ਸੁਰਿੰਦਰ ਸਿੰਘ ਤੇਜ
ਫੋਨ: +91-98555-01488
ਨਿਰਭਯਾ ਕੌਣ ਸੀ, ਇਹ ਅਸੀਂ ਸਾਰੇ ਜਾਣਦੇ ਹਾਂ; ਪਰ ਸਾਡੇ ਵਿਚੋਂ ਕਿੰਨਿਆਂ ਕੁ ਨੂੰ ਪਤਾ ਹੈ ਕਿ ਜੀਸ਼ਾ ਕੌਣ ਸੀ? ਜਾਂ ਕਾਵਾਸੀ ਹਿਡਮੇ ਕੌਣ ਹੈ? ਜੀਸ਼ਾ ਕੇਸ ਕੇਰਲਾ ਵਿਚ ਅੱਜ ਕੱਲ੍ਹ ਚੋਣ ਮੁੱਦਾ ਬਣਿਆ ਹੋਇਆ ਹੈ, ਪਰ ਕੌਮੀ ਮੀਡੀਆ ਵਿਚ ਇਸ ਦਾ ਜ਼ਿਕਰ ਨਾਂ-ਮਾਤਰ ਹੈ। ਕਾਨੂੰਨ ਦੀ ਪੜ੍ਹਾਈ ਕਰਨ ਵਾਲੀ ਦਲਿਤ ਵਿਦਿਆਰਥਣ ਜੀਸ਼ਾ ਦੀ ਲਾਸ਼ 28 ਅਪਰੈਲ ਨੂੰ ਪੇਰੰਬਾਵੂਰ (ਕੇਰਲਾ) ਤੋਂ ਮਿਲੀ। ਪੋਸਟ ਮਾਰਟਮ ਰਿਪੋਰਟ ਅਨੁਸਾਰ ਉਸ ਨੂੰ ਅੰਤਾਂ ਦੀ ਵਹਿਸ਼ਤ ਦਾ ਸ਼ਿਕਾਰ ਬਣਾਇਆ ਗਿਆ, ਪਰ ਪੁਲਿਸ ਅਜੇ ਤਕ ਦੋਸ਼ੀਆਂ ਦਾ ਪਤਾ ਨਹੀਂ ਲਾ ਸਕੀ।
ਦਿੱਲੀ ਦਾ ਨਿਰਭਯਾ ਮਾਮਲਾ ਮੀਡੀਆ ਦੇ ਨੋਟਿਸ ਵਿਚ ਆਉਂਦਿਆਂ ਹੀ ਪੁਲਿਸ ਤੇ ਹੋਰ ਏਜੰਸੀਆਂ ਲਈ ਮੁੱਖ ਤਰਜੀਹ ਬਣ ਗਿਆ ਸੀ ਅਤੇ ਮੁਲਜ਼ਮ 48 ਘੰਟਿਆਂ ਦੇ ਅੰਦਰ ਕਾਬੂ ਕਰ ਲਏ ਗਏ ਸਨ, ਪਰ ਜੀਸ਼ਾ ਦੇ ਮਾਮਲੇ ਵਿਚ ਪੁਲਿਸ ਨੇ ਹਰ ਤਫ਼ਤੀਸ਼ੀ ਨੁਕਤੇ ਤੋਂ ਢਿੱਲ-ਮੱਠ ਵਰਤੀ। ਉਸ ਨੇ ਸਾਰਾ ਕਸੂਰ ਉਤਰੀ ਰਾਜਾਂ ਤੋਂ ਆਏ ਦਿਹਾੜੀਦਾਰ ਕਾਮਿਆਂ ਉਤੇ ਮੜ੍ਹ ਕੇ ਉਨ੍ਹਾਂ ਖ਼ਿਲਾਫ਼ ਲੋਕ ਭਾਵਨਾਵਾਂ ਭੜਕਾਈਆਂ, ਪਰ ਅਸਲ ਮੁਲਜ਼ਮਾਂ ਤਕ ਨਹੀਂ ਪੁੱਜ ਸਕੀ। ਇਹ ਵੀ ਦੋਸ਼ ਲੱਗਣ ਲੱਗੇ ਹਨ ਕਿ ਜੀਸ਼ਾ ਦੇ ਹਸ਼ਰ ਵਿਚ ਪੁਲਿਸ ਦਾ ਵੀ ਹੱਥ ਸੀ। ਉਸ ਨੇ ਜੀਸ਼ਾ ਜਾਂ ਉਸ ਦੀ ਮਾਂ ਵੱਲੋਂ ਪ੍ਰਗਟਾਈਆਂ ਚਿੰਤਾਵਾਂ ਪ੍ਰਤੀ ਕਦੇ ਸੰਜੀਦਗੀ ਨਹੀਂ ਦਿਖਾਈ। ਜੀਸ਼ਾ ਵਾਲਾ ਮਾਮਲਾ ਤਾਂ ਦੇਸ਼ ਦੇ ਧੁਰ ਦੱਖਣ ਵਿਚ ਵਾਪਰਿਆ, ਲੁਧਿਆਣੇ ਵਿਚ ਆਪਣੇ ਮਾਪਿਆਂ ਕੋਲ ਤਪਦਿਕ ਦੇ ਇਲਾਜ ਲਈ ਆਈ ਬਿਹਾਰਨ ਵਿਆਹੁਤਾ ਮੁਟਿਆਰ ਦੀ ਸਮੂਹਿਕ ਬਲਾਤਕਾਰ ਮਗਰੋਂ ਹੱਤਿਆ ਨੂੰ ਨਾ ਤਾਂ ਪੁਲਿਸ ਨੇ ਸੰਜੀਦਗੀ ਨਾਲ ਲਿਆ ਅਤੇ ਨਾ ਹੀ ਸੱਭਿਆ ਸਮਾਜ ਨੇ। ਕਿਸੇ ਵੀ ਸਮਾਜਿਕ ਗਰੁਪ ਨੇ ਇਸ ਕੇਸ ਦੀ ਪੈਰਵੀ ਕਰਨ ਦੀ ਖੇਚਲ ਨਹੀਂ ਕੀਤੀ। ਦੋਸ਼ੀ ਜੇਲ੍ਹ Ḕਚ ਹਨ, ਪਰ ਠੋਸ ਪੈਰਵੀ ਦੀ ਅਣਹੋਂਦ ਵਿਚ ਕੀ ਉਹ ਜੇਲ੍ਹ ਵਿਚ ਹੀ ਰਹਿਣਗੇ?
ਨਿੱਤ ਦਿਨ ਵਾਪਰ ਰਹੀ ਵਹਿਸ਼ਤ ਤੋਂ ਅਸੀਂ ਕਿੰਨੇ ਕੁ ਫਿਕਰਮੰਦ ਹਾਂ, ਇਸ ਦਾ ਅੰਦਾਜ਼ਾ ਅਜਿਹੇ ਅਣਸੁਲਝੇ ਕੇਸਾਂ ਦੀ ਵਧਦੀ ਤਾਦਾਦ ਤੋਂ ਲਾਇਆ ਜਾ ਸਕਦਾ ਹੈ। ਕੌਮੀ ਅਪਰਾਧਿਕ ਰਿਕਾਰਡ ਬਿਊਰੋ (ਐਨæਸੀæਆਰæਬੀæ) ਅਨੁਸਾਰ ਭਾਰਤ ਵਿਚ ਔਸਤ ਹਰ 31 ਮਿੰਟਾਂ Ḕਚ ਇੱਕ ਬਲਾਤਕਾਰ ਹੁੰਦਾ ਹੈ ਅਤੇ ਔਰਤਾਂ ਨੂੰ ਹਿੰਸਾ ਦਾ ਸ਼ਿਕਾਰ ਬਣਾਏ ਜਾਣ ਦੀਆਂ ਰੋਜ਼ਾਨਾ ਦਰਜਨਾਂ ਘਟਨਾਵਾਂ ਦੀਆਂ ਰਿਪੋਰਟਾਂ ਥਾਣਿਆਂ ਵਿਚ ਦਰਜ ਹੁੰਦੀਆਂ ਹਨ। ਪੁਲਿਸ ਤੇ ਸਰਕਾਰਾਂ ਸਖਤ ਕਾਰਵਾਈ ਦੇ ਵਾਅਦੇ ਕਰਦੀਆਂ ਹਨ, ਸਖਤ ਕਾਨੂੰਨ ਵੀ ਵਜੂਦ ਵਿਚ ਆ ਚੁੱਕੇ ਹਨ, ਪਰ ਅਦਾਲਤਾਂ ਵੱਲੋਂ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦੇਣ ਅਤੇ ਸਜ਼ਾਵਾਂ ਦੇਣ ਦੀ ਦਰ ਮਹਿਜ਼ 21 ਫੀਸਦੀ ਹੈ। ਇਹ ਦਰ ਲਗਾਤਾਰ ਘਟਦੀ ਜਾ ਰਹੀ ਹੈ। ਅਦਾਲਤਾਂ ਵੀ ਇਹ ਮੰਨਦੀਆਂ ਹਨ। ਉਹ ਕਮਜ਼ੋਰ ਤਹਿਕੀਕਾਤ ਜਾਂ ਅਦਾਲਤੀ ਕਾਰਵਾਈ ਪ੍ਰਤੀ ਪੁਲਿਸ ਦੇ ਲਾਪਰਵਾਹੀ ਵਾਲੇ ਵਤੀਰੇ ਵੱਲ ਉਂਗਲੀ ਉਠਾਉਂਦੀਆਂ ਹਨ।
ਦਰਅਸਲ, ਪੁਲਿਸ ਤੇ ਸੁਰੱਖਿਆ ਏਜੰਸੀਆਂ ਦਾ ਆਪਣਾ ਰਵੱਈਆ ਵੀ ਸਾਡੇ ਦੇਸ਼ ਦੇ ਥਾਣਿਆਂ ਵਿਚ ਨਿੱਤ ਦਿਨ ਦੀ ਹਿੰਸਾ ਤੇ ਜ਼ੁਲਮਾਂ ਤੋਂ ਪ੍ਰਤੀਬਿੰਬਤ ਹੁੰਦਾ ਹੈ। ਜੋ ਵਹਿਸ਼ਤ ਥਾਣਿਆਂ ਦੇ ਅੰਦਰ ਵਾਪਰਦੀ ਹੈ, ਉਸ ਤੋਂ ਇਹ ਜਾਪਦਾ ਹੈ ਕਿ ਕੋਈ ਵੀ ਕਾਇਦਾ ਕਾਨੂੰਨ ਪੁਲਿਸ ਉਪਰ ਲਾਗੂ ਨਹੀਂ ਹੁੰਦਾ। ਪੁਲਿਸ ਨੂੰ ਆਪਣੇ ਬਚਾਅ ਲਈ ਫ਼ੌਜ ਵਾਂਗ ਸਪੈਸ਼ਲ ਪਾਵਰਜ਼ ਐਕਟ ਦੀ ਵੀ ਲੋੜ ਨਹੀਂ। ਮਿੱਤਰ ਸੈਨ ਮੀਤ ਦੀ ਰਚਨਾ Ḕਕੌਰਵ ਸਭਾḔ ਦੇ ਕਥਾਨਕ ਵਾਂਗ ਉਸ ਨੂੰ ਕੇਸ ਕਮਜ਼ੋਰ ਬਣਾਉਣ ਦੀਆਂ ਸਾਰੀਆਂ ਵਿਧੀਆਂ ਆਉਂਦੀਆਂ ਹਨ। ਇਨ੍ਹਾਂ ਵਿਧੀਆਂ ਦਾ ਸੰਤਾਪ ਛੱਤੀਸਗੜ੍ਹ ਦੀ ਕਾਵਾਸੀ ਹਿਡਮੇ ਹੁਣ ਵੀ ਭੋਗ ਰਹੀ ਹੈ।
ਕਾਵਾਸੀ ਛੋਟੇ ਜਿਹੇ ਪਲਾਟ ਉਪਰ ਖੇਤੀ ਕਰਨ ਵਾਲੀਆਂ ਇਸਤਰੀਆਂ ਦੀ ਟੋਲੀ ਦੀ ਮੈਂਬਰ ਸੀ। ਇੱਕ ਦਿਨ ਇਸ ਟੋਲੀ ਨੇ ਇੱਕ ਮੁਕਾਮੀ ਮੇਲੇ ਵਿਚ ਜਾਣ ਦਾ ਮਨ ਬਣਾਇਆ। ਮੇਲੇ ਵਿਚ ਥੋੜ੍ਹੀ-ਬਹੁਤ ਖਰੀਦਦਾਰੀ ਮਗਰੋਂ ਉਹ ਪਾਣੀ ਪੀਣ ਲਈ ਇੱਕ ਹੈਂਡਪੰਪ Ḕਤੇ ਰੁਕੀਆਂ। ਇਸ ਮੌਕੇ ਕਾਵਾਸੀ ਨੂੰ ਪੁਲਿਸ ਵਾਲੇ ਚੁੱਕ ਕੇ ਲੈ ਗਏ। ਉਸ ਦਾ ਕਸੂਰ ਇੰਨਾ ਹੀ ਸੀ ਕਿ ਉਹ ਆਪਣੀਆਂ ਸਾਥਣਾਂ ਨਾਲੋਂ ਵੱਧ ਗੁੰਦਵੇਂ ਸਰੀਰ ਦੀ ਮਾਲਕਣ ਸੀ। ਇਸ ਮਗਰੋਂ ਉਸ ਦੇ ਜਿਨਸੀ ਸ਼ੋਸ਼ਣ ਦੀ ਗਾਥਾ ਸ਼ੁਰੂ ਹੋਈ। ਇੱਕ ਤੋਂ ਬਾਅਦ ਦੂਜੇ ਥਾਣੇ ਅਤੇ ਫਿਰ ਕਈ ਹੋਰ ਥਾਣਿਆਂ ਵਿਚ ਉਸ ਨੂੰ ਸਰੀਰਿਕ ਸ਼ੋਸ਼ਣ ਦਾ ਸ਼ਿਕਾਰ ਬਣਾਇਆ ਗਿਆ। ਜਦੋਂ ਉਹ ਮਰਨ ਵਾਲੀ ਹੋ ਗਈ ਤਾਂ ਪੁਲਿਸ ਵਾਲੇ ਡਰ ਗਏ। ਉਸ ਉਪਰ ਸਪੈਸ਼ਲ ਪਬਲਿਕ ਸਕਿਉਰਿਟੀ ਐਕਟ ਤਹਿਤ ਕੇਸ ਪਾ ਦਿੱਤਾ ਗਿਆ। ਇਸ ਐਕਟ ਅਧੀਨ ਦਰਜ ਕੇਸਾਂ ਵਿਚ ਦੋ ਮਹੀਨੇ ਤਕ ਜ਼ਮਾਨਤ ਨਹੀਂ ਹੁੰਦੀ। ਉਸ ਨੂੰ ਨਿਆਂਇਕ ਰਿਮਾਂਡ ਅਧੀਨ ਜਗਦਲਪੁਰ ਜੇਲ੍ਹ ਭੇਜ ਦਿੱਤਾ ਗਿਆ। ਉਸ ਨੂੰ ਉਥੋਂ ਆਦਿਵਾਸੀ ਸਮਾਜਿਕ ਕਾਰਕੁਨ ਸੋਨੀ ਸੋਰੀ ਨੇ ਬਚਾਇਆ।
ਕਾਵਾਸੀ ਦੀ ਦਰਦਮਈ ਗਾਥਾ ਗੁਜਰਾਤੀ ਸਾਹਿਤਕਾਰ ਪ੍ਰੋæ ਗਣੇਸ਼ ਐਨæ ਦੇਵੀ ਵੱਲੋਂ ਅੰਗਰੇਜ਼ੀ, ਹਿੰਦੀ ਤੇ ਮਰਾਠੀ ਵਿਚ ਕਲਮਬੰਦ ਕੀਤੀ ਜਾ ਰਹੀ ਹੈ। ਦੇਵੀ ਦੇ ਪਹਿਲਾਂ ਦੋ ਨਾਵਲ ਗੁਜਰਾਤ ਵਿਚ ਆਦਿਵਾਸੀ ਇਸਤਰੀਆਂ ਦੇ ਪੁਲਿਸ ਵੱਲੋਂ ਸ਼ੋਸ਼ਣ ਦੇ ਵਿਸ਼ੇ Ḕਤੇ ਛਪ ਚੁੱਕੇ ਹਨ। ਪੁਲਿਸ ਉਨ੍ਹਾਂ ਤੋਂ ਖੂਬ ਔਖੀ ਹੈ, ਪਰ ਉਸ ਦਾ ਸਾਹਿਤਕ ਤੇ ਸਮਾਜਿਕ ਕੱਦ ਇੰਨਾ ਉਚਾ ਹੈ ਕਿ ਉਸ ਨੂੰ ਹੱਥ ਨਹੀਂ ਪਾ ਸਕਦੀ। ਦਰਅਸਲ, Ḕਹਜ਼ਾਰ ਚੌਰਾਸੀ ਕੀ ਮਾਂḔ ਵਾਲੀ ਮਹਾਂਸ਼ਵੇਤਾ ਦੇਵੀ ਤੋਂ ਬਾਅਦ ਗਣੇਸ਼ ਦੇਵੀ ਹੀ ਅਜਿਹਾ ਲੇਖਕ ਹੈ ਜਿਸ ਨੇ ਆਦਿਵਾਸੀਆਂ ਦੇ ਸ਼ੋਸ਼ਣ ਤੇ ਉਨ੍ਹਾਂ ਉਪਰ ਪੁਲਿਸ ਵਧੀਕੀਆਂ ਨੂੰ ਆਪਣੀਆਂ ਲੇਖਣੀਆਂ ਦਾ ਵਿਸ਼ਾ ਬਣਾਇਆ ਹੈ। ਉਨ੍ਹਾਂ ਦਾ ਮਰਾਠੀ ਨਾਵਲ Ḕਵਾਨਪ੍ਰਸਥḔ ਪਿਛਲੇ ਤਿੰਨ ਸਾਲਾਂ ਤੋਂ ਚਰਚਾ ਵਿਚ ਹੈ। ਇਸ ਦੀ ਇੱਕ ਵਜ੍ਹਾ ਇਹ ਹੈ ਕਿ ਇਸ ਵਿਚ ਗਣੇਸ਼ ਦੇਵੀ ਨੇ ਮੱਧ ਵਰਗੀ ਸਮਾਜ ਦੀ ਸ਼ੁਤਰਮੁਰਗਾਂ ਵਾਲੀ ਬਿਰਤੀ ਨੂੰ ਉਸ ਦੇ ਸਾਰੇ ਕੁਢੱਬੇ ਤੇ ਕਸੈਲੇ ਰੂਪਾਂ ਵਿਚ ਚਿਤਰਿਆ ਹੈ। ਉਸ ਨੇ ਸਾਡੇ ਸਮਾਜ ਵਿਚਲੀਆਂ ਅਸੰਗਤੀਆਂ ਤੇ ਖਾਮੀਆਂ ਲਈ ਇਸੇ ਬਿਰਤੀ ਨੂੰ ਦੋਸ਼ੀ ਵੀ ਦੱਸਿਆ ਹੈ। ਦੇਵੀ ਅਨੁਸਾਰ ਜਦੋਂ ਤਕ ਮੱਧ ਵਰਗ, ਨਿਮਨ ਵਰਗ ਦੇ ਸਰੋਕਾਰਾਂ ਨਾਲ ਨਹੀਂ ਜੁੜਦਾ, ਉਦੋਂ ਤਕ ਉਹ ਸਮਾਜਿਕ ਤੇ ਪ੍ਰਸ਼ਾਸਨਿਕ ਨਿਘਾਰ ਖਿਲਾਫ ਲਾਮਬੰਦ ਨਹੀਂ ਹੋ ਸਕੇਗਾ।
ਮੱਧ ਵਰਗੀ ਸੁਭਾਅ ਅਜਿਹਾ ਹੈ ਕਿ ਇੱਕ ਘਟਨਾ ਸਾਡੇ ਅੰਦਰ ਘ੍ਰਿਣਾ ਜਗਾਉਂਦੀ ਹੈ ਤਾਂ ਅਸੀਂ ਉਸ ਖਿਲਾਫ ਪ੍ਰਤੀਕਿਰਿਆ ਜ਼ਰੂਰ ਖੁੱਲ੍ਹ ਕੇ ਪੇਸ਼ ਕਰਦੇ ਹਾਂ, ਪਰ ਇਸ ਗੁੱਸੇ ਜਾਂ ਰੋਸ ਨੂੰ ਨਿਰੰਤਰਤਾ ਨਹੀਂ ਬਖ਼ਸ਼ਦੇ। ਛੇਤੀ ਹੀ ਸਭ ਕੁਝ ਭੁੱਲ-ਭੁਲਾ ਜਾਂਦੇ ਹਨ। ਉਨੀ ਦੇਰ ਤਕ ਜਦੋਂ ਤਕ ਕੋਈ ਨਵੀਂ, ਵੱਧ ਵਹਿਸ਼ੀ ਘਟਨਾ ਨਹੀਂ ਵਾਪਰਦੀ। ਸਾਡਾ ਗੁੱਸਾ ਅਲਪਕਾਲੀ ਹੁੰਦਾ ਹੈ। 1970ਵਿਆਂ ਤਕ ਮੱਧ ਵਰਗ ਅੰਦਰ ਰੋਹ ਦੀਰਘਕਾਲੀ ਸੀ। ਫਿਰ ਵਿਸ਼ਵੀਕਰਨ ਦੀ ਤ੍ਰਿਸ਼ਨਾ ਤੇ ਚਕਾਚੌਂਧ ਨੇ ਇਸ ਦੀ ਅਉਧ ਘਟਾ ਦਿੱਤੀ। ਹੁਣ ਇਹ ਗੁੱਸਾ, ਬੁਲਬੁਲੇ ਵਰਗੀ ਜ਼ਿੰਦਗੀ ਤਕ ਸੀਮਤ ਹੋ ਕੇ ਰਹਿ ਗਿਆ ਹੈ। ਇਸ ਦਾ ਇਹੀ ਰੂਪ ਹੀ ਸ਼ੁਤਰਮੁਰਗੀ ਬਿਰਤੀ ਅਤੇ ਜੀਸ਼ਾ ਜਾਂ ਕਾਵਾਸੀ ਹਿਡਮੇ ਵਰਗੇ ਦੁਖਾਂਤਾਂ ਨੂੰ ਨਿੱਤ ਜਨਮ ਦੇ ਰਿਹਾ ਹੈ।