ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ

ਬੂਟਾ ਸਿੰਘ
ਫੋਨ: 91-94634-74342
ਤਿੰਨ ਸਾਲ ਪਹਿਲਾਂ (16 ਫਰਵਰੀ 2010 ਨੂੰ) ਪੰਜਾਬ ਦੇ ਕਿਸਾਨ ਆਗੂ ਸਾਧੂ ਸਿੰਘ ਤਖ਼ਤੂਪੁਰਾ ਦਾ ਭੋਂਇ ਮਾਫ਼ੀਆ ਵਲੋਂ ਕਤਲ ਹੁਕਮਰਾਨ ਅਕਾਲੀ ਦਲ, ਪੁਲਿਸ ਤੇ ਗੁੰਡਾ ਗਰੋਹਾਂ ਦੇ ਲੋਕ ਵਿਰੋਧੀ ਗੱਠਜੋੜ ਦੀ ਘਿਣਾਉਣੀ ਕਾਰਵਾਈ ਸੀ। ਉਸ ਬਜ਼ੁਰਗ ਸ਼ਖਸੀਅਤ ਨੂੰ ਕਤਲ ਕਰ ਦਿੱਤਾ ਗਿਆ ਜਿਸ ਨੇ ਅਧਿਆਪਕ ਵਜੋਂ ਸੇਵਾ-ਮੁਕਤੀ ਲੈਣ ਤੋਂ ਬਾਅਦ ਘਰ ਬੈਠ ਕੇ ਅਰਾਮ ਕਰਨ ਅਤੇ ਔਲਾਦ ਤੋਂ ਸੇਵਾ ਕਰਾਉਣ ਦੀ ਥਾਂ ਗ਼ਰੀਬ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਉਨ੍ਹਾਂ ਨੂੰ ਜਥੇਬੰਦ ਕਰਨ ‘ਚ ਮਸਰੂਫ਼ ਹੋਣ ਦਾ ਬਿਖੜਾ ਰਾਹ ਚੁਣਿਆ। ਕਤਲ ਦੀ ਸਾਜ਼ਿਸ਼ ਦਾ ਮੁੱਖ ਸੂਤਰਧਾਰ ਅਜਨਾਲੇ ਤੋਂ ਸਾਬਕਾ ਐਮæਐਲ਼ਏæ ਤੇ ਅਕਾਲੀ ਆਗੂ ਬੀਰ ਸਿੰਘ ਲੋਪੋਕੇ ਸੀ। ਉਸ ਦੀ ਭੂਮਿਕਾ ਐਸਾ ਮੂੰਹ ਜ਼ੋਰ ਤੱਥ ਸੀ ਜਿਸ ਬਾਰੇ ਸ਼ੱਕ ਦੀ ਕੋਈ ਗੁੰਜਾਇਸ਼ ਵੀ ਨਹੀਂ ਸੀ, ਪਰ ਹੁਕਮਰਾਨ ਅਕਾਲੀ ਸਰਕਾਰ ਨੇ ਸਾਰੇ ਕਾਇਦੇ-ਕਾਨੂੰਨ ਛਿੱਕੇ ‘ਤੇ ਟੰਗ ਕੇ ਇਸ ਤੱਥ ਉੱਪਰ ਪਰਦਾ ਪਾਉਣ ਅਤੇ ਬੀਰ ਸਿੰਘ ਲੋਪੋਕੇ ਤੇ ਉਸ ਦੇ ਪਾਲੇ ਕਾਤਲ ਗਰੋਹ ਨੂੰ ਬਚਾਉਣ ਲਈ ਸਾਰੀ ਤਾਕਤ ਝੋਕ ਦਿੱਤੀ ਸੀ। ਕਤਲ ਵਿਚ ਉਸ ਦੀ ਭੂਮਿਕਾ ਨੂੰ ਸਵੀਕਾਰ ਕਰਨ ਦਾ ਅਰਥ ਹੋਣਾ ਸੀ, ਅਕਾਲੀ ਆਗੂਆਂ ਤੇ ਭੋਂਇ ਮਾਫ਼ੀਆ-ਗੁੰਡਾ ਗਰੋਹਾਂ ਦੇ ਗੱਠਜੋੜ ਨੂੰ ਸਵੀਕਾਰ ਕਰਨਾ ਜੋ ਪੰਜਾਬ ਦੇ ਵੱਖ ਵੱਖ ਖੇਤਰਾਂ ਵਿਚ ਮਾਲਕ ਕਿਸਾਨਾਂ ਤੇ ਅਬਾਦਕਾਰਾਂ ਨੂੰ ਉਜਾੜ ਕੇ ਇਨ੍ਹਾਂ ਜ਼ਮੀਨਾਂ ਉੱਪਰ ਨਾਜਾਇਜ਼ ਕਬਜ਼ੇ ਕਰਨ ਲਈ ਸਰਗਰਮ ਹੈ। ਬੀਰ ਸਿੰਘ ਲੋਪੋਕੇ ਬਾਦਲਕਿਆਂ ਦਾ ਖ਼ਾਸ-ਮ-ਖ਼ਾਸ ਹੈ। ਅਗਲੇ ਤਿੰਨ ਸਾਲਾਂ ‘ਚ ਸੂਬੇ ਵਿਚ ਵਾਪਰੇ ਵੱਖ-ਵੱਖ ਜੁਰਮਾਂ ਦੀ ਲੜੀ ਜ਼ਰੀਏ ਇਸ ਤਰ੍ਹਾਂ ਦੇ ਕਈ ਮੁਜਰਮਾਂ ਨਾਲ ਬਾਦਲਾਂ ਤੇ ਮਜੀਠੀਏ ਦੀਆਂ ਜੁੜੀਆਂ ਸਿਆਸੀ ਕੜੀਆਂ ਵਾਰ-ਵਾਰ ਸਾਹਮਣੇ ਆਉਣੀਆਂ ਸਨ।
