ਬਹੁਤਾ ਜੋਸ਼, ਥੋੜ੍ਹੀ ਹੋਸ਼

ਪ੍ਰੋæ ਬ੍ਰਿਜਿੰਦਰ ਸਿੰਘ ਸਿੱਧੂ
ਫੋਨ: 925-683-1982
ਮੈਂ ਸਿੱਖ ਘਰਾਣੇ ਵਿਚ ਪੈਦਾ ਹੋਇਆ ਹਾਂ। ਕੁਦਰਤ ਵਲੋਂ ਹੀ ਮੇਰੀ ਸਿੱਖੀ ਨਾਲ ਸਾਂਝ ਹੈ। ਕਿਸੇ ਹੋਰ ਸਮਾਜ ਨੂੰ ਘਟੀਆ ਸਮਝਣਾ ਮੇਰੀ ਫਿਤਰਤ ਨਹੀਂ ਪ੍ਰੰਤੂ ਸਿੱਖ ਸਿਧਾਂਤ ਮੇਰੇ ਮਨ ਨੂੰ ਭਾਉਂਦਾ ਹੈ। ਸੰਸਾਰ ਪ੍ਰਸਿਧ ਸਾਹਿਤਕਾਰ ਟੌਨਬੀ ਦਾ ਇਹ ਕਥਨ ਕਿ ਆਉਣ ਵਾਲੇ ਸਮੇਂ ਵਿਚ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਹੀ ਇਸ ਦੁਨੀਆਂ ਦਾ ਬੇੜਾ ਪਾਰ ਕਰੇਗੀ, ਮੈਨੂੰ ਅਰਥ ਭਰਪੂਰ ਨਜ਼ਰ ਆ ਰਿਹਾ ਹੈ। ਇਸ ਭਵਿੱਖਵਾਣੀ ਨੂੰ ਪੂਰਾ ਕਰਨ ਲਈ ਸਿੱਖ ਸਿਧਾਂਤ ਦੇ ਵਾਰਿਸ ਸੁੱਤੇ ਤਾਂ ਨਹੀਂ ਪ੍ਰੰਤੂ ਡੂੰਘੀ ਸੋਚ ਦੇ ਮਾਲਕ ਨਹੀਂ ਜਾਪਦੇ। ਜੋਸ਼ ਠਾਠਾਂ ਮਾਰਦਾ ਹੈ, ਹੋਸ਼ ਮੱਧਮ ਹੈ। ਸਿੱਖ ਇਤਿਹਾਸ ਦਾ ਕੋਈ ਪੰਨਾ ਪੜ੍ਹ ਲਵੋ, ਇਹੀ ਹਕੀਕਤ ਦੀ ਝਲਕ ਨਜ਼ਰ ਆਵੇਗੀ। ਸੱਚ ਹੀ ਕਿਹਾ ਹੈ ਕਿ ਸਿੱਖ ਇਤਿਹਾਸ ਰਚ ਸਕਦੇ ਹਨ ਪ੍ਰੰਤੂ ਨਾ ਇਸ ਨੂੰ ਲਿਖ ਸਕਦੇ ਹਨ ਅਤੇ ਨਾ ਹੀ ਇਸ ਨੂੰ ਸੰਭਾਲ ਸਕਦੇ ਹਨ।

ਗੁਰੂ ਗ੍ਰੰਥ ਸਾਹਿਬ ਸਿੱਖ ਸਿਧਾਂਤ ਦਾ ਸੋਮਾ ਹੈ, ਜਿਸ ਵਿਚ ਪਹਿਲੇ ਪੰਨੇ ਤੋਂ ਸ਼ੁਰੂ ਹੋਣ ਵਾਲੀ ਬਾਣੀ ਜਪੁਜੀ ਸਾਹਿਬ ਦੇ ਰਚੈਤਾ ਗੁਰੂ ਨਾਨਕ ਦੇਵ ਜੀ ਬਾਬਰ ਬਾਣੀ ਵਿਚ ਬਾਦਸ਼ਾਹ ਨੂੰ ਪਾਪ ਦੀ ਜੰਜ ਲਿਆਉਣ ਵਾਲਾ ਕਹਿੰਦੇ ਹਨ। ਉਨ੍ਹਾਂ ਵੇਲਿਆਂ ਵਿਚ ਇਸ ਤਰ੍ਹਾਂ ਦੇ ਧੜੱਲੇਦਾਰ ਸ਼ਬਦ ਕਹਿਣਾ ਸੌਖੀ ਗੱਲ ਨਹੀਂ ਸੀ। ਸ਼ਾਇਦ ਇਸ ਕਰਕੇ ਚਾਹੇ ਐਮਰਜੈਂਸੀ ਦੇ ਦਿਨ ਹੋਣ ਜਾਂ ਕੋਈ ਹੋਰ ਬੇਇਨਸਾਫੀ ਦੀ ਘਟਨਾ ਹੋਵੇ, ਸਿੱਖ ਫਟਾ ਫਟ ਲਾਮਬੰਦ ਹੋ ਜਾਂਦੇ ਹਨ ਪ੍ਰੰਤੂ ਜ਼ਿਆਦਾ ਜੋਸ਼ ਵਿਚ ਕਈ ਵਾਰ ਹੱਦ ਤੋਂ ਪਾਰ ਹੋ ਜਾਂਦੇ ਹਨ ਅਤੇ ਫੇਰ ਸੋਚਦੇ ਹਨ, ਅੱਗੋਂ ਕੀ ਕਰੀਏ!
ਇਸ ਲੇਖ ਦਾ ਆਕਾਰ ਬਹੁਤ ਵੱਡਾ ਨਾ ਕਰਦਿਆਂ ਕੁਝ ਉਦਾਹਰਣਾ ‘ਤੇ ਪੰਛੀ ਝਾਤ ਸਿੱਖਾਂ ਦੀ ਇਸ ਕਮਜ਼ੋਰੀ ਨੂੰ ਸਿੱਧ ਕਰਨ ਲਈ ਕਾਫੀ ਹੋਵੇਗੀ।
ਪੰਜਾਬੀ ਸੂਬਾ ਪ੍ਰਾਪਤ ਕਰਨ ਲਈ ਕਿੰਨੇ ਮੋਰਚੇ ਲਾਏ, ਕਿਤਨੇ ਲੋਕ ਜੇਲ੍ਹ ਗਏ? ਗਿਣਿਆ ਨਹੀਂ ਜਾ ਸਕਦਾ ਪ੍ਰੰਤੂ ਜਦੋਂ ਸੂਬੇ ਦਾ ਐਲਾਨ ਹੋ ਗਿਆ ਤਾਂ ਕਿਸੇ ਨੇ ਵੀ ਹੋਸ਼ ਤੋਂ ਕੰਮ ਲੈਂਦਿਆਂ ਸਬੰਧਤ ਐਕਟਾਂ ਵੱਲ ਧਿਆਨ ਨਾ ਦਿੱਤਾ। ਇਸ ਨਵੀਂ ਪੰਜਾਬੀ ਸੂਬੀ ਵਿਚ ਸਾਥੋਂ ਬਹੁਤ ਕੁਝ ਖੁਸਿਆ ਅਤੇ ਥੋੜ੍ਹੀ ਜਿਹੀ ਰਹਿੰਦ-ਖੂੰਹਦ ਦੇ ਅਸੀਂ ਵਾਰਿਸ ਬਣ ਗਏ। ਨਾ ਸਾਡੇ ਕੋਲ ਰਾਜਧਾਨੀ, ਨਾ ਭਾਖੜੇ ਦੀ ਮਲਕੀਅਤ ਅਤੇ ਨਾ ਪਾਣੀਆਂ ਦਾ ਹੱਕ। ਚੰਗਾ ਹੁੰਦਾ ਜੇ ਸੂਝਵਾਨ ਹੁੰਦੇ ਹੋਏ ਇਸ ਲੂਲੇ-ਲੰਗੜੇ ਪੰਜਾਬ ਨੂੰ ਮਨਜ਼ੂਰ ਹੀ ਨਾ ਕਰਦੇ। ਕਈ ਵਾਰ ਮਹਿਸੂਸ ਹੁੰਦਾ ਹੈ ਕਿ ਕੇਂਦਰ ਸਰਕਾਰ ਦੇ ਮਨ ਦੀ ਖੋਟ ਵਿਚੋਂ ਸਿੱਧੇ ਸਾਧੇ ਘਟ ਸੂਝ ਵਾਲੇ ਸਿੱਖਾਂ ਨੂੰ ਬਹੁਤ ਘੱਟ ਅਧਿਕਾਰ ਦੇ ਕੇ ਪਰੋਸਿਆ ਹੋਇਆ ਇਹ ਤੋਹਫਾ, ਧਰਮ ਯੁੱਧ, ਦਰਬਾਰ ਸਾਹਿਬ ਉਤੇ ਫੌਜੀ ਹਮਲਾ ਅਤੇ ਦਿੱਲੀ ਤੇ ਹੋਰ ਸ਼ਹਿਰਾਂ ਵਿਚ ਸਿੱਖ ਕਤਲੇਆਮ ਦਾ ਸਬੱਬ ਬਣਿਆ। ਬਗੈਰ ਕਿਸੇ ਜਦੋਜਹਿਦ ਹਰਿਆਣਾ ਅਤੇ ਹਿਮਾਚਲ ਦੇ ਵਸਨੀਕ ਆਪਣੀਆਂ ਝੋਲੀਆਂ ਭਰ ਕੇ ਲੈ ਗਏ।
ਸਿੱਖਾਂ ਵਿਚ ਪਰਦੇਸ ਪਹੁੰਚਣ ਦੀ ਰੀਝ ਜ਼ੋਰਾਂ ‘ਤੇ ਹੈ। ਸ਼ਾਇਦ ਹੀ ਕਿਸੇ ਹੋਰ ਸਮਾਜ ਵਿਚ ਇਹ ਤਾਂਘ ਇਤਨੀ ਪ੍ਰਬਲ ਹੋਵੇ। ਕਈ ਪਰਿਵਾਰ ਜਿਹੜੇ ਕਾਫੀ ਅਮੀਰ ਹਨ ਤੇ ਬਹੁਤ ਚੰਗੇ ਕਾਰੋਬਾਰ ਦੇ ਮਾਲਕ ਹਨ, ਉਹ ਵੀ ਇਸੇ ਧੁਨ ਉਪਰ ਸਵਾਰ ਹਨ। ਇਸ ਦਾ ਕਾਰਨ ਸ਼ਾਇਦ ਇਥੋਂ ਦੀ ਸਾਫ-ਸੁਥਰੀ ਜ਼ਿੰਦਗੀ ਹੋਵੇ। ਬਹੁਤ ਖੁਸ਼ੀ ਦੀ ਗੱਲ ਹੈ ਕਿ ਇਨ੍ਹਾਂ ਮੁਲਕਾਂ ਵਿਚ ਸਿੱਖ ਮੌਜਾਂ ਮਾਣ ਰਹੇ ਹਨ ਪ੍ਰੰਤੂ ਕਈ ਵਾਰ ਮਾਇਆ ਦੇ ਨਸ਼ੇ ਅਧੀਨ ਸਿੱਖ ਸਿਧਾਂਤ ਤੋਂ ਸੱਖਣੇ ਹੋ ਜਾਂਦੇ ਹਨ। ਬੜੇ ਜੋਸ਼ ਨਾਲ ਖੂਬਸੂਰਤ ਅਤੇ ਆਲੀਸ਼ਾਨ ਗੁਰਦੁਆਰੇ ਬਣਾਉਂਦੇ ਹਨ ਪ੍ਰੰਤੂ ਇਸ ਨੂੰ ਸੂਝ ਦੀ ਘਾਟ ਹੀ ਕਹੀਏ ਕਿ ਇਨ੍ਹਾਂ ਧਰਮ ਅਸਥਾਨਾਂ ਦੀ ਸੇਵਾ ਸੰਭਾਲ ਕਰਨ ਵਿਚ ਲੜਾਈਆਂ ਸ਼ੁਰੂ ਹੋ ਜਾਂਦੀਆਂ ਹਨ। ਅਸਲ ਵਿਚ ਲਾਲਚ ਅਤੇ ਚੌਧਰ ਇਸ ਵਰਤਾਰੇ ਦੀ ਜੜ੍ਹ ਹਨ ਜੋ ਸਿੱਖ ਸਿਧਾਂਤ ਦੇ ਉਲਟ ਹੈ।
ਇਕ ਗੋਰੇ ਪੁਲਿਸ ਅਫਸਰ ਨਾਲ ਮੁਲਾਕਾਤ ਲਿਖਣਾ ਕੁਥਾਂ ਨਹੀਂ ਹੋਵੇਗਾ। ਉਸ ਨੇ ਕਿਹਾ ਕਿ ਉਹ ਇਸਾਈ ਹੁੰਦੇ ਹੋਏ ਭੀ ਉਤਨੀ ਵਾਰ ਚਰਚ ਨਹੀਂ ਗਿਆ ਜਿਤਨੀ ਵਾਰ ਗੁਰਦੁਆਰੇ ਗਿਆ ਹੈ। ਮੈਂ ਕਿਹਾ, ਫਿਰ ਤੇ ਤੁਹਾਨੂੰ ਸਿੱਖ ਸੰਸਥਾ ਬੜੀ ਚੰਗੀ ਲੱਗਦੀ ਹੋਵੇਗੀ। ਉਸ ਨੇ ਜਵਾਬ ਦਿੱਤਾ, ਨਹੀਂ ਜੀ ਐਸੀ ਗੱਲ ਨਹੀਂ। ਉਹ ਤੇ ਸਿੱਖਾਂ ਦੇ ਝਗੜੇ ਨਿਪਟਾਉਣ ਹੀ ਜਾਂਦਾ ਸੀ।
ਗੁਰਦੁਆਰਿਆਂ ਵਿਚ ਲੰਗਰ ਦੀ ਪ੍ਰਥਾ ਗੁਰੂ ਸਾਹਿਬਾਨ ਵਲੋਂ ਵਡਮੁੱਲੀ ਦਾਤ ਹੈ। ਜਿਸ ਸ਼ੌਂਕ ਅਤੇ ਜੋਸ਼ ਨਾਲ ਸਿੱਖ ਲੰਗਰ ਦੀ ਸੇਵਾ ਪ੍ਰਵਾਨ ਕਰਦੇ ਹਨ, ਉਸ ਦਾ ਜਵਾਬ ਨਹੀਂ। ਆਪੋ ਆਪਣੇ ਵਿਤ ਅਨੁਸਾਰ ਵਧੀਆ ਤੋਂ ਵਧੀਆ ਲੰਗਰ ਤਿਆਰ ਕੀਤਾ ਜਾਂਦਾ ਹੈ ਪ੍ਰੰਤੂ ਇਸ ਨੂੰ ਛਕਣ ਵੇਲੇ ਇਸ ਦੀ ਮਹੱਤਤਾ ਭੀ ਧਿਆਨ ਵਿਚ ਰੱਖੀ ਜਾਵੇ ਤਾਂ ਬਹੁਤ ਚੰਗੀ ਗੱਲ ਹੈ। ਕਈ ਵੀਰ ਕੇਵਲ ਲੰਗਰ ਛਕਣ ਹੀ ਗੁਰਦੁਆਰੇ ਜਾਂਦੇ ਹਨ। ਜਦੋਂ ਮੈਂ ਆਪਣੇ ਕੰਨੀਂ ਪੜ੍ਹਿਆਂ-ਲਿਖਿਆਂ ਕੋਲੋਂ ਇਹ ਸ਼ਬਦ ਸੁਣਦਾ ਹਾਂ ਕਿ ਇਕ ਡਾਲਰ ਦਾ ਵਧੀਆ ਲੰਚ ਹੈ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਲੰਗਰ ਦਾ ਅਪਮਾਨ ਹੋ ਰਿਹਾ ਹੈ। ਇਸੇ ਲੜੀ ਵਿਚ ਗੱਲ ਤੋਰਦਿਆਂ ਗੁਰਦੁਆਰਿਆਂ ਵਿਚ ਸਿਰੋਪਾਓ ਦੇਣ ਦਾ ਰਿਵਾਜ਼ ਚੇਤੇ ਆ ਗਿਆ। ਹਰ ਤਾਂ ਚੋਖਾ ਚੜ੍ਹਾਵਾ ਜਾਂ ਪਾਠ ਕਰਾਉਣ ਪਿਛੋਂ ਦੋ ਢਾਈ ਗਜ਼ ਦਾ ਸਿਰੋਪਾਓ ਦੇ ਦਿੱਤਾ ਜਾਂਦਾ ਹੈ। ਕਈ ਵਾਰ ਉਨ੍ਹਾਂ ਸਿਆਸੀ ਬੰਦਿਆਂ ਨੂੰ ਭੀ ਸਿਰੋਪਾਓ ਦਿੱਤਾ ਜਾਂਦਾ ਹੈ ਜਿਨ੍ਹਾਂ ਲਈ ਇਹ ਸੌਗਾਤ ਦੋ ਗਜ਼ ਕੱਪੜੇ ਤੋਂ ਵੱਧ ਕੁਝ ਵੀ ਨਹੀਂ। ਮੈਨੂੰ ਮਹਿਸੂਸ ਹੁੰਦਾ ਹੈ ਕਿ ਇਹ ਰੀਤ ਠੀਕ ਨਹੀਂ।
ਸਾਇੰਸ ਦੇ ਯੁਗ ਵਿਚ ਧਰਮ ਅਤੇ ਅਧਰਮ ਅਧਵਾਟੇ ਖੜ੍ਹੇ ਹਨ। ਹਰ ਇਨਸਾਨ ਅੰਧਵਿਸ਼ਵਾਸ ਵਿਚ ਯਕੀਨ ਨਹੀਂ ਰੱਖਦਾ ਪ੍ਰੰਤੂ ਕਾਫਰ ਬਣ ਕੇ ਖੋਜ ਕਰਨ ਨਾਲ ਸੁਹਾਵਣੇ ਨਤੀਜੇ ਨਹੀਂ ਨਿਕਲਦੇ। ਸ਼ੱਕ ਕਰਨ ਦੀ ਰੁਚੀ ਗਲਤ ਨਹੀਂ ਪ੍ਰੰਤੂ ਹਰ ਲਿਖਤ ਅਤੇ ਹਰ ਘਟਨਾ ਨੂੰ ਸ਼ੱਕ ਅਧੀਨ ਹੀ ਦੇਖਣਾ ਚੰਗੀ ਸੂਝ ਦੀ ਨਿਸ਼ਾਨੀ ਨਹੀਂ। ਅੱਜ ਕੱਲ੍ਹ ਰਿਵਾਜ ਬਣ ਗਿਆ ਹੈ, ਹਰ ਲਿਖਤ ਨੂੰ ਪਰਖਣਾ। ਕੁਝ ਸੰਸਥਾਵਾਂ ਦੇ ਮੈਂਬਰ ਰਾਗ ਮਾਲਾ ਨੂੰ ਆਦਿ ਗ੍ਰੰਥ ਦਾ ਹਿੱਸਾ ਨਹੀਂ ਮੰਨਦੇ। ਕੁਝ ਲੋਕ ਸਾਰੇ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਦਾ ਉਚਾਰਿਆ ਨਹੀਂ ਮੰਨਦੇ। ਇਸ ਵਿਚ ਕੋਈ ਸ਼ੱਕ ਨਹੀਂ ਕਿ ਬੰਦਾ ਬਹਾਦਰ ਪਿਛੋਂ ਸਿੱਖਾਂ ਨੂੰ ਜੰਗਲਾਂ ਵਿਚ ਰਹਿਣਾ ਪਿਆ ਅਤੇ ਗੁਰਦੁਆਰੇ ਅਤੇ ਹੋਰ ਧਰਮ ਅਸਥਾਨ ਮਹੰਤਾਂ ਦੇ ਕਬਜ਼ੇ ਵਿਚ ਆ ਗਏ। ਹੋ ਸਕਦਾ ਹੈ ਕਿ ਗ੍ਰੰਥਾਂ ਵਿਚ ਕੁਝ ਤਬਦੀਲੀਆਂ ਕਰ ਦਿਤੀਆਂ ਹੋਣ। ਪ੍ਰੰਤੂ ਇਨ੍ਹਾਂ ਵਖਰੇਵਿਆਂ ਦਾ ਇਜ਼ਹਾਰ ਬਹੁਤ ਵਾਰ ਪ੍ਰੇਮ ਭਾਵਨਾ ਨਾਲ ਨਹੀਂ ਹੋ ਰਿਹਾ। ਨੌਬਤ ਲੜਾਈਆਂ ਤੱਕ ਪਹੁੰਚ ਜਾਂਦੀ ਹੈ। ਇਹ ਬਹੁਤ ਮੰਦਭਾਗੀ ਗੱਲ ਹੈ। ਜੇਕਰ ਸਿੱਖ ਸੂਝ ਤੋਂ ਕੰਮ ਲੈਣ ਤਾਂ ਇਕ ਕਮੇਟੀ ਬਣਾਉਣ ਜਿਸ ਵਿਚ ਬੁਧੀਜੀਵੀ, ਸੂਝਵਾਨ ਅਤੇ ਧਾਰਮਕ ਰੁਚੀ ਵਾਲੇ ਮੈਂਬਰ ਹੋਣ। ਉਨ੍ਹਾਂ ਦਾ ਫੈਸਲਾ ਸਾਰਾ ਸਿੱਖ ਸਮਾਜ ਯਕੀਨੀ ਮਨਜ਼ੂਰ ਕਰੇ। ਸਿੱਖ ਪਰੰਪਰਾ ਅਨੁਸਾਰ ਸਰਬੱਤ ਖਾਲਸਾ ਦੇ ਫੈਸਲੇ ਪੱਕੀਆਂ ਵਿਰੋਧੀ ਧਿਰਾਂ ਨੂੰ ਵੀ ਮਨਜ਼ੂਰ ਹੁੰਦੇ ਸਨ। ਇਸ ਰੁਚੀ ਦੇ ਫਲਸਰੂਪ ਖਾਲਸੇ ਦੀ ਹਰ ਮੈਦਾਨ ਵਿਚ ਫਤਿਹ ਹੋਈ।
ਕਈ ਵਾਰ ਕਿੰਤੂ-ਪ੍ਰੰਤੂ ਭੀ ਜੋਸ਼ ਵਿਚ ਆ ਕੇ ਬੇਮਾਅਨੀ ਗੱਲਾਂ ਬਾਬਤ ਕੀਤੀ ਜਾਂਦੀ ਹੈ ਜਿਵੇਂ ਇਹ ਕਿ ਵਿਸਾਖੀ ਦੇ ਦਿਨ ਖਾਲਸਾ ਸਾਜਣ ਵੇਲੇ ਜਦੋਂ ਗੁਰੂ ਗੋਬਿੰਦ ਸਿੰਘ ਖੂਨ ਨਾਲ ਭਰੀ ਨੰਗੀ ਕਿਰਪਾਨ ਲੈ ਕੇ ਸੰਗਤ ਵਿਚ ਇਕ ਸਿਰ ਲਈ ਆਵਾਜ਼ ਦਿੰਦੇ ਸਨ ਤਾਂ ਉਹ ਤਲਵਾਰ ਸ਼ਾਇਦ ਬੱਕਰੇ ਝਟਕਾ ਕੇ ਲਿਆਉਂਦੇ ਸਨ। ਕੁਝ ਵਿਦਵਾਨਾਂ ਨੇ ਭੀ ਇਸ ਗੱਲ ਦੀ ਹਾਮੀ ਭਰ ਦਿੱਤੀ। ਸਿਰਦਾਰ ਕਪੂਰ ਸਿੰਘ ਨੇ ਬਹੁਤ ਸੁੰਦਰ ਅਤੇ ਸੁੱਚਾ ਜਾਵਬ ਲਿਖ ਦਿੱਤਾ। ਕਹਿਣ ਲੱਗੇ, ਇਸ ਕੌਤਕ ਦਾ ਭੇਦ ਨਾ ਤਾਂ ਗੁਰੂ ਜੀ ਨੇ ਕਿਸੇ ਨੂੰ ਦੱਸਿਆ ਅਤੇ ਨਾ ਹੀ ਪੰਜ ਪਿਆਰਿਆਂ ਨੇ ਕਿਸੇ ਕੋਲ ਇਹ ਭੇਦ ਸਾਂਝਾ ਕੀਤਾ। ਅਸੀਂ ਕੌਣ ਹਾਂ ਇਸ ਕੌਤਕ ਦੀ ਖੋਜ ਕਰਨ ਵਾਲੇ? ਮਤਲਬ ਤਾਂ ਮੌਤ ਦਾ ਡਰ ਹਵਾ ਵਿਚ ਉਡਾਉਣ ਵਾਲੇ ਅਲਬੇਲੇ ਸਿੰਘਾਂ ਨੂੰ ਇਕੱਠੇ ਕਰਨ ਦਾ ਸੀ।
ਅਰਥ ਭਰਪੂਰ ਵਿਸ਼ਿਆਂ ‘ਤੇ ਖੋਜ ਜਰੂਰ ਹੋਵੇ ਕਿਉਂਕਿ ਅੰਧਵਿਸ਼ਵਾਸ ਠੀਕ ਨਹੀਂ। ਨਾਲ ਦੀ ਨਾਲ ਹਰ ਘਟਨਾ ਉਪਰ ਵਿਸ਼ਵਾਸ ਦਾ ਥਿੜਕਣਾ ਵਾਜਬ ਨਹੀਂ। ਸਿੱਖ ਸਿਧਾਂਤ ਜਿਉਂਦੀ ਜਾਗਦੀ ਜਮੀਰ ਦਾ ਪ੍ਰਤੀਨਿਧ ਹੈ। ਕਈ ਵਾਰ ਸਿੱਖਾਂ ਦੇ ਬਹਾਦਰੀ ਦੇ ਕਾਰਨਾਮਿਆਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ। ਅਸਲੀਅਤ ਇਹ ਹੈ ਕਿ ਅੱਜ ਦਾ ਉਤਸ਼ਾਹਹੀਣ, ਕਮਜ਼ੋਰ ਅਤੇ ਮਾਇਆਧਾਰੀ ਮਨੁੱਖ, ਜਿਸ ਦੀ ਆਤਮਾ ਭੀ ਡਾਵਾਂਡੋਲ ਹੈ, ਉਨ੍ਹਾਂ ਜਜ਼ਬੇ ਭਰੇ, ਮੌਤ ਨੂੰ ਮਖੌਲਾਂ ਕਰਨ ਵਾਲੇ ਅਲਬੇਲੇ ਸਿੰਘਾਂ ਦੀ ਸਾਰ ਕਿਵੇਂ ਜਾਣ ਸਕੇਗਾ? ਬਾਬਾ ਦੀਪ ਸਿੰਘ ਦਾ ਖੰਡਾ, ਜਿਸ ਨੂੰ ਆਮ ਆਦਮੀ ਬੜੀ ਮੁਸ਼ਕਿਲ ਨਾਲ ਉਠਾ ਸਕਦਾ ਹੈ, ਬੁਢਾਪੇ ਵਿਚ ਜੌਹਰ ਦਿਖਾਉਣ ਵਾਲੇ ਉਸ ਉਚੇ ਇਨਸਾਨ ਦੀ ਗਾਥਾ ਕਿਸੇ ਸ਼ੱਕ ਦੀ ਮੁਥਾਜ ਨਹੀਂ।
ਕੁਝ ਮਹੀਨੇ ਪਹਿਲਾਂ ਮੈਂ Ḕਪੰਜਾਬ ਟਾਈਮਜ਼Ḕ ਵਿਚ ਇਕ ਲੇਖ ਲਿਖਿਆ। ਉਸ ਵਿਚ ਸਹਿਜ ਸੁਭਾ ਮੈਂ ਇੰਡੀਆ ਦੀ ਥਾਂ ਹਿੰਦੁਸਤਾਨ ਲਫਜ਼ ਵਰਤ ਲਿਆ। ਇਕ ਜੋਸ਼ ਭਰੇ ਵੀਰ ਦਾ ਟੈਲੀਫੋਨ ਆਇਆ, “ਤੁਸੀਂ ਹਿੰਦੁਸਤਾਨ ਲਿਖ ਕੇ ਜ਼ਾਹਰ ਕਰ ਦਿੱਤਾ ਕਿ ਇੰਡੀਆ ਹਿੰਦੂਆਂ ਦਾ ਦੇਸ਼ ਹੈ।” ਮੈਂ ਪਿਆਰ ਨਾਲ ਬਹੁਤ ਸਮਝਾਇਆ ਕਿ ਬਾਬਰ ਬਾਣੀ ਵਿਚ ਗੁਰੂ ਨਾਨਕ ਦੇਵ ਜੀ ਲਿਖਦੇ ਹਨ, Ḕਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ॥Ḕ ਇਹ ਤਾਂ ਇਕ ਪ੍ਰਚਲਿਤ ਨਾਮ ਹੈ, ਪ੍ਰੰਤੂ ਉਸ ਦੇ ਜੋਸ਼ ਨੂੰ ਉਸ ਦੀ ਸੂਝ ਮਾਤ ਨਾ ਪਾ ਸਕੀ।
ਗੁਰਦੁਆਰਿਆਂ ਵਿਚ ਜਦੋਂ ਕਦੀ ਕਥਾਵਾਚਕ ਹਿੰਦੂ ਮੱਤ ਦੀ ਕੋਈ ਉਦਾਹਰਣ ਦਿੰਦੇ ਹਨ ਤਾਂ ਕਈ ਜੋਸ਼ੀਲੇ ਸਿੱਖ ਇਸ ਨੂੰ ਸਿੱਖ ਸਿਧਾਂਤ ਅਨੁਸਾਰ ਨਹੀਂ ਸਮਝਦੇ। ਉਹ ਕਹਿੰਦੇ ਹਨ, ਕੇਵਲ ਸਿੱਖੀ ਅਨੁਸਾਰ ਗੱਲ ਕਰੋ। ਸੱਚ ਤਾਂ ਇਹ ਹੈ ਕਿ ਬੇਸ਼ੱਕ ਭਾਈ ਗੁਰਦਾਸ ਦੀ ਰਚਨਾ ਆਦਿ ਗ੍ਰੰਥ ਵਿਚ ਦਰਜ ਨਹੀਂ ਪ੍ਰੰਤੂ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਬਨਾਰਸ ਭੇਜਿਆ ਤੇ ਆਪਣੇ ਸਿੱਖਾਂ ਨੂੰ ਭਾਈ ਸਾਹਿਬ ਦੀ ਬਾਣੀ ਕੀਰਤਨ ਵਿਚ ਸੁਣਨ ਲਈ ਪ੍ਰੇਰਿਆ ਅਤੇ ਉਨ੍ਹਾਂ ਦੇ ਲਿਖੇ ਬਿਰਤਾਂਤ ਨੂੰ ਬਾਣੀ ਦੀ ਕੂੰਜੀ ਕਿਹਾ।
ਜਦੋਂ ਕੀਰਤਨੀਏ ਸਿੱਖ Ḕਹਰਿ ਜੀ ਆਏḔ ਦਾ ਸ਼ਬਦ ਪੜ੍ਹਦੇ ਹਨ ਤਾਂ ਕ੍ਰਿਸ਼ਨ ਅਤੇ ਸੁਦਾਮੇ ਦੀ ਸੱਚੀ ਦੋਸਤੀ ਦਾ ਜ਼ਿਕਰ ਕਰਦੇ ਹਨ। ਸਿੰਘਾਸਨ ਛੱਡ ਕੇ ਡੰਡਉਤ ਕਰਦੇ ਗਰੀਬ ਸੁਦਾਮੇ ਵੱਲ ਆਉਣਾ ਨਿਮਰਤਾ ਦੀ ਕਮਾਲ ਹੈ।
ਰਾਜੇ ਹਰੀ ਚੰਦ ਦੀ ਪਤਨੀ ਦਾ ਸਾਧ ਸੰਗਤ ਵਿਚ Ḕਰਾਤੀ ਜਾਏ ਸੁਣੇ ਗੁਰਬਾਣੀḔ ਦਾ ਬਿਰਤਾਂਤ ਸਾਧ ਸੰਗਤ ਦੀ ਮਹੱਤਤਾ ਅਤੇ ਵਡਿਆਈ ਹੀ ਤਾਂ ਹੈ, ਸਿੱਖ ਸਿਧਾਂਤ ਨਾਲ ਕੋਈ ਟਕਰਾ ਨਹੀਂ।
