ਜੰਗਲ ਥਾਣੀਂ ਲੰਘਦਿਆਂ…

ਜੰਗਲਨਾਮਾ-2
ਚਰਚਿਤ ਕਿਤਾਬ ‘ਜੰਗਲਨਾਮਾ’ ਵਿਚ ਲੇਖਕ ਸਤਨਾਮ (ਅਸਲ ਨਾਂ ਗੁਰਮੀਤ) ਨੇ ਜੋ ਬਿਰਤਾਂਤ ਸਿਰਜਿਆ ਹੈ, ਉਸ ਦਾ ਲਾਗਾ-ਦੇਗਾ ਸਿਰਫ ਜੰਗਲ ਨਾਲ ਨਹੀਂ, ਸਗੋਂ ਜ਼ਿੰਦਗੀ ਦੇ ਹਰ ਉਸ ਮਰਹੱਲੇ ਨਾਲ ਹੈ ਜਿਸ ਵਿਚ ਜੀਣ ਦੀ ਤਾਂਘ ਉਛਾਲੇ ਮਾਰਦੀ ਹੈ। ਸਤਨਾਮ ਨੇ ਜੰਗਲ ਦੀ ਇਸ ਯਾਤਰਾ ਰਾਹੀਂ ਉਨ੍ਹਾਂ ਲੋਕਾਂ, ਉਨ੍ਹਾਂ ਦੇ ਫਿਕਰਾਂ ਅਤੇ ਉਨ੍ਹਾਂ ਦੇ ਜੁਝਾਰੂ ਜੀਵਨ ਬਾਰੇ ਲੰਮੀ ਬਾਤ ਸੁਣਾਈ ਹੈ। ਇਹ ਬਾਤ ਬੇਹੱਦ ਦਿਲਚਸਪ ਹੋ ਨਿਬੜੀ ਹੈ ਕਿਉਂਕਿ ਪਾਠਕ ਨੂੰ ਇਸ ਵਿਚੋਂ ਵਾਰ-ਵਾਰ ਆਪਣੇ ਹੀ ਜੀਵਨ ਦੇ ਝਲਕਾਰੇ ਦਿਸਦੇ ਹਨ। ਸਤਨਾਮ ਦੀ ਬਿਰਤਾਂਤ-ਜੁਗਤ ਕਮਾਲ ਦੀ ਹੈ।

ਇਸ ਬਿਰਤਾਂਤ ਵਿਚੋਂ ਮਾਓਵਾਦੀਆਂ ਦੇ ਘੋਲ ਦੀ ਝਲਕ ਤਾਂ ਮਿਲਦੀ ਹੀ ਹੈ, ਸਾਹਿਤਕ ਪੱਖ ਤੋਂ ਬਹੁਤ ਥਾਂਈਂ ਰੂਸੀ ਕਲਾਸਿਕ ਰਚਨਾਵਾਂ ਦੇ ਝਉਲੇ ਪੈਂਦੇ ਹਨ। ਪੰਜਾਬੀ ਵਿਚ ਅਜਿਹੀ ਅਨੂਠੀ ਰਚਨਾ ਘੱਟ ਹੀ ਨਜ਼ਰੀਂ ਪੈਂਦੀ ਹੈ। ਪਿਛਲੇ ਅੰਕ ਤੋਂ ਲੜੀਵਾਰ ਅਰੰਭ ਕੀਤੀ ਇਸ ਰਚਨਾ ਦੀ ਦੂਜੀ ਕਿਸ਼ਤ ਹਾਜ਼ਰ ਹੈ। -ਸੰਪਾਦਕ

ਸਤਨਾਮ
ਕਿਸੇ ਵੀ ਰਾਤ ਅਸੀਂ ਦੋ ਘੰਟੇ ਤੋਂ ਵੱਧ ਨਹੀਂ ਸੁੱਤੇ ਹੋਵਾਂਗੇ। ਫਿਰ ਵੀ ਥਕਾਵਟ ਮਹਿਸੂਸ ਨਹੀਂ ਹੋਈ। ਬੇਸ਼ੱਕ ਜੰਗਲ ਵਿਚ ਦਾਖ਼ਲ ਹੁੰਦਿਆਂ ਤੁਸੀਂ ਇਸ ਦਾ ਨਜ਼ਾਰਾ ਕਰਨਾ ਚਾਹੁੰਦੇ ਹੋ, ਇਸ ਦੀ ਬਨਸਪਤੀ ਦੀ ਤਰ੍ਹਾਂ ਤਰ੍ਹਾਂ ਦੀ ਖੁਸ਼ਬੂ ਲੈਣਾ ਚਾਹੁੰਦੇ ਹੋ, ਇਸ ਦੇ ਜਾਨਵਰਾਂ ਤੇ ਪੰਛੀਆਂ ਨੂੰ ਦੇਖਣਾ ਤੇ ਉਨ੍ਹਾਂ ਨਾਲ ਦੋਸਤੀ ਕਰਨਾ ਚਾਹੁੰਦੇ ਹੋ ਅਤੇ ਸਭ ਤੋਂ ਵੱਧ ਇਹ ਕਿ ਤੁਸੀਂ ਇਸ ਦੇ ਅਜੀਬ ਲੋਕਾਂ ਨੂੰ ਮਿਲਣਾ, ਜਾਣਨਾ ਤੇ ਸਮਝਣਾ ਚਾਹੁੰਦੇ ਹੋ, ਪਰ ਪਹਿਲੇ ਤਿੰਨੇ ਹੀ ਦਿਨ ਮੈਨੂੰ ਇਸ ਦਾ ਜ਼ਿਆਦਾ ਮੌਕਾ ਨਹੀਂ ਮਿਲਿਆ। ਲੋਕਾਂ ਨੂੰ ਮਿਲਣ ਦਾ ਤਾਂ ਬਿਲਕੁਲ ਹੀ ਨਹੀਂ, ਕਿਉਂਕਿ ਜਦ ਤਕ ਅਸੀਂ ਡੂੰਘੇ ਜੰਗਲ ਵਿਚ ਨਹੀਂ ਪਹੁੰਚ ਗਏ, ਅਸੀਂ ਪਿੰਡਾਂ ਤੋਂ ਲਾਂਭੇ ਹੋ ਕੇ ਗੁਜ਼ਰਦੇ ਰਹੇ। ਇਥੋਂ ਤਕ ਕਿ ਜਿਨ੍ਹਾਂ ਰਸਤਿਆਂ ਤੋਂ ਅਸੀਂ ਗੁਜ਼ਰੇ, ਉਨ੍ਹਾਂ ਉਤੇ ਲੋਕਾਂ ਦੀ ਆਵਾਜਾਈ ਸਾਨੂੰ ਦਿਖਾਈ ਨਹੀਂ ਦਿਤੀ। ਇਸ ਨੇ ਮੇਰੀ ਉਤਸੁਕਤਾ ਨੂੰ ਹੋਰ ਵੀ ਵਧਾ ਦਿੱਤਾ ਤੇ ਹੈਰਾਨ ਵੀ ਕਰ ਦਿੱਤਾ। ਲੋਕ ਕਿੱਥੇ ਹਨ, ਕਿਹੋ ਜਿਹੇ ਹਨ, ਕੀ ਖਾਂਦੇ ਹਨ, ਕੀ ਪੀਂਦੇ ਹਨ, ਕੀ ਪਹਿਨਦੇ ਹਨ, ਕਿਵੇਂ ਰਹਿੰਦੇ ਹਨ? ਅਜੀਬ ਗੱਲ ਸੀ ਕਿ ਤਿੰਨ ਦਿਨ ਵਾਸਤੇ ਕਿਸੇ ਨੇ ਤੁਹਾਨੂੰ ਦਿਖਾਈ ਨਹੀਂ ਸੀ ਦੇਣਾ। ਇਸ ਨੇ ਉਤਸੁਕਤਾ ਤੇ ਹੈਰਾਨੀ ਨੂੰ ਹੋਰ ਤੀਬਰ ਹੀ ਕਰਨਾ ਸੀ। ਇਸ ਤੀਬਰਤਾ ਨੇ ਮੈਨੂੰ ਥਕਾਵਟ ਅਤੇ ਦਰਦ ਤੋਂ ਬੇਖ਼ਬਰ ਕਰ ਦਿੱਤਾ। ਮੈਂ ਆਪਣੀ ਪਹਿਲਾਂ ਵਾਲੀ ਤੋਰ ਵਿਚ ਹੀ ਫਿਰ ਪਹੁੰਚ ਗਿਆ।
ਅਚਾਨਕ ਝੋਨੇ ਦੇ ਖੇਤ ਵਿਚ, ਜਿਹੜਾ ਪਹਾੜੀਆਂ ਵਿਚ ਘਿਰਿਆ ਹੋਇਆ ਸੀ, ਮਚਾਨ ਉਤੇ ਮੈਨੂੰ ਆਦਮੀ ਖੜ੍ਹਾ ਦਿਖਾਈ ਦਿੱਤਾ। ਉਹ ਪਿੰਡੇ ਤੋਂ ਨੰਗਾ ਸੀ, ਪਰ ਤੇੜ ਪਰਨਾ ਲਵ੍ਹੇਟਿਆ ਹੋਇਆ ਸੀ, ਹੱਥ ਵਿਚ ਗੁਲੇਲ ਫੜੀ ਉਹ ਚਿੜੀਆਂ ਨੂੰ ਉਡਾ ਰਿਹਾ ਸੀ। ਅਜੇ ਤਿੰਨ ਦਿਨ ਨਹੀਂ ਸਨ ਹੋਏ ਤੇ ਉਹ ਸਾਨੂੰ ਦਿਖਾਈ ਦਿੱਤਾ।
“ਬਾਸੂ, ਸ਼ਾਇਦ ਅਸੀਂ ਕਿਸੇ ਪਿੰਡ ਨੇੜੇ ਪਹੁੰਚ ਰਹੇ ਹਾਂ, ਅਹੁ ਦੇਖ!”
“ਪਿੰਡ ਤਾਂ ਅਸੀਂ ਬਹੁਤ ਲੰਘ ਆਏ ਹਾਂ ਅਤੇ ਨੇੜਿਓਂ ਵੀ ਗੁਜ਼ਰੇ ਹਾਂ। ਦਰਖ਼ਤਾਂ ਦੇ ਓਹਲੇ ਵਿਚ ਇਹ ਸਾਨੂੰ ਦਿਖਾਈ ਨਹੀਂ ਦਿੱਤੇ।”
“ਪਰ ਲੋਕ ਤਾਂ ਸਾਨੂੰ ਦੇਖ ਲੈਂਦੇ ਹੋਣਗੇ! ਨਾਲੇ ਉਹ ਵਿਅਕਤੀ ਵੀ ਏਧਰ ਹੀ ਦੇਖ ਰਿਹਾ ਹੈ।”
“ਹਾਂ, ਉਹ ਸਾਨੂੰ ਜਾਣਦਾ ਹੈ, ਪਰ ਸਾਡਾ ਹਮਦਰਦ ਨਹੀਂ ਬਣਿਆ ਅਜੇ। ਉਹ ਜਾਣਦਾ ਹੈ ਕਿ ਅਸੀਂ ਅਕਸਰ ਏਧਰੋਂ ਲੰਘਦੇ ਹਾਂ, ਪਰ ਉਹ ਕਿਸੇ ਨੂੰ ਦੱਸੇਗਾ ਨਹੀਂ। ਅਸੀਂ ਵੀ ਉਸ ਨੂੰ ਨਹੀਂ ਕਹਿੰਦੇ ਕਿ ਸਾਡਾ ਸਾਥ ਦੇਵੇ। ਅਸੀਂ ਅਜੇ ਇਸ ਇਲਾਕੇ ਵੱਲ ਧਿਆਨ ਨਹੀਂ ਦਿੱਤਾ। ਸ਼ਹਿਰ ਬਹੁਤ ਨਜ਼ਦੀਕ ਹੈ। ਅਸੀਂ ਵੱਡੀ ਟੱਕਰ ਤੋਂ ਬਚ ਕੇ ਚੱਲ ਰਹੇ ਹਾਂ।”
ਅਸੀਂ ਬੇ-ਖ਼ੌਫ਼ ਹੋ ਕੇ ਉਸ ਇਲਾਕੇ ਵਿਚੋਂ ਗੁਜ਼ਰ ਰਹੇ ਸਾਂ, ਪਰ ਜਦ ਬਾਸੂ ਨੇ ਕਿਹਾ ਕਿ ਇਹ ਉਨ੍ਹਾਂ ਦੇ ਕੰਮ ਦਾ ਇਲਾਕਾ ਨਹੀਂ ਬਣਿਆ ਅਜੇ, ਤਾਂ ਮੈਨੂੰ ਖਦਸ਼ਾ ਖੜ੍ਹਾ ਹੋਇਆ।
ਕਿਸੇ ਅਚਾਨਕ ਹਮਲੇ ਦਾ ਮੁਕਾਬਲਾ ਕਰਨ ਵਾਸਤੇ ਸਾਡੇ ਕੋਲ ਕੁਝ ਵੀ ਨਹੀਂ ਸੀ। ਚੌਲਾਂ ਦੀ ਮੁੱਠ ਬਚੀ ਸੀ ਤੇ ਕੁਝ ਬਿਸਕੁਟ ਸਨ, ਜਾਂ ਫਿਰ ਸਾਡੇ ਹਰ ਕਿਸੇ ਕੋਲ ਪੈੱਨ ਸਨ। ਜੇ ਹਬੀ-ਨਬੀ ਹੋ ਗਈ ਤਾਂ ਉਨ੍ਹਾਂ ਨੇ ਕਲਮਾਂ ਨੂੰ “ਬੰਦੂਕਾਂ” ਕਰਾਰ ਦੇ ਦੇਣਾ ਹੈ ਤੇ ਬਿਸਕੁਟ “ਕਾਰਤੂਸਾਂ” ਦੀ ਬਰਾਮਦਗੀ ਬਣ ਜਾਣਗੇ, ਪਰ ਮੇਰੀ ਕਿੱਟ ਵਿਚ ਟਾਫ਼ੀਆਂ ਵੀ ਸਨ। ਟਾਫ਼ੀਆਂ ਸਹਿਜੇ ਹੀ ਸ਼ਬਦਾਂ ਦੇ ਹੇਰ ਫੇਰ ਨਾਲ “ਗੋਲੀਆਂ” ਕਰਾਰ ਦਿੱਤੀਆਂ ਜਾ ਸਕਦੀਆਂ ਸਨ।
ਮੇਰੀ ਇਸ ਗੱਲ ਉਤੇ ਬਾਸੂ ਹੱਸ ਪਿਆ। ਉਸ ਕਿਹਾ, “ਪਾਰਟੀ ਇਸ ਇਲਾਕੇ ਵਿਚ ਆਪਣਾ ਜ਼ੋਰ ਨਹੀਂ ਲਗਾ ਰਹੀ, ਪਰ ਇਹ ਵੀ ਨਹੀਂ ਹੈ ਕਿ ਇਥੇ ਕਿਸੇ ਹਮਲੇ ਦਾ ਖ਼ਤਰਾ ਹੈ। ਲੋਕ ਗੁਰੀਲਿਆਂ ਦਾ ਹੀ ਸਾਥ ਦਿੰਦੇ ਹਨ। ਪੁਲਿਸ ਦੀ ਕਿਸੇ ਹਰਕਤ ਦੀ ਉਹ ਗੁਰੀਲਿਆਂ ਨੂੰ ਪਹਿਲਾਂ ਹੀ ਖ਼ਬਰ ਕਰ ਦੇਣਗੇ।”
ਤਦ ਤਕ ਉਹ ਕਬਾਇਲੀ ਅੱਖਾਂ ਤੋਂ ਉਹਲੇ ਹੋ ਚੁੱਕਾ ਸੀ। ਅਸੀਂ ਉਸ ਨੂੰ ਪਿਛੇ ਛੱਡ ਆਏ ਸਾਂ। ਅਸੀਂ ਉਸੇ ਤਰ੍ਹਾਂ ਪਾਲ ਵਿਚ ਹੀ ਚੱਲ ਰਹੇ ਸਾਂ। ਕੋਈ ਇਲਾਕਾ ਭਾਵੇਂ ਗੁਰੀਲਿਆਂ ਦੇ ਕਬਜ਼ੇ ਹੇਠ ਹੀ ਹੋਵੇ, ਉਹ ਅੱਗੜ-ਪਿੱਛੜ ਹੀ ਚੱਲਦੇ ਹਨ, ਕਤਾਰ ਬੰਨ ਕੇ। ਇਹ ਉਨ੍ਹਾਂ ਦਾ ਦਸਤੂਰ ਹੈ, ਫੌਜੀ ਦਸਤੂਰ। ਮੇਰਾ ਸਥਾਨ ਅੱਜ ਵੀ ਵਿਚਕਾਰ ਹੀ ਸੀ। ਮੈਂ ਜਿੰਨਾ ਸਮਾਂ ਵੀ ਜੰਗਲ ਵਿਚ ਰਿਹਾ, ਉਨ੍ਹਾਂ ਮੈਨੂੰ ਵਿਚਕਾਰ ਹੀ ਰੱਖਿਆ, ਭਾਵੇਂ ਤਿੰਨ ਜਣੇ ਹੋਣ, ਭਾਵੇਂ ਤੇਰਾਂ। ਇਹ ਵੀ ਦਸਤੂਰ ਹੈ ਕਿ ਉਹ ਬਾਹਰੋਂ ਪਹੁੰਚੇ ਵਿਅਕਤੀ ਨੂੰ ਸੁਰੱਖਿਅਤ ਥਾਂ ਦੇਣ ਦੀ ਕੋਸ਼ਿਸ਼ ਕਰਦੇ ਹਨ। ਫੌਜੀ ਨਜ਼ਰੀਏ ਤੋਂ ਵਿਚਕਾਰਲੀ ਥਾਂ ਸੁਰੱਖਿਅਤ ਸਮਝੀ ਜਾਂਦੀ ਹੈ।
ਦੁਪਹਿਰ ਦੇ ਵਕਤ ਬਾਸੂ ਸਾਨੂੰ ਦਰਖ਼ਤਾਂ ਦੇ ਸੰਘਣੇ ਝੁੰਡ ਵਿਚ ਬਿਠਾ ਕੇ ਕਿਸੇ ਪਿੰਡ ਵਿਚੋਂ ਖਾਣਾ ਲੈਣ ਚਲਾ ਗਿਆ। ਇਕ ਘੰਟੇ ਬਾਅਦ ਉਹ ਵਾਪਸ ਮੁੜ ਆਇਆ। ਚੌਲ ਤੇ ਮੱਛੀ ਸਨ। ਇਹ ਕਬਾਇਲੀਆਂ ਦਾ ਮਨਪਸੰਦ ਭੋਜਨ ਹੈ। ਹਲਕੀ ਕਿਸਮ ਦੇ ਇਹ ਟੁੱਟੇ-ਫੁੱਟੇ ਚੌਲ, ਜਿਨ੍ਹਾਂ ਨੂੰ ਅਸੀਂ ਟੋਟਾ ਕਹਿੰਦੇ ਹਾਂ, ਕੰਕਰਾਂ ਨਾਲ ਇਸ ਤਰ੍ਹਾਂ ਭਰੇ ਹੋਏ ਸਨ ਜਿਵੇਂ ਕੰਕਰ ਤੇ ਚੌਲ ਇਕ ਹੀ ਚੀਜ਼ ਹੋਣ ਅਤੇ ਢਿੱਡ ਨੂੰ ਝੁਲਕਾ ਦੇਣ ਲਈ ਇਹ ਬਰਾਬਰ ਦਾ ਹਿੱਸਾ ਪਾਉਂਦੇ ਹੋਣ। ਸਬਜ਼ੀ ਸੁਕਾਈ ਗਈ ਮੱਛੀ ਤੋਂ ਬਣਾਈ ਗਈ ਸੀ। ਜਿਸ ਨੇ ਹਮੇਸ਼ਾਂ ਤਾਜ਼ੀ ਮੱਛੀ ਖਾਧੀ ਹੋਵੇ, ਉਸ ਵਾਸਤੇ ਇਸ ਮੱਛੀ ਨੂੰ ਖਾਣਾ ਨਾ ਤਾਂ ਆਸਾਨ ਹੁੰਦਾ ਹੈ, ਨਾ ਹੀ ਇਸ ਦੀ ਆਦਤ ਆਸਾਨੀ ਨਾਲ ਪੈਂਦੀ ਹੈ। ਮੇਰੇ ਨਾਲ ਵੀ ਇੰਜ ਹੀ ਵਾਪਰਿਆ; ਸਗੋਂ ਇਸ ਤੋਂ ਵੀ ਵੱਧ ਬੁਰਾ ਇਹ ਹੋਇਆ ਕਿ ਮੈਂ ਦੋ ਮਹੀਨਿਆਂ ਵਿਚ ਵੀ ਇਹ ਆਦਤ ਨਾ ਪਾ ਸਕਿਆ। ਸੋ, ਮੈਂ ਤਰੀ ਦੇ ਸਹਾਰੇ ਨਾਲ ਹੀ ਚੌਲਾਂ ਨੂੰ ਤਰ ਕੀਤਾ ਤੇ ਭੇਜਣ ਵਾਲਿਆਂ ਦਾ ਸ਼ੁਕਰੀਆ ਅਦਾ ਕੀਤਾ। ਚੌਲ ਖਾਣ ਦੀ ਬਜਾਏ ਲੰਘਾਏ ਗਏ। ਕੰਕਰਾਂ ਦੀ ਬੇ-ਸੁਆਦ ਕਿਰਚ ਕਿਰਚ ਤੋਂ ਬਚਣ ਦਾ ਤਰੀਕਾ ਇਹੀ ਸੀ ਕਿ ਇਨ੍ਹਾਂ ਨੂੰ ਬਿਨਾਂ ਕਿਸੇ ਹੀਲ-ਹੁੱਜਤ ਤੋਂ ਹਲਕ ਹੇਠ ਉਤਾਰ ਲਿਆ ਜਾਵੇ। ਜੇ ਕੋਈ ਕੰਕਰ ਗਲਤੀ ਨਾਲ ਦੰਦਾਂ ਵਿਚ ਫਸ ਗਿਆ ਤਾਂ ਉਸ ਨੂੰ ਟਟੋਲ ਕੇ ਬਾਹਰ ਕੱਢ ਦਿੱਤਾ। ਬਾਸੂ ਤੇ ਦੂਸਰੇ ਗੁਰੀਲੇ ਨੇ ਅਜਿਹੀ ਜ਼ਹਿਮਤ ਵੀ ਨਹੀਂ ਉਠਾਈ। ਉਨ੍ਹਾਂ ਨੇ ਪੂਰੇ ਅਨੰਦ ਨਾਲ ਖਾਣਾ ਖਾਧਾ। ਪੁੱਛਣ ‘ਤੇ ਪਤਾ ਲੱਗਾ ਕਿ ਉਹ ਵੀ ਜ਼ਿਆਦਾ ਨਹੀਂ ਸਨ ਚਬਾਉਂਦੇ, ਪਰ ਉਹ ਕੰਕਰਾਂ ਨੂੰ ਟਟੋਲ ਕੇ ਬਾਹਰ ਵੀ ਨਹੀਂ ਸਨ ਸੁੱਟਦੇ। ਗੁਰੀਲੇ ਕਬਾਇਲੀ ਜਨਤਾ ਦਾ ਮਾਣ ਰੱਖਦੇ ਹਨ ਅਤੇ ਖਾਣੇ ਦੀ ਬੇ-ਹੁਰਮਤੀ ਨਹੀਂ ਕਰਦੇ। ਹੁਣ ਉਨ੍ਹਾਂ ਨੂੰ ਇਸ ਤਰ੍ਹਾਂ ਖਾਣ ਦੀ ਤਕਰੀਬਨ ਆਦਤ ਹੋ ਗਈ ਹੈ।
ਰਾਤ ਨੂੰ ਫਿਰ ਜੰਗਲ ਵਿਚ ਹੀ ਅਸੀਂ ਆਪਣੀ ਇਕੋ ਇਕ ਪਲਾਸਟਿਕ ਦੀ ਸ਼ੀਟ ਵਿਛਾਈ ਅਤੇ ਸੁੱਤੇ। ਸ਼ਹਿਰ ਤੋਂ ਕਾਫੀ ਦੂਰ ਆ ਜਾਣ ਦੇ ਬਾਵਜੂਦ ਅਸੂਲ ਅਨੁਸਾਰ ਪਹਿਰਾ ਦਿੱਤਾ ਗਿਆ। ਵਾਰੀ ਲੈਣ ਦੀ ਮੇਰੀ ਮੰਗ ਉਨ੍ਹਾਂ ਠੁਕਰਾ ਦਿੱਤੀ। ਪਹਿਰਾ ਦੇਣਾ ਵੀ ਉਨ੍ਹਾਂ ਦੀਆਂ ਫੌਜੀ ਆਦਤਾਂ ਦਾ ਹਿੱਸਾ ਹੈ। ਇਸ ਵਿਚ ਉਹ ਮਜ਼ਾ ਵੀ ਲੈਂਦੇ ਹਨ, ਪਰ ਇਸ ਮਜ਼ੇ ਤੋਂ ਉਨ੍ਹਾਂ ਨੇ ਮੈਨੂੰ ਵਾਂਝਾ ਰੱਖਿਆ ਤਾਂ ਕਿ ਮੇਰੀ ḔਆਰਾਮḔ ਦੀ ਜ਼ਰੂਰਤ ਪੂਰੀ ਹੋ ਸਕੇ।
ਅਗਲੇ ਦਿਨ ਸ਼ਾਮ ਦੇ ਵਕਤ ਅਸੀਂ ਇਕ ਪਿੰਡ ਕੋਲ ਪਹੁੰਚੇ। ਅਸੀਂ ਪਿੰਡ ਵੱਲ ਰੁਖ਼ ਕੀਤਾ। ਜ਼ਾਹਰ ਸੀ ਕਿ ਹੁਣ ਅਸੀਂ ਗੁਰੀਲਾ ਇਲਾਕੇ ਵਿਚ ਪਹੁੰਚ ਚੁੱਕੇ ਸਾਂ ਤੇ ਪਿੰਡਾਂ ਤੋਂ ਵਲ ਪਾ ਕੇ ਚੱਲਣ ਦੀ ਹੁਣ ਜ਼ਰੂਰਤ ਨਹੀਂ ਸੀ ਰਹੀ। ਝੌਂਪੜੀਆਂ ਦੇ ਝੁੰਡ ਤੋਂ ਕੁਝ ਦੂਰੀ ਉਤੇ ਬਾਸੂ ਨੇ ਆਵਾਜ਼ ਦੇ ਕੇ ਇਕ ਨੌਜਵਾਨ ਨੂੰ ਬੁਲਾਇਆ ਤੇ ਉਸ ਨਾਲ ਉਸ ਦੀ ਬੋਲੀ ਵਿਚ ਕੋਈ ਗੱਲ ਕੀਤੀ। ਮੇਰੇ ਲਈ ਉਨ੍ਹਾਂ ਦੀ ਬੋਲੀ ਲਾਤੀਨੀ ਸਾਬਤ ਹੋਈ। ਗੌਂਡ ਬੋਲੀ ਨਾ ਉਤਰੀ ਭਾਰਤ ਦੀ ਕਿਸੇ ਬੋਲੀ ਨਾਲ ਮਿਲਦੀ ਹੈ, ਨਾ ਹੀ ਦੱਖਣੀ ਭਾਰਤ ਦੀ। ਨਾ ਹਿੰਦੀ, ਨਾ ਬੰਗਾਲੀ, ਨਾ ਤੈਲਗੂ ਨਾਲ। ਮੈਂ ਇੰਜ ਮਹਿਸੂਸ ਕੀਤਾ ਜਿਵੇਂ ਅਫਰੀਕਾ ਦੇ ਕਿਸੇ ਦੇਸ਼ ਵਿਚ ਪਹੁੰਚ ਗਿਆ ਹੋਵਾਂ। ਉਸ ਨੌਜਵਾਨ ਦੇ ਤੇੜ ਪਰਨਾ ਸੀ ਤੇ ਪਿੰਡੇ ਉਤੇ ਬੁਨੈਣ। ਕੋਈ ਪੰਦਰਾਂ ਮਿੰਟ ਬਾਅਦ ਉਹ ਨੌਜਵਾਨ ਵਾਪਸ ਮੁੜਿਆ। ਉਨ੍ਹਾਂ ਗੌਂਡ ਬੋਲੀ ਵਿਚ ਕੁਝ ਦੇਰ ਗੱਲਬਾਤ ਕੀਤੀ ਅਤੇ ਫਿਰ ਸਾਡੀ ਫਾਰਮੇਸ਼ਨ ਚਾਰ ਜਣਿਆਂ ਦੀ ਹੋ ਗਈ। ਪਾਲ ‘ਚ ਸਭ ਤੋਂ ਅੱਗੇ ਉਹ ਕਬਾਇਲੀ ਲੜਕਾ ਤੇ ਪਿਛੇ ਪਿਛੇ ਅਸੀਂ, ਪਹਿਲਾਂ ਦੀ ਤਰਤੀਬ ਅਨੁਸਾਰ।
