ਸੁਖਵਿੰਦਰ ਪੰਛੀ: ਛੱਲੇ ਮੁੰਦੀਆਂ ਤੇ ਵਕਤ ਦੀਆਂ ਹੁੱਝਾਂ!

ਐਸ ਅਸ਼ੋਕ ਭੌਰਾ
ਦੁੱਧ ਚਿੱਟਾ ਹੀ ਹੁੰਦਾ ਹੈ ਪਰ ਗਾਂ ਅਤੇ ਅੱਕ ਦੇ ਦੁੱਧ ਵਿਚ ਫਰਕ ਉਨ੍ਹਾਂ ਨੂੰ ਹੀ ਪਤਾ ਲੱਗਦਾ ਹੈ ਜਿਨ੍ਹਾਂ ਦਾ ਕਦੇ ਵਾਹ ਪਿਆ ਹੋਵੇ। ਇਹ ਵੱਖਰੀ ਗੱਲ ਹੈ ਕਿ ਅੱਕ ਦੇ ਦੁੱਧ ਨੇ ਕਈਆਂ ਦੀ ਜ਼ਿੰਦਗੀ ‘ਚ ਉਹ ਬਿਮਾਰੀਆਂ ਵੀ ਠੀਕ ਕਰ ਦਿੱਤੀਆਂ ਨੇ ਜੋ ਸ਼ਾਇਦ ਉਨ੍ਹਾਂ ਨੇ ਗਾਂ ਦਾ ਦੁੱਧ ਪੀ ਪੀ ਕੇ ਲੁਆਈਆਂ ਹੋਣ। ਕਲਾ ਤਾਂ ਕਲਾ ਹੈ, ਵੱਖਰੀ ਗੱਲ ਹੈ ਕਿ ਸੰਗੀਤ ਨੂੰ ਵੱਧ ਤੇਹ-ਮੋਹ ਮਿਲ ਜਾਂਦਾ ਹੈ ਪਰ ਕਲਾ ਦਾ ਗਲਤੀਆਂ ਨਾਲ ਕੋਈ ਸਬੰਧ ਨਹੀਂ। ਜਿਨ੍ਹਾਂ ਨੇ ਕੀਤੀਆਂ ਜਾਂ ਉਨ੍ਹਾਂ ਤੋਂ ਹੋ ਗਈਆਂ ਨੇ, ਉਹ ਜਾਣਦੇ ਨੇ ਕਿ ਕਲਾ ਤਾਂ ਸਿਖਰ ‘ਤੇ ਸੀ ਪਰ ਬਹਿਣਾ ਚਰਨਾ ‘ਚ ਪੈ ਗਿਆ।

ਸੁਖਵਿੰਦਰ ਪੰਛੀ ਜਾਣਿਆ-ਪਛਾਣਿਆ ਗਾਇਕ ਹੈ ਤੇ ਗੱਲ ਮੈਂ ਉਨ੍ਹਾਂ ਦਿਨਾਂ ਦੀ ਕਰਨ ਲੱਗਾ ਹਾਂ ਜਦੋਂ ਲੋਕ ਤਾਂ ਉਹਨੂੰ ਮਿਲਣਾ ਚਾਹੁੰਦੇ ਸਨ, ਭਾਵੇਂ ਉਹਦੇ ਪ੍ਰਸ਼ੰਸਕ ਨਾ ਵੀ ਹੋਣ ਪਰ ਉਹ ਪਾਸਾ ਵੱਟ ਜਾਂਦਾ। ਕਿਉਂ? ਇਹ ਤਾਂ ਉਹ ਜਾਣੇ ਪਰ ਸੱਚ ਇਹ ਹੈ ਕਿ ਵਕਤ ਜਦੋਂ ਔਖਾ ਆ ਬਣੇ ਤਾਂ ਰਾਜਾ ਹਰੀਸ਼ ਚੰਦਰ ਵਾਂਗ ਪੈਰ ਉਨ੍ਹਾਂ ਦੇ ਵੀ ਚੱਕ ਹੋ ਜਾਂਦੇ ਨੇ ਜਿਨ੍ਹਾਂ ਦੇ ਕਦੇ ਯੁੱਗਾਂ ਵਰਗੇ ਵੀ ਲੱਗੇ ਹੋਣ। ਕੁਲਦੀਪ ਮਾਣਕ ਦੀ ਕਲਾ ਤਾਂ ਬੋਲਦੀ ਰਹੇਗੀ ਪਰ ਜਿਸ ਤਰ੍ਹਾਂ ਦਾ ਸੰਤਾਪ ਉਸ ਦੇ ਪਰਿਵਾਰ ਨੇ ਹੰਢਾਇਆ ਹੈ, ਮੰਨਣ ਵਾਲੇ ਮੰਨਦੇ ਨੇ ਕਿ ਇਹ ਮੱਲ੍ਹਮ ਲਾ ਕੇ ਵੀ ਘਟਾਇਆ ਨਹੀਂ ਜਾ ਸਕਦਾ। ਪੰਛੀ ਬਹੁਤ ਕਮਾਲ ਦਾ ਗਵੱਈਆ ਹੈ, ਉਹ ਕੁਲਦੀਪ ਮਾਣਕ ਵਾਂਗ ਉਚੀ ਪਿੱਚ ‘ਤੇ ਗਾ ਸਕਦਾ ਹੈ ‘ਤੇ ਸ਼ਾਗਿਰਦ ਵੀ ਕੁਲਦੀਪ ਮਾਣਕ ਦਾ ਹੀ ਹੈ। ਸਾਡਾ ਮਿੱਤਰ ਰਿਹਾ ਹੈ ‘ਤੇ ਮਿੱਤਰ ਹੈ। ਮਿੱਤਰ ਉਹ ਹੁੰਦਾ ਹੈ ਜੋ ਮਿੱਤਰ ਦਾ ਦੁੱਖ ਵੀ ਮੰਨੇ। ਸੋ ਇਸ ਕਰਕੇ ਮੈਂ ਪੰਛੀ ਦੀਆਂ ਕੁਝ ਦੁਖਦੀਆਂ ਰਗਾਂ ਨੂੰ ਜਾਣਦਿਆਂ ਵੀ ਛੇੜਨ ਦੀ ਗੁਸਤਾਖੀ ਨਹੀਂ ਕਰਾਂਗਾ।
