂ ਨੂੰ ਜਦੋਂ ਹਮਲਾਵਰ ਹਥਿਆਰਾਂ ਵਜੋਂ ਪ੍ਰਚਾਰਦੇ ਹਨ ਤਾਂ ਇਨ੍ਹਾਂ ਦੇ ਆਤਮਘਾਤੀ ਪੱਖ ਲੁਕਾ ਲਏ ਜਾਂਦੇ ਹਨ। ਪਾਕਿਸਤਾਨ ਅਤੇ ਭਾਰਤ ਦੇ ਪਰਮਾਣੂ ਬੰਬ ਜ਼ਖੀਰਿਆਂ ਬਾਬਤ ਇੱਕ ਅਧਿਐਨ ਧਿਆਨ ਗੋਚਰਾ ਹੈ। ਚਾਰ ਵਿਗਿਆਨੀਆਂ (ਨੈਚੁਰਲ ਰਿਸੋਰਸਜ਼ ਡਿਫੈਸ ਕੌਂਸਲ, ਵਾਸ਼ਿੰਗਟਨ ਦੇ ਮੈਥਿਓ ਮੈਂਕੀਨਜੀ, ਪ੍ਰਿੰਸਟਨ ਯੂਨੀਵਰਸਿਟੀ ਦੇ ਜ਼ਿਆ ਮੀਆਂ ਤੇ ਐਮæਵੀæ ਰਾਮੰਨਾ ਅਤੇ ਕਾਇਦੇ-ਆਜ਼ਮ ਯੁਨੀਵਰਸਿਟੀ, ਇਸਲਾਮਾਬਾਦ ਦੇ ਏæਐਚæ ਨਈਅਰ) ਨੇ ‘ਦੱਖਣੀ ਏਸ਼ੀਆ ਵਿਚ ਪਰਮਾਣੂ ਜੰਗ’ ਨਾਂ ਦਾ ਪਰਚਾ ਲਿਖਿਆ ਹੈ। ਇਸ ਪਰਚੇ ਵਿਚ ਪਾਕਿਸਤਾਨ ਅਤੇ ਭਾਰਤ ਦੇ ਦਸ ਸ਼ਹਿਰਾਂ ਦਾ ਅਧਿਐਨ ਹੈ। ਪਰਚੇ ਮੁਤਾਬਕ ਬੰਬ ਸੁੱਟੇ ਜਾਣ ਦੀ ਹਾਲਤ ਵਿਚ ਬੰਗਲੌਰ ਵਿਚ 9,00,000; ਮੁੰਬਈ ਵਿਚ 11,83,000; ਕੋਲਕਾਤਾ ਵਿਚ 10,21,000; ਚੇਨਈ ਵਿਚ 10,09,000; ਦਿੱਲੀ ਵਿਚ 488,000; ਫੈਸਲਾਬਾਦ ਵਿਚ 8,84,000; ਇਸਲਾਮਾਬਾਦ ਵਿਚ 3,51,000; ਕਰਾਚੀ ਵਿਚ 6,50,000; ਲਾਹੌਰ ਵਿਚ 7,62,000; ਅਤੇ ਰਾਵਲਪਿੰਡੀ ਵਿਚ 5,02,000 ਮੌਤਾਂ ਫੌਰੀ ਹੋ ਜਾਣਗੀਆਂ। ਇਸ ਤੱਥ ਦੀ ਭਿਆਨਕਤਾ ਦਾ ਅੰਦਾਜ਼ਾ ਇਸ ਗੱਲ ਤੋਂ ਲੱਗ ਸਕਦਾ ਹੈ ਕਿ ਚੰਡੀਗੜ੍ਹ ਵਰਗਾ ਸ਼ਹਿਰ ਬੰਬ ਡਿਗਣ ਦੀ ਸੂਰਤ ਵਿਚ ਬਿਲਕੁਲ ਖ਼ਤਮ ਹੋ ਜਾਵੇਗਾ। ਉਪਰੋਕਤ ਤੱਥਾਂ ਨੂੰ ਇੱਕ ਰੂਸੀ ਵਿਗਿਆਨੀ ਨੇ ਇਸ ਆਧਾਰ ਉੱਤੇ ਚਣੌਤੀ ਦਿੱਤੀ ਹੈ ਕਿ ਵਸੋਂ ਸੰਘਣੀ ਹੋਣ ਕਾਰਨ ਮੌਤਾਂ ਦੀ ਗਿਣਤੀ ਵਧੇਰੇ ਹੋਵੇਗੀ। ਪਨਾਹਗੀਰਾਂ ਦਾ ਹੜ੍ਹ, ਖੰਡਰ ਸ਼ਹਿਰ, ਪ੍ਰਦੂਸ਼ਿਤ ਪਾਣੀ ਸਰੋਤ, ਖ਼ੂਨ ਦਾ ਕੈਂਸਰ ਅਤੇ ਹੋਰ ਢੇਰਾਂ ਅਲਾਮਤਾਂ ਪਲਾਂ ਵਿਚ ਸਾਡੇ ਸਾਹਮਣੇ ਆ ਖੜ੍ਹਨਗੇ। ਇਹ ਅਧਿਐਨ ਦਸ ਸਾਲ ਪੁਰਾਣਾ ਹੈ, ਇਸ ਤੋਂ ਬਾਅਦ ਵਸੋਂ ਸੰਘਣੀ ਹੋਈ ਹੈ; ਸੋ, ਪਰਮਾਣੂ ਬੰਬਾਂ ਦੀ ਮਾਰ ਇਸ ਅੰਦਾਜ਼ੇ ਤੋਂ ਕਿਤੇ ਵੱਧ ਹੋਵੇਗੀ।
ਦੱਖਣੀ ਏਸ਼ੀਆ ਵਿਚ ਹਵਾਵਾਂ ਦੇ ਸਾਲਾਨਾ ਰੁਝਾਨ ਦਾ ਅਧਿਐਨ ਕਰ ਕੇ ਇਹ ਜਾਣਨ ਦਾ ਉਪਰਾਲਾ ਹੋ ਰਿਹਾ ਹੈ ਕਿ ਭਾਰਤ ਦਾ ਸੁੱਟਿਆ ਬੰਬ ਭਾਰਤ ਲਈ ਕੀ ਕੀ ਅਤੇ ਪਾਕਿਸਤਾਨ ਦਾ ਸੁੱਟਿਆ ਬੰਬ ਪਾਕਿਸਤਾਨ ਲਈ ਕੀ ਕੀ ਅਲਾਮਤਾਂ ਲਿਆਵੇਗਾ? ਪੂਰਾ ਅੰਦਾਜ਼ਾ ਨਾ ਲੱਗਣ ਦੇ ਬਾਵਜੂਦ ਇਹ ਤੱਥ ਸਭ ਨੂੰ ਪ੍ਰਵਾਨਤ ਹੈ ਕਿ ਬੰਬ ਸੁੱਟਣ ਵਾਲਾ ਦੇਸ਼ ਆਪਣੇ ਸੁੱਟੇ ਬੰਬ ਦੀ ਮਾਰ ਤੋਂ ਨਹੀਂ ਬਚੇਗਾ।
ਭਾਰਤ-ਪਾਕਿਸਤਾਨ ਦੇ ਸਬੰਧਾਂ ਬਾਰੇ ਕਸੂਰ ਤੋਂ ਪਾਕਿਸਤਾਨ ਦੀ ਕੌਮੀ ਅਸੈਂਬਲੀ ਦੇ ਸਾਬਕਾ ਨੁਮਾਇੰਦੇ ਚੌਧਰੀ ਮਨਜ਼ੂਰ ਅਹਿਮਦ ਨੇ 2003 ਵਿਚ ਭਾਰਤ-ਪਾਕਿਸਤਾਨ ਦੇ ਰਿਸ਼ਤਿਆਂ ਬਾਬਤ ਕਿਹਾ ਸੀ, “ਸਾਡਾ ਮੌਜੂਦਾ ਅਮਨ ਜੰਗ ਤੋਂ ਸਿਰਫ਼ ਇੱਕ ਸ਼ਰਾਰਤ/ਸਾਜ਼ਿਸ਼/ਬੰਦੂਕ ਦੀ ਗੋਲੀ ਦੀ ਵਿੱਥ ਉੱਤੇ ਹੈ। ਪਰਮਾਣੂ ਬੰਬਾਂ ਵਾਲੇ ਦੋਵੇ ਗਵਾਂਢੀ ਮੁਲਕ ਬਰੂਦ ਦੇ ਢੇਰ ਉੱਤੇ ਬੈਠੇ ਹਨ।” ਸਾਡੇ ਦੇਸ਼ਾਂ ਦੇ ਹੁਕਮਰਾਨਾਂ ਦਾ ਫ਼ਾਸ਼ੀਵਾਦੀ ਵਿਹਾਰ ਸਾਨੂੰ ਪਰਮਾਣੂ ਬੰਬ ਦੇ ਖ਼ਤਰੇ ਤੋਂ ਸਿਰਫ਼ ਪਲਾਂ ਦੇ ਫ਼ਾਸਲੇ ਉੱਤੇ ਲਈ ਖੜਾ੍ਹ ਹੈ। ਜ਼ਿਆਦਾਤਰ ਅਨਪੜ੍ਹ ਲੋਕਾਈ ਉੱਤੇ ਫ਼ਾਸ਼ੀਵਾਦੀ ਅਤੇ ਜਾਤਵਾਦੀ ਜਮਾਤ ਦਾ ਗ਼ਲਬਾ ਹਾਲਤ ਨੂੰ ਬਦ ਤੋਂ ਬਦਤਰ ਬਣਾਉਂਦਾ ਹੈ।
ਜੇ ਕੋਈ ਇਲਾਹੀ ਤਾਕਤ ਸਾਡੇ ਹੁਕਮਰਾਨਾਂ ਨੂੰ ਸੁਮੱਤ ਬਖਸ਼ੇ ਤਾਂ ਵੀ ਸਾਡੇ ਸਿਰ ਤੋਂ ਪਰਮਾਣੂ ਬੰਬ ਦਾ ਖ਼ਤਰਾ ਘਟ ਨਹੀਂ ਜਾਂਦਾ। ਪਾਕਿਸਤਾਨ ਅਤੇ ਭਾਰਤ ਦੀ ਭਗੌਲਿਕ ਨੇੜਤਾ, ਦੋਵਾਂ ਦੇਸ਼ਾਂ ਦਾ ਸੀਮਤ ਵਿਗਿਆਨ, ਨਾ ਭਰੋਸੇਯੋਗ ਸੂਚਨਾ ਸਾਧਨ ਅਤੇ ਸ਼ੱਕੀ ਖ਼ੁਫ਼ੀਆ ਏਜੰਸੀਆਂ ਕਦੇ ਵੀ ਕਿਸੇ ਪਰਮਾਣੂ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ। ਦੋ ਪਰਮਾਣੂ ਸ਼ਕਤੀਆਂ ਅਮਰੀਕਾ ਅਤੇ ਸਾਬਕਾ ਸੋਵੀਅਤ ਯੂਨੀਅਨ ਦਾ ਤਜਰਬਾ ਬਹੁਤ ਕੁਝ ਸਿਖਾਉਂਦਾ ਹੈ। ਦੋਵਾਂ ਦੇਸ਼ਾਂ ਦੇ ਵਿਕਸਿਤ ਸੂਚਨਾ ਯੰਤਰ ਅਤੇ ‘ਭਰੋਸੇਯੋਗ’ ਖ਼ੁਫ਼ੀਆ ਏਜੰਸੀਆਂ ਦੇ ਬਾਵਜੂਦ ਕਈ ਵਾਰ ਪਰਮਾਣੂ ਬੰਬ ਹਾਦਸੇ ਵਜੋਂ (ਸਿਰਫ਼ ਤਕਨੀਕੀ ਗ਼ਲਤੀਆਂ ਕਾਰਨ) ਚਲਦੇ-ਚਲਦੇ ਭੂਗੋਲਿਕ ਦੂਰੀ ਕਾਰਨ ਮਿਲੇ ਸਮੇਂ ਕਰ ਕੇ ਰੁਕ ਗਏ। ਇਨ੍ਹਾਂ ਦੋਵਾਂ ਦੇਸ਼ਾਂ ਦੀ ਭੂਗੋਲਿਕ ਦੂਰੀ ਤੈਅ ਕਰਨ ਲਈ ਪਰਮਾਣੂ ਅਸਤਰਾਂ ਨੂੰ ਕਰੀਬ 25 ਮਿੰਟ ਲੱਗ ਸਕਦੇ ਸਨ। ਇਨ੍ਹਾਂ 25 ਮਿੰਟਾਂ ਵਿਚੋਂ ਪਹਿਲੇ ਇੱਕ-ਡੇਢ ਮਿੰਟ ਵਿਚ ਹਮਲੇ ਦੀ ਸੂਚਨਾ ਦੂਜੇ ਮੂਲਕ ਨੂੰ ਮਿਲਦੀ ਸੀ। ਇਸ ਸੂਚਨਾ ਦੇ ਆਧਾਰ ਉੱਤੇ ਹਮਲੇ ਦੀ ਦਿਸ਼ਾ, ਨਿਸ਼ਾਨੇ ਅਤੇ ਹੋਰ ਤਕਨੀਕੀ ਜਾਣਕਾਰੀ ਅਗਲੇ ਦੋ ਤੋਂ ਢਾਈ ਮਿੰਟ ਵਿਚ ਮਿਲ ਸਕਦੀ ਸੀ। ਸਲਾਹਕਾਰਾਂ ਨਾਲ ਸਲਾਹ ਕਰ ਕੇ ਛੇ-ਸੱਤ ਮਿੰਟ ਵਿਚ ਤੈਅ ਹੋ ਸਕਦਾ ਹੈ ਕਿ ਕੀ ਪਰਮਾਣੂ ਹਮਲਾ ਸ਼ੁਰੂ ਹੋ ਚੁੱਕਿਆ ਹੈ? ਮੁੱਢਲੀ ਜਾਣਕਾਰੀ ਦੀ ਤਫ਼ਤੀਸ਼ ਤੇ ਤਸਦੀਕ ਲਈ ਸਮਾਂ ਹਾਲੇ ਵੀ ਬਚਦਾ ਹੈ। ਦੋਵਾਂ ਦੇਸ਼ਾਂ ਨੇ ਵੱਡੇ ਪੱਧਰ ਉੱਤੇ ਤਕਨੀਕੀ ਅਤੇ ਵਿੱਤੀ ਸੋਮੇ ਅਗੇਤੀ ਚਿਤਾਵਨੀ ਦੇਣ ਵਾਲੇ ਪ੍ਰਬੰਧ ਨੂੰ ਉਸਾਰਨ ਵਿਚ ਲੱਗੇ ਸਨ। ਇਹ ਵੀ ਕਿੰਨਾ ਭਰੋਸੇਯੋਗ ਸੀ? ਅਮਰੀਕਾ ਵਿਚ 1979 ਤੋਂ 1984 ਵਿਚਕਾਰ 20,000 ਵਾਰ ਮਿਜ਼ਾਇਲ ਹਮਲੇ ਦੀ ਸੂਚਨਾ ਮਿਲੀ। ਇੱਕ ਹਜ਼ਾਰ ਤੋਂ ਵੱਧ ਵਾਰ ਇਸ ਚਿਤਾਵਨੀ ਨੂੰ ਗੰਭੀਰਤਾ ਨਾਲ ਲੈਂਦਿਆਂ ਮੋੜਵੇਂ ਹਮਲੇ ਲਈ ਬੰਬ ਸੁੱਟਣ ਵਾਲੇ ਜਹਾਜ਼ਾਂ ਅਤੇ ਮਿਜ਼ਾਇਲਾਂ ਨੂੰ ਚੌਕੰਨਾ ਕਰ ਦਿੱਤਾ ਗਿਆ। ਭੂਗੌਲਿਕ ਦੂਰੀ ਕਾਰਨ ਮਿਲੇ ਸਮੇਂ ਦੇ ਨਤੀਜੇ ਵਜੋਂ ਦੂਜੇ ਦੇਸ਼ ਨੂੰ ਸੋਚਣ ਦਾ ਸਮਾਂ ਕਿਆਸੇ ਹਮਲੇ ਦੇ ਮੋੜਵੇਂ ਹਮਲੇ ਤੋਂ ਬਚਾਅ ਵਿਚ ਸਹਾਈ ਹੋਇਆ।