ਝੌਂਪੜੀਆਂ ਦੇ ਵਿਚੋਂ ਦੀ ਗੁਜ਼ਰਦਿਆਂ ਅਸੀਂ ਇਕ ਘਰ ਦੇ ਵਿਹੜੇ ਵਿਚ ਪਹੁੰਚੇ। ਵਿਹੜਾ ਸਾਫ-ਸੁਥਰਾ, ਕੁਝ ਹਿੱਸੇ ਵਿਚ ਗੋਹੇ ਦਾ ਪੋਚਾ ਫਿਰਿਆ ਹੋਇਆ, ਆਲੇ-ਦੁਆਲੇ ਲੱਕੜਾਂ ਗੱਡ ਕੇ ਵਾੜ ਖੜ੍ਹੀ ਕੀਤੀ ਹੋਈ ਅਤੇ ਇਕ ਪਾਸੇ ਉਤੇ ਛੰਨ ਜਿਸ ਉਪਰ ਸਿਰਫ ਛੱਤ ਸੀ ਤੇ ਜਿਸ ਦਾ ਫਰਸ਼ ਵਿਹੜੇ ਨਾਲੋਂ ਕੁਝ ਉਚਾਈ ਉਤੇ ਬਣਿਆ ਹੋਇਆ ਸੀ। ਉਸ ਢਾਰੇ ਹੇਠ 7-8 ਕਬਾਇਲੀ ਨੌਜਵਾਨ ਬੈਠੇ ਪੜ੍ਹ ਰਹੇ ਸਨ। ਹਰ ਕਿਸੇ ਨੇ ਫੌਜੀ ਵਰਦੀ ਪਹਿਨੀ ਹੋਈ ਸੀ ਤੇ ਉਨ੍ਹਾਂ ਦੇ ਹੱਥਾਂ ਵਿਚ ਕੋਈ ਕਿਤਾਬ, ਕਾਪੀ ਜਾਂ ਸਲੇਟ ਸੀ। ਉਨ੍ਹਾਂ ਨੇ ਬੰਦੂਕਾਂ ਇਕ ਪਾਸੇ ਲੱਕੜ ਦੇ ਬਣੇ ਸਟੈਂਡ ਨਾਲ ਟਿਕਾਈਆਂ ਹੋਈਆਂ ਸਨ, ਜਦਕਿ ਦੋ ਨੌਜਵਾਨ ਤਿਆਰ-ਬਰ-ਤਿਆਰ ਹਾਲਤ ਵਿਚ ਪਹਿਰੇ ਉਤੇ ਸਨ।
ਸਾਡੇ ਪਹੁੰਚਣ ਉਤੇ ਉਹ ਉਠੇ। ਹਰ ਕਿਸੇ ਨੇ ਆਪਣੀ ਆਪਣੀ ਬੰਦੂਕ ਉਠਾਈ ਅਤੇ ਸਾਰੇ ਜਣੇ ਕਤਾਰ ਬੰਨ੍ਹ ਕੇ ਸਵਾਗਤ ਲਈ ਖੜ੍ਹੇ ਹੋ ਗਏ। ਉਨ੍ਹਾਂ ਵਿਚੋਂ ਹਰ ਜਣਾ ਵਾਰੀ ਸਿਰ ਸਾਡੀ ਪਾਲ ਤੱਕ ਪਹੁੰਚਦਾ, ਗਰਮ-ਜੋਸ਼ੀ ਨਾਲ ਹੱਥ ਮਿਲਾਉਂਦਾ ਤੇ ਫਿਰ ਕਤਾਰ ਵਿਚ ਜਾ ਖੜ੍ਹਾ ਹੁੰਦਾ। ਇਹ ਜੀ ਆਇਆਂ ਕਹਿਣ ਦੀ ਰਸਮ ਸੀ। ਕਮਾਂਡਰ ਦੇ ਹੁਕਮ ‘ਤੇ ਉਨ੍ਹਾਂ ਨੇ ਕਤਾਰ ਦੀ ਫਾਰਮੇਸ਼ਨ ਭੰਗ ਕੀਤੀ। ਦੋ ਜਣੇ ਰਸੋਈ ਦੇ ਆਹਰ ਵਿਚ ਜੁਟ ਗਏ। ਬਾਕੀਆਂ ਨੇ ਆਪਣੀਆਂ ਕਿਤਾਬਾਂ, ਸਲੇਟਾਂ ਫਿਰ ਉਠਾ ਲਈਆਂ ਅਤੇ ਪੜ੍ਹਾਈ ਵਿਚ ਰੁੱਝ ਗਏ।
ਤੀਸਰੇ ਦਿਨ ਮਿਲੀ ਗਰਮ ਗਰਮ ਚਾਹ ਨੇ ਅੱਧੀ ਥਕਾਵਟ ਦੂਰ ਕਰ ਦਿੱਤੀ। ਚਾਹ ਪੀਂਦੇ ਸਾਰ ਹੀ ਮੈਨੂੰ ਨੀਂਦ ਨੇ ਆ ਦਬੋਚਿਆ। ਅੱਧੇ ਘੰਟੇ ਦੀ ਬੇ-ਪਰਵਾਹੀ ਤੇ ਬੇ-ਹੋਸ਼ੀ ਦੀ ਨੀਂਦ ਤੋਂ ਉਨ੍ਹਾਂ ਮੈਨੂੰ ਝੰਜੋੜ ਕੇ ਜਗਾਇਆ। ਖਾਣਾ ਤਿਆਰ ਸੀ। ਚੌਲ ਤੇ ਮੱਛੀ, ਪਰ ਅੱਜ ਮੱਛੀ ਤਾਜ਼ੀ ਸੀ। ਨਿੱਕਾ ਨਿੱਕਾ ਪੂੰਗ। ਉਹ ਸਾਰੇ ਉਸ ਨੂੰ ਸਾਬਤ ਹੀ ਚਬਾ ਰਹੇ ਸਨ ਤੇ ਅਨੰਦ ਲੈ ਰਹੇ ਸਨ। ਸਾਬਤ ਮੱਛੀ ਮੇਰੇ ਹਲਕ ‘ਚੋਂ ਨਾ ਉਤਰੀ। ਐਨੇ ਸਾਰੇ ਢੇਰ ਦੇ ਸਿਰ ਲਾਹ ਲਾਹ ਸੁੱਟਣਾ ਬੁਰਾ ਲਗਦਾ ਤੇ ਖਾਣੇ ਦਾ ਮਜ਼ਾ ਵੀ ਮਾਰ ਦਿੰਦਾ। ਮੈਂ ਸੌਖਾ ਰਸਤਾ ਚੁਣਿਆ। ਕੁਝ ਨੂੰ ਰੱਖ ਕੇ ਬਾਕੀ ਮੱਛੀਆਂ ਬਾਸੂ ਦੇ ਹਵਾਲੇ ਕੀਤੀਆਂ, ਉਨ੍ਹਾਂ ਦੇ ਸਿਰ ਉਤਾਰੇ ਤੇ ਖਾਣਾ ਸ਼ੁਰੂ ਕਰ ਦਿੱਤਾ। ਹੁਣ ਚੌਲਾਂ ਦੇ ਕੰਕਰਾਂ ਦੀ ਵਾਰੀ ਸੀ। ਖਾਣਾ ਖਾਣ ਦੀ ਮੇਰੀ ਰਫ਼ਤਾਰ ਢਿੱਲੀ ਹੀ ਰਹੀ।
ਖਾਣੇ ਤੋਂ ਬਾਅਦ ਇਕ ਵਾਰ ਫਿਰ ਚਾਹ ਮਿਲੀ। ਸਾਡੇ ਤੀਸਰੇ ਸਾਥੀ ਨੇ ਆਪਣੀ ਕਿਟ ਵਿਚੋਂ ਭੁਜੀਏ ਦਾ ਪੈਕਟ ਕੱਢਿਆ ਤੇ ਕਮਾਂਡਰ ਹਵਾਲੇ ਕਰ ਦਿਤਾ। ਹਰ ਕਿਸੇ ਨੂੰ ਮੁੱਠੀ-ਮੁੱਠੀ ਵੰਡੇ ਆਇਆ। ਹਰ ਕੋਈ ਇਸ ਉਤੇ ਖਿੜ ਉਠਿਆ। ਚਾਹ, ਚਾਹ ਨਾ ਰਹੀ, ਫੀਸਟ ਹੋ ਗਈ। ਜੰਗਲ ਵਿਚ ਚਾਹ ਨਾਲ ਖਾਣ ਨੂੰ ਕੁਝ ਮਿਲ ਜਾਵੇ, ਇਸ ਤੋਂ ਵੱਧ ਚੰਗੀ ਚੀਜ਼ ਸੋਚਣਾ ਮੁਸ਼ਕਿਲ ਸੀ। ਉਸ ਸਾਥੀ ਨੇ ਇਹ ਪੈਕਟ ਵਿਸ਼ੇਸ਼ ਤੌਰ ‘ਤੇ ਸ਼ਹਿਰੋਂ ਖਰੀਦਿਆ ਸੀ ਤਾਂ ਕਿ ਗੁਰੀਲੇ ਖੁਸ਼ ਹੋ ਜਾਣ। ਵਾਕੱਈ ਉਨ੍ਹਾਂ ਨੇ ਢੇਰ ਸਾਰੀ ਖੁਸ਼ੀ ਦਾ ਇਜ਼ਹਾਰ ਕੀਤਾ। ਅਜਿਹੀ ਅੱਯਾਸ਼ੀ, ਜ਼ਾਹਰ ਹੈ, ਕਦੇ ਕਦੇ ਨਸੀਬ ਹੁੰਦੀ ਹੋਵੇਗੀ, ਜਦੋਂ ਕੋਈ ਸ਼ਹਿਰ ਵੱਲੋਂ ਆਉਂਦਾ ਹੋਵੇਗਾ। ਮੇਰੇ ਲਈ ਅਚੰਭਾ ਉਸ ਵਕਤ ਹੋਇਆ ਜਦ ਇਕ ਜਣੇ ਨੇ ਦੂਸਰੇ ਨੂੰ ਖਾਲੀ ਹੋਇਆ ਲਿਫਾਫਾ ਦਿੱਤਾ ਤੇ ਨਾਲ ਹੀ ਕੁਝ ਕਿਹਾ। ਲੈਣ ਵਾਲੇ ਨੇ ਵੱਡੀ ਖੁਸ਼ੀ ਨਾਲ ਉਸ ਨੂੰ ਧੋਤਾ, ਹਵਾ ਵਿਚ ਛੰਡਿਆ, ਸੁਕਾਇਆ ਤੇ ਤਹਿ ਲਗਾ ਕੇ ਜੇਬ ਵਿਚ ਪਾ ਲਿਆ।