ਸੁਖਵਿੰਦਰ ਪੰਛੀ ਨੂੰ ਹੁਣ ਭਾਵੇਂ ਲੋਕ ਲੱਭਦੇ ਹੋਣ, ਲੋਕ ਤਾਂ ਉਦੋਂ ਵੀ ਲੱਭਦੇ ਸਨ ਜਦੋਂ ਉਹਦੀ ਕਲਾ ਸਿਖਰ ‘ਤੇ ਸੀ, ਪਰ ਇਸ ਪੰਛੀ ਨੂੰ ਮੈਂ ਉਦੋਂ ਤੋਂ ਉਡਾਰੀਆਂ ਭਰਦਿਆਂ ਵੇਖਿਆ ਹੈ ਜਦੋਂ ਉਹ ਕੁਲਦੀਪ ਮਾਣਕ ਦੇ ਲੁਧਿਆਣੇ ਬੱਸ ਅੱਡੇ ਦੇ ਸਾਹਮਣੇ ਵਾਲੇ ਦਫਤਰ ਵਿਚ ਕਦੇ ਚਾਹ ਦੀਆਂ ਗਲਾਸੀਆਂ ਭਰ ਕੇ ਲਿਆਉਂਦਾ ‘ਤੇ ਕਦੇ ਖਾਲੀ ਛੱਡਣ ਜਾਂਦਾ। ਮਾਣਕ ਦੇ ਦਫਤਰ ਦੀ ਉਦੋਂ ਰੌਣਕ ਹੁੰਦੇ ਸਨ-ਅਵਤਾਰ ਬੱਲ, ਪ੍ਰੀਤਮ ਬਰਾੜ, ਬਲਵਿੰਦਰ ਭਗਤਾ, ਮਾਣਕ ਦਾ ਬੁਕਿੰਗ ਕਲਰਕ ਮੇਵਾ ਸਿੰਘ ਨੌਰਥ ਅਤੇ ਗੀਤਕਾਰ ਸੇਵਾ ਸਿੰਘ ਨੌਰਥ। ਇਨ੍ਹਾਂ ਨਾਲ ਹੀ ਪੰਛੀ ਇਕ ਮਹਿਫਲ ਵਾਂਗ ਸ਼ਿੰਗਾਰ ਬਣਿਆ ਰਹਿੰਦਾ। ਮੇਰੇ ਨਾਲ ਇਨ੍ਹਾਂ ਛੇਆਂ ਸੱਤਾਂ ਦੀ ਇਹ ਸਾਂਝ ਸੀ ਕਿ ਜਦੋਂ ਵੀ ਇਸ ਦਫਤਰ ਜਾਣਾ ਤਾਂ ਚਮਨ ਦੇ ਢਾਬੇ ‘ਤੇ ਛੋਲਿਆਂ ਦੀ ਦਾਲ ਨਾਲ ਹਰੀਆਂ ਮਿਰਚਾਂ ‘ਤੇ ਗੰਢੇ ਦੇ ਸਲਾਦ ਨਾਲ ਪ੍ਰਸ਼ਾਦਾ ਛਕਣਾ ਤਾਂ ਇਹ ਸੁਆਦਲੇ ਦਿਨ ਹਾਲੇ ਤੱਕ ਵੀ ਨਹੀਂ ਭੁੱਲਦੇ।
ਮਾਣਕ ਦਾ ‘ਮਿਰਜ਼ਾ’ ਜੇ ਕੋਈ ਗਾ ਸਕਦਾ ਹੈ ਭਾਵੇਂ ਉਹ ਸਭ ਤੋਂ ਉਚੀ ਪਿੱਚ ਵਾਲਾ ‘ਜੱਟ ਕਾਵਾਂ ਖਾਧੀ ਟਾਇਰ ਤੇ ਐਵੇਂ ਚੜ੍ਹਿਆ ਕਾਠੀ ਪਾ’ ਹੋਵੇ, ਉਹ ਪੰਛੀ ਹੀ ਉਸੇ ਰੰਗ ਵਿਚ ਗਾ ਸਕਦਾ ਹੈ। ਇਹ ਵੀ ਦਾਅਵਾ ਕਰਦਾ ਹਾਂ ਕਿ ਉਹ ਅੱਜ ਵੀ ਗਾ ਸਕਦਾ ਹੈ ਪਰ ਮੈਨੂੰ ਦੁੱਖ ਹੈ ਕਿ ਪੰਛੀ ਅੱਜ ਉਦੋਂ ਵਰਗਾ ਪੰਛੀ ਨਹੀਂ ਹੈ। ਉਹਨੇ ਵਕਤ ਨਾਲ ਛੇੜਖਾਨੀ ਕੀਤੀ ਜਾਂ ਵਕਤ ਨੇ ਉਹਦੇ ਹੁੱਝਾਂ ਮਾਰੀਆਂ, ਇਹ ਤਾਂ ਸਿਰਫ ਉਹੀ ਜਾਣਦਾ ਹੋਵੇਗਾ। ਮਾਣਕ ਦੇ ਦਫਤਰ ਦੀਆਂ ਮੁਲਾਕਾਤਾਂ ਤੋਂ ਸਿਵਾ ਪੰਛੀ ਜੇ ਮੈਨੂੰ ਸਭ ਤੋਂ ਵੱਧ ਮਿਲਦਾ ਰਿਹਾ ਤਾਂ ਉਹ ਬਹਿਰਾਮ ਲਾਗੇ ਨੂਰਪੁਰ ਪਿੰਡ ਸੀ, ਗਾਇਕ ਬੂਟਾ ਮੁਹੰਮਦ ਦਾ। ਪਿਛੋਕੜ ਇਹ ਸੀ ਕਿ ਬੂਟਾ ਮੁਹੰਮਦ ਦਾ ਬਾਪੂ ਸਰਦਾਰ ਮੁਹੰਮਦ ਮਰਹੂਮ ਨੂਰਜਹਾਂ ਨਾਲ ਤਾਲ ਦੀ ਸੰਗਤ ਕਰਦਾ ਰਿਹਾ ਸੀ। ਉਹਦਾ ਛੋਟਾ ਭਰਾ ਗੁਲਜ਼ਾਰ ਮੁਹੰਮਦ ਨੋਗੀ ਉਨ੍ਹਾਂ ਦਿਨਾਂ ਵਿਚ ਕੁਲਦੀਪ ਮਾਣਕ ਦਾ ਢੋਲਕ ਮਾਸਟਰ ਸੀ। ਪੰਛੀ ਸਰਦਾਰ ਮੁਹੰਮਦ ਤੋਂ ਸਿੱਖਦਾ ਰਿਹਾ। ਇਹ ਉਹੀ ਨੂਰਪੁਰ ਪਿੰਡ ਹੈ ਜਿਥੇ ਅੱਜਕੱਲ੍ਹ ਸਰਦਾਰ ਮੁਹੰਮਦ ਦੀ ਯਾਦ ਵਿਚ ਮੇਲਾ ਲੱਗਦਾ ਹੈ, ਬੂਟਾ ਤੇ ਦਿਲਬਰ ਬੱਲੀ ਉਹਦੇ ਦੋ ਪੁੱਤਰ ਨੇ ਅਤੇ ਇਸੇ ਨੂਰਪੁਰ ‘ਚ ਦਿਲਸ਼ਾਦ ਅਖਤਰ ਨੇ ਬਹੁਤ ਹਾਜ਼ਰੀ ਭਰੀ, ਸਰਦੂਲ ਸਿਕੰਦਰ ਤੇ ਅਮਰ ਨੂਰੀ ਨੇ, ਮਨਜੀਤ ਰਾਹੀ ਤੇ ਦਲਜੀਤ ਕੌਰ ਨੇ ਅਤੇ ਇਥੇ ਹੀ ਪੰਛੀ ਅਕਸਰ ਟੱਕਰ ਪੈਂਦਾ ਸੀ। ਪੰਛੀ ਦੀ ਇਕ ਖਾਸੀਅਤ ਇਹ ਸੀ ਕਿ ਉਹ ਪੜ੍ਹਿਆ ਭਾਵੇਂ ਘੱਟ ਸੀ, ਮੈਂ ਉਹਨੂੰ ਅਨਪੜ੍ਹਾਂ ਵਰਗਾ ਹੀ ਕਹਾਂਗਾ ਪਰ ਸ਼ਬਦ ਉਚਾਰਣ ਅਤੇ ਸੁਰ ਦੇ ਧਿਆਨ ਤੇ ਗਿਆਨ ਵਿਚ ਉਹਦਾ ਜੁਆਬ ਨਹੀਂ। ਜਦੋਂ ਅਸੀਂ 29 ਜਨਵਰੀ ਨੂੰ ਸ਼ੌਂਕੀ ਮੇਲਾ ਸ਼ੁਰੂ ਕੀਤਾ ਤਾਂ ਬੂਟਾ ਮੁਹੰਮਦ ਅਤੇ ਸੁਖਵਿੰਦਰ ਪੰਛੀ ਭੁਲੇਖੇ ਨਾਲ ਹੀ 29 ਦਸੰਬਰ ਨੂੰ ਸਾਜ-ਬਾਜ ਲੈ ਕੇ ਪਹੁੰਚ ਗਏ। ਦੋਵਾਂ ਦੀ ਭਰਾਵਾਂ ਵਰਗੀ ਸਾਂਝ ਸੀ। ਮੇਰੇ ਵਿਆਹ ਨੂੰ ਦੋਵੇਂ ਜਣੇ ਕਈ ਦਿਨ ਮੇਰੇ ਪਿੰਡ ਰਹੇ, ਦੋਹਾਂ ਨੇ ਰੱਜ ਕੇ ਭੰਗੜਾ ਪਾਇਆ, ਇੱਕੋ ਤਰ੍ਹਾਂ ਦੀਆਂ ਚਮਕਦੀਆਂ ਕਮੀਜ਼ਾਂ ਪਾਈਆਂ। ਦੋਹਾਂ ਨੇ ਕਈ ਕੰਮ ਇੱਕੋ ਜਿਹੇ ਕੀਤੇ ‘ਤੇ ਅੱਜਕੱਲ੍ਹ ਦੋਵੇਂ ਜਣੇ ਇਕ ਸੁਰ ਵੀ ਘੱਟ ਹੀ ਨੇ।
ਢਿੱਡ ਤੇ ਖਰਚੇ ਬੰਦਾ ਜਦੋਂ ਪਰਹੇਜ਼ ਨਹੀਂ ਕਰਦਾ ਤਾਂ ਵਧਾ ਲੈਂਦਾ ਹੈ, ਪਰ ਘਟਾਉਣੇ ਬਹੁਤ ਔਖੇ ਨੇ। ਕਈ ਵਾਰ ਬੰਦੇ ਨੇ ਪੈਰ ਤਾਂ ਇਕ ਪੁੱਟਿਆ ਹੁੰਦਾ ਹੈ ਪਰ ਜੇ ਦਿਸ਼ਾ ਗਲਤ ਹੋਵੇ ਤਾਂ ਸਫਰ ਸੌ ਮੀਲ ਜਿੰਨਾ ਵੀ ਹੋ ਸਕਦਾ ਹੈ। ਏਦਾਂ ਹੀ ਮੈਂ ਪੰਛੀ ਨੂੰ ਮੰਨਦਾ ਹਾਂ। ਪੰਛੀ ਨਾਲ ਇਕ ਮੈਂ ਗੁਨਾਹ ਕਬੂਲ ਕਰਦਾ ਹਾਂ, ਉਹ ਹੈ ਤਾਂ ਨਹੀਂ ਪਰ ਮੈਂ ਮੰਨ ਲੈਂਦਾ ਹਾਂ। 1990 ‘ਚ ਹੁਸ਼ਿਆਰਪੁਰ ਦੇ ਕਸਬੇ ਨੰਦਾਚੌਰ ‘ਚ ਸੱਭਿਆਚਾਰਕ ਮੇਲਾ ਰੱਖਿਆ ਹੋਇਆ ਸੀ। ਮੇਰਾ ਸਨਮਾਨ ਰੱਖ ਕੇ ਮੈਨੂੰ ਵਰਤਣ ਦਾ ਢੰਗ ਵਧੀਆ ਸੀ। ਮੈਂ ਚਾਅ ‘ਚ ਫਸ ਗਿਆ। ਮੈਂ ਸਰਦੂਲ ਸਿਕੰਦਰ ਨੂੰ ਲੈ ਕੇ ਆਇਆ, ਸੁਖਵਿੰਦਰ ਪੰਛੀ ਨੂੰ ਵੀ, ਸਰਦੂਲ ਦੀ ਉਦੋਂ ‘ਸੌਰੀ ਰੌਂਗ ਨੰਬਰ’ ਨਾਲ ਚੜ੍ਹਾਈ ਸੀ। ਇਥੇ ਹੀ ਦੋ ਕੁੜੀਆਂ ਜੁਗਲਬੰਦੀ ਗਾਉਣ ਆਈਆਂ। ਰਜਿੰਦਰ ਰੂਬੀ ‘ਤੇ ਪਰਮਜੀਤ ਕੌਰ। ਪੰਛੀ ਦੋਵਾਂ ਨੂੰ ਜਲੰਧਰ ਛੱਡਣ ਗਿਆ ਅਤੇ ਨੰਦਾਚੌਰ ਤੋਂ ਜਲੰਧਰ ਦੇ ਪੈਂਡੇ ਵਿਚ ਹੀ ਕਿਤੇ ਵਿਆਹਿਆ ਵਰ੍ਹਿਆ ਪੰਛੀ ਰੂਬੀ ਦਾ ਬਣ ਗਿਆ ਜਾਂ ਰੂਬੀ ਨੂੰ ਆਪਣੀ ਬਣਾ ਗਿਆ। ਮੇਰਾ ਗੁਨਾਹ ਇਹ ਹੈ ਕਿ ਇਨ੍ਹਾਂ ਕੁੜੀਆਂ ਨੂੰ ਮੈਂ ਹੀ ਲੈ ਕੇ ਆਇਆ ਸੀ। ਮੈਨੂੰ ਲੱਗਦਾ ਸੀ ਕਿ ਖੂਬਸੂਰਤੀ ਨੇ ਪੰਛੀ ਦੀ ਮੱਤ ਮਾਰ ਦਿੱਤੀ ਹੈ। ਫਿਰ ਉਹ ਰੂਬੀ ਨਾਲ ਵਿਆਹ ਕਰਵਾ ਗਿਆ, ਇਕ ਪਰਿਵਾਰ ਦੋ ਹਿੱਸਿਆਂ ਵਿਚ ਵੰਡਿਆ ਗਿਆ।
ਪੰਛੀ ਆਪਣੀਆਂ ਕੁਝ ਖਾਸ ਆਦਤਾਂ ਕਰਕੇ ਮਸ਼ਹੂਰ ਵੀ ਰਿਹਾ ਹੈ। ‘ਹੇਰਾਂ ਵਾਲੇ ਦੀਪੇ ਨਾਲ ਤਾਂ ਆਪਣੀ ਯਾਰੀ ਹੈ’, ‘ਫਲਾਣਾ ਖਾੜਕੂ ਮੇਰੇ ਘਰ ਆ ਕੇ ਰਹਿੰਦਾ ਹੈ’, ‘ਫਲਾਣਾ ਮੈਨੂੰ ਨਕੋਦਰ ਮਿਲਿਆ ਸੀ’, ‘ਫਲਾਣਾ ਸਿੰਘ ਨੇ ਪਰਸੋਂ ਜੰਡਿਆਲੇ ਮਿਲਣਾ’ ‘ਤੇ ਇਹਦੇ ਵਿਚ ਸੱਚਾਈ ਘੱਟ ਤੇ ਫੜ ਜ਼ਿਆਦਾ ਸੀ, ਜਿਸਦਾ ਨੁਕਸਾਨ ਇਹ ਹੋਇਆ ਕਿ ਪੰਛੀ ਕਈ ਵਾਰ ਪੁਲਿਸ ਤੋਂ ਆਪਣੇ ‘ਪਰ’ ਝੜਵਾ ਬੈਠਾ ਤੇ ਇਕ ਵਾਰ ਹਾਲਤ ਇਹ ਵੀ ਬਣੀ ਕਿ ਪੰਛੀ ਇਕ ਦੇ ਦੋ ਬਣਨ ਲੱਗੇ ਸਨ। ਹਟਦਾ ਉਹ ਹਾਲੇ ਵੀ ਨਹੀਂ, ਦਲੇਰਾਨਾ ਗੱਲਾਂ ਉਹ ਮਾੜੇ ਵਕਤ ਵਿਚ ਵੀ ਬਹੁਤ ਕਰਦਾ ਹੈ। ਉਹ ਕਈ ਵਾਰ ਕਹੇਗਾ ਮੰਗੀ ਮਾਹਲ ਮੇਰਾ ਸ਼ਾਗਿਰਦ ਹੈ, ਦਲੇਰ ਮਹਿੰਦੀ ਨਾਲ ਕੰਮ ਕਰਨ ਵਾਲਾ ਰਾਣਾ ਵੇਂਡਲ ਵਾਲਾ ਵੀ ਮੇਰਾ ਸ਼ਾਗਿਰਦ ਹੈ, ਹੰਸ ਨੂੰ ਮੈਂ ਕਈ ਵਾਰ ਪੁਲਿਸ ਤੋਂ ਬਚਾਇਆ। ਇਹ ਵੀ ਉਹ ਆਪ ਹੀ ਕਹਿ ਦਿੰਦਾ ਹੈ ਕਿ ਮੈਂ ਬੰਦੇ ਵੀ ਬਾਹਰ ਬਹੁਤ ਛੱਡੇ। ਕਈ ਗਾਇਕ ਤੇ ਹੋਰ ਲੋਕ ਵਕਤ ਦੇ ਹਿਸਾਬ ਨਾਲ ਸੰਭਲ ਗਏ ਪਰ ਉਹ ਵੇਲੇ ਸਿਰ ਸੁਚੇਤ ਨਾ ਹੋ ਸਕਿਆ। ਇਕ ਵਾਰ ਮੈਨੂੰ ਪਿੰਡ ਅੱਧੀ ਰਾਤ ਉਹਦਾ ਫੋਨ ਆਇਆ ਕਿ ‘ਭਾਜੀ ਇੰਗਲੈਂਡ ਦੀ ਅੰਬੈਸੀ ‘ਚ ਆਪਣੀ ਸੈਟਲਮੈਂਟ ਹੋ ਗਈ, ਦੋ ਦੋ ਲੱਖ ‘ਚ ਵੀਜ਼ਾ, ਜਿੰਨੇ ਮਰਜ਼ੀ ਬੰਦੇ ਲੈ ਆਓ, ਅੱਧੇ ਪੈਸੇ ਥੋਡੇ ਅੱਧੇ ਮੇਰੇ’ ਤੇ ਜਦੋਂ ਦਿਨ ਚੜ੍ਹਦੇ ਨੂੰ ‘ਜਗ ਬਾਣੀ’ ਲੈ ਕੇ ਦੇਖੀ ਤਾਂ ਪੰਛੀ ਨੂੰ ਹੱਥ ਕੜੀ ਲਾ ਕੇ ਪੁਲਸੀਏ ਤਿਹਾੜ ਜੇਲ੍ਹ ਦਾ ਵੀਜ਼ਾ ਲਵਾਈ ਬੈਠੇ ਸਨ। ਮੈਂ ਹਾਰ ਗਿਆ, ਪਰ ਪੰਛੀ ਨਹੀਂ ਹਾਰਿਆ। ਉਹ ਦਲੇਰ ਹੈ, ਘਬਰਾਉਂਦਾ ਨਹੀਂ, ਜਿਹਦੇ ਦੇਣੇ ਆ ਉਹਦੇ ਦੇਣੇ ਆ, ਜਦੋਂ ਹੋਣਗੇ ਦੇ ਦਿਆਂਗੇ। ਉਹ ਅਮਰੀਕਾ ਆਇਆ, ਮੈਂ ਉਹਨੂੰ ਬੜਾ ਜ਼ੋਰ ਲਾਇਆ ਕਿ ਇਥੇ ਰਹਿ, ਉਹ ਕਹਿੰਦਾ ਰੂਬੀ ਘੱਟ ਜੁਗਨੂੰ ਹੁਰੀਂ ਵੱਧ ਚੇਤੇ ਆਉਂਦੇ ਆ। ਸਮਾਨ ਦੇ ਉਹ ਤਿੰਨ ਅਟੈਚੀ ਪੈਸੇ ਦੇ ਕੇ ਲੈ ਕੇ ਗਿਆ, ਭਾਵੇਂ ਉਹ ‘ਡਾਲਰ ਸਟੋਰ’ ਤੋਂ ਹੀ ਖਰੀਦਿਆ ਹੋਵੇ। ਫਿਰ ਉਹ ਅਮਰੀਕਾ ਢਾਈ ਤਿੰਨ ਸਾਲ ਰਹਿ ਕੇ ਚਲੇ ਹੀ ਗਿਆ, ਹਾਲਾਂਕਿ ਉਹਦੇ ਪੈਰ ਲੱਗ ਜਾਣੇ ਸਨ। ਪੰਛੀ ਦੀ ਚੁਸਤੀ-ਫੁਰਤੀ ਪੰਛੀਆਂ ਵਰਗੀ ਹੈ। ਉਹ ਉਡਾਰੀਆਂ ਭਰਦਾ ਕਦੀ ਕਿਤੇ ਜਾਂਦਾ, ਕਦੀ ਕਿਤੇ। ‘ਛੱਲੇ ਮੁੰਦੀਆਂ’ ਗੀਤ ਸ਼ਾਰੀ ਬੋਇਲ ਦਾ ਸੀ ਜਾਂ ਮਦਨ ਮੱਦੀ ਦਾ, ਇਹ ਤਾਂ ਉਹ ਜਾਣੇ ਪਰ ਪੰਛੀ ਆਪਣੇ ਨਾਮ ਜ਼ਰੂਰ ਕਰ ਗਿਆ। ਚਰਨਜੀਤ ਅਹੂਜਾ ਨੇ ਇਹ ਗੀਤ ਕੁਲਦੀਪ ਪਾਰਸ ਅਤੇ ਸੁੱਖੀ ਕਨੇਡਾ ਆਲੇ ਦੀ ਅਵਾਜ਼ ਵਿਚ ਰਿਕਾਰਡ ਕੀਤਾ ਸੀ। ਪੰਛੀ ਨੇ ਆਪਣੀ ਟੇਪ ਵਿਚ ਪਹਿਲਾਂ ਹੀ ਪਾ ਕੇ ਕੱਢ ਦਿੱਤਾ ਅਤੇ ਗੀਤ ਚੱਲਿਆ ਵੀ ਪੰਛੀ ਦਾ, ਪੰਛੀ ਹਿੱਟ ਵੀ ਪੂਰਾ ਰਿਹਾ ਅਤੇ ਮੱਦੀ ਤੇ ਸ਼ਾਰੀ ਆਪਸ ਵਿਚ ਫਸੇ ਰਹੇ ਕਿ ਮੇਰਾ ਗੀਤ ਐ, ਮੇਰਾ ਗੀਤ ਐ। ਚਰਨਜੀਤ ਅਹੂਜਾ ਮੈਨੂੰ ਦਿੱਲੀ ਸੰਗੀਤਕ ਸਟੂਡੀਓ ਵਿਚ ਮਿਲਿਆ। ਹੱਸ ਕੇ ਕਹਿਣ ਲੱਗਾ, ‘ਪੰਛੀ ਸਾਲਾ ਬੰਦਾ ਨਹੀਂ ਬਣਿਆ, ਗੀਤ ‘ਤੇ ਮਿਹਨਤ ਮੈਂ ਕਰਦਾ ਰਿਹਾ, ਆਸਾਂ ਪਾਰਸ ਤੇ ਸੁੱਖੀ ਲਾਈ ਬੈਠੇ ਰਹੇ, ਵਿਚ ਦੀ ਸਾਲਾ ਰੰਗਲੇ ਤੋਤੇ ਵਰਗਾ ਅਹੁ ਗਿਆ, ਅਹੁ ਗਿਆ ਕਰ ਗਿਆ’ ਅਤੇ ਛੱਲੇ ਮੁੰਦੀਆਂ ਬਨਾਮ ਸੁਖਵਿੰਦਰ ਪੰਛੀ ਇੱਕੋ ਸਿੱਕੇ ਦੇ ਦੋ ਪਾਸੇ ਬਣ ਗਏ। 1992 ਵਿਚ ਇਕ ਕਮਾਲ ਇਹ ਹੋਈ ਕਿ ਉਹ ਚੰਡੀਗੜ੍ਹ ਵਰਿੰਦਰ ਬਚਨ ਦੇ ਸੰਗੀਤ ਵਿਚ ਇਕ ਕੈਸਟ ਰਿਕਾਰਡ ਕਰਨ ਜਾ ਰਿਹਾ ਸੀ, ਰੂਬੀ ਵੀ ਨਾਲ ਸੀ। ਪਿੰਡੋ ਮੈਨੂੰ ਵੀ ਨਾਲ ਲੈ ਗਿਆ। ਅੱਗੇ ਰਿਕਾਰਡ ਕਰਨ ਵਾਲੀ ਪਾਰਟੀ ਨਾ ਆਈ। ਪੰਛੀ ਕਹਿੰਦਾ, ਹੁਣ ਕੀ ਕਰੀਏ? ਮੈਨੂੰ ਕਹਿੰਦਾ ਤੁਸੀਂ ਗਾਣੇ ਲਿਖੋ ਮੈਂ ਗਾਉਨਾਂ। ਵਰਿੰਦਰ ਬਚਨ ਨੂੰ ਅਸੀਂ ਸਣੇ ਸਟੂਡੀਓ ਤੇ ਸੰਗੀਤ ਨੌ ਹਜ਼ਾਰ ‘ਚ ਮਨਾ ਲਿਆ। ਤਿੰਨ ਘੰਟਿਆਂ ‘ਚ ਅਸੀਂ ਟੇਪ ਰਿਕਾਰਡ ਕਰ ਦਿੱਤੀ। ਕਮਾਲ ਇਹ ਉਹੀ ਟੇਪ ਸੀ ‘ਸਾਡੀ ਮੁੰਦਰੀ ਸੱਜਣਾ’ ਜਿਹਦੇ ਵਿਚ ਮੈਂ ਛੇ ਗੀਤ ਲਿਖੇ ਤੇ ਸਾਰੇ ਹਿੱਟ ਰਹੇ। ਪੰਛੀ ਦੀ ਟੇਪ ਚੱਲ ਗਈ ਤੇ ਮੈਨੂੰ ਗੀਤਕਾਰ ਬਣਨ ਦਾ ਪੱਕਾ ਭਰਮ ਪੈ ਗਿਆ। ‘ਸਾਡੀ ਮੁੰਦਰੀ ਸੱਜਣਾਂ’ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ। ਹਾਲਾਂਕਿ ‘ਸ਼ਾਹਾਂ ਦੀਏ ਕੁੜੀਏ ਗਰੀਬ ਦਿੱਤਾ ਮਾਰ ਨੀਂ’ ਗੀਤ ਦੀ ਵੀ ਕਾਫੀ ਚਰਚਾ ਰਹੀ। ਦੇਬੀ ਦਾ ਗੀਤ ਪੰਛੀ ਦੀ ਅਵਾਜ਼ ਤੇ ਉਹਦੀ ਗਾਇਕੀ ਦਾ ਸੰਪੂਰਨ ਰੰਗ ਵੇਖਣਾ ਹੋਵੇ ਤਾਂ ਇਹ ਗੀਤ ਜ਼ਰੂਰ ਸੁਣਨਾ ਚਾਹੀਦਾ ਹੈ। ਇਸ ਗੀਤ ਦੀਆਂ
ਅੱਲ੍ਹੜਾਂ ਦੀ ਅੱਖ ਵਿਚ ਸੋਹਣਿਆਂ ਸੰਗ ਹੁੰਦੀ ਆ ਜ਼ਰੂਰ
ਵਿਧਵਾ ਦੀ ਅੱਖ ਨਾਲ ਹੁੰਦੀ ਐ ਕੋਸੇ ਹੰਝੂਆਂ ਦੀ ਯਾਰੀ
ਅੱਖਾਂ ‘ਚ ਗਰੀਬ ਦੇ ਉਦਾਸੀਆਂ ਤੇ ਉਮੀਦਾਂ ‘ਚ ਲਾਚਾਰੀ
ਨਖਰੇ ਅਦਾਵਾਂ ਨਾਲ ਆਫਰੀ ਰਹਿੰਦੀ ਵੇਸਵਾ ਦੀ ਅੱਖ ਆਦਿ ਸਤਰਾਂ ਬਹੁਤ ਮਾਇਨੇ ਰੱਖਦੀਆਂ ਹਨ। ਪੰਛੀ ਦੇ ਮਿੱਤਰ ਵੀ ਬੜੇ ਨੇ ਤੇ ਦੁਸ਼ਮਣ ਵੀ ਬੜੇ। ਉਹਦੇ ਵਿਰੋਧੀ ਵੀ ਉਠ ਖੜੇ ਨੇ, ਕਈਆਂ ਤੋਂ ਉਹਨੇ ਲੈਣੇ ਵੀ ਨੇ, ਦੇਣੇ ਵੀ ਹੋਣਗੇ। ਦੋ ਦਰਜਨ ਪਰਿਵਾਰਾਂ ਨੂੰ ਉਹਨੇ ਵਿਦੇਸ਼ਾਂ ਵਿਚ ਲਿਆ ਕੇ ਰੱਜਵੀਂ ਰੋਟੀ ਖਾਣ ਲਾਇਆ ਅਤੇ ਆਪਣੇ ‘ਤੇ ਕਬੂਤਰਬਾਜੀ ਦਾ ਦੋਸ਼ ਲਵਾਉਂਦਾ ਰਿਹਾ। ਉਹਦਾ ਢਿੱਡ ਤਾਂ ਵਧਿਆ ਨਹੀਂ ਪਰ ਖਰਚੇ ਵਧਾ ਲਏ। ਇਥੇ ਜ਼ਿਕਰ ਨਹੀਂ ਕਰਾਂਗਾ ਪਰ ਜੇ ਕਦੇ ਵਕਤ ਆਇਆ ਤਾਂ ਜ਼ਰੂਰ ਭੇਦ ਖੋਲ੍ਹਾਂਗਾ ਕਿ ਉਤਰੀ ਅਮਰੀਕਾ ਵਿਚ ਬਹੁਤ ਵੱਡੇ ਕਹਾਉਣ ਵਾਲੇ ਕਈ ਬੰਦੇ ਪੰਛੀ ਦੇ ਪਰਾਂ ਨਾਲ ਹੀ ਉਡ ਕੇ ਇਥੇ ਆਏ ਹਨ।
ਪੰਛੀ ਮੇਰੇ ਨਾਲ ਹੁਣ ਵੀ ਦੁੱਖ-ਸੁਖ ਫੋਲਦੈ। ਔਰਤ ਮਰਦ ਦੀ ਕਮਜ਼ੋਰੀ ਹੁੰਦੀ ਹੈ, ਪਰ ਉਹ ਇਸ ਕਮਜ਼ੋਰੀ ਦੇ ਭਾਰ ਥੱਲੇ ਦੱਬਿਆ ਰਿਹਾ। ਪੰਛੀ ਦਲੇਰ ਬੰਦਾ ਹੈ ਅਤੇ ਮਨ ਦਾ ਸਾਫ, ਪਰ ਆਰਥਿਕ ਤੰਗੀ ਅਤੇ ਵਕਤ ਦੀਆਂ ਹੁੱਝਾਂ ਕਈ ਵਾਰ ਬੰਦੇ ਨੂੰ ਲੀਹੋਂ ਲਾਹ ਦਿੰਦੀਆਂ ਨੇ।
ਪੰਛੀ ਹਾਲੇ ਵੀ ਸੁਨੱਖਾ ਹੈ, ਉਹਦੇ ਕੋਲ ਬੈਠ ਕੇ ਵੇਖਿਓ ਜੇ ਉਹਨੂੰ ਕਿਸੇ ਚੀਜ਼ ਨੇ ਪ੍ਰਭਾਵਿਤ ਨਹੀਂ ਕੀਤਾ ਤਾਂ ਉਹ ਉਮਰ ਹੈ ਤੇ ਜਿਸਦੇ ਪ੍ਰਭਾਵ ਹੇਠ ਉਹ ਹੁਣ ਵੀ ਆ ਜਾਂਦਾ ਹੈ, ਕਹਾਂਗਾ ਨਹੀਂ, ਇਸ ਰਾਜ਼ ਨੂੰ ਰਾਜ਼ ਹੀ ਰਹਿਣ ਦਿਓ।
ਕਮਜ਼ੋਰੀਆਂ ਊਣਤਾਈਆਂ ਦੇ ਬਾਵਜੂਦ ਵੀ ਮੈਨੂੰ ਪੰਛੀ ਨਾਲ ਤੇਹ ਹੈ। ਸੁਖਵਿੰਦਰ ਉਹ ਪਰਿੰਦਾ ਹੈ, ਜਿਹੜਾ ਆਪਣੇ ਮੂੰਹ ਘੁੱਟ ਕੇ ਦੂਜਿਆਂ ਦੇ ਮੂੰਹ ਵਿਚ ਵੀ ਚੋਗ ਪਾਉਂਦਾ ਰਿਹਾ ਹੈ। ਪੰਛੀ ਤੰਦਰੁਸਤ ਰਹੇ, ਸਲਾਮਤ ਰਹੇ ਮੁੜ ਉਡਾਰੀਆਂ ਭਰੇ ਦੁਆ ਕਰਦਾ ਹਾਂ।
—————————–

ਗੱਲ ਬਣੀ ਕਿ ਨਹੀਂ

ਲਗਦਾ ਨਹੀਂ ਹੁਣ ਉਹੀ ਬੰਬੀਹਾ ਬੋਲੇਗਾ
ਨਕਲੀ ਖੂਹ ਨਾਲ ਅਸਲ ਪੰਜਾਬਣ, ਫੋਟੋ ਹੁਣ ਖਿਚਵਾਵੇ।
ਚਰਖਾ ਵੀ ਤਾਂ ਕੰਮ ਨਹੀਂ ਕਰਦਾ, ਪੋਜ਼ ਹੀ ਉਂਜ ਬਣਾਵੇ।
ਦਿਲ ਦੇ ਰਾਜ ਛੁਪੇ ਜੋ ਅੰਦਰ ਨਾਲ ਚਾਅਵਾਂ ਦੇ ਖੋਲ੍ਹੇ।
ਲਗਦਾ ਨਹੀਂ ਹੁਣ ਉਹੀ ਬੰਬੀਹਾ ਫੇਰ ਕਦੇ ਵੀ ਬੋਲੇ।

ਗਿੱਟਿਆਂ ਤੱਕ ਕਦੇ ਪਾ ਲੈਂਦੀ ਏ ਗੁੱਤ ਦੇ ਨਾਲ ਪਰਾਂਦੀ।
ਅਗਲੇ ਦਿਨ ਫਿਰ ਵੇਖੀ ਕੰਮ ‘ਤੇ ਜੀਨ ਪਹਿਨ ਕੇ ਜਾਂਦੀ।
ਆਪ ਵਿਚਾਰੀ ਹੋਈ ਪਰਦੇਸਣ, ਹੋਏ ਪਰਦੇਸੀ ਢੋਲੇ।æææ

ਤੀਆਂ ਦੇ ਵਿਚ ਨਕਲੀ ਪੀਂਘ ਤੇ ਫਿਰੇ ਹੁਲਾਰੇ ਲੈਂਦੀ।
ਫਿੱਕੀ ਫਿੱਕੀ ਪੈ ਜਾਂਦੀ ਏ ਚਹੁੰ ਕੁ ਦਿਨਾਂ ਵਿਚ ਮਹਿੰਦੀ।
ਟਿੱਕਾ, ਨੱਥ, ਝੁਮਕੇ ਤੇ ਗਾਨੀ ਪਾ ਕੇ ਚਿੱਤ ਵੀ ਡੋਲੇ।æææ

ਨਾ ਹੀ ਪੈਣ ਧਮਾਲਾਂ, ਉਡਦੀ ਨਾ ਸੂਹੀ ਫੁਲਕਾਰੀ।
ਨਾ ਕਿੱਕਲੀ, ਨਾ ਪਿੜ ਗਿੱਧੇ ਦਾ, ਨਾ ਵੱਜਦੀ ਕਿਲਕਾਰੀ।
ਕਿੱਥੇ ḔਭੌਰੇḔ ਉਗਦੇ ਵੇਖੇ ਮਸਰ ਬੀਜ ਕੇ ਛੋਲੇ।
ਲਗਦਾ ਨਹੀਂ ਹੁਣ ਉਹੀ ਬੰਬੀਹਾ ਫੇਰ ਕਦੇ ਵੀ ਬੋਲੇ।