ਅਵਤਾਰ ਸਿੰਘ (ਪ੍ਰੋæ)
ਫੋਨ: 91-94175-98384
ਛੇਵੇਂ ਪਾਤਸ਼ਾਹ ਨੇ ਗੁਰਿਆਈ ਸਮੇਂ ਦੋ ਤਲਵਾਰਾਂ ਪਹਿਨੀਆਂ, ਜਿਨ੍ਹਾਂ ਨੂੰ ਸਿੱਖ ਲੋਰ ਵਿਚ ਮੀਰੀ-ਪੀਰੀ ਆਖਿਆ ਗਿਆ। ਅਮੀਰੀ ਦੇ ਸੰਖੇਪ ਮੀਰੀ ਵਿਚ ਬਾਦਸ਼ਾਹਤ ਦਾ ਸੰਕੇਤ ਹੈ। ਪੀਰ ਮੈਨ੍ਹੇ ਮੁਰਸ਼ਦ, ਜਿਸ ਦੀ ਹੈਸੀਅਤ ਪੀਰੀ ਹੈ। ਮੀਰੀ ਇਸ ਜਗਤ ਦੀ ਸੂਚਕ ਹੈ, ਪੀਰੀ ਉਸ ਜਗਤ ਦੀ। ਸਿੱਖ ਸਮਾਜ ਵਿਚ ਮੀਰੀ-ਪੀਰੀ ਦੇ ਸਬੰਧ ਚਰਚਾ ਅਧੀਨ ਰਹਿੰਦੇ ਹਨ, ਜਿਸ ਦੇ ਕੁਝ ਨੁਕਤੇ ਹਾਲੇ ਤੱਕ ਅਣਗੌਲੇ ਪਏ ਹਨ। ਹਰਗੋਬਿੰਦਪੁਰ ਦੀ ਜੰਗ ਵਿਚ ਚੰਦੂ ਦੇ ਪੁੱਤਰ ਕਰਮ ਚੰਦ ਨੇ ਛੇਵੇਂ ਪਾਤਸ਼ਾਹ ‘ਤੇ ਜ਼ੋਰਦਾਰ ਵਾਰ ਕੀਤਾ ਤਾਂ ਦੋਹਾਂ ਦੀਆਂ ਕਿਰਪਾਨਾਂ ਟੁੱਟ ਗਈਆਂ। ਜਵਾਬ ਵਿਚ ਪਾਤਸ਼ਾਹ ਨੇ ਪੀਰੀ ਦੀ ਕਿਰਪਾਨ ਦਾ ਇਸਤੇਮਾਲ ਨਾ ਕੀਤਾ ਅਤੇ ਕਰਮ ਚੰਦ ਨੂੰ ਜ਼ਮੀਨ ਨਾਲ ਪਟਕਾ ਮਾਰਿਆ ਸੀ।
ਹਰਿਮੰਦਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਸਿਰਫ ਦੋ ਇਮਾਰਤਾਂ ਨਹੀਂ, ਸੰਕਲਪ ਹਨ, ਜਿਨ੍ਹਾਂ ਦੀ ਮਰਿਆਦਾ ਵੱਖੋ-ਵੱਖਰੀ ਹੈ। ਹਰਿਮੰਦਰ ਸਾਹਿਬ ਦੇ ਕੇਂਦਰ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਤੇ ਕੀਰਤਨ ਹੁੰਦਾ ਹੈ। ਅਕਾਲ ਤਖਤ ਸਾਹਿਬ ਦੇ ਕੇਂਦਰ ਵਿਚ ਸ਼ਸਤਰ ਸਜਾਏ ਜਾਂਦੇ ਹਨ ਅਤੇ ਇਤਿਹਾਸ ਗਾਇਆ ਜਾਂਦਾ ਹੈ। ਹਰਿਮੰਦਰ ਸਾਹਿਬ ਦੀ ਨੀਂਹ ਸਾਈਂ ਮੀਆਂ ਮੀਰ ਫਕੀਰ ਨੇ ਰੱਖੀ ਸੀ, ਜਿਸ ਨੂੰ ਰਾਜ ਮਿਸਤਰੀ ਨੇ ਹਿਲਾ ਲਿਆ ਸੀ। ਅਕਾਲ ਤਖਤ ਦੀ ਤਾਮੀਰ ਬਾਬਤ ਗੁਰਬਿਲਾਸ ਵਿਚ ਆਇਆ ਹੈ: “ਪ੍ਰਿਥਮ ਨੀਵ ਸ੍ਰੀ ਗੁਰ ਰਖੀ ਅਬਿਚਲ ਤਖਤ ਸੁਹਾਇ। ਕਿਸੀ ਰਾਜ ਨਹਿ ਹਾਥ ਲਗਾਇਯੋ। ਬੁੱਢੇ ਔ ਗੁਰਦਾਸ ਬਨਾਯੋ।”
ਢਹਿ ਜਾਣ ਉਪਰੰਤ, ਹਰਿਮੰਦਰ ਸਾਹਿਬ ਦੀ ਤਾਮੀਰ ਦੇਸ ਰਾਜ ਜੀ ਨੇ ਕਰਵਾਈ ਸੀ। ਅਕਾਲ ਤਖਤ ਸਾਹਿਬ ਦੇ ਢਹਿਣ ਉਪਰੰਤ ਸਰਕਾਰੀ ਸ਼ਹਿ ‘ਤੇ ਤਿਆਰ ਕੀਤੀ ਇਮਾਰਤ ਅਪ੍ਰਵਾਣ ਕਰਕੇ ਗਿਰਾ ਦਿੱਤੀ ਗਈ ਸੀ ਅਤੇ ਮੌਜੂਦਾ ਇਮਾਰਤ ਪੰਥ ਨੇ ਖੁਦ ਤਾਮੀਰ ਕੀਤੀ।
ਹਰਿਮੰਦਰ ਸਾਹਿਬ ਦੇ ਕੇਂਦਰ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਸਮੇਂ ਪੰਚਮ ਪਾਤਸ਼ਾਹ ਸੰਗਤ ਵਿਚ ਬਿਰਾਜਮਾਨ ਹੋ ਗਏ। ਪਰ ਅਕਾਲ ਤਖਤ ਸਾਹਿਬ ਦੇ ਕੇਂਦਰ ਵਿਚ ਛੇਵੇਂ ਪਾਤਸ਼ਾਹ ਖੁਦ ਸੁਸ਼ੋਭਿਤ ਹੁੰਦੇ। ਗੁਰਬਿਲਾਸ ਵਿਚ ਆਇਆ: “ਜਬ ਲਗ ਤੁਮਰੀ ਦੇਹ ਰਹਾਵੋ। ਤਬ ਲਗ ਤੁਮ ਯਾ ਪਰਿ ਛਬਿ ਪਾਵੋ। ਪਾਛੇ ਸ਼ਸਤ੍ਰ ਰੂਪ ਮਮ ਜਾਨੋ। ਮਮ ਪੂਜਾ ਹਿਤ ਇਹ ਠਾਂ ਠਾਨੋ।”
ਹਰਿਮੰਦਰ ਸਾਹਿਬ ਮਨ ਅਰਪਣ ਦੀ ਥਾਂ ਹੈ, ਅਕਾਲ ਤਖਤ ਸਾਹਿਬ ਤਨ ਅਰਪਣ ਦੀ। ਅਕਾਲ ਤਖਤ ਵਿਖੇ ਜ਼ਿਕਰ ਹੈ, “ਛੀਪੇ ਝੀਵਰ ਔਰ ਤਖਾਨ। ਨਾਈ ਗ੍ਰਹਿ ਉਤਰੇ ਸਭ ਆਨਿ। ਹਮ ਅਨਾਥ ਭੇਟ ਸਿਰ ਦੀਏ। ਦਯਾ ਸਿੰਧੁ ਚਾਹੈ ਜਬ ਲੀਏ।” ਤਖਤ ਕੇਸਗੜ੍ਹ ਵਿਖੇ ਵੀ ਇਨ੍ਹਾਂ ਲੋਕਾਂ ਨੇ ਗੁਰੂ ਨੂੰ ਸੀਸ ਭੇਟ ਕੀਤੇ ਸਨ।
ਹਰਿਮੰਦਰ ਸਾਹਿਬ ਵਿਖੇ “ਰਾਜ ਕਰੇਗਾ ਖਾਲਸਾ” ਨਹੀਂ ਪੜ੍ਹਿਆ ਜਾਂਦਾ ਅਤੇ ਨਾ ਹੀ “ਬੋਲੇ ਸੋ ਨਿਹਾਲ” ਦਾ ਜੈਕਾਰਾ ਗਜਾਇਆ ਜਾਂਦਾ ਹੈ। ਪਰ ਅਕਾਲ ਤਖਤ ਵਿਖੇ ਦੋਹਿਰਾ ਵੀ ਪੜ੍ਹਿਆ ਜਾਂਦਾ ਹੈ ਅਤੇ ਜੈਕਾਰਾ ਵੀ ਗਜਾਇਆ ਜਾਂਦਾ ਹੈ। ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡਾ ਨਿਸ਼ਾਨ ਸਾਹਿਬ ਵੀ ਨਹੀਂ ਹੈ, ਜਦਕਿ ਅਕਾਲ ਤਖਤ ਵਿਖੇ ਦੋ ਨਿਸ਼ਾਨ ਸਾਹਿਬ ਝੂਲਦੇ ਹਨ। ਹਰਿਮੰਦਰ ਸਾਹਿਬ ਨੀਵੇਂ ਥਾਂ ਹੈ, ਅਕਾਲ ਤਖਤ ਉਚੀ ਥਾਂ।
ਹਰਿਮੰਦਰ ਸਾਹਿਬ ਵਿਖੇ ਹਰ ਕਿਸੇ ਦੀ ਅਰਦਾਸ ਹੁੰਦੀ ਹੈ, ਅਕਾਲ ਤਖਤ ਵਿਖੇ ਅੰਮ੍ਰਿਤਧਾਰੀ ਸਿੰਘ ਹੀ ਅਰਦਾਸ ਕਰਵਾ ਸਕਦਾ ਹੈ। ਹਰਿਮੰਦਰ ਸਾਹਿਬ ਵਿਖੇ ਗੁਰੂ ਸਿੱਖਿਆ ਦਿੰਦਾ ਹੈ ਅਤੇ ਸਿੱਖ ਸ੍ਰੋਤੇ ਵਜੋਂ ਉਪਦੇਸ਼ ਸਰਵਣ ਕਰਦਾ ਹੈ। ਅਕਾਲ ਤਖਤ ਵਿਖੇ ਗੁਰੂ ਰੂਪ ਖਾਲਸਾ ਸਿੱਖ ਦੀ ਫਰਿਆਦ ਸੁਣਦਾ ਹੈ, ਜਿਸ ਦਾ ਸਮਾਧਾਨ ਅਰਥਾਤ ਇਨਸਾਫ ਖਾਲਸਈ ਇਖਲਾਕ ਹੈ, ਜਿਸ ਤੋਂ ਪਿੱਛੇ ਹਟਿਆ ਖਾਲਸਾ, ਖਾਲਸਾ ਨਹੀਂ ਰਹਿੰਦਾ।
ਚਮਕੌਰ ਦੀ ਗੜ੍ਹੀ ਵਿਚ ਦਸਮ ਪਿਤਾ ਨੇ ਖਾਲਸੇ ਨੂੰ ਕਲਗੀ ਬਖਸ਼ ਕੇ ਗੁਰੂ ਦੀ ਦੇਹ ਦਾ ਪ੍ਰਗਟ ਰੂਪ ਥਾਪ ਦਿਤਾ ਸੀ ਅਤੇ ਹਜ਼ੂਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਨੂੰ ਸ਼ਬਦ ਰੂਪ ਗੁਰਿਆਈ ਵਜੋਂ ਸਥਾਪਤ ਕਰ ਦਿਤਾ। ਖਾਲਸੇ ਵਿਚ ਗੁਰੂ ਦਾ ਮੀਰੀ ਰੂਪ ਵਿਦਮਾਨ ਹੈ ਅਤੇ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਦਾ ਸ਼ਬਦ ਰੂਪ ਅਰਥਾਤ ਪੀਰੀ ਰੂਪ ਹੈ। ਮੀਰੀ ਦਾ ਚਿੰਨ੍ਹ ਕਲਗੀ ਸਜਾਉਣ ਵਾਲੇ ਛੇਵੇਂ, ਸੱਤਵੇਂ ਅਤੇ ਅੱਠਵੇਂ ਪਾਤਸ਼ਾਹ ਨੇ ਬਾਣੀ ਨਹੀਂ ਉਚਾਰੀ ਅਤੇ ਕਲਗੀਆਂ ਵਾਲੇ ਦਸਮ ਪਿਤਾ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਨਹੀਂ।
ਗੁਰੂ ਦੇ ਪੀਰੀ ਰੂਪ ਨੂੰ ਸਮਰਪਿਤ ਸਿੱਖ ਹੁੰਦਾ ਹੈ ਅਤੇ ਮੀਰੀ ਰੂਪ ਵਾਲਾ ਸਿੰਘ ਹੁੰਦਾ ਹੈ। ਮਨ ਦੇ ਸਮਰਪਣ ਵਾਲਾ ਸਿੱਖ ਅਤੇ ਤਨ ਅਰਪਣ ਵਾਲਾ ਸਿੰਘ। “ਮਨੁ ਬੇਚੈ ਸਤਿਗੁਰ ਕੈ ਪਾਸਿ” ਸਿੱਖ ਦੀ ਅਵਸਥਾ ਹੈ; “ਸਤਿਗੁਰ ਆਗੈ ਸੀਸੁ ਧਰੇਇ” ਸਿੰਘ ਦਾ ਕਰਤੱਵ। ਸਿੱਖ ਅਤੇ ਸਿੰਘ ਪਾਲੀ ਭਾਸ਼ਾ ਦੇ ਸ਼ਬਦ ਹਨ। ਬੁੱਧ ਮੱਤ ਦੇ ਅਸ਼ਟਾਂਗ ਮਾਰਗ ਦੇ ਪਾਂਧੀ ਨੂੰ ਸਿੱਖ ਕਿਹਾ ਜਾਂਦਾ ਹੈ, ਜਿਸ ਨੇ ਇਹ ਪੰਧ ਮੁਕਾ ਲਿਆ ਹੈ, ਉਸ ਨੂੰ ਅਰਹਤ ਆਖਿਆ ਜਾਂਦਾ ਹੈ। ਅਰਹਤ ਉਹ, ਜਿਸ ਵਿਚ ਊਣ, ਕਾਣ ਅਤੇ ਖੋਟ ਨਹੀਂ, ਜੋ ਮੁਕੰਮਲ ਹੈ। ਪਾਲੀ ਵਿਚ ਇਸੇ ਨੂੰ ਸਿੰਘ ਵੀ ਕਿਹਾ ਗਿਆ ਹੈ। ਅਰਹਤ ਅਤੇ ਸਿੰਘ ਸਮਅਰਥੀ ਹਨ।
ਇਥੇ ਮੁਗਲ ਹਕੂਮਤ ਦੇ ਦੀਵਾਨ-ਏ-ਆਮ ਅਤੇ ਦੀਵਾਨ-ਏ-ਖਾਸ ਯਾਦ ਆਉਂਦੇ ਹਨ। ਦੀਵਾਨ-ਏ-ਖਾਸ ਦੀ ਇਮਾਰਤ ਨੂੰ ਸ਼ਾਹ ਮਹੱਲ ਆਖਿਆ ਜਾਂਦਾ ਸੀ, ਜਿਥੇ ਬਾਦਸ਼ਾਹ ਆਪਣੇ ਮੁਹਤਬਰਾਂ ਨਾਲ ਵਿਚਾਰ ਕਰਦਾ ਸੀ। ਅਕਾਲ ਤਖਤ ਨੂੰ ਵੀ ਅਕਾਲ ਬੁੰਗਾ ਕਿਹਾ ਜਾਂਦਾ ਸੀ। ਇਥੇ ਖਾਲਸਾ ਖਸੂਸੀ ਵਿਚਾਰਾਂ ਤੇ ਯੋਜਨਾਵਾਂ ਉਲੀਕਦਾ ਹੈ। ਖਾਲਸਾ ਗੁਰੂ ਦਾ ਖਾਸ ਰੂਪ ਹੈ। ਹਰਿਮੰਦਰ ਸਾਹਿਬ ਗੁਰੂ ਦਾ ਦੀਵਾਨ-ਏ-ਆਮ ਹੈ, ਜਿਥੇ ਸਿੱਖ ਸੰਗਤ ਜੁੜਦੀ ਹੈ। ਅਕਾਲ ਤਖਤ ਸਾਹਿਬ ਦੀਵਾਨ-ਏ-ਖਾਸ, ਜਿਥੇ ਸਿੰਘ ਇਕੱਤਰ ਹੁੰਦੇ ਹਨ। ਹਾਊਸ ਔਫ ਲੌਰਡਜ਼ ਅਤੇ ਹਾਊਸ ਔਫ ਕੌਮਨਜ਼, ਅਰਥਾਤ ਅੱਪਰ ਹਾਊਸ ਅਤੇ ਲੋਅਰ ਹਾਊਸ ਦਾ ਰਹੱਸ ਵੀ ਇਹੀ ਹੈ।
ਸਿੱਖ ਸਮਾਜ ਦੀਆਂ ਦੋ ਜਥੇਬੰਦੀਆਂ ਹਨ। ਪਹਿਲਾਂ ਸ਼ਿਰੋਮਣੀ ਕਮੇਟੀ ਬਣੀ ਫਿਰ ਅਕਾਲੀ ਦਲ। ਸ਼ਿਰੋਮਣੀ ਕਮੇਟੀ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਬਣਾਈ ਗਈ, ਪਰ ਸ਼ਿਰੋਮਣੀ ਅਕਾਲੀ ਦਲ ਰਾਜਸੀ ਅਗਵਾਈ ਲਈ। ਇੱਕ ਦਾ ਜ਼ਿੰਮਾ ਸੇਵਾ ਅਤੇ ਦੂਸਰੇ ਦਾ ਅਗਵਾਈ। ਸੇਵਾ ਲਈ ਸਿੱਖ ਦੀ ਜ਼ਰੂਰਤ ਹੈ ਅਤੇ ਅਗਵਾਈ ਲਈ ਸਿੰਘ ਦੀ। ਅਕਾਲੀ ਦਲ ਦਾ ਨਿਸ਼ਾਨਾ ਸੇਵਾ ਨਹੀਂ, ਰਾਜ ਹੈ ਅਤੇ ਸ਼ਿਰੋਮਣੀ ਕਮੇਟੀ ਦਾ ਰਾਜ ਨਹੀਂ, ਸੇਵਾ। ਰਾਜ ਕਰਨ ਵਾਲਿਆਂ ਦਾ ਪਰਿਪੱਕ ਹੋਣਾ ਲਾਜ਼ਮੀ ਹੈ। ਨਗਰ ਕੀਰਤਨ ਸਮੇਂ ਅਗਵਾਈ ਦੇਣ ਵਾਲੇ ਪੰਜ ਪਿਆਰੇ ਅੰਮ੍ਰਿਤਧਾਰੀ ਸਿੰਘ ਹੁੰਦੇ ਹਨ, ਪਰ ਪਿੱਛੇ ਆਉਣ ਵਾਲੀ ਸੰਗਤ ‘ਤੇ ਇਹ ਸ਼ਰਤ ਲਾਗੂ ਨਹੀਂ ਹੁੰਦੀ।
ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਸਿੱਖਾਂ ਦਾ ਸਿੰਘ ਹੋਣਾ ਲਾਜ਼ਮੀ ਹੈ। ਇਹ ਵੱਖਰੀ ਗੱਲ ਹੈ ਕਿ ਹੁਣ ਸਾਨੂੰ ਗੁਰੂ ਘਰਾਂ ਦੇ ਸੇਵਾਦਾਰਾਂ ਨੂੰ ਇੱਕ ਖਾਸ ਲਿਬਾਸ ਵਿਚ ਦੇਖਣ ਦੀ ਆਦਤ ਪੈ ਗਈ ਹੈ। ਜੇ ਇਹ ਸ਼ਰਤ ਹਟਾ ਦਿਤੀ ਜਾਵੇ ਤਾਂ ਸ਼ਾਇਦ ਸਾਨੂੰ ਕੁਝ ਚਿਰ ਬਹੁਤ ਅਜੀਬ ਮਹਿਸੂਸ ਹੋਵੇ ਜਾਂ ਬਿਲਕੁਲ ਹੀ ਅਣਹੋਣੀ ਗੱਲ ਲੱਗੇ।
ਇਵੇਂ ਹੀ ਸਾਡੀਆਂ ਅੱਖਾਂ ਨੂੰ ਜਿਸ ਤਰ੍ਹਾਂ ਦੇ ਅਕਾਲੀ ਦੇਖਣ ਦੀ ਆਦਤ ਹੁਣ ਪੈ ਚੁੱਕੀ ਹੈ, ਪੁਰਾਣੇ ਸਮਿਆਂ ਵਿਚ ਇਹੋ ਜਿਹੇ ਅਕਾਲੀ ਦੀ ਕਲਪਨਾ ਵੀ ਨਹੀਂ ਸੀ ਕੀਤੀ ਜਾ ਸਕਦੀ। ਪੁਰਾਣੇ ਸਮਿਆਂ ਵਿਚ ਜਦ ਅਕਾਲੀ ਸ਼ਬਦ ਸੁਣਦੇ ਸਾਂ ਤਾਂ ਮਨ ਵਿਚ ਇੱਕ ਤਸੱਵਰ ਸਾਕਾਰ ਹੁੰਦਾ ਸੀ, ਜਿਸ ਨੇ ਨੀਲੀ ਦਸਤਾਰ, ਵਿਚ ਚੱਕਰ, ਪ੍ਰਕਾਸ਼ ਦਾਹੜਾ, ਗਾਤਰੇ ਨਿੱਕੀ ਕਿਰਪਾਨ, ਹੱਥ ਵੱਡੀ ਕਿਰਪਾਨ, ਸ਼ਾਂਤ ਚਿਤ, ਨਿਮਰ ਭਾਵ, ਦ੍ਰਿੜ ਸ਼ਖਸੀਅਤ ਅਤੇ ਅਰਥ ਭਰਪੂਰ ਨਾਂ। ਅਕਾਲੀ ਫੂਲਾ ਸਿੰਘ ਤੋਂ ਉਰੇ ਅਕਾਲੀ ਕੀ ਹੋਇਆ!
ਹੁਣ ਅਕਾਲੀ ਸ਼ਬਦ ਸੁਣਦੇ ਹਾਂ ਤਾਂ ਮਨ ਵਿਚ ਜਿਹੜਾ ਤਸੱਵਰ ਸਾਕਾਰ ਹੁੰਦਾ ਹੈ, ਉਸ ਨੂੰ ਚਿਤਵ ਕੇ ਹੀ ਗਿਲਾਨੀ ਹੁੰਦੀ ਹੈ। ਰੰਗੀ ਹੋਈ ਤੁੰਨ੍ਹੀ ਜਾਂ ਮੁੰਨੀ ਦਾਹੜੀ, ਕਤਰੀਆਂ ਮੁੱਛਾਂ, ਬੇਗੈਰਤ ਹਾਵ-ਭਾਵ, ਲੱਜਾ ਰਹਿਤ ਦਿੱਖ ਅਤੇ ਭ੍ਰਿਸ਼ਟ ਪ੍ਰਭਾਵ। ਅਜਿਹੇ ਅਕਾਲੀ ਵੀ ਹਨ, ਜਿਹੜੇ ਦਸਤਾਰ ਨੂੰ ਵੀ ਅਲਵਿਦਾ ਕਹਿ ਚੁੱਕੇ ਹਨ ਅਤੇ ਕੱਟੇ ਵਾਲਾਂ ਨੂੰ ਜੈੱਲ ਲਗਾਈ ਫਿਰਦੇ ਹਨ। ਹੁਣ ਅਕਾਲੀ ਸ਼ਬਦ ਦਾ ਅਰਥ ਸਿੰਘ ਤਾਂ ਕਿਤੇ ਰਿਹਾ ਸਿੱਖ ਵੀ ਨਹੀਂ ਰਿਹਾ। ਇਵੇਂ ਲਗਦਾ ਹੈ, ਜਿਵੇਂ ਪਤਿਤ ਹੋਣਾ ਹੀ ਅਕਾਲੀ ਹੋਣ ਦੀ ਸ਼ਰਤ ਹੋਵੇ।