“ਇਹ ਕੀ?” ਮੈਂ ਬਾਸੂ ਨੂੰ ਪੁੱਛਿਆ।
“ਉਹ ਇਸ ਨੂੰ ਸਾਂਭ ਕੇ ਰੱਖੇਗਾ ਅਤੇ ਕਿਸੇ ਵਰਤੋਂ ਵਿਚ ਲਿਆਵੇਗਾ।”
ਸੋ, ਉਹ ਕਿਸੇ ਚੀਜ਼ ਨੂੰ ਬਰਬਾਦ ਨਹੀਂ ਕਰਦੇ, ਮੈਂ ਸੋਚਿਆ। ਵੈਸੇ ਵੀ ਜੰਗਲ ਵਿਚ ਕਿਤੇ ਕੂੜੇ ਕਰਕਟ ਦੇ ਢੇਰ ਨਹੀਂ ਹਨ। ਕੂੜਾ ਕਰਕਟ ‘ਸੱਭਿਅਕ’ ਮਨੁੱਖ ਦੀ ਨਿਸ਼ਾਨੀ ਹੈ। ਬਹੁਤਾਤ, ਅੱਯਾਸ਼ੀ, ਅਤੇ ਫਿਰ ਕੂੜ-ਕਬਾੜ ਤੇ ਗੰਦਗੀ। ‘ਸੱਭਿਅਕ’ ਮਨੁੱਖ ਗੋਆ ਦੇ ਸਮੁੰਦਰੀ ਕੰਢੇ ਉਤੇ ਜਾ ਕੇ ਵੀ ਗੰਦ ਪਾਵੇਗਾ ਅਤੇ ਰੋਹਤਾਂਗ ਦੇ ਬਰਫ਼ਾਨੀ ਦੱਰੇ ਉਤੇ ਵੀ, ਕਸਬਿਆਂ ਤੇ ਸ਼ਹਿਰਾਂ ਦੀ ਗੱਲ ਤਾਂ ਦੂਰ ਰਹੀ। ਹਿਮਾਲਿਆ ਤੇ ਐਂਟਾਰਕਟੀਕਾ ਦੇ ਗਲੇਸ਼ੀਅਰ ਵੀ ਇਸ ਦੀ ਮਿਹਰ ਤੋਂ ਨਹੀਂ ਬਚੇ। ਖ਼ੈਰ, ਇਸ ਸੂਚੀ ਨੂੰ ਸਾਨੂੰ ਲੰਬਾ ਕਰਨ ਦੀ ਇਥੇ ਲੋੜ ਨਹੀਂ ਹੈ। ਜੰਗਲ ਵਿਚ ਪਾਲੀਥੀਨ ਦੁਰਲੱਭ ਵਸਤੂ ਵਾਂਗ ਹੈ। ਗੁਰੀਲੇ ਇਸ ਨੂੰ ਜਾਂ ਤਾਂ ਸਵੇਰੇ ਬਾਹਰ ਜਾਣ ਲੱਗੇ ਪਾਣੀ ਭਰਨ ਲਈ ਵਰਤਦੇ ਹਨ, ਜਾਂ ਫਿਰ ਆਪਣੀਆਂ ਕਿਤਾਬਾਂ ਨੂੰ ਮੀਂਹ ਤੋਂ ਬਚਾਉਣ ਵਾਸਤੇ ਇਨ੍ਹਾਂ ਵਿਚ ਰੱਖ ਲੈਂਦੇ ਹਨ। ਕਬਾਇਲੀ ਆਪਣੀਆਂ ਨਦੀਆਂ ਨੂੰ ਗੰਦਾ ਨਹੀਂ ਕਰਦੇ, ਕਿਉਂਕਿ ਉਹ ਇਨ੍ਹਾਂ ‘ਚੋਂ ਪੀਣ ਵਾਸਤੇ ਪਾਣੀ ਲੈਂਦੇ ਹਨ। ਉਹ ਕੁਦਰਤੀ ਟਾਇਲਟ ਪੇਪਰ ਦੀ ਵਰਤੋਂ ਕਰਦੇ ਹਨ, ਪੱਤਿਆਂ ਦੀ। ਸੈਰ-ਸਪਾਟੇ ਵਾਲੀ ਸਨਅਤ ਦੀ ਵਬਾ ਅਜੇ ਉਥੇ ਪਹੁੰਚੀ ਨਹੀਂ, ਨਹੀਂ ਤਾਂ ਹਰ ਤਰ੍ਹਾਂ ਦੀ ਗੰਦਗੀ ਨੇ ਉਨ੍ਹਾਂ ਜੰਗਲਾਂ ਦੇ ਕੁਦਰਤੀ ਤੇ ਸਮਾਜਕ ਮਾਹੌਲ ਵਿਚ ਜ਼ਹਿਰ ਘੋਲ ਦਿੱਤੀ ਹੁੰਦੀ। ਮੈਂ ਸੋਚਿਆ ਕਿ ਰੱਬ ਦਾ ਸ਼ੁਕਰ ਮਨਾਵਾਂ ਕਿ ਕਿਸ ਦਾ ਜਿਸ ਨੇ ਜੰਗਲਾਂ ਨੂੰ ਰਿਸ਼ੀਕੇਸ਼, ਹਰਿਦੁਆਰ, ਬਨਾਰਸ ਅਤੇ ਅਲਾਹਾਬਾਦ ਵਾਂਗ ਪਵਿਤਰ ਸਥਾਨ ਐਲਾਨੇ ਜਾਣ ਤੋਂ ਬਚਾਇਆ ਹੋਇਆ ਹੈ; ਨਹੀਂ ਤਾਂ ਇਸ ਪਵਿਤਰਤਾ ਨੇ ਗੰਦਗੀ ਦੇ ਅੰਬਾਰਾਂ ਨੂੰ ਜਨਮ ਦੇ ਦੇਣਾ ਸੀ ਅਤੇ ਉਥੋਂ ਦੇ ਦਰਿਆਵਾਂ, ਨਦੀਆਂ ਤੇ ਆਲੇ-ਦੁਆਲੇ ਨੂੰ ਵੀ ਮੈਲਾ ਕਰ ਦੇਣਾ ਸੀ। ਇਹ ਵੀ ਚੰਗਾ ਹੈ ਕਿ ਸੱਭਿਅਕ ਤੇ ਭੱਦਰ ਲੋਕਾਂ ਨੇ ਅਜੇ ਉਧਰ ਦਾ ਰੁਖ ਨਹੀਂ ਕੀਤਾ। ਨਹੀਂ ਤਾਂ ਦਿੱਲੀ ਤੇ ਕਲਕੱਤਾ (ਹੁਣ ਕੋਲਕਾਤਾ) ਵਰਗੇ ਡੈੱਨ ਉਸਰ ਪੈਂਦੇ।
ਇਕ ਚੀਜ਼ ਜਿਸ ਨੇ ਸਾਰੇ ਭ੍ਰਮਣ ਦੌਰਾਨ ਮੈਨੂੰ ਟੁੰਬਿਆ, ਉਹ ਇਹ ਸੀ ਕਿ ਕਬਾਇਲੀ ਲੋਕ ਨਾ ਤਾਂ ਨਦੀਆਂ ਨੂੰ ਬੇ-ਇੱਜਤ ਕਰਦੇ ਹਨ, ਨਾ ਹੀ ਉਨ੍ਹਾਂ ਦੀ ਪੂਜਾ ਕਰਦੇ ਹਨ। ਨਾ ਉਨ੍ਹਾਂ ਨੂੰ ਪਾਪ ਕਰਨੇ ਪੈਂਦੇ ਹਨ, ਨਾ ਹੀ ਉਨ੍ਹਾਂ ਨੂੰ ਧੋਣ ਤੇ ਪਸ਼ਚਾਤਾਪ ਕਰਨ ਦਾ ਸੰਸਕਾਰੀ ਜੋਖਮ ਉਠਾਉਣਾ ਪੈਂਦਾ ਹੈ। ਉਹ ਸਿੱਧੇ-ਸਾਦੇ, ਨਿਰਛਲ, ਨਿਰਮਲ ਅਤੇ ਬੇ-ਬਾਕ ਲੋਕ ਹਨ ਅਤੇ ਸੱਭਿਅਕ ਸਮਾਜ ਦੀਆਂ ਪੇਚੀਦਗੀਆਂ, ਬਾਰੀਕੀਆਂ, ਚੋਰੀਆਂ, ਯਾਰੀਆਂ, ਠੱਗੀਆਂ ਤੋਂ ਨਿਰਲੇਪ ਜੀਵਨ ਬਸਰ ਕਰਦੇ ਹਨ। ਕੱਪੜੇ ਵੀ ਉਹ ਢਾਈ ਕੁ ਹੀ ਪਹਿਨਦੇ ਹਨ ਜਾਂ ਪਹਿਨਦੇ ਹੀ ਨਹੀਂ; ਸੋ, ਨੰਗੇਪਨ ਅਤੇ ਸ਼ਰਮ ਤੇ ਬੇਸ਼ਰਮੀ ਸਬੰਧੀ ḔਸੱਭਿਅਕḔ ਸੰਕਲਪਾਂ ਦੇ ਝਮੇਲੇ ਤੋਂ ਅਜੇ ਦੂਰ ਹਨ। ਸੱਭਿਅਕ ਲੋਕਾਂ ਵਾਂਗ ਉਨ੍ਹਾਂ ਨੂੰ ਕਿਸੇ ਹਮਾਮ ਵਿਚ ਨੰਗਾ ਵੀ ਨਹੀਂ ਹੋਣਾ ਪੈਂਦਾ। ‘ਹਮਾਮ’ ਦੀ ਈਜਾਦ ਉਨ੍ਹਾਂ ਅਜੇ ਕੀਤੀ ਹੀ ਨਹੀਂ। ਫਿਲਹਾਲ, ਗੰਦਗੀ ਤੇ ਸਫ਼ਾਈ ਬਾਰੇ ਮੈਨੂੰ ਇਹ ਕਹਿ ਕੇ ਗੱਲ ਮੁਕਾ ਦੇਣੀ ਚਾਹੀਦੀ ਹੈ ਕਿ ਉਨ੍ਹਾਂ ਨੇ ਕਿਓਟੋ ਸੰਧੀ ਦੇ ਝਗੜੇ ਬਾਰੇ ਕੁਝ ਨਹੀਂ ਸੁਣਿਆ ਅਤੇ ਨਾ ਹੀ ਇਸ ਬਾਰੇ ਸਮਝ ਸਕਣ ਲਈ ਉਨ੍ਹਾਂ ਕੋਲ ਕੋਈ ਪਦਾਰਥਕ ਹਾਲਤ ਮੌਜੂਦ ਹੈ ਜਿਸ ਵਿਚੋਂ ਅਜਿਹੇ ਫ਼ਸਾਦ ਤੇ ਅਜਿਹੇ ਵਿਚਾਰ ਪੈਦਾ ਹੋਣ।
