ਸੰਘ, ਕੌਮੀ ਜਾਂਚ ਏਜੰਸੀ ਤੇ ਦਹਿਸ਼ਤਪਸੰਦੀ

ਬੂਟਾ ਸਿੰਘ
ਫੋਨ: +91-94634-74342
ਜਿਵੇਂ ਉਮੀਦ ਕੀਤੀ ਜਾ ਰਹੀ ਸੀ, ਹਾਲ ਹੀ ਵਿਚ 13 ਮਈ ਨੂੰ ਕੌਮੀ ਜਾਂਚ ਏਜੰਸੀ ਵਲੋਂ ਮਾਲੇਗਾਓਂ ਤੇ ਹੋਰ ਬੰਬ ਧਮਾਕਿਆਂ ਦੀ ਦੋਸ਼ੀ ਸਾਧਵੀ ਪ੍ਰਾਗਿਆ ਅਤੇ ਪੰਜ ਹੋਰ ਦੋਸ਼ੀਆਂ ਨੂੰ ਵੀ ਦੋਸ਼ ਮੁਕਤ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਲੈਫਟੀਨੈਂਟ ਕਰਨਲ ਸ੍ਰੀਕਾਂਤ ਪੁਰੋਹਿਤ ਨੂੰ ਕਲੀਨ ਚਿੱਟ ਦਿੱਤੀ ਜਾ ਚੁੱਕੀ ਹੈ। ਹੁਣ ਜਦੋਂ ਆਰæ ਐਸ਼ ਐਸ਼ ਦੇ ਪ੍ਰਚਾਰਕਾਂ ਦੇ ਰਾਜ ਵਿਚ ਹਿੰਦੂਤਵੀ ਦਹਿਸ਼ਤਗਰਦਾਂ ਨੂੰ ਇਕ-ਇਕ ਕਰ ਕੇ ਉਨ੍ਹਾਂ ਦੇ ਘਿਨਾਉਣੇ ਜੁਰਮਾਂ ਤੋਂ ਇਹ ਕਹਿ ਕੇ ਬਰੀ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਉਪਰ ਜੋ ਇਲਜ਼ਾਮ ਲਗਾਏ ਗਏ ਸਨ,

ਉਨ੍ਹਾਂ ਦਾ ਕੋਈ ਠੋਸ ਸਬੂਤ ਨਹੀਂ ਹੈ ਤਾਂ ਇਹ ਸਵਾਲ ਉਠਾਉਣਾ ਪੂਰੀ ਤਰ੍ਹਾਂ ਹੱਕ ਬਜਾਨਬ ਹੈ ਕਿ Ḕਠੋਸ ਸਬੂਤ’ ਕਿਸ ਨੂੰ ਮੰਨਿਆ ਜਾਵੇ? ਹੁਣ ਤਕ ਦੀ ਜਾਂਚ ਵਿਚ ਐਸੇ ਬਹੁਤ ਸਾਰੇ ਤੱਥ ਸਾਹਮਣੇ ਆ ਚੁੱਕੇ ਹਨ ਜੋ ਨਾ ਸਿਰਫ਼ ਸ੍ਰੀਕਾਂਤ ਪੁਰੋਹਿਤ ਅਤੇ ਸਾਧਵੀ ਪ੍ਰਾਗਿਆ ਵਲੋਂ ਕੀਤੇ ਜੁਰਮਾਂ ਦੀ ਤਸਦੀਕ ਕਰਨ ਲਈ ਲੋੜੀਂਦੇ ਸਬੂਤ ਬਣਦੇ ਹਨ, ਸਗੋਂ ਇਸ ਤੋਂ ਵੀ ਅੱਗੇ ਸੰਘ ਦੇ ਹੋਰ ਆਗੂਆਂ ਨੂੰ ਵੀ ਕਟਹਿਰੇ ਵਿਚ ਖੜ੍ਹੇ ਕਰ ਕੇ ਉਨ੍ਹਾਂ ਨੂੰ ਜਾਂਚ ਦੇ ਘੇਰੇ ਵਿਚ ਸ਼ਾਮਲ ਕਰਨ ਦੀ ਜ਼ਰੂਰਤ ਨੂੰ ਉਭਾਰਦੇ ਹਨ।
ਬੰਬ ਧਮਾਕਿਆਂ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਵਾਮੀ ਅਸੀਮਾਨੰਦ ਨੇ 16 ਤੇ 18 ਦਸੰਬਰ 2010 ਨੂੰ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਵਿਚ ਬਾਕਾਇਦਾ ਮੈਜਿਸਟਰੇਟ ਅੱਗੇ ਜੋ 40 ਸਫ਼ਿਆਂ ਦਾ ਇਕਬਾਲੀਆ ਬਿਆਨ ਦਰਜ ਕਰਾਇਆ ਸੀ, ਉਸ ਵਿਚ ਇਸ ਸਾਜ਼ਿਸ਼ ਨੂੰ ਅੰਜਾਮ ਦੇਣ ਵਿਚ ਸਾਧਵੀ ਪ੍ਰਾਗਿਆ, ਲੈਫਨੀਨੈਂਟ ਕਰਨਲ ਪੁਰੋਹਿਤ ਅਤੇ ਆਰæਐਸ਼ਐਸ਼ ਦੇ ਇੰਦਰੇਸ਼ ਕੁਮਾਰ ਵਰਗੇ ਸੀਨੀਅਰ ਆਗੂਆਂ ਦੀ ਖ਼ਾਸ ਭੂਮਿਕਾ ਤਾਂ ਬਿਆਨ ਕੀਤੀ ਹੀ ਗਈ ਸੀ, ਇਸ ਦੇ ਨਾਲ-ਨਾਲ ਵੱਖ-ਵੱਖ ਥਾਂਵਾਂ ਨੂੰ ਬੰਬ-ਧਮਾਕਿਆਂ ਦਾ ਨਿਸ਼ਾਨਾ ਕਿਉਂ ਬਣਾਇਆ ਗਿਆ, ਇਸ ਪਿਛਲਾ ਉਦੇਸ਼ ਵੀ ਸਪਸ਼ਟ ਕੀਤਾ ਸੀ।
ਪੰਚਮੜੀ ਦੇ ਇਕ ਹੋਟਲ ਦਾ ਮਾਲਕ ਇਸਤਗਾਸਾ ਪੱਖ ਦੇ ਗਵਾਹ ਦੇ ਤੌਰ ‘ਤੇ ਕੌਮੀ ਜਾਂਚ ਏਜੰਸੀ (ਆਈæਐਨæਏæ) ਅੱਗੇ ਬਾਕਾਇਦਾ ਬਿਆਨ ਦਰਜ ਕਰਵਾ ਚੁੱਕਾ ਹੈ ਕਿ ਸਤੰਬਰ 2005 ‘ਚ ਲੈਫਟੀਨੈਂਟ ਕਰਨਲ ਪੁਰੋਹਿਤ Ḕਆਰਟ ਆਫ ਲਿਵਿੰਗ’ ਦੇ 40-50 ਬੰਦਿਆਂ ਦੇ ਕੈਂਪ ਦਾ ਇੰਤਜ਼ਾਮ ਕਰਨ ਸਬੰਧੀ ਉਸ ਕੋਲ ਆਇਆ ਸੀ। ਦਰਅਸਲ ਇਹ, ਇਸ ਪਰਦੇ ਹੇਠ ਬੰਬ ਧਮਾਕਿਆਂ ਨੂੰ ਅੰਜਾਮ ਦੇਣ ਲਈ ਬਾਕਾਇਦਾ ਸਿਖਲਾਈ ਕੈਂਪ ਦੇਣ ਵਾਲਾ ਸੀ। ਇਹ ਬਿਆਨ ਕੌਮੀ ਜਾਂਚ ਏਜੰਸੀ ਕੋਲ ਦਰਜ ਹੈ। ਇਹ ਨਾ ਸਿਰਫ਼ ਸੀਨੀਅਰ ਫ਼ੌਜੀ ਅਧਿਕਾਰੀ (ਅਤੇ ਆਰæਐਸ਼ਐਸ਼ ਦੇ ਕਾਰਿੰਦੇ) ਸ੍ਰੀਕਾਂਤ ਪੁਰੋਹਿਤ ਦੀ ਅਹਿਮ ਭੂਮਿਕਾ ਦਾ ਪੁਖਤਾ ਸਬੂਤ ਹੈ ਸਗੋਂ ਇਸ ਨਾਲ ਸ੍ਰੀ ਸ੍ਰੀ ਰਵੀਸ਼ੰਕਰ ਅਤੇ ਉਸ ਦਾ Ḕਆਰਟ ਆਫ ਲਿਵਿੰਗ’ ਦਾ ਸਮੁੱਚਾ ਤਾਣਾ-ਬਾਣਾ ਵੀ ਸਵਾਲਾਂ ਦੇ ਘੇਰੇ ਵਿਚ ਆ ਜਾਂਦਾ ਹੈ। ਐਸੀਆਂ ਖ਼ਤਰਨਾਕ ਸਾਜ਼ਿਸ਼ਾਂ ਵਿਚ ਮਿਲੀਭੁਗਤ ਦੇ ਜਾਵੀਏ ਤੋਂ ਇਸ ਤਰ੍ਹਾਂ ਦੀਆਂ ਸੰਸਥਾਵਾਂ ਦੀ ਉਚੇਚੀ ਜਾਂਚ ਹੋਣੀ ਚਾਹੀਦੀ ਹੈ ਕਿ Ḕਰੂਹਾਨੀਅਤ’ ਦਾ ਢੌਂਗ ਰਚਣ ਵਾਲੇ ਸਾਧ ਇਸ ਪਰਦੇ ਓਹਲੇ ਕਿਸ ਤਰ੍ਹਾਂ ਦੇ ਘਿਨਾਉਣੇ ਜੁਰਮਾਂ ਵਿਚ ਸ਼ਰੀਕ ਹੋ ਸਕਦੇ ਹਨ?
ਇਨ੍ਹਾਂ ਤੋਂ ਇਲਾਵਾ ਏਜੰਸੀਆਂ ਕੋਲ ਇਕ ਐਸੇ ਸ਼ਖਸ ਦਾ ਇਕਬਾਲੀਆ ਬਿਆਨ ਵੀ ਮੌਜੂਦ ਹੈ ਜਿਸ ਵਿਚਲੇ ਤੱਥਾਂ ਤੋਂ ਮੁੱਕਰਨਾ ਸੰਭਵ ਹੀ ਨਹੀਂ ਹੈ। ਉਹ ਸ਼ਖਸ ਹੈ ਆਰæਐਸ਼ਐਸ਼ ਦਾ ਮੁਖੀ ਮੋਹਨ ਭਾਗਵਤ। ਜੇ ਏਜੰਸੀਆਂ ਦੇ ਅਧਿਕਾਰੀ ਚਾਹੁਣ ਤਾਂ ਸ੍ਰੀ ਭਾਗਵਤ ਦੇ ਬਿਆਨ ਦਾ ਖ਼ੁਰਾ ਨੱਪ ਕੇ ਆਰæਐਸ਼ਐਸ਼ ਦਾ ਦਹਿਸ਼ਤਵਾਦੀ ਤਾਣਾ-ਬਾਣਾ ਸਾਹਮਣੇ ਲਿਆ ਸਕਦੇ ਹਨ, ਪਰ ਇਉਂ ਹੋਵੇਗਾ ਨਹੀਂ। ਇਸ ਤੋਂ ਪਹਿਲਾਂ ਵੀ ਹਿੰਦੁਸਤਾਨੀ ਰਾਜਤੰਤਰ ਆਰæਐਸ਼ਐਸ਼ ਦੇ ਦਹਿਸ਼ਤਵਾਦੀ ਤਾਣੇ-ਬਾਣੇ ਨੂੰ ਸਮੁੱਚਤਾ ‘ਚ ਨੰਗਾ ਕਰਨ ਦੀ ਬਜਾਏ ਖ਼ਾਸ ਜੁਰਮਾਂ ਦੀ ਜਾਂਚ ਨੂੰ ਮਹਿਜ਼ ਵਿਅਕਤੀਆਂ ਤਕ ਮਹਿਦੂਦ ਕਰਕੇ ਪੱਲਾ ਝਾੜਦਾ ਰਿਹਾ ਹੈ, ਜਿਵੇਂ ਐਮæਕੇæ ਗਾਂਧੀ ਦੇ ਕਤਲ ਦੇ ਮਾਮਲੇ ਵਿਚ ਕੀਤਾ ਗਿਆ ਸੀ। ਨੱਥੂਰਾਮ ਗੌਡਸੇ ਨੂੰ ਕਸੂਰਵਾਰ ਠਹਿਰਾ ਕੇ ਸਜ਼ਾ-ਏ-ਮੌਤ ਦਿੱਤੀ ਗਈ, ਪਰ ਗੌਡਸੇ ਨੂੰ ਇਸ ਕਤਲ ਲਈ ਤਿਆਰ ਕਰਨ ਵਾਲੇ ਉਸ ਦੇ Ḕਗੁਰੂ’ ਅਤੇ ਅਸਲ ਸਾਜ਼ਿਸ਼ਕਾਰ ਆਰæਐਸ਼ਐਸ਼ ਦੇ ਮੁੱਖ ਸਿਧਾਂਤਕਾਰ ਵੀæਡੀæ ਸਾਵਰਕਰ ਦੀ ਮੁੱਖ ਭੂਮਿਕਾ ਬਾਰੇ ਜਾਂਚ ਨੂੰ ਕਿਸੇ ਤਣ-ਪੱਤਣ ਲਾਇਆ ਨਹੀਂ ਗਿਆ। ਸਾਵਰਕਰ ਦੇ ਸਮੇਂ ਤੋਂ ਲੈ ਕੇ ਅੱਜ ਤਕ ਆਰæਐਸ਼ਐਸ਼ ਅਤੇ ਇਸ ਦੇ ਮੁੱਖ ਆਗੂ ਘਿਨਾਉਣੀਆਂ ਤੋਂ ਘਿਨਾਉਣੀਆਂ ਸਾਜ਼ਿਸ਼ਾਂ ਦੇ Ḕਮਾਸਟਰ ਮਾਈਂਡ’ ਹੁੰਦੇ ਹੋਏ ਵੀ ਸਾਫ਼ ਬਚ ਨਿਕਲਦੇ ਆਏ ਹਨ। ਗਾਂਧੀ ਦੇ ਕਤਲ ਦੇ ਮਾਮਲੇ ਵਿਚ ਵੀ ਗੌਡਸੇ ਨੇ ਗਿਣੇ-ਮਿਥੇ ਤਰੀਕੇ ਨਾਲ ਆਰæਐਸ਼ਐਸ਼ ਅਤੇ ਇਸ ਦੇ ਸਾਵਰਕਰ ਵਰਗੇ ਆਗੂਆਂ ਦੀ ਭੂਮਿਕਾ ਛੁਪਾ ਲਈ ਸੀ। ਹੁਣ ਮੋਹਨ ਭਾਗਵਤ ਵੀ ਗੌਡਸੇ ਵਾਲੀ ਦਲੀਲ ਇਸਤੇਮਾਲ ਕਰ ਰਿਹਾ ਹੈ ਕਿ ਬੰਬ ਧਮਾਕਿਆਂ ਦੇ ਦੋਸ਼ੀ ਪਹਿਲਾਂ ਆਰæਐਸ਼ਐਸ਼ ਦੇ ਮੈਂਬਰ ਸਨ, ਪਰ ਜੁਰਮ ਕਰਨ ਤੋਂ ਪਹਿਲਾਂ ਉਹ ਇਸ ਤੋਂ ਅੱਡ ਹੋ ਗਏ ਸਨ। ਇਸ ਦੇ ਬਾਵਜੂਦ, ਉਸ ਵਲੋਂ ਪੇਸ਼ ਕੀਤੀ ਸਫ਼ਾਈ ਦੇ ਅੰਦਰ ਹੀ ਉਹ ਤੱਥ ਪਏ ਹਨ ਜੋ ਆਰæਐਸ਼ਐਸ਼ ਨੂੰ ਬਰੀ ਕਰਨ ਦੀ ਬਜਾਏ ਇਸ ਦੀ ਭੂਮਿਕਾ ਦੀ ਤਸਦੀਕ ਦਾ ਰਾਹ ਖੋਲ੍ਹ ਸਕਦੇ ਹਨ, ਬਸ਼ਰਤੇ ਕਿ ਇਸ ਪਹਿਲੂ ਨੂੰ ਵੀ ਜਾਂਚ ਦੇ ਘੇਰੇ ਵਿਚ ਸ਼ਾਮਲ ਕੀਤਾ ਜਾਵੇ।
