ਜਦੋਂ ਆਪਣੇ ਪੱਲਾ ਛੱਡ ਜਾਂਦੇ ਨੇæææ

ਮੇਜਰ ਕੁਲਾਰ
ਗੁਰਦੁਆਰੇ ਮੱਥਾ ਟੇਕ ਕੇ ਮੈਂ ਬਾਹਰ ਨਿਕਲ ਰਿਹਾ ਸਾਂ ਕਿ ਜੋੜਾ-ਘਰ ਵਿਚ ਮੈਨੂੰ ਇਕ ਸਰਦਾਰ ਮੁੰਡਾ ਮਿਲਿਆ। ਸੋਹਣੀ ਪੱਗ ਬੰਨ੍ਹੀ ਹੋਈ ਤੇ ਖੁੱਲ੍ਹੀ ਛੱਡੀ ਦਾਹੜੀ ਬੜੀ ਫੱਬ ਰਹੀ ਸੀ। ਮੈਂ ਆਦਤ ਅਨੁਸਾਰ ਉਸ ਮੁੰਡੇ ਨੂੰ ਫਤਿਹ ਬੁਲਾਈ ਪਰ ਉਸ ਨੇ ਕੋਈ ਜਵਾਬ ਨਾ ਦਿੱਤਾ। ਉਹ ਬੂਟਾਂ ਦੇ ਫੀਤਿਆਂ ਨੂੰ ਇੰਜ ਬੰਨ੍ਹ ਰਿਹਾ ਸੀ ਜਿਵੇਂ ਦੋ ਜਣੇ ਤੂੜੀ ਦੀ ਪੰਡ ਨੂੰ ਗੰਢ ਮਾਰ ਰਹੇ ਹੋਣ। ਫੀਤੇ ਕੱਸ ਕੇ ਉਹ ਖੜ੍ਹਾ ਹੋਇਆ ਤਾਂ ਮੈਂ ਫਿਰ ਬੁਲਾ ਲਿਆ। ਉਸ ਦੀਆਂ ਅੱਖਾਂ ਵਿਚ ਉਤਰੀ ਹੋਈ ਨਮੀ ਦੱਸ ਰਹੀ ਸੀ ਕਿ ਅੰਦਰੋਂ ਕਿਸੇ ਦੁੱਖ ਕਰਕੇ ਦਿਲ ਵੀ ਰੋ ਰਿਹਾ ਹੈ।

ਮੈਂ ਅੱਗੇ ਹੋ ਕੇ ਹੱਥ ਵਧਾਇਆ ਤਾਂ ਉਸ ਨੇ ਵੀ ਹੱਥ ਮਿਲਾ ਲਿਆ। ਉਸ ਦੇ ਬੋਲਣ ਤੋਂ ਪਹਿਲਾਂ ਹੀ ਮੈਂ ਕਿਹਾ, “ਆ ਜਾਹ। ਚਾਹ ਪੀਂਦੇ ਹਾਂ।” ਉਹ ਬਗੈਰ ਬੋਲਿਆਂ ਹੀ ਮੇਰੇ ਮਗਰ ਤੁਰ ਪਿਆ। ਮੈਂ ਆਪ ਦੋ ਗਲਾਸਾਂ ਵਿਚ ਚਾਹ ਪਾ, ਮਿੱਠਾ ਤੇ ਨਮਕੀਨ ਵੀ ਪਲੇਟ ਵਿਚ ਰੱਖ ਲਿਆਇਆ। ਮੈਂ ਚਾਹ ਦੀ ਘੁੱਟ ਭਰਦਿਆ ਪੁੱਛਿਆ, “ਬਾਈ ਦਾ ਸ਼ੁਭ ਨਾਮ ਕੀ ਐ?” ਅੱਗੋਂ ਕੋਈ ਜਵਾਬ ਨਾ ਆਇਆ ਪਰ ਉਸ ਨੇ ਆਪਣੇ ਚਮਚੇ ਨਾਲ ਗੁਲਾਬ ਜਾਮਣ ਨੂੰ ਬੜੀ ਬੇਦਰਦੀ ਨਾਲ ਚੀਰਿਆ। ਮੈਂ ਚੁੱਪ ਹੋ ਕੇ ਚਾਹ ਪੀਣ ਲੱਗ ਪਿਆ ਤੇ ਉਸ ਨੇ ਵੀ ਚਾਹ ਦਾ ਕੱਪ ਮੂੰਹ ਨੂੰ ਲਾ ਲਿਆ।
ਚਾਹ ਪੀਂਦਿਆਂ ਉਸ ਨੇ ਕਈ ਵਾਰ ਅੱਖਾਂ ਨੂੰ ਤਲੀਆਂ ਨਾਲ ਸਾਫ ਕੀਤਾ। ਫਿਰ ਚੁੱਪ ਤੋੜਦਿਆਂ ਬੋਲਿਆ, “ਭਾਅ ਜੀ ਮੈਨੂੰ ਇੰਡੀਆ ਤੋਂ ਆਇਆਂ ਅੱਜ ਦਸ ਸਾਲ ਹੋ ਗਏ ਹਨ। ਨਾ ਪੇਪਰ ਬਣੇ, ਨਾ ਹੀ ਮੈਂ ਇੰਡੀਆ ਜਾ ਸਕਦਾ ਹਾਂ। ਮੈਨੂੰ ਮਾਪਿਆਂ ਅਤੇ ਪਿੰਡ ਦੀ ਬਹੁਤ ਯਾਦ ਆਉਂਦੀ ਹੈ।”
“ਬੱਸ ਐਨੀ ਗੱਲ ਐ? ਮੈਨੂੰ ਪਿੰਡੋਂ ਆਇਆਂ ਸੋਲਾਂ ਸਾਲ ਹੋ ਗਏ ਹਨ, ਤੇ ਪੇਪਰ ਅਜੇ ਵੀ ਨਹੀਂ ਬਣੇ।” ਮੈਂ ਹੱਸਦਿਆਂ ਕਿਹਾ।
“ਹੈਂ! ਸੋਲਾਂ ਸਾਲ ਹੋ ਗਏ।” ਉਸ ਨੇ ਹੈਰਾਨੀ ਨਾਲ ਪੁਛਿਆ।
“ਹਾਂ ਜੀ! ਛੋਟੇ ਵੀਰ ਕਈ ਵਾਰ ਘਰ ਦੇ ਇਕ ਮੈਂਬਰ ਨੂੰ ਵਿਛੋੜੇ ਵਾਲੀ ਕੁਰਬਾਨੀ ਦੇਣੀ ਪੈਂਦੀ ਹੈ। ਜੇ ਸਾਡੀ ਇਹ ਕੁਰਬਾਨੀ ਨਾਲ ਬਾਕੀ ਸਾਰਾ ਪਰਿਵਾਰ ਸੁੱਖ ਦੀ ਨੀਂਦ ਸੌਂਦਾ ਹੈ, ਤਾਂ ਫਿਰ ਇਹ ਕੋਈ ਵੱਡੀ ਗੱਲ ਨਹੀਂ। ਤੂੰ ਦੱਸ ਕਿ ਤੇਰੇ ਇਥੇ ਆਉਣ ਨਾਲ ਘਰਦੇ ਚੜ੍ਹਦੀ ਕਲਾ ਵਿਚ ਹਨ ਕਿ ਨਹੀਂ?” ਮੈਂ ਉਸ ਨੂੰ ਦਿਲਾਸਾ ਦਿੰਦਿਆਂ ਪੁਛਿਆ।
“ਭਾਅ ਜੀ, ਘਰ ਦੇ ਤਾਂ ਮੌਜਾਂ ਕਰਦੇ ਹਨ। ਦੁੱਖਾਂ ਦੀਆਂ ਘੜੀਆਂ ਲੰਘ ਗਈਆਂ ਹਨ।” ਉਸ ਦੇ ਚਿਹਰੇ ‘ਤੇ ਮੁਸਕਾਨ ਪਰਤਣ ਲੱਗੀ।
“ਫਿਰ ਅੱਜ ਅੱਖਾਂ ਨਮ ਕਿਉਂ ਕੀਤੀਆਂ?” ਮੈਂ ਪੁੱਛਿਆ।
“ਪੇਪਰਾਂ ਲਈ ਅਰਦਾਸ ਕਰਕੇ ਨਿਕਲਿਆ ਸੀ, ਮਨ ਭਰ ਆਇਆ ਪਰ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਮੈਂ ਅੰਦਰੋਂ ਰੋ ਰਿਹਾ ਸੀ?” ਉਸ ਨੇ ਕਿਹਾ।
“ਮੈਂ ਤੈਨੂੰ ਦੱਸਿਆ ਨਾ, ਮੇਰੀਆਂ ਵੀ ਤੇਰੇ ਨਾਲ ਦੀਆਂ ਮਜਬੂਰੀਆਂ ਹਨ। ਇਥੇ ਕਿਵੇਂ ਪਹੁੰਚਿਆ? ਉਡ ਕੇ ਆਇਆ ਸੀ, ਕੰਧ ਟੱਪੀ ਸੀ ਜਾਂ ਮੇਰੇ ਵਾਂਗੂ ਪਾਣੀ ਵਿਚ ਤਰ ਕੇ ਆਇਆ ਸੀ?” ਮੈਂ ਗੱਲ ਪਲਟਦਿਆਂ ਪੁਛਿਆ।
“ਭਾਅ ਜੀ, ਉਡ ਕੇ ਆਇਆ ਸੀ ਤੇ ਮੈਕਸੀਕੋ ਤੋਂ ਕੰਧ ਟੱਪੀ ਸੀ। ਮੇਰਾ ਦਾਦਾ ਗਰੀਬ ਕਿਸਾਨ ਸੀ। ਬਾਪੂ ਹੋਰੀਂ ਦੋ ਭਰਾ ਹਨ। ਮੇਰਾ ਬਾਪੂ ਤਾਂ ਦਾਦੇ ਨੇ ਅਨਪੜ੍ਹ ਰੱਖ ਲਿਆ ਪਰ ਚਾਚੇ ਨੂੰ ਉਸ ਨੇ ਪੜ੍ਹਾ ਕੇ ਮਾਸਟਰ ਬਣਾ ਦਿੱਤਾ। ਅਜੇ ਚਾਚੇ ਨੇ ਸਾਲ ਹੀ ਕਮਾਈ ਦਾਦੇ ਨੂੰ ਫੜ੍ਹਾਈ ਜਦ ਚਾਚੇ ਦਾ ਅਮਰੀਕਾ ਤੋਂ ਗਈ ਕੁੜੀ ਨਾਲ ਰਿਸ਼ਤਾ ਪੱਕਾ ਹੋ ਗਿਆ। ਚਾਚੀ ਇਕ ਸਾਲ ਵਿਚ ਹੀ ਚਾਚੇ ਨੂੰ ਇਥੇ ਲੈ ਆਈ। ਚਾਚਾ ਸਾਡਾ ਇਥੇ ਆ ਕੇ ਇਥੇ ਜੋਗਾ ਹੀ ਰਹਿ ਗਿਆ। ਪੁਰਾਣੇ ਘਰ ਦੀ ਸੱਥ ਚਾਚੇ ਦੇ ਡਾਲਰਾਂ ਨੂੰ ਉਡੀਕਦੀ ਫਿਰ ਆਪ ਹੀ ਡਿੱਗ ਪਈ। ਫਿਰ ਦਾਦੇ ਤੇ ਬਾਪੂ ਨੇ ਆਪ ਹੀ ਗਾਡਰ-ਬਾਲੇ ਪਾ ਕੇ ਛੱਤ ਪਾਈ। ਚਾਚੇ ਨੇ ਤਾਂ ਜਵਾਬ ਦੇ ਦਿੱਤਾ ਕਿ ਮੇਰਾ ਤਾਂ ਆਪ ਹੀ ਮਸਾਂ ਸਰਦਾ ਹੈ। ਸਭ ਤੋਂ ਛੋਟੀ ਭੂਆ ਵੀ ਬਾਪੂ ਹੋਰਾਂ ਵਿਆਹੀ। ਦਾਦੇ ਨੂੰ ਲੋਕ ਬੇਸ਼ੱਕ ਅਮਰੀਕਾ ਵਾਲਾ ਕਹਿੰਦੇ ਪਰ ਦਾਦੇ ਨੇ ਕਦੇ ਅਮਰੀਕਾ ਦਾ ਡਾਲਰ ਨਹੀਂ ਸੀ ਦੇਖਿਆ। ਬਾਪੂ ਮੇਰੇ ਚਾਚੇ ਨੂੰ ਕਦੇ ਮਾੜਾ ਨਾ ਬੋਲਦਾ, Ḕਕਿਸਮਤ ਦੇ ਸੌਦੇḔ ਆਖ ਕੇ ਪੱਲਾ ਝਾੜ ਦਿੰਦਾ। ਅਸੀਂ ਵੀ ਦੋ ਭਰਾ ਸਾਂ। ਸਾਡੇ ਬਾਪੂ ਨੇ ਸਾਨੂੰ ਸਕੂਲ ਪੜ੍ਹਨੇ ਲਾਇਆ। ਦਾਦਾ ਤੇ ਬਾਪੂ ਆਪਣੀ ਕਿਰਸਾਨੀ ਕਰੀ ਜਾਂਦੇ। ਨਾ ਤਾਂ ਕਰਜ਼ਾ ਚੁੱਕਿਆ ਕਦੇ ਤੇ ਨਾ ਪੈਸਾ ਜਮ੍ਹਾ ਹੀ ਕਰਵਾਇਆ। ਬੱਸ ਆਈ-ਚਲਾਈ ਚੱਲੀ ਜਾਂਦੀ। ਸੱਤ ਸਾਲ ਬਾਅਦ ਲੋਕਾਂ ਨੂੰ ਪਤਾ ਲੱਗ ਗਿਆ ਕਿ ਬਾਹਰਲਾ ਤਾਂ ਇਨ੍ਹਾਂ ਨੂੰ ਦੁੱਕੀ ਵੀ ਨਹੀਂ ਭੇਜਦਾ। ਮੇਰੀ ਮਾਂ ਮੇਰੇ ਸਿਰ ‘ਤੇ ਹੱਥ ਰੱਖ ਕੇ ਕਹਿੰਦੀ ਹੁੰਦੀ ਸੀ, ਜਦੋਂ ਮੇਰਾ ਪੁੱਤ ਜਗਰੂਪ ਅਮਰੀਕਾ ਗਿਆ ਤਾਂ ਜਹਾਜ਼ ਵਾਲੀ ਕੋਠੀ ਪਾਊਗਾ।”
“ਛੋਟੇ ਵੀਰ ਦਾ ਨਾਂ ਜਗਰੂਪ ਹੈ। ਚਲੋ ਮਾਂ ਦੇ ਜ਼ਿਕਰ ਨੇ ਤੇਰਾ ਨਾਂ ਤਾਂ ਦੱਸ ਦਿੱਤਾ।” ਮੈਂ ਗੱਲ ਵਿਚਕਾਰੋਂ ਕੱਟਦਿਆਂ ਕਿਹਾ।
“ਹਾਂ ਜੀ ਭਾਅ ਜੀ।” ਫਿਰ ਗੱਲ ਅੱਗੇ ਤੋਰਦਿਆਂ ਉਹ ਬੋਲਿਆ, “ਚਾਚਾ ਜਦੋਂ ਦਾ ਇਥੇ ਆਇਆ, ਮੁੜ ਕੇ ਵਾਪਿਸ ਨਹੀਂ ਗਿਆ। ਪਹਿਲਾਂ ਉਸ ਦਾ ਮੋਹ ਪੜ੍ਹਾਈ ਨੇ ਘਰਦਿਆਂ ਤੋਂ ਦੂਰ ਰੱਖਿਆ, ਫਿਰ ਪਰਦੇਸੀ ਹੋ ਕੇ ਤਾਂ ਘਰਦਿਆਂ ਨੂੰ ਉਕਾ ਹੀ ਭੁੱਲ ਗਿਆ। ਦਾਦੀ ਸਾਡੀ ਚਾਚੇ ਨੂੰ ਵਿਲ੍ਹਕਦੀ ਹੀ ਤੁਰ ਗਈ। ਚਾਚੇ ਨੇ ਚਿੱਠੀ ਵਿਚ ਚਾਰ ਅੱਖਰ ਲਿਖ ਕੇ ਦਾਦੀ ਦਾ ਅਫਸੋਸ ਕਰ ਲਿਆ। ਬਾਪੂ ਨੇ ਕਈ ਵਾਰ ਕਿਹਾ, Ḕਮਲਕੀਤ ਆ ਕੇ ਮਿਲ ਜਾਹ, ਮਾਂ ਦਾ ਮੁੱਖ ਤਾਂ ਨਹੀਂ ਤੱਕਿਆ ਜਾਂਦੀ ਵਾਰ ਦਾ, ਹੁਣ ਪਿਓ ਨੂੰ ਆ ਕੇ ਮਿਲ ਜਾਹ। ਫਿਰ ਪਿੰਡ ਆ ਕੇ ਧਾਹਾਂ ਮਾਰੇਂਗਾ। ਜਿਉਂਦੇ ਜੀਅ ਚਾਰ ਗੱਲਾਂ ਕਰ ਲੈ।Ḕ ਪਰ ਚਾਚਾ ਆਪਣੇ ਕੰਮ ਦੀਆਂ ਮਜਬੂਰੀਆਂ ਲਿਖ ਭੇਜਦਾ। ਛੋਟੇ ਜਵਾਕਾਂ ਦੀ ਦੇਖ-ਭਾਲ ਦੀ ਕਹਾਣੀ ਸੁਣਾਉਣ ਲੱਗ ਪੈਂਦਾ। ਦਾਦਾ ਆਪ ਹੀ ਦਿਲਾਸਾ ਦੇ ਕੇ ਬਾਪੂ ਨੂੰ ਸਮਝਾ ਦਿੰਦਾ। ਫਿਰ ਮੈਂ ਵੀ ਗੱਭਰੂ ਹੋ ਗਿਆ। ਚਾਚੇ ਦੀ ਤਮੰਨਾ ਜਾਗੀ ਕਿ ਜਗਰੂਪ ਨੂੰ ਅਮਰੀਕਾ ਭੇਜਿਆ ਜਾਵੇ। ਚਾਚੇ ਨਾਲ ਸਲਾਹਾਂ ਹੋਣ ਲੱਗੀਆਂ। ਪਿੰਡ ਵਿਚ ਸਰਪੰਚਾਂ ਦੇ ਘਰ ਫੋਨ ਲੱਗ ਗਿਆ ਸੀ। ਫਿਰ ਅਸੀਂ ਉਥੇ ਜਾ ਕੇ ਚਾਚੇ ਨਾਲ ਗੱਲਾਂ ਕਰਨ ਲੱਗ ਪਏ। ਚਾਚੇ ਨੂੰ ਉਸ ਦੇ ਸਹੁਰਿਆਂ ਨੇ ਦਬਕਾ ਕੇ ਰੱਖਿਆ ਹੋਇਆ ਸੀ। ਉਸ ਦੀਆਂ ਦਰਦ ਭਰੀਆਂ ਗੱਲਾਂ ਚਾਚੇ ਦੀ ਚੁੱਪ ਰਹਿਣ-ਸਹਿਣ ਦੀ ਗਵਾਹੀ ਭਰਦੀਆਂ ਸਨ। ਚਾਚੇ ਨੇ ਦਿਲਾਸਾ ਦਿੱਤਾ ਕਿ ਉਹ ਆਪਣੇ ਸਾਲੇ ਦੀ ਕੁੜੀ ਨਾਲ ਮੇਰਾ ਰਿਸ਼ਤਾ ਕਰਕੇ ਮੈਨੂੰ ਪੱਕੇ ਤੌਰ ‘ਤੇ ਅਮਰੀਕਾ ਸੱਦ ਲਵੇਗਾ। ਪਰ ਚਾਚੇ ਦੇ ਸਹੁਰੇ ਸਾਨੂੰ ਪੇਂਡੂ ਤੇ ਅਨਪੜ੍ਹ ਆਖ ਕੇ ਬੁਲਾਉਂਦੇ। ਚਾਚਾ ਮਜਬੂਰੀ ਵੱਸ ਚੁੱਪ ਕਰ ਜਾਂਦਾ।
ਅਸੀਂ ਚਾਚੇ ਵਲੋਂ ਰਿਸ਼ਤਾ ਉਡੀਕਦੇ ਰਹੇ ਪਰ ਸਾਡੀ ਗੱਲ ਨਾ ਬਣੀ। ਮਾਂ ਸਾਡੀ ਬਰਾੜਾਂ ਦੀ ਧੀ ਕਹਿੰਦੀ, Ḕਮੈਂ ਪੁੱਤ ਅਮਰੀਕਾ ਤੋਰਨਾ ਹੀ ਹੈ। ਜੇ ਮਲਕੀਤ ਨਹੀਂ ਪੁੱਤ ਨੂੰ ਸੱਦਦਾ ਤਾਂ ਮੇਰੇ ਪੇਕੇ ਮੇਰਾ ਪੁੱਤ ਅਮਰੀਕਾ ਤੋਰ ਦੇਣਗੇ।Ḕ ਮੇਰੀ ਮਾਂ ਮਾਮਿਆਂ ਦੀ ਇਕੱਲੀ ਭੈਣ ਸੀ। ਮਾਂ ਨੇ ਗੱਲ ਮੂੰਹੋਂ ਕੱਢੀ ਹੀ ਸੀ ਕਿ ਮਾਮੇ ਕਹਿੰਦੇ, Ḕਦਸ ਕਿੰਨੇ ਲੱਖ ਰੁਪਏ ਚਾਹੀਦੇ।Ḕ ਮਾਮਿਆਂ ਦੀ ਮਦਦ ਦੀ ਹਾਂ ਨੇ ਸਾਰੇ ਘਰਦਿਆਂ ਨੂੰ ਨੱਚਣ ਲਾ ਦਿੱਤਾ। ਦਾਦਾ ਕਹਿੰਦਾ, Ḕਮਲਕੀਤ ਸਿਹਾਂ! ਜਗਰੂਪ ਨੂੰ ਭੇਜਣ ਲੱਗੇ ਹਾਂ, ਤੂੰ ਆਪਣੇ ਕੋਲ ਸਾਂਭ ਲਈ।