ਹਨੇਰਾ ਹੋਣ ਉਤੇ ਅਸੀਂ ਅਗਲੇ ਸਫ਼ਰ ਵਾਸਤੇ ਤਿਆਰ ਹੋ ਗਏ। ਉਥੋਂ ਤਿੰਨ ਨੌਜਵਾਨ ਸਾਡੇ ਨਾਲ ਹੋਰ ਰਲ ਗਏ। ਉਹ ਤਿੰਨੇ ਹਥਿਆਰਬੰਦ ਸਨ। ਫੌਜੀ ਅਸੂਲ ਮੁਤਾਬਕ ਉਨ੍ਹਾਂ ਵਿਚੋਂ ਇਕ ਸਾਥੋਂ ਕੁਝ ਫਾਸਲੇ ਉਤੇ ਅੱਗੇ ਅੱਗੇ ਤੁਰ ਪਿਆ, ਸਕਾਊਟ ਟੀਮ ਵਾਂਗ। ਇਕ ਸਭ ਤੋਂ ਪਿੱਛੇ ਅਤੇ ਤੀਸਰਾ ਦਰਮਿਆਨ ਵਿਚ। ਇਕਹਿਰੀ ਲਾਈਨ ਦੀ ਫਾਰਮੇਸ਼ਨ ਵਿਚ ਅਸੀਂ ਪਿੰਡ ਦੀ ਹੱਦ ਪਾਰ ਕੀਤੀ ਅਤੇ ਜੰਗਲ ਵਿਚ ਦਾਖ਼ਲ ਹੋ ਗਏ।
ਰਾਤ ਭਰ ਅਤੇ ਅਗਲਾ ਸਾਰਾ ਦਿਨ ਥੋੜ੍ਹੇ ਥੋੜ੍ਹੇ ਸਮੇਂ ਦੇ ਆਰਾਮ ਦੇ ਵਕਫ਼ੇ ਨਾਲ ਨਦੀਆਂ, ਨਾਲਿਆਂ ਤੇ ਨਿੱਕੇ ਵੱਡੇ ਪਹਾੜਾਂ ਨੂੰ ਪਾਰ ਕਰਦਿਆਂ ਅਗਲੀ ਸ਼ਾਮ ਅਸੀਂ ਅਜਿਹੀ ਥਾਂ ਪਹੁੰਚੇ ਜਿੱਥੇ ਦੂਰ ਦੂਰ ਤਕ ਜੰਗਲ ਹੀ ਜੰਗਲ ਸੀ। ਇੰਜ ਲਗਦਾ ਸੀ ਜਿਵੇਂ ਦੂਰ ਦੂਰ ਤੱਕ ਆਬਾਦੀ ਦਾ ਨਾਮ-ਨਿਸ਼ਾਨ ਨਾ ਹੋਵੇ, ਪਰ ਜਲਦੀ ਹੀ ਮੇਰਾ ਇਹ ਖਿਆਲ ਗ਼ਲਤ ਸਾਬਤ ਹੋ ਗਿਆ।
ਉਸ ਘੋਰ ਜੰਗਲ ਵਿਚ ਚੌਦਾਂ ਪੰਦਰਾਂ ਸਾਲ ਦਾ ਲੜਕਾ ਸਾਨੂੰ ਮਿਲਿਆ। ਉਹ ਕਿਸੇ ਨੇੜਲੇ ਪਿੰਡ ਦਾ ਸੀ। ਹਰ ਕਿਸੇ ਨਾਲ ਹੱਥ ਮਿਲਾ ਕੇ ਉਸ ਨੇ ਸਾਡੇ ‘ਚੋਂ ਇਕ ਨੂੰ ਨਾਲ ਲਿਆ ਅਤੇ ਉਹ ਦੋਵੇਂ ਜਲਦੀ ਹੀ ਅੱਖਾਂ ਤੋਂ ਉਹਲੇ ਹੋ ਗਏ। ਅੱਖਾਂ ਤੋਂ ਉਹਲੇ ਹੋਣ ਨੂੰ ਜੰਗਲ ਵਿਚ ਉਨੀ ਕੁ ਦੇਰ ਲਗਦੀ ਹੈ ਜਿੰਨੀ ਕਿਸੇ ਸ਼ਹਿਰ ਵਿਚ। ਜੰਗਲ ਵਿਚ ਆਦਮੀ ਭੀੜ ਜਾਂ ਇਮਾਰਤਾਂ ਪਿਛੇ ਉਹਲੇ ਨਹੀਂ ਹੋਇਆ ਤਾਂ ਝਾੜੀਆਂ ਤੇ ਦਰੱਖ਼ਤਾਂ ਪਿਛੇ ਹੋ ਗਿਆ, ਇਕੋ ਜਿੰਨਾ ਹੀ ਸਮਾਂ ਲਗਦਾ ਹੈ। ਇਸੇ ਤਰ੍ਹਾਂ ਆਦਮੀ ਦਾ ਪਰਗਟ ਹੋਣਾ ਵੀ ਅਚਾਨਕ ਹੀ ਹੋ ਜਾਂਦਾ ਹੈ। ਤੁਸੀਂ ਸਮਝਦੇ ਹੋ ਕਿ ਨੇੜੇ ਤੇੜੇ ਕੋਈ ਨਹੀਂ, ਪਰ ਅਚਾਨਕ ਪੱਤਿਆਂ ਪਿਛੋਂ ਕੋਈ ਨਿਕਲ ਆਉਂਦਾ ਹੈ, ਤੁਸੀਂ ਹੱਕੇ-ਬੱਕੇ ਰਹਿ ਜਾਂਦੇ ਹੋ। ਬਹਰਹਾਲ, ਅਸੀਂ ਘੰਟਾ ਭਰ ਆਰਾਮ ਨਾਲ ਬਿਤਾਇਆ। ਲੰਬੇ ਸਫ਼ਰ ‘ਚ ਜਿੱਥੇ ਆਰਾਮ ਚੰਦ ਘੜੀਆਂ ਦਾ ਹੀ ਮਿਲਦਾ ਹੋਵੇ, ਉਥੇ ਅੱਧੇ ਪਹਿਰ ਦਾ ਸੁਸਤਾਉਣਾ ਮਿਲ ਜਾਵੇ ਤਾਂ ਜਿੱਥੇ ਇਕ ਪਾਸੇ ਸਰੀਰ ਦੀ ਤਾਕਤ ਜਮ੍ਹਾਂ ਹੋ ਜਾਂਦੀ ਹੈ, ਦੂਸਰੇ ਪਾਸੇ ਮਨ ਸੁਸਤੀ ਫੜ ਲੈਂਦਾ ਹੈ। ਇਹੀ ਹੋਇਆ। ਜਦੋਂ ਉਹ ਲੜਕਾ ਤਿੰਨ ਜਣਿਆਂ ਨਾਲ ਵਾਪਸ ਪਰਤਿਆ ਤਾਂ ਸਾਡੇ ਚੱਲਣ ਦਾ ਸਮਾਂ ਹੋ ਗਿਆ। ਉਹ ਇਕ ਨੂੰ ਲੈ ਕੇ ਗਿਆ ਸੀ, ਪਰ ਦੋ ਹੋਰ ਨੂੰ ਨਾਲ ਲੈ ਆਇਆ ਸੀ। ਏਥੋਂ ਪਿਛਲੀ ਟੀਮ ਵਾਪਸ ਪਰਤ ਗਈ ਅਤੇ ਨਵੀਂ ਟੀਮ ਨੇ ਸਾਡਾ ਚਾਰਜ ਸੰਭਾਲ ਲਿਆ। ਰਾਤ ਹੋ ਚੁੱਕੀ ਸੀ। ਭੁੱਖ ਤੇ ਥਕਾਵਟ ਦੋਵੇਂ ਹੀ ਭਾਰੀ ਪੈ ਰਹੀਆਂ ਸਨ। ਸੋਚਿਆ ਕਿ ਹੁਣ ਖਾਣ ਨੂੰ ਮਿਲੇ ਤਾਂ ਚੰਗਾ ਰਹੇ।
ਮੈਂ ਬਾਸੂ ਵੱਲ ਪਰਤਿਆ, “ਕਿੰਨੇ ਸਮੇਂ ਦਾ ਪੰਧ ਹੈ?”
“ਢਾਈ ਘੰਟੇ”, ਉਸ ਸਹਿਜ ਸੁਭਾਵਕ ਕਿਹਾ, “ਥਕਾਵਟ ਹੋ ਗਈ?”