ਪਰ ਏਜੰਸੀਆਂ ਦੇ ਅਧਿਕਾਰੀਆਂ ਵਿਚ ਉਨ੍ਹਾਂ ਤੱਥਾਂ ਨੂੰ ਗੰਭੀਰਤਾ ਨਾਲ ਲੈ ਕੇ ਜਾਂਚ ਕਰਨ ਦੀ ਹਿੰਮਤ ਕਿਥੇ ਹੈ ਜੋ ਖ਼ੁਦ ਬੰਬ ਧਮਾਕਿਆਂ ਨੂੰ ਲੈ ਕੇ ਆਰæਐਸ਼ਐਸ਼ ਦੇ ਮੁਖੀ ਮੋਹਨ ਭਾਗਵਤ ਦੇ ਬਾਕਾਇਦਾ ਬਿਆਨ ਦੁਆਰਾ ਸਾਹਮਣੇ ਆ ਚੁੱਕੇ ਹਨ, ਜੋ ਇਕ ਤਰ੍ਹਾਂ ਨਾਲ ਸੰਘ ਦੇ ਮੁਖੀ ਦਾ ਇਕਬਾਲੀਆ ਬਿਆਨ ਮੰਨਿਆ ਜਾਣਾ ਚਾਹੀਦਾ ਹੈ। ਜਦੋਂ ਐਨੀ ਵੱਡੀ ਸੰਸਥਾ ਦਾ ਮੁਖੀ ਇਕਬਾਲ ਕਰਦਾ ਹੈ ਕਿ ਬੰਬ ਧਮਾਕੇ ਕਰਨ ਵਾਲੇ ਸੰਘ ਦੇ ਮੈਂਬਰ ਸਨ, ਤਾਂ ਦਹਿਸ਼ਤਵਾਦ ਦੀਆਂ ਵਾਰਦਾਤਾਂ ਵਿਚ ਉਨ੍ਹਾਂ ਦੀ ਭੂਮਿਕਾ ਅਤੇ ਸੰਘ ਆਗੂਆਂ ਦੀ ਮਿਲੀਭੁਗਤ ਦਾ ਇਸ ਤੋਂ ਵੱਡਾ ਸਬੂਤ ਕੀ ਹੋ ਸਕਦਾ ਹੈ!
ਮੋਹਨ ਭਾਗਵਤ ਨੇ 10 ਜਨਵਰੀ 2011 ਨੂੰ ਸੂਰਤ (ਗੁਜਰਾਤ) ਵਿਚ ਆਰæਐਸ਼ਐਸ਼ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਸੀ, “ਉਨ੍ਹਾਂ ਬਹੁਗਿਣਤੀ ਲੋਕਾਂ ਵਿਚੋਂ ਜਿਨ੍ਹਾਂ ਨੂੰ ਸਰਕਾਰ ਨੇ (ਵੱਖ-ਵੱਖ ਬੰਬ ਧਮਾਕਿਆਂ ਦੇ) ਦੋਸ਼ੀ ਠਹਿਰਾਇਆ ਹੈ, ਕੁਝ ਤਾਂ ਆਪਣੀ ਇੱਛਾ ਨਾਲ ਹੀ ਛੱਡ ਕੇ ਚਲੇ ਗਏ ਸਨ ਅਤੇ ਕੁਝ ਨੂੰ ਸੰਘ ਨੇ ਕਹਿ ਦਿੱਤਾ ਸੀ ਕਿ ਇਥੇ ਇਹ ਅਤਿਵਾਦ ਨਹੀਂ ਚੱਲੇਗਾ, ਸੋ ਤੁਸੀਂ ਤੁਰਦੇ ਬਣੋ।” (ਇੰਡੀਅਨ ਐਕਸਪ੍ਰੈੱਸ)