Ḕ ਚਾਚੇ ਨੇ ਮਸਾਂ ਮੂੰਹੋਂ ḔਹਾਂḔ ਨਿਕਲੀ। ਤੁਰ-ਫਿਰ ਕੇ ਇਕ ਏਜੰਟ ਲੱਭਿਆ ਜਿਸ ਨੂੰ ਦੱਸ ਲੱਖ ਰੁਪਏ ਦੇਣਾ ਕੀਤਾ। ਇਹ ਸਾਰੀ ਰਕਮ ਮਾਮਿਆਂ ਨੇ ਹੀ ਦੇਣੀ ਸੀ। ਅਸੀਂ ਪੰਜ ਮੁੰਡੇ ਦਿੱਲੀਓਂ ਮਾਸਕੋ ਆ ਗਏ। ਫਿਰ ਉਥੇ ਪੰਦਰਾਂ ਦਿਨ ਰਹੇ। ਫਿਰ ਬ੍ਰਾਜ਼ੀਲ ਦਸ ਦਿਨ ਠਹਿਰੇ। ਬ੍ਰਾਜ਼ੀਲ ਤੋਂ ਮੈਕਸੀਕੋ ਆ ਉਤਰੇ। ਉਥੇ ਇਕ ਪੰਜਾਬੀ ਨੂੰ ਮਿਲੇ ਜਿਸ ਨੇ ਸਾਨੂੰ ਅਮਰੀਕਾ ਦਾ ਬਾਰਡਰ ਟਪਾ ਦਿੱਤਾ।
ਬਾਰਡਰ ਟੱਪਦਿਆਂ ਹੀ ਸਾਨੂੰ ਪੁਲਿਸ ਨੇ ਫੜ੍ਹ ਲਿਆ। ਐਰੀਜ਼ੋਨਾ ਵਿਚ ਰੱਖਿਆ ਗਿਆ। ਸਾਨੂੰ ਫੋਨ ਕਰਨ ਦੀ ਮਨਜ਼ੂਰੀ ਮਿਲ ਗਈ ਸੀ। ਮੈਂ ਵੀ ਆਪਣੇ ਚਾਚੇ ਨੂੰ ਕਿਹਾ ਕਿ ਮੇਰੀ ਜ਼ਮਾਨਤ ਦੇ ਕੇ ਮੈਨੂੰ ਛੁਡਾ ਲੈ ਜਾਵੇ। ਚਾਚੇ ਦੀ ਨਾਂਹ-ਨੁੱਕਰ ਤੋਂ ਮਹਿਸੂਸ ਹੋਇਆ ਕਿ ਚਾਚਾ ਤਾਂ ਬਾਹੀਂ ਚੂੜੀਆਂ ਪਾਈ ਫਿਰਦੈ। ਇਹਨੇ ਮੈਨੂੰ ਕੀ ਆਜ਼ਾਦੀ ਦੁਆਉਣੀ ਜੋ ਖੁਦ ਚਾਚੀ ਦੀ ਗੁਲਾਮੀ ਹੰਢਾ ਰਿਹੈ। ਫਿਰ ਮੇਰੇ ਨਾਲ ਇਕ ਲੁਧਿਆਣੇ ਤੋਂ ਮੁੰਡਾ ਸੀ, ਉਸ ਦੇ ਚਾਚੇ ਫਰਿਜ਼ਨੋ ਰਹਿੰਦੇ ਸਨ। ਉਨ੍ਹਾਂ ਅੱਗੇ ਬੇਨਤੀ ਕੀਤੀ ਤਾਂ ਉਹ ਝੱਟ ਹੀ ਮੰਨ ਗਏ ਕਿ ਜੇ ਪੰਜ ਹਜ਼ਾਰ ਡਾਲਰ ਨਾਲ ਤੂੰ ਬਾਹਰ ਆਉਂਦਾ ਤਾਂ ਹੋ ਕੀ ਚਾਹੀਦਾ ਹੈ। ਉਨ੍ਹਾਂ ਦੀ ਬਦੌਲਤ ਮੈਂ ਵੀ ਬਾਹਰ ਆ ਗਿਆ। ਚਾਚੇ ਨੂੰ ਬਾਹਰ ਨਿਕਲ ਕੇ ਫੋਨ ਕੀਤਾ ਕਿ ਮੇਰੀ ਜ਼ਮਾਨਤ ਹੋ ਗਈ ਹੈ। ਮੈਨੂੰ ਆ ਕੇ ਲੈ ਜਾਵੇ। ਪਰ ਚਾਚਾ ਇਹ ਵੀ ਨਾ ਕਰ ਸਕਿਆ। ਫਿਰ ਮੈਂ ਚਾਚੇ ਦਾ ਨੰਬਰ ਪਾੜ੍ਹ ਕੇ ਮੂੰਹ ਵਿਚ ਚੱਬ ਗਿਆ। ਜਿਵੇਂ ਚਾਚੇ ਦੇ ਫੁੱਲ ਗੰਗਾ ਵਿਚ ਰੋੜ੍ਹ ਆਇਆ ਹੋਵਾਂ।