ਪਾਕਿਸਤਾਨ ਅਤੇ ਭਾਰਤ ਵਿਚ ਅਜਿਹਾ ਮੌਕਾ ਨਹੀਂ ਹੈ। ਭਾਰਤ ਦੀ ‘ਪ੍ਰਿਥਵੀ’ ਮਿਜ਼ਾਇਲ ਤਿੰਨ ਤੋਂ ਪੰਜ ਮਿੰਟ ਵਿਚ ਪਾਕਿਸਤਾਨ ਦੇ ਕਿਸੇ ਵੀ ਖੂੰਜੇ ਵਿਚ ਮਾਰ ਕਰ ਸਕਦੀ ਹੈ। ਪਾਕਿਸਤਾਨ ਦੀ ‘ਗੌਰੀ’ ਮਿਜ਼ਾਇਲ ਪੰਜ ਮਿੰਟ ਦੇ ਅੰਦਰ ਦਿੱਲੀ ਧਮਾਕਾ ਕਰ ਸਕਦੀ ਹੈ। ਹੁਣ ਤਾਂ ਇਸ ਤੋਂ ਵੀ ਘਾਤਕ ਮਿਜ਼ਾਇਲਾਂ ਦੋਵਾਂ ਮੁਲਕਾਂ ਕੋਲ ਹਨ। ਜੇ ਕਿਤੇ ਪਾਕਿਸਤਾਨ ਅਤੇ ਭਾਰਤ ਵਿਚਕਾਰ ਪਰਮਾਣੂ ਹਮਲੇ ਦਾ ਸਾਇਰਨ ਗ਼ਲਤੀ ਨਾਲ ਵੱਜ ਜਾਵੇ ਤਾਂ ਤਸਦੀਕ ਕਰਨ ਦਾ ਮੌਕਾ ਨਹੀਂ ਹੈ। ਕਿਸੇ ਕਿਆਸੇ ਪਰਮਾਣੂ ਹਮਲੇ ਦੀ ਸ਼ੰਕਾ ਪਰਮਾਣੂ ਹਮਲੇ ਦਾ ਕਾਰਨ ਬਣ ਸਕਦੀ ਹੈ। ਅੰਦਾਜ਼ਾ ਲਗਾਉਣਾ ਔਖਾ ਨਹੀਂ ਕਿ ਅਸੀਂ ਕਿੰਨੇ ਨਾਜ਼ੁਕ ਦੌਰ ਵਿਚੋਂ ਗੁਜ਼ਰ ਰਹੇ ਹਾਂ। ਪਰਮਾਣੂ ਬੰਬ ਦੀ ਹੋਂਦ ਦਾ ਸਮਾਜਿਕ ਪੱਖ ਵੀ ਹੈ। ਸਾਡੇ ਦੋਵਾਂ ਦੇਸ਼ਾਂ ਵਿਚ ਗ਼ੁਰਬਤ ਅਤੇ ਜ਼ਹਾਲਤ ਲਗਾਤਾਰ ਵਧ ਰਹੀ ਹੈ। ਗ਼ਰੀਬੀ ਅਤੇ ਸਾਖ਼ਰਤਾ ਹਟਾਉਣ ਲਈ ਕੀਤੇ ਵਾਅਦੇ ਲਗਾਤਾਰ ਭਵਿੱਖ ਉੱਤੇ ਟਾਲੇ ਗਏ। ਹੁਣ ਗ਼ਰੀਬੀ ਅਤੇ ਸਾਖ਼ਰਤਾ ਬਾਬਤ ਕੀਤੀ ਕੋਈ ਵੀ ਗੱਲ ਚੁਟਕਲਾ ਸਮਝ ਕੇ ਗੰਭੀਰਤਾ ਨਾਲ ਨਹੀਂ ਜਾਂਦੀ। ਇਨ੍ਹਾਂ ਬੰਬਾਂ ਲਈ ਸੋਮੇ ਕਿੱਥੋਂ ਆਏ ਹਨ?