ਆਰæਐਸ਼ਐਸ਼ ਦੇ ਮੁਖੀ ਦੇ ਇਸ ਬਿਆਨ ਤੋਂ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਰਹਿੰਦੀ ਕਿ ਬੰਬ ਧਮਾਕੇ ਕਰ ਕੇ ਸੈਂਕੜੇ ਬੇਕਸੂਰ ਲੋਕਾਂ ਦੀਆਂ ਜਾਨਾਂ ਲੈਣ ਵਾਲੇ ਸੰਘ ਦੇ ਬਾਕਾਇਦਾ ਮੈਂਬਰ ਸਨ। ਸਵਾਲ ਇਹ ਹੈ ਕਿ ਜਾਂਚ ਏਜੰਸੀਆਂ ਨੇ ਮੋਹਨ ਭਾਗਵਤ ਦੇ ਇਸ ਬਿਆਨ ਨੂੰ ਗਵਾਹੀ ਮੰਨ ਕੇ ਅਤੇ ਉਸ ਨੂੰ ਪੁੱਛ-ਗਿੱਛ ਵਿਚ ਸ਼ਾਮਲ ਕਰ ਕੇ ਇਹ ਸਾਹਮਣੇ ਕਿਉਂ ਨਹੀਂ ਲਿਆਂਦਾ ਕਿ ਉਹ ਕਿਹੜੇ ਵਿਅਕਤੀ ਸਨ ਜੋ “ਆਪਣੀ ਇੱਛਾ ਨਾਲ ਹੀ ਛੱਡ ਕੇ ਚਲੇ ਗਏ” ਅਤੇ ਉਹ ਕਿਹੜੇ-ਕਿਹੜੇ ਸਨ ਜਿਨ੍ਹਾਂ ਨੂੰ ਸੰਘ ਨੇ ਛੱਡ ਕੇ ਜਾਣ ਲਈ ਕਿਹਾ ਸੀ। ਕੀ ਉਹ ਸੰਘ ਨੂੰ ਛੱਡ ਕੇ ਗਏ ਜਾਂ ਅਜੇ ਵੀ ਇਸ ਦੇ ਅੰਦਰ ਹੀ ਹਨ?
ਜਿਨ੍ਹਾਂ ਮੁਸਲਿਮ ਨੌਜਵਾਨਾਂ ਨੂੰ ਕਈ-ਕਈ ਸਾਲ ਜੇਲ੍ਹਾਂ ਵਿਚ ਸਾੜ ਕੇ ਉਨ੍ਹਾਂ ਦੇ ਭਵਿੱਖ ਤਬਾਹ ਕਰ ਦਿੱਤੇ ਗਏ, ਉਨ੍ਹਾਂ ਉਪਰ ਤਾਂ ਅਜਿਹੇ ਇਲਜ਼ਾਮ ਵੀ ਨਹੀਂ ਸਨ। ਉਨ੍ਹਾਂ ਨੂੰ ਮਹਿਜ਼ ਮਸ਼ਕੂਕ ਕਰਾਰ ਦੇ ਕੇ ਤਸੀਹਾ ਕੇਂਦਰਾਂ ਤੇ ਜੇਲ੍ਹਾਂ ਵਿਚ ਬੰਦ ਰੱਖਿਆ ਗਿਆ, ਪਰ ਜਦੋਂ ਮੋਹਨ ਭਾਗਵਤ ਕਹਿ ਰਿਹਾ ਹੈ ਕਿ ਬੰਬ ਧਮਾਕੇ ਕਰਨ ਵਾਲੇ ਆਰæਐਸ਼ਐਸ਼ ਨੂੰ ਛੱਡ ਗਏ ਸਨ, ਜਾਂ ਉਨ੍ਹਾਂ ਨੂੰ ਛੱਡ ਦੇਣ ਲਈ ਕਹਿ ਦਿੱਤਾ ਗਿਆ ਸੀ, ਇਸ ਤੋਂ ਇਹੀ ਜ਼ਾਹਿਰ ਹੁੰਦਾ ਹੈ ਕਿ ਭਾਗਵਤ ਵਰਗਿਆਂ ਨੂੰ ਉਨ੍ਹਾਂ ਦੇ ਖ਼ਤਰਨਾਕ ਇਰਾਦਿਆਂ ਦਾ ਪਹਿਲਾਂ ਹੀ ਪਤਾ ਸੀ। ਫਿਰ ਕਿਉਂ ਨਾ ਭਾਗਵਤ ਨੂੰ ਜੁਰਮ ਦੀ ਸਾਜ਼ਿਸ਼ ਨੂੰ ਛੁਪਾਉਣ ਦਾ ਦੋਸ਼ੀ ਮੰਨਿਆ ਜਾਵੇ?