ਕਤਲ ਦੀ ਐੱਫ਼ਆਈæਆਰæ ਵਿਚ ਸ਼ਾਮਲ ਲੋਪੋਕੇ ਦਾ ਅੰਮ੍ਰਿਤਸਰ ਵਿਚ ਕੇਂਦਰੀ ਗ੍ਰਹਿ ਮੰਤਰੀ ਦੀ ਫੇਰੀ ਸਮੇਂ ਇਕੱਠ ਦੀਆਂ ਵੀæਆਈæਪੀæ ਕਤਾਰਾਂ ‘ਚ ਸ਼ੁਸ਼ੋਭਿਤ ਹੋਣਾ ਸਪਸ਼ਟ ਇਸ਼ਾਰਾ ਸੀ ਕਿ ਉਸ ਦੇ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਣੀ। ਅਗਲੇ ਦਿਨਾਂ ‘ਚ ਇਹ ਗੱਲ ਸਾਫ਼ ਹੋ ਗਈ। ਕਤਲ ਦੀ ਐੱਫ਼ਆਈæਆਰæ ਵਿਚ ਬੀਰ ਸਿੰਘ ਲੋਪੋਕੇ ਨੂੰ ਸ਼ਾਮਲ ਕਰਨ ਵਾਲੇ ਐੱਸ਼ਐੱਸ਼ਪੀæ (ਜੀæਐੱਸ਼ ਚੌਹਾਨ) ਨੂੰ ਜਬਰੀ ਛੁੱਟੀ ‘ਤੇ ਭੇਜ ਦਿੱਤਾ ਗਿਆ। ਮੌਕੇ ‘ਤੇ ਮੌਜੂਦ ਚਾਰ ਜ਼ਖ਼ਮੀਆਂ (ਚਸ਼ਮਦੀਦ ਗਵਾਹਾਂ) ਵਲੋਂ ਦਿੱਤੇ ਬਿਆਨ ਘੱਟੇ ਵਿਚ ਰੋਲ ਦਿੱਤੇ ਗਏ। ਜਾਂਚ ਦੇ ਨਾਂ ਹੇਠ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਪਣੇ ਵਫ਼ਾਦਾਰ ਪੁਲਿਸ ਅਧਿਕਾਰੀਆਂ ਦੀ ਉਚੇਚੀ ਟੀਮ ਲਗਾ ਕੇ ਲੋਪੋਕੇ ਨੂੰ ਕਲੀਨ ਚਿੱਟ ਦਿੱਤੀ ਗਈ ਅਤੇ ਕਤਲ ਦੇ ਪਿਛੋਕੜ ਨੂੰ ਪੂਰੀ ਤਰ੍ਹਾਂ ਦਰ-ਕਿਨਾਰ ਕਰ ਕੇ ਇਸ ਨੂੰ ਅਚਾਨਕ ਤਕਰਾਰ ਦੌਰਾਨ ਹੋਈ ਮੌਤ ਦਾ ਸਾਧਾਰਨ ਮਾਮਲਾ ਬਣਾ ਦਿੱਤਾ ਗਿਆ; ਹਾਲਾਂਕਿ ਇਹ ਸਪਸ਼ਟ ਸੀ ਕਿ ਇੱਥੇ ਕਿਸਾਨ ਜਥੇਬੰਦੀ ਤੇ ਉਸ ਦੇ ਆਗੂ ਸਾਧੂ ਸਿੰਘ ਤਖ਼ਤੂਪੁਰਾ ਦਾ ‘ਤਕਰਾਰ’ ਕਿਸ ਨਾਲ ਸੀ-ਬੀਰ ਸਿੰਘ ਲੋਪੋਕੇ ਦੀ ਧਿਰ ਨਾਲ ਜਿਸ ਦੀ ਵਜ੍ਹਾ ਉਨ੍ਹਾਂ ਦਾ ਅਬਾਦਕਾਰਾਂ ਦੀਆਂ ਜ਼ਮੀਨਾਂ ਉੱਪਰ ਨਾਜਾਇਜ਼ ਕਬਜ਼ੇ ਕਰਨਾ ਸੀ। ਪੰਜਾਬ ਦੀਆਂ 22 ਕਿਸਾਨ ਮਜ਼ਦੂਰ ਜਥੇਬੰਦੀਆਂ ਵਲੋਂ ਨੰਗੀ-ਚਿੱਟੀ ਸਿਆਸੀ ਸ਼ਹਿ ‘ਤੇ ਹੋਏ ਇਸ ਕਤਲ ਖ਼ਿਲਾਫ਼ ਆਵਾਜ਼ ਉਠਾਈ ਗਈ, ਦਹਿ-ਹਜ਼ਾਰਾਂ ਲੋਕਾਂ ਵਲੋਂ ਇਸ ਖ਼ਿਲਾਫ਼ ਰੋਸ ਮੁਜ਼ਾਹਰੇ ਕਰ ਕੇ ਬੀਰ ਸਿੰਘ ਲੋਪੋਕੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਕੇ ਉਸ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਜਾਂਦੀ ਰਹੀ, ਪਰ ਮੁੱਖ ਮੰਤਰੀ ਵਲੋਂ ਜਥੇਬੰਦੀਆਂ ਦੇ ਅਵਾਮੀ ਵਫ਼ਦ ਨੂੰ ਦਿੱਤੀਆਂ ਇਨਸਾਫ਼ ਦੀਆਂ ਯਕੀਨ ਦਹਾਨੀਆਂ ਦੇ ਐਨ ਉਲਟ ਦੋਮ ਦਰਜੇ ਦੇ ਦੋਸ਼ੀਆਂ ਉੱਪਰ ਮੁਕੱਦਮੇਬਾਜ਼ੀ ਸ਼ੁਰੂ ਹੋ ਗਈ।
ਲੋਪੋਕੇ ਸਣੇ ਜਿਨ੍ਹਾਂ ਬੰਦਿਆਂ ਦੇ ਨਾਂ ਇਸ ਕਤਲ ‘ਚ ਸਾਹਮਣੇ ਆਏ, ਉਨ੍ਹਾਂ ਸਾਰਿਆਂ ਖ਼ਿਲਾਫ਼ ਪਹਿਲਾਂ ਹੀ ਹੋਰ ਫ਼ੌਜਦਾਰੀ ਪਰਚੇ ਦਰਜ ਸਨ ਜੋ ਉਨ੍ਹਾਂ ਦੇ ਮੁਜਰਮਾਨਾ ਪਿਛੋਕੜ ਦਾ ਪ੍ਰਤੱਖ ਪ੍ਰਮਾਣ ਸਨ। ਇਨ੍ਹਾਂ ਵਿਚ ਲੋਪੋਕੇ ਦਾ ਦਾਮਾਦ ਥਾਣੇਦਾਰ ਰਛਪਾਲ ਸਿੰਘ ਬਾਬਾ (ਜੋ ਇਸ ਭੋਂਇ ਮਾਫ਼ੀਆ ਦਾ ਅਨਿੱਖੜ ਹਿੱਸਾ ਹੈ) ਵੀ ਸ਼ਾਮਲ ਸੀ ਜਿਸ ਉੱਪਰ ਕਿਸਾਨ ਸੁੱਖਾ ਸਿੰਘ ਨੂੰ ਪੁਲਿਸ ਹਿਰਾਸਤ ਵਿਚ ਕੁੱਟ ਕੁੱਟ ਕੇ ਮਾਰ ਦੇਣ ਦਾ ਮੁਕੱਦਮਾ ਪਹਿਲਾਂ ਹੀ ਦਰਜ ਹੋ ਚੁੱਕਾ ਸੀ। ਦਰਅਸਲ ਸਾਧੂ ਸਿੰਘ ਤਖ਼ਤੂਪੁਰਾ ਦੀ ਅਗਵਾਈ ਹੇਠ ਕਿਸਾਨ ਜਥੇਬੰਦੀ ਇਸ ਕਾਤਲ ਥਾਣੇਦਾਰ ਨੂੰ ਗ੍ਰਿਫ਼ਤਾਰ ਕਰਾਉਣ ਅਤੇ ਕਿਸਾਨਾਂ ਦੀਆਂ ਜ਼ਮੀਨਾਂ ਹਥਿਆਉਣ ਵਾਲੇ ਭੋਂਇ ਮਾਫ਼ੀਏ ਵਿਰੁੱਧ ਹੀ ਲਾਮਬੰਦੀ ਕਰ ਰਹੀ ਸੀ। ਸਰਕਾਰ ਨੇ ਲੋਪੋਕੇ ਨੂੰ ਕਲੀਨ ਚਿੱਟ ਦੇ ਕੇ ਸਾਫ਼ ਸਿਆਸੀ ਸੰਕੇਤ ਦੇ ਦਿੱਤਾ ਕਿ ਉਨ੍ਹਾਂ ਦੀ ਰਾਜਸੀ ਛੱਤਰੀ ਹੇਠ ਗ਼ਰੀਬ ਕਿਸਾਨਾਂ ਦੀਆਂ ਜ਼ਮੀਨਾਂ ਹਥਿਆਉਣ ਵਾਲਿਆਂ ਅਤੇ ਇਸ ਖ਼ਾਤਰ ਅਜਿਹੇ ਕਤਲ ਕਰਨ ਵਾਲਿਆਂ ਨੂੰ ਤੱਤੀ ਵਾਅ ਵੀ ਨਹੀਂ ਲੱਗੇਗੀ!
ਹੁਣ 14 ਜਨਵਰੀ, 2013 ਨੂੰ ਇਸ ਕਤਲ ਕੇਸ ‘ਚ ਸ਼ਾਮਲ ਮੁਜਰਮ ਸੰਦੀਪ ਸਿੰਘ ਨੇ ਟਰਾਇਲ ਅਦਾਲਤ ‘ਚ ਜੋ ਦਰਖ਼ਾਸਤਨੁਮਾ ਇਕਬਾਲੀਆ ਬਿਆਨ ਦਿੱਤਾ ਹੈ, ਉਸ ਨੇ ਬੀਰ ਸਿੰਘ ਲੋਪੋਕੇ ਦੀ ਕਤਲ ‘ਚ ਮੁੱਖ ਭੂਮਿਕਾ ‘ਤੇ ਮੋਹਰ ਲਾ ਕੇ ਪੂਰੀ ਸਾਜ਼ਿਸ਼ ਤੋਂ ਪਰਦਾ ਚੁੱਕ ਦਿੱਤਾ ਹੈ। ਇਸ ਨੇ ਹੁਕਮਰਾਨ ਧਿਰ ਦੀ ਭੂਮਿਕਾ ਵੀ ਕਟਹਿਰੇ ‘ਚ ਖੜ੍ਹੀ ਕਰ ਦਿੱਤੀ ਹੈ। ਉਸ ਨੇ ਆਪਣੇ ਬਿਆਨ ਵਿਚ ਸਪਸ਼ਟ ਕਿਹਾ ਹੈ ਕਿ ਉਹ “ਸਾਬਕਾ ਐੱਮæਐੱਲ਼ਏæ ਬੀਰ ਸਿੰਘ ਲੋਪੋਕੇæææਅਤੇ ਰਛਪਾਲ ਸਿੰਘ ਬਾਬਾ ਦਾ ਭਾਰੀ ਵਿਸ਼ਵਾਸਪਾਤਰ ਅਤੇ ਬਹੁਤ ਹੀ ਨਜ਼ਦੀਕੀ ਰਿਹਾ ਹੈ ਜਿਨ੍ਹਾਂ ਉੱਪਰ ਐੱਫ਼ਆਈæਆਰæ ਵਿਚ ਸ਼ਿਕਾਇਤ ਕਰਤਾ ਧਿਰ ਨੇ ਇਸ ਮਾਮਲੇ ‘ਚ ਸ਼ਾਮਲ ਹੋਣ ਦਾ ਦੋਸ਼ ਲਾਇਆ ਹੈ।”
ਉਸ ਦਾ ਵਾਅਦਾ ਮੁਆਫ਼ ਬਣਨ ਦਾ ਇਰਾਦਾ ਕਿਉਂ ਬਣਿਆ, ਇਸ ਦਾ ਸਪਸ਼ਟੀਕਰਨ ਉਸ ਨੇ ਇਸ ਤਰ੍ਹਾਂ ਦਿੱਤਾ ਹੈ: “æææਮਰਹੂਮ ਸਾਧੂ ਸਿੰਘ ਤਖ਼ਤੂਪੁਰਾ ਨੇਕ ਇਨਸਾਨ ਸੀ ਜੋ ਇਲਾਕੇ ਵਿਚ ਜ਼ਮੀਨਾਂ ਹਥਿਆਉਣ ਵਾਲਿਆਂ ਤੋਂ ਗ਼ਰੀਬ ਕਿਸਾਨਾਂ ਨੂੰ ਬਚਾਉਣ ਲਈ ਅਣਥੱਕ ਸੰਘਰਸ਼ ਕਰ ਰਿਹਾ ਸੀ। ਉਸ ਨਾਲ ਵਿਆਪਕ ਹਮਦਰਦੀ ਦੀ ਲਹਿਰ ਉੱਠੀ ਅਤੇ ਉਸ ਦੇ ਕਤਲ ਦੀ ਵਿਆਪਕ ਨਿਖੇਧੀ ਹੋਈ ਹੈ। ਮੈਂ ਕਿਉਂਕਿ ਸਾਧੂ ਸਿੰਘ ਤਖ਼ਤੂਪੁਰਾ ਦੇ ਕਤਲ ਵਿਚ ਸ਼ਾਮਲ ਸੀ, ਇਸ ਕਾਰਨ ਵੱਡੀ ਤਾਦਾਦ ‘ਚ ਲੋਕਾਂ ਵਲੋਂ ਕੀਤੀ ਨਿਖੇਧੀ ਅਤੇ ਪਾਈ ਫਿੱਟ-ਲਾਹਣਤ ਮੇਰੀ ਜ਼ਮੀਰ ਨੂੰ ਡੂੰਘੇ ਰੂਪ ‘ਚ ਝੰਜੋੜਦੀ ਰਹੀ ਹੈ। ਇਸ ਮਾਮਲੇ ‘ਚ ਆਪਣੀ ਭੂਮਿਕਾ ਤੇ ਜ਼ਿੰਮੇਵਾਰੀ ਬਾਰੇ ਮਨ ‘ਚ ਵਿਚਾਰ ਕਰਦਿਆਂ, ਮੈਂ ਐਨਾ ਪ੍ਰੇਸ਼ਾਨ ਰਿਹਾ ਹਾਂ ਕਿ ਬਹੁਤ ਸਾਰੀਆਂ ਰਾਤਾਂ ਮੈਂ ਜਾਗ ਕੇ ਕੱਟੀਆਂ ਤੇ ਸੌਂ ਨਹੀਂ ਸਕਿਆ। ਸਹਿਜੇ-ਸਹਿਜੇ ਮੈਂ ਇਸ ਸਿੱਟੇ ‘ਤੇ ਪੁੱਜਿਆ ਹਾਂ ਕਿ ਮੌਜੂਦਾ ਮੋੜ ‘ਤੇ ਖ਼ਾਮੋਸ਼ ਰਹਿ ਕੇ ਉਨ੍ਹਾਂ ਕੁਝ ਦੋਸ਼ੀਆਂ ਦੇ ਸਾਫ਼ ਬਚ ਜਾਣ ਦੀ ਇਜਾਜ਼ਤ ਦੇਣ ਦਾ ਸਿੱਟਾ ਇਨਸਾਫ਼ ਨਾ ਮਿਲਣ ‘ਚ ਨਿਕਲੇਗਾ, ਜਿਨ੍ਹਾਂ ਨੇ ਸਾਧੂ ਸਿੰਘ ਤਖ਼ਤੂਪੁਰਾ ਦੇ ਕਤਲ ਦੀ ਸਾਜ਼ਿਸ਼ ਰਚਣ, ਇਸ ਦੀ ਗੋਂਦ ਗੁੰਦਣ ਅਤੇ ਇਸ ਨੂੰ ਅੰਜ਼ਾਮ ਦੇਣ ‘ਚ ਅਹਿਮ ਭੂਮਿਕਾ ਨਿਭਾਈ ਸੀ; ਕਿਉਂਕਿ ਉਹ ਗ਼ਰੀਬ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਵਾਲਿਆਂ ਦੇ ਚੰਦਰੇ ਮਨਸੂਬਿਆਂ ਲਈ ਗੰਭੀਰ ਖ਼ਤਰਾ ਬਣ ਗਿਆ ਸੀ। ਜੇ ਅਜਿਹਾ ਹੋ ਜਾਂਦਾ ਹੈ ਤਾਂ ਮੇਰੀ ਆਤਮਾ ਹਮੇਸ਼ਾ ਲਈ ਦਾਗ਼ੀ ਹੋ ਜਾਵੇਗੀ ਅਤੇ ਮੈਂ ਬਾਕੀ ਜ਼ਿੰਦਗੀ ਗੁਨਾਹ ਦਾ ਬੋਝ ਢੋਣ ਲਈ ਸਰਾਪਿਆ ਜਾਵਾਂਗਾ”।