“ਨਹੀਂ ਤਾਂ।”
ਥੱਕੇ ਹੋਣ ਦੇ ਬਾਵਜੂਦ ਮੇਰੇ ਮੂੰਹੋਂ ਇਹੀ ਨਿਕਲਿਆ। ਇਕ ਘੰਟੇ ਦੇ ਆਰਾਮ ਨੇ ਮਨ ਹਰਾਮੀ ਕਰ ਦਿੱਤਾ ਸੀ।
“ਚੱਲਾਂਗੇ।” ਮੈਂ ਕਿਹਾ।
ਕਿੱਟਾਂ ਮੋਢਿਆਂ ਉਤੇ ਟਿਕਾ ਕੇ ਅਸੀਂ ਪਾਲ ਬੰਨ੍ਹ ਤੁਰੇ। ਘੰਟੇ ਬਾਅਦ ਦਸ ਮਿੰਟ ਦਾ ਵਕਫ਼ਾ ਅਤੇ ਫਿਰ ਕੂਚ। ਕੂਚ-ਕਿਆਮ-ਕੂਚ-ਕਿਆਮ ਅਤੇ ਫਿਰ ਕੂਚ। ਪਿਛਲੇ ਤਿੰਨ ਦਿਨ ਤੇ ਤਿੰਨ ਰਾਤਾਂ ਤੋਂ ਇਹੀ ਸਿਲਸਿਲਾ ਚੱਲ ਰਿਹਾ ਸੀ। ਦੂਸਰੀ ਵਾਰ ਕੂਚ ਕਰਨ ਤੋਂ ਪਹਿਲਾਂ ਟੀਮ ਕਮਾਂਡਰ ਨੇ ਗੌਂਡ ਬੋਲੀ ਵਿਚ ਕਿਹਾ ਕਿ ਹੁਣ ਮੰਜ਼ਲ ਉਤੇ ਜਾ ਕੇ ਹੀ ਰੁਕਿਆ ਜਾਵੇਗਾ। ਬਾਸੂ ਨੇ ਮੇਰੇ ਲਈ ਤਰਜਮਾ ਕੀਤਾ। ਸਕਾਊਟ ਨੇ ਸਾਥੋਂ ਵਿੱਥ ਵਧਾ ਲਈ ਤੇ ਕਾਫ਼ਲਾ ਤੁਰ ਪਿਆ।
ਜਿਵੇਂ ਜਿਵੇਂ ਵਕਤ ਗੁਜ਼ਰਦਾ ਗਿਆ ਤਿਵੇਂ ਤਿਵੇਂ ਸਰੀਰ ਭਾਰਾ ਹੁੰਦਾ ਗਿਆ ਤੇ ਮਨ ਮਜ਼ਬੂਤ ਹੁੰਦਾ ਗਿਆ। ਮੰਜ਼ਲ ਦੇ ਨਜ਼ਦੀਕ ਪਹੁੰਚ ਕੇ ਇੰਜ ਹੀ ਵਾਪਰਦਾ ਹੈ। ਇਥੇ ਕਮਾਂਡ ਦਿਮਾਗ਼ ਦੇ ਹੱਥ ਵਿਚ ਹੋ ਜਾਂਦੀ ਹੈ ਤੇ ਉਹ ਢਹਿੰਦੇ ਹੋਏ ਸਰੀਰ ਨੂੰ ਉਤਸ਼ਾਹਤ ਕਰਦਾ ਹੋਇਆ, ਸ਼ਾਬਾਸ਼! ਸ਼ਾਬਾਸ਼!! ਕਹਿੰਦਾ ਜਿੱਤ ਦੀ ਰੇਖਾ ਦੇ ਪਾਰ ਲੈ ਜਾਂਦਾ ਹੈ।
ਆਖ਼ਰ ਅਸੀਂ ਜਿੱਤ ਦੀ ਰੇਖਾ ਉਤੇ, ਇਕ ਪਹਾੜ ਦੇ ਪੈਰਾਂ ਵਿਚ, ਪਹੁੰਚ ਗਏ। ਰੁਕਣ ਦਾ ਹੁਕਮ ਹੋਇਆ। ਸਾਰੀ ਕਤਾਰ ਰੁਕ ਗਈ। ਕਮਾਂਡਰ ਨੇ ਦੱਸਿਆ, ਅਸੀਂ ਪਹੁੰਚ ਚੁੱਕੇ ਹਾਂ। ਹੁਣ ਸਿਰਫ਼ ਖ਼ੇਮੇ ਵਿਚ ਪਹੁੰਚਣਾ ਹੀ ਬਾਕੀ ਸੀ। ਸਿਰਫ਼ ਇਕ ਪਹਾੜੀ ਦਾ ਫ਼ਾਸਲਾ ਸੀ। ਸਕਾਊਟ ਇਕੱਲਾ ਅਗਾਂਹ ਨਿਕਲਿਆ। ਕੋਈ ਪੰਦਰਾਂ ਮਿੰਟ ਬਾਅਦ ਉਹ ਦੋ ਜਣਿਆਂ ਸਮੇਤ ਵਾਪਸ ਆਇਆ।
ਹੱਥ ਮਿਲਾਏ, ਸਲਾਮ ਕੀਤੀ ਅਤੇ ਫਿਰ ਪਹਾੜੀ ਪਾਰ ਕਰ ਕੇ ਅਸੀਂ ਪਰਲੇ ਪਾਰ ਪਹੁੰਚੇ।
ਪਹਾੜੀ ਤੋਂ ਪਾਰ ਜਿਹੜੀ ਪਹਿਲੀ ਚੀਜ਼ ਨਜ਼ਰੀਂ ਪਈ, ਉਹ ਸੀ ਇਕ, ਦੋ, ਤਿੰਨ ਤੇ ਫਿਰ ਕਈ ਸਾਰੇ ਤੰਬੂਆਂ ਦਾ ਸਮੂਹ, ਪੂਰਾ ਪਿੰਡ। ਅਸੀਂ ਖ਼ੇਮੇ ਵਿਚ ਪਹੁੰਚ ਚੁੱਕੇ ਸਾਂ। ਹਰ ਤੰਬੂ ਵਿਚ ਰੌਸ਼ਨੀ ਦੇ ਬਲਬ ਜਲ ਰਹੇ ਸਨ। ਪਹਾੜੀਆਂ ਦਰਮਿਆਨ ਵੱਸੇ ਇਸ ਖ਼ੇਮੇ ਵਿਚ ਰੌਸ਼ਨੀ ਦੇ ਛੋਟੇ ਛੋਟੇ ਟੁਕੜੇ ਇਧਰ-ਉਧਰ ਬਿਖਰੇ ਪਏ ਸਨ। ਕਈ ਰਾਤਾਂ ਹਨੇਰੇ ਵਿਚ ਗੁਜ਼ਾਰਨ ਤੋਂ ਬਾਅਦ ਇਹ ਨਜ਼ਾਰਾ ਅਜੀਬ ਜਿਹਾ ਲਗਦਾ ਸੀ। ਰਸਤੇ ਵਿਚ ਕਿਤੇ ਵੀ ਰਾਤ ਨੂੰ ਰੌਸ਼ਨੀ ਦਿਖਾਈ ਨਹੀਂ ਸੀ ਦਿੱਤੀ, ਪਰ ਇਥੇ ਜੰਗਲ ਵਿਚ ਮੰਗਲ ਲੱਗਾ ਹੋਇਆ ਸੀ।
ਚੱਲਦੇ ਹੋਏ ਮੈਂ ਪਹਿਲੇ ਤੰਬੂ ਅੰਦਰ ਝਾਤ ਪਾਈ। ਇਹ ਰਸੋਈ-ਘਰ ਸੀ। ਮਹਿਸੂਸ ਹੋਇਆ ਕਿ ਭੁੱਖ ਹੁਣ ਮਰ ਚੁੱਕੀ ਹੈ। ਰਸੋਈ ਵੀ ਠੰਢੀ ਪ੍ਰਤੀਤ ਹੋਈ। ਵਲ ਖਾਂਦੇ ਪਹਾੜੀ ਰਸਤੇ ਨੂੰ ਪਾਰ ਕਰਦਿਆਂ ਜਦ ਦੂਸਰੇ ਤੰਬੂ ਦੇ ਕੋਲੋਂ ਗੁਜ਼ਰਨ ਲੱਗੇ ਤਾਂ ਦੇਖਿਆ ਕਿ ਇਕ ਪਾਸੇ ਕੋਈ ਤੀਹ ਗੁਰੀਲੇ ਸਾਨੂੰ ਖ਼ੁਸ਼-ਆਮਦੀਦ ਕਹਿਣ ਲਈ ਕਤਾਰ ਵਿਚ ਖੜ੍ਹੇ ਸਨ। ਹਰ ਕੋਈ ਵਰਦੀ ਵਿਚ, ਹਰ ਕੋਈ ਹਥਿਆਰ ਸਮੇਤ। ਗਰਮਜੋਸ਼ੀ ਨਾਲ ਹੱਥ ਮਿਲਾਏ ਗਏ, ਸਲਾਮ ਕਹੀ ਗਈ। “ਲਾਲ-ਸਲਾਮ” ਸ਼ਬਦ ਭਾਰਤ ਦੀ ਹਰ ਬੋਲੀ ਦਾ ਹਿੱਸਾ ਬਣ ਗਿਆ ਹੈ। ਇਸ ਦੁਆ-ਸਲਾਮ ਵਾਸਤੇ ਗੌਂਡੀ, ਹਿੰਦੀ, ਬੰਗਾਲੀ, ਤੈਲਗੂ, ਮਰਾਠੀ, ਪੰਜਾਬੀ ਦਾ ਗਿਆਨ ਹੋਣਾ ਜ਼ਰੂਰੀ ਨਹੀਂ ਹੈ। ਇਸ ਸੰਬੋਧਨ ਨੇ ਸਭ ਬੋਲੀਆਂ ਵਿਚ ਪ੍ਰਵੇਸ਼ ਕਰ ਲਿਆ ਹੈ, ਜਿਵੇਂ “ਇਨਕਲਾਬ-ਜ਼ਿੰਦਾਬਾਦ” ਦਾ ਨਾਅਰਾ ਹਰ ਬੋਲੀ ਦਾ ਹਿੱਸਾ ਹੋ ਗਿਆ ਹੈ। ਇੰਜ ਮਹਿਸੂਸ ਹੋਇਆ ਕਿ ਸਭ ਦੀ ਸਾਂਝੀ ਭਾਸ਼ਾ ਵੀ ਹੈ ਜਿਸ ਰਾਹੀਂ ਹਰ ਕੋਈ ਇਕ ਦੂਸਰੇ ਨੂੰ ਜਾਣ ਸਕਦਾ ਹੈ। ਵਾਕੱਈ ਅਸੀਂ ਇਕ ਦੂਸਰੇ ਨੂੰ ਸਮਝ ਸਕਦੇ ਸਾਂ ਅੱਖਾਂ ਵਿਚ, ਇਸ਼ਾਰਿਆਂ ਵਿਚ ਅਤੇ ਹੱਥਾਂ ਦੀ ਗਰਮਜੋਸ਼ੀ ਵਿਚ।
