ਕਲਿਜੁਗ ਜੋ ਫੇੜੇ ਸੋ ਪਾਵੈ

ਡਾæ ਗੁਰਨਾਮ ਕੌਰ ਕੈਨੇਡਾ
ਪਿਛਲੇ ਤੋਂ ਪਿਛਲੇ ਲੇਖ ਵਿਚ ਅਸੀਂ, ਭਾਈ ਗੁਰਦਾਸ ਦੇ ਕਥਨ ਨੂੰ ਧਿਆਨ ਵਿਚ ਰੱਖ ਕੇ Ḕਸਾਂਖ ਦਰਸ਼ਨḔ ਅਤੇ Ḕਅਥਰਵ ਵੇਦḔ ਸਬੰਧੀ ਵਿਚਾਰ-ਚਰਚਾ ਕੀਤੀ ਸੀ। ਦੇਖਣ ਵਾਲੀ ਗੱਲ ਇਹ ਹੈ ਕਿ ਪਹਿਲੇ ਤਿੰਨ ਸ਼ਾਸਤਰਾਂ-ਨਿਆਇ, ਮੀਮਾਂਸਾ ਅਤੇ ਵੇਦਾਂਤ ਦਾ ਸਬੰਧ ਜਿੱਥੇ ਰਿਗ, ਯਜੁਰ ਅਤੇ ਸਿਆਮ, ਤਿੰਨ ਵੱਖਰੇ ਵੱਖਰੇ ਵੇਦਾਂ ਨਾਲ ਦੱਸਿਆ ਹੋਇਆ ਹੈ ਅਤੇ ਇਹ ਵੀ ਕਿ ਇਨ੍ਹਾਂ ਤਿੰਨਾਂ ਵੇਦਾਂ ਦੀ ਰਚਨਾ ਸਤਿਯੁਗ, ਤ੍ਰੇਤਾ ਅਤੇ ਦੁਆਪਰ ਯੁੱਗ ਵਿਚ ਹੋਈ ਮੰਨੀ ਗਈ ਹੈ; ਉਥੇ ਕਪਲ ਰਿਸ਼ੀ ਦੇ ਸਾਂਖ, ਕਣਾਦ ਦੇ ਵੈਸ਼ੇਸ਼ਕ ਅਤੇ ਪਾਤੰਜਲੀ ਰਿਸ਼ੀ ਦੇ ਯੋਗ ਸ਼ਾਸਤਰ ਜਾਂ ਨਾਗ ਸ਼ਾਸਤਰ-ਤਿੰਨਾਂ ਦਾ ਹੀ ਸਬੰਧ ਅਥਰਵ ਵੇਦ ਨਾਲ ਦੱਸਿਆ ਗਿਆ ਹੈ

ਅਤੇ ਇਹ ਵੀ ਕਿ ਅਥਰਵ ਵੇਦ ਦੀ ਰਚਨਾ ਕਲਯੁਗ ਵਿਚ ਹੋਈ ਹੈ। ਅਥਰਵ ਵੇਦ ਦੀ ਸੰਖੇਪ ਜਾਣਕਾਰੀ ਅਸੀਂ ਕਪਿਲ ਰਿਸ਼ੀ ਦੇ ਸਾਂਖ ਸ਼ਾਸਤਰ ਦੀ ਚਰਚਾ ਕਰਦਿਆਂ ਸਾਂਝੀ ਕਰ ਚੁੱਕੇ ਹਾਂ। ਹੁਣ ਤੇਰਵੀਂ ਪਉੜੀ ਵਿਚ ਭਾਈ ਗੁਰਦਾਸ ਕਣਾਦ ਰਿਸ਼ੀ ਦੁਆਰਾ ਰਚਿਤ ਵੈਸ਼ੇਸ਼ਕ ਸ਼ਾਸਤਰ ਦੀ ਗੱਲ ਕਰਦੇ ਹਨ।
ਵੈਸ਼ੇਸ਼ਕ ਹਿੰਦੂ ਧਰਮ ਦੇ ਛੇ ਸ਼ਾਸਤਰਾਂ ਵਿਚੋਂ ਇੱਕ ਹੈ ਜਿਸ ਦਾ ਸਬੰਧ ਇਤਿਹਾਸਕ ਤੌਰ ‘ਤੇ ਗੌਤਮ ਰਿਸ਼ੀ ਦੇ ਨਿਆਇ ਸ਼ਾਸਤਰ ਨਾਲ ਬਹੁਤ ਨੇੜੇ ਦਾ ਮੰਨਿਆ ਗਿਆ ਹੈ। ਇਸ ਦੀ ਮੂਲ ਰੂਪ ਵਿਚ ਰਚਨਾ ਦੂਸਰੀ ਪੂਰਬ ਈਸਵੀ ਸਦੀ ਵਿਚ ਕਣਾਦ ਰਿਸ਼ੀ ਨੇ ਕੀਤੀ। ਇੱਕ ਵਿਆਖਿਆ ਅਨੁਸਾਰ ਕਣਾਦ ਰਿਸ਼ੀ ਨੂੰ ਕਣ-ਭਕ ਜਾਂ ਕਣਭਕਸ਼ਕ ਵੀ ਕਿਹਾ ਜਾਂਦਾ ਹੈ ਜਿਸ ਦਾ ਅਰਥ ਹੈ ਕਣ ਭਾਵ ਅਣੂ/ਪ੍ਰਮਾਣੂ ਖਾਣ ਵਾਲਾ। ਵੈਸ਼ੇਸ਼ਕ ਨੇ ਅਣੂ/ਪ੍ਰਮਾਣੂਵਾਦ ਦਾ ਸਿਧਾਂਤ ਦਿੱਤਾ ਹੈ ਜਿਸ ਦਾ ਆਧਾਰ ਤੱਤ ਇਹ ਦਿੱਤਾ ਗਿਆ ਹੈ ਕਿ ਭੌਤਿਕ ਜਗਤ ਦੇ ਸਾਰੇ ਪਦਾਰਥ ਅਣੂਆਂ/ਪ੍ਰਮਾਣੂਆਂ ਦੀ ਸੀਮਤ ਗਿਣਤੀ ਤੱਕ ਘਟਾਉਣ ਯੋਗ ਹਨ। ਬੇਸ਼ੱਕ ਵੈਸ਼ੇਸ਼ਕ ਸ਼ਾਸਤਰ ਦਾ ਵਿਕਾਸ ਨਿਆਇ ਸ਼ਾਸਤਰ ਤੋਂ ਸੁਤੰਤਰ ਰੂਪ ਵਿਚ ਹੋਇਆ ਪਰ ਅੰਤ ਵਿਚ ਦੋਵੇਂ ਆਪਣੇ ਪਰਾਭੌਤਿਕ ਸਿਧਾਂਤਾਂ ਦੀ ਬਹੁਤ ਨੇੜਤਾ ਕਾਰਨ ਇੱਕ-ਦੂਸਰੇ ਵਿਚ ਸਮਿਲਤ ਹੋ ਗਏ। ਆਪਣੇ ਪਰੰਪਰਕ ਰੂਪ ਵਿਚ ਵੈਸ਼ੇਸ਼ਕ ਸ਼ਾਸਤਰ ਨਿਆਇ ਸ਼ਾਸਤਰ ਤੋਂ ਇਕ ਨਿਰਣਾਕਾਰੀ ਨੁਕਤੇ ਕਾਰਨ ਭਿੰਨਤਾ ਰੱਖਦਾ ਹੈ। ਜਿੱਥੇ ਨਿਆਇ ਸ਼ਾਸਤਰ ਪ੍ਰਮਾਣਿਕ ਗਿਆਨ ਦੇ ਚਾਰ ਸਰੋਤ ਮੰਨਦਾ ਹੈ, ਉਥੇ ਵੈਸ਼ੇਸ਼ਕ ਸਿਰਫ ਪ੍ਰਤੱਖ ਅਤੇ ਅਨੁਮਾਨ-ਦੋ ਨੂੰ ਹੀ ਪ੍ਰਮਾਣਿਕ ਗਿਆਨ ਦੇ ਸੋਮੇ ਮੰਨਦਾ ਹੈ। ਬੇਸ਼ੱਕ ਕਣਾਦ ਦੇ ਮੁਢਲੇ ਅਸਲੀ ਦਰਸ਼ਨ ਵਿਚ ਤਾਂ ਨਹੀਂ, ਪ੍ਰੰਤੂ ਪਿੱਛੋਂ ਦੇ ਵੈਸ਼ੇਸ਼ਕ ਦਰਸ਼ਨ ਦਾ ਪ੍ਰਮਾਣੂ-ਸਿਧਾਂਤ ਆਧੁਨਿਕ ਵਿਗਿਆਨ ਦੇ ਅਣੂ/ਪ੍ਰਮਾਣੂ ਸਿਧਾਂਤ ਤੋਂ ਇਸ ਦਾਅਵੇ ਕਰਕੇ ਭਿੰਨਤਾ ਰੱਖਦਾ ਹੈ ਕਿ ਅਣੂਆਂ/ਪ੍ਰਮਾਣੂਆਂ ਦੀ ਕਾਰਜਸ਼ੀਲਤਾ (ਉਨ੍ਹਾਂ ਦਾ ਚਰਿਤਰਨ ਜਿਸ ਕਰਕੇ ਉਹ ਆਪਣੇ ਤਰੀਕੇ ਨਾਲ ਕਾਰਜ ਕਰਦੇ ਹਨ) ਪਰਮ-ਹਸਤੀ ਦੀ ਇੱਛਾ ਦੀ ਅਗਵਾਈ ਵਿਚ ਹੁੰਦੀ ਹੈ। ਇਸ ਤਰ੍ਹਾਂ ਇਹ ਅਣੂ/ਪ੍ਰਮਾਣੂਵਾਦ ਦਾ ਈਸ਼ਵਰਵਾਦੀ ਸਿਧਾਂਤ ਹੈ।
ਵੈਸ਼ੇਸ਼ਕ ਦਰਸ਼ਨ ਦਾ ਮੁੱਢਲਾ ਵਿਵਸਥ ਪ੍ਰਸਤੁਤੀਕਰਨ ਕਣਾਦ ਰਿਸ਼ੀ ਦੇ ਵੈਸ਼ੇਸ਼ਕ ਸੂਤਰ ਵਿਚ ਪਾਇਆ ਜਾਂਦਾ ਹੈ। ਇਹ ਪੁਸਤਕ ਅੱਗੋਂ ਦਸ ਭਾਗਾਂ ਜਾਂ ਪੁਸਤਕਾਂ ਵਿਚ ਵੰਡੀ ਹੋਈ ਹੈ। ਵੈਸ਼ੇਸ਼ਕ ਸੂਤਰ ਤੇ ਦੋ ਭਾਸ਼ ਜਾਂ ਟੀਕੇ ਰਾਵਨਭਾਸ਼ਿਅ ਅਤੇ ਭਾਰਦਵਾਜਵ੍ਰਤੀ ਹੁਣ ਪ੍ਰਾਪਤ ਨਹੀਂ ਹਨ। ਪ੍ਰਸ਼ਸਤਪਾਦ ਦਾ ਪਦਾਰਥ ਧਰਮ ਸੰਗ੍ਰਿਹ (ਚੌਥੀ ਈਸਵੀ ਸਦੀ) ਇਸ ਸ਼ਾਸਤਰ ‘ਤੇ ਅਗਲਾ ਮਹੱਤਵਪੂਰਨ ਕੰਮ ਹੈ। ਭਾਵੇਂ ਇਸ ਨੂੰ ਆਮ ਤੌਰ ‘ਤੇ ਵੈਸ਼ੇਸ਼ਕ ਸੂਤਰ ਦਾ ਭਾਸ਼ ਕਿਹਾ ਜਾਂਦਾ ਹੈ, ਪਰ ਇਹ ਪੁਸਤਕ ਇਸ ਵਿਸ਼ੇ ‘ਤੇ ਇੱਕ ਸੁਤੰਤਰ ਕੰਮ ਹੈ। ਇਸ ਪੁਸਤਕ ‘ਤੇ ਅੱਗੋਂ ਭਾਸ਼ ਰਚੇ ਗਏ ਜਿਨ੍ਹਾਂ ਦੇ ਵਿਸਥਾਰ ਵਿਚ ਜਾਣ ਦੀ ਇਥੇ ਜ਼ਰੂਰਤ ਮਹਿਸੂਸ ਨਹੀਂ ਜਾਪਦੀ ਕਿਉਂਕਿ ਭਾਈ ਗੁਰਦਾਸ ਦੇ ਕਥਨ ਨਾਲ ਇਸ ਵਿਸਥਾਰ ਦਾ ਕੋਈ ਬਹੁਤਾ ਸਬੰਧ ਨਹੀਂ ਹੈ।
ਵੈਸ਼ੇਸ਼ਕ ਦਰਸ਼ਨ ਅਨੁਸਾਰ, ਜੋ ਵੀ ਵਸਤੂਆਂ ਹੋਂਦ ਵਿਚ ਹਨ, ਜਿਨ੍ਹਾਂ ਨੂੰ ਜਾਣਿਆ ਜਾ ਸਕਦਾ ਹੈ ਜਾਂ ਜਿਨ੍ਹਾਂ ਦਾ ਗਿਆਨ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਜਿਨ੍ਹਾਂ ਨੂੰ ਨਾਂ ਦਿਤਾ ਜਾ ਸਕਦਾ ਹੈ-ਸਭ ਪਦਾਰਥ ਹਨ, ਅਨੁਭਵ ਕਰਨ ਦੀਆਂ ਵਸਤਾਂ ਹਨ। ਇਨ੍ਹਾਂ ਅਨੁਭਵ-ਯੋਗ ਵਸਤਾਂ ਨੂੰ ਛੇ ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ: ਦ੍ਰਵ, ਗੁਣ, ਕਰਮ, ਸਾਮਾਨਯ (ਆਮ), ਵਿਸ਼ੇਸ਼ (ਖਾਸ) ਅਤੇ ਸਮਵਾਇਅ (ਮੌਜੂਦਗੀ)। ਪਹਿਲੀਆਂ ਤਿੰਨ ਸ਼੍ਰੇਣੀਆਂ ਨੂੰ Ḕਅਰਥ’ ਪਰਿਭਾਸ਼ਤ ਕੀਤਾ ਗਿਆ ਹੈ ਜਿਸ ਦਾ ਅਰਥ ਹੈ ਜਿਨ੍ਹਾਂ ਨੂੰ ਪਰਤੱਖ ਅਨੁਭਵ ਕੀਤਾ ਜਾ ਸਕਦਾ ਹੋਵੇ ਜਾਂ ਜਿਨ੍ਹਾਂ ਦਾ ਪਰਤੱਖ ਗਿਆਨ ਪ੍ਰਾਪਤ ਕੀਤਾ ਜਾ ਸਕਦਾ ਹੋਵੇ ਅਤੇ ਉਨ੍ਹਾਂ ਦੀ ਅਸਲੀ ਬਾਹਰਮੁਖੀ ਹੋਂਦ ਹੋਵੇ। ਪਿਛਲੀਆਂ ਤਿੰਨ ਸ਼੍ਰੇਣੀਆਂ ਦੀ ਪਰਿਭਾਸ਼ਾ ਬੁੱਧੀ-ਅਪੇਕਸ਼ਮ ਕੀਤੀ ਹੈ ਜਿਸ ਦਾ ਅਰਥ ਹੈ ਜੋ ਬੁੱਧ-ਬਿਬੇਕ ਰਾਹੀਂ ਪੈਦਾ ਕੀਤੀਆਂ ਗਈਆਂ ਹਨ ਅਰਥਾਤ ਇਹ ਤਾਰਕਿਕ ਸ਼੍ਰੇਣੀਆਂ ਹਨ।
ਦ੍ਰਵਾਂ (ਪਦਾਰਥ) ਦੀ ਗਿਣਤੀ ਨੌਂ ਮੰਨੀ ਗਈ ਹੈ: ਪ੍ਰਿਥਵੀ (ਧਰਤੀ), ਅਪ (ਪਾਣੀ ਜਾਂ ਜਲ), ਤੇਜਸ (ਅਗਨੀ), ਵਾਯੂ (ਹਵਾ), ਅਕਾਸ਼, ਕਾਲ (ਸਮਾਂ), ਦਿਕ (ਸਥਾਨ-ਸਪੇਸ), ਆਤਮਨ (ਸਵੈ) ਅਤੇ ਮਨਸ (ਮਨ)। ਪਹਿਲੇ ਪੰਜ ਨੂੰ ਭੂਤ ਕਿਹਾ ਗਿਆ ਹੈ, ਉਹ ਪਦਾਰਥ ਜਿਨ੍ਹਾਂ ਦੀਆਂ ਖਾਸ ਵਿਸ਼ੇਸ਼ਤਾਈਆਂ ਹਨ ਤਾਂ ਕਿ ਉਨ੍ਹਾਂ ਦਾ ਗਿਆਨ ਕਿਸੇ ਇੱਕ ਜਾਂ ਦੂਸਰੇ ਬਾਹਰੀ ਇੰਦਰੇ ਰਾਹੀਂ ਪ੍ਰਤੱਖ ਪ੍ਰਾਪਤ ਕੀਤਾ ਜਾ ਸਕਦਾ ਹੈ। ਗੁਣ: ਵੈਸ਼ੇਸ਼ਕ ਸੂਤਰ ਸਤਾਰਾਂ ਗੁਣਾਂ ਦਾ ਵਰਣਨ ਕਰਦਾ ਹੈ। ਪਦਾਰਥ ਸੁਤੰਤਰ ਤੌਰ ‘ ਤੇ ਆਪ ਹੋਂਦ ਵਿਚ ਆ ਸਕਦਾ ਹੈ ਪਰ ਗੁਣ ਇਸ ਤਰ੍ਹਾਂ ਨਹੀਂ ਕਰ ਸਕਦਾ। ਮੂਲ ਸਤਾਰਾਂ ਗੁਣ ਇਹ ਹਨ: ਰੂਪ (ਰੰਗ), ਰਸ (ਸੁਆਦ), ਗੰਧ (ਵਾਸ਼ਨਾ), ਸਪਰਸ਼ (ਛੋਹ), ਸੰਖਿਆ (ਗਿਣਤੀ), ਪਰਿਮਾਣ (ਅਕਾਰ/ਘੇਰਾ, ਮਿਣਤੀ), ਪ੍ਰਤਖਤਵਾ (ਵਿਅਕਤੀਤਵ), ਸੰਯੋਗ (ਮਿਲਾਪ, ਸਾਥ), ਵਿਭਾਗ (ਵੰਡ, ਵਿਯੋਗ), ਪਰਤਵਾ (ਪਹਿਲ), ਅਪਰਤਵਾ (ਪਿੱਛੋਂ ਦਾ, ਮਗਰਲਾ), ਬੁੱਧੀ (ਗਿਆਨ), ਸੁਖ (ਖੁਸ਼ੀ), ਦੁੱਖ (ਦਰਦ, ਤਕਲੀਫ), ਇੱਛਾ (ਚਾਹਤ), ਦਵੇਸ਼ (ਬੇਮੁਖਤਾ, ਅਰੁੱਚੀ, ਬੇਰੁਖੀ), ਪ੍ਰਯਤਨ (ਕੋਸ਼ਿਸ਼)। ਇਨ੍ਹਾਂ ਵਿਚ ਪ੍ਰਸ਼ਸਤਪਾਦ ਨੇ ਜੋੜੇ ਹਨ-ਗੁਰੁਤਵ (ਭਾਰਾਪਣ), ਦ੍ਰਵਤਵ (ਤਰਲਤਾ), ਸਨੇਹ, ਧਰਮ, ਅਧਰਮ, ਸ਼ਬਦ ਅਤੇ ਸੰਕਾਸਰ (ਕਾਰਜਕੁਸ਼ਲਤਾ)।
ਕਰਮ ਵੀ ਗੁਣਾਂ ਦੀ ਤਰ੍ਹਾਂ ਹੀ ਆਪਣੀ ਸੁਤੰਤਰ ਹੋਂਦ ਨਹੀਂ ਬਣਾ ਸਕਦੇ, ਉਨ੍ਹਾਂ ਦਾ ਸਬੰਧ ਪਦਾਰਥਾਂ ਨਾਲ ਹੈ। ਪ੍ਰੰਤੂ ਜਦਕਿ ਗੁਣ ਕਿਸੇ ਪਦਾਰਥ ਦੀ ਸਦੀਵੀ ਵਿਸ਼ੇਸ਼ਤਾ ਹੈ, ਕਰਮ ਵਕਤੀ ਹੈ। ਅਕਾਸ਼, ਕਾਲ, ਦਿਕ ਅਤੇ ਆਤਮਾ ਭਾਵੇਂ ਪਦਾਰਥ ਹਨ ਪਰ ਕਰਮ-ਰਹਿਤ ਹਨ। ਸਮਾਨਯ: ਜਦਕਿ ਪਦਾਰਥਾਂ ਦੀ ਬਹੁਲਤਾ ਹੈ ਤਾਂ ਉਨ੍ਹਾਂ ਵਿਚ ਰਿਸ਼ਤਾ ਵੀ ਹੈ। ਜਦੋਂ ਕੋਈ ਖਾਸਾ ਜਾਂ ਸੰਪਤੀ ਕਈ ਪਦਾਰਥਾਂ ਵਿਚ ਸਾਂਝੀ ਪਾਈ ਜਾਵੇ ਤਾਂ ਉਸ ਨੂੰ ਸਮਾਨਯ ਕਹਿੰਦੇ ਹਨ। ਵਿਸ਼ੇਸ਼: ਜਦੋਂ ਕਿਸੇ ਪਦਾਰਥ ਨੂੰ ਅਸੀਂ ਦੂਸਰਿਆਂ ਤੋਂ ਵੱਖਰਾ ਪਾਉਂਦੇ ਹਾਂ ਤਾਂ ਇਹ ਉਸ ਦੀ ਵਿਸ਼ੇਸ਼ਤਾ ਹੈ। ਕਿਉਂਕਿ ਅੰਤ ਕਣ (ਅਣੂ/ਪ੍ਰਮਾਣੂ) ਅਨੇਕ ਹਨ ਇਸ ਲਈ ਵਿਸ਼ੇਸ਼ ਵੀ ਅਨੇਕ ਹਨ। ਸਮਵਾਇਅ ਅਰਥਾਤ ਮੌਜ਼ੂਦਗੀ। ਕਣਾਦ ਰਿਸ਼ੀ ਇਸ ਦੀ ਪਰਿਭਾਸ਼ਾ ਕਾਰਨ ਅਤੇ ਕਾਰਜ ਵਿਚ ਰਿਸ਼ਤੇ ਵਜੋਂ ਕਰਦਾ ਹੈ। ਪ੍ਰਸ਼ਸਤਪਾਦ ਇਸ ਨੂੰ ਪਦਾਰਥ ਅਤੇ ਜੋ ਉਸ ਤੋਂ ਵੱਖ ਨਾ ਕੀਤਾ ਜਾ ਸਕੇ ਅਰਥਾਤ Ḕਜੋ ਹੈ’ ਅਤੇ Ḕਜਿਸ ਵਿਚ ਹੈ’ ਕਰਦਾ ਹੈ। ਇਸ ਰਿਸ਼ਤੇ ਨੂੰ ਪਰਤੱਖ ਨਹੀਂ ਗ੍ਰਹਿਣ ਕੀਤਾ ਜਾ ਸਕਦਾ ਪਰ ਇਸ ਦਾ ਅਨੁਮਾਨ ਇਸ ਦੇ ਵੱਖ ਨਾ ਕੀਤੇ ਜਾ ਸਕਣ ਵਾਲੇ ਰਿਸ਼ਤੇ ਤੋਂ ਹੀ ਕੀਤਾ ਜਾ ਕਸਦਾ ਹੈ। ਮੁਢਲਾ ਵੈਸ਼ੇਸ਼ਕ ਦਰਸ਼ਨ ਤਰਕ ਰਾਹੀਂ ਸਿੱਧ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਸਾਰੇ ਪਦਾਰਥ ਅਰਥਾਤ ਚਾਰ ਭੂਤ-ਪ੍ਰਿਥਵੀ, ਅਪ (ਪਾਣੀ), ਤੇਜਸ (ਅਗਨੀ) ਅਤੇ ਵਾਯੂ (ਹਵਾ) ਅਖੰਡ ਪ੍ਰਮਾਣੂਆਂ ਤੋਂ ਬਣੇ ਹੋਏ ਹਨ।
ਭਾਈ ਗੁਰਦਾਸ ਤੇਰ੍ਹਵੀਂ ਪਉੜੀ ਦੀ ਪਹਿਲੀ ਪੰਕਤੀ ਵਿਚ ਹੀ ਦੱਸਦੇ ਹਨ ਕਿ ਅਥਰਵਨ ਵੇਦ ਦਾ ਮੰਥਨ ਕਰਕੇ ਕਣਾਦ ਰਿਸ਼ੀ ਜੋ ਗੁਰੂ ਦਾ ਅਨੁਸਾਰੀ ਹੈ, ਨੇ ਆਪਣੇ ਵੈਸ਼ੇਸ਼ਕ ਦਰਸ਼ਨ ਵਿਚ ਪਦਾਰਥ ਦੇ ਗੁਣਾਂ ਬਾਰੇ ਦੱਸਿਆ। ਉਸ ਨੇ ਕਰਮ ਦਾ ਸਿਧਾਂਤ ਦਿੱਤਾ ਜਿਸ ਅਨੁਸਾਰ ਮਨੁੱਖ ਜਿਸ ਕਿਸਮ ਦਾ ਬੀਜ ਬੀਜਦਾ ਹੈ, ਸਮਾਂ ਆਉਣ ‘ਤੇ ਉਹ ਉਹੀ ਵੱਢਦਾ ਹੈ ਭਾਵ ਜਿਹੋ ਜਿਹੇ ਕਰਮ ਕਰਦਾ ਹੈ, ਉਹੋ ਜਿਹਾ ਹੀ ਉਸ ਨੂੰ ਫਲ ਮਿਲਦਾ ਹੈ। ਜਿਸ ਤਰ੍ਹਾਂ ਬੀਜ ਬੀਜਣ ਤੋਂ ਬਾਅਦ ਬੂਟਾ ਉਗਦਾ ਹੈ, ਜਾਂ ਫਸਲ ਬਣਦੀ ਹੈ ਅਤੇ ਸਮਾਂ ਆਉਣ ‘ਤੇ ਫਲ ਪੱਕਦਾ ਜਾਂ ਫਸਲ ਤਿਆਰ ਹੁੰਦੀ ਹੈ; ਇਸੇ ਤਰ੍ਹਾਂ ਕਰਮ ਕਰਨ ‘ਤੇ ਉਹ ਆਪਣਾ ਫਲ ਦੇਣ ਦੇ ਯੋਗ ਹੁੰਦੇ ਹਨ ਅਤੇ ਕਰਮ ਕਿਸ ਕਿਸਮ (ਚੰਗੇ ਜਾਂ ਮਾੜੇ) ਦੇ ਹਨ, ਉਸ ਅਨੁਸਾਰ ਉਨ੍ਹਾਂ ਦਾ ਫਲ ਪ੍ਰਾਪਤ ਹੋ ਜਾਂਦਾ ਹੈ।
ਭਾਈ ਗੁਰਦਾਸ ਅੱਗੇ ਦੱਸਦੇ ਹਨ ਕਿ ਕਣਾਦ ਅਨੁਸਾਰ ਜੋ ਕੁਝ ਵਾਪਰ ਰਿਹਾ ਹੈ, ਇਹ ਸਭ ਉਸ ਪਰਮ ਹਸਤੀ ਦੇ ਭਾਣੇ ਵਿਚ ਵਾਪਰ ਰਿਹਾ ਹੈ, ਉਸ ਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੈ। ਜੋ ਵਿਅਕਤੀ ਇਸ ਹੁਕਮ ਨੂੰ ਬੁੱਝ ਲੈਂਦਾ ਹੈ, ਉਹ ਸਹਿਜ ਵਿਚ ਹੀ ਮੁਕਤੀ ਪ੍ਰਾਪਤ ਕਰ ਲੈਂਦਾ ਹੈ। ਅਸੀਂ ਵੈਸ਼ੇਸ਼ਕ ਦਰਸ਼ਨ ਦੇ ਪ੍ਰਮਾਣੂਵਾਦ ਦੀ ਗੱਲ ਕਰਦਿਆਂ ਦੇਖ ਚੁੱਕੇ ਹਾਂ ਕਿ ਵੈਸ਼ੇਸ਼ਕ ਦੇ ਪ੍ਰਮਾਣੂਵਾਦ ਦੇ ਸਿਧਾਂਤ ਦਾ ਆਧੁਨਿਕ ਪ੍ਰਮਾਣੂਵਾਦ ਦੇ ਸਿਧਾਂਤ ਨਾਲੋਂ ਇਸ ਗੱਲ ਦਾ ਵਖਰੇਵਾਂ ਹੈ ਕਿ ਵੈਸ਼ੇਸ਼ਕ ਅਨੁਸਾਰ ਇਨ੍ਹਾਂ ਪ੍ਰਮਾਣੂਆਂ ਦੀ ਗਤੀਸ਼ੀਲਤਾ ਪਰਮ ਹਸਤੀ ਦੀ ਇੱਛਾ ਦੀ ਅਗਵਾਈ ਵਿਚ ਹੁੰਦੀ ਹੈ। ਇਸ ਤਰ੍ਹਾਂ ਇਹ ਪ੍ਰਮਾਣੂ ਜਾਂ ਅਣੂਵਾਦ ਈਸ਼ਵਰਵਾਦੀ ਸਿਧਾਂਤ ਹੈ। ਸ਼ਾਇਦ ਇਸੇ ਕਾਰਨ ਭਾਈ ਗੁਰਦਾਸ ਨੇ ਪਹਿਲੀ ਹੀ ਪੰਕਤੀ ਵਿਚ ਕਣਾਦ ਰਿਸ਼ੀ ਦਾ ਜ਼ਿਕਰ ਕਰਦਿਆਂ ਉਸ ਨੂੰ Ḕਗੁਰਮੁਖਿ’ ਅਰਥਾਤ ਗੁਰੂ ਦੀ ਅਗਵਾਈ ਵਿਚ ਚੱਲਣ ਵਾਲਾ ਕਿਹਾ ਹੈ, “ਗੁਰਮੁਖਿ ਬਾਸੇਖਿਕ ਗੁਨ ਗਾਵੈ।” ਇਸ ਦੈਵੀ ਇੱਛਾ ਜਾਂ ਹੁਕਮ ਨੂੰ ਉਸ ਨੇ Ḕਅਪੂਰਵ’ ਕਿਹਾ ਹੈ।