ਜੇਕਰ ਗੁਰੂ ਗੋਬਿੰਦ ਸਿੰਘ ਬਾਰੇ ਕਿਹਾ ਜਾਂਦਾ ਹੈ ਕਿ ਉਹ Ḕਕ੍ਰਿਸ਼ਨ ਮਿਸਨ ਕਿਸੀ ਕੋ ਨਾ ਧਿਆਊਂḔ ਕਹਿੰਦੇ ਹਨ ਤਾਂ ਉਨ੍ਹਾਂ ਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਦਾ ਜ਼ਿਕਰ ਭੀ ਨਾ ਕਰੋ। ਗੁਰਬਾਣੀ ਦਾ ਫੁਰਮਾਨ ਹੈ,
ਦੂਜਾ ਕਾਹੇ ਸਿਮਰੀਏ ਜੋ ਜੰਮੇ ਤੇ ਮਰ ਜਾਏ॥
ਨਾਨਕੁ ਏਕੋ ਸਿਮਰੀਏ ਜੋ ਜਲ ਥਲ ਰਿਹਾ ਸਮਾਏ॥
ਸਭ ਦੇਵੀ-ਦੇਵਤੇ ਪੈਦਾ ਭੀ ਹੋਵੇ ਅਤੇ ਮਰ ਭੀ ਗਏ। ਕੇਵਲ ਪਰਮਾਤਮਾ ਹੈ ਜੋ ਜਲ ਅਤੇ ਥਲ ਵਿਚ ਸਮਾਇਆ ਹੋਇਆ ਹੈ। ਨਾ ਉਹ ਪੈਦਾ ਹੋਇਆ ਹੈ, ਨਾ ਉਸ ਦਾ ਅੰਤ ਹੈ। ਸੋ, ਹਰ ਕਿਸੇ ਭੀ ਦੇਹਧਾਰੀ ਨੂੰ ਸਿਮਰਨ ਦੀ ਜਰੂਰਤ ਨਹੀਂ। ਨਾ ਹੀ ਹੋਰ ਕਿਸੇ ਨੂੰ ਧਿਆਉਣ ਦੀ ਲੋੜ ਹੈ।
ਪੰਜਾਬ ਵਿਚ ਚੋਣਾਂ ਨੌ ਕੁ ਮਹੀਨੇ ਪਿਛੋਂ ਹੋਣੀਆਂ ਹਨ। ਸਿੱਖਾਂ ਵਿਚ ਜੋਸ਼ ਹੁਣ ਤੋਂ ਹੀ ਠਾਠਾਂ ਮਾਰ ਰਿਹਾ ਹੈ। ਤੇਜ ਬੁਖਾਰ ਪਰਦੇਸਾਂ ਵਿਚ ਹੱਦਾਂ ਪਾਰ ਕਰ ਗਿਆ ਹੈ। ਸਿਆਸੀ ਲੀਡਰ ਹੁਮਹੁਮਾ ਕੇ ਅਮਰੀਕਾ, ਕੈਨੇਡਾ ਪਹੁੰਚ ਰਹੇ ਹਨ। ਇਥੋਂ ਦੇ ਕੁਝ ਸਿੱਖ ਇਨ੍ਹਾਂ ਲੀਡਰਾਂ ਨੂੰ ਜਾਂ ਝੰਡੇ ਦਿਖਾ ਰਹੇ ਹਨ ਜਾਂ ਡੰਡੇ ਦਿਖਾ ਰਹੇ ਹਨ। ਕਿਸੇ ਲੀਡਰ ਦੇ ਨਾਨੇ ਨੂੰ ਗੱਦਾਰ ਕਹਿ ਰਹੇ ਹਨ ਅਤੇ ਕਿਸੇ ਦੇ ਬਾਬੇ ਨੂੰ ਅੱਯਾਸ਼ ਤੇ ਚਰਿਤਰਹੀਣ ਦੱਸ ਰਹੇ ਹਨ। ਸਿੱਖਾਂ ਨੂੰ ਚਾਹੀਦਾ ਇਹ ਹੈ ਕਿ ਇਨ੍ਹਾਂ ਲੀਡਰਾਂ ਦਾ ਅੱਜ ਦਾ ਕਿਰਦਾਰ ਦੇਖਣ। ਪੰਜਾਬ ਦੇ ਭਵਿੱਖ ਬਾਰੇ ਉਨ੍ਹਾਂ ਦੇ ਮਨਸੂਬੇ ਦੇਖਣ। ਪੰਜਾਬ ਦੇ ਭਵਿੱਖ ਬਾਰੇ ਉਨ੍ਹਾਂ ਦੇ ਮਨਸੂਬੇ ਪੁੱਛਣ। ਉਹ ਹਵਾਈ ਕਿਲੇ ਬਣਾ ਕੇ ਲੋਕਾਂ ਨੂੰ ਗਤਲਫਹਿਮੀ ਦਾ ਸ਼ਿਕਾਰ ਨਾ ਬਣਾਉਣ। ਜ਼ਮੀਨੀ ਹਕੀਕਤਾਂ ਬਹੁਤ ਭਿਆਨਕ ਹਨ।
ਗੈਂਗਸਟਰਾਂ ਦੀ ਮੌਤ ‘ਤੇ ਮੇਲੇ ਲੱਗ ਰਹੇ ਹਨ ਅਤੇ ਸਾਊ ਗਰੀਬਾਂ ਦੇ ਸਸਕਾਰ ਲਈ ਲੱਕੜ ਭੀ ਨਹੀਂ ਮਿਲ ਰਹੀ। ਨਹਿਰਾਂ ਵਿਚ ਤਰਦੀਆਂ ਲਾਸ਼ਾਂ ਨੂੰ ਗਿਣਿਆ ਨਹੀਂ ਜਾ ਸਕਦਾ। ਦਿਨ ਦਿਹਾੜੇ ਲੁੱਟ-ਖਸੁੱਟ ਆਮ ਗੱਲ ਹੈ। ਮੁਲਾਜ਼ਮ ਤਨਖਾਹਾਂ ਨਾ ਮਿਲਣ ਕਰਕੇ ਪੁਤਲੇ ਸਾੜ ਰਹੇ ਹਨ। ਫਜ਼ੂਲ ਖਰਚੀ ਵਿਚ ਗਰੀਬ-ਅਮੀਰ ਸਭ ਬਰਾਬਰ ਹਨ। ਠੱਗੀ ਅਤੇ ਬਦਤਮੀਜ਼ੀ ਖੂਨ ਵਿਚ ਪਹੁੰਚ ਚੁਕੀ ਹੈ। ਕੰਮ ਕਰਨ ਨੂੰ ਦਿਲ ਨਹੀਂ ਕਰਦਾ ਇਨ੍ਹਾਂ ਦਾ। ਗੱਲ ਕੀ, ਪੰਜਾਬ ਦੇ ਲੋਕਾਂ ਦੀ ਮਾਨਸਿਕਤਾ ਮਾਯੂਸੀ ਦਾ ਦਰਦਨਾਕ ਮੰਜ਼ਰ ਹੈ। ਇਸ ਦੁਰਦਸ਼ਾ ਨੂੰ ਸਹੀ ਸੇਧ ਦੇ ਕੇ ਕਿਹੜਾ ਮਾਈ ਦਾ ਲਾਲ ਪੰਜਾਬ ਦਾ ਬੇੜਾ ਪਾਰ ਕਰੇਗਾ? ਰੱਬ ਜਾਣੇ!