ਸੀਟੀ ਦੀ ਆਵਾਜ਼ ਨੇ ਹਰ ਕਿਸੇ ਨੂੰ ਸੰਕੇਤ ਦਿੱਤਾ। ਚਾਹ ਤਿਆਰ ਸੀ। ਜ਼ਾਹਰ ਹੈ ਕਿ ਰਸੋਈ ਗਰਮ ਹੋ ਚੁੱਕੀ ਸੀ। ਹਰ ਕਿਸੇ ਨੇ ਆਪਣੀ ਆਪਣੀ ਥਾਲੀ ਤੇ ਗਿਲਾਸ ਉਠਾਇਆ ਤੇ ਰਸੋਈ-ਖ਼ਾਨੇ ਵੱਲ ਚੱਲ ਪਿਆ।
ਪੱਥਰ ਟਿਕਾ ਕੇ ਬਣਾਏ ਗਏ ਚੁੱਲ੍ਹਿਆਂ ਵਿਚ ਤਿੰਨ ਥਾਂਵੇਂ ਅੱਗ ਬਲ ਰਹੀ ਸੀ ਤੇ ਉਪਰ ਵੱਡੇ ਵੱਡੇ ਪਤੀਲੇ ਚੜ੍ਹੇ ਹੋਏ ਸਨ। ਤੰਬੂ ਦੇ ਬਾਹਰ ਰਸੋਈ ਦੇ ਦਲਾਨ ਵਿਚ ਪੂਰੀ ਚਹਿਲ-ਪਹਿਲ ਨਜ਼ਰ ਆਈ। ਰਸੋਈ, ਪੇਟ ਦੀ ਸੰਤੁਸ਼ਟੀ ਕਰਨ ਦੇ ਨਾਲ ਨਾਲ ਮੇਲ-ਜੋਲ ਰਾਹੀਂ ਮਨ ਨੂੰ ਸੰਤੁਸ਼ਟ ਕਰਨ ਦਾ ਸਾਧਨ ਵੀ ਬਣੀ ਹੋਈ ਸੀ। ਹਰ ਕਿਸੇ ਨੇ ਵਾਰੀ ਸਿਰ ਆਪਣਾ ਖਾਣਾ ਲਿਆ ਤੇ ਫਿਰ ਸਭ ਜਣੇ ਦੋ-ਦੋ, ਚਾਰ-ਚਾਰ ਦੀਆਂ ਢਾਣੀਆਂ ਵਿਚ ਵੰਡੇ ਗਏ।
ਖਾਣੇ ਤੋਂ ਬਾਅਦ ਸਾਨੂੰ ਨਵੇਂ ਆਇਆਂ ਨੂੰ ਵੱਖ ਵੱਖ ਤੰਬੂਆਂ ਵਿਚ ਵੰਡ ਦਿੱਤਾ ਗਿਆ। ਜਿਸ ਤੰਬੂ ਵਿਚ ਮੈਂ ਪਹੁੰਚਿਆ, ਉਥੇ ਮੈਂ ਸਤਵਾਂ ਸਾਂ।
“ਦੋ ਦਿਨ ਬਾਅਦ ਤੁਹਾਨੂੰ ਝਿੱਲੀ (ਪਲਾਸਟਿਕ ਸ਼ੀਟ) ਮਿਲ ਜਾਵੇਗੀ, ਤਦ ਤਕ ਕਿਸੇ ਤਰ੍ਹਾਂ ਨਿਭਾਓ।” ਇਕ ਆਵਾਜ਼ ਨੇ ਮੈਨੂੰ ਕਿਹਾ। ਮੈਂ ਉਸ ਵੱਲ ਨਜ਼ਰ ਘੁਮਾਈ ਤਾਂ ਉਹ ਮੁਸਕਰਾ ਪਿਆ।
“ਇਥੇ ਕਾਫੀ ਲੋਕ ਹਿੰਦੀ ਵਿਚ ਗੱਲ ਕਰ ਸਕਣਗੇ?” ਮੈਂ ਉਸ ਤੋਂ ਪੁੱਛਿਆ।
“ਥੋੜ੍ਹਾ ਥੋੜ੍ਹਾ ਸਮਝ ਲੈਣਗੇ, ਪਰ ਗੱਲਬਾਤ ਕੁਝ ਇਕ ਨਾਲ ਹੀ ਹੋ ਪਾਵੇਗੀ। ਬਹੁਤੇ ਜਣੇ ਹਿੰਦੀ ਨਹੀਂ ਬੋਲ ਸਕਦੇ। ਫਿਰ ਉਸ ਨੇ ਤੰਬੂ ਵਿਚਲੇ ਦੋ ਜਣਿਆਂ ਵੱਲ ਇਸ਼ਾਰਾ ਕਰ ਕੇ ਉਨ੍ਹਾਂ ਦੇ ਨਾਂ ਲੈਂਦੇ ਹੋਏ ਦੱਸਿਆ ਕਿ ਉਹ ਬਾਤਚੀਤ ਵੀ ਕਰ ਸਕਣਗੇ।
ਸਮੁੱਚੇ ਖ਼ੇਮੇ ਵਿਚ ਹੀ ਜ਼ਿਆਦਾ ਲੋਕ ਗੌਂਡ ਕਬਾਇਲੀ ਸਨ। ਕੁਝ ਤੈਲਗੂ, ਕੁਝ ਬੰਗਾਲੀ ਤੇ ਕੁਝ ਉਤਰ ਭਾਰਤ ਦੀ ਹਿੰਦੀ ਪੱਟੀ ਦੇ। ਮੇਰੀ ਬੋਲੀ ਦਾ ਉਥੇ ਕੋਈ ਨਹੀਂ ਸੀ। ਰੂਹ ਦੇ ਖਿੜਨ ਲਈ ਆਪਣੀ ਮਾਂ-ਬੋਲੀ ਵਿਚ ਗੱਲ ਕਰਨ ਵਾਲਾ ਕੋਈ ਹੋਣਾ ਚਾਹੀਦਾ ਹੈ। ਪਰਾਈ ਬੋਲੀ ਓਪਰੇਪਣ ਦੀ ਦੀਵਾਰ ਖੜ੍ਹੀ ਰੱਖਦੀ ਹੈ। ਬੇਗਾਨੇ ਕੰਧਾਂ ਕੌਲਿਆਂ ਉਤੇ ਖੜ੍ਹੀ ਛੱਤ ਹੇਠ ਹਮੇਸ਼ਾਂ ਖਦਸ਼ਾ ਹੀ ਬਣਿਆ ਰਹਿੰਦਾ ਹੈ, ਪਰ ਉਹ ਵਿਸ਼ੇਸ਼ ਇਲਾਕੇ ਦਾ ਕੈਂਪ ਸੀ, ਸੋ ਬਾਕੀ ਦੇ ਹਿੰਦੋਸਤਾਨ ਨੇ ਉਥੋਂ ਗ਼ਾਇਬ ਹੀ ਦਿਸਣਾ ਸੀ। ਫਿਰ ਵੀ, ਐਨੀ ਕੁ ਤਸੱਲੀ ਹੋਈ ਕਿ ਕੁਝ ਜਣਿਆਂ ਨਾਲ ਕੁਝ ਖੁੱਲ੍ਹਣ ਦਾ ਮੌਕਾ ਮਿਲੇਗਾ।
ਸੌਣ ਦਾ ਵਕਤ ਚਿਰੋਕਣਾ ਹੋ ਚੁੱਕਾ ਸੀ। ਅਸੀਂ ਕਾਫ਼ੀ ਦੇਰੀ ਨਾਲ ਪਹੁੰਚੇ ਸਾਂ ਜਿਸ ਨਾਲ ਨਿੱਤ ਦਾ ਨੇਮ ਕੁਝ ਭੰਗ ਹੋਇਆ ਸੀ। ਦਸ ਵਜੇ ਬੱਤੀ ਬੁਝਣ ਦਾ ਵੇਲਾ ਤੈਅ ਸੀ, ਕਿਉਂਕਿ ਸਵੇਰੇ ਹਰ ਕਿਸੇ ਨੂੰ ਸੂਰਜ ਚੜ੍ਹਨ ਤੋਂ ਪਹਿਲਾਂ ਬਾਕਾਇਦਗੀ ਨਾਲ ਉਠਣਾ ਜ਼ਰੂਰੀ ਸੀ।
ਤਦੇ ਸੀਟੀ ਸੁਣਾਈ ਦਿੱਤੀ। ਪੰਜ ਮਿੰਟ ਬਾਅਦ ਬੱਤੀ ਬੰਦ ਹੋ ਗਈ। ਸਾਰਾ ਖ਼ੇਮਾ ਹਨੇਰੇ ਦੀ ਬੁੱਕਲ ਵਿਚ ਸਿਮਟ ਗਿਆ। ਥਕਾਵਟ ਨੇ ਚੂਰ ਕੀਤਾ ਪਿਆ ਸੀ। ਸੋ, ਪਤਾ ਹੀ ਨਹੀਂ ਲੱਗਾ ਕਿ ਨੀਂਦ ਨੇ ਕਦੋਂ ਦੱਬ ਲਿਆ।
(ਚਲਦਾ)