ਭਾਈ ਗੁਰਦਾਸ ਦੱਸਦੇ ਹਨ ਕਿ ਕਣਾਦ ਅਨੁਸਾਰ ਜੀਵ ਦੇ ਆਪਣੇ ਵੱਸ ਵਿਚ ਕੁਝ ਵੀ ਨਹੀਂ ਹੈ (ਉਸ ਦੇ ਵੱਸ ਵਿਚ ਸਿਰਫ ਇਹ ਹੈ ਕਿ ਉਸ ਨੇ ਕਿਹੋ ਜਿਹੇ ਕਰਮ ਕਰਨੇ ਹਨ-ਚੰਗੇ ਜਾਂ ਬੁਰੇ) ਜੋ ਕੁਝ ਵੀ ਵਾਪਰਨਾ ਹੈ, ਉਹ ਉਨ੍ਹਾਂ ਕੀਤੇ ਕਰਮਾਂ ਦੇ ਫਲ ਅਨੁਸਾਰ ਦੈਵੀ ਹਸਤੀ ਦੀ ਇੱਛਾ ਅਨੁਸਾਰ ਵਾਪਰਨਾ ਹੈ। ਇਸ ਲਈ ਜੀਵ ਨੂੰ ਮਨ ਵਿਚ ਚੰਗੇ ਜਾਂ ਮਾੜੇ ਦਾ ਖਿਆਲ ਨਹੀਂ ਰੱਖਣਾ ਚਾਹੀਦਾ। ਕਣਾਦ ਰਿਸ਼ੀ ਇਹੀ ਸੁਝਾਉਂਦਾ ਹੈ ਕਿ ਜਿਸ ਕਿਸਮ ਦਾ ਤੁਸੀਂ ਬੀਜੋਗੇ, ਉਸੇ ਕਿਸਮ ਦਾ ਫਲ ਤੁਸੀਂ ਪ੍ਰਾਪਤ ਕਰੋਗੇ।
ਬਾਬਾ ਫਰੀਦ ਨੇ ਵੀ ਜਿਵੇਂ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਆਪਣੀ ਬਾਣੀ ਵਿਚ ਕਿਹਾ ਹੈ ਕਿ ਮਨੁੱਖ ਕੱਤਦਾ ਤਾਂ ਉਨ ਹੈ ਜੋ ਕਿ ਸਖਤ ਹੁੰਦੀ ਹੈ ਅਤੇ ਸਰੀਰ ‘ਤੇ ਚੁਭਦੀ ਹੈ ਪਰ ਪਹਿਨਣ ਨੂੰ ਜੀਅ ਕਰਦਾ ਹੈ ਕੂਲਾ ਰੇਸ਼ਮ/ਪੱਟ ਜੋ ਮਹੀਨ ਅਤੇ ਕੂਲੀਆਂ ਤਾਰਾਂ ਤੋਂ ਬਣਿਆ ਹੁੰਦਾ ਹੈ। ਇਸੇ ਤਰ੍ਹਾਂ ਜੱਟ ਬੀਜਦਾ ਤਾਂ ਕਿੱਕਰ ਵਰਗਾ ਕੰਡਿਆਲਾ ਦਰੱਖਤ ਹੈ ਪਰ ਉਸ ਦਾ ਮਨ ਚਾਹੁੰਦਾ ਹੈ ਦਾਖਾਂ ਖਾਣ ਨੂੰ, ਜੋ ਸੰਭਵ ਨਹੀਂ ਹੈ ਭਾਵ ਜਿਸ ਕਿਸਮ ਦੇ ਕਰਮ ਮਨੁੱਖ ਕਰਦਾ ਹੈ ਉਸ ਨੂੰ ਉਹੋ ਜਿਹਾ ਹੀ ਫਲ ਮਿਲਦਾ ਹੈ।
ਭਾਈ ਗੁਰਦਾਸ ਅਨੁਸਾਰ ਸਤਿਯੁਗ ਦਾ ਇਹ ਅਨਿਆਂ ਜਾਂ ਬੇਇਨਸਾਫੀ ਨੂੰ ਸੁਣੋ ਕਿ ਜੇ ਇੱਕ ਜੀਵ ਗਲਤ ਕਰਮ ਕਰਦਾ ਹੈ ਤਾਂ ਉਸ ਦੀ ਮਾਰ ਸਾਰੇ ਜਗਤ ਨੂੰ ਪਵੇਗੀ ਅਰਥਾਤ ਇੱਕ ਮਨੁੱਖ ਦੇ ਕੀਤੇ ਮੰਦੇ ਕਰਮਾਂ ਦਾ ਫਲ ਸਾਰੇ ਸੰਸਾਰ ਨੂੰ ਭੋਗਣਾ ਪਵੇਗਾ। ਤ੍ਰੇਤੇ ਅਨੁਸਾਰ ਇੱਕ ਮਨੁੱਖ ਦੇ ਬੁਰੇ ਕਰਮਾਂ ਦੇ ਕਾਰਨ ਸਾਰੀ ਨਗਰੀ ਜਾਂ ਸ਼ਹਿਰ ਨੂੰ ਉਸ ਦਾ ਦੁੱਖ ਝਲਣਾ ਪਵੇਗਾ ਅਤੇ ਦੁਆਪਰ ਯੁੱਗ ਅਨੁਸਾਰ ਇੱਕ ਮਨੁੱਖ ਦੇ ਕੀਤੇ ਬੁਰੇ ਕਰਮਾਂ ਦਾ ਦੁੱਖ ਇੱਕ ਪਰਿਵਾਰ ਨੂੰ ਝੱਲਣਾ ਪਵੇਗਾ। ਫਲ ਦਾ ਭੋਗਣਾ ਸੀਮਤ ਹੋ ਗਿਆ ਮਸਲਨ ਸਤਿਯੁਗ ਵਿਚ ਇੱਕ ਜੀਵ ਦੇ ਕੀਤੇ ਮੰਦੇ ਕਰਮ ਦਾ ਫਲ ਸਾਰਾ ਸੰਸਾਰ ਭੋਗੇਗਾ, ਤ੍ਰੇਤੇ ਵਿਚ ਸਾਰਾ ਸ਼ਹਿਰ ਜਾਂ ਨਗਰ ਭੋਗੇਗਾ ਅਤੇ ਦੁਆਪਰ ਵਿਚ ਜਗਤ, ਨਗਰ ਨੂੰ ਛੱਡ ਕੇ ਇੱਕ ਪਰਿਵਾਰ ਤੱਕ ਸੀਮਤ ਹੋ ਗਿਆ। ਭਾਈ ਗੁਰਦਾਸ ਅੰਤਮ ਪੰਕਤੀ ਵਿਚ ਸਿੱਟਾ ਕੱਢਦੇ ਹਨ ਕਿ ਕਲਯੁਗ ਦਾ ਇਹ ਸਿਧਾਂਤ ਹੈ ਕਿ ਜੋ ਮਨੁੱਖ ਮੰਦਾ ਕਰਮ ਕਰੇਗਾ, ਉਸ ਦਾ ਫਲ ਉਸ ਨੂੰ ਆਪ ਹੀ ਭੋਗਣਾ ਪਵੇਗਾ ਭਾਵ ਆਪਣੇ ਕੀਤੇ ਚੰਗੇ ਜਾਂ ਮੰਦੇ ਕਰਮਾਂ ਦਾ ਸੁੱਖ-ਫਲ ਜਾਂ ਦੁੱਖ-ਫਲ ਕਰਨ ਵਾਲੇ ਮਨੁੱਖ ਨੂੰ ਆਪ ਹੀ ਭੋਗਣਾ ਪੈਣਾ ਹੈ:
ਬੇਦ ਅਥਰਬਨੁ ਮਥਨਿ ਕਰਿ ਗੁਰਮੁਖਿ ਬਾਸੇਖਿਕ ਗੁਨ ਗਾਵੈ।
ਜੇਹਾ ਬੀਜੈ ਸੋ ਲੁਣੈ ਸਮੇ ਬਿਨਾ ਫਲੁ ਹਥਿ ਨ ਆਵੈ।
ਹੁਕਮੈ ਅੰਦਰਿ ਸਭੁ ਕੋ ਮੰਨੈ ਹੁਕਮੁ ਸੋ ਸਹਜਿ ਸਮਾਵੈ।
ਆਪੋ ਕਛੂ ਨ ਹੋਵਈ ਬੁਰਾ ਭਲਾ ਨਹਿ ਮੰਨਿ ਵਸਾਵੈ।
ਜੈਸਾ ਕਰਿ ਤੈਸਾ ਲਹੈ ਰਿਖਿ ਕਣਾਦਿਕ ਭਾਖਿ ਸੁਣਾਵੈ।
ਸਤਿਜਿਗ ਕਾ ਅਨਿਆਇ ਸੁਣਿ ਇਕ ਫੇੜੇ ਸਭੁ ਜਗਤ ਮਰਾਵੈ।
ਤ੍ਰੇਤੇ ਨਗਰੀ ਪੀੜੀਐ ਦੁਆਪਰਿ ਵੰਸੁ ਕੁਵੰਸੁ ਕੁਹਾਵੈ।
ਕਲਿਜੁਗ ਜੋ ਫੇੜੇ ਸੋ ਪਾਵੈ॥੧੩॥
ਵੈਸ਼ੇਸ਼ਕ ਦਰਸ਼ਨ ਅਨੁਸਾਰ ਅਸੀਂ ਪਦਾਰਥ ਅਤੇ ਉਸ ਦੇ ਪ੍ਰਮਾਣੂ ਸਿਧਾਂਤ ਦੀ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ। ਕਰਮ ਦੀ ਗੱਲ ਕਰਦਿਆਂ ਵੈਸ਼ੇਸ਼ਕ ਦਰਸ਼ਨ ਵਿਚ ਇਸ ਨੂੰ ਗਤੀ ਕਿਹਾ ਹੈ ਅਤੇ ਇਹ ਵੀ ਕਿ ਇਸ ਦਾ ਸਬੰਧ ਪਦਾਰਥ ਨਾਲ ਹੈ। ਕਰਮ ਕਿਸੇ ਚੀਜ਼ਾਂ ਦੇ ਸੰਯੋਗ ਅਤੇ ਵਿਯੋਗ ਦਾ ਕਾਰਨ ਹੈ। ਪਰ ਇਹ ਕਰਮ ਸਿਰਫ ਦੇਹਧਾਰੀ ਪਦਾਰਥਾਂ ਵਿਚ ਹੀ ਹੋ ਸਕਦਾ ਹੈ: ਪ੍ਰਿਥਵੀ, ਪਾਣੀ, ਰੌਸ਼ਨੀ, ਵਾਯੂ ਅਤੇ ਮਨ। ਸਰਬ-ਵਿਆਪਕ ਪਦਾਰਥਾਂ: ਦਿਕ (ਸਥਾਨ, ਸਪੇਸ), ਸਮਾਂ ਅਤੇ ਆਤਮਨ ਵਿਚ ਨਹੀਂ ਹੁੰਦਾ। ਵੈਸ਼ੇਸ਼ਕ ਅਨੁਸਾਰ ਮਹੇਸ਼ਵਰ (ਪਰਮਹਸਤੀ) ਨੇ ਇਸ ਸੰਸਰ ਨੂੰ ਕਾਲ-ਚੱਕਰ ਵਿਚ ਪੈਦਾ ਅਤੇ ਖਤਮ ਕੀਤਾ ਜਿਸ (ਕਾਲ-ਚੱਕਰ) ਦਾ ਨਾ ਕੋਈ ਅਰੰਭ ਹੈ ਤੇ ਨਾ ਅੰਤ ਹੋਵੇਗਾ। ਮਹੇਸ਼ਵਰ ਨੇ ਹੀ ਪ੍ਰਮਾਣੂਆਂ ਨੂੰ ਗਤੀ ਦਾ ਨਿਰਦੇਸ਼ ਦਿੱਤਾ ਅਤੇ ਕਰਮ ਦਾ ਸਿਧਾਂਤ ਲਾਗੂ ਕੀਤਾ। ਮੌਤ ਅਤੇ ਪੁਨਰ-ਜਨਮ ਦੇ ਚੱਕਰ ਵਿਚ ਬਹੁਤ ਸਾਰੇ ਜੀਵਨਾਂ ਦਾ ਦਬਾ ਅਤੇ ਦੁੱਖ ਸਹਿਣ ਤੋਂ ਬਾਅਦ, ਮਹੇਸ਼ਵਰ ਨੇ ਅੰਤ ਵਿਚ ਇਸ ਦੁੱਖ ਤੋਂ ਬਚਣ ਦੀ ਆਗਿਆ ਸੰਸਾਰ ਨੂੰ ਖਤਮ ਕਰਕੇ ਦਿੱਤੀ। ਉਸ ਨੇ ਫਿਰ ਨਵਾਂ ਜਗਤ ਰਚਿਆ ਅਤੇ ਪੁਨਰ-ਜਨਮ ਅਤੇ ਦੁੱਖ ਦਾ ਸਿਲਸਿਲਾ ਸ਼ੁਰੂ ਕੀਤਾ। ਕਰਮ ਜੋ ਕਿ ਸੰਯੋਗ ਅਤੇ ਵਿਯੋਗ ਦਾ ਕਾਰਨ ਬਣਦੇ ਹਨ, ਗਿਣਤੀ ਵਿਚ ਪੰਜ ਹਨ: ਉਪਰ ਵੱਲ ਗਤੀ, ਨੀਚੇ ਵੱਲ ਗਤੀ, ਸੁੰਗੜਨਾ, ਪਰਸਾਰਨਾ (ਫੈਲਣਾ) ਅਤੇ ਗਮਨ। ਆਤਮਾ ਦੀ ਹੋਂਦ ਇਸ ਤੱਥ ਤੋਂ ਅਨੁਮਾਨੀ ਜਾਂਦੀ ਹੈ ਕਿ ਚੇਤਨਾ ਸਰੀਰ, ਗਿਆਨ-ਇੰਦ੍ਰੀਆਂ ਜਾਂ ਮਨ ਦੀ ਸੰਪਤੀ ਨਹੀਂ ਹੋ ਸਕਦੀ। ਹਰ ਵਿਅਕਤੀ ਲਈ ਵੱਖਰੀ ਆਤਮਾ ਹੈ, ਬੇਅੰਤ ਆਤਮਾ ਦਾ ਹੋਣਾ ਚੇਤਨਾ ਦੇ ਗੁਣ ਦਾ ਆਧਾਰ ਹੈ। ਸੁੱਖ ਅਤੇ ਦੁੱਖ, ਗਿਆਨ, ਅਹਿਸਾਸ ਅਤੇ ਇੱਛਾ ਆਦਿ ਗੁਣਾਂ ਦਾ ਸਬੰਧ ਆਤਮਾ ਨਾਲ ਹੈ। ਹਰ ਆਤਮਾ ਦਾ ਮਨ ਹੁੰਦਾ ਹੈ ਜਿਸ ਰਾਹੀਂ ਆਤਮਾ ਬਾਹਰਲੇ ਪਦਾਰਥਾਂ ਅਤੇ ਆਪੋ ਆਪਣੇ ਗੁਣਾਂ ਨੂੰ ਜਾਣਦਾ ਹੈ। ਭਾਵੇਂ ਆਤਮਾ ਸਰਵ ਵਿਆਪਕ ਹੈ ਇਸ ਦਾ ਗਿਆਨ, ਅਹਿਸਾਸ ਅਤੇ ਕਰਮ ਦਾ ਜੀਵਨ ਸਥੂਲ ਸਰੀਰ ਵਿਚ ਹੀ ਹੁੰਦਾ ਹੈ।
ਵੈਸ਼ੇਸ਼ਕ ਅਨੁਸਾਰ ਅਗਿਆਨ ਆਤਮਾ ਨੂੰ ਬੰਧਨ ਵਿਚ ਰੱਖਦਾ ਹੈ ਅਤੇ ਗਿਆਨ ਰਾਹੀਂ ਮੁਕਤੀ ਪ੍ਰਾਪਤ ਹੁੰਦੀ ਹੈ। ਅਗਿਆਨ ਵਿਚ ਆਤਮਾ ਅਜਿਹੇ ਕਰਮ ਕਰਦਾ ਹੈ ਜਿਨ੍ਹਾਂ ਦੇ ਗੁਣ ਵੀ ਹੋ ਸਕਦੇ ਹਨ ਅਤੇ ਔਗੁਣ ਵੀ, ਕੀ ਉਹ ਕਰਮ ਵੇਦ ਅਨੁਸਾਰ ਹਨ ਜਾਂ ਨਹੀਂ? ਕਰਮ ਦੇ ਸਿਧਾਂਤ ਅਨੁਸਾਰ ਆਤਮਾ ਨੂੰ ਇਨ੍ਹਾਂ ਕਰਮਾਂ ਦਾ ਫਲ ਭੋਗਣਾ ਹੀ ਪਵੇਗਾ ਅਤੇ ਇਸ ਅਨੁਸਾਰ ਹੀ ਉਹ ਸੁੱਖ ਅਤੇ ਦੁੱਖ ਭੋਗਦਾ ਹੈ। ਮੁਕਤੀ ਪ੍ਰਾਪਤ ਕਰਨ ਲਈ ਆਤਮਾ ਨੂੰ ਕਰਮ ਕਰਨੇ ਬੰਦ ਕਰਨੇ ਪੈਣਗੇ ਅਤੇ ਸਾਰੇ ਚੰਗੇ ਜਾਂ ਬੁਰੇ ਕਰਮਾਂ ਨੂੰ ਖਤਮ ਕਰਨਾ ਪਵੇਗਾ। ਮੁਕਤ ਆਤਮਾ ਨੂੰ ਆਪਣੇ ਆਪ ਨੂੰ ਸਰੀਰ ਅਤੇ ਮਨ ਦੇ ਬੰਧਨਾਂ ਤੋਂ ਆਜ਼ਾਦ ਕਰਕੇ ਆਪਣੇ ਅਸਲੀ ਸੁਭਾਅ ਦਾ ਅਨੁਭਵ ਕਰਨਾ ਪਵੇਗਾ। ਗੁਰਮਤਿ ਅਨੁਸਾਰ ਇਸ ਕਿਸਮ ਦੀ ਸੋਚ ਭਾਂਜਵਾਦੀ ਹੈ ਜੋ ਮਨੁੱਖ ਨੂੰ ਸਮਾਜ ਅਤੇ ਪਰਉਪਕਾਰੀ ਕਾਰਜਾਂ ਨਾਲੋਂ ਤੋੜਦੀ ਹੈ।