ਹਿੰਦ-ਪਾਕਿ ਸਰਹੱਦ ‘ਤੇ ਤਸਕਰੀ ਦੇ ਨਵੇਂ ਜੁਗਾੜ ਬਣੇ ਵੰਗਾਰ

ਅੰਮ੍ਰਿਤਸਰ: ਭਾਰਤ-ਪਾਕਿਸਤਾਨ ਵਿਚਾਲੇ ਨਸ਼ੇ ਦੀ ਤਸਕਰੀ ਕਰਨ ਵਾਲੇ ਤਸਕਰ ਆਏ ਦਿਨ ਨਵਾਂ ਜੁਗਾੜ ਲਾਉਂਦੇ ਹਨ। ਇਸ ਵਾਰ ਪਾਕਿਸਤਾਨੀ ਤਸਕਰਾਂ ਵੱਲੋਂ ਨਵੇਂ ਤਰੀਕੇ ਨਾਲ ਭਾਰਤ ਵਿਚ ਨਸ਼ੇ ਦੀ ਖੇਪ ਭੇਜੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪਾਕਿਸਤਾਨ ਵਿਚ ਬੈਠੇ ਨਸ਼ਾ ਤਸਕਰਾਂ ਨੇ ਇਸ ਵਾਰ ਖੇਤੀਬਾੜੀ ਵਿਚ ਵਰਤੀ ਜਾਣ ਵਾਲੀ ਲੋਹੇ ਦੀ ਪਾਇਪ ਰਾਹੀਂ ਹੈਰੋਇਨ ਭੇਜਣ ਦੀ ਕੋਸ਼ਿਸ਼ ਕੀਤੀ, ਪਰ ਸਰਹੱਦ ‘ਤੇ ਤਾਇਨਾਤ ਬੀæਐਸ਼ਐਫ਼ ਦੀ ਚੌਕਸੀ ਕਰ ਕੇ ਤਸਕਰ ਆਪਣੀ ਇਸ ਕੋਸ਼ਿਸ਼ ਵਿਚ ਅਸਫਲ ਰਹੇ।

ਪੁਰਾਣੇ ਤਰੀਕੇ ਫੇਲ੍ਹ ਹੋਣ ਕਰ ਕੇ ਤਸਕਰਾਂ ਨੇ ਹੁਣ ਨਵੇਂ ਤਰੀਕੇ ਅਪਨਾਏ ਹਨ। ਬੀæਐਸ਼ਐਫ਼ ਨੇ ਤਸਕਰੀ ਰੋਕਣ ਲਈ ਚੌਕਸੀ ਵਧਾ ਦਿੱਤੀ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੂੰ ਇਤਲਾਹ ਮਿਲੀ ਹੈ ਕਿ ਡਰੱਗ ਮਾਫੀਆ ਨਸ਼ੇ ਭੇਜਣ ਲਈ ਕੌਮਾਂਤਰੀ ਸੀਮਾ ਉਤੇ ਸੁਰੰਗ ਵੀ ਪੁੱਟ ਸਕਦਾ ਹੈ। ਦੱਸਣਯੋਗ ਹੈ ਕਿ ਥੋੜ੍ਹਾ ਸਮਾਂ ਪਹਿਲਾਂ ਹੀ ਤਿੰਨ ਮਾਰਚ 2016 ਨੂੰ ਬੀæਐਸ਼ਐਫ਼ ਨੇ ਜੰਮੂ ਸੈਕਟਰ ਵਿਚ ਕੌਮਾਂਤਰੀ ਸੀਮਾ ਨੇੜੇ ਸੁਰੰਗ ਪੁੱਟਣ ਦੀ ਕਾਰਵਾਈ ਨੂੰ ਬੇਨਕਾਬ ਕੀਤਾ ਹੈ। ਕੁਝ ਵਰ੍ਹੇ ਪਹਿਲਾਂ ਰਾਜਸਥਾਨ ਦੇ ਬਾਰਮੇਰ ਇਲਾਕੇ ਵਿਚ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਸੀ।
ਕੇਂਦਰੀ ਗ੍ਰਹਿ ਮੰਤਰਾਲੇ ਦੇ ਤਾਜ਼ਾ ਵੇਰਵਿਆਂ ਅਨੁਸਾਰ ਡਰੱਗ ਮਾਫੀਆ ਵੱਲੋਂ ਨਸ਼ਾ ਤਸਕਰੀ ਲਈ ਹੁਣ ਸੁਰੰਗ ਪੁੱਟਣ ਅਤੇ ਕੰਡਿਆਲੀ ਤਾਰ ‘ਤੇ ਪਾਈਪਾਂ ਰਾਹੀਂ ਤਸਕਰੀ ਕਰਨ ਦੇ ਢੰਗ-ਤਰੀਕੇ ਅਖ਼ਤਿਆਰ ਕੀਤੇ ਜਾਣ ਦੀਆਂ ਰਿਪੋਰਟਾਂ ਮਿਲੀਆਂ ਹਨ। ਰਾਜਸਥਾਨ ਵਿਚ ਤਾਂ ਕੌਮਾਂਤਰੀ ਸੀਮਾ ਨੇੜੇ ਖਣਨ ‘ਤੇ ਵੀ ਪਾਬੰਦੀ ਲਗਾਈ ਗਈ ਹੈ। ਦੱਸਣਯੋਗ ਹੈ ਕਿ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਵਿਚ ਖਣਨ ਦਾ ਕਾਰੋਬਾਰ ਕਾਫੀ ਜ਼ਿਆਦਾ ਰਿਹਾ ਹੈ। ਪੰਜਾਬ ਦੇ ਫਿਰੋਜ਼ਪੁਰ, ਫ਼ਾਜ਼ਿਲਕਾ, ਤਰਨ ਤਾਰਨ, ਅੰਮ੍ਰਿਤਸਰ ਤੇ ਗੁਰਦਾਸਪੁਰ ਜ਼ਿਲ੍ਹੇ ਕੌਮਾਂਤਰੀ ਸੀਮਾ ਨਾਲ ਲੱਗਦੇ ਹਨ।
ਜਾਣਕਾਰੀ ਅਨੁਸਾਰ ਬੀæਐਸ਼ਐਫ਼ ਨੇ ਪੰਜਾਬ ਵਿਚ ਭਾਰਤ-ਪਾਕਿ ਸੀਮਾ ਲਾਗੇ ਅਜਿਹੀ ਗਤੀਵਿਧੀ ਦੀ ਸੰਭਾਵਨਾ ਨੂੰ ਦੇਖਦੇ ਹੋਏ ਮੁਸਤੈਦੀ ਵਧਾ ਦਿੱਤੀ ਹੈ। ਗ੍ਰਹਿ ਮੰਤਰਾਲੇ ਦੇ ਤੱਥਾਂ ਅਨੁਸਾਰ ਕੌਮਾਂਤਰੀ ਸੀਮਾ ‘ਤੇ ਪਹਿਲੀ ਜਨਵਰੀ 2016 ਤੋਂ 31 ਮਾਰਚ 2016 ਤੱਕ 72 ਕਿਲੋਗ੍ਰਾਮ ਨਸ਼ੇ ਫੜੇ ਹਨ ਜਦੋਂਕਿ ਸਾਲ 2015 ਵਿੱਚ 409 ਕਿਲੋਗ੍ਰਾਮ ਨਸ਼ੇ ਫੜੇ ਗਏ ਸਨ।
ਕੇਂਦਰੀ ਗ੍ਰਹਿ ਮੰਤਰਾਲੇ ਨੇ ਕੌਮਾਂਤਰੀ ਸੀਮਾ ‘ਤੇ ਸੁਰੱਖਿਆ ਮਜ਼ਬੂਤ ਕਰਨ ਅਤੇ ਕੰਡਿਆਲੀ ਤਾਰ ਵਾਲੇ ਖੱਪੇ ਭਰਨ ਵਾਸਤੇ ਠੋਸ ਯੋਜਨਾ ਬਣਾਉਣ ਲਈ ਗ੍ਰਹਿ ਮੰਤਰਾਲੇ ਦੀ ਸਾਬਕਾ ਸਕੱਤਰ ਮਧੂਕਰ ਗੁਪਤਾ ਦੀ ਅਗਵਾਈ ਹੇਠ 29 ਮਾਰਚ 2016 ਨੂੰ ਕਮੇਟੀ ਦਾ ਗਠਨ ਕੀਤਾ ਹੈ, ਜਿਸ ਨੇ 30 ਜੂਨ 2016 ਤੱਕ ਆਪਣੀ ਰਿਪੋਰਟ ਦੇਣੀ ਹੈ। ਇਸ ਕਮੇਟੀ ਵੱਲੋਂ ਕੌਮਾਂਤਰੀ ਸੀਮਾ ਦਾ ਹਰ ਪੱਖ ਤੋਂ ਮੁਲਾਂਕਣ ਕੀਤਾ ਜਾਵੇਗਾ ਅਤੇ ਹਰ ਚੋਰ ਮੋਰੀ ਬੰਦ ਕਰਨ ਲਈ ਠੋਸ ਕਦਮਾਂ ਵਾਸਤੇ ਸੁਝਾਅ ਦਿੱਤੇ ਜਾਣੇ ਹਨ। ਗ੍ਰਹਿ ਮੰਤਰਾਲੇ ਅਨੁਸਾਰ ਕੌਮਾਂਤਰੀ ਸੀਮਾ ਤੋਂ ਤਸਕਰੀ ਰੋਕਣ ਲਈ ਫਲੱਡ ਲਾਈਟਾਂ ਲਾਈਆਂ ਗਈਆਂ ਹਨ ਅਤੇ ਗੁਰਦਾਸਪੁਰ ਸੈਕਟਰ ਵਿਚ ਇਕ ਹੋਰ ਬਟਾਲੀਅਨ ਤਾਇਨਾਤ ਕੀਤੀ ਗਈ ਹੈ।
ਸੀਮਾ ਸੁਰੱਖਿਆ ਬਲ ਪੰਜਾਬ ਫਰੰਟੀਅਰ ਦੇ ਆਈæਜੀæ ਅਨਿਲ ਪਾਲੀਵਾਲ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਸੈਕਟਰ ਦੀ ਸਰਹੱਦੀ ਚੌਕੀ ਘੋਗਾ ਨੇੜੇ ਕੰਡਿਆਲੀ ਤਾਰੋਂ ਪਾਰ ਖੇਤਾਂ ਵਿਚ ਇਕ ਪਾਇਪ ਮਿਲੀ ਸੀ। ਇਹ ਪਾਇਪ ਖੇਤਾਂ ਵਿਚ ਪਾਣੀ ਲਾਉਣ ਲਈ ਬਣਾਏ ਗਏ ਖਾਲ ਵਿਚ ਪਈ ਹੋਈ ਸੀ। ਪਾਇਪ ਦੋਵੇਂ ਪਾਸਿਓਂ ਵੈਲਡਿੰਗ ਹੋਈ ਸੀ, ਜਦ ਜਵਾਨਾਂ ਨੂੰ ਇਸ ਪਾਇਪ ਦੇ ਮਿਲਣ ਉਤੇ ਸ਼ੱਕ ਹੋਇਆ ਤਾਂ ਪਾਇਪ ਦੇ ਦੋਵੇਂ ਪਾਸਿਆਂ ਨੂੰ ਤੋੜਿਆ ਗਿਆ ਜਿਸ ਵਿਚੋਂ ਹੈਰੋਇਨ ਦੇ ਛੇ ਛੋਟੇ-ਛੋਟੇ ਪੈਕਟ ਬਰਾਮਦ ਹੋਏ। ਬਰਾਮਦ ਕੀਤੇ ਗਏ ਇਨ੍ਹਾਂ ਪੈਕਟਾਂ ਵਿਚੋਂ ਮਿਲੀ ਹੈਰੋਇਨ ਦਾ ਕੁੱਲ ਭਾਰ ਚਾਰ ਕਿੱਲੋ ਹੈ।
ਆਈæਜੀæ ਨੇ ਦੱਸਿਆ ਕਿ ਆਮ ਤੌਰ ਉਤੇ ਪਾਕਿਸਤਾਨੀ ਤਸਕਰਾਂ ਵੱਲੋਂ ਫਸਲ ਦੀ ਕਟਾਈ ਤੇ ਕੋਹਰੇ ਦੇ ਦਿਨਾਂ ਵਿਚ ਤਸਕਰੀ ਦੀਆਂ ਵਾਰਦਾਤਾਂ ਨੂੰ ਵਧੇਰੇ ਅੰਜਾਮ ਦਿੱਤਾ ਜਾਂਦਾ ਹੈ। ਇਸ ਵਾਰ ਕਟਾਈ ਦਾ ਕੰਮ ਪੂਰਾ ਹੋ ਜਾਣ ਤੋਂ ਬਾਅਦ ਤਸਕਰਾਂ ਨੇ ਇਕ ਨਵੇਂ ਤਰੀਕੇ ਦਾ ਇਸਤੇਮਾਲ ਕੀਤਾ ਹੈ ਜਿਸ ਨੂੰ ਸਰਹੱਦ ‘ਤੇ ਤਾਇਨਾਤ ਜਵਾਨਾਂ ਦੀ ਚੌਕਸੀ ਨੇ ਅਸਫਲ ਕਰ ਦਿੱਤਾ ਹੈ।
______________________________
ਗਊ ਰਾਖੀ ਦਾ ਜ਼ਿੰਮਾ ਸ਼ਰਾਬੀਆਂ ਸਿਰ!
ਚੰਡੀਗੜ੍ਹ: ਪੰਜਾਬ ਵਿਚ ਸ਼ਰਾਬ ਮਹਿੰਗੀ ਹੋਣ ਜਾ ਰਹੀ ਹੈ। ਅੰਗਰੇਜ਼ੀ ਸ਼ਰਾਬ ਦੀ ਬੋਤਲ 10 ਰੁਪਏ, ਬੀਅਰ ਤੇ ਦੇਸੀ ਸ਼ਰਾਬ ਦੀ ਬੋਤਲ ਪੰਜ ਰੁਪਏ ਮਹਿੰਗੀ ਹੋਏਗੀ। ਦਰਅਸਲ, ਪੰਜਾਬ ਸਰਕਾਰ ਗਊਆਂ ਦੀ ਰਾਖੀ ਲਈ ਸ਼ਰਾਬ ਉਤੇ ਕਰ ਲਾਉਣ ਜਾ ਰਹੀ ਹੈ। ਭਾਜਪਾ ਮੰਤਰੀ ਅਨਿਲ ਜੋਸ਼ੀ ਦਾ ਕਹਿਣਾ ਹੈ ਕਿ ਸ਼ਰਾਬ ਤੇ ਕੁਝ ਹੋ ਚੀਜ਼ਾਂ ‘ਤੇ ਲਾਏ ਸੈੱਸ ਤੋਂ ਇਕੱਠੇ ਹੋਏ ਫੰਡ ਗਊਆਂ ਦੇ ਪਾਲਣ-ਪੋਸ਼ਣ ਉਤੇ ਖਰਚੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਯੋਜਨਾ ਬਾਰੇ ਕਾਫੀ ਸਮੇਂ ਤੋਂ ਵਿਚਾਰ ਕੀਤਾ ਜਾ ਰਿਹਾ ਸੀ। ਸ਼ਰਾਬ ਹੀ ਨਹੀਂ ਸਗੋਂ ਹੋਰ ਵੀ ਕਈ ਚੀਜ਼ਾਂ ‘ਤੇ ਸੈੱਸ ਲਾਇਆ ਗਿਆ ਹੈ। ਜੋਸ਼ੀ ਨੇ ਕਿਹਾ ਕਿ ਇਹ ਕੋਈ ਆਰæਐਸ਼ਐਸ਼ ਦਾ ਏਜੰਡਾ ਨਹੀਂ ਸਗੋਂ ਪੰਜਾਬ ਸਰਕਾਰ ਗਾਊ ਦੀ ਸੇਵਾ ਲਈ ਪ੍ਰਤੀਬੱਧ ਹੈ। ਉਨ੍ਹਾਂ ਦੀ ਸਰਕਾਰ ਗਊਆਂ ਦੀ ਰਾਖੀ ਜਾਰੀ ਰੱਖੇਗੀ, ਚਾਹੇ ਵਿਰੋਧੀ ਜੋ ਮਰਜ਼ੀ ਕਹਿੰਦੇ ਰਹਿਣ। ਕਾਬਲੇਗੌਰ ਹੈ ਕਿ ਪਿਛਲੇ ਸਮੇਂ ਤੋਂ ਭਾਜਪਾ ਗਾਊ ਰਾਖੀ ਲਈ ਪੂਰੇ ਦੇਸ਼ ਵਿਚ ਸਰਗਰਮ ਹੀ ਹੈ। ਇਸ ਲਈ ਪੰਜਾਬ ਸਰਕਾਰ ‘ਤੇ ਦਬਾਅ ਪਾਇਆ ਜਾ ਰਿਹਾ ਸੀ।