ਅੱਜ ਕੱਲ੍ਹ ਖਾਲਿਸਤਾਨ ਦੀ ਮੰਗ ਚਰਚਾ ਦਾ ਵਿਸ਼ਾ ਹੈ। ਵਾਹਿਗੁਰੂ ਕਰੇ ਖਾਲਿਸਤਾਨ ਇਸ ਧਰਤੀ ‘ਤੇ ਜ਼ਰੂਰ ਬਣੇ। ਉਹ ਸੁਭਾਗਾ ਦਿਨ ਹੋਵੇਗਾ ਜਦੋਂ ਸੁਰਗ ਦੇ ਨਕਸ਼ੇ ਵਾਲਾ ਖਿੱਤਾ ਖਾਲਿਸਤਾਨ ਕਿਹਾ ਜਾਵੇਗਾ। ਜੇਕਰ ਸਾਡੇ ਵੀਰ ਅੱਜ ਦੇ ਪੰਜਾਬ ਨੂੰ ਕੁਝ ਵੱਡਾ ਕਰਕੇ ਸਿੱਖਾਂ ਦੀ ਬਹੁਗਿਣਤੀ ਅਤੇ ਆਜ਼ਾਦ ਹਸਤੀ ਵਾਲਾ ਇਲਾਕਾ ਖਾਲਿਸਤਾਨ ਸਮਝਦੇ ਹਨ ਤਾਂ ਸੋਚ ਲੈਣ ਕਿ ਅੱਜ ਦੀ ਘੜੀ ਇਸ ਇਲਾਕੇ ਦੇ ਵਸਨੀਕ ਕਿਹੋ ਜਿਹੇ ਬੰਦੇ ਹਨ। ਉਹ ਕਿਵੇਂ ਭਗਤ ਰਵਿਦਾਸ ਦਾ ਬੇਗਮਪੁਰਾ ਅਤੇ ਬੈਕੁੰਠ ਦਾ ਨਕਸ਼ਾ ਬਣੇਗਾ। ਆਓ ਅਰਦਾਸ ਕਰੀਏ ਅਤੇ ਦਿਨ-ਰਾਤ ਇਹ ਕੋਸ਼ਿਸ਼ ਕਰੀਏ ਕਿ ਪੰਜਾਬ ਦੇ ਵਸਨੀਕਾਂ ਦਾ ਆਚਰਣ ਉਚਾ ਹੋ ਜਾਵੇ।
ਅਮਰੀਕਾ ਵਿਚ ਰਹਿਣ ਵਾਲੇ ਮੇਰੇ ਕੁਝ ਵਾਕਫ ਆਪਣੀ ਪੰਜਾਬ ਵਾਲੀ ਜ਼ਮੀਨ-ਜਾਇਦਾਦ ਵੇਚ ਆਏ ਹਨ ਅਤੇ ਕਸਮ ਖਾ ਕੇ ਕਹਿ ਰਹੇ ਹਨ ਕਿ ਨਾ ਉਹ ਅਤੇ ਨਾ ਉਨ੍ਹਾਂ ਦੇ ਬੱਚੇ ਕਦੀ ਪੰਜਾਬ ਵਾਪਸ ਜਾਣਗੇ ਪ੍ਰੰਤੂ ਉਹ ਖਾਲਿਸਤਾਨ ਦੇ ਪੁਰਜ਼ੋਰ (ਪੱਕੇ) ਹਾਮੀ ਹਨ। ਮੈਂ ਉਨ੍ਹਾਂ ਨੂੰ ਬੇਨਤੀ ਕਰਾਂਗਾ ਕਿ ਉਹ ਕਸਮ ਖਾਣ ਕਿ ਅਮਰੀਕਾ ਦੀਆਂ ਚੰਗੀਆਂ ਕਦਰਾਂ-ਕੀਮਤਾਂ ਲੈ ਕੇ ਉਹ ਵਾਪਸ ਜਾ ਕੇ ਉਸ ਪੰਜਾਬ ਨੂੰ ਖਾਲਿਸਤਾਨ ਵਿਚ ਬਦਲਣ ਲਈ ਮਿਹਨਤ ਕਰਨ। ਉਸ ਸੁਚੱਜੇ ਪੰਜਾਬ ਵਿਚ ਆਂਢ-ਗੁਆਂਢ ਦੇ ਇਲਾਕਿਆਂ ਦੇ ਵਸਨੀਕ ਭੱਜ ਭੱਜ ਇਸ ਖਾਲਿਸਤਾਨ ਵਿਚ ਸ਼ਾਮਲ ਹੋਣ ਲਈ ਅੱਗੇ ਆਉਣਗੇ। ਅੱਜ ਦੇ ਪੰਜਾਬ ਦੀ ਤਰ੍ਹਾਂ ਨਹੀਂ, ਜਦੋਂ ਪਠਾਨਕੋਟ ਤੋਂ ਪਰਲੇ ਹਿਮਾਚਲ ਦੇ ਨੇੜਲੇ ਪਿੰਡਾਂ ਦੇ ਲੋਕ ਪੰਜਾਬ ਨੂੰ ਛੱਡ ਕੇ ਹਿਮਾਚਲ ਵਿਚ ਸ਼ਾਮਲ ਹੋਣ ਲਈ ਉਤਾਵਲੇ ਹਨ।
ਕੁਝ ਦਿਨ ਪਹਿਲਾਂ ਸਹਿਜਧਾਰੀ ਸਿੱਖਾਂ ਦੇ ਵੋਟ ਦਾ ਹੱਕ ਖੁਸਣਾ ਬਹੁਤ ਸਿੱਖਾਂ ਨੂੰ ਠੀਕ ਨਹੀਂ ਲੱਗ ਰਿਹਾ। ਜੋਸ਼ੀਲੇ ਸਿੱਖ ਇਸ ਫੈਸਲੇ ‘ਤੇ ਖੁਸ਼ ਨਜ਼ਰ ਆ ਰਹੇ ਹਨ। ਜੇ ਗਹੁ ਨਾਲ ਸੋਚਿਆ ਜਾਵੇ ਤਾਂ ਸ਼ਾਇਦ ਇਸ ਫੈਸਲੇ ਦੇ ਸਿੱਟੇ ਤਸੱਲੀਬਖ਼ਸ਼ ਨਾ ਨਿਕਲਣ। ਕਈ ਵਿਦਵਾਨਾਂ ਦਾ ਵਿਚਾਰ ਹੈ ਕਿ ਅੱਜ ਕੱਲ੍ਹ ਸਹਿਜਧਾਰੀਆਂ ਦਾ ਨੰਬਰ ਨਾਂ-ਮਾਤਰ ਹੈ। ਜਿਹੜੇ ਸਿੱਖ ਅੰਮ੍ਰਿਤਧਾਰੀ ਨਹੀਂ ਅਤੇ ਕੇਸਾਧਾਰੀ ਭੀ ਨਹੀਂ, ਉਹ ਪਤਿਤ ਤਾਂ ਹੋ ਸਕਦੇ ਹਨ ਪ੍ਰੰਤੂ ਸਹਿਜਧਾਰੀ ਨਹੀਂ। ਵਿਦੇਸ਼ਾਂ ਵਿਚ ਆ ਕੇ ਕਈ ਲੋਕ ਮਜਬੂਰੀਵਸ, ਕਈ ਸੁਖਿਆਈਵਸ, ਕਈ ਨੌਕਰੀ ਦੇ ਅਨੁਸ਼ਾਸਨਵਸ ਕੇਸਾਂ ਦੀ ਬੇਅਦਬੀ ਕਰ ਲੈਂਦੇ ਹਨ ਪ੍ਰੰਤੂ ਉਨ੍ਹਾਂ ਦਾ ਗੁਰੂ ਗ੍ਰੰਥ ਸਾਹਿਬ ਵਿਚ ਵਿਸ਼ਵਾਸ ਹੈ, ਉਨ੍ਹਾਂ ਸਭ ਨੂੰ ਵੋਟ ਦਾ ਹੱਕ ਹੋਣਾ ਚਾਹੀਦਾ ਹੈ। ਹਰ ਉਮੀਦਵਾਰ ਪੂਰਨ ਸਿੱਖ ਹੋਣਾ ਚਾਹੀਦਾ ਹੈ। ਉਹ ਉਚੇ ਆਚਰਣ ਦੇ ਮਾਲਕ ਹੋਣੇ ਚਾਹੀਦੇ ਹਨ। ਸਾਰੇ ਗੁਰੂ ਸਾਹਿਬਾਨ ਕੇਸਾਧਾਰੀ ਸਨ। ਪ੍ਰਚਾਰਕ ਅਤੇ ਪ੍ਰਬੰਧਕ ਸਿੱਖ ਬਾਣੇ ਵਿਚ ਚੰਗੇ ਲੱਗਦੇ ਹਨ। ਦਸਤਾਰ ਅਤੇ ਕੇਸ ਸਿੱਖ ਦੀ ਪਹਿਚਾਣ ਹੈ। ਫੇਰ ਭੀ ਉਹ ਵੀਰ ਜਿਹੜੇ ਰਹਿਤ ਵਿਚ ਪੱਕੇ ਨਹੀਂ ਰਹਿ ਸਕੇ, ਵੈਸੇ ਚੜ੍ਹਾਵੇ ਵਿਚ ਲੱਖਾਂ-ਕਰੋੜਾਂ ਦੇ ਕੇ ਧਰਮ ਅਸਥਾਨਾਂ ਦੀ ਸ਼ਾਨ ਵਿਚ ਵਾਧਾ ਕਰਦੇ ਹਨ, ਉਨ੍ਹਾਂ ਨੂੰ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਚੁਣਨ ਲਈ ਵੋਟ ਦਾ ਹੱਕ ਨਾ ਹੋਣਾ ਮਹਾਨ ਬੇਇਨਸਾਫੀ ਹੈ।
ਲਿਖਣ ਲਈ ਤਾਂ ਮਨ ਵਿਚ ਬਹੁਤ ਕੁਝ ਹੈ ਪਰ ਅਖੀਰ ਵਿਚ ਅਮਰੀਕਾ ਅਤੇ ਕੈਨੇਡਾ ਦੇ ਅਖਬਾਰ ਛਾਪਣ ਵਾਲੇ ਸਾਰੇ ਸਿੱਖ ਵੀਰਾਂ ਨੂੰ ਬੇਨਤੀ ਹੈ। ਉਹ ਹਿੰਮਤ ਵਾਲੇ ਲੋਕ ਹਨ। ਮੁਫਤ ਅਖਬਾਰ ਛਾਪਣਾ ਖਾਲਾ ਜੀ ਦਾ ਬਾੜਾ ਨਹੀਂ। ਇਸ਼ਤਿਹਾਰਾਂ ਤੋਂ ਬਗੈਰ ਕੋਈ ਅਖਬਾਰ ਚੱਲ ਨਹੀਂ ਸਕਦਾ ਅਤੇ ਇਸ਼ਤਿਹਾਰ ਭੇਜਣ ਵਾਲਿਆਂ ਤੋਂ ਪੈਸੇ ਵਸੂਲਣੇ ਹੋਰ ਵੀ ਔਖੇ। ਮੇਰਾ ਇਨ੍ਹਾਂ ਪ੍ਰਕਾਸ਼ਕਾਂ ਨੂੰ ਸਲਾਮ (ਸਤਿ ਸ੍ਰੀ ਅਕਾਲ ਹੀ ਕਹਾਂ, ਕੋਈ ਸਿੰਘ ਨਾਰਾਜ਼ ਨਾ ਹੋ ਜਾਵੇ)।
ਮੈਂ ਬੜੇ ਸ਼ੌਕ ਨਾਲ ਸਾਰੇ ਅਖਬਾਰ ਘਰ ਲਿਆਉਂਦਾ ਹਾਂ, ਪ੍ਰੰਤੂ ਬਹੁਤੇ ਅਖਬਾਰ ਪੰਜ ਮਿੰਟ ਵਿਚ ਹੀ ਪੜ੍ਹ ਲਏ ਜਾਂਦੇ ਹਨ ਕਿਉਂਕਿ ਦੋ ਚਾਰ ਪੰਨੇ ਛੱਡ ਕੇ ਬਾਕੀ ਤਸਵੀਰਾਂ ਹੀ ਹੁੰਦੀਆਂ ਹਨ। ਕੁਝ ਵੀ ਕਹੋ, ਇਹ ਪੱਤਰਕਾਰੀ ਦੇ ਮਿਆਰ ਨੂੰ ਉਚਾ ਨਹੀਂ ਕਰਦਾ। ਪੱਤਰਕਾਰੀ ਦੀ ਭੂਮਿਕਾ ਇਕ ਬਹੁਤ ਉਚੇ ਆਦਰਸ਼ ਦੀ ਤਲਬਗਾਰ ਹੈ।