ਪਰ ਹਿੰਦੁਸਤਾਨੀ ਜਾਂਚ ਏਜੰਸੀਆਂ ਤੋਂ ਇਹ ਉਮੀਦ ਨਹੀਂ ਕੀਤੀ ਜਾ ਸਕਦੀ। ਸੀæਬੀæਆਈæ, ਐਨæਆਈæਏæ (ਕੌਮੀ ਜਾਂਚ ਏਜੰਸੀ) ਆਦਿ ਆਪਣੇ ਖ਼ਾਸ ਹਿੱਤਾਂ ਦੀ ਪੂਰਤੀ ਲਈ ਸੱਤਾਧਾਰੀਆਂ ਵਲੋਂ ਬਣਾਈਆਂ ਏਜੰਸੀਆਂ ਸੱਤਾਧਾਰੀ ਬੌਸਾਂ ਦੇ ਰਿਮੋਟ ਕੰਟਰੋਲ ਅਨੁਸਾਰ ਕੰਮ ਕਰਦੀਆਂ ਹਨ। ਮੌਕੇ ਦੀ ਹਕੂਮਤ ਦੇ ਦਿਸ਼ਾ-ਨਿਰਦੇਸ਼ ਤੈਅ ਕਰਦੇ ਹਨ ਕਿ ਕਿਨ੍ਹਾਂ ਖ਼ਾਸ ਹਿੱਸਿਆਂ ਦੇ ਜੁਰਮਾਂ ਪ੍ਰਤੀ ਏਜੰਸੀਆਂ ਨੇ ਅੱਖਾਂ ਮੀਟ ਕੇ ਰੱਖਣੀਆਂ ਹਨ ਅਤੇ ਕਿਸ ਘੱਟਗਿਣਤੀ ਫਿਰਕੇ ਜਾਂ ਦੱਬੇ-ਕੁਚਲੇ ਹਿੱਸੇ ਨੂੰ ਬੇਬੁਨਿਆਦ ਮਾਮਲਿਆਂ ਵਿਚ ਉਲਝਾ ਕੇ ਜੇਲ੍ਹਾਂ ਵਿਚ ਤੁੰਨਣਾ ਹੈ। ਜੁਰਮ ਦਾ ਸਬੂਤ ਹੋਣਾ ਅਤੇ ਸਬੂਤ ਹੁੰਦਿਆਂ ਹੋਇਆਂ ਵੀ ਇਕ ਖ਼ਾਸ ਹਿੱਸੇ ਦੇ ਜੁਰਮਾਂ ਨੂੰ ਨਾ ਸਿਰਫ਼ ਨਜ਼ਰਅੰਦਾਜ਼ ਕਰਨਾ ਸਗੋਂ ਸਬੂਤਾਂ ਨੂੰ ਮਿਟਾਉਣ ਲਈ ਜਾਂਚ ਏਜੰਸੀਆਂ ਦਾ ਪੱਬਾਂ ਭਾਰ ਹੋ ਜਾਣਾ ਦੁਨੀਆ ਦੀ Ḕਸਭ ਤੋਂ ਵੱਡੀ ਜਮਹੂਰੀਅਤ’ ਦੀਆਂ ਖ਼ਾਸ ਖ਼ੂਬੀਆਂ ਵਿਚੋਂ ਇਕ ਹੈ। ਅਮਨ-ਕਾਨੂੰਨ ਤੇ ਸੁਰੱਖਿਆ ਲਈ ਜ਼ਿੰਮੇਵਾਰ ਏਜੰਸੀਆਂ ਦੇ ਦਿੱਲੀ ਤੋਂ ਲੈ ਕੇ ਦੂਰ-ਦਰਾਜ ਆਦਿਵਾਸੀ ਇਲਾਕਿਆਂ ਤਕ ਦੋਹਰੇ ਮਿਆਰਾਂ ਦੀਆਂ ਬੇਸ਼ੁਮਾਰ ਮਿਸਾਲਾਂ ਗਿਣਾਈਆਂ ਜਾ ਸਕਦੀਆਂ ਹਨ। ਇਕ ਸਮੇਂ ਇਹ ਏਜੰਸੀਆਂ ਕਾਂਗਰਸੀ ਜਲਾਦਾਂ ਉਪਰ ਮਿਹਰਬਾਨ ਸਨ, ਹੁਣ ਸੰਘ ਪਰਿਵਾਰ ਦੇ ਰਾਜ ਵਿਚ ਏਜੰਸੀਆਂ ਦੀ ਹਿੰਦੂਤਵੀ ਦਹਿਸ਼ਤਗਰਦਾਂ ਉੱਪਰ ਖ਼ਾਸ ਨਜ਼ਰੇ-ਇਨਾਇਤ ਹੈ।