ਅਜੋਕੇ ਸਮਿਆਂ ਵਿਚ ਅਕਾਲੀ ਦਲ ਨੇ ਆਪਣੇ ਆਪ ਨੂੰ ਸਿੰਘ ਮਰਿਆਦਾ ਤੋਂ ਮੁਕਤ ਕਰ ਲਿਆ ਹੈ ਅਤੇ ਮਰਿਆਦਾ ਦਾ ਸਾਰਾ ਭਾਰ ਸੇਵਾ ਸੰਭਾਲ ‘ਤੇ ਲੱਦ ਦਿਤਾ ਹੈ। ਅਸਲ ਵਿਚ ਸ਼ਿਰੋਮਣੀ ਅਕਾਲੀ ਦਲ ‘ਤੇ ਅੰਮ੍ਰਿਤ ਦੀ ਮਰਿਆਦਾ ਲਾਗੂ ਹੋਣੀ ਲਾਜ਼ਮੀ ਹੈ, ਗੁਰਦੁਆਰਾ ਪ੍ਰਬੰਧਨ ਨੂੰ ਜਬਰਨ ਇਸ ਸ਼ਰਤ ਅਧੀਨ ਲਿਆਉਣਾ ਵਾਜਬ ਨਹੀਂ। ਧਰਤੀ ‘ਤੇ ਵਸਦੇ ਹਰ ਪ੍ਰਾਣੀ ਮਾਤਰ ਦਾ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰੇ ਅਤੇ ਸੇਵਾ ਸੰਭਾਲ ‘ਤੇ ਗੁਰੂ ਦਾ ਬਖਸ਼ਿਆ ਹੱਕ ਹੈ, ਜਿਸ ਨੂੰ ਖੋਹਣ ਦਾ ਹੱਕ ਕਿਸੇ ਕੋਲ ਵੀ ਨਹੀਂ।
ਅਗਵਾਈ ਦੇ ਸਿੰਘ ਫਰਜ਼ ਅਤੇ ਸੇਵਾ ਸੰਭਾਲ ਦੇ ਸਿੱਖ ਹੱਕਾਂ ਤੋਂ ਵਾਕਿਫ, ਰਾਣੀ ਜਿੰਦਾਂ ਨੇ ਸਹਜ ਰੂਪ ਸਿੱਖਾਂ ਨੂੰ ਸੇਵਾ ਸੰਭਾਲ ਦਾ ਜ਼ਿੰਮਾ ਸੌਂਪ ਕੇ ਕਲਗੀਆਂ ਵਾਲੇ ਦੇ ਸਿੰਘਾਂ ਨੂੰ ਮੋਹਰੇ ਹੋ ਜੂਝ ਮਰਨ ਦਾ ਫਰਜ਼ ਨਿਭਾਉਣ ਲਈ ਇਉਂ ਆਖਿਆ ਸੀ:
ਮਾਈ ਆਖਿਆ ਸਭ ਚੜ੍ਹ ਜਾਣ ਫੌਜਾਂ,
ਘੋੜ-ਚੜ੍ਹੇ ਨਾਹੀਂ ਏਥੇ ਰੱਖਣੇ ਜੀ।
ਮੁਸਲਮਾਨੀਆਂ ਪੜਤਲਾਂ ਰਹਿਣ ਏਥੇ,
ਬੂਹੇ ਸ਼ਹਿਰ ਦੇ ਰਹਿਣ ਨਾ ਸੱਖਣੇ ਜੀ।
ਕਲਗੀ ਵਾਲੜਾ ਖਾਲਸਾ ਹੋਊ ਮੋਹਰੇ,
ਅੱਗੇ ਹੋਰ ਗਰੀਬ ਨਾ ਧੱਕਣੇ ਜੀ।