ਫਰਿਜ਼ਨੋ ਵਾਲਿਆਂ ਨੇ ਤਾਂ ਮੇਰੇ ਚਾਚੇ ਨਾਲੋਂ ਕਿਤੇ ਵੱਧ ਮੇਰੀ ਮਦਦ ਕੀਤੀ। ਲੁਧਿਆਣੇ ਵਾਲੇ ਮੁੰਡੇ ਦਾ ਵੱਡਾ ਚਾਚਾ ਖੁਦ ਬਾਰਡਰ ਟੱਪ ਕੇ ਆਇਆ ਹੋਣ ਕਰਕੇ ਉਸ ਨੂੰ ਆਪਣਾ ਅਤੀਤ ਅੱਜ ਵਾਂਗ ਹੀ ਯਾਦ ਸੀ, Ḕਉਹ ਬੰਦੇ ਘੱਟ ਹੀ ਮਦਦ ਕਰਦੇ ਹਨ ਜੋ ਆਪ ਗਰੀਨ ਕਾਰਡ ਲੈ ਕੇ ਉਤਰਦੇ ਹਨ। ਇਥੇ ਮਦਦ ਉਹੀ ਕਰਦਾ ਹੈ ਜਿਸ ਨੇ ਕੀੜਿਆਂ ਦੇ ਭੌਣ ਨਾਲ ਮੱਥਾ ਲਾਇਆ ਹੋਵੇ।Ḕ ਉਨ੍ਹਾਂ ਨੇ ਹੀ ਮੈਨੂੰ ਕੰਮ ‘ਤੇ ਲੁਆਇਆ ਸੀ। ਆਪਣੇ ਭਤੀਜੇ ਵਾਂਗ ਹੀ ਮੇਰਾ ਰਿਫਿਊਜ਼ੀ ਕੇਸ ਲਾਇਆ। ਉਨ੍ਹਾਂ ਦੀ ਬਦੌਲਤ ਮੈਨੂੰ ਵਰਕ ਪਰਮਿਟ ਮਿਲ ਗਿਆ। ਸਟੋਰਾਂ ਉਤੇ ਦੋ ਜੌਬਾਂ ਕਰਕੇ ਸਭ ਤੋਂ ਪਹਿਲਾਂ ਫਰਿਜ਼ਨੋ ਵਾਲੇ ਚਾਚਿਆਂ ਦੇ ਡਾਲਰ ਮੋੜੇ। ਫਿਰ ਮਾਮਿਆਂ ਦੀ ਵਾਰੀ ਆ ਗਈ। ਜਦੋਂ ਮੈਂ ਪੈਰ-ਟਿਕਾਣੇ ਹੋ ਗਿਆ ਤਾਂ ਚਾਚੇ ਨੂੰ ਪਿਆਰ ਜਾਗ ਪਿਆ। ਕਹਿੰਦਾ, Ḕਤੇਰੀ ਚਾਚੀ ਤੈਨੂੰ ਮਿਲਣਾ ਚਾਹੁੰਦੀ ਹੈ।Ḕ ਮੈਂ ਤੋੜ ਕੇ ਜਵਾਬ ਦੇ ਦਿੱਤਾ ਕਿ ਮੈਂ ਨਹੀਂ ਮਿਲਣਾ। ਉਸ ਘਰ ਦੇ ਜਾਂ ਰਿਸ਼ਤੇਦਾਰ ਮੈਂ ਰਗੜ ਕੇ ਫੋੜੇ ਉਤੇ ਥੋੜਾ ਲਾਉਣੇ ਐ ਜੋ ਮੁਸੀਬਤ ਵਿਚ ਕੰਮ ਨਾ ਆਉਣ। ਜੇ ਪਰਮਾਤਮਾ ਨੇ ਮੇਰੀ ਬਾਂਹ ਫੜ੍ਹੀ ਹੈ ਤਾਂ ਉਹ ਅਗਾਂਹ ਵੀ ਆਪ ਰਾਹ ਦਿਖਾਵੇਗਾ। ਮੈਂ ਪਰਮਾਤਮਾ ਦਾ ਓਟ ਆਸਰਾ ਲੈ ਕੇ ਦਾਹੜੀ ਕੇਸ ਮੁੜ ਤੋਂ ਰੱਖ ਲਏ। ਸਰਦਾਰ ਬਣ ਕੇ ਹੋਰ ਮੁੰਡਿਆਂ ਵਾਂਗ ਕੰਮ ਕਰਦਾ ਰਿਹਾ ਤੇ ਡਾਲਰ ਜੁੜਦੇ ਗਏ। ਸਾਰਾ ਕਰਜ਼ਾ ਲਾਹ ਕੇ ਫਿਰ ਮਾਂ ਦੀਆਂ ਰੀਝਾਂ ਪੂਰੀਆਂ ਕੀਤੀਆਂ। ਘਰ ਢਾਹ ਕੇ ਵਧੀਆ ਕੋਠੀ ਪਾਈ ਤੇ ਪਾਣੀ ਵਾਲੀ ਟੈਂਕੀ ਜਹਾਜ਼ ਦੀ ਸ਼ਕਲ ਵਾਲੀ ਬਣਾਈ।”
“ਮਾਂ ਦੀ ਜਹਾਜ਼ ਵਾਲੀ ਕੋਠੀ ਦੀ ਤਮੰਨਾ ਪੂਰੀ ਕਰ ਹੀ ਦਿੱਤੀ!” ਮੈਂ ਫਿਰ ਗੱਲ ਵਿਚੋਂ ਕੱਟ ਕੇ ਕਿਹਾ।
“ਹਾਂ ਜੀ ਭਾਅ ਜੀ। ਕੋਠੀ ਦੇਖ ਕੇ ਦਾਦਾ ਵੀ ਖੁਸ਼ ਹੋ ਗਿਆ ਤੇ ਪਿੰਡ ਵਾਲੇ ਵੀ ਕਹਿਣ ਲੱਗ ਪਏ, Ḕਹੁਣ ਲੱਗਦਾ ਇਨ੍ਹਾਂ ਦਾ ਕੋਈ ਅਮਰੀਕਾ ਵੀ ਗਿਐ।Ḕ ਫਿਰ ਮੈਂ ਪੰਜ ਕਿੱਲੇ ਜ਼ਮੀਨ ਵੀ ਖਰੀਦ ਕੇ ਦਾਦੇ ਨੂੰ ਦਿੱਤੀ। ਬਾਪੂ ਤੇ ਭਰਾ ਨੂੰ ਨਵਾਂ ਟਰੈਕਟਰ-ਟਰਾਲੀ ਲੈ ਕੇ ਦਿੱਤਾ। ਛੋਟੇ ਭਰਾ ਦਾ ਵਿਆਹ ਵੀ ਕਰ ਦਿੱਤਾ। ਸਭ ਕੁਝ ਠੀਕ ਹੈ। ਬਸ ਪੇਪਰ ਹੀ ਨਹੀਂ ਬਣੇ।”
“ਜਗਰੂਪ ਸਿੰਘ! ਜੇ ਤੂੰ ਬਾਰਡਰ ਤੋਂ ਵਾਪਿਸ ਇੰਡੀਆ ਚਲਿਆ ਜਾਂਦਾ ਜਾਂ ਜੰਗਲੀ ਰਸਤੇ ਵਿਚ ਤੈਨੂੰ ਕੁਝ ਹੋ ਜਾਂਦਾ, ਫਿਰ ਘਰਦੇ ਕੀ ਕਰਦੇ? ਹੁਣ ਪਰਮਾਤਮਾ ‘ਤੇ ਭਰੋਸਾ ਰੱਖ। ਅੱਗੇ ਵੀ ਉਹੀ ਸਭ ਕੁਝ ਕਰੇਗਾ। ਇਸ ਧਰਤੀ ‘ਤੇ ਆ ਕੇ ਆਪਣੇ ਤੇ ਬੇਗਾਨਿਆਂ ਦੇ ਮੋਹ ਦਾ ਪਤਾ ਲੱਗ ਜਾਂਦਾ ਹੈ। ਤੂੰ ਫਿਕਰ ਨਾ ਕਰ, ਪੇਪਰ ਵੀ ਸਿੱਧੇ ਹੋ ਜਾਣਗੇ। ਬਾਣੀ ਪੜ੍ਹਿਆ ਕਰ ਤੇ ਅਰਦਾਸ ਕਰਿਆ ਕਰ। ਬਾਕੀ ਸਭ ਕੁਝ ਪਰਮਾਤਮਾ ‘ਤੇ ਛੱਡ ਦੇਹæææ ਤੇ ਆਪਾਂ ਕੰਮਾਂ ‘ਤੇ ਚੱਲੀਏ। ਅੱਜ ਤੋਂ ਬਾਅਦ ਅੱਖ ਨਮ ਨਹੀਂ ਕਰਨੀ।” ਮੈਂ ਦਿਲਾਸਾ ਦਿੰਦਿਆਂ ਕਿਹਾ।
ਜਗਰੂਪ ਨੇ ਬੜੇ ਪਿਆਰ ਨਾਲ ਗਲਵੱਕੜੀ ਪਾਈ ਤੇ ਫਿਰ ਮਿਲਣ ਦਾ ਵਾਅਦਾ ਕੀਤਾ। ਉਹ ਦੁੱਖ ਸੁਣ ਕੇ ਹੌਲਾ ਫੁੱਲ ਵਰਗਾ ਹੋ ਗਿਆ। ਮੈਨੂੰ ਇਕ ਮਿੱਤਰ ਹੋਰ ਮਿਲ ਗਿਆ ਜੋ ਮੇਰੇ ਵਾਂਗ ਪਰਿਵਾਰ ਨੂੰ ਮਿਲਣ ਲਈ ਤੜਪਦਾ ਹੈ।