ਸੰਦੀਪ ਸਿੰਘ ਦੇ ਵਾਅਦਾ ਮੁਆਫ਼ ਬਣਨ ਦੀ ਪੇਸ਼ਕਸ਼ ਅਤੇ ਕਤਲ ਦੀ ਪੂਰੀ ਸਾਜ਼ਿਸ਼ ਤੋਂ ਪਰਦਾ ਚੁੱਕ ਦੇਣ ਨੇ ਚਸ਼ਮਦੀਦ ਗਵਾਹਾਂ ਤੇ ਕਿਸਾਨ ਜਥੇਬੰਦੀਆਂ ਦਾ ਪੱਖ ਮਜ਼ਬੂਤ ਕਰ ਦਿੱਤਾ ਹੈ, ਪਰ ਬੀਰ ਸਿੰਘ ਲੋਪੋਕੇ ਨੂੰ ਬਚਾਉਣ ਲਈ ਹਰ ਹਰਬਾ ਵਰਤਣ ਵਾਲੀ ਹਕੂਮਤ ਕੀ ਅਦਾਲਤੀ ਮਾਮਲੇ ਨੂੰ ਨਿਰਵਿਘਨ ਚੱਲਣ ਦੀ ਇਜਾਜ਼ਤ ਦੇਵੇਗੀ? ਕੀ ਲੋਪੋਕੇ ਵਰਗੇ ਸਰਕਾਰੇ-ਦਰਬਾਰੇ ਵੱਡੀ ਪੁੱਗਤ ਵਾਲੇ ਮੁਜਰਮ ਇਸ ਨੂੰ ਬਰਦਾਸ਼ਤ ਕਰਨਗੇ? ਕੀ ਅਦਾਲਤ ਇਸ ਵਾਅਦਾ ਮੁਆਫ਼ ਗਵਾਹ ਦੀ ਸੁਰੱਖਿਆ ਯਕੀਨੀ ਬਣਾਏਗੀ? ਕੀ ਅਦਾਲਤ ਪਾਰਦਰਸ਼ੀ ਢੰਗ ਨਾਲ ਕੰਮ ਕਰਦਿਆਂ ਮੁੱਖ ਦੋਸ਼ੀ ਨੂੰ ਮੁਕੱਦਮੇ ‘ਚ ਸ਼ਾਮਲ ਕਰੇਗੀ? ਜੇ ਉਸ ਨੂੰ ਮੁਕੱਦਮੇ ‘ਚ ਸ਼ਾਮਲ ਕਰ ਵੀ ਲਿਆ ਜਾਂਦਾ ਹੈ, ਕੀ ਉਸ ਨੂੰ ਬਣਦੀ ਸਜ਼ਾ ਮਿਲੇਗੀ?
ਭਾਰਤ ਦੀ ਨਿਆਂ ਪ੍ਰਣਾਲੀ ਜਿੰਨੇ ਸਿਆਸੀ ਦਬਾਅ ਹੇਠ ਕੰਮ ਕਰ ਰਹੀ ਹੈ, ਇਸ ਵਿਚ ਭ੍ਰਿਸ਼ਟਾਚਾਰ ਦਾ ਜਿੰਨਾ ਬੋਲਬਾਲਾ ਹੈ ਜਿਸ ਬਾਰੇ ਮੁਲਕ ਦੀ ਸਰਵ-ਉੱਚ ਅਦਾਲਤ ਦੇ ਜੱਜ ਹੀ ਕਿੰਨੀ ਵਾਰ ਚਿੰਤਾ ਜ਼ਾਹਿਰ ਕਰ ਚੁੱਕੇ ਹਨ, ਉਸ ਨੂੰ ਦੇਖਦਿਆਂ ਇਸ ਦੀ ਉਮੀਦ ਬਹੁਤ ਘੱਟ ਹੈ। ਦਿੱਲੀ ਵਿਚ ਸਿੱਖਾਂ ਦਾ ਘਾਣ ਕਰਨ ਵਾਲੇ ਸਿਆਸੀ ਗੁੰਡਿਆਂ ਵਿਚੋਂ ਕਿੰਨਿਆਂ ਨੂੰ ਅਦਾਲਤਾਂ ਨੇ ਬਣਦੀ ਸਜ਼ਾ ਦਿੱਤੀ ਹੈ? ਛੱਤੀਸਗੜ੍ਹ ਦੇ ਜਾਨਦਾਰ ਮਜ਼ਦੂਰ ਆਗੂ ਸ਼ੰਕਰ ਗੁਹਾ ਨਿਯੋਗੀ ਦੇ ਅਸਲ ਕਾਤਲ ਆਖ਼ਿਰ ਸਰਵਉੱਚ ਅਦਾਲਤ ‘ਚ ਜਾ ਕੇ ਬਰੀ ਹੋ ਹੀ ਗਏ!