ਕੁਝ ਵਿਗਿਆਨੀਆਂ ਨੇ ਪਰਮਾਣੂ ਬੰਬ ਬਣਾਉਣ ਦੇ ਨੁਕਸੇ ਕਿਤਾਬ ਵਿਚ ਛਾਪ ਦਿੱਤੇ। ਚਿੰਤਕਾਂ ਦੀ ਚਿੰਤਾ ਕਿ ਇਸ ਨਾਲ ਆਲਮੀ ਅਸੁਰੱਖਿਆ ਵਧ ਗਈ ਹੈ। ਹੁਣ ਹਰ ਕੋਈ ਬੰਬ ਬਣਾ ਲਵੇਗਾ। ਵਿਗਿਆਨੀਆਂ ਦਾ ਵਿਸ਼ਵਾਸ ਭਰਿਆ ਜੁਆਬ ਸੀ। ‘ਇਸ ਬੰਬ ਨੂੰ ਕੋਈ ਆਪਣੇ ਨਾਗਰਿਕਾਂ ਦੇ ਸਰੋਤ ਲੁੱਟ ਕੇ ਹੀ ਬਣਾ ਸਕਦਾ ਹੈ। ਕੋਈ ਕੰਪਨੀ ਜਾਂ ਅਤਿਵਾਦੀ ਧੜਾ ਇਹ ਬੰਬ ਬਣਾਉਣ ਲਈ ਸਾਧਨ ਨਹੀਂ ਜੁਟਾ ਸਕਦਾ।’ ਸਰਕਾਰਾਂ ਹੀ ਆਪਣੇ ਨਾਗਰਿਕਾਂ ਉੱਤੇ ਵਜ਼ਨ ਪਾ ਕੇ ਇਹ ਬੰਬ ਬਣਾ ਸਕਦੀਆਂ ਹਨ। ਇਸ ਕਾਰਨ ਹੀ ਸਰਕਾਰਾਂ ਬਹੁਤ ਸਾਰੇ ਤੱਥ ਲਕੋਂਦੀਆਂ ਹਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜ਼ੁਲਿਫਕਾਰ ਅਲੀ ਭੁੱਟੋ ਦਾ ਭਾਰਤ ਦੇ ਪਹਿਲੇ ਪਰਮਾਣੂ ਪਰੀਖਣ ਤੋਂ ਬਾਅਦ ਦਿੱਤਾ ਬਿਆਨ ਧਿਆਨ ਗੋਚਰਾ ਹੈ, “ਬੇਸ਼ੱਕ ਸਾਨੂੰ ਘਾਹ ਖਾਣਾ ਪਵੇ ਜਾਂ ਭੁੱਖਾ ਮਰਨਾ ਪਵੇ, ਪਰ ਪਰਮਾਣੂ ਬੰਬ ਜ਼ਰੂਰ ਬਣਾਉਣਾ ਚਾਹੀਦਾ ਹੈ।” ਜੇ ਮੁਲਕ ਵਾਸੀਆਂ ਨੇ ਘਾਹ ਖਾਣਾ ਜਾਂ ਭੁੱਖਾ ਮਰਨਾ ਹੈ ਤਾਂ ਬੰਬ ਬਣਾਉਣ ਤੋਂ ਵੱਡੀ ਅਸੁਰੱਖਿਆ ਹੋਰ ਕੀ ਹੈ?
