ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਨੂੰ ਨੌਂ ਸਾਲਾਂ ਤੋਂ ਵੀ ਵਧੇਰੇ ਸਮੇਂ ਤੱਕ ਸੱਤਾ ਦਾ ਆਨੰਦ ਮਾਣਨ ਤੋਂ ਬਾਅਦ ਵਰਕਰਾਂ ਅਤੇ ਆਮ ਲੋਕਾਂ ਦੇ ਪਾਰਟੀ ਨਾਲੋਂ ਦੂਰ ਚਲੇ ਜਾਣ ਦਾ ਅਹਿਸਾਸ ਹੋਣ ਲੱਗਾ ਹੈ। ਭਾਜਪਾ ਦੇ ਸੀਨੀਅਰ ਆਗੂਆਂ ਦੀ ਚੰਡੀਗੜ੍ਹ ਵਿਚ ਹੋਈ ਮੀਟਿੰਗ ਦੌਰਾਨ ਮੰਤਰੀਆਂ ਨੂੰ ਹਰ ਬੁੱਧਵਾਰ ਚੰਡੀਗੜ੍ਹ ਦਫਤਰ ਵਿਚ ਬੈਠ ਕੇ ਵਰਕਰਾਂ ਤੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਕਿਹਾ ਗਿਆ ਹੈ ਤਾਂ ਜੋ ਵੋਟਾਂ ਤੋਂ ਪਹਿਲਾਂ ਹਾਲਾਤ ਸੁਧਰ ਸਕਣ। ਮੀਟਿੰਗ ਦੀ ਪ੍ਰਧਾਨਗੀ ਸੀਨੀਅਰ ਆਗੂ ਤੇ ਪੰਜਾਬ ਭਾਜਪਾ ਦੇ ਇੰਚਾਰਜ ਪ੍ਰਭਾਤ ਝਾਅ ਨੇ ਕੀਤੀ।
ਸੂਬਾਈ ਪ੍ਰਧਾਨ ਵਿਜੈ ਸਾਂਪਲਾ ਵੀ ਇਸ ਮੌਕੇ ਹਾਜ਼ਰ ਸਨ ਅਤੇ ਭਾਈਵਾਲ ਸਰਕਾਰ ਵਿਚ ਸ਼ਾਮਲ ਚਾਰੇ ਮੰਤਰੀਆਂ ਭਗਤ ਚੂਨੀ ਲਾਲ, ਮਦਨ ਮੋਹਨ ਮਿੱਤਲ, ਅਨਿਲ ਜੋਸ਼ੀ ਅਤੇ ਸੁਰਜੀਤ ਕੁਮਾਰ ਜਿਆਣੀ ਨੂੰ ਵਿਸ਼ੇਸ਼ ਤੌਰ ਉਤੇ ਬੁਲਾਇਆ ਗਿਆ ਸੀ। ਪਾਰਟੀ ਆਗੂਆਂ ਨੇ ਇਸ ਮੀਟਿੰਗ ਦੌਰਾਨ ਮੰਤਰੀਆਂ ਨੂੰ ਬਦਲੇ ਜਾਣ ਦੀਆਂ ਅਫਵਾਹਾਂ ਦਾ ਭੋਗ ਪਾਉਂਦਿਆਂ ਚਾਰੋਂ ਮੰਤਰੀਆਂ ਦੀਆਂ ਕੁਰਸੀਆਂ ਕਾਇਮ ਰੱਖਣ ਦਾ ਫੈਸਲਾ ਕੀਤਾ ਹੈ। ਸੂਤਰਾਂ ਮੁਤਾਬਕ ਸ੍ਰੀ ਝਾਅ ਨੇ ਪਾਰਟੀ ਦੀਆਂ ਵਰਕਰਾਂ ਨਾਲ ਵਧ ਰਹੀਆਂ ਦੂਰੀਆਂ ਤੇ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਕਾਰਨ ਮੰਤਰੀਆਂ ਦੀ ਚੰਗੀ ਖਿਚਾਈ ਕੀਤੀ ਅਤੇ ਮੰਤਰੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੇ ਵਿਧਾਨ ਸਭਾ ਹਲਕਿਆਂ ਤੱਕ ਹੀ ਸੀਮਤ ਨਾ ਰਹਿਣ ਸਗੋਂ ਪਾਰਟੀ ਵੱਲੋਂ ਚੋਣਾਂ ਲੜੇ ਜਾਣ ਵਾਲੇ ਸਮੁੱਚੇ 23 ਵਿਧਾਨ ਸਭਾ ਹਲਕਿਆਂ ਦੇ ਉਮੀਦਵਾਰਾਂ ਦੇ ਹਿੱਤਾਂ ਲਈ ਕੰਮ ਕਰਨ। ਵਿਧਾਨ ਸਭਾ ਚੋਣਾਂ ਨਜ਼ਦੀਕ ਹੋਣ ਤੋਂ ਪਹਿਲਾਂ ਭਗਵਾ ਪਾਰਟੀ ਦਾ ਆਪਣੇ ਹੀ ਵਰਕਰਾਂ ਅਤੇ ਆਮ ਲੋਕਾਂ ਨਾਲੋਂ ਰਾਬਤਾ ਟੁੱਟਣ ਕਾਰਨ ਚਿੰਤਾ ਦੀਆਂ ਲਕੀਰਾਂ ਸਪੱਸ਼ਟ ਤੌਰ ਉਤੇ ਪੜ੍ਹੀਆਂ ਜਾ ਸਕਦੀਆਂ ਹਨ। ਪਾਰਟੀ ਦੇ ਸੀਨੀਅਰ ਆਗੂ ਪ੍ਰਭਾਤ ਝਾਅ ਨੇ ਵਿਧਾਨ ਸਭਾ ਹਲਕਿਆਂ ਵਿਚ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਤਾਂ ਵਰਕਰਾਂ ਨੇ ਅਕਾਲੀ ਦਲ ‘ਤੇ ਭਾਈਵਾਲ ਪਾਰਟੀ ਦੇ ਨੇਤਾਵਾਂ ਨੂੰ ਅੱਖੋਂ ਪਰੋਖੇ ਕਰਨ ਦੇ ਦੋਸ਼ ਤਾਂ ਲਾਏ ਹੀ ਸਗੋਂ ਆਪਣੀ ਪਾਰਟੀ ਨਾਲ ਸਬੰਧਤ ਮੰਤਰੀਆਂ ‘ਤੇ ਵੀ ਰਿਸ਼ਵਤ ਲਏ ਬਿਨਾਂ ਕੰਮ ਨਾ ਕਰਨ ਦੇ ਦੋਸ਼ ਲਾਏ। ਮੰਤਰੀਆਂ ਉਤੇ ਮੰਦਾ ਬੋਲਣ ਅਤੇ ਵਰਕਰਾਂ ਦੀ ਕੋਈ ਵੀ ਮੰਗ ਨਾ ਮੰਨਣ ਦੇ ਮਾਮਲੇ ਵੀ ਸਾਹਮਣੇ ਆਏ ਸਨ। ਪਾਰਟੀ ਦਾ ਇਹ ਹਾਲ ਦੇਖਣ ਤੋਂ ਬਾਅਦ ਸੀਨੀਅਰ ਆਗੂਆਂ ਨੂੰ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਨਜ਼ਰ ਆਉਣ ਲੱਗੀ। ਸ੍ਰੀ ਝਾਅ ਵੱਲੋਂ ਪਾਰਟੀ ਦੀ ਅਸਲ ਤਸਵੀਰ ਹਾਈਕਮਾਨ ਦੇ ਸਾਹਮਣੇ ਵੀ ਰੱਖੀ ਗਈ। ਸੂਤਰਾਂ ਮੁਤਾਬਕ ਹਾਈਕਮਾਨ ਵੱਲੋਂ ਇਹੀ ਫੈਸਲਾ ਲਿਆ ਗਿਆ ਕਿ ਮੰਤਰੀਆਂ ‘ਚ ਤਬਦੀਲੀ ਨਾ ਕੀਤੀ ਜਾਵੇ ਕਿਉਂਕਿ ਚੋਣਾਂ ਵਿਚ 8 ਕੁ ਮਹੀਨਿਆਂ ਦਾ ਸਮਾਂ ਰਹਿ ਜਾਣ ਕਾਰਨ ਨਵੇਂ ਮੰਤਰੀਆਂ ਤੋਂ ਸਿਆਸੀ ਤੌਰ ‘ਤੇ ਲਾਭ ਪਹੁੰਚਣ ਦੀ ਉਮੀਦ ਨਹੀਂ ਅਤੇ ਪਾਰਟੀ ਨੂੰ ਨੁਕਸਾਨ ਹੋ ਸਕਦਾ ਹੈ। ਇਨ੍ਹਾਂ ਗਿਣਤੀਆਂ-ਮਿਣਤੀਆਂ ਕਾਰਨ ਹੀ ਮੰਤਰੀਆਂ ਦੀਆਂ ਕੁਰਸੀਆਂ ਬਚ ਗਈਆਂ।
ਪਾਰਟੀ ਸੂਤਰਾਂ ਮੁਤਾਬਕ ਮੀਟਿੰਗ ਦੌਰਾਨ ਸ੍ਰੀ ਝਾਅ ਅਤੇ ਸ੍ਰੀ ਸਾਂਪਲਾ ਨੇ ਮੰਤਰੀਆਂ ਨੂੰ ਵਰਕਰਾਂ ਦੇ ਗਿਲੇ ਅਤੇ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਸਬੰਧੀ ਸਥਿਤੀ ਸਪਸ਼ਟ ਕਰਨ ਲਈ ਕਿਹਾ। ਸੂਤਰਾਂ ਦਾ ਇਹ ਵੀ ਦੱਸਣਾ ਹੈ ਕਿ ਕੁਝ ਮੰਤਰੀਆਂ ਨੇ ਤਾਂ ਇਥੋਂ ਤੱਕ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਭਾਜਪਾ ਨਾਲ ਸਬੰਧਤ ਮੰਤਰੀਆਂ ਦੀ ਘੱਟ ਹੀ ਸੁਣਦੇ ਹਨ, ਇਸ ਲਈ ਵਰਕਰਾਂ ਦੇ ਕੰਮ ਨਹੀਂ ਹੁੰਦੇ।
_____________________________
ਮੰਤਰੀ ਬਦਲਣ ਦਾ ਫੈਸਲਾ ਟਾਲਿਆ
ਚੰਡੀਗੜ੍ਹ: ਕੇਂਦਰੀ ਮੰਤਰੀ ਤੇ ਪੰਜਾਬ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਵਿਜੇ ਸਾਂਪਲਾ ਨੇ ਭਾਜਪਾ ਮੰਤਰੀਆਂ ਨੂੰ ਬਦਲਣ ਦੀਆਂ ਅਫਵਾਹਾਂ ਉਤੇ ਵਿਰਾਮ ਲਾਉਂਦਿਆਂ ਸਪਸ਼ਟ ਕੀਤਾ ਕਿ ਬਾਦਲ ਵਜ਼ਾਰਤ ਵਿਚ ਸ਼ਾਮਲ ਭਾਜਪਾ ਦੇ ਕਿਸੇ ਵੀ ਮੰਤਰੀ ਦੀ ਛੁੱਟੀ ਨਹੀਂ ਕੀਤੀ ਜਾਵੇਗੀ। ਭਾਜਪਾ ਦੇ ਚਾਰ ਕੈਬਨਿਟ ਮੰਤਰੀਆਂ ਚੁੰਨੀ ਲਾਲ ਭਗਤ, ਮਦਨ ਮੋਹਨ ਮਿੱਤਲ, ਅਨਿਲ ਜੋਸ਼ੀ ਅਤੇ ਸੁਰਜੀਤ ਕੁਮਾਰ ਜਿਆਣੀ ਦੀ ਕਾਰਗੁਜ਼ਾਰੀ ਕਾਬਿਲੇ ਤਰੀਫ਼ ਦੱਸੀ ਹੈ। ਸ੍ਰੀ ਸਾਂਪਲਾ ਨੇ ਕਿਹਾ ਕਿ ਫਿਲਹਾਲ ਭਾਜਪਾ ਦੇ ਕਿਸੇ ਮੰਤਰੀ ਨੂੰ ਅਹੁਦੇ ਤੋਂ ਨਹੀਂ ਹਟਾਇਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਭਾਜਪਾ ਦੀ ਸੀਨੀਅਰ ਲੀਡਰਸ਼ਿਪ 20 ਤੋਂ 26 ਮਈ ਤੱਕ ਪੰਜਾਬ ਵਿਚ ਲੋਕਾਂ ਦੀ ਕਚਹਿਰੀ ਵਿਚ ਜਾਵੇਗੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ। ਪੰਜਾਬ ਵਿਚ ਅਕਾਲੀ-ਭਾਜਪਾ ਗੱਠਜੋੜ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਸਾਂਝੇ ਤੌਰ ‘ਤੇ ਲੜੇਗਾ ਅਤੇ ਭਾਜਪਾ 23 ਸੀਟਾਂ ਉਤੇ ਚੋਣ ਲੜੇਗੀ ਅਤੇ ਬਾਕੀ ਸੀਟਾਂ ‘ਤੇ ਅਕਾਲੀ ਦਲ ਦੇ ਉਮੀਦਵਾਰਾਂ ਦੀ ਮਦਦ ਕੀਤੀ ਜਾਵੇਗੀ।