ਇਸ ਨੂੰ ਪੰਜਾਬ ‘ਚ ਰਾਜ-ਤੰਤਰ ਦੀ ਕਾਰਗੁਜ਼ਾਰੀ ਦੇ ਮੱਦੇਨਜ਼ਰ ਵੀ ਸਮਝਣ ਦੀ ਲੋੜ ਹੈ। ਫ਼ਰੀਦਕੋਟ ਦੇ ਸ਼ਰੂਤੀ ਅਗਵਾ ਮਾਮਲੇ ਦਾ ਮੁੱਖ ਦੋਸ਼ੀ ਨਿਸ਼ਾਨ ਸਿੰਘ ਜੇਲ੍ਹ ‘ਚ ਬੈਠਾ ਮੁੱਖ ਗਵਾਹਾਂ ਨੂੰ ਮੋਬਾਈਲ ਫ਼ੋਨ ਉੱਪਰ ਧਮਕੀਆਂ ਦੇ ਰਿਹਾ ਹੈ। ਜੇਲ੍ਹ ‘ਚ ਕੈਦੀਆਂ ਦੇ ਫ਼ੋਨ ਰੱਖਣ ਉੱਪਰ ਮੁਕੰਮਲ ਮਨਾਹੀ ਹੈ ਪਰ ਉਸ ਨੂੰ ਸ਼ਰੇਆਮ ਫ਼ੋਨ ਰੱਖਣ ਦੀ ਖੁੱਲ੍ਹ ਕਿਵੇਂ ਮਿਲ ਗਈ? ਇਨ੍ਹਾਂ ਹਾਲਾਤ ‘ਚ ਅਵਾਮ ਲਈ ਆਪਣੀ ਸੁਰੱਖਿਆ ਦੀ ਉਮੀਦ ਰਾਜ-ਤੰਤਰ ਤੋਂ ਨਾ ਕਰਨ ਅਤੇ ਆਪਣੀਆਂ ਜਮਹੂਰੀ ਜਥੇਬੰਦੀਆਂ ਨੂੰ ਮਜ਼ਬੂਤ ਕਰਦੇ ਹੋਏ ਜ਼ੋਰਦਾਰ ਦਬਾਅ ਬਣਾ ਕੇ ਰਾਜ-ਤੰਤਰ ਨੂੰ ਸੱਚ ਸੁਣਨ ਲਈ ਮਜਬੂਰ ਕਰਨ ਦਾ ਸਵਾਲ ਵੱਧ ਅਹਿਮ ਬਣ ਗਿਆ ਹੈ। ਇਹ ਕਿਉਂਕਿ ਮਹਿਜ਼ ਇਕ ਕਾਤਲ ਨੂੰ ਸਜ਼ਾ ਦਿਵਾਉਣ ਦਾ ਹੀ ਨਹੀਂ, ਸਗੋਂ ਅਵਾਮ ਦੇ ਹਿੱਤਾਂ ਦੀ ਰਾਖੀ ਅਤੇ ਉਨ੍ਹਾਂ ਲਈ ਇਨਸਾਫ਼ ਲੈਣ ਦਾ ਸਵਾਲ ਹੈ।
______________________________________________
ਇੰਜ ਦਿੱਤਾ ਸੀ ਕਤਲ ਨੂੰ ਅੰਜ਼ਾਮ
æææਜਨਵਰੀ 2010 ਤੋਂ ਲੈ ਕੇ (ਉਹ) ਉਨ੍ਹਾਂ ਵੱਖ-ਵੱਖ ਮੌਕਿਆਂ ‘ਤੇ ਮੌਜੂਦ ਸੀ ਜਦੋਂ ਬੀਰ ਸਿੰਘ ਲੋਪੋਕੇ, ਰਛਪਾਲ ਸਿੰਘ ਬਾਬਾ, ਸਰਬਜੀਤ ਸਿੰਘ ਲੋਧੀ ਗੁੱਜਰ, ਕੁਲਵਿੰਦਰ ਸਿੰਘ ਸੌਰੀਆਂ, ਰਣਧੀਰ ਸਿੰਘ ਰਾਣਾ, ਡਾæ ਸਰਬਜੀਤ ਸਿੰਘ ਆਦਿ ਨੇ ਸਾਧੂ ਸਿੰਘ ਤਖ਼ਤੂਪੁਰਾ ਦੇ ਕਤਲ ਦੀ ਸਾਜ਼ਿਸ਼ ਘੜੀ, ਅਤੇ ਇਸ ਨੂੰ ਅੰਜ਼ਾਮ ਦੇਣ ਦੀਆਂ ਵਿਉਂਤਾਂ ਬਣਾਈਆਂ। 