ਇਹ ਬੰਬ ਚੱਲਣ ਤੋਂ ਪਹਿਲਾਂ ਹੀ ਸਾਡੇ ਗ਼ੁਰਬਤ ਅਤੇ ਜ਼ਹਾਲਤ ਵਿਚ ਜੀਅ ਰਹੇ ਲੋਕਾਂ ਦੇ ਸਿਰ ਫ਼ਟ ਚੁੱਕੇ ਹਨ। ਭਾਰਤ ਅਤੇ ਪਾਕਿਸਤਾਨ ਆਪਣੇ ਬਜਟ ਦਾ ਕਰੀਬ 40 ਫ਼ੀਸਦੀ ਹਥਿਆਰਾਂ ਉੱਤੇ ਖ਼ਰਚ ਕਰਦੇ ਹਨ। ਭਾਰਤ ਆਪਣੇ ਬਜਟ ਦਾ 3 ਫ਼ੀਸਦੀ ਅਤੇ ਪਾਕਿਸਤਾਨ ਆਪਣੇ ਬਜਟ ਦਾ 4 ਫ਼ੀਸਦੀ ਸਿਹਤ ਅਤੇ ਸਿੱਖਿਆ ਉੱਤੇ ਖ਼ਰਚ ਕਰਦਾ ਹੈ। ਦੱਖਣੀ ਏਸ਼ੀਆ ਵਿਚ ਅੱਧੀ ਤੋਂ ਵਧੇਰੇ ਵਸੋਂ ਗ਼ਰੀਬੀ ਰੇਖਾ ਤੋਂ ਥੱਲੇ ਹੈ। ਇੱਕ ਤਿਹਾਈ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ। ਅੱਧੀ ਵਸੋਂ ਦੀ ਜ਼ਰੂਰੀ ਦਵਾਈਆਂ ਤੱਕ ਪਹੁੰਚ ਨਹੀਂ। ਇਨ੍ਹਾਂ ਦੇਸ਼ਾਂ ਵਿਚ ਹਾਲੇ ਵੀ ਛੂਤ ਦੀਆਂ ਬਿਮਾਰੀਆਂ ਦੇ ਰੋਗੀ ਵੱਡੀ ਗਿਣਤੀ ਵਿਚ ਹਨ।
ਇਨ੍ਹਾਂ ਅੰਕੜਿਆਂ ਦਾ ਦੂਜਾ ਪਾਸਾ ਵੀ ਹੈ; ਦੁਨੀਆਂ ਵਿਚ ਹੁੰਦੇ ਹਥਿਆਰਾਂ ਉਪਰ ਜਿਨ੍ਹਾਂ ਖ਼ਰਚ ਇੱਕ ਘੰਟੇ ਵਿਚ ਹੁੰਦਾ ਹੈ, ਉਸ ਨਾਲ ਛੋਟੀ ਮਾਤਾ ਦੇ ਖ਼ਾਤਮੇ ਦਾ ਪ੍ਰੋਗਰਾਮ ਵੀਹ ਸਾਲ ਚੱਲ ਸਕਦਾ ਹੈ। ਅੱਧੇ ਦਿਨ ਦੇ ਖ਼ਰਚ ਨਾਲ ਪੂਰੀ ਦੁਨੀਆਂ ਦੇ ਬੱਚਿਆਂ ਦਾ ਟੀਕਾਕਰਨ ਹੋ ਸਕਦਾ ਹੈ। ਇੱਕ ਦਿਨ ਦੇ ਖ਼ਰਚ ਨਾਲ ਮਲੇਰੀਆ ਦਾ ਖ਼ਾਤਮਾ ਹੋ ਸਕਦਾ ਹੈ। ਤਿੰਨ ਹਫ਼ਤਿਆਂ ਦੇ ਖ਼ਰਚ ਨਾਲ ਸਾਰੇ ਸੰਸਾਰ ਦੇ ਬੱਚਿਆਂ ਲਈ ਮੁੱਢਲੀ ਸਿਹਤ ਸਹੂਲਤ ਅਤੇ ਇੱਕ ਹੋਰ ਹਫ਼ਤੇ ਦੇ ਖਰਚੇ ਨਾਲ ਇਨ੍ਹਾਂ ਦੀ ਮੁਢਲੀ ਖ਼ੁਰਾਕ ਦਾ ਬੰਦੋਬਸਤ ਹੋ ਸਕਦਾ ਹੈ। ਤਿੰਨ ਘੰਟਿਆਂ ਦੇ ਖ਼ਰਚ ਨਾਲ ਯੂæਐਨæਓæ ਦਾ ਸਾਲਾਨਾ ਬਜਟ ਨਿਕਲ ਆਉਂਦਾ ਹੈ।
‘ਅਤਿਵਾਦ ਖ਼ਿਲਾਫ਼ ਜੰਗ’ ਨੇ ਦੁਨੀਆ ਵਿਚ ਸ਼ੱਕ ਦਾ ਮਾਹੌਲ ਬਣਾ ਦਿੱਤਾ ਹੈ। ਅਫ਼ਗ਼ਾਨਿਸਤਾਨ ਅਤੇ ਇਰਾਕ ਦੀ ਤਬਾਹੀ ਤੋਂ ਬਾਅਦ ਇਰਾਨ ਉੱਤੇ ਵੱਧ ਰਿਹਾ ਦਬਾਅ ਸਾਨੂੰ ਵੱਡੇ ਖ਼ਤਰੇ ਦੇ ਮੂੰਹ ਉੱਤੇ ਲਈ ਖੜ੍ਹਾ ਹੈ। ਦੁਨੀਆਂ ਦਾ ਅਮਰੀਕਾ ਅਧੀਨ ਚੱਲ ਰਿਹਾ ਇਕ-ਪਾਸੜ ਨਿਜ਼ਾਮ ਸਾਡੇ ਸੰਸਿਆਂ ਵਿਚ ਭਾਰੀ ਵਾਧਾ ਕਰ ਰਿਹਾ ਹੈ। ਇਨ੍ਹਾਂ ਤੱਥਾਂ ਨਾਲ ਆਇਨਸਟਾਇਨ ਦੇ ਕਥਨ ਦੀ ਅਹਿਮੀਅਤ ਸਮਝ ਪੈਂਦੀ ਹੈ। ਮੌਜੂਦਾ ਦੌਰ ਵਿਚ ਇਹ ਕਥਨ ਹੋਰ ਵੀ ਅਹਿਮ ਹੋ ਗਿਆ ਹੈ। ਮੌਜੂਦਾ ਅੰਨ੍ਹੀ ਦੇਸ਼ਭਗਤੀ ਦੇ ਦੌਰ ਵਿਚ ਇਨ੍ਹਾਂ ਤੱਥਾਂ ਨੂੰ ਵੱਧ ਤੋਂ ਵੱਧ ਲੋਕਾਂ ਤਕ ਪਹੁੰਚਾ ਸਕਣਾ ਸ਼ਾਇਦ ਸਾਡੇ ਲਈ ਕੋਈ ਉਮੀਦ ਜਾਂ ਸੁਰੱਖਿਆ ਬਣ ਸਕੇਗਾ।

Be the first to comment

Leave a Reply

Your email address will not be published.