16æ02æ2010 ਨੂੰ ਵੀ ਉਹ ਪਿੰਡ ਲੋਪੋਕੇ ‘ਚ ਵੀਰ ਸਿੰਘ ਲੋਪੋਕੇ ਦੇ ਘਰ ਮੌਜੂਦ ਸੀ, ਜਦੋਂ ਉਸ, ਰਛਪਾਲ ਸਿੰਘ ਬਾਬਾ, ਕੁਲਵਿੰਦਰ ਸਿੰਘ ਸੌਰੀਆਂ, ਸਰਬਜੀਤ ਸਿੰਘ ਲੋਧੀ ਗੁੱਜਰ, ਰਣਧੀਰ ਸਿੰਘ ਰਾਣਾ ਵਗੈਰਾ ਨੇ ਉਸ ਨੂੰ ਤੇ ਹੋਰ ਦੋਸ਼ੀਆਂ ਨੂੰ ਇਸ ਲਈ ਪ੍ਰੇਰਿਆ, ਜਿਨ੍ਹਾਂ ਨੂੰ ਉਪਰੋਕਤ ਵਿਅਕਤੀਆਂ ਨੇ ਇਹ ਜਾਣਕਾਰੀ ਮਿਲਣ ਤੋਂ ਬਾਅਦ ਉੱਥੇ ਇਕੱਠੇ ਕੀਤਾ ਸੀ ਕਿ ਸਾਧੂ ਸਿੰਘ ਤਖ਼ਤੂਪੁਰਾ 17æ02æ2010 ਨੂੰ ਅਜਨਾਲਾ ਵਿਖੇ ਦਿੱਤੇ ਜਾਣ ਵਾਲੇ ਧਰਨੇ ਲਈ ਲੋਕਾਂ ਨੂੰ ਲਾਮਬੰਦ ਕਰ ਰਿਹਾ ਹੈ ਜਿਸ ਦੀ ਮੰਗ ਰਛਪਾਲ ਸਿੰਘ ਬਾਬਾ ਨੂੰ ਗ੍ਰਿਫ਼ਤਾਰ ਕਰਨ ਦੀ ਸੀ ਜੋ ਬੀਰ ਸਿੰਘ ਲੋਪੋਕੇ ਦਾ ਨਜ਼ਦੀਕੀ ਰਿਸ਼ਤੇਦਾਰ ਹੈ।
ਉਨ੍ਹਾਂ ਨੂੰ ਕਿਹਾ ਗਿਆ ਕਿ ਸਾਧੂ ਸਿੰਘ ਤਖ਼ਤੂਪੁਰਾ ਦਾ ਪਿੱਛਾ ਕਰ ਕੇ ਉਸ ਨੂੰ ਕਤਲ ਕਰ ਦਿਉ। ਇਸ ਯੋਜਨਾ ਨੂੰ ਅਮਲ ‘ਚ ਲਿਆਉਂਦਿਆਂ ਉਸੇ ਦਿਨ ਸਾਧੂ ਸਿੰਘ ਤਖ਼ਤੂਪੁਰਾ ਨੂੰ ਕਤਲ ਕਰ ਦਿੱਤਾ ਗਿਆ। ਉਹ ਉਸ ਵਕਤ ਉੱਥੇ ਮੌਜੂਦ ਸੀ ਜਦੋਂ ਰਣਧੀਰ ਸਿੰਘ ਰਾਣਾ, ਡਾæ ਸ਼ਰਨਜੀਤ ਸਿੰਘ, ਤੇਜਿੰਦਰ ਸਿੰਘ ਕਾਲਾ ਉਰਫ਼ ਜਤਿੰਦਰ ਸਿੰਘ ਅਤੇ ਹੋਰਨਾਂ ਨੇ ਸਾਧੂ ਸਿੰਘ ਤਖ਼ਤੂਪੁਰਾ ਤੇ ਉਸ ਦੇ ਨਾਲ ਦਿਆਂ ਉੱਪਰ 16æ02æ2010 ਨੂੰ ਪਿੰਡ ਘੋਗਾ ਨੇੜੇ ਧੁਸੀ ਬੰਨ੍ਹ ਉੱਪਰ ਹਮਲਾ ਕਰ ਕੇ ਸਾਧੂ ਸਿੰਘ ਤਖ਼ਤੂਪੁਰਾ ਨੂੰ ਕਤਲ ਕਰ ਦਿੱਤਾ ਅਤੇ ਉਸ ਦੇ ਨਾਲ ਦਿਆਂ ਨੂੰ ਫੱਟੜ ਕਰ ਦਿੱਤਾæææ।

Be the first to comment

Leave a Reply